Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਸ਼ੀਲੇ ਪਦਾਰਥ ‘ਮੈਸਕੇਲਾਈਨ’ ਦੀ ਪੰਜਾਬ ’ਚ ਪਹਿਲੀ ਵਾਰ ਬਰਾਮਦਗੀ

Posted on May 10th, 2013

<p><h2>‘ਮੈਸਕੇਲਾਈਨ’ </h2></p>

ਪਟਿਆਲਾ- ‘ਮੈਸਕੇਲਾਈਨ’ ਨਾਮ ਦੇ ਨਵੇਂ ਨਸ਼ੀਲੇ ਪਦਾਰਥ ਨੇ ਭਾਰਤ ਵਿਚ ਦਸਤਕ ਦਿੱਤੀ ਹੈ। ਇੱਕ ਵਿਸ਼ੇਸ਼ ਕਿਸਮ ਦੇ ਥੋਹਰ (ਕੈਕਟਸ) ਤੋਂ ਤਿਆਰ ਹੁੰਦੇ ਇਸ ਨਸ਼ੇ ਦੀ ਵਰਤੋਂ ਮੁੱਖ ਤੌਰ ’ਤੇ ਅਮਰੀਕਾ ਅਤੇ ਮੈਕਸੀਕੋ ਵਿਚ ਹੀ ਹੈ, ਪਰ ਕੁਝ ਸਮਾਂ ਪਹਿਲਾਂ ਗੋਆ ਵਿਚ ਹੋਈ ਪਲੇਠੀ ਬਰਾਮਦਗੀ ਤੋਂ ਬਾਅਦ ਪੰਜਾਬ ਵਿਚ ਇਸ ਕਿਸਮ ਦੇ ਨਸ਼ੇ ਦੀ ਪਹਿਲੀ ਖੇਪ ਪਟਿਆਲਾ ਪੁਲੀਸ ਵੱਲੋਂ ਫੜੀ ਗਈ ਹੈ। ਅਜਿਹੇ ਚਾਰ ਕਰੋੜ ਦੇ ਸਾਢੇ 19 ਕਿਲੋ ਨਸ਼ੀਲੇ ਪਦਾਰਥ ਦੀ ਬਰਾਮਦਗੀ ਤਾਂ ਭਾਵੇਂ ਕਰ ਲਈ ਗਈ ਹੈ, ਪਰ ਪੁਲੀਸ ਨੂੰ ਖਦਸ਼ਾ ਹੈ ਕਿ ਵਿਦੇਸ਼ੀ ਧਰਤੀ ਤੋਂ ਆਈਆਂ ਅਜਿਹੀਆਂ ਕੁਝ ਹੋਰ ਖੇਪਾਂ ਹੋਰਨਾਂ ਇਲਾਕਿਆਂ ਵਿਚ ਫੈਲ ਚੁੱਕੀਆਂ ਹਨ, ਜਿਸ ਕਰ ਕੇ ਇਸ ਦੀ ਪੈੜ ਨੱਪਣ ਲਈ ਪੁਲੀਸ ਵੱਲੋਂ ਰਾਜਸਥਾਨ ਦੀ ਇੱਕ ਜੇਲ੍ਹ ਵਿਚ ਬੈਠ ਕੇ ਅਜਿਹੀ ਕਾਲਾਬਾਜ਼ਾਰੀ ਨੂੰ ਚਲਾ ਰਹੇ  ਅਪਰਾਧੀ ਨੂੰ ਪੜਤਾਲ ਲਈ ਜਲਦੀ ਹੀ ਪਟਿਆਲਾ ਲਿਆਂਦਾ ਜਾ ਰਿਹਾ ਹੈ।

ਪਟਿਆਲਾ ਦੇ ਐਸ.ਐਸ. ਪੀ.ਹਰਦਿਆਲ ਸਿੰਘ ਮਾਨ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਅਰਬਨ ਅਸਟੇਟ ਵੱਲੋਂ ਸਾਢੇ ਦਸ ਕਿਲੋ ਸਮੈਕ ਸਮੇਤ ਕਾਬੂ ਕੀਤੀ ਗਈ ਸਿਮਰਨਜੀਤ ਕੌਰ ਦੀ ਪੜਤਾਲ ਮਗਰੋਂ ਹੀ ਪੁਲੀਸ ਇਸ ਦੀ ਤਸਕਰੀ ਕਰਨ ਵਾਲੇ ਲੋਕਾਂ ਤੱਕ ਪਹੁੰਚ ਸਕੀ ਹੈ, ਜਿਸ ਤਹਿਤ ਜਤਿੰਦਰਪਾਲ ਉਰਫ਼ ਮੰਗੂ ਵਾਸੀ ਪਿੰਡ ਦੁਗਾਲ ਕਲਾਂ ਕੋਲੋਂ ਅੱਜ ਅਜਿਹਾ 9 ਕਿਲੋ ‘ਮੈਸਕੇਲਾਈਨ’ ਨਸ਼ੀਲਾ ਕੈਮੀਕਲ ਫੜਿਆ ਗਿਆ ਹੈ। ਸੀ ਆਈ ਏ ਸਟਾਫ ਪਟਿਆਲਾ ਅਤੇ ਸੀ ਆਈ ਏ ਸਟਾਫ ਪਾਤੜਾਂ ਦੀ ਸਾਂਝੀ ਟੀਮ ਵੱਲੋਂ ਕਾਬੂ ਕੀਤੇ ਇਸ ਵਿਅਕਤੀ ਕੋਲੋਂ ਸਵਾ ਪੰਜ ਕਿਲੋ ਚਿੱਟਾ ਨਸ਼ੀਲਾ ਪਦਾਰਥ ਅਤੇ 300 ਗਰਾਮ ਅਫ਼ੀਮ ਸਮੇਤ ਇੱਕ ਗਰਾਇੰਡਰ ਵੀ ਬਰਾਮਦ ਹੋਇਆ, ਜਿਸ ਨਾਲ ਪੀਹ ਕੇ ਸਮੈਕ ਵਰਗਾ ਪਾਊਡਰ ਤਿਆਰ ਕੀਤਾ ਜਾਂਦਾ ਸੀ ਅਤੇ ਇਸ ਨੂੰ ਸਮੈਕ ਦੇ ਮੁੱਲ ’ਤੇ ਵੇਚਿਆ ਜਾਂਦਾ ਸੀ। ਮੰਗੂ ਖ਼ਿਲਾਫ਼ ਥਾਣਾ ਪਾਤੜਾਂ ਵਿਖੇ ਐਨਡੀਪੀਐਸ ਐਕਟ ਤਹਿਤ 18/21/22/61, 85 ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਐਸ.ਐਸ.ਪੀ. ਨੇ ਪੰਜ ਹੋਰਨਾਂ ਕੋਲੋਂ ਵੀ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾ ਕਿਹਾ ਕਿ ਗਰੋਹ ਦਾ ਸਰਗਨਾ ਜਿੰਦਰ ਸਿੰਘ ਵਾਸੀ ਪਾਤੜਾਂ ਬੀਕਾਨੇਰ ਜੇਲ ਵਿਚ ਬੰਦ ਹੈ। ਜਿਥੋਂ ਉਹ ਨਸ਼ਿਆਂ ਦਾ ਇਹ ਕਾਰੋਬਾਰ ਚਲਾਉਂਦਾ ਸੀ,  ਉਸ ਨੂੰ ਪਟਿਆਲਾ ਲਿਆਉਣ ਲਈ ਪੁਲੀਸ ਪਾਰਟੀ ਭੇਜ ਦਿੱਤੀ ਗਈ ਹੈ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ।




Archive

RECENT STORIES