Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਦਮਪੁਰਾ ਵਿੱਚ ਚੋਣ ਹਿੰਸਾ : ਜ਼ਿੱਦ ਤੇ ਜਿੱਤ ਦੀ ਲੜਾਈ ਵਿੱਚ ਹਾਰਿਆ ਗ਼ਰੀਬ ਪਰਿਵਾਰ

Posted on May 17th, 2013

<p>ਜਸਪ੍ਰੀਤ ਦੀ ਮਾਂ ਵਿਰਲਾਪ ਕਰਦੀ ਹੋਈ<br></p>


ਬਠਿੰਡਾ- ਕਿਸਾਨ ਚਰਨਜੀਤ ਸਿੰਘ ਦੇ ਘਰ ਦਾ ਚਿਰਾਗ ਬੁੱਝ ਗਿਆ ਹੈ। ਚੋਣ ਹਿੰਸਾ ਦੇ ਸੇਕ ਨੇ ਛੋਟੀ ਕਿਸਾਨੀ ’ਤੇ ਵੱਡਾ ਦੁੱਖ ਸੁੱਟ ਦਿੱਤਾ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜਿੱਤ ਕਿਸੇ ਵੀ ਸਿਆਸੀ ਧਿਰ ਦੀ ਹੋਵੇ ਪਰ ਇਹ ਕਿਸਾਨ ਪਰਿਵਾਰ ਜ਼ਿੰਦਗੀ ਤੋਂ ਹਾਰ ਗਿਆ ਹੈ। ਖੇਤਾਂ ਦੀ ਮਿੱਟੀ ’ਚੋਂ ਤਕਦੀਰ ਵੇਖਣ ਵਾਲਾ ਇਹ ਪਰਿਵਾਰ ਸਿਆਸਤ ਦੇ ਪਿੜ ਵਿੱਚ ਆਪਣਾ ਲਾਲ ਗੁਆ ਬੈਠਾ ਹੈ। ਮਾਂ ਹਰਵਿੰਦਰ ਕੌਰ ਹੁਣ ਕਿੱਥੋਂ ਧਰਵਾਸ ਲੱਭੇ ਜਿਸ ਦਾ ਇਕਲੌਤਾ ਜਵਾਨ ਪੁੱਤ ਘਰੋਂ ਹੱਸਦਾ ਖੇਡਦਾ ਤੁਰਿਆ ਸੀ। ਚੋਣ ਹਿੰਸਾ ਦੇ ਦੂਤ ਨੇ ਇਸ ਮਾਂ ਦੇ ਘਰ ਸੂਰਜ ਡੁੱਬਣ ਤੋਂ ਪਹਿਲਾਂ ਜਵਾਨ ਪੁੱਤ ਦੀ ਲਾਸ਼ ਭੇਜ ਦਿੱਤੀ। ਸਿਆਸੀ ਲੋਕ ਤਾਂ ਇਸ ਨੌਜਵਾਨ ਦੀ ਮੌਤ ’ਚੋਂ ਵੋਟਾਂ ਦੀ ਤਲਾਸ਼ ਕਰਨਗੇ ਪਰ ਇਹ ਪਰਿਵਾਰ ਜੀਵਨ ਭਰ ਸਿਵਿਆਂ ਦੇ ਬੂਹੇ ਵੱਲ ਵੇਖਦਾ ਰਹੇਗਾ। ਜਸਪ੍ਰੀਤ ਜੱਸਾ ਦਾ ਪੋਸਟ ਮਾਰਟਮ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਜਿੱਥੋਂ ਉਸਦੀ ਲਾਸ਼ ਲੈ ਕੇ ਜਾ ਰਹੇ ਪਿੰਡ ਵਾਸੀਆਂ ਤੇ ਸਮਰਥਕਾਂ ਨੇ ਰਾਮਪੁਰਾ ਫੂਲ ਵਿਖੇ ਬਠਿੰਡਾ-ਚੰਡੀਗੜ੍ਹ ਮੁੱਖ ਸੜਕ ’ਤੇ ਲਾਸ਼ ਰੱਖ ਕੇ ਜਾਮ ਲਾ ਕੇ ਹਾਕਮ ਧਿਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕਾਂ ਨੇ ਹਮਲੇ ਨਾਲ ਸਬੰਧਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਬਠਿੰਡਾ ਦੇ ਪਿੰਡ ਆਦਮਪੁਰਾ ਵਿੱਚ ਚੋਣ ਹਿੰਸਾ ਵਿੱਚ ਪਿੰਡ ਸਿਧਾਨਾ ਦਾ ਨੌਜਵਾਨ ਜਸਪ੍ਰੀਤ ਸਿੰਘ ਭੇਟ ਚੜ੍ਹ ਗਿਆ ਹੈ। ਉਸ ਦੀ ਉਮਰ ਤੋਂ ਵੱਧ ਉਸ ਦੇ ਸਰੀਰ ’ਤੇ ਗੋਲੀਆਂ ਦੇ ਨਿਸ਼ਾਨ ਸਨ। ਛਲਣੀ ਹੋਏ ਜਸਪ੍ਰੀਤ ਦੇ ਮਾਪੇ ਹੁਣ ਪੁੱਛਦੇ ਹਨ ਕਿ ਉਸ ਦਾ ਕੀ ਕਸੂਰ ਸੀ। ਪਿੰਡ ਸਿਧਾਨਾ ਦੇ ਹਰ ਘਰ ਵਿੱਚ ਇਸ ਜਵਾਨ ਮੌਤ ਨੇ ਦੁੱਖਾਂ ਦੇ ਦੀਵੇ ਬਾਲ ਦਿੱਤੇ। ਹਰ ਅੱਖ ਨਮ ਹੋ ਗਈ ਤੇ ਹਰ ਗੱਚ ਭਰ ਆਇਆ ਜਦੋਂ ਬਜ਼ੁਰਗ ਬਾਪ ਚਰਨਜੀਤ ਸਿੰਘ ਨੇ ਆਪਣੇ ਜਵਾਨ ਪੁੱਤ ਦੀ ਚਿਖਾ ਨੂੰ ਅੱਗ ਦਿਖਾਈ। ਕਿਸਾਨ ਚਰਨਜੀਤ ਸਿੰਘ ਕੋਲ ਸਿਰਫ਼ ਢਾਈ ਏਕੜ ਜ਼ਮੀਨ ਹੈ ਜਿਸ ਨਾਲ ਉਸ ਨੇ ਆਪਣੇ ਇਕਲੌਤੇ ਪੁੱਤ ਜਸਪ੍ਰੀਤ ਨੂੰ ਜਮ੍ਹਾਂ ਦੋ ਤੱਕ ਦੀ ਪੜ੍ਹਾਈ ਕਰਾਈ। ਜਸਪ੍ਰੀਤ ਦੀ ਇੱਕੋ ਇੱਕ ਮੁਟਿਆਰ ਭੈਣ ਸਿਮਰਜੀਤ ਕੌਰ ਲਈ ਸਦਾ ਲਈ ਇਹ ਜਹਾਨ ਖ਼ਾਲੀ ਹੋ ਗਿਆ ਹੈ। ਹਰ ਰੱਖੜੀ ਦੇ ਦਿਨ ਇਸ ਭੈਣ ਨੂੰ ਹੌਲ ਪੈਣਗੇ। ਉਸ ਨੂੰ ਭਰਾ ਦੇ ਪਰਤਣ ਦਾ ਝਉਲਾ ਪਏਗਾ। ਹੁਣ ਦੋ ਦਿਨਾਂ ਤੋਂ ਮਾਂ ਤੇ ਭੈਣ ਨੂੰ ਦੌਰੇ ਪੈ ਰਹੇ ਹਨ ਤੇ ਬਾਪ ਸੱੁਧ ਬੁੱਧ ਵਿੱਚ ਨਹੀਂ। 21 ਵਰ੍ਹਿਆਂ ਦਾ ਜਸਪ੍ਰੀਤ ਸਿੰਘ ਫੁੱਟਬਾਲ ਤੇ ਕਬੱਡੀ ਦਾ ਖਿਡਾਰੀ ਸੀ।


ਪੀਪਲਜ਼ ਪਾਰਟੀ ਦੇ ਆਗੂ ਲੱਖਾ ਸਧਾਣਾ ਨਾਲ ਉਸ ਦੀ ਇਕੋ ਸਾਂਝ ਖੇਡਾਂ ਦੀ ਸੀ। ਖੇਡ ਹੀ ਉਸ ਨੂੰ ਲੱਖਾ ਸਧਾਣਾ ਦੇ ਨਜ਼ਦੀਕ ਲੈ ਆਈ। ਜਸਪ੍ਰੀਤ ਸਿੰਘ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਉਹ ਫੌਜੀ ਭਰਤੀ ਲਈ ਤਿਆਰੀ ਵਿੱਚ ਜੁਟਿਆ ਹੋਇਆ ਸੀ। ਉਹ ਦੇਸ਼ ਦੀ ਸੇਵਾ ਦਾ ਜਜ਼ਬਾ ਰੱਖਦਾ ਸੀ ਜਿਸ ਕਰਕੇ ਉਹ ਪਿੰਡ ਦੇ ਜਿੰਮ ਵਿੱਚ ਖੁਦ ਵੀ ਤਿਆਰੀ ਕਰ ਰਿਹਾ ਸੀ ਤੇ ਹੋਰਾਂ ਨੌਜਵਾਨਾਂ ਨੂੰ ਵੀ ਪ੍ਰੇਰਦਾ ਸੀ। ਦੇਸ਼ ਦੀ ਸੇਵਾ ਲਈ ਘਰੋਂ ਤੁਰਨ ਤੋਂ ਪਹਿਲਾਂ ਹੀ ਉਹ ਜਹਾਨੋਂ ਤੁਰ ਗਿਆ ਹੈ। ਚਾਚੇ ਬੇਅੰਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਤੇ ਉਹ ਖੇਡਾਂ ਵਿੱਚ ਦਿਨ ਰਾਤ ਮਿਹਨਤ ਕਰ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਸਿਆਸੀ ਖੇਡ ਨੇ ਮਾਪਿਆਂ ਦੇ ਹੱਥ ਖਾਲੀ ਕਰ ਦਿੱਤੇ ਹਨ।


ਜਸਪ੍ਰੀਤ ਦੀ ਛੋਟੀ ਭੈਣ ਸਿਮਰਜੀਤ ਕੌਰ ਨੇ ਹੁਣੇ ਹੀ ਮੈਟ੍ਰਿਕ ਕੀਤੀ ਹੈ। ਮਾਂ ਤੇ ਭੈਣ ਦਾ ਦੁੱਖ ਵੇਖਿਆ ਨਹੀਂ ਜਾ ਰਿਹਾ। ਪੰਚਾਇਤ ਮੈਂਬਰ ਰਾਜ ਸਿੰਘ ਦਾ ਕਹਿਣਾ ਸੀ ਕਿ ਇਸ ਪਰਿਵਾਰ ਵੱਲੋਂ ਕਦੇ ਵੀ ਸਿਆਸਤ ਵਿੱਚ ਹਿੱਸਾ ਨਹੀਂ ਲਿਆ ਗਿਆ ਤੇ ਇਹ ਪਰਿਵਾਰ ਤਾਂ ਖੇਤੀ ਕਰਕੇ ਆਪਣਾ ਜੀਵਨ ਬਸਰ ਕਰਨ ਤੱਕ ਸੀਮਤ ਸੀ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਖੇਡਾਂ ਦਾ ਸ਼ੌਕੀਨ ਸੀ ਜਿਸ ਕਰਕੇ ਉਹ ਲੱਖਾ ਸਧਾਣਾ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਆਖਿਆ ਕਿ ਜਸਪ੍ਰੀਤ ਦੀ ਮੌਤ ਨਾਲ ਪੂਰਾ ਪਿੰਡ ਕੰਬਿਆ ਹੈ।


ਪਿੰਡ ਸਿਧਾਨਾ ਦੇ ਸ਼ਮਸ਼ਾਨਘਾਟ ਵਿੱਚ ਜਸਪ੍ਰੀਤ ਸਿੰਘ ਦੇ ਸਸਕਾਰ ਮੌਕੇ ਸਿਆਸੀ ਧਿਰਾਂ ਦੇ ਆਗੂ ਵੀ ਪੁੱਜੇ ਹੋਏ ਸਨ। ਇਨ੍ਹਾਂ ਆਗੂਆਂ ਨੇ ਮਾਪਿਆਂ ਨਾਲ ਦੁੱਖ ਵੰਡਾਇਆ ਤੇ ਹੌਸਲਾ ਦਿੱਤਾ। ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ,ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਅਜਾਇਬ ਸਿੰਘ ਭੱਟੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਤੇ ਕਿਸਾਨ ਧਿਰਾਂ ਦੇ ਆਗੂ ਵੀ ਸਸਕਾਰ ਮੌਕੇ ਹਾਜ਼ਰ ਸਨ। ਪਿੰਡ ਸਿਧਾਨਾ ਸੋਗ ਵਿੱਚ ਡੁੱਬਾ ਹੋਇਆ ਸੀ। ਜਵਾਨ ਪੁੱਤ ਦੀ ਮੌਤ ਨੇ ਪਿੰਡ ਦੇ ਹਰ ਨਿਆਣੇ ਸਿਆਣੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਸਿਆਸੀ ਕਤਾਰਾਂ ’ਚੋਂ ਬਾਹਰ ਨਿਕਲ ਕੇ ਲੋਕਾਂ ਨੇ ਪਿੰਡ ਦੇ ਇੱਕ ਜਵਾਨ ਜੀਅ ਦੇ ਚਲੇ ਜਾਣ ਦਾ ਦੁੱਖ ਮਨਾਇਆ ਹੈ। ਜਦੋਂ ਜਸਪ੍ਰੀਤ ਦਾ ਸਸਕਾਰ ਹੋਇਆ ਤਾਂ ਉਦੋਂ ਪਿੰਡ ਦੇ ਹਰ ਘਰ ਦਾ ਜੀਅ ਉਸ ਦੇ ਆਖਰੀ ਸਫ਼ਰ ਵਿੱਚ ਸ਼ਾਮਲ ਸੀ।



Archive

RECENT STORIES

ਡੇਰਾ ਸਿਰਸਾ, ਬਾਦਲ ਤੇ ਸੈਣੀ ਬੇਅਦਬੀਆਂ ਤੇ ਗੋਲੀਕਾਂਡ ਲਈ ਜ਼ਿੰਮੇਵਾਰ- ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਨੇ ਕਿਤਾਬ 'ਚ ਖੋਲ੍ਹੇ ਭੇਦ

Posted on January 19th, 2022

Addressing Unpermitted & Illegal Construction in Surrey

Posted on January 18th, 2022

ਮਜੀਠੀਆ ਅਤੇ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਸਿੱਧੀ ਟੱਕਰ

Posted on January 11th, 2022

ਨਵਾਂ ਸਾਲ ਮੁਬਾਰਕ !

Posted on December 31st, 2021

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਵਿਅਕਤੀ ਬਾਰੇ ਹੁਣ ਤੱਕ ਇਹ ਕੁਝ ਪਤਾ ਲੱਗਾ

Posted on December 20th, 2021

ਪੰਜਾਬ ਦਰਦੀ ਸ਼ੌਕੀਨ ਸਿੰਘ ਚੁੱਪਕੀਤੀ ਦੀ ਸੜਕ ਹਾਦਸੇ 'ਚ ਮੌਤ

Posted on December 16th, 2021

ਸਿੱਖਾਂ, ਤਾਮਿਲਾਂ, ਨਾਗਿਆਂ, ਤ੍ਰਿਪੁਰੀਆਂ, ਕਸ਼ਮੀਰੀਆਂ ਨੇ ਕੀਤੀ ਸਾਂਝੀ ਮੰਗ - ਸਾਰੇ ਰਾਜਨੀਤਕ ਕੈਦੀ ਰਿਹਾਅ ਅਤੇ ਕਾਲ਼ੇ ਕਨੂੰਨ ਰੱਦ ਹੋਣ

Posted on December 13th, 2021

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਵਿਸ਼ੇਸ਼ : ਮਨੁੱਖੀ ਹੱਕਾਂ ਦਾ ਖੋਹਿਆ ਜਾਣਾ ਹੀ ਹੈ ਬਗ਼ਾਵਤ ਦਾ ਪੈਦਾ ਹੋਣਾ

Posted on December 10th, 2021

ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਰੱਦ

Posted on December 7th, 2021

ਖੱਟਰ ਨੂੰ ਮਿਲ ਕੇ ਕੈਪਟਨ ਨੇ ਕੀਤਾ ਦਾਅਵਾ : ਸਹਿਯੋਗੀਆਂ ਦੀ ਮਦਦ ਨਾਲ ਪੰਜਾਬ ਵਿੱਚ ਸਰਕਾਰ ਬਣਾਵਾਂਗੇ

Posted on November 29th, 2021

ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

Posted on November 24th, 2021

ਗਦਰੀਆਂ ਦੀ ਸ਼ਹੀਦੀ ਤੇ ਸਾਂਝੀ ਕਵਿਤਾ ਨਾਲ ਛੇੜ-ਛਾੜ

Posted on November 16th, 2021