Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਸ਼ੇੜੀਆਂ ਦਾ ਧੁੰਦਲਾ ਸੰਸਾਰ

Posted on May 13th, 2013

<p>ਪੰਜਾਬ ਦੇ ਇੱਕ ਇਮਾਨਦਾਰ ਐਸ. ਐਸ. ਪੀ. ਸ. ਗੁਰਪ੍ਰੀਤ ਸਿੰਘ ਤੂਰ<br></p>

ਗੁਰਪ੍ਰੀਤ ਸਿੰਘ ਤੂਰ

ਅਪਰੈਲ ਦੇ ਦੂਜੇ ਪੰਦਰਵਾੜੇ ਦੌਰਾਨ ਨਸ਼ਿਆਂ ਵਿਰੁੱਧ ਜੱਦੋ-ਜਹਿਦ ਲਈ ਵਿਸ਼ੇਸ਼ ਯਤਨਾਂ ਦੀ ਤਿਆਰੀ ਕੀਤੀ ਗਈ। ਇਸ ਦੌਰਾਨ ਔਰਤਾਂ ਦੇ ਪਰਸ ਖੋਹ ਕੇ ਅਤੇ ਵਾਲੀਆਂ ਧੂਹ ਕੇ ਨਸ਼ੇ ਦੀ ਲਤ ਪੂਰੀ ਕਰਨ ਵਾਲੇ ਨੌਜਵਾਨਾਂ ਕੋਲੋਂ ਬਹੁਤ ਲਾਭਦਾਇਕ ਜਾਣਕਾਰੀ ਪ੍ਰਾਪਤ ਹੋਈ। ਜ਼ਿਲ੍ਹੇ ਦੇ ਚੋਣਵੇਂ ਅਧਿਕਾਰੀਆਂ ਨੂੰ ਲੈ ਕੇ ਮੈਂ ਸਲਾਈਡ ਪ੍ਰਾਜੈਕਟਰ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੀਆਂ ਸਲਾਈਡਾਂ ਦਿਖਾ ਕੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨ ਲੱਗਿਆ। ਨਸ਼ਿਆਂ ਵਿਰੁੱਧ ਦਿਲਚਸਪੀ ਨਾਲ ਕੰਮ ਕਰਦੇ ਕਰਮਚਾਰੀਆਂ ਨੂੰ ਸ਼ਾਮ-ਸਵੇਰ ਦੀਆਂ ਮੀਟਿੰਗਾਂ ਕਰ ਕੇ ਇਸ ਜੱਦੋ-ਜਹਿਦ ਲਈ ਵੰਗਾਰਿਆ ਗਿਆ। ਇਹ ਲਿਖਤ ਇਸ ਮੁਹਿੰਮ ਦੇ ਪੰਜਵੇਂ ਅਤੇ ਇੱਕੋ ਦਿਨ ਦੀ ਦਾਸਤਾਨ ਹੈ। ਜਦ ਵੀ ਕੋਈ ਨਸ਼ਾ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ ਹੁੰਦਾ ਤਾਂ ਉਸ ਤੋਂ ਪੁੱਛਗਿੱਛ ਕਰਦਿਆਂ ਨਸ਼ਾ ਵੇਚਣ ਵਾਲਿਆਂ ਸਬੰਧੀ ਜਾਣਕਾਰੀ ਹਾਸਲ  ਕੀਤੀ ਜਾਂਦੀ। ਅਜਿਹਾ ਕਰਦਿਆਂ ਸ਼ਹਿਰ ਵਿੱਚ ਉਨ੍ਹਾਂ ਕਲੋਨੀਆਂ ਅਤੇ ਮੁਹੱਲਿਆਂ ਦੀ ਨਿਸ਼ਾਨਦੇਹੀ ਕੀਤੀ ਗਈ, ਜਿੱਥੇ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ ਲੋਕ ਰਹਿੰਦੇ ਸਨ। ਪਿਛਲੇ ਦਸ-ਪੰਦਰ੍ਹਾਂ ਵਰ੍ਹਿਆਂ ਦੌਰਾਨ ਨਸ਼ਾ ਵੇਚਣ ਸਬੰਧੀ ਦਰਜ ਹੋਏ ਮਾਮਲਿਆਂ ਦੀਆਂ ਪੈੜਾਂ ਲੱਭਦਿਆਂ-ਲੱਭਦਿਆਂ ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਦੀ ਪੁਸ਼ਟੀ ਕਰ ਲਈ ਗਈ ਸੀ। ਸ਼ਹਿਰ ਦੇ ਅਜਿਹੇ ਛੇ ਖੇਤਰਾਂ ਦੀ ਪਛਾਣ ਕਰ ਕੇ ਸ਼ਹਿਰ ਦੇ ਦੋਵੇਂ ਥਾਣਿਆਂ ਅਤੇ ਪੁਲੀਸ ਦੇ ਚਾਰ ਹੋਰ ਵਿੰਗ ਇਕੱਠੇ ਕਰ ਕੇ ਇੱਕ-ਇੱੱਕ ਖੇਤਰ ਇੱਕ-ਇੱਕ ਪੁਲੀਸ ਪਾਰਟੀ ਨੂੰ ਸੌਪਿਆ ਗਿਆ। ਨਵੇਂ ਭਰਤੀ ਹੋਏ ਅਤੇ ਇੱਕ ਸਾਲ ਦੀ ਟ੍ਰੇਨਿੰਗ ਕਰ ਕੇ ਵਾਪਸ ਪਰਤੇ ਇੱਕ ਸੌ ਵੀਹ ਕਰਮਚਾਰੀਆਂ ਨੂੰ ਵੀ ਛੇ ਭਾਗਾਂ ਵਿੱਚ ਵੰਡ ਕੇ ਇਨ੍ਹਾਂ ਪਾਰਟੀਆਂ ਦੇ ਨਾਲ ਲਗਾ ਦਿੱਤਾ ਗਿਆ ਸੀ। ਸਵੇਰੇ ਚਾਰ ਵਜੇ ਅਜਿਹੇ ਸੱਠ ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰਨ ਦਾ ਫ਼ੈਸਲਾ ਲਿਆ ਗਿਆ। 

ਸ਼ਹਿਰ ਦੇ ਵਿਚਕਾਰ ਬੈਠ ਕੇ ਮੈਂ ਇਨ੍ਹਾਂ ਪੁਲੀਸ ਪਾਰਟੀਆਂ ਵੱਲੋਂ ਨਸ਼ੇ ਵੇਚਣ ਸਬੰਧੀ ਗ੍ਰਿਫ਼ਤਾਰ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਲੱਗਿਆ। ਪਹਿਲਾ ਵਿਅਕਤੀ ਦਸ ਗ੍ਰਾਮ ਸਮੈਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਉਮਰ ਚਾਲ੍ਹੀ ਵਰ੍ਹੇ ਸੀ ਅਤੇ ਚੜ੍ਹਦੀ ਉਮਰੇ ਹੀ ਉਹ ਸਮੈਕ ਪੀਣ ਦਾ ਆਦੀ ਹੋ ਗਿਆ ਸੀ। ਉਸ ਦੇ ਬੁੱਲ੍ਹ ਮੋਟੇ ਅਤੇ ਕਾਲੇ ਹੋ ਚੁੱਕੇ ਹਨ ਅਤੇ ਅੱਖਾਂ ਅੰਦਰ ਨੂੰ ਧੱਸ ਗਈਆਂ ਸਨ। ਸਮੈਕ ਪੀਂਦਿਆਂ ਤੀਲਾਂ ਬਾਲਦਿਆਂ-ਬਾਲਦਿਆਂ ਉਸਦੀਆਂ ਉਂਗਲਾਂ ਦੇ ਪੋਟੇ ਸੜ੍ਹ ਚੱੁਕੇ ਹਨ। ਉਸ ਦੇ ਸਿਰ ਦੇ ਵਾਲ ਖੁਸ਼ਕ ਅਤੇ ਉਲਝਣਾਂ ਵਾਲੇ ਹਨ। ਉਸ ਦਾ ਸਰੀਰ ਬੋਝਲ ਹੋ ਚੁੱਕਿਆ ਸੀ। ਆਪਣਾ ਖਰਚਾ ਕੱਢਣ ਲਈ ਉਹ ਨੌਜਵਾਨਾਂ ਨੂੰ ਸਮੈਕ ਵੇਚਣ ਵੀ ਲੱਗ ਪਿਆ ਸੀ। ਉਸ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਸ਼ਹਿਰ ਵਿੱਚ ਉਸ ਨੂੰ ਤਿੰਨ-ਚਾਰ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਹ ਜਦੋਂ ਪਾਣੀ ਪੀਂਦਾ ਸੀ ਤਾਂ ਉਸ ਦੇ ਹੱਥ ਕੰਬਦੇ ਸਨ, ਜਦ ਬੋਲਦਾ ਸੀ ਤਾਂ ਆਵਾਜ਼ ਥਥਲਾਉਂਦੀ ਸੀ ਅਤੇ ਜਦੋਂ ਤੁਰਦਾ ਸੀ ਤਾਂ ਉਸ ਦੀ ਚਾਲ ਡਗਮਗਾਉਂਦੀ ਹੈ। ਉਸ ਦਾ ਮੋਬਾਈਲ ਫੋਨ ਪੁਲੀਸ ਨੇ ਆਪਣੇ ਹੱਥ ਫੜ ਲਿਆ ਅਤੇ ਸਵੇਰੇ-ਸਵੇਰੇ ਸਮੈਕ ਖ਼ਰੀਦਣ ਵਾਲੇ ਨੌਜਵਾਨਾਂ ਨਾਲ ਰਾਬਤਾ ਕਾਇਮ ਕਰਨ ਲੱਗੀ। ਪਹਿਲੇ ਚਾਰ ਨੌਜਵਾਨ ਆਈ ਟਵੰਟੀ ਕਾਰ ਵਿੱਚ ਸਵਾਰ ਸਨ, ਚਾਰ ਮੋਟਰ ਸਾਈਕਲ ਸਵਾਰ ਅਤੇ ਤਿੰਨ ਪੈਦਲ ਵਿਅਕਤੀ, ਇੱਕ ਘੰਟੇ ਵਿੱਚ ਗਿਆਰ੍ਹਾਂ ਵਿਅਕਤੀ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਸਨ। ਜਿਉਂ-ਜਿਉਂ ਦੁਪਹਿਰ ਹੁੰਦੀ ਗਈ, ਉਸ ਦੇ ਮੋਬਾਈਲ ਫੋਨ ’ਤੇ ਆਉਣ ਵਾਲੀਆਂ ਕਾਲਾਂ ਦੀ ਗਿਣਤੀ ਵੀ ਵਧਣ ਲੱਗੀ।


ਇੱਕ ਵਿਅਕਤੀ ਪੰਜ ਬੋਰੀਆਂ ਪੋਸਤ ਸਮੇਤ ਫੜਿਆ ਗਿਆ ਸੀ। ਉਹ ਪਿਛਲੇ ਦੋ ਸਾਲਾਂ ਤੋਂ ਇਸ ਸ਼ਹਿਰ ਵਿੱਚ ਰਹਿ ਰਿਹਾ ਸੀ। ਜਦੋਂ ਪੁਲੀਸ ਉਸ ਦਾ ਖੁਰਾ ਖੋਜ ਲੱਭਣ ਲੱਗੀ ਤਾਂ ਪਤਾ ਲੱਗਿਆ ਕਿ ਉਹ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਥਾਣੇ ਦੇ ਇੱਕ ਪਿੰਡ ਦਾ ਰਿਹਾਇਸ਼ੀ ਹੈ। ਨਸ਼ਾ ਵੇਚਣ ਸਬੰਧੀ ਜਦ ਉਸ ਵਿਰੁੱਧ ਮਾਮਲੇ ਦਰਜ ਹੋਏ ਤਾਂ ਉਸ ਨੇ ਆਪਣਾ ਪਿੰਡ ਬਦਲ ਲਿਆ। ਫ਼ਰੀਦਕੋਟ ਉਸ ਦਾ ਚੌਥਾ ਟਿਕਾਣਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਦਾ ਧੰਦਾ ਕੀ ਹੈੈ? ‘ਨਸ਼ਾ ਹੀ ਵੇਚਦੇ ਆਂ’ ਸੁਭਾਵਿਕ ਹੀ ਉਸ ਦੇ ਮੂੰਹੋਂ ਨਿਕਲਿਆ। ਉਸ ਸਮੇਂ ਉਸ ਦੇ ਦੋਵੇਂ ਲੜਕੇ ਵੀ ਨਸ਼ਿਆਂ ਦੇ ਮੁਕੱਡਾ. ਰਿਪੁਦਮਨ ਮਾਮਲਿਆਂ ਅਧੀਨ ਜ਼ੇਲ੍ਹ ਵਿੱਚ ਬੰਦ ਸਨ। ਬਹੁਤੇ ਪਰਿਵਾਰ ਨਸ਼ਾ ਵੇਚਣ ਦਾ ਕੰਮ ਧੰਦਾ ਸਮਝ ਕੇ ਕਰ  ਰਹੇ ਹਨ ਅਤੇ ਅਜਿਹੇ ਪਰਿਵਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੀ ਨਸ਼ਿਆਂ ਅਤੇ ਅਪਰਾਧ ਨਾਲ ਸਬੰਧਤ ਸੰਸਥਾ ਅਨੁਸਾਰ ਅਜਿਹੇ ਲੋਕ ਨਸ਼ਿਆਂ ਦੀ ਰੋਕਥਾਮ ਲਈ ਸਭ ਤੋਂ ਵੱਡਾ ਅੜਿੱਕਾ ਹਨ ਕਿਉਂਕਿ ਅਜਿਹੇ ਲੋਕ ਨਸ਼ਿਆਂ ਦੀ ਸਪਲਾਈ ਲਾਈਨ ਟੱੁਟਣ ਨਹੀਂ ਦਿੰਦੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਚੇਟਕ ਨਿਰੰਤਰ ਲਾਉਂਦੇ ਰਹਿੰਦੇ ਹਨ। ਉਸ ਸਵੇਰ ਅਜਿਹੇ ਪੰਜ ਵਿਅਕਤੀ ਸਾਹਮਣੇ ਆਏ ਜਿਹੜੇ ਆਪਣੇ-ਆਪ ਵਿੱਚ ਪੂਰਨ ਕੇਸ ਸਟੱਡੀਜ ਸਨ।
ਪਿਛਲੇ ਚਾਰ-ਪੰਜ ਦਿਨਾਂ ਤੋਂ ਨਸ਼ਿਆਂ ਦੀ ਬਰਾਮਦਗੀ ਕਾਰਨ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੀ ਗਿਣਤੀ ਦੋ ਸੌ ਟੱਪ ਚੁੱਕੀ ਸੀ। ਅਚਾਨਕ ਨਸ਼ਿਆਂ ਦੀ ਆਈ ਥੋੜ੍ਹ ਨੇ ਉਨ੍ਹਾਂ ਦੇ ਮਨਾਂ ਅੰਦਰ ਕੁਰਲਾਹਟ ਪੈਦਾ ਕੀਤੀ ਅਤੇ ਉਹ ਸਰੀਰਕ ਤੋੜ ਤੇ ਮਾਨਸਿਕ ਪ੍ਰੇਸ਼ਾਨੀ ਦੀ ਦੂਹਰੀ ਮਾਰ ਹੇਠ ਆ ਗਏ ਸਨ। ਜੇਲ੍ਹ ਦੀਆਂ ਉੱਚੀਆਂ-ਉੱਚੀਆਂ ਕੰਧਾਂ ਨੂੰ ਜਦੋਂ ਉਨ੍ਹਾਂ ਗਰਦਨ ਉਪਰ ਨੂੰ ਕਰ ਕੇ ਦੇਖਿਆ ਤਾਂ ਇਹ ਪ੍ਰੇਸ਼ਾਨੀ ਪੀੜ ਬਣ ਗਈ ਸੀ। ਜੇਲ੍ਹ ਵਿੱਚ ਬੰਦ ਹੋਣ ਕਾਰਨ ਨਸ਼ਾ ਮਿਲਣ ਦੀ ਕੋਈ ਆਸ ਵੀ ਨਹੀਂ ਸੀ। ਉਹ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਣ ਵਾਂਗ ਤੜਫਣ ਲੱਗੇ ਅਤੇ ਜੇਲ੍ਹ ਤੋਂ ਬਾਹਰ ਸਿਵਲ ਹਸਪਤਾਲ ਰੈਫਰ ਹੋਣ ਲਈ ਬੀਮਾਰੀਆਂ ਦਾ ਵਾਸਤਾ ਪਾਉਣ ਲੱਗੇ। ਹਾਲਾਤ ਗੰਭੀਰ ਹੁੰਦੇ ਗਏ ਅਤੇ ਸਭ ਲਈ ਵੰਗਾਰ ਬਣਨ ਲੱਗੇ। ਸਿਵਲ ਹਸਪਤਾਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖ਼ਲ ਹੋਣ ਵਾਲੇ ਅਜਿਹੇ ਵਿਅਕਤੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ।


ਹਾਲਾਤ ਥਮੇ ਨਹੀਂ ਜਾ ਰਹੇ ਸਨ। ਨਸ਼ੇ ਦੀ ਤੋੜ ਨੂੰ ਲੈ ਕੇ ਕੈਦੀਆਂ ਵਿੱਚ ਹਾਹਾਕਾਰ ਮੱਚ ਗਈ ਸੀ। ਕੈਦੀ ਭੜਕਾਹਟ ਵਿੱਚ ਸਨ। ਨਸ਼ਿਆਂ ਦੇ ਸਿੱਧੇ ਅਤੇ ਅਸਿੱਧੇ ਕਾਰਨਾਂ ਕਰਕੇ ਜੇਲ੍ਹ ਵਿੱਚ ਉਪਰੋਂ-ਥੱਲ੍ਹੀ ਹੋਈਆਂ ਤਿੰਨ-ਚਾਰ ਮੌਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਧੁਰ ਅੰਦਰ ਤਕ ਹਿਲਾ ਦਿੱਤਾ ਸੀ। ਜੇਲ੍ਹ ਦਾ ਐਮਰਜੈਂਸੀ ਸਾਇਰਨ ਵੱਜਣ ਲੱਗਿਆ। ਕੈਦੀ ਤੋੜ-ਫੋੜ ਅਤੇ ਅੱਗਾਂ ਲਾਉਣ ਤਕ ਅੱਪੜ ਚੁੱਕੇ ਸਨ। ਜੇਲ੍ਹ ਦੇ ਸੈਂਟਰਲ ਟਾਵਰ ’ਚੋਂ ਉੱਠਦਾ ਧੂੰਆਂ ਸਾਇਰਨ ਤੋਂ ਉੱਚੀ ਆਵਾਜ਼ ਵਿੱਚ ਕਈ ਸੁਨੇਹੇ ਦੇਣ ਲੱਗਿਆ। ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਅੱਥਰੂ ਗੈਸ ਦੇ ਧੂੰਏ ਨਾਲ ਅਜਿਹੇ ਤੂਫ਼ਾਨ ਨੂੰ ਕਿੰਨੀ ਦੇਰ ਤਕ ਥੰਮਿ੍ਹਆ ਜਾ ਸਕਦਾ ਹੈ? ਇਸ ਘਟਨਾ ਤੋਂ ਬਾਅਦ ਜੇਲ੍ਹ ਵਿੱਚ ਬੰਦ ਅਜਿਹੇ ਤਿੰਨ ਸੌ ਕੈਦੀਆਂ ਦੀ ਪਛਾਣ ਕੀਤੀ ਗਈ, ਜਿਹੜੇ ਨਸ਼ੇ ਦੀ ਥੋੜ੍ਹ ਕਾਰਨ ਕਦੇ ਵੀ ਗੰਭੀਰ ਹੋ ਸਕਦੇ ਸਨ। ਅਜਿਹੇ ਕਿਸੇ ਵੀ ਖ਼ਤਰੇ ਨੂੰ ਭਾਂਪਣ ਅਤੇ ਨਜਿੱਠਣ ਲਈ ਪੁਲੀਸ, ਸਿਵਲ, ਜੇਲ੍ਹ ਅਤੇ ਹਸਪਤਾਲ ਦੇ ਵਿਸ਼ੇਸ਼ ਅਧਿਕਾਰੀਆਂ ਦੀ ਸਮੂਹਿਕ ਟੀਮ ਦਾ ਗਠਨ ਕੀਤਾ ਗਿਆ।


ਉਸ ਦਿਨ ਦਫ਼ਤਰ ਬੈਠਣ ਲਈ ਬਹੁਤ ਘੱਟ ਸਮਾਂ ਮਿਲਿਆ ਸੀ। ਇਕੱਠੇ ਹੋਏ ਲੋਕਾਂ ਨੂੰ ਮੈਂ ਕਾਹਲੀ ਨਾਲ ਮਿਲਣ ਲੱਗਿਆ। ਪਤੀ-ਪਤਨੀ ਦੇ ਵਿਆਹੁਤਾ ਜੀਵਨ ਦਾ ਝਗੜਾ ਸੀ। ਲੜਕੀ ਨੇ ਦੱਸਿਆ ਕਿ ਮੇਰਾ ਪਤੀ ਸਮੈਕ ਪੀਂਦਾ ਹੈ ਅਤੇ ਮੇਰੇ ਰੋਕਣ ’ਤੇ ਮੈਨੂੰ ਕੁੱਟਦਾ ਮਾਰਦਾ ਹੈ। ‘ਹੁਣ ਤਾਂ ਛੱਡ ਦਿੱਤੀ’ ਮੁੰਡਾ ਉਸ ਦੀ ਗੱਲ ਟੋਕ ਕੇ ਬੋਲਿਆ। ਲੜਕੀ ਨੇ ਆਪਣੀ ਚੁੰਨ੍ਹੀ ਦੀ ਗੰਢ ਨੂੰ ਖੋਲ੍ਹਿਆ ਅਤੇ ਸਮੈਕ ਪੀਣ ਵਾਲੇ ਧੁਆਂਖੇ ਪੱਤਰ ਵਿਖਾਉਣ ਲੱਗੀ। ਵਿਆਹ ਹੋਏ ਨੂੰ ਹਾਲੇ ਪੰਜ ਵਰ੍ਹੇ ਹੋਏ ਹਨ ਅਤੇ ਇਹ ਤਿੰਨ ਏਕੜ ਜਮੀਨ ਵੇਚ ਚੱੁਕਿਆ ਹੈ। ਦੱਸਦਿਆਂ-ਦੱਸਦਿਆਂ ਉਹ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਉਦਿਆਂ ਰੋਣ ਲੱਗ ਪਈ। ਪਿਛਲੇ ਹਫ਼ਤੇ ਹੀ ਲਗਪਗ ਅਜਿਹੇ ਹਾਲਾਤ ’ਚੋਂ ਗੁਜ਼ਰਦੀ ਇੱਕ ਕੁੜੀ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਇਹ ਯਾਦ ਆਉਂਦਿਆਂ ਹੀ ਇੱਕ ਅਭਾਗਾ ਖਿਆਲ ਮੇਰੇ ਜ਼ਿਹਨ ਵਿੱਚ ਘੁੰਮਣ ਲੱਗਿਆ ਅਤੇ ਮੈਂ ਵੇਖਿਆ ਕਿ ਹੰਝੂ ਤੇਜ਼ੀ ਨਾਲ ਉਸ ਦੇ ਚਿਹਰੇ ਦਾ ਸਫ਼ਰ ਤੈਅ ਕਰ ਕੇ ਫ਼ਰਸ਼ ’ਤੇ ਡਿੱਗਣ ਲੱਗੇ ਸਨ। ਮੁੰਡੇ ਦੇ ਮਾਂ-ਬਾਪ ਕਿੱਥੇ ਹਨ, ਮੈਂ ਪੱੁਛਿਆ? ‘ਉਹ ਹਸਪਤਾਲ ਵਿੱਚ ਹਨ, ਉਨ੍ਹਾਂ ਪਰਸੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ’ ਨਾਲ ਆਏ ਵਿਅਕਤੀ ਨੇ ਦੱਸਿਆ। ਦਰਅਸਲ, ਦੋ ਦਿਨ ਪਹਿਲਾਂ ਜਦੋਂ ਪਤੀ-ਪਤਨੀ ਵਿੱਚ ਤਕਰਾਰ ਹੋਇਆ ਅਤੇ ਪਤਨੀ ਪੇਕੇ ਚਲੀ ਗਈ ਤਾਂ ਨਸ਼ੇੜੀ ਪੱੁਤਰ ਦੇ ਕਲੇਸ਼ ਅਤੇ ਪੁਲੀਸ ਦੇ ਸੰਭਾਵੀ ਸੁਨੇਹੇ ਦੇ ਡਰੋਂ ਮਾਪਿਆਂ ਨੇ ਨਹਿਰ ਵਿੱੱਚ ਛਾਲ ਮਾਰ ਦਿੱਤੀ ਸੀ ਪਰ ਬੀ.ਐੱਸ.ਐੱਫ. ਦੇ  ਪਟੜੀ-ਪਟੜੀ ਦੌੜਦੇ ਜਵਾਨਾਂ ਨੇ ਉਨ੍ਹਾਂ ਨੂੰ ਬਚਾ ਲਿਆ ਸੀ। ਕੁੜੀ ਵਾਲੇ ਲੜਕੀ ਅਤੇ ਉਸ ਦੀ ਗੋਦ ਬੱਚੀ ਦਾ ਵਾਸਤਾ ਪਾਉਂਦੇ ਬਾਕੀ ਬਚੀ ਜਾਇਦਾਦ ਦਾ ਹਿੱਸਾ ਲੈ ਕੇ ਪੰਚਾਇਤੀ ਤਲਾਕਨਾਮੇ ਦੀ ਮੰਗ ਕਰਨ ਲੱਗ ਪਏ ਸਨ ਜਦੋਂਕਿ ਦੂਜੇ ਪਾਸੇ ਉਨ੍ਹਾਂ ਮੁੰਡੇ ਦਾ ਇਲਾਜ ਕਰਵਾਉਣ ਦਾ ਵਾਸਤਾ ਪਾ ਕੇ ਇੱਕ ਹੋਰ ਮੌਕੇ ਦੀ ਮੰਗ ਕੀਤੀ ਸੀ।


ਸਵੇਰ ਦਾ ਕੰਮ ਮੁਕਾਉਣ ਤੋਂ ਬਾਅਦ ਦਿਨ ਢਲੇ ਚੋਣਵੀਆਂ ਪੁਲੀਸ ਪਾਰਟੀਆਂ ਨੂੰ ਫੇਰ ਸ਼ਹਿਰ ਵਿੱਚ ਭੇਜਿਆ ਗਿਆ। ਹੁਣ ਵਿਅਕਤੀਆਂ ਅਤੇ ਘਰਾਂ ਦੀ ਬਜਾਏ ਉਨ੍ਹਾਂ ਥਾਵਾਂ ਦੀ ਛਾਪੇਮਾਰੀ ਕੀਤੀ ਗਈ ਜਿੱਥੇ ਨਸ਼ਾ ਕਰਨ ਵਾਲੇ ਵਿਅਕਤੀ ਇਕੱਠੇ ਹੁੰਦੇ ਸਨ। ਅਜਿਹੇ ਹੀ ਚਾਰ ਨੌਜਵਾਨਾਂ ਨੂੰ ਸਮੈਕ ਪੀਂਦਿਆਂ ਪੁੱਛਗਿੱਛ ਲਈ ਬੁਲਾਇਆ ਗਿਆ। ਉਨ੍ਹਾਂ ਵਿੱਚੋਂ ਦੋ ਅਠਾਰ੍ਹਾਂ-ਅਠਾਰ੍ਹਾਂ ਵਰ੍ਹਿਆਂ ਦੇ ਇੱਕ ਇੱਕੀ ਅਤੇ ਇੱਕ ਚੌਵੀ ਵਰ੍ਹਿਆਂ ਦਾ ਨੌਜਵਾਨ ਸੀ। ਚੌਵੀ ਵਰ੍ਹਿਆਂ ਵਾਲੇ ਨੌਜਵਾਨ ਦੀ ਹੇਅਰ ਕਟਿੰਗ ਦੀ ਦੁਕਾਨ ਹੈ ਅਤੇ ਦੋ ਨੇ ਉਸੇ ਦੁਕਾਨ ’ਤੇ ਬੈਠਦਿਆਂ-ਉੱਠਦਿਆਂ ਹੀ ਸਮੈਕ ਦਾ ਪਹਿਲਾ ਸੂਟਾ ਲਾਇਆ ਸੀ। ਅਠਾਰ੍ਹਾਂ ਸਾਲ ਦੀ ਉਮਰ ਵਾਲਾ ਨੌਜਵਾਨ ਦਸਵੀਂ ’ਚੋਂ ਫੇਲ੍ਹ ਹੋ ਕੇ ਆਪਣੇ ਪਿਤਾ ਦੀ ਮੋਟਰ ਰਿਪੇਅਰ ਦੀ ਦੁਕਾਨ ’ਤੇ ਮਦਦ ਕਰਵਾਉਣ ਲੱਗਿਆ ਸੀ ਤੇ ਉੱਥੇ ਉਸ ਨੂੰ ਮੋਟਰ ਸਾਈਕਲ ਰਿਪੇਅਰ ਲਈ ਆਏ ਨੌਜਵਾਨਾਂ ਨੇ ਪਹਿਲਾ ਸੂਟਾ ਲਵਾਇਆ ਸੀ। ਨਸ਼ੇ ਦੀ ਲਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਹੀ ਉਹ ਹੇਅਰ ਕਟਿੰਗ ਦੁਕਾਨ ਤਕ ਪਹੁੰਚਿਆ ਸੀ। ਇਨ੍ਹਾਂ ਚਾਰੋਂ ਨੌਜਵਾਨਾਂ ਨੂੰ ਵੱਖਰੋ-ਵੱਖਰੇ ਕਰ ਕੇ ਨਸ਼ਿਆਂ ਦੀ ਸਪਲਾਈ ਲਾਈਨ ਅਤੇ ਖਪਤ ਦੀ ਜਾਣਕਾਰੀ ਇਕੱਠੀ ਕੀਤੀ ਗਈ। ਹੇਅਰ ਕਟਿੰਗ ਜਿਹੀ ਇੱਕ ਦੁਕਾਨ ਤੋਂ ਦੂਜੀ ਦੁਕਾਨ ਅਤੇ ਇੱਕ ਨੌਜਵਾਨ ਤੋਂ ਦੂਜਾ ਨੌਜਵਾਨ ਰਾਤ ਤਕ ਸਾਰਾ ਸ਼ਹਿਰ ਛਲਣੀ ਹੋਇਆ ਪਾਇਆ ਗਿਆ।


ਜਦੋਂ ਸਾਰੀਆਂ ਪੁਲੀਸ ਪਾਰਟੀਆਂ ਵਾਪਸ ਆ ਗਈਆਂ ਤਾਂ ਟਰੇਨਿੰਗ ਕਰ ਕੇ ਆਏ ਮੁੰਡਿਆਂ ਨੂੰ ਸਿਵਲ ਕੱਪੜਿਆਂ ਵਿੱਚ ਸ਼ਹਿਰ ਦੇ ਅਜਿਹੇ ਖੇਤਰਾਂ ਵਿੱਚ ਮੋਟਰਸਾਈਕਲ ਦੇ ਕੇ ਭੇਜਿਆ ਗਿਆ। ਸਿਵਲ ਕੱਪੜਿਆਂ ਵਿੱਚ ਉਹ ਕਾਲਜੀਏਟ ਹੀ ਲੱਗਦੇ ਸਨ, ਉਨ੍ਹਾਂ ਨੂੰ ਸਮਝਾਇਆ ਗਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸਮੈਕ ਦੀ ਭਾਲ ਕਰਦੇ ਨੌਜਵਾਨਾਂ ਨੂੰ ਕਾਬੂ ਕਰ ਕੇ ਥਾਣੇ ਲਿਆਉਣਾ ਹੈ। ਨੇੜੇ ਦੀ ਪਹਿਲੀ ਪਾਰਟੀ ਇੱਕ ਇੱਕੀ ਕੁ ਵਰ੍ਹਿਆਂ ਦੇ ਨੌਜਵਾਨ ਨੂੰ ਲੈ ਕੇ ਆਈ। ਛਾਂਟਵਾ ਸਰੀਰ, ਪਤਲੇ-ਪਤਲੇ ਬੁੱਲ੍ਹ, ਫੁਟਦੀ ਲੂੰ, ਅਸਮਾਨੀ ਅਤੇ ਨੀਲੀ ਧਾਰੀਆਂ ਵਾਲੀ ਚਿੱਟੀ ਕਮੀਜ਼ ਪਰ ਰੰਗਰੂਟ ਸਿਪਾਹੀਆਂ ਨੇ ਸਾਨੂੰ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਪੁੱਛਿਆ ਸੀ,‘‘ਆੜੀ ਸਮੈਕ ਕਿੱਥੋਂ ਮਿਲਦੀ ਆ?’’ ਸਵਾਲ ਪੁੱਛਦਿਆਂ-ਪੱੁਛਦਿਆਂ ਹੀ ਉਹ ਨੌਜਵਾਨ ਕੰਬਣ ਲੱਗਿਆ। ਉਸਦੇ ਹੱਥ-ਪੈਰ ਠੰਢੇ ਹੋ ਗਏ। ਜਦੋਂ ਉਸ ਤੋਂ ਉਸ ਦੇ ਪਿਤਾ ਦਾ ਮੋਬਾਈਲ ਨੰਬਰ ਮੰਗਿਆ ਗਿਆ ਤਾਂ ਉਸ ਦੇ ਪੈਰਾਂ ਥੱਲ੍ਹੋਂ ਜ਼ਮੀਨ ਖਿਸਕਣ ਲੱਗੀ। ਉਹ ਇੱਕ ਕਾਲਜ ਵਿਦਿਆਰਥੀ ਸੀ। ਨਸ਼ਿਆਂ ਦੇ ਤਸਕਰ ਅਤੇ ਪੱਕੇ ਨਸ਼ਈ ਪੁਲੀਸ ਦੀ ਚਾਲ ਨੂੰ ਭਾਂਪ ਗਏ ਸਨ। ਵਿਦਿਆਰਥੀ ਅਤੇ ਨੌਜਵਾਨ ਹੀ ਇਸ ਚਾਲ ਵਿੱਚ ਫਸ ਰਹੇ ਸਨ। ਮੂੰਹ ਹਨੇਰੇ ਤਕ ਚੌਦਾਂ ਅਜਿਹੇ ਨੌਜਵਾਨ ਸਾਹਮਣੇ ਆਏ। ਅਜਿਹੇ ਹੋਰ ਨੌਜਵਾਨ ਵੀ ਇਕੱਠੇ ਹੋ ਸਕਦੇ ਸਨ ਪਰ ਝਟ-ਪਟ ਹੀ ਸਾਰੀਆਂ ਪਾਰਟੀਆਂ ਨੂੰ ਵਾਪਸ ਬੁਲਾ ਲਿਆ ਗਿਆ।


ਬਾਬਾ ਫ਼ਰੀਦ ਦੀ ਧਰਤੀ ਫ਼ਰੀਦਕੋਟ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਸਮੇਤ ਪੰਜਾਬ ਦੇ ਨਸ਼ਿਆਂ ਤੋਂ ਘੱਟ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇੱਥੋਂ ਦੇ ਹਾਲਾਤ ਵੀ ਕਿੰਨੇ ਨਾਜ਼ੁਕ ਹਨ। ਨੌਜਵਾਨਾਂ ਦਾ ਸਮੈਕ ਅਤੇ ਹੈਰੋਇਨ ਵਰਗੇ ਪੱਕੇ ਨਸ਼ਿਆਂ ਵੱਲ ਇੰਜ ਮੁੜ ਜਾਣਾ ਬਹੁਤ ਹੀ ਘਾਤਕ ਸੰਕੇਤ ਹੈ। ਨਸ਼ਿਆਂ ਦੀ ਖਪਤ ਅਤੇ ਬੁਰੇ ਪ੍ਰਭਾਵਾਂ ਪੱਖੋਂ ਪ੍ਰਾਂਤ ਦੀ ਹਾਲਤ ਅਤਿ ਗੰਭੀਰ ਹੈ। 

ਪੱਛਮ ਦੀ ਇੱਕ ਕਹਾਵਤ ਅਨੁਸਾਰ ਸਵੇਰ ਤੁਹਾਡੇ ਅੱਗੇ ਮੌਕਿਆਂ ਦੀ ਚੋਗ ਖਿਲਾਰ ਦਿੰਦੀ ਹੈ ਅਤੇ ਹਰ ਸ਼ਾਮ ਪੁੱਛਦੀ ਹੈ ਕਿ ਤੁਸੀਂ ਉਨ੍ਹਾਂ ਮੌਕਿਆਂ ਦਾ ਕੀ ਕੀਤਾ। ਉਸ ਸਵੇਰ ਨੇ ਮੋਬਾਈਲ ਫੋਨ ਅਤੇ ਨਸ਼ਿਆਂ ਦੀ ਭਾਲ ਕਰਦੇ ਗਿਆਰ੍ਹਾਂ ਨੌਜਵਾਨਾਂ ਨੂੰ ਸਾਡੇ ਸਾਹਮਣੇ ਖੜ੍ਹਾ ਕੀਤਾ ਸੀ ਅਤੇ ਦੁਪਹਿਰ ਨੇ ਹੀ ਪੁੱਛ ਲਿਆ ਸੀ ਕਿ ਤੂੰ ਉਨ੍ਹਾਂ ਨੌਜਵਾਨਾਂ ਦਾ ਕੀ ਕੀਤਾ? ਆਥਣ ਵੇਲੇ ਨੇ ਪੱੁਛਿਆ, ਹੇਅਰ ਕਟਿੰਗ ਦੀ ਦੁਕਾਨ ਤੋਂ ਲਿਆਂਦੇ ਚਾਰ ਨੌਜਵਾਨਾਂ ਦਾ ਕੀ ਕੀਤਾ ਗਿਆ? ਨਸ਼ੇ ਦੀ ਤੋੜ ਵਿੱਚ ਭਟਕਦੇ ਕੈਦੀਆਂ ਦਾ ਕੀ ਕੀਤਾ ਜਾਵੇ? ਜੇਲ੍ਹ ਵਿੱਚੋਂ ਅਜਿਹੀਆਂ ਕਈ ਆਵਾਜ਼ਾਂ ਸੁਣਾਈ ਦਿੱਤੀਆਂ। ਰੌਲਾ-ਰੱਪਾ ਪੈ ਰਿਹਾ ਸੀ। ਡੁੱਬਦੇ ਸੂਰਜ ਨੇ ਪੁੱਛਿਆ ਕਿ ਸਮੈਕ ਪੀਣ ਵਾਲੇ ਨੌਜਵਾਨ ਦੀ ਪਤਨੀ ਕਿੱਧਰ ਜਾਵੇ? ਉਸ ਨੌਜਵਾਨ ਦੇ ਮਾਪਿਆਂ ਨੂੰ ਨਹਿਰ ’ਚੋਂ ਕੱਢ ਕੇ ਕਿੱਥੇ ਲਿਜਾਇਆ ਗਿਆ? ਇਨ੍ਹਾਂ ਸਵਾਲਾਂ ’ਚੋਂ ਮੈਂ ਹਾਲੇ ਸੰਭਲਿਆ ਵੀ ਨਹੀਂ ਸਾਂ ਕਿ ਲੱਥਦੇ ਹਨ੍ਹੇਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹਰ ਬੱਤੀ ਨੇ ਪੱੁਛਿਆ ਕਿ ਸ਼ਾਮ ਵੇਲੇ ਨਸ਼ੇ ਦੀ ਭਾਲ ਵਿੱਚ ਭਟਕਦੇ ਚੌਦਾਂ ਗੱਭਰੂਆਂ ਦਾ ਕੀ ਕੀਤਾ ਜਾਵੇ? ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਤੁਹਾਡੀ ਮਦਦ ਹਾਸਲ ਕਰਨ ਲਈ ਹੀ ਇਹ ਲੇਖ ਲਿਖਿਆ ਗਿਆ ਹੈ।Archive

RECENT STORIES

ਡੇਰਾ ਸਿਰਸਾ, ਬਾਦਲ ਤੇ ਸੈਣੀ ਬੇਅਦਬੀਆਂ ਤੇ ਗੋਲੀਕਾਂਡ ਲਈ ਜ਼ਿੰਮੇਵਾਰ- ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਨੇ ਕਿਤਾਬ 'ਚ ਖੋਲ੍ਹੇ ਭੇਦ

Posted on January 19th, 2022

Addressing Unpermitted & Illegal Construction in Surrey

Posted on January 18th, 2022

ਮਜੀਠੀਆ ਅਤੇ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਸਿੱਧੀ ਟੱਕਰ

Posted on January 11th, 2022

ਨਵਾਂ ਸਾਲ ਮੁਬਾਰਕ !

Posted on December 31st, 2021

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਵਿਅਕਤੀ ਬਾਰੇ ਹੁਣ ਤੱਕ ਇਹ ਕੁਝ ਪਤਾ ਲੱਗਾ

Posted on December 20th, 2021

ਪੰਜਾਬ ਦਰਦੀ ਸ਼ੌਕੀਨ ਸਿੰਘ ਚੁੱਪਕੀਤੀ ਦੀ ਸੜਕ ਹਾਦਸੇ 'ਚ ਮੌਤ

Posted on December 16th, 2021

ਸਿੱਖਾਂ, ਤਾਮਿਲਾਂ, ਨਾਗਿਆਂ, ਤ੍ਰਿਪੁਰੀਆਂ, ਕਸ਼ਮੀਰੀਆਂ ਨੇ ਕੀਤੀ ਸਾਂਝੀ ਮੰਗ - ਸਾਰੇ ਰਾਜਨੀਤਕ ਕੈਦੀ ਰਿਹਾਅ ਅਤੇ ਕਾਲ਼ੇ ਕਨੂੰਨ ਰੱਦ ਹੋਣ

Posted on December 13th, 2021

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਵਿਸ਼ੇਸ਼ : ਮਨੁੱਖੀ ਹੱਕਾਂ ਦਾ ਖੋਹਿਆ ਜਾਣਾ ਹੀ ਹੈ ਬਗ਼ਾਵਤ ਦਾ ਪੈਦਾ ਹੋਣਾ

Posted on December 10th, 2021

ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਰੱਦ

Posted on December 7th, 2021

ਖੱਟਰ ਨੂੰ ਮਿਲ ਕੇ ਕੈਪਟਨ ਨੇ ਕੀਤਾ ਦਾਅਵਾ : ਸਹਿਯੋਗੀਆਂ ਦੀ ਮਦਦ ਨਾਲ ਪੰਜਾਬ ਵਿੱਚ ਸਰਕਾਰ ਬਣਾਵਾਂਗੇ

Posted on November 29th, 2021

ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

Posted on November 24th, 2021

ਗਦਰੀਆਂ ਦੀ ਸ਼ਹੀਦੀ ਤੇ ਸਾਂਝੀ ਕਵਿਤਾ ਨਾਲ ਛੇੜ-ਛਾੜ

Posted on November 16th, 2021