Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।

Posted on November 21st, 2019


ਉਸ ਵੇਲੇ ਦਾ ਪੰਜਾਬ, ਅੱਜ ਦੇ ਪੰਜਾਬ ਤੋਂ ਬਹੁਤ ਵੱਖਰਾ ਸੀ। ਇਸ ਦੇ ਉੱਤਰ ਵੱਲ ਵਿਸ਼ਾਲ ਹਿਮਾਲਾ ਪਰਬਤ ਸੀ ਜਿਹੜਾ ਇਸ ਨੂੰ ਤਿੱਬਤ ਤੋਂ ਵੱਖ ਕਰਦਾ ਸੀ। ਪੱਛਮ ਵੱਲ ਦਰਿਆ ਸਿੰਧ, ਜਿਹੜਾ ਇਸ ਦੇ ਸਮਤਲ ਇਲਾਕੇ ਵਿੱਚ ਦਾਖਲ ਹੋ ਕੇ ਪੰਜਵਾਂ ਦਰਿਆ ਬਣਦਾ ਸੀ ਤੇ ਇਸ ਨੂੰ ਪੰਜ-ਆਬ ਦਾ ਨਾਮ ਦਿੰਦਾ ਸੀ। ਦਰਿਆ ਤੋਂ ਪਾਰ ਹਿੰਦੂਕੁਸ਼ ਤੇ ਸੁਲੇਮਾਨ ਦੀਆਂ ਪਹਾੜੀਆਂ ਇਸ ਨੂੰ ਸੁਰੱਖਿਆ ਦਿੰਦੀਆਂ ਸਨ। ਇਹਨਾਂ ਹੀ ਪਹਾੜੀਆਂ ਨੂੰ ਚੀਰਦੇ, ਰਾਹ ਲੱਭਦੇ ਹਮਲਾਵਰ ਆਉਂਦੇ ਰਹੇ ਤੇ ਇਸ ਪੰਜਾਬ ਨੂੰ ਲੁੱਟਦੇ ਰਹੇ। ਪੂਰਬ ਵੱਲ ਕੋਈ ਖਾਸ ਅਜਿਹੀ ਭੂਗੋਲਿਕ ਬਣਤਰ ਨਹੀਂ ਸੀ ਜਿਸ ਨੂੰ ਇਸ ਦੀ ਸੀਮਾ ਕਿਹਾ ਜਾ ਸਕਦਾ ਸੀ। ਪਰ ਇਹ ਹੌਲੀ ਜਿਹੀ, ਗੰਗਾ ਦੇ ਮੈਦਾਨ ਵਿੱਚ ਜਾ ਰਲ਼ਦਾ ਸੀ। ਜਿਹਲਮ, ਚਿਨਾਬ, ਰਾਵੀ, ਸਤਲੁਜ ਤੇ ਬਿਆਸ – ਸਿੰਧ ਦੀਆਂ ਹੀ ਟ੍ਰਿਬਿਊਟਰੀਜ਼ ਸਨ।

ਭਾਰਤ ਦਾ ਅਨਾਜ ਭੰਡਾਰ, ਪੰਜਾਬ। ਭਾਰਤ ਦੀ ਖੜਗ ਭੁਜਾ, ਪੰਜਾਬ। ਭਾਰਤ ਦੇ ਧਾਰਮਿਕ ਗ੍ਰੰਥਾਂ ਦੀ ਪੈਦਾਇਸ਼, ਪੰਜਾਬ। ਭਾਰਤ ਦੇ ਮਹਾਨ ਸੰਤਾਂ ਦੀ ਜਨਮ ਭੋਇੰ, ਪੰਜਾਬ।

ਸਰ ਮੌਰਟੀਮਰ ਵੀਲਰ ਆਪਣੀ ਪੁਸਤਕ ‘ਅਰਲੀ ਇੰਡੀਆ ਐਂਡ ਪਾਕਿਸਤਾਨ’  ਵਿੱਚ ਲਿਖਦੇ ਹਨ ਕਿ ਪੰਜਾਬ ਦਾ ਇਹ ਇਲਾਕਾ  ਤਕਰੀਬਨ ਪੰਜ ਲੱਖ ਸਾਲ ਪਹਿਲਾਂ ਅਬਾਦ ਹੋ ਚੁੱਕਿਆ ਸੀ। ਪੱਥਰ ਕਾਲ ਤੋਂ ਸ਼ੁਰੂ ਹੋਇਆ ਇਹ ਸਫ਼ਰ ਮੌਸਮਾਂ, ਸੰਸਕਰਿਤੀਆਂ, ਪਰੰਪਰਾਵਾਂ, ਭੂਗੋਲਿਕ, ਰਾਜਨੀਤਕ, ਆਰਥਕ, ਸਮਾਜਕ ਤਬਦੀਲੀਆਂ ਨੂੰ ਆਪਣੇ ਪਿੰਡੇ ‘ਤੇ ਝੱਲਦਾ ਪੰਜਾਬ ਨੂੰ ਨਿਰੰਤਰ ਅੱਗੇ ਵਧਾਉਂਦਾ ਗਿਆ। ਇੱਥੋਂ ਤਾਂਬਾ ਵੀ ਮਿਲਿਆ ਤੇ ਕਾਂਸੀ ਵੀ। ਹੜੱਪਾ ਤੇ ਮੋਹਨਜੋ ਦੜੋ ਇੱਥੇ ਜੰਮੀਆਂ, ਪਲੀਆਂ, ਵਧੀਆਂ ਤੇ ਫੈਲੀਆਂ ਤੇ ਇਕ ਗੱਲ ਹੋਰ, ਇਸ ਤੋਂ ਵੀ ਪਹਿਲਾਂ ਸਭਿਅਤਾ ਦਾ ਇਕ ਅੰਸ਼ ਵੱਸ ਚੁੱਕਿਆ ਸੀ ਜਿਸ ਬਾਰੇ ਇਤਿਹਾਸ ਖਾਮੋਸ਼ ਹੈ।

ਇਹਨਾ ਸੱਭਿਅਤਾਵਾਂ ਦੀਆਂ ਖੁਦਾਈਆਂ ਵਿੱਚੋਂ ਮਿਲੀਆਂ ਵਸਤਾਂ ਇਹ ਦੱਸਦੀਆਂ ਨੇ ਕਿ ਉਹ ਕਿੰਨੀਆਂ ਕੁ ਵਿਕਸਿਤ ਸਨ ਤੇ ਉਹ ਲੋਕ ਕਿਵੇਂ ਇਕੱਠੇ ਰਹਿੰਦੇ ਰਹੇ। ਉਹਨਾਂ ਲੋਕਾਂ ਵਿੱਚੋਂ ਕਿਸੇ ਨੂੰ ਵੱਖ ਕਰ ਸਕਣਾ ਬਹੁਤ ਹੀ ਔਖਾ ਰਿਹਾ ਹੋਵੇਗਾ। ਉਹ ਇਕ ਮਿਕ ਹੀ ਇੰਨੇ ਚੁੱਕੇ ਸਨ।

ਫਿਰ ਆਉਣ ਹੋਇਆ ਆਰੀਅਨਾਂ ਦਾ। ਮੱਧ ਏਸ਼ੀਆ ਤੋਂ ਆਏ ਇਹਨਾਂ ਲੋਕਾਂ ਨੇ ਪੰਜਾਬ ਦਾ ਫੈਬਰਿਕ ਤਹਿਸ ਨਹਿਸ ਕਰ ਦਿੱਤਾ। ਨਹੀਂ, ਇਹੀ ਸੱਚ ਨਹੀਂ! ਉਹਨਾਂ ਨੇ ਬਹੁਤ ਕੁਝ ਵਿਕਾਸ ਵੀ ਕੀਤਾ। ਹਿੰਦੂ ਵੈਦਿਕ ਸਭਿਅਤਾ ਦਾ ਵਿਕਾਸ ਵੀ ਉਸੇ ਦੌਰਾਨ ਹੋਇਆ। ਸੰਸਕ੍ਰਿਤ ਭਾਸ਼ਾ ਉਸੇ ਦੌਰ ਵਿੱਚ ਫੈਲੀ ਤੇ ਵਧੀ ਫੁੱਲੀ। ਗ੍ਰੰਥਾਂ ਦੀ ਰਚਨਾ ਹੋਈ।

ਆਰੀਅਨਾਂ ਤੋਂ ਬਾਦ ਇਰਾਨ ਦੇ ਲੋਕਾਂ ਦੀ ਆਮਦ ਹੋਈ।ਦਾਰਿਆਵਾ, ਦਾਰਾ, ਦਾਰਾਵਾ, ਡੇਰੀਅਸ ਅਦਿ ਨਾਵਾਂ ਨਾਲ ਜਾਣੇ ਜਾਂਦੇ ਇਕ ਵੱਡੇ ਰਾਜੇ ਨੇ ਇਥੇ ਆ ਕਬਜ਼ਾ ਕੀਤਾ। ਇਹ ਇਸਵੀ ਕਾਲ ਤੋਂ ਕੋਈ 500 ਸਾਲ ਪਹਿਲਾਂ ਦੀ ਗੱਲ ਹੈ। ਉਸ ਤੋਂ ਦੋ ਕੁ ਸੌ ਸਾਲ ਬਾਦ ਅਲੈਗ਼ਜ਼ੈਂਡਰ ਜਾਂ ਸਿਕੰਦਰ ਆ ਬਹੁੜਿਆ। ਯੁਨਾਨੀਆਂ ਦਾ ਟਿਕਾਅ ਇੱਥੇ ਭਾਵੇਂ ਲੰਬਾ ਨਹੀਂ ਸੀ ਪਰ ਉਹਨਾਂ ਦਾ ਅਸਰ ਅੱਜ ਵੀ ਦੇਖਿਆ ਜਾ ਸਕਦਾ ਹੈ। ਲਾਹੌਰ, ਟੈਕਸਿਲਾ, ਪੇਸ਼ਾਵਰ, ਦਿੱਲੀ, ਮਥਰਾ ਵਿੱਚ ਅੱਜ ਵੀ ਉਸ ਯੂਨਾਨ ਕਲਾ ਦੇ ਨਮੂਨੇ ਮਿਲ ਸਕਦੇ ਹਨ।

ਫਿਰ ਮੌਰੀਆ ਸ਼ਾਸਨ ਸ਼ੁਰੂ ਹੋਇਆ। ਉਹਨਾਂ ਤੋਂ ਮਗਰੋਂ ਬੈਕਟ੍ਰੀਅਨ ਲੋਕਾਂ ਨੇ ਇਸ ਨੂੰ ਚਰੂੰਢਿਆ। ਫਿਰ ਕੁਝ ਕਬਾਇਲੀ ਆ ਗਏ। ਇਸ ਮਗਰੋਂ ਪੁਰਾਤਨ ਭਾਰਤ ਦਾ ਸੁਨਹਿਰੀ ਕਾਲ ਸ਼ੁਰੂ ਹੋਇਆ। ਗੁਪਤਾ ਸ਼ਾਸਕਾਂ ਨੇ ਇਸ ਖੇਤਰ ਨੂੰ ਸਿਰਮੌਰ ਬਣਾ ਦਿੱਤਾ। ਉਹਨਾਂ ਤੋਂ ਵੀ ਇਸ ਖੇਤਰ ਦੀ ਸੰਭਾਲ ਨਹੀਂ ਹੋਈ ਤਾਂ ਇਹੀ ਪੰਜਾਬ ਮੰਗੋਲਾਂ ਦੇ ਹੱਥੇ ਚੜ੍ਹ ਗਿਆ। ਹਰਸ਼ ਵਰਧਨ ਤੋਂ ਬਾਦ ਪੰਜਾਬ ਉੱਤੇ ਹੋਣ ਵਾਲੇ ਹਮਲੇ ਹਨੇਰੀਆਂ ਵਾਂਗ ਆਏ। ਇਸ ਦੀ ਟੁੱਟ ਭੱਜ ਹੋਣੀ ਸ਼ੁਰੂ ਹੋ ਗਈ।

ਮਹਿਮੂਦ ਗ਼ਜ਼ਨੀ ਤੋਂ ਬਾਦ ਤਾਂ ਹਮਲਾਵਰਾਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। ਗ਼ੌਰੀ, ਤੁਗ਼ਲਕ, ਸੂਰੀ, ਲੋਧੀ ਤੇ ਵਿਚ ਵਿਚਕਾਰ ਤੈਮੂਰ ਦੀ ਅਗਵਾਈ ਹੇਠ ਮੰਗੋਲ...ਤੇ ਸਾਡਾ ਇਹ ਪੰਜਾਬ ਇਹਨਾਂ ਹਮਲਾਵਰਾਂ ਦੇ ਹੇਠੋਂ ਨਿੱਕਲ ਨਾ ਸਕਿਆ। ਲਾਸਟ, ਬੱਟ ਨੌਟ ਦ ਲੀਸਟ, ਚੰਗ਼ੇਜ਼ ਖਾਨ ਅਤੇ ਤੈਮੂਰ ਦੇ ਵਾਰਿਸ, ਬਾਬਰ ਦੀ ਆਮਦ ਹੋਈ ਤਾਂ ਹਮਲਿਆਂ ਦਾ ਸਿਲਸਿਲਾ ਰੁਕ ਗਿਆ। ਪਾਣੀਪਤ ਦੀ ਲੜਾਈ ਨੇ, ਇਕ ਤਰ੍ਹਾਂ ਨਾਲ ਹਮਲਿਆਂ ਦਾ ਇਹ ਸਿਲਸਿਲਾ ਬੰਦ ਹੀ ਕਰ ਦਿੱਤਾ।

ਇਸ ਸਭ ਕਸ਼ਮਕਸ਼ ਦੌਰਾਨ ਪੰਜਾਬ ਵਿੱਚ ਹਿੰਦੂ ਤੇ ਮੁਸਲਮਾਨ ਸਥਾਪਿਤ ਹੋ ਚੁੱਕੇ ਸਨ। ਇਹਨਾਂ ਲੜਾਈਆਂ ਨੇ ਉਹਨਾਂ ਨੂੰ ਇਕੱਠਿਆ ਵੀ ਕੀਤਾ ਤੇ ਨੇੜੇ ਵੀ ਲਿਆਂਦਾ – ਭਾਵਨਾਤਮਕ ਤੌਰ ‘ਤੇ, ਸਮਾਜੀ ਤੇ ਆਰਥਿਕ ਤੌਰ ਤੇ ਵੀ। ਕਲਚਰ ਵੀ ਇਕ ਹੀ ਬਣ ਗਿਆ ਸੀ। ਸ਼ਿਵਾਲੇ ਤੇ ਮਸਜਿਦਾਂ ਨਾਲੋ ਨਾਲ ਬਣਨ ਲੱਗੇ। ਕਈ ਥਾਈਂ ਇਕੋ ਧਾਰਮਿਕ ਸਥਾਨ ‘ਤੇ ਦੋਵੇਂ ਧਰਮਾਂ ਦੇ ਦਿਨ ਤਿਉਹਾਰ ਮਨਾਏ ਜਾਣ ਲੱਗ ਪਏ। ਸਮਾਜ ਖੁਸ਼ਹਾਲ ਹੋ ਗਿਆ। ਆਰਥਕ ਤੇ ਸਮਾਜਿਕ ਤਰੱਕੀ ਦੇ ਝੰਡੇ ਗੱਡੇ ਗਏ।

ਹਰੂਨ ਖਾਲਿਦ ਆਪਣੀ ਪੁਸਤਕ ‘ਵੌਕਿੰਗ ਵਿਦ ਨਾਨਕ’ ਵਿੱਚ ਲਿਖਦੇ ਹਨ – ਰਾਇ ਭੋਇ ਦੀ ਤਲਵੰਡੀ ਦੇ ਆਸਪਾਸ ਜੰਗਲ ਵਿੱਚ ਕੋਈ ਸੰਤ-ਫਕੀਰ ਆਉਂਦਾ ਤਾਂ ਮਾਤਾ ਤ੍ਰਿਪਤਾ ਉਸ ਦੀ ਸੇਵਾ ਕਰਨ ਜ਼ਰੂਰ ਜਾਂਦੇ। ਉੱਥੇ ਲਕਸ਼ਮੀ ਮੰਦਰ ਬਣ ਗਿਆ ਸੀ ਜਿਥੇ ਹਰ ਮਹੀਨੇ ਨਾਰੀਅਲ, ਮਠਿਆਈ ਤੇ ਫੁੱਲ ਚੜ੍ਹਾਉਣਾ ਉਹਨਾਂ ਦਾ ਨੇਮ ਸੀ। ਅਲੀ ਹਜਵੇਰੀ ਰਹਿਮਤਉਲਾ ਅਲਹਿ ਦੀ ਪਵਿੱਤਰ ਮਜ਼ਾਰ ‘ਤੇ ਚਾਦਰ ਚੜ੍ਹਾਉਣਾ ਵੀ ਉਹਨਾਂ ਦੇ ਕਰਮ ਵਿੱਚ ਸ਼ਾਮਿਲ ਸੀ। ਉਹ ਆਪਣੇ ਪਤੀ ਮਹਿਤਾ ਕਾਲੂ ਨਾਲ ਟਿੱਲਾ ਜੋਗੀਆਂ ਵੀ ਜਾਂਦੇ ਰਹੇ ਤੇ ਕਟਾਸ ਰਾਜ ਦੇ ਸ਼ਿਵ ਮੰਦਰ ਵਿੱਚ ਵੀ। ਦਰਅਸਲ ਵਿਆਹ ਤੋਂ 6 ਸਾਲ ਬਾਦ ਵੀ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇ ਘਰ ਔਲਾਦ ਨਹੀਂ ਸੀ।

ਅਜਿਹੇ ਸੰਸਕਰਿਤਿਕ, ਕਲਚਰਲ, ਧਾਰਮਿਕ, ਪਾਰੰਪਰਿਕ ਮਹੌਲ ਵਿੱਚ ਪਹਿਲਾਂ ਨਾਨਕੀ ਤੇ ਫਿਰ ਜੱਗ ਦਾ ਚਾਣਨ ਜਨਮ ਲੈਂਦੇ ਹਨ।

ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ

ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ਼ਵਾਬ ਸੇ

ਬਾਬਾ ਨੌ-ਲੱਖਾ ਹਜ਼ਾਰੀ ਦਾ ਸਥਾਨ ਅੱਜ ਵੀ ਹੈ। ਮਿੱਟੀ ਦਾ ਉਹ ਟਿੱਲਾ ਅੱਜ ਵੀ ਹੈ। ਉਸ ਟਿੱਲੇ ਉਪਰ ਬਣਿਆ ਕਾਲੀ ਮਾਤਾ ਦਾ ਮੰਦਰ ਹੁਣ ਖ਼ਤਮ ਹੋ ਚੁੱਕਿਆ ਹੈ। ਲੋਕ ਅੱਜ ਵੀ ਬੱਚਿਆਂ ਦੀ ਦਾਤ ਲੈਣ ਲਈ ਉਸ ਬਾਬਾ ਨੌਲੱਖਾ ਹਜ਼ਾਰੀ ਦੇ ਸਥਾਨ ‘ਤੇ ਜਾਂਦੇ ਹਨ। ਉਸ ਟਿੱਲੇ ਦੇ ਦੁਆਲੇ ਚੱਕਰ ਕੱਟਦੇ ਹਨ। ਇਹ ਫੈਬਰਿਕ ਖ਼ਤਮ ਨਹੀਂ ਕੀਤਾ ਜਾ ਸਕਦਾ। 

ਸਿੱਖ ਧਰਮ ਦੇ ਸੰਸਥਾਪਕ, ਸਤਿਗੁਰੂ, ਨਾਨਕ ਦੇਵ ਜੀ ਵੱਲ ਦੁਨੀਆ ਦੇ ਬਹੁਤੇ ਜੀਵਨੀ-ਲੇਖਕ, ਬਾਇਓਗ੍ਰਫ਼ਰਜ਼, ਆਕਰਸ਼ਿਤ ਹੋਏ ਹਨ ਕਿਉਂਕਿ ਇਸ ਅਜ਼ੀਮ ਸ਼ਖ਼ਸੀਅਤ ਦਾ ਜੀਵਨ ਫ਼ਲਸਫਾ ਦਿਲਾਂ ਨੂੰ ਟੁੰਬ ਜਾਂਦਾ ਸੀ ਤੇ ਇਹ ਅਜ਼ੀਮ ਸ਼ਖ਼ਸੀਅਤ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਉਹ ਕੋਈ ਸੰਤ ਹੈ ਜਾਂ ਰੱਬ ਦਾ ਭੇਜਿਆ ਦੂਤ ਹੈ।

ਲੱਖਾਂ-ਲੱਖਾਂ ਲੋਕਾਂ ਦੇ ਉਹ ਮੁਕਤੀਦਾਤਾ, ਮਾਰਗ-ਦਰਸ਼ਕ ਬਣੇ। ਉਹਨਾਂ ਦੀ ਆਪਣੀ ਵਿਦਵੱਤਾ, ਆਪਣੀ ਨਿਜੀ ਮਿਸਾਲ ਤੇ ਮਨੁੱਖਤਾ ਉੱਪਰ ਉਹਨਾਂ ਦਾ ਅਸਰ ਅਜਿਹਾ ਰਿਹਾ ਕਿ ਉਹ ਦੁਨੀਆ ਭਰ ਲਈ ਇਕ ਚਾਨਣ ਮੁਨਾਰਾ ਤਾਂ ਬਣੇ ਹੀ, ਉਹਨਾਂ ਨੇ ‘ਪਰਮਾਤਮਾ ਹੋਣ ਦਾ ਪਦ’ ਵੀ ਹਾਸਲ ਕਰ ਲਿਆ, ਭਾਵੇਂ ਉਹ ਖੁਦ ਇਸ ਤੋਂ ਨਾਂਹ ਕਰਦੇ ਰਹੇ।

ਉਹਨਾਂ ਨੂੰ ਪਿਆਰ ਕਰਨ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਨੂੰ – ‘ਹਜ਼ਰਤ ਰੱਬ-ਏ-ਮਜੀਬ, ਬਾਬਾ ਨਾਨਕ ਫ਼ਕੀਰ ਔਲੀਆ’ ਵੀ ਲਿਖਿਆ ਹੈ। ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਬਣੀ ਇਕ ਯਾਦਗ਼ਾਰ ਇਹ ਸਾਬਤ ਕਰਦੀ ਹੈ ਕਿ ਗੁਰੂ ਸਾਹਿਬ 1505 ਤੋਂ 1520 ਦੇ ਦਰਮਿਆਨ ਇਸ ਥਾਂ ਰੁਕ ਕੇ ਗਏ ਸਨ। ਇਸ ਥਾਂ ਉਹਨਾਂ ਪੀਰ ਦਸਤਗੀਰ ਤੇ ਬਹਿਲੋਲ ਨਾਲ ਗੱਲਬਾਤ ਕੀਤੀ ਸੀ।

ਸਵਾਮੀ ਆਨੰਦ ਅਚਾਰੀਆ ਆਪਣੀ ਪੁਸਤਕ ‘ਸਨੋ-ਬਰਡਜ਼’ ਵਿੱਚ ਲਿਖਦੇ ਹਨ:

ਤੂੰ ਭਾਰਤ ਦਾ ਪੁੱਤ ਪਵਿੱਤਰ ਤੇ ਬ੍ਰਹਿਮੰਡੀ ਨੂਰ

ਤੂੰ ਜਿਸ ਥਾਂ ਵੀ ਬੈਠ ਕੇ ਗਾਏ ਪ੍ਰੇਮ ਤੇ ਰੱਬੀ ਨੂਰ ਦੇ ਗੀਤ

ਸੁਣਨ ਵਾਲੇ ਦੀ ਰੂਹ ਰੁਸ਼ਨਾਉਂਦੇ ਮਨ ਵਿੱਚ ਅਨਹਦ ਨਾਦ ਜਗਾਉਂਦੇ

ਤੇ ਬ੍ਰਹਿਮੰਡੀ ਸਤਿ ਸਮਝਾਉਂਦੇ

ਤੇਰੇ ਗੀਤ ਬਦਰੀਨਾਥ ਹੇਮ ਪਰਬਤ ਇਰਾਨ ਬਗ਼ਦਾਦ ਸੱਤ ਸਮੁੰਦਰ ਦਿਨ ਤੇ ਰਾਤ

ਰੁਸ਼ਨਾ ਜਾਂਦੇ ਸੁਣ ਗੀਤ ਸੁਗਾਤ

ਤੂੰ ਪੱਥਰ ਦੀ ਸਾਦੀ ਸਿਲ ‘ਤੇ ਬੈਠ ਕੇ ਰੱਬੀ ਗੀਤ ਜੋ ਗਾਏ

ਪੂਜਣਯੋਗ ਬਣਾ’ਤੀ ਸਿਲ ਉਹ ਲੱਖ ਹਨੇਰੇ ਮਨ ਰੁਸ਼ਨਾਏ

ਰੱਬੀ ਬਿਰਹਾ ਦੇ ਗੀਤ ਤੂੰ ਬੈਠ ਬਾਗ਼ ਅਨਾਰੀਂ ਗਾਏ

ਸੁਣ ਕੇ ਗੀਤ ਸੀ ਚੰਦ ਡੁਸਕਦਾ ਰਾਤੀਂ ਨੀਰ ਵਗਾਏ

ਗਿਣਤੀ ਦੇ ਬੱਸ ਤਿੰਨ ਮਹੀਨੇ ਜੋ ਤੂੰ ਵਿੱਚ ਬਗ਼ਦਾਦ ਬਿਤਾਏ

ਚਾਰੇ ਪਾਸੇ ਨੂਰ ਫੈਲਿਆ ਜਦ ਤੂੰ ਰੱਬੀ ਬੋਲ ਸੁਣਾਏ।

ਤੈਨੂੰ ਸੁਣ ਬਹਿਲੋਲ ਜਾਗਦਾ ਕੁਲ ਲੁਕਾਈ ਨੂੰ ਇਹ ਦੱਸਦਾ

ਮੈਂ ਤਾਂ ਹੁਣ ਖੁਦਾ ਨੂੰ ਸੁਣਿਆ ਮਨ ਤਨ ਸਭ ਪਵਿੱਤਰ ਹੋਇਆ

ਭਰਮ ਭੁਲੇਖੇ ਸਾਰੇ ਮਿਟ ਗਏ ਹੁਣ ਨਾ ਸੁਣਨਾ ਕੋਈ

ਗੁਰੂ ਸਾਹਿਬ ਨੇ ਆਪਣੇ ਕਾਰਜਕਾਲ ਦੌਰਾਨ ਉਸ ਸਮੇਂ ਪ੍ਰਚੱਲਿਤ ਦੋਵਾਂ ਧਰਮਾਂ ਵਿੱਚ ਫੈਲੀਆਂ ਕੁਰੀਤੀਆਂ ਨੂੰ ਜੜ੍ਹੋਂ ਕੱਟਣ ਦੀ ਭਰਪੂਰ ਕੋਸ਼ਿਸ਼ ਕੀਤੀ। ਚਾਹੇ ਉਹ ਇਸਲਾਮਿਕ ਕੁਰੀਤੀਆਂ ਸਨ ਜਾਂ ਫਿਰ ਹਿੰਦੂ ਕੁਰੀਤੀਆਂ। ਧਰਮ ਦਾ ਅਸਲ ਅਰਥ ਗ਼ਾਇਬ ਹੋ ਚੁੱਕਿਆ ਸੀ। ਕਰਮ ਕਾਂਡ ਹੀ ਬਾਕੀ ਬਚੇ ਸਨ ਤੇ ਪੁਜਾਰੀਆਂ ਤੇ ਮੌਲਾਨਿਆਂ ਨੇ ਰੱਬ ਤੋਂ ਲੋਕਾਂ ਨੂੰ ਦੂਰ ਕਰ ਦਿੱਤਾ ਸੀ। ਇੱਥੋਂ ਤੱਕ ਕਿ ਅਰਦਾਸ ਬੇਨਤੀ ਕਰਨ ਲਈ ਵੀ ਇਹਨਾਂ ਵਿਚੋਲਿਆਂ ਦੀ ਲੋੜ ਪੈਣ ਲੱਗ ਪਈ ਸੀ। ਲੋਕਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਗਿਆ ਸੀ ਕਿ ਉਹ ਨਿਖਿੱਧ ਸਨ ਤੇ ਖੁਦ ਰੱਬ ਦੇ ਨੇੜੇ ਨਹੀਂ ਹੋ ਸਕਦੇ ਸਨ। ਪੁਜਾਰੀ ਤੇ ਮੁੱਲੇ ਹੀ ਰੱਬ ਦੇ ਨੇੜੇ ਸਨ ਤੇ ਉਹ ਹੀ ਲੋਕਾਂ ਦੀ ਗੱਲ ਰੱਬ ਤੱਕ ਪਹੁੰਚਾ ਸਕਦੇ ਸਨ।

ਡਾ. ਗੁਰਸ਼ਰਨਜੀਤ ਸਿੰਘ ਆਪਣੀ ਪੁਸਤਕ ‘ਗੁਰੂ ਨਾਨਕ: ਜੀਵਨ ਬਾਣੀ ਤੇ ਚਿੰਤਨ’  ਵਿੱਚ ਲਿਖਦੇ ਹਨ ਕਿ ਹਿੰਦੂ ਧਰਮ ਤੇ ਵੈਦਿਕ ਵਿਚਾਰਧਾਰਾ ਨੂੰ ਇੱਕ ਨਹੀਂ ਮੰਨਿਆ ਜਾ ਸਕਦਾ। ਸਿੰਧੂ ਤੋਂ ਸ਼ਬਦ ਹਿੰਦੂ ਆਇਆ ਤੇ ਪ੍ਰਚਲਿਤ ਹੋ ਗਿਆ। ਹਿੰਦੂ ਧਰਮ ਦੇ ਕਿਸੇ ਗ੍ਰੰਥ ਵਿੱਚ ਇਹ ਸ਼ਬਦ ਨਹੀਂ ਮਿਲਦਾ। ਵੇਦਾਂ ਦੀ ਗੱਲ ਮੰਨਣ ਵਾਲੇ ਤੇ ਉਸ ਦੇ ਕਲਚਰ ਵਿੱਚ ਗੜੁੱਚੇ ਗਏ ਲੋਕ ਵੈਦਿਕ ਮਤ ਨੂੰ ਮੰਨਦੇ ਸਨ। ਵੇਦਾਂ ਦੀ ਰਚਨਾ ਭਾਵੇਂ ਪੰਜਾਬ ਵਿੱਚ ਹੋਈ ਪਰ ਉਹਨਾਂ ਦੇ ਰਚਨਹਾਰਿਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੰਜਾਬੀ ਨਹੀਂ ਸਨ। ਭਾਰਤ ਵਿੱਚ ਹਿੰਦੂ ਸ਼ਬਦ ਇਸਲਾਮ ਨੇ ਦਿੱਤਾ ਹੈ।

ਗੁਰੂ ਸਾਹਿਬ ਬਾਰੇ ਇਕ ਗੱਲ ਹੋਰ ਸਮਝ ਲੈਣੀ ਚਾਹੀਦੀ ਹੈ। ਭਗਤੀ ਕਾਲ ਦੇ ਜਿੰਨੇ ਭਗਤ ਕਵੀ ਹੋਏ ਨੇ ਉਹਨਾਂ ਨੇ ਪਰਮਾਤਮਾ ਦੇ ਵੱਖ ਵੱਖ ਰੂਪਾਂ ਦਾ ਵਰਨਣ ਕਰਦੇ ਹੋਏ ਉਸ ਦੀ ਤਾਰੀਫ਼ ਹੀ ਕੀਤੀ ਹੈ। ਗੁਰੂ ਨਾਨਕ ਇਸ ਪਰੰਪਰਾ ਤੋਂ ਹਟ ਕੇ ਵਿਚਰੇ ਹਨ। ਉਹਨਾਂ ਨੇ ਜਿੱਥੇ ਇਕ ਪਾਸੇ ਧਾਰਮਿਕ ਵਿਅਕਤੀ ਹੋਣ ਦੇ ਨਾਤੇ ਪਰਮਾਤਮਾ ਦਾ ਤਾਰੀਫ਼ ਕੀਤੀ ਉੱਥੇ ਸਮਾਜ ਸੁਧਾਰਕ ਹੋਣ ਦੇ ਨਾਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਖਿਲਾਫ਼ ਲਿਖਿਆ ਵੀ ਤੇ ਉਸ ਦਾ ਪ੍ਰਚਾਰ ਵੀ ਕੀਤਾ।  

ਇਕ ਹੋਰ ਵੱਡੀ ਗੱਲ! ਕਿਸੇ ਵੀ ਧਾਰਮਿਕ ਕਵੀ ਜਾਂ ਆਗੂ ਨੇ ਕਿਸੇ ਸ਼ਾਸਨ ਦੇ ਖਿਲਾਫ਼ ਆਵਾਜ਼ ਨਹੀਂ ਕੱਢੀ। ਗੁਰੂ ਸਾਹਿਬ ਇਸ ਤੋਂ ਵੱਖਰੇ ਇਸ ਰੂਪ ਵਿੱਚ ਵੀ ਸਨ ਕਿ ਉਹਨਾਂ ਨੇ ਰਾਜਨੀਤਕ ਧੱਕੇ ਦੇ ਖਿਲਾਫ਼ ਅਵਾਜ਼ ਬੁਲੰਦ ਕੀਤੀ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਨ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਸਗਗਸ-722-23)

ਦੱਸਣਾ ਇਹ ਬਣਦਾ ਹੈ ਕਿ ਸਮਾਜ ਤਾਂ ਇਸ ਤਰ੍ਹਾਂ ਦਾ ਹੈ ਹੀ ਸੀ ਪਰ ਨਾਨਕ ਸਾਹਿਬ ਵੀ ਬਾਕੀ ਭਗਤਾਂ ਵਾਂਗ ਉਸੇ ਤਰ੍ਹਾਂ ਦੇ ਨਹੀਂ ਸਨ। ਉਹਨਾਂ ਦੀ ਬਾਣੀ ਵਿੱਚ ਕ੍ਰਾਂਤੀ ਸੀ।

ਜਦੋਂ ਉਹਨਾਂ ਨੇ ਸਮਾਜਕ ਕੁਰੀਤੀਆਂ ਨੂੰ ਹੱਥ ਪਾਇਆ ਤਾਂ ਉਸ ਵੇਲੇ ਸਮਾਜ ਦੇ ਆਗੂ ਕਮਜ਼ੋਰ ਨਹੀਂ ਸਨ। ਜਦੋਂ ਧਾਰਮਿਕ ਕੁਰੀਤੀਆਂ ਨੂੰ ਹੱਥ ਪਾਇਆ ਤਾਂ ਧਾਰਮਿਕ ਆਗੂ ਕਮਜ਼ੋਰ ਨਹੀਂ ਸਨ। ਜਦੋਂ ਆਰਥਕ ਕੁਰੀਤੀਆਂ ਨੂੰ ਹੱਥ ਪਾਇਆ ਤਾਂ ਅਰਥਚਾਰੇ ਦੇ ਆਗੂ ਕਮਜ਼ੋਰ ਨਹੀਂ ਸਨ। ਆਖ਼ਰ, ਉਹਨਾਂ ਰਾਜਨੀਤਕ ਕੁਰੀਤੀਆਂ ਨੂੰ ਹੱਥ ਪਾਇਆ ਤਾਂ ਸਿੱਧਾ ਹਿੰਦੁਸਤਾਨ ਦੇ ਸ਼ਾਸਕ ਨੂੰ ਜਾ ਫੜਿਆ।

ਇਕ ਕਮਜ਼ੋਰ ਸਾਧ, ਇਕ ਕਮਜ਼ੋਰ ਫਕੀਰ ਅਜਿਹਾ ਨਹੀਂ ਕਰ ਸਕਦਾ ਸੀ। ਇਹ ਤਾਂ ਸਿਰਫ਼ ਨਾਨਕ ਸਾਹਿਬ ਹੀ ਕਰ ਸਕਦੇ ਸਨ।

ਸੁਲਤਾਨਪੁਰ ਲੋਧੀ ਤੋਂ ਜਗਨਨਾਥ ਪੁਰੀ ਫਿਰ ਸ਼੍ਰੀ ਲੰਕਾ, ਉਸ ਤੋਂ ਬਾਦ ਲੇਹ-ਲੱਦਾਖ, ਕਸ਼ਮੀਰ, ਤਿੱਬਤ, ਨੇਪਾਲ ਤੇ ਸਿੱਕਮ ਅਤੇ ਅਖੀਰ ਵਿੱਚ ਮੁਲਤਾਨ, ਜੇੱਦਾਹ,ਮੱਕਾ, ਬਗ਼ਦਾਦ ਤੇ ਇਰਾਨ ਤੱਕ ਦਾ ਸਫ਼ਰ ਗੁਰੂ ਸਾਹਿਬ ਨੇ ਇਸ ਕਰਕੇ ਕੀਤਾ ਕਿ ਮੁਕਤੀ ਤੇ ਪਰਮਾਤਮਾ ਨੂੰ ਹਾਸਲ ਕਰਨ ਦੇ ਜਿਸ ਢੰਗ ਨੂੰ ਉਹਨਾਂ ਨੇ ਲੱਭਿਆ ਸੀ, ਇਕ ਤਾਂ ਉਹ ਦੂਸਰਿਆਂ ਨਾਲ ਸਾਂਝਾ ਕਰਨਾ ਸੀ ਤੇ ਦੂਜਾ, ਉਹ ਜਾਣਨਾ ਚਾਹੁੰਦੇ ਸਨ ਕਿ ਵੱਖ ਵੱਖ ਧਰਮਾਂ ਨੂੰ ਮੰਨਣ ਵਾਲਿਆਂ ਕੋਲ ਰੱਬ ਦੀ ਪ੍ਰਾਪਤੀ ਤੇ ਮੁਕਤੀ ਦਾ ਕਿਹੜਾ ਸਾਧਨ ਸੀ ਜਿਸ ਨੂੰ ਅਪਣਾਉਂਦੇ ਰਹੇ ਹੋਣਗੇ। ਤੀਸਰੀ ਗੱਲ, ਵਿਚਾਰਾਂ ਦੇ ਫ਼ਰਕ ਨੂੰ ਗੱਲਬਾਤ ਰਾਹੀਂ ਖ਼ਤਮ ਕਰਨਾ ਵੀ ਉਹਨਾਂ ਦਾ ਇਹਨਾਂ ਯਾਤਰਾਵਾਂ ਜਾਂ ਉਦਾਸੀਆਂ ਦਾ ਉਦੇਸ਼ ਸੀ।

ਡਬਲਿਊ ਐਚ ਮੈਕਲਉਡ ਆਪਣੀ ਪੁਸਤਕ ‘ਐਕਸਪਲੋਰਿੰਗ ਸਿਖਿਜ਼ਮ: ਐਸਪੈਕਟਸ ਔਫ਼ ਸਿੱਖ ਆਈਡੈਂਟਿਟੀ, ਕਲਚਰ ਐਂਡ ਥੌਟ’ ਵਿੱਚ ਲਿਖਦੇ ਹਨ ਅਤੇ ਕਈ ਹੋਰ ਵਿਦਵਾਨਾਂ ਨੇ ਇਸ ਗੱਲ ਦੀ ਤਾਈਦ ਕੀਤੀ ਹੈ ਕਿ ਗੁਰੂ ਨਾਨਕ ਜਿਸ ਵੀ ਇਲਾਕੇ ਵਿੱਚ ਗਏ, ਉੱਥੇ ਭਾਸ਼ਾ ਦੀ ਵਿਭਿੰਨਤਾ ਸੀ ਤੇ ਉਹਨਾਂ ਨੂੰ ਹਿੰਦੀ, ਸੰਸਕ੍ਰਿਤ ਤੇ ਪੰਜਾਬੀ ਦਾ ਕਾਫੀ ਅਤੇ ਫਾਰਸੀ ਦਾ ਥੋੜ੍ਹਾ ਗਿਆਨ ਸੀ ਪਰ ਫਾਰਸੀ ਤੇ ਅਰਬੀ ਵਾਸਤੇ ਉਹਨਾਂ ਨੇ ਮਰਦਾਨੇ ਦਾ ਸਾਥ ਲਿਆ। ਹਰ ਸ਼ਾਮ ਨੂੰ ਉਹਨਾਂ ਦੀ ਸੰਗੀਤਕ ਮਹਿਫਿਲ ਸਜਦੀ ਤਾਂ ਦੂਰੋਂ ਦੂਰੋਂ ਲੋਕ ਸੁਣਨ ਲਈ ਆਉਂਦੇ... ਸੰਗੀਤ ਨੂੰ ਸੁਣਨ-ਸਮਝਣ ਵਾਸਤੇ  ਸ਼ਬਦਾਂ ਦੀ ਲੋੜ ਨਹੀਂ ਹੁੰਦੀ।

ਹਰੀਸ਼ ਢਿੱਲੋਂ ਆਪਣੀ ਪੁਸਤਕ ‘ਦ ਫ਼ਸਟ ਸਿਖ ਸਪਿਰਿਚੂਅਲ ਮਾਸਟਰ – ਟਾਈਮਲੈੱਸ ਵਿਜ਼ਡਮ ਫ਼ਰੌਮ ਦ ਲਾਈਫ਼ ਐਂਡ ਟੀਚਿੰਗਜ਼ ਔਫ਼ ਗੁਰੂ ਨਾਨਕ’ ਵਿੱਚ ਇਕ ਘਟਨਾ ਦਾ ਬਿਆਨ ਕਰਦੇ ਹਨ:

ਪਹਿਲੀ ਉਦਾਸੀ ‘ਤੇ ਜਾਣ ਲੱਗਿਆਂ ਗੁਰੂ ਸਾਹਿਬ ਦੇ ਸਾਥੀ ਮਰਦਾਨੇ ਨੂੰ ਰਸਤੇ ਵਿੱਚ ਇਕ ਥਾਂ ਬਹੁਤ ਭੁੱਖ ਲੱਗੀ। ਉਹਨਾਂ ਇਕ ਦਰਖ਼ਤ ਹੇਠ ਬਹਿ ਕੇ ਮਰਦਾਨੇ ਨੂੰ ਸਾਹਮਣੇ ਲਗਪਗ ਇਕ ਮੀਲ ਦੂਰ ਵੱਸੇ ਪਿੰਡ ਵੱਲ ਜਾਣ ਨੂੰ ਕਿਹਾ। ਪਿੰਡ ਵਿੱਚ ਬਹੁਤੇ ਲੋਕ ‘ਉੱਪਲ’ ਗੋਤ ਨਾਲ ਸੰਬੰਧਿਤ ਸਨ। ਉਹਨਾਂ ਨੇ ਗੁਰੂ ਸਾਹਿਬ ਦੀ ਪ੍ਰਸਿੱਧੀ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ। ਉਹਨਾਂ ਨੇ ਮਰਦਾਨਾ ਜੀ ਦਾ ਖੂਬ ਸਵਾਗਤ ਕੀਤਾ ਤੇ ਉਹਨਾਂ ਨੂੰ ਭਰ-ਪੇਟ ਭੋਜਨ ਖਵਾਇਆ ਤੇ ਜਾਣ ਲੱਗਿਆਂ ਬਹੁਤ ਸਾਰੇ ਕੱਪੜੇ ਤੇ ਰਸਤੇ ਵਿੱਚ ਵਰਤੋਂ ਵਾਲਾ ਸਮਾਨ ਬੰਨ੍ਹ ਕੇ ਦੇ ਦਿੱਤਾ।

ਮਰਦਾਨਾ ਜੀ ਸਾਰਾ ਸਮਾਨ ਸਿਰ ‘ਤੇ ਪੰਡ ਬੰਨ੍ਹ ਕੇ ਚੁੱਕ ਲਿਆਏ ਤੇ ਗੁਰੂ ਸਾਹਿਬ ਅੱਗੇ ਢੇਰੀ ਲਗਾ ਦਿੱਤਾ। ਗੁਰੂ ਜੀ ਨੇ ਪੁੱਛਿਆ, ‘ਇਹ ਕੀ’? ਮਰਦਾਨਾ ਜੀ ਨੇ ਕਿਹਾ ਪਿੰਡ ਵਾਸੀਆਂ ਨੇ ਆਪਣੇ ਰਸਤੇ ਵਾਸਤੇ ਸਮਾਨ ਦਿੱਤਾ ਤਾਂ ਕਿ ਸੌਖ ਰਹੇ। ਗੁਰੂ ਜੀ ਨੇ ਫੁਰਮਾਇਆ ਕਿ ਇੰਨਾ ਸਮਾਨ ਚੁੱਕ ਕੇ ਚੱਲਣਾ ਕਿਵੇਂ ਹੈ? ਸਫ਼ਰ ਅਸਾਨ ਰਹੂ ਕਿ ਔਖਾ ਹੋ ਜਾਊ? ਸਫ਼ਰ ਵਿੱਚ ਸਮਾਨ ਜਿੰਨਾ ਘੱਟ ਹੋਵੇ ਉੰਨਾ ਚੰਗਾ ਹੁੰਦਾ ਹੈ।

ਇਸ ਗੱਲ ਵਿੱਚ ਵੀ ਗੁਰੂ ਸਾਹਿਬ ਦਾ ਇਕ ਸੁਨੇਹਾ ਲੁਕਿਆ ਹੋਇਆ ਹੈ। ਸਾਡਾ ਜੀਵਨ ਵੀ ਸਫ਼ਰ ਹੈ। ਇਸ ਸਫ਼ਰ ਵਿੱਚ ਸਾਨੂੰ ਕਿੰਨਾ ਕੁ ਸਮਾਨ ਚਾਹੀਦਾ ਹੈ ਤੇ ਕਿਹੜਾ? ਇਸ ਬਹੁਤ ਗੰਭੀਰ ਗੱਲ ਨੂੰ ਸਹਿਜ ਸੁਭਾਅ ਸਮਝਾ ਦੇਣਾ ਵੀ ਕਿਸੇ ਕਿਸੇ ਦੇ ਹੱਥ ਆ ਸਕਦਾ ਹੈ। ਪਤਾ ਹੋਣ ਦੇ ਬਾਵਜੂਦ ਵੀ ਅਸੀਂ ਬਹੁਤੀ ਵਾਰ ਸਮਝਣ ਤੋਂ ਅਸਮਰਥ ਰਹਿ ਜਾਂਦੇ ਹਾਂ।

ਹਰੀਸ਼ ਢਿੱਲੋਂ ਆਪਣੀ ਪੁਸਤਕ ਵਿੱਚ ਵੇਰਵਾ ਦਿੰਦੇ ਹੋਏ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਸੁਭਾਅ ਬਹੁਤ ਹੀ ਸਾਊ ਸੀ, ਠੰਡਾ ਸੀ। ਉਹ ਕਦੀ ਵੀ ਗੁੱਸੇ ਵਿੱਚ ਨਹੀਂ ਸੀ ਆਉਂਦੇ। ਉਹਨਾਂ ਦੇ ਵਿਰੋਧੀ ਕਈ ਵਾਰ ਬਹੁਤ ਤਲਖੀ ਵਾਲੀਆਂ ਗੱਲਾਂ ਉਹਾਂ ਨੂੰ ਕਹਿ ਜਾਂਦੇ ਸਨ ਪਰ ਉਹ ਕਦੀ ਕਿਸੇ ਦਾ ਜਵਾਬ ਨਹੀਂ ਸੀ ਦਿੰਦੇ ਤੇ ਅੱਗੋਂ ਮੁਸਕੁਰਾਉਂਦੇ ਰਹਿੰਦੇ ਸਨ।

ਉਹਨਾਂ ਨੂੰ ਕਈ ਵਾਰ ਮਾਤਾ ਸੁਲਖਣੀ ਜੀ ਨੇ ਪੁੱਛਿਆ ਕਿ ਅਜਿਹਾ ਕਿਉਂ ਕਰਦੇ ਹੋ? ਗੁਰੂ ਜੀ ਨੇ ਹਰ ਵਾਰ ਇਹੀ ਕਿਹਾ, ਕੌਣ ਕਿਸ ਨੂੰ ਬੁਰਾ ਭਲਾ ਕਹਿ ਸਕਦਾ ਹੈ। ਉਹ ਵੀ ਮੈਂ ਹੀ ਸਾਂ। ਮੈਂ ਵੀ ਉਹ ਵਿਅਕਤੀ ਹੀ ਸੀ। ਮੈਂ ਆਪਣੇ ਆਪ ਨਾਲ ਗੁੱਸੇ ਕਿਵੇਂ ਹੋ ਸਕਦਾ ਹਾਂ? ਮੈਂ ਜੋ ਕਿਹਾ ਆਪਣੇ ਆਪ ਨੂੰ ਹੀ ਕਿਹਾ ਸੀ। ਕਈ ਵਾਰ ਨਾਨਕ ਜੀ ਦੀ ਗੱਲ ਬੀਬੀ ਸੁਲੱਖਣੀ ਨੂੰ ਸਮਝ ਨਹੀਂ ਸੀ ਆਉਂਦੀ ਤੇ ਉਹ ਇਸ ਨੂੰ ਬਹੁਤ ਗੁੰਝਲਦਾਰ ਮਾਮਲਾ ਸਮਝ ਕੇ ਚੁੱਪ ਕਰ ਜਾਂਦੇ ਸਨ।

ਕਰਤਾਰਪੁਰ ਵਿੱਚ ਜਦੋਂ ਗੁਰੂ ਜੀ ਨੇ ਵਾਸਾ ਕਰ ਲਿਆ ਤਾਂ ਇਹ ਹਰ ਰੋਜ਼ ਹੋਣ ਲੱਗਿਆ ਕਿ ਮਰਦਾਨੇ ਦੀ ਰਬਾਬ ‘ਤੇ ‘ਜਪੁਜੀ’ ਤੇ ‘ਆਸਾ ਦੀ ਵਾਰ’ ਦਾ ਕੀਰਤਨ ਹੁੰਦਾ ਸੀ ਤੇ ਲੋਕ ਦੂਰੋਂ ਦੂਰੋਂ ਆਉਣ ਲੱਗ ਪਏ।

ਗੁਰੂ ਜੀ ਕੋਲ ਸਮਝਾਉਣ ਦੀ ਅਥਾਹ ਸ਼ਕਤੀ ਸੀ ਜਿਸ ਸਦਕਾ ਉਹਨਾਂ ਨੇ ਹਰ ਰੋਜ਼ ਸੈਂਕੜੇ ਲੋਕਾਂ ਦਾ ਜੀਵਨ ਬਦਲਣਾ ਸ਼ੁਰੂ ਕਰ ਦਿੱਤਾ।  

ਉਹਨਾਂ ਨੇ ੴਦੇ ਸੰਕਲਪ ਦੀ ਜਿਹੜੀ ਵਿਆਖਿਆ ਦਿੱਤੀ, ਤੇ ਜਿੰਨੇ ਸਧਾਰਨ ਸ਼ਬਦਾਂ ਵਿੱਚ ਦਿੱਤੀ, ਉਸ ਨੂੰ ਲੋਕਾਂ ਨੈ ਪੱਲੇ ਬੰਨ੍ਹਣਾ ਸ਼ੁਰੂ ਕਰ ਦਿੱਤਾ ਤੇ ਲੋਕ ਮੂਰਤੀ ਪੂਜਾ ਛੱਡਣ ਲੱਗ ਪਏ। ਇਕ ਨਵੀਂ ਰੂਹ, ਸਮਾਜ ਵਿੱਚ ਪੈਣ ਲੱਗ ਪਈ। ਲਾਹੌਰ ਦੇ ਆਮਿਲ ਅਜੀਤ ਰੰਧਾਵਾ ਅਤੇ ਦੁਨੀ ਚੰਦ ਹਰ ਰੋਜ਼ ਸਮਾਨ ਭੇਜਣ ਲੱਗੇ ਤਾਂ ਕਿ ਦੂਰੋਂ ਦੂਰੋਂ ਆਉਂਦੀਆਂ ਸੰਗਤਾਂ ਨੂੰ ਤੰਗੀ ਨਾ ਆਵੇ।

ਬੂਰਾ ਨਾਮ ਦਾ 12 ਵਰ੍ਹਿਆਂ ਦਾ ਇਕ ਨੌਜਵਾਨ ਗੁਰੂ ਸਾਹਿਬ ਕੋਲ ਆਇਆ ਤੇ ਉਸ ਨੇ ਦੱਸਿਆ ਕਿ ਉਹ ਰੰਧਾਵਾ ਗੋਤ ਵਿੱਚੋਂ ਹੈ। ਬੂਰਾ, ਗੁਰੂ ਸਾਹਿਬ ਕੋਲ ਇਹ ਪੁੱਛਣ ਆਇਆ ਸੀ ਕਿ ਉਸ ਨੂੰ ਮੋਕਸ਼ – ਜੀਵਨ-ਮੌਤ ਤੋਂ ਮੁਕਤੀ – ਕਿਵੇਂ ਮਿਲ ਸਕਦੀ ਹੈ? ਉਸ ਦੀ ਸੇਵਾ ਭਗਤੀ, ਨਿਸ਼ਚਾ ਤੇ ਦ੍ਰਿੜ੍ਹਤਾ ਨੂੰ ਵੇਖਦਿਆਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਆਪਣਾ ਚੇਲਾ ਬਣਾ ਲਿਆ ਤੇ ਉਸ ਨੂੰ ਆਪਣਾ ਆਸ਼ੀਰਵਾਦ ਦਿੱਤਾ। ਮੁਕਤੀ ਮੰਗਣ ਆਇਆ ਇਹ ਬੂਰਾ, ਗੁਰੂ ਜੀ ਦੀ ਅਸੀਸ ਸਦਕਾ ਬੁੱਢਾ ਅਖਵਾਇਆ...ਗੁਰੂ ਜੀ ਦਾ ਕਹਿਣਾ ਸੀ ਕਿ 12 ਸਾਲਾ ਦਾ ਇਹ ਨੌਜਵਾਨ ਬਜ਼ੁਰਗ਼ਾਂ ਦੀ ਸਿਆਣਪ ਦਾ ਮਾਲਿਕ ਸੀ। ਇਸੇ ਕਰਕੇ ਉਸ ਦਾ ਨਾਮ ਬੁੱਢਾ ਰੱਖ ਦਿੱਤਾ ਤੇ ਲੋਕ ਵੀ ਉਸ ਨੂੰ ਬਾਬਾ ਬੁਢਾ ਕਹਿਣ ਲੱਗ ਪਏ। ਇਸ ਬੂਰੇ ਨੇ 125 ਸਾਲਾਂ ਦੀ ਪੂਰੀ ਉਮਰ ਹੰਢਾਈ ਤੇ ਮੁਕਤੀ ਦਾ ਨਵਾਂ ਸੰਕਲਪ ਹਾਸਲ ਕੀਤਾ।

ਗੁਰੂ ਨਾਨਕ ਸਾਹਬ ਨੇ ਸੇਵਾ ਦਾ ਜਿਹੜਾ ਸੰਕਲਪ ਦੁਨੀਆ ਨੂੰ ਦਿੱਤਾ, ਉਹ ਉਸ ਵੇਲੇ ਤੱਕ ਕਿਸੇ ਵੀ ਰੂਪ ਵਿੱਚ ਨਹੀਂ ਆਇਆ ਸੀ। ਨਾ ਵੈਦਿਕ ਮਤ ਤੋਂ, ਨਾ ਹਿੰਦੂ ਮਤ ਤੋਂ ਤੇ ਨਾ ਹੀ ਇਸਲਾਮ ਜਾਂ ਈਸਾਈਅਤ ਤੋਂ। ਬਾਣੀ, ਸੇਵਾ ਤੇ ਲੰਗਰ ਤੋਂ ਇਲਾਵਾ ਜਿਹੜਾ ਨਿਯਮ ਗੁਰੂ ਸਾਹਿਬ ਨੇ ਦਿੱਤਾ ਉਹ ਸੀ ਰੂਹਾਨੀਅਤ ਦੀ ਪੰਜ ਪੜਾਵੀ ਯਾਤਰਾ:

ਪਹਿਲਾ ਪੜਾਅ ਹੈ – ਧਰਮ ਖੰਡ: ਇਸ ਨੂੰ ਕਿਰਿਆ ਖੰਡ ਵੀ ਕਿਹਾ ਜਾ ਸਕਦਾ ਹੈ। ਗੁਰੂ ਜੀ ਦੇ ਅਨੁਸਾਰ ਧਰਮ ਦਾ ਮਤਲਬ ਹੈ ਕੁਦਰਤ ਨੇ ਨਿਯਮਾਂ ਵਿੱਚ ਬੱਝੇ ਰਹਿਣਾ। ਉਹਨਾਂ ਨੇ ਧਰਤੀ ਨੂੰ ਧਰਮਸਾਲ ਦਾ ਨਾਮ ਦਿੱਤਾ ਹੈ। ਜੀਵ ਆਪੋ ਆਪਣੇ ਵਿਧਾਨ, ਨਿਯਮ, ਪ੍ਰਕਾਰ ਵਿੱਚ ਰਹਿੰਦਾ ਹੋਇਆ ਜੀਵਨ ਵਿਚਰਨ ਕਰਦਾ ਹੈ। ਆਪੋ ਆਪਣਾ ਕਰਮ ਕਰਨਾ ਹੀ ਧਰਮ ਹੈ...ਇਸ ਖੰਡ ਵਿੱਚ ਕੱਚੇ ਤੇ ਪੱਕੇ ਅਤੇ ਪਾਪ ਪੁੰਨ ਦੀ ਪਰਖ ਹੁੰਦੀ ਹੈ। ਜਦੋਂ ਮਨੁੱਖ ਇਸ ਖੰਡ ਵਿੱਚ ਪਰਪੱਕ ਹੋ ਜਾਂਦਾ ਹੈ ਤਾਂ ਉਹ ਅਗਲੇ ਖੰਡ ਵਿੱਚ ਦਾਖਲ ਹੁੰਦਾ ਹੈ।

ਦੂਜਾ ਪੜਾਅ ਹੈ – ਗਿਆਨ ਖੰਡ: ਪਰਮਾਤਮਾ ਦੀਆਂ ਸ਼ਕਤੀਆਂ ਦਾ ਅਹਿਸਾਸ ਹੋਣਾ ਗਿਆਨ ਹੈ। ਇਸੇ ਖੰਡ ਵਿੱਚ ਦੇਵੀ ਦੇਵਤਿਆਂ ਦਾ ਜ਼ਿਕਰ ਹੈ, ਦੇਸ਼ਾਂ-ਵਿਦੇਸ਼ਾਂ ਦਾ ਜ਼ਿਕਰ ਹੈ, ਹਰ ਖੇਤਰ ਵਿੱਚ ਗਿਆਨ, ਭਾਵ ਹਰ ਕੰਮ ਵਿੱਚ ਪਰਮਾਤਮਾ ਦੀ ਹੋਂਦ ਮਹਿਸੂਸ ਕਰਨਾ ਤੇ ਉਸ ਵਿੱਚੋਂ ਸਫ਼ਤਾ ਸਹਿਤ ਵਿਚਰਨਾ ਹੀ ਇਸ ਦਾ ਉਦੇਸ਼ ਹੈ।

ਤੀਸਰਾ ਪੜਾਅ – ਸਰਮ ਖੰਡ ਹੈ। ਉੱਦਮ, ਤੱਪਸਿਆ ਜਾਂ ਸਾਧਨਾ ਦੀ ਮਹਾਨਤਾ ਨਾਲ ਜਾਣਨ ਵਾਲੇ ਵਿਅਕਤੀ ਦਾ ਸਰੂਪ ਨਿਖਾਰ ਹੁੰਦਾ ਹੈ। ਇੱਥੇ ਸੁਰਤ, ਮਤ, ਮਨ, ਬੁੱਧ ਦੀ ਸਥਿਤੀ ਸਪਸ਼ਟ ਹੋ ਜਾਂਦੀ ਹੈ।

ਚੌਥਾ ਪੜਾਅ ਹੈ – ਕਰਮ ਖੰਡ । ਪਰਮਾਤਮਾ ਦੀ ਮਿਹਰ। ਇਸ ਵਿੱਚ ਉਸ ਸਰਬ ਸ਼ਕਤੀਮਾਨ, ਸਰਬ ਵਿਆਪਕ, ਸੰਪੂਰਨ ਜੋਤ ਦੀ ਪ੍ਰਧਾਨਗੀ ਤੇ ਪ੍ਰਧਾਨਤਾ ਹੁੰਦੀ ਹੈ। ਮਾਇਆ ਦਾ ਅਸਰ ਇਸ ਪੜਾਅ ‘ਤੇ ਖ਼ਤਮ ਹੋ ਜਾਂਦਾ ਹੈ। ਸਦੀਵੀ ਅਨੰਦ ਦੀ ਅਵਸਥਾ ਇਸੇ ਪੜਾਅ ਵਿੱਚ ਹਾਸਲ ਹੁੰਦੀ ਹੈ।

ਪੰਜਵਾਂ ਤੇ ਆਖ਼ਰੀ ਖੰਡ ਹੈ – ਸੱਚ ਖੰਡ। ਇਸ ਵਿੱਚ ਨਿਰਾਕਾਰ ਦਾ ਵਾਸਾ ਹੈ। ਇਸੇ ਵਿੱਚ ਅਨੰਤ, ਬੇਅੰਤ, ਬੇਸ਼ੁਮਾਰ ਬ੍ਰਹਿਮੰਡ, ਮੰਡਲ ਅਲਾਹੀ ਹੁਕਮ ਵਿੱਚ ਆਪੋ ਆਪਣੇ ਕਾਰਜ ਕਰਦੇ ਹਨ। ਇੱਥੇ ਸਿਰਫ਼ ਆਨੰਦ ਦੀ ਅਵਸਥਾ ਹੀ ਹੁੰਦੀ ਹੈ।

ਸੱਭ ਤੋਂ ਮਹਤਵਪੂਰਨ ਗੱਲ ਇਹ ਕਿ ਇਹ ਸਾਰੇ ਖੰਡ ਧਰਤੀ ‘ਤੇ ਹੀ ਹੁੰਦੇ ਹਨ ਤੇ ਕੋਈ ਬਾਹਰੀ ਖੰਡ ਨਹੀਂ ਹਨ। ਹਰ ਵਿਅਕਤੀ ਇਹਨਾਂ ਦੀ ਯਾਤਰਾ ਕਰ ਸਕਦਾ ਹੈ ਤੇ ਗੁਰੂ ਨਾਨਕ ਦੇਵ ਜੀ ਜਪੁਜੀ ਵਿੱਚ ਇਸ ਦੀ ਯਾਤਰਾ ਦਾ ਮਾਰਗ ਸਮਝਾ ਕੇ ਗਏ ਹਨ।

ਅੱਜ ਜਦੋਂ ਅਸੀਂ ਉਸ ਮਹਾਪੁਰਖ ਦੀ 550ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਉਸ ਮਹਾ-ਮਨੁੱਖ ਦੀ, ਜਿਸ ਨੇ ਧਰਤੀ ‘ਤੇ ਰਹਿਨ ਕੇ ਸਵਰਗ-ਨਰਕ ਦਾ ਸੰਕਲਪ ਸਾਫ਼ ਕੀਤਾ, ਜਿਸ ਨੇ ਮੁਕਤੀ ਦਾ ਸਭ ਤੋਂ ਅਸਾਨ ਮਾਰਗ ਦੱਸਿਆ, ਭੰਬਲ-ਭੂਸਿਆਂ ਵਿੱਚੋਂ ਕੱਢਿਆ, ਕਿਰਤ ਕਰਨ ਦੀ ਧਾਰਨਾ ਦ੍ਰਿੜ ਕਰਵਾਈ, ਰੱਬ ਨਾਲ ਸਿੱਧਿਆਂ ਗੱਲ ਕਰਨੀ ਸਿਖਾਈ, ਕਰਮ ਕਾਂਡਾਂ ਤੋਂ ਪਿੱਛਾ ਛੁਡਾਇਆ, ਸਦ-ਜੀਵਨ ਦਾ ਮਾਰਗ ਦੱਸਿਆ...ਉਸੇ ਦੇ ਜਨਮ ਦਿਨ ‘ਤੇ ਲੜਾਈ ਹੋ ਰਹੀ ਹੈ ਕਿ ਸਟੇਜ ਕਿੱਥੇ ਲੱਗੇ ਤੇ ਕੌਣ ਲਗਾਵੇ? ਪਹਿਲਾਂ ਮੱਥਾ ਕੌਣ ਟੇਕੇ ਤੇ ਕਿੱਥੇ ਟੇਕੇ? ਜਿਸ ਮਹਾ-ਮਾਨਵ ਨੇ ਇਹ ਦੱਸਿਆ ਕਿ ਸਫ਼ਰ ਬਿਨਾ ਕਿਸੇ ਸਮਾਨ ਤੋਂ ਕਰੋ, ਉਸੇ ਦੇ ਦਰਸ਼ਨ ਕਰਨ ਜਾਣ ਵਾਸਤੇ ਸੋਨੇ ਦੀ ਪਾਲਕੀ ਬਣਾ ਲਈ।

ਬਾਬਾ ਜੀ, ਤੁਸੀਂ ਸਾਡੀ ਪੁਕਾਰ ਸੁਣ ਕੇ ਆ ਗਏ ਸੀ। ਤੁਸੀਂ ਆਏ ਤਾਂ ‘ਮਿਟੀ ਧੁੰਦ ਜਗ ਚਾਣਨ ਹੋਆ’ ਸੀ। ਤੁਸੀਂ ਆਏ ਤਾਂ ਸਾਨੂੰ ਤੁਰਨਾ ਸਿਖਾਇਆ, ਜੀਣਾ ਸਿਖਾਇਆ। ਤੁਸੀਂ ਆਏ ਤਾਂ ਅਕਲ ਆਈ।

ਜਿਸ ਨੇ ਇਹ ਸਿਖਾਇਆ ਕਿ ਰੱਬ ਇਕ ਹੀ ਹੈ....ਰੱਬ ਤੇ ਮਨੁੱਖ ਦੋ ਨਹੀਂ...ਅਦਵੈਤ ਦਾ ਫਲਸਫਾ ਸਿਖਾਇਆ...ਉਸੇ ਨੂੰ ਅਸੀਂ ਅੰਗੂਠਾ ਦਿਖਾ ਕੇ ਕਹਿੰਦੇ ਹਾਂ ਬਾਬਾ ਜੀ! ਤੁਸੀਂ ਬਹੁਤ ਮਹਾਨ ਸੀ, ਤੁਸੀਂ ਜੋ ਕਿਹਾ, ਉਹ ਬਹੁਤ ਮਹਾਨ ਸੀ, ਤੁਸੀਂ ਜੋ ਦਰਸਾਇਆ, ਉਹ ਬਹੁਤ ਮਹਾਨ ਸੀ। ਅਸੀਂ ਸੁਣ ਲਿਆ। ਅਸੀਂ ਪੜ੍ਹ ਲਿਆ। ਅਸੀਂ ਦੱਸੀ ਵੀ ਜਾਨੇ ਆਂ। ਪਰ ਮਾਫ਼ ਕਰੀਓ ਬਾਬਾ ਜੀ, ਅਸੀਂ ਉਸ ਨੂੰ ਪ੍ਰਵਾਨ ਨਹੀਂ ਕਰ ਸਕਦੇ।

ਮਾਫੀ ਦੇ ਯਾਚਕ ਹਾਂ!

ਸ਼ਮਾ-ਏ-ਹਕ਼ ਸੇ ਜੋ ਮੁਨੱਵਰ ਹੋ ਯਹ ਵੋ ਮਹਿਫਿਲ ਨਾ ਥੀ

ਬਾਰਿਸ਼-ਏ-ਰਹਿਮਤ ਹੁਈ ਲੇਕਿਨ ਜ਼ਮੀਂ ਕਾਬਿਲ ਨਾ ਥੀ

* ਇਸ ਵਿੱਚ ਸਹਿਯੋਗ ਰਿਹਾ ਸਾਡੀ ਟੀਮ ਦੇ ਮੈਂਬਰਾਂ – ਗੁਰਪ੍ਰੀਤ ਕੌਰ, ਮਨਿੰਦਰ ਕੌਰ ਗ੍ਰੇਵਾਲ, ਨੇਹਾ ਟੰਡਨ, ਅਮਨਦੀਪ ਢਿਲੋਂ ਤੇ ਰਿਸ਼ੀ ਨਾਗਰ ਦਾ।

ਇਸ ਨੂੰ ਲੱਭਿਆ, ਲਿਖਿਆ, ਸੋਧਿਆ, ਮੁੜ ਲਿਖਿਆ ਤੇ ਤਰਤੀਬ ਦਿੱਤੀ ਰਿਸ਼ੀ ਨਾਗਰ ਨੇ।

SOURCES

1.  Harish Dhillon: The First Sikh Spiritual Master

2.  Dr Gursharanjit Singh : Guru Nanak: Jivan, Baani te Chintan

3.  Prof Sahib Singh: Guru Nanak Dev and His Teachings

4.  Haroon Khalid: Walking with Nanak

5.  Sir Mortimer Wheeler: Early India and Pakistan

6.  Anand Acharya: Snow Birds

7.  WH McLeod : Exploring Sikhism: Aspects of Sikh Identity, Culture and Thought

8.  Dr Harbhajan Dhillon: Translated Anand Acharya’s Poem into PunjabiArchive

RECENT STORIES

ਬੱਚੀ ਨਾਲ ਕੁਕਰਮ ਦੇ ਦੋਸ਼ `ਚ ਟਰਾਂਟੋ ਦਾ ਨਾਮਵਰ ਪੁਜਾਰੀ ਗ੍ਰਿਫਤਾਰ

Posted on October 21st, 2020

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

ਸਰੀ 'ਚ ਇੱਕ ਪੰਜਾਬਣ ਦਾ ਕਤਲ, ਦੋ ਜ਼ਖਮੀ

Posted on October 21st, 2020

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਚਿਰੋਕਣੀ ਤੇ ਵੱਡੀ ਮੰਗ ਪੂਰੀ ਹੋਣ ਲੱਗੀ

Posted on October 19th, 2020

ਪੰਜਾਬ ਵਿਚਲੀ ਭਾਜਪਾ ਮਾਲਵਿੰਦਰ ਕੰਗ ਵਾਂਗ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੇ- ਭਾਜਪਾ ਦਾ ਸਾਬਕਾ ਬੁਲਾਰਾ

Posted on October 17th, 2020

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ

Posted on October 17th, 2020

ਹਾਰ ਗਿਆ ਤਾਂ ਅਮਰੀਕਾ ਛੱਡਣਾ ਪੈ ਸਕਦਾ- ਟਰੰਪ

Posted on October 17th, 2020

ਐਨਡੀਪੀ ਦੀ ਹਮਾਇਤ 'ਤੇ ਉਤਰੀ 'ਵੈਨਕੂਵਰ ਟੈਕਸੀ ਐਸੋਸੀਏਸ਼ਨ'

Posted on October 16th, 2020

ਕਿਸਾਨ ਆਗੂਆਂ ਵਲੋਂ ਕੈਪਟਨ ਦੀ ਥਾਂ ਮੋਦੀ ਨਾਲ ਸਿੱਧਾ ਮੱਥਾ ਲਾਉਣ ਦਾ ਐਲਾਨ

Posted on October 15th, 2020

ਜਬ ਰੰਜ ਦੀਆ ਬੁਤੋਂ ਨੇ ਤੋਂ ਖੁਦਾ ਯਾਦ ਆਇਆ

Posted on October 15th, 2020