Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਬਰ ਦਲੀਪ ਸਿੰਘ ਧਾਮੀਆਂ

Posted on February 27th, 2017


- ਵਾਸਦੇਵ ਸਿੰਘ ਪਰਹਾਰ ਫੋਨ 

206-434-1155

ਪਿੰਡ ਧਾਮੀਆਂ ਕਲਾਂ, ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਨਮੇ ਬੱਬਰ ਦਲੀਪ ਸਿੰਘ ਅਤੇ ਕਈ ਹੋਰ ਬੱਬਰਾਂ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਅਹਿਮ ਰੋਲ ਅਦਾ ਕੀਤਾ। ਪਿੰਡ ਧਾਮੀਆਂ ਕਲਾਂ ਕਸਬਾ ਸ਼ਾਮ ਚੌਰਾਸੀ ਤੋਂ ਹਰਿਆਣੇ ਨੂੰ ਜਾਣ ਵਾਲੀ ਸੜਕ 'ਤੇ ਦੋ ਕੁ ਮੀਲ 'ਤੇ ਉੱਤਰ ਵਾਲੇ ਪਾਸੇ ਹੈ। ਇਸ ਪਿੰਡ ਦੀ ਮੋਹੜੀ ਇੱਕ ਧਾਮੀ ਗੋਤ ਦੇ ਜੱਟ ਨੇ ਪਿੰਡ ਪਿੱਪਲਾਂਵਾਲਾ, ਜੋ ਹੁਸ਼ਿਆਰਪੁਰ ਤੋਂ ਜਲੰਧਰ ਜਾਣ ਵਾਲੀ ਸੜਕ 'ਤੇ ਹੈ, ਤੋਂ ਆ ਕੇ ਗੱਡੀ ਸੀ। ਇਸ ਇਲਾਕੇ ਵਿੱਚ ਧਾਮੀ ਗੋਤ ਦੇ ਹੋਰ ਵੀ ਕਈ ਪਿੰਡ ਹਨ। 

ਬੱਬਰ ਦਲੀਪ ਸਿੰਘ ਉਰਫ ਦਲੀਪਾ ਦੇ ਪਿਤਾ ਦਾ ਨਾਮ ਲਾਭ ਸਿੰਘ ਸੀ। ਇਸੇ ਪਿੰਡ ਦੇ ਇਸੇ ਨਾਮ ਦੇ ਇੱਕ ਹੋਰ ਬੱਬਰ ਬਾਬੂ ਦਲੀਪ ਸਿੰਘ ਵਲਦ ਈਸ਼ਰ ਸਿੰਘ ਅਤੇ ਪਿਆਰਾ ਸਿੰਘ ਵਲਦ ਪੂਰਨ ਸਿੰਘ ਸਨ। ਇਨ੍ਹਾਂ ਦੋਹਾਂ ਨੂੰ ਕਾਲ਼ੇ ਪਾਣੀ ਅਤੇ ਉਮਰ ਕੈਦ ਦੀ ਸਜ਼ਾ ਹੋਈ ਸੀ। ਬੱਬਰ ਦਲੀਪੇ ਨੂੰ ਬਾਕੀ ਬੱਬਰ ਭੁਜੰਗੀ ਆਖ ਕੇ ਬੁਲਾਉਂਦੇ ਸਨ ਕਿਉਂਕਿ ਬੱਬਰ ਲਹਿਰ ਵਿੱਚ ਸ਼ਾਮਲ ਹੋਣ ਸਮੇਂ ਉਹ ਸੋਲਾਂ ਕੁ ਸਾਲ ਦਾ ਸੀ ਅਤੇ ਫਾਂਸੀ ਲੱਗਣ ਸਮੇਂ ਕੇਵਲ 18 ਸਾਲ ਦਾ ਸੀ। ਫਾਂਸੀ ਲੱਗਣ ਵਾਲੇ ਕੈਦੀਆਂ ਦਾ ਫਾਂਸੀ ਲੱਗਣ ਦੀ ਤਾਰੀਖ ਤੋਂ ਦੋ ਕੁ ਹਫਤੇ ਪਹਿਲਾਂ ਹਰ ਰੋਜ਼ ਭਾਲ ਤੋਲਿਆ ਜਾਂਦਾ ਸੀ। ਉਸ ਦੇ ਨਾਲ ਫਾਂਸੀ ਲੱਗਣ ਵਾਲਿਆਂ ਦਾ ਭਾਰ ਤਾਂ ਘਟਿਆ ਪਰ ਦਲੀਪੇ ਦਾ ਭਾਰ ਵਧ ਗਿਆ। ਜੇਲ੍ਹਰ ਨੇ ਕਾਰਨ ਪੁੱਛਿਆ ਤਾਂ ਉਸ ਦਾ ਉੱਤਰ ਸੀ ਕਿ ਮੈਨੂੰ ਖੁਸ਼ੀ ਹੈ ਕਿ ਜਿਸ ਕਾਰਜ ਲਈ ਅਕਾਲਪੁਰਖ ਨੇ ਮੈਨੂੰ ਇਸ ਜਹਾਨ ਵਿੱਚ ਭੇਜਿਆ ਸੀ, ਉਹ ਮੈਂ ਪੂਰਾ ਕਰ ਚੱਲਿਆ ਹਾਂ। 

ਬੱਬਰ ਪਿਆਰਾ ਸਿੰਘ ਜੋ ਸੰਨ 1986 ਤੱਕ ਜਿਊਂਦਾ ਸੀ, ਨੇ ਡਾ. ਬਖਸ਼ੀਸ਼ ਸਿੰਘ ਨਿੱਝਰ ਹੁਰਾਂ ਨੂੰ ਬੱਬਰ ਦਲੀਪੇ ਬਾਰੇ ਦੱਸਿਆ ਕਿ ਉਹ ਬਹੁਤ ਫੁਰਤੀਲਾ ਅਤੇ ਹੌਂਸਲੇ ਵਾਲਾ ਸੀ। ਚੜ੍ਹਦੀ ਉਮਰੇ ਜਲੰਧਰ ਛਾਉਣੀ ਦੇ ਬਜ਼ਾਰ ਵਿੱਚ ਘੋੜੀ 'ਤੇ ਸਵਾਰ ਇੱਕ ਪੁਲਿਸ ਦੇ ਸਿਪਾਹੀ ਨੂੰ ਧੂਹ ਕੇ ਹੇਠਾਂ ਸੁੱਟ ਕੇ ਉਸ ਦੀ ਰਾਈਫਲ ਅਤੇ ਘੋੜੀ ਭਜਾ ਕੇ ਲੈ ਗਿਆ ਸੀ। ਇਸ ਦਲੇਰਾਨਾ ਵਾਰਦਾਤ ਦੀ ਸ਼ਲਾਘਾ ਸ਼ਹੀਦੇ ਆਜ਼ਮ ਸ. ਭਗਤ ਸਿੰਘ ਨੇ ਆਪਣੇ ਗੁਪਤਵਾਸ ਦੇ ਸਮੇਂ ਯੂ. ਪੀ. ਤੋਂ ਛਪਦੇ ਇੱਕ ਮੈਗਜ਼ੀਨ ਵਿੱਚ ਆਪਣੇ ਫਰਜ਼ੀ ਨਾਮ ਹੇਠ ਲਿਖੀ ਸੀ। ਸੰਨ 1923 ਵਿੱਚ ਬੱਬਰਾਂ ਨੇ ਅੰਗਰੇਜ਼ ਸਰਕਾਰ ਦੀ ਸਰਕਾਰੀ ਮਸ਼ੀਨਰੀ ਦੇ ਪੁਰਜ਼ੇ ਖਤਮ ਕਰਕੇ ਇੰਗਲੈਂਡ ਦੀ ਪਾਰਲੀਮੈਂਟ ਨੂੰ ਵੀ ਫਿਕਰਾਂ ਵਿੱਚ ਪਾ ਦਿੱਤਾ ਸੀ। ਬੱਬਰ ਦਲੀਪਾ ਚੋਟੀ ਦੇ ਬੱਬਰਾਂ -ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਧੰਨਾ ਸਿੰਘ ਬਹਿਬਲਪੁਰ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਸੰਤਾ ਸਿੰਘ ਛੋਟੀ ਹਰਿਉਂ ਆਦਿ ਦੇ ਬਹੁਤ ਨੇੜੇ ਸੀ। ਉਸ ਨੇ ਹੇਠ ਲਿਖੀਆਂ ਵਾਰਦਾਤਾਂ ਵਿੱਚ ਹਿੱਸਾ ਲਿਆ - 

1. ਨੰਗਲਸ਼ਾਮਾ ਦੇ ਨੰਬਰਦਾਰ ਬੂਟਾ ਸਿੰਘ ਅਤੇ ਉਸ ਦੇ 14 ਸਾਲਾ ਪੋਤਰੇ ਸੁਰਜਣ ਸਿੰਘ ਦਾ 12 ਮਾਰਚ, 1923 ਨੂੰ ਕਤਲ।

2. ਮਿਤੀ 14,15 ਅਤੇ 23 ਮਾਰਚ, 1923 ਨੂੰ ਲਾਭ ਸਿੰਘ, ਢੱਡੇ ਫਤੇਹ ਸਿੰਘ ਦੇ ਕਤਲ ਦੀਆਂ ਤਿੰਨੇ ਕੋਸ਼ਿਸ਼ਾਂ ਵਿੱਚ ਹਿੱਸਾ ਲੈਣਾ। 

3. ਮਿਤੀ 19 ਮਾਰਚ, 1913 ਨੂੰ ਗੜ੍ਹਸ਼ੰਕਰ ਲਾਗੇ ਮਿਸਤਰੀ ਲਾਭ ਸਿੰਘ ਪੁਲਿਸ ਮੁਖਬਰ ਦਾ ਕਤਲ ਕਰਨਾ।

4. ਮਿਤੀ 19 ਮਾਰਚ, 1923 ਨੂੰ ਬਹਿਬਲਪੁਰ ਦੇ ਸਫੈਦਪੋਸ਼ ਹਜ਼ਾਰਾ ਸਿੰਘ ਦਾ ਕਤਲ। 

5. 21 ਮਾਰਚ, 1923 ਨੂੰ ਕੌਲ਼ਗੜ ਦੇ ਰਲ਼ਾ ਅਤੇ ਦਿੱਤੂ ਨੰਬਰਦਾਰ ਦਾ ਕਤਲ।

6. ਮਈ 1913 ਵਿੱਚ ਪਿੰਡ ਰੰਧਾਵਾ ਬਰੋਡਾ ਦੇ ਸੂਬੇਦਾਰ ਸੁੰਦਰ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼।

7. 6 ਜੂਨ, 1923 ਨੂੰ ਪਿੰਡ ਨੰਦਾਚੌਰ ਦੇ ਪਟਵਾਰੀ ਅਤਾ ਮੁਹੰਮਦ ਦਾ ਕਤਲ। 

31 ਅਗਸਤ, 1923 ਨੂੰ ਪਿੰਡ ਬੰਬੇਲੀ ਦੇ ਸਾਕੇ ਵਿੱਚ ਬੱਬਰ ਧੰਨਾ ਸਿੰਘ ਦੀ ਸਿਆਣਪ ਕਰਕੇ ਇਹ ਦੋਨੋਂ ਬਚ ਗਏ ਜਦੋਂ ਇਨ੍ਹਾਂ ਨੇ ਬੱਬਰ ਕਰਮ ਸਿੰਘ ਦੌਲਤਪੁਰ ਦੇ ਨਾਲ ਜਾਣੋਂ ਨਾਂਹ ਕੀਤੀ। ਸਰਕਾਰ ਨੇ ਭਗੌੜੇ ਬੱਬਰਾਂ ਨੂੰ ਗ੍ਰਿਫਤਾਰ ਕਰਵਾਉਣ ਵਾਲਿਆਂ ਨੂੰ ਭਾਰੀ ਰਕਮਾਂ ਅਤੇ ਬਾਰ ਵਿੱਚ ਜ਼ਮੀਨ ਦੇ ਮੁਰੱਬੇ ਇਨਾਮ ਦੇਣ ਦੇ ਇਸ਼ਤਿਹਾਰ ਪਿੰਡਾਂ ਦੀਆਂ ਕੰਧਾਂ 'ਤੇ ਲਾਏ ਹੋਏ ਸਨ। ਬੱਬਰ ਧੰਨਾ ਸਿੰਘ ਬਹਿਬਲਪੁਰ ਅਤੇ ਦਲੀਪਾ ਧਾਮੀਆਂ ਦੋਵੇਂ ਇਕੱਠੇ ਹੀ ਲੁਕ-ਛਿਪ ਕੇ ਰਹਿੰਦੇ ਸਨ। ਇਹ ਦੋਨੋਂ ਮਹਾਂਗਦਾਰ ਬੇਲਾ ਸਿੰਘ ਦੇ ਭਰਾ ਜੁਆਲਾ ਸਿੰਘ ਕੋਲ ਗਏ ਤਾਂ ਉਸ ਮਿੱਠ ਬੋਲੜੇ ਗਦਾਰ ਨੇ ਦਲੀਪੇ ਨੂੰ ਪੁੱਤ-ਪੁੱਤ ਆਖ ਕੇ ਬੁਲਾਉਣਾ। ਇੱਕ ਦਿਨ ਉਹ ਧੰਨਾ ਸਿੰਘ ਬਹਿਬਲਪੁਰ ਨੂੰ ਕਹਿਣ ਲੱਗਾ ਕਿ ਦਲੀਪਾ ਅਜੇ ਨਿਆਣਾ ਹੈ, ਇਧਰ ਦੁਆਬੇ ਵਿੱਚ ਪੁਲਿਸ ਤੁਹਾਡੀ ਪੈੜ ਸੁੰਘਦੀ ਫਿਰਦੀ ਏ, ਤੇ ਜੇਕਰ ਦਲੀਪੇ ਨੂੰ ਤੂੰ ਬਾਰ ਵਿੱਚ ਸਾਡੀ ਜ਼ਮੀਨ 'ਤੇ ਭੇਜ ਦੇਵੇਂ ਤਾਂ ਉੱਥੇ ਇਹ ਬਚਿਆ ਰਹੂ। ਉਹ ਦੋਨੋਂ ਮੰਨ ਗਏ। 

ਐਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਬਿਆਨ ਦਿੰਦਿਆਂ ਜੁਆਲਾ ਸਿੰਘ ਨੇ ਆਖਿਆ, ''31 ਅਕਤੂਬਰ, 1924 ਨੂੰ ਮੈਂ ਅਤੇ ਦਲੀਪਾ ਪਿੰਡ ਜਿਆਣ ਤੋਂ ਇੱਕ ਗੱਡੇ 'ਤੇ ਬੈਠ ਕੇ ਬਾਰ ਨੂੰ ਤੁਰ ਪਏ ਅਤੇ ਥਾਂ-ਥਾਂ ਰੁਕਦੇ 14 ਦਿਨਾਂ ਬਾਅਦ ਚੱਕ ਨੰਬਰ 96 ਤਹਿਸੀਲ ਖਾਨੇਵਾਲ ਜ਼ਿਲ੍ਹਾ ਮੁਲਤਾਨ ਪੁੱਜੇ। 15 ਕੁ ਦਿਨਾਂ ਬਾਅਦ ਉਸ ਨੇ ਭਤੀਜੇ ਰਾਹੀਂ ਆਪਣੇ ਭਰਾ ਬੇਲਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਮਾਹਲਪੁਰ ਦੇ ਥਾਣੇਦਾਰ ਗੁਲਜ਼ਾਰ ਸਿੰਘ ਨੂੰ ਭੇਜ ਦੇਵੇ। ਥਾਣੇਦਾਰ ਪੰਜ ਛੇ ਦਿਨਾਂ ਬਾਅਦ ਮੀਆਂ ਚੰਨੂ ਕਸਬੇ ਪਹੁੰਚ ਗਿਆ ਅਤੇ ਉਸ ਨੇ ਹਮੀਰ ਸਿੰਘ ਕਾਂਸਟੇਬਲ ਰਾਹੀਂ ਜੁਆਲਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਦਲੀਪੇ ਨੂੰ ਲੈ ਕੇ ਰੇਲੀ ਝੀਰ ਦੀ ਚਾਹ ਦੀ ਦੁਕਾਨ 'ਤੇ ਆ ਜਾਵੇ। 

ਤੈਅ ਕੀਤੇ ਅਨੁਸਾਰ ਜਦੋਂ ਜੁਆਲਾ ਸਿੰਘ ਅਤੇ ਦਲੀਪਾ ਰੇਲੀ ਝੀਰ ਦੀ ਦੁਕਾਨ 'ਤੇ ਖਾਣਾ ਖਾ ਰਹੇ ਸਨ, ਥਾਣੇਦਾਰ ਗੁਲਜ਼ਾਰ ਸਿੰਘ ਨੇ ਹੱਥਕੜੀਆਂ ਲਾ ਲਈਆਂ ਅਤੇ ਦੋਨਾਂ ਨੂੰ ਮੁਲਤਾਨ ਜੇਲ੍ਹ ਭੇਜ ਦਿੱਤਾ। ਦਲੀਪੇ ਨੂੰ ਕੋਠੀ ਬੰਦ ਕਰਕੇ ਜੁਆਲਾ ਸਿੰਘ ਨੂੰ ਛੱਡ ਦਿੱਤਾ ਗਿਆ। ਪਿੰਡ ਜਿਆਣ ਆ ਕੇ ਬੱਬਰ ਧੰਨਾ ਸਿੰਘ ਜਦੋਂ ਜੁਆਲਾ ਸਿੰਘ ਕੋਲੋਂ ਦਲੀਪੇ ਦੀ ਰਾਜੀ-ਖੁਸ਼ੀ ਪੁੱਛਣ ਆਇਆ ਤਾਂ ਉਸ ਨੇ ਕਿਹਾ ਕਿ ਉਹ ਠੀਕ-ਠਾਕ ਹੈ ਤੇ ਆਖਦਾ ਸੀ ਕਿ ਤੂੰ ਵੀ ਉਸ ਕੋਲ ਆ ਜਾਹ। ਅਦਾਲਤ ਵਿੱਚ ਦਲੀਪੇ ਨੇ ਕੋਈ ਬਿਆਨ ਦੇਣ ਤੋਂ ਇਨਕਾਰ ਕੀਤਾ। 

ਆਖਰ ਪੰਜ ਹੋਰ ਬੱਬਰਾਂ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਨੰਦ ਸਿੰਘ ਘੁੜਿਆਲ, ਬਾਬੂ ਬੰਤਾ ਸਿੰਘ ਅਤੇ ਧਰਮ ਸਿੰਘ ਹਿਆਤਪੁਰ ਰੁੜਕੀ ਨਾਲ 27 ਫਰਵਰੀ, 1926 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਲੱਗ ਕੇ ਆਪਣਾ ਨਾਮ ਅਮਰ ਕਰ ਗਿਆ। 



Archive

RECENT STORIES

ਦਾ ਸਹੋਤਾ ਸ਼ੋਅ 26 ਅਪ੍ਰੈਲ 2024

Posted on April 26th, 2024

ਦਾ ਸਹੋਤਾ ਸ਼ੋਅ 25 ਅਪ੍ਰੈਲ 2024

Posted on April 25th, 2024

ਖਾਲਸਾ ਦਿਹਾੜੇ 'ਤੇ ਨਗਰ ਕੀਰਤਨ ਮੌਕੇ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨਾਲ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ

Posted on April 25th, 2024

ਦਾ ਸਹੋਤਾ ਸ਼ੋਅ 24 ਅਪ੍ਰੈਲ 2024

Posted on April 24th, 2024

ਦਾ ਸਹੋਤਾ ਸ਼ੋਅ 23 ਅਪ੍ਰੈਲ 2024

Posted on April 23rd, 2024

ਦਾ ਸਹੋਤਾ ਸ਼ੋਅ 12 ਅਪ੍ਰੈਲ 2024

Posted on April 12th, 2024

ਦਾ ਸਹੋਤਾ ਸ਼ੋਅ 11 ਅਪ੍ਰੈਲ 2024

Posted on April 11th, 2024

ਦਾ ਸਹੋਤਾ ਸ਼ੋਅ 10 ਅਪ੍ਰੈਲ 2024

Posted on April 10th, 2024

ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ ਲੇਕ (ਬੀ ਸੀ) ਕੈਨੇਡਾ ਵਿਖੇ ਖਾਲਸਾ ਸਾਜਨਾ ਦਿਹਾੜਾ ਮਨਾਇਆ

Posted on April 10th, 2024

ਦਾ ਸਹੋਤਾ ਸ਼ੋਅ 9 ਅਪ੍ਰੈਲ 2024

Posted on April 9th, 2024

ਦਾ ਸਹੋਤਾ ਸ਼ੋਅ 8 ਅਪ੍ਰੈਲ 2024

Posted on April 8th, 2024

ਦਾ ਸਹੋਤਾ ਸ਼ੋਅ 5 ਅਪ੍ਰੈਲ 2024

Posted on April 5th, 2024