Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ 'ਚ ਸਾਈਕਲ ਸਵਾਰਾਂ ਨੂੰ ਹਾਦਸਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ

Posted on May 22nd, 2013

ਸਰੀ, 22 ਮਈ (ਗੁਰਪ੍ਰੀਤ ਸਿੰਘ ਸਹੋਤਾ)- ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਕੈਨੇਡਾ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸਾਈਕਲ ਚਲਾਉਣਾ ਪਸੰਦ ਕਰਦੇ ਹਨ | ਬਹੁਤਿਆਂ ਲਈ ਇਹ ਮਨੋਰੰਜਨ ਦੇ ਨਾਲ-ਨਾਲ ਇੱਕ ਸਰੀਰਕ ਵਰਜਿਸ਼ ਵੀ ਹੈ ਪਰ ਹਰ ਸਾਲ ਕੈਨੇਡਾ 'ਚ ਦਰਜਨਾਂ ਸਾਈਕਲ ਸਵਾਰ ਹਾਦਸਿਆਂ 'ਚ ਮਾਰੇ ਜਾਂਦੇ ਹਨ ਤੇ ਸੈਂਕੜੇ ਜ਼ਖ਼ਮੀ ਹੋ ਜਾਂਦੇ ਹਨ | ਕੈਨੇਡਾ ਦੀਆਂ ਵੱਡੀਆਂ ਬੀਮਾ ਕੰਪਨੀਆਂ ਨੇ ਮੁਲਕ ਭਰ ਦੇ ਸਾਈਕਲ ਸਵਾਰਾਂ ਨੂੰ ਚੇਤੰਨ ਕਰਦਿਆਂ ਸਲਾਹ ਦਿੱਤੀ ਹੈ ਕਿ ਉਹ ਸਾਈਕਲ ਦੀ ਸਵਾਰੀ ਕਰਦਿਆਂ ਆਪਣਾ ਖਾਸ ਖਿਆਲ ਰੱਖਣ | ਜੇਕਰ ਬੱਚੇ ਬਾਹਰ ਸੜਕ 'ਤੇ ਸਾਈਕਲ ਚਲਾ ਰਹੇ ਹਨ ਤਾਂ ਉਨ੍ਹਾਂ ਦਾ ਕਿਸੇ ਬਾਲਗ ਵਲੋਂ ਉਚੇਚਾ ਖਿਆਲ ਰੱਖਿਆ ਜਾਵੇ |

'ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬੀ. ਸੀ.' ਵਲੋਂ ਜਾਰੀ ਅੰਕੜਿਆਂ ਅਨੁਸਾਰ ਇਕੱਲੇ ਗ੍ਰੇਟਰ ਵੈਨਕੂਵਰ ਇਲਾਕੇ 'ਚ ਹੀ ਹਰ ਸਾਲ 600 ਦੇ ਕਰੀਬ ਸਾਈਕਲ ਸਵਾਰ ਹਾਦਸਿਆਂ 'ਚ ਜ਼ਖ਼ਮੀ ਹੁੰਦੇ ਹਨ ਜਦਕਿ ਔਸਤਨ 4 ਦੇ ਕਰੀਬ ਮਾਰੇ ਜਾਂਦੇ ਹਨ | 

ਦੱਸਣਯੋਗ ਹੈ ਕਿ ਸਥਾਨਕ ਪੰਜਾਬੀ ਵੀ ਵੱਡੀ ਪੱਧਰ 'ਤੇ ਰੋਜ਼ਾਨਾ ਸਾਈਕਲ ਦੀ ਵਰਤੋਂ ਕਰਦੇ ਹਨ | ਬੱਚਿਆਂ ਤੋਂ ਇਲਾਵਾ ਪੰਜਾਬ ਤੋਂ ਆਏ ਬਹੁਤ ਸਾਰੇ ਬਜ਼ੁਰਗ ਸਾਈਕਲ 'ਤੇ ਹੀ ਬਾਹਰ ਜਾਂਦੇ ਹਨ | ਸਥਾਨਕ ਗਰੌਸਰੀ ਸਟੋਰਾਂ 'ਤੇ ਪੰਜਾਬ ਤੋਂ ਮੰਗਵਾਏ ਸਾਈਕਲ ਵੀ ਮਿਲ ਜਾਂਦੇ ਹਨ | ਬਹੁਤ ਸਾਰੇ ਕੰਮ-ਕਾਜੀ ਲੋਕ ਵੀ ਸਾਫ-ਸੁਥਰੇ ਮੌਸਮ 'ਚ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਲਈ ਸਾਈਕਲ ਦੀ ਵਰਤੋਂ ਕਰਦੇ ਹਨ | ਵੈਨਕੂਵਰ ਤੇ ਟੋਰਾਂਟੋ ਡਾਊਨਟਾਊਨ 'ਚ ਕੰਮ ਕਰਦੇ ਲੋਕ, ਜੋ ਨਜ਼ਦੀਕ ਹੀ ਰਹਿੰਦੇ ਹਨ, ਕਾਰ, ਉਸਦੀ ਮਹਿੰਗੀ ਪਾਰਕਿੰਗ ਤੇ ਪੈਟਰੌਲ ਦਾ ਖਰਚਾ ਬਚਾਉਣ ਲਈ ਸਾਈਕਲ ਰੱਖਣ ਨੂੰ ਤਰਜੀਹ ਦਿੰਦੇ ਹਨ | 

ਪੰਜਾਬ ਦੇ ਬਹੁਤੇ ਪਾਠਕਾਂ ਲਈ ਸ਼ਾਇਦ ਇਹ ਗੱਲ ਅਚੰਭੇ ਵਾਲੀ ਹੋਵੇਗੀ ਕਿ ਕੈਨੇਡਾ ਦੇ ਸੂਬੇ ਉਂਟਾਰੀਓ ਦੇ ਅੰਮਿ੍ਤਧਾਰੀ ਸਿੱਖ ਵਿਧਾਇਕ ਸ. ਜਗਮੀਤ ਸਿੰਘ ਵਿਧਾਨ ਸਭਾ 'ਚ ਜਾਣ ਲਈ ਜਾਂ ਹੋਰ ਕਾਰਜਾਂ ਲਈ ਅਕਸਰ ਸਾਈਕਲ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ | 'ਸਿਟੀ ਆਫ ਵੈਨਕੂਵਰ' ਵਲੋਂ ਸਾਈਕਲ ਸਵਾਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ | ਵੈਨਕੂਵਰ ਡਾਊਨਟਾਊਨ 'ਚ ਕਈ ਸੜਕਾਂ 'ਤੇ ਸਾਈਕਲ ਸਵਾਰਾਂ ਲਈ ਉਚੇਚੀਆਂ 'ਬਾਈਕ ਲੇਨਜ਼' ਬਣਾਈਆਂ ਗਈਆਂ ਹਨ ਤਾਂ ਕਿ ਉਹ ਬਿਨਾਂ ਕਿਸੇ ਡਰ ਦੇ ਸੁਰੱਖਿਅਤ ਹੋ ਕੇ ਸਾਈਕਲ ਚਲਾ ਸਕਣ |



Archive

RECENT STORIES