Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀ. ਆਰ. ਪੀ. ਐਫ. ਦੇ ਕਾਫ਼ਲੇ 'ਤੇ ਹਮਲੇ 'ਚ 46 ਫੌਜੀ ਹਲਾਕ

Posted on February 15th, 2019


ਸ੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਆਤਮਘਾਤੀ ਹਮਲੇ ਵਿੱਚ ਸੀਆਰਪੀਐਫ ਦੇ ਘੱਟੋ-ਘੱਟ 46 ਜਵਾਨ ਹਲਾਕ ਅਤੇ 50 ਜ਼ਖਮੀ ਹੋ ਗਏ। ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਭਾਰਤ ਸਰਕਾਰ ਮੁਤਾਬਿਕ ਜੈਸ਼-ਏ-ਮੁਹੰਮਦ ਦੇ ਫਿਦਾਇਨ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਦੀ ਸੁਰੱਖਿਆ ਜਵਾਨਾਂ ਨਾਲ ਭਰੀ ਬੱਸ ਨਾਲ ਟੱਕਰ ਮਾਰ ਦਿੱਤੀ। ਹਮਲਾ ਸ੍ਰੀਨਗਰ ਤੋਂ ਕਰੀਬ 30 ਕਿਲੋਮੀਟਰ ਦੂਰ ਹੋਇਆ। ਧਮਾਕੇ ਕਾਰਨ ਬੱਸ ਮਲਬੇ ਦਾ ਢੇਰ ਬਣ ਕੇ ਰਹਿ ਗਈ। ਹਮਲੇ ਵਿੱਚ ਕਈ ਹੋਰ ਬੱਸਾਂ ਦਾ ਵੀ ਨੁਕਸਾਨ ਹੋਇਆ ਹੈ। ਮੁਕਾਮੀ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦਾ ਖੜਾਕ 10-12 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤਾ। ਹਮਲਾ ਕਰਨ ਵਾਲੇ ਆਤਮਘਾਤੀ ਅਤੇ ਹਮਲੇ ਵਿਚ ਮਾਰੇ ਗਏ ਸੁਰੱਖਿਆ ਕਰਮੀਆਂ ਦੇ ਅੰਗ ਸੜਕ 'ਤੇ ਖਿੱਲਰੇ ਪਏ ਸਨ। ਕੁਝ ਲਾਸ਼ਾਂ ਦੀ ਹਾਲਤ ਇੰਨੀ ਖਰਾਬ ਸੀ ਕਿ ਅਫ਼ਸਰਾਂ ਦੇ ਦੱਸਣ ਮੁਤਾਬਕ ਇਨ੍ਹਾਂ ਦੀ ਪਛਾਣ ਲਈ ਕੁਝ ਸਮਾਂ ਲੱਗ ਸਕਦਾ ਹੈ।

ਕੇਂਦਰੀ ਸੁਰੱਖਿਆ ਬਲਾਂ ਦੇ 2500 ਤੋਂ ਵੱਧ ਜਵਾਨਾਂ ਦੀਆਂ 78 ਗੱਡੀਆਂ ਦਾ ਕਾਫ਼ਲਾ ਸ੍ਰੀਨਗਰ-ਜੰਮੂ ਕੌਮੀ ਮਾਰਗ 'ਤੇ ਆ ਰਿਹਾ ਸੀ ਜਦੋਂ ਅਵੰਤੀਪੁਰਾ ਦੇ ਲਾਟੂਮੋੜ 'ਤੇ ਫਿਦਾਇਨ ਨੇ ਘਾਤ ਲਗਾ ਕੇ ਇਸ 'ਤੇ ਹਮਲਾ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਗੱਡੀ ਚਲਾਉਣ ਵਾਲੇ ਆਤਮਘਾਤੀ ਫਿਦਾਇਨ ਦੀ ਪਛਾਣ ਆਦਿਲ ਅਹਿਮਦ (21) ਵਾਸੀ ਕਾਕਾਪੁਰਾ ਵਜੋਂ ਹੋਈ ਹੈ, ਜੋ ਪਿਛਲੇ ਸਾਲ ਹੀ ਜੈਸ਼-ਏ-ਮੁਹੰਮਦ ਵਿੱਚ ਭਰਤੀ ਹੋਇਆ ਸੀ। ਹਮਲੇ ਦਾ ਨਿਸ਼ਾਨਾ ਬਣੀ ਬੱਸ 76ਵੀਂ ਬਟਾਲੀਅਨ ਦੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਨੂੰ ਕਾਫਲਾ ਲੰਘਣ ਬਾਰੇ ਪਤਾ ਕਿਸ ਤਰ੍ਹਾਂ ਲੱਗਾ?

ਸੀਆਰਪੀਐਫ ਦੇ ਡਾਇਰੈਕਟਰ ਜਨਰਲ ਆਰ. ਆਰ. ਭਟਨਾਗਰ ਨੇ ਦੱਸਿਆ ਕਿ ਕਾਫ਼ਲਾ ਸਵੇਰੇ 3:30 ਵਜੇ ਜੰਮੂ ਤੋਂ ਰਵਾਨਾ ਹੋਇਆ ਸੀ ਅਤੇ ਸੂਰਜ ਛਿਪਣ ਤੋਂ ਪਹਿਲਾਂ ਇਸ ਨੇ ਸ੍ਰੀਨਗਰ ਪਹੁੰਚਣਾ ਸੀ। ਉਨ੍ਹਾਂ ਦੱਸਿਆ ਕਿ ਦੋ-ਤਿੰਨ ਦਿਨ ਮੀਂਹ ਤੇ ਬਰਫ਼ਬਾਰੀ ਕਾਰਨ ਕੌਮੀ ਮਾਰਗ 'ਤੇ ਆਵਾਜਾਈ ਬੰਦ ਹੋਣ ਕਾਰਨ ਕਸ਼ਮੀਰ ਵਾਦੀ ਮੁੜਨ ਵਾਲੇ ਸੁਰੱਖਿਆ ਕਰਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਆਮ ਤੌਰ 'ਤੇ ਕਿਸੇ ਕਾਫ਼ਲੇ ਵਿੱਚ ਸੁਰੱਖਿਆ ਕਰਮੀਆਂ ਦੀ ਗਿਣਤੀ ਹਜ਼ਾਰ ਦੇ ਕਰੀਬ ਹੁੰਦੀ ਹੈ ਪਰ ਇਸ ਕਾਫ਼ਲੇ ਵਿੱਚ ਕੁੱਲ 2547 ਜਵਾਨ ਸ਼ਾਮਲ ਸਨ। ਉਂਝ, ਕਾਫ਼ਲੇ ਦੇ ਨਾਲ ਰੋਡ ਓਪਨਿੰਗ ਪਾਰਟੀ ਅਤੇ ਬਖ਼ਤਰਬੰਦ ਵਾਹਨ ਵੀ ਲਾਏ ਗਏ ਸਨ। 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਦਿੱਤਾ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਵੀ ਰੱਦ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ 'ਚ ਸੀਆਰਪੀਐਫ ਬੱਸ 'ਤੇ ਪਾਕਿਸਤਾਨ ਆਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਗਏ ਦਹਿਸ਼ਤੀ ਹਮਲੇ ਦਾ ਬਦਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਦਹਿਸ਼ਤੀ ਹਮਲਿਆਂ ਰਾਹੀਂ ਸ਼ਾਂਤੀ 'ਚ ਅੜਿੱਕਾ ਪਾਉਣ ਵਾਲਿਆਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਨ ਲਈ ਵਚਨਬੱਧ ਹੈ। 

ਇਸ ਦੌਰਾਨ ਦੱਖਣੀ ਕਸ਼ਮੀਰ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਜਦਕਿ ਸ੍ਰੀਨਗਰ 'ਚ ਡੇਟਾ ਸਪੀਡ 2ਜੀ ਪੱਧਰ ਦੀ ਕਰ ਦਿੱਤੀ ਗਈ ਹੈ। ਉਧਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਅਜਿਹੀ ਸਮੱਗਰੀ ਨਾ ਦਿਖਾਉਣ, ਜਿਸ ਨਾਲ ਹਿੰਸਾ ਫੈਲੇ ਅਤੇ ਰਾਸ਼ਟਰ ਵਿਰੋਧੀ ਸਰਗਰਮੀਆਂ ਨੂੰ ਹਵਾ ਮਿਲੇ।

ਸੀਆਰਪੀਐਫ ਦੇ ਕਾਫ਼ਲੇ 'ਚ ਕਾਰ ਨਾਲ ਟੱਕਰ ਮਾਰਨ ਵਾਲਾ ਸਥਾਨਕ ਨੌਜਵਾਨ ਆਦਿਲ ਡਾਰ (21) ਪਿਛਲੇ ਸਾਲ ਅਪਰੈਲ 'ਚ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਇਸ ਤੋਂ ਪਹਿਲਾਂ ਸਾਲ 2000 'ਚ ਜੈਸ਼ ਦੇ ਆਫ਼ਾਕ ਸ਼ਾਹ ਨੇ ਸੈਨਾ ਦੇ 15 ਕੋਰ ਸਦਰਮੁਕਾਮ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਉਡਾ ਦਿੱਤਾ ਸੀ। ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਤੋਂ ਪਹਿਲਾਂ ਉਸ ਨੇ ਵੀਡੀਓ ਬਿਆਨ ਰਿਕਾਰਡ ਕੀਤਾ ਸੀ, ਜਿਸ ਨੂੰ ਬਾਅਦ 'ਚ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਗਿਆ। ਵੀਡੀਓ ਵਿੱਚ ਆਦਿਲ ਆਧੁਨਿਕ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ। ਪਰਿਵਾਰ ਮੁਤਾਬਕ ਉਹ ਪਿਛਲੇ ਸਾਲ ਘਰੋਂ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਸੀ ਰਿਹਾ।



Archive

RECENT STORIES