Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੋ ਪੰਜਾਬੀ ਲੜਕਿਆਂ ਦੇ ਭੇਤਭਰੇ ਕਤਲ ਨੇ ਸਰੀ 'ਚ ਮਾਤਮ ਫੈਲਾਇਆ

Posted on June 8th, 2018


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਜਸਕਰਨ ਸਿੰਘ ਭੰਗਲ (17) ਤੇ ਜਸਕਿਰਨ ਸਿੰਘ ਝੂਟੀ (16) ਦੇ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਸਰੀ ਦੇ ਘਰ-ਘਰ 'ਚ ਮਾਤਮ ਫੈਲਾ ਦਿੱਤਾ ਹੈ। ਦੋਵੇਂ ਪੰਜਾਬੀ ਲੜਕਿਆਂ ਦੀਆਂ ਲਾਸ਼ਾਂ ਪੁਲੀਸ ਨੂੰ ਸਾਊਥ ਸਰੀ ਦੀ 40 ਐਵੇਨਿਊ ਤੇ 188 ਸਟਰੀਟ ਨੇੜਿਓਂ ਮਿਲੀਆਂ। ਪੁਲੀਸ ਮੁਤਾਬਿਕ ਮਾਰੇ ਗਏ ਜਸਕਰਨ ਸਿੰਘ ਭੰਗਲ (17) ਤੇ ਜਸਕਿਰਨ ਸਿੰਘ ਝੂਟੀ (16) ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਦੋਵੇਂ ਸਕੂਲ ਤੋਂ ਹੀ ਬਾਅਦ ਦੁਪਹਿਰ ਆਪਣੇ ਜਾਣਕਾਰ ਦੀ ਕਾਰ ਵਿੱਚ ਬਹਿ ਕੇ ਗਏ ਸਨ। ਮਿਲੀ ਜਾਣਕਾਰੀ ਮੁਤਾਬਿਕ ਕੁਝ ਚਸ਼ਮਦੀਦ ਗਵਾਹ ਸ਼ੱਕੀ ਹਮਲਾਵਰਾਂ ਦੀ ਪਛਾਣ ਕਰਵਾਉਣ ਲਈ ਪੁਲਿਸ ਦੀ ਮੱਦਦ ਕਰ ਰਹੇ ਹਨ। 

ਇਨ੍ਹਾਂ ਕਤਲਾਂ ਬਾਰੇ ਬੇਸ਼ੱਕ ਬਹੁਤ ਸਾਰੀ ਜਾਣਕਾਰੀ ਬਾਹਰ ਆ ਰਹੀ ਹੈ ਪਰ ਪੁਲਿਸ ਦੀ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਮੀਡੀਆ ਜਾਣਕਾਰੀ ਜ਼ਾਹਰ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਜਾਪਦਾ ਹੈ ਕਿ ਦੋਸ਼ੀ ਜਲਦ ਫੜੇ ਜਾਣਗੇ। ਇਨ੍ਹਾਂ ਕਤਲਾਂ ਨੇ ਦੋ ਘਰਾਂ 'ਚ ਤਾਂ ਸੱਥਰ ਵਿਛਾਏ ਹੀ ਹਨ ਪਰ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਇਹ ਮਹਿਸੂਸ ਹੋਣ ਲਾ ਦਿੱਤਾ ਹੈ ਕਿ ਇਹ ਅੱਗ ਜਲਦ ਹੀ ਉਨ੍ਹਾਂ ਦੇ ਘਰਾਂ ਤੱਕ ਵੀ ਪੁੱਜ ਸਕਦੀ ਹੈ।

ਸਰੀ ਦੇ ਹਾਈ ਸਕੂਲਾਂ 'ਚ ਪੜ੍ਹ ਰਹੇ ਤੇ ਪੜ੍ਹ ਚੁੱਕੇ ਅਨੇਕਾਂ ਬੱਚਿਆਂ ਨਾਲ ਕੀਤੀ ਗੱਲਬਾਤ ਤੋਂ ਮਹਿਸੂਸ ਹੋ ਰਿਹਾ ਕਿ ਮਾਪੇ ਹੋਰ ਸਰੀ 'ਚ ਰਹਿ ਰਹੇ ਹਨ ਤੇ ਬੱਚੇ ਹੋਰ ਸਰੀ 'ਚ। ਮਾਪਿਆਂ ਦੀਆਂ ਆਸਾਂ ਹੋਰ ਹਨ ਤੇ ਬੱਚਿਆਂ ਦੀਆਂ ਹੋਰ। ਆਪਸੀ ਗੱਲਬਾਤ ਦੀ ਘਾਟ ਕਾਰਨ ਦੋਵਾਂ ਦੇ ਰਾਹ ਵੱਖ-ਵੱਖ ਹੋ ਰਹੇ ਹਨ, ਜੋ ਕਈ ਵਾਰ ਖਤਰਨਾਕ ਮੋੜ ਕੱਟ ਜਾਂਦੇ ਹਨ।

ਬੱਚਿਆਂ ਦੀ ਸਰੀ ਮੈਕਸੀਕੋ ਵਰਗੀ ਲੱਗੀ, ਜਿੱਥੇ ਮੈਕਸੀਕੋ ਵਰਗੇ ਗਿਰੋਹ ਬੱਚਿਆਂ ਤੋਂ ਡਰੱਗ ਵਿਕਵਾਉਣ ਲਈ ਪਹਿਲਾਂ ਪਿਆਰ, ਫਿਰ ਸਾਜ਼ਿਸ਼ ਤੇ ਫਿਰ ਧੱਕਾ ਵਰਤ ਰਹੇ ਹਨ। ਅੱਡ-ਅੱਡ ਗਿਰੋਹ ਆਪਣੇ ਲਈ ਕੰਮ ਕਰਨ ਲਈ ਜ਼ੋਰ ਲਾਉਂਦੇ ਹਨ ਅਤੇ ਬੱਚਿਆਂ ਨੂੰ ਤੰਗ (ਬੁਲੀ) ਕਰ ਰਹੇ ਹਨ। ਮਾਪਿਆਂ ਨਾਲ ਗੱਲ ਖੁੱਲ੍ਹੀ ਨਾ ਹੋਣ ਕਾਰਨ ਬੱਚੇ ਮਾਪਿਆਂ ਕੋਲ ਡਰਦੇ ਗੱਲ ਨਹੀਂ ਕਰਦੇ ਕਿ ਉਹ ਕਿਸ ਦਬਾਅ ਹੇਠ ਜੀਅ ਰਹੇ ਹਨ।

ਗਿਰੋਹ ਬਦਲਣ ਵਾਲੇ ਨੂੰ ਜਾਂ ਇੱਕ ਗਿਰੋਹ ਦੀ ਪੇਸ਼ਕਸ਼ ਨੂੰ ਨਾਂਹ ਕਰਕੇ ਦੂਜੇ ਨੂੰ ਹਾਂ ਕਰਨ ਵਾਲੇ ਨੂੰ ਪਹਿਲਾਂ ਸਿਰਫ ਕੁੱਟਿਆ ਮਾਰਿਆ ਜਾਂਦਾ ਸੀ ਤੇ ਹੁਣ ਬਾਕੀਆਂ ਨੂੰ ਸਬਕ ਸਿਖਾਉਣ ਲਈ ਦਰਦਨਾਕ ਮੌਤ ਦੇਣ ਲੱਗੇ ਹਨ। ਨਸ਼ੇ ਵਿਕਵਾਉਣ ਵਾਲੇ 22-23 ਸਾਲ ਦੇ ਹਨ ਤੇ ਭਰਤੀ 14 ਤੋਂ 16 ਸਾਲਾਂ ਦੇ ਕਰ ਰਹੇ ਹਨ। 14 ਤੋਂ 16 ਸਾਲ ਉਮਰ ਵਾਲੇ ਬੱਚੇ ਘਰਦਿਆਂ ਨੂੰ ਦੱਸਣ ਤੋਂ ਵੀ ਡਰ ਜਾਂਦੇ ਹਨ ਜਾਂ ਕਈ ਆਪਣੇ ਆਪ ਨੂੰ ਸਿਆਣੇ ਸਮਝਣ ਲੱਗਦੇ ਹਨ। ਸਕੂਲ ਇਨ੍ਹਾਂ ਗਿਰੋਹਾਂ ਦੀ ਭਰਤੀ ਦੇ ਅੱਡੇ ਬਣ ਰਹੇ ਹਨ, ਜਿੱਥੇ ਡਰੱਗ ਵੇਚਣ ਲਈ ਗਾਹਕ ਵੀ ਥੋਕ 'ਚ ਮਿਲ ਰਹੇ ਹਨ। 

ਜੇ ਹਾਲ ਇਹੀ ਰਿਹਾ ਤਾਂ ਹੌਲੀ-ਹੌਲੀ ਗੱਲ ਸਬਕ ਸਿਖਾਉਣ ਲਈ ਗੱਲ ਮਾਪਿਆਂ ਜਾਂ ਭਰਾਵਾਂ-ਭੈਣਾਂ ਨੂੰ ਨੁਕਸਾਨ ਪਹੁੰਚਾਉਣ ਤੱਕ ਪੁੱਜਣੀ ਹੈ। ਐਬਟਸਫੋਰਡ ਵਿੱਚ ਵੀ ਇਹੀ ਰੁਝਾਨ ਹੈ।

ਸਮਾਂ ਰਹਿੰਦਿਆਂ ਇਸ ਨੂੰ ਰੋਕਣ ਲਈ ਸਰੀ 'ਚ 'ਜਾਗੋ ਅਤੇ ਜਗਾਓ' ਰੈਲੀ ਉਲੀਕੀ ਗਈ ਹੈ, ਜਿਸਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

ਜੇਕਰ ਅਸੀਂ ਸਰੀ ਦੇ ਹਾਈ ਸਕੂਲਾਂ 'ਚ ਇੱਕ ਪੁਲਿਸ ਅਫਸਰ ਦੀ ਸਾਰਾ ਦਿਨ ਹਾਜ਼ਰੀ ਨੂੰ ਤੁਰੰਤ ਯਕੀਨੀ ਨਾ ਬਣਾਇਆ ਤਾਂ ਹੋਰ ਘਰਾਂ 'ਚ ਸੱਥਰ ਵਿਛਣੋਂ ਰੋਕੇ ਨਹੀਂ ਜਾ ਸਕਣਗੇ। ਬੱਚੇ ਭਰਤੀ ਕਰਨ ਵਾਲੇ ਗਿਰੋਹਾਂ ਦਾ ਲੱਕ ਤੋੜਨ ਅਤੇ ਬੱਚਿਆਂ ਦੀ ਥੋਕ 'ਚ ਗਾਹਕਾਂ ਵਜੋਂ ਸਪਲਾਈ ਰੋਕਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ। ਦੂਜਾ ਕਦਮ ਮਾਪਿਆਂ ਦੀ ਸਕੂਲਾਂ 'ਚ ਅਤੇ ਸਕੂਲ ਦੀਆਂ ਮੀਟਿੰਗਾਂ 'ਚ ਹਾਜ਼ਰੀ ਵਧਾਉਣਾ ਹੋਵੇਗਾ, ਜੋ ਨਿਗ੍ਹਾ ਰੱਖਣ ਦਾ ਕੰਮ ਕਰ ਸਕਦੇ ਹਨ।

************************************************

ਜਾਗੋ ਤੇ ਜਗਾਓ! ਰੈਲੀ

ਬੁੱਧਵਾਰ 13 ਜੂਨ/2018 ਸ਼ਾਮ 6:00 ਵਜੇ

13450-104 ਐਵੇਨਿਊ ਸਰੀ (ਸਰੀ ਸਿਟੀ ਹਾਲ ਦੇ ਪਿਛਲੇ ਵਿਹੜੇ)

ਸਰੀ ਦੇ ਮਾਪਿਓ ਉਹ ਵੇਲਾ ਆ ਗਿਆ ਹੈ ਕਿ ਹੁਣ ਅਸੀਂ ਹੱਥ 'ਤੇ ਹੱਥ ਰੱਖ ਕੇ ਬੈਠੇ ਰਹਿਣ ਦੀ ਬਜਾਇ ਆਪਣੇ ਚੁਣੇ ਹੋਏ ਸਿਆਸਤਦਾਨਾਂ ਤੋਂ ਜਵਾਬ ਮੰਗੀਏ ਕਿ ਉਹ ਇਹ ਤਾਂ ਬੜਾ ਹੁੱਬ-ਹੁੱਬ ਕੇ ਦੱਸਦੇ ਹਨ ਕਿ ਮੈਂ ਤੀਜੀ ਜਾਂ ਚੌਥੀ ਵਾਰ ਐਮ. ਐਲ.ਏ., ਐਮ. ਪੀ., ਕੌਂਸਲਰ ਜਾਂ ਮੇਅਰ ਬਣ ਗਿਆ/ਗਈ। ਪਰ ਇਨ੍ਹਾਂ ਬੀਤੇ ਸਾਲਾਂ 'ਚ ਇਨ੍ਹਾਂ ਨੇ ਸਰੀ 'ਚ ਗੈਂਗ ਹਿੰਸਾ ਦੇ ਖਾਤਮੇ ਲਈ ਜ਼ਮੀਨੀ ਪੱਧਰ 'ਤੇ ਕੀਤਾ ਕੀ ਹੈ? ਇਸਦਾ ਰਿਪੋਰਟ ਕਾਰਡ ਪੇਸ਼ ਕਰਨ। ਸਾਡੇ ਸਥਾਨਕ ਐਮ. ਐਲ.ਏ., ਐਮ. ਪੀ., ਕੌਂਸਲਰ ਤੇ ਮੇਅਰ ਨੂੰ ਜਨਤਕ ਸੱਦਾ ਹੈ ਕਿ ਉਹ ਇਸ ਰੈਲੀ 'ਚ ਸ਼ਾਮਲ ਹੋਣ। 

ਜਿਨ੍ਹਾਂ ਦੇ ਪੁੱਤ/ਧੀਆਂ ਇਸ ਹਿੰਸਾ ਜਾਂ ਡਰੱਗ ਦੀ ਭੇਟ ਚੜ੍ਹ ਚੁੱਕੇ ਹਨ ਤੇ ਜਿਹੜੇ ਇਹ ਮਹਿਸੂਸ ਕਰਦੇ ਹਨ ਕਿ ਇਹ ਦੌਰ ਉਨ੍ਹਾਂ ਦੇ ਪੁੱਤਾਂ/ਧੀਆਂ ਨੂੰ ਵੀ ਖਾ ਸਕਦਾ ਤਾਂ ਇਸ ਰੈਲੀ 'ਚ ਜ਼ਰੂਰ ਪੁੱਜੋ। ਆਪਣੇ ਬੱਚੇ ਤੇ ਦੋਸਤ ਇਸ ਰੈਲੀ 'ਚ ਲੈ ਕੇ ਆਓ।

ਇਹ ਸੱਦਾ ਹਰੇਕ ਆਮ-ਖ਼ਾਸ ਲਈ ਹੈ। ਸਿਆਸੀ, ਸਮਾਜਿਕ ਤੇ ਧਾਰਮਿਕ ਲੀਡਰਾਂ ਸਮੇਤ ਧਾਰਮਿਕ ਸੁਸਾਇਟੀਆਂ, ਖੇਡ ਕਲੱਬਾਂ, ਮੇਲੇ ਕਰਾਉਣ ਵਾਲਿਆਂ, ਲੇਖਕਾਂ, ਸਾਹਿਤਕਾਰਾਂ, ਸਮਾਜ-ਸੇਵਕਾਂ, ਮੀਡੀਆ ਨੂੰ ਕੋਈ ਵਿਸ਼ੇਸ਼ ਸੱਦਾ ਨਹੀਂ ਭੇਜਿਆ ਜਾ ਰਿਹਾ। ਆਪਣੀ ਜ਼ੁੰਮੇਵਾਰੀ ਸਮਝ ਕੇ ਸਾਰੇ ਖ਼ੁਦ ਪੁੱਜੋ।

ਇਹ ਕਿਸੇ ਪਾਰਟੀ, ਧੜੇ, ਗਰੁੱਪ ਦਾ ਨਹੀਂ, ਸਾਡਾ ਸਭ ਦਾ ਸਾਂਝਾ ਇਕੱਠ ਹੈ। ਇਹ ਜਾਗੋ ਤੇ ਜਗਾਓ ਰੈਲੀ ਕਿਸੇ ਪੁਰਾਣੇ ਸਿਆਸਤਦਾਨ ਦੇ ਵਿਰੋਧ 'ਚ ਨਹੀਂ ਤੇ ਕਿਸੇ ਨਵੇਂ ਦੇ ਹੱਕ 'ਚ ਨਹੀਂ। ਇਹ ਕਿਸੇ ਨੂੰ ਚਮਕਾਉਣ ਲਈ ਨਹੀਂ ਤੇ ਕਿਸੇ ਨੂੰ ਥੱਲੇ ਲਾਉਣ ਲਈ ਨਹੀਂ। ਕੇਵਲ ਤੇ ਕੇਵਲ ਸਿਰ ਜੋੜ ਕੇ ਵਿਚਾਰਾਂ ਕਰਨ ਲਈ ਅਤੇ ਸਿਆਸਤਦਾਨਾਂ ਤੋਂ ਜਵਾਬਦੇਹੀ ਲੈ ਕੇ ਉਨ੍ਹਾਂ ਨੂੰ ਤੁਰੰਤ ਕੁਝ ਕਰਨ ਲਈ ਕਹਿਣ ਵਾਸਤੇ ਹੋਵੇਗੀ।

ਇਸ ਰੈਲੀ ਦਾ ਕੋਈ ਪ੍ਰਬੰਧਕ ਨਹੀਂ, ਪ੍ਰਬੰਧਕ ਅਸੀਂ ਸਾਰੇ ਹੋਵਾਂਗੇ, ਜੋ ਸਰੀ ਲਈ ਫਿਕਰਮੰਦ ਹਾਂ।

ਆਓ! ਆਪਣਾ ਭਵਿੱਖ ਸਾਂਭ ਲਈਏ।



Archive

RECENT STORIES