Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡੀਅਨ ਸਿੱਖ ਸੰਸਥਾਵਾਂ ਨੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪੂਰਨ ਨਵੀਨੀਕਰਨ ਦੀ ਜ਼ਿੰਮੇਵਾਰੀ ਲਈ

Posted on January 8th, 2020

ਸਰੀ (ਚੜ੍ਹਦੀ ਕਲਾ ਬਿਊਰੋ)- ਪੰਜਾਬ ਅਤੇ ਭਾਰਤ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਧੀਆ ਸਕੂਲੀ ਵਿੱਦਿਆ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਕੈਨੇਡਾ ਦੇ ਸਿੱਖਾਂ ਦੀ ਸੰਸਥਾ ''ਸਿੱਖੀ ਅਵੈਅਰਨੈੱਸ ਫਾਉਂਡੇਸ਼ਨ ਕੈਨੇਡਾ'' ਵੱਲੋਂ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਦੇ ਸਹਿਯੋਗ ਨਾਲ ਕੈਨੇਡਾ ਦੀ ਧਰਤੀ ਦੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪੂਰਨ ਨਵੀਨੀਕਰਨ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਧੀਆ ਵਿਦਿਅਕ ਸਹੂਲਤਾਂ ਮਿਲ ਸਕਣ। 

ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ (ਗੁਰਦੁਆਰਾ ਸਾਹਿਬ ਸੁਖ ਸਾਗਰ) ਨੇ ਇੱਕ ਵੱਡੀ ਜਿੰਮੇਵਾਰੀ ਚੁੱਕਦਿਆਂ ਇਸ ਸਕੂਲ 'ਤੇ ਖਰਚ ਆਉਣ ਵਾਲੀ ਸਾਰੀ ਰਾਸ਼ੀ ($100,000) ਖੁਦ ਮੂਹਰੇ ਹੋ ਕਿ ਇਕੱਠੀ ਕਰਨ ਦਾ ਫੈਸਲਾ ਲੈਂਦਿਆਂ, ਗੁਰਦੁਆਰਾ ਸਾਹਿਬ ਵੱਲੋਂ ਇਕ ਨਵੀ ਪਿਰਤ ਪਾਈ ਜਾ ਰਹੀ ਹੈ। ਦੇਖਣ 'ਚ ਪਹਿਲੀ ਵਾਰ ਆਇਆ ਹੈ ਕਿ ਕਿਸੇ ਬਾਹਰਲੇ ਗੁਰੂ ਘਰ ਨੇ ਪੰਜਾਬ ਵਿੱਚ ਅਜਿਹਾ ਕੋਈ ਕਾਰਜ ਕੀਤਾ ਹੋਵੇ।

ਗ਼ਦਰ ਲਹਿਰ ਦੇ ਮਹਾਨ ਸੂਰਬੀਰ ਭਾਈ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਦੀ ਸਰਕਾਰ ਨੇ 11 ਜਨਵਰੀ 1915 ਨੂੰ ਵੈਨਕੂਵਰ ਵਿਖੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ 'ਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿਖੇ ਸੰਨ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। ਭਾਈ ਮੇਵਾ ਸਿੰਘ ਕੈਨੇਡਾ 'ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਭਾਈ ਮੇਵਾ ਸਿੰਘ ਦੀ ਕੁਰਬਾਨੀ ਹੀ ਅੱਗਿਓ ਸ਼ਹੀਦ ਕਰਤਾਰ ਸਿੰਘ ਸਰਾਭਾ ਸਣੇ ਅਨੇਕਾਂ ਗਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਕਾਰਨ ਬਣੀ।

21 ਅਕਤੂਬਰ 1914 ਈ. ਨੂੰ ਵੈਨਕੂਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬਿਆਂ ਪ੍ਰੋਵਿੰਸ਼ਿਅਲ ਕੋਰਟ ਵਿੱਚ, ਇੱਕ ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਬਦਨਾਮ ਤੇ ਗ਼ੱਦਾਰ, ਐਂਗਲੋ-ਇੰਡੀਅਨ ਅਧਿਕਾਰੀ ਹਾਪਕਿਨਸਨ ਨੂੰ ਸੋਧਿਆ ਸੀ ਤੇ ਮਗਰੋਂ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ।

ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਾਪਨਿਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ, 5 ਸਤੰਬਰ ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ, ਖਾਲਸਾ ਦੀਵਾਨ ਸੁਸਾਇਟੀ (ਨੌਰਥ ਅਮਰੀਕਾ ਦਾ ਪਹਿਲਾਂ ਗੁਰੁ ਘਰ) ਵਿਖੇ ਗੋਲੀਆਂ ਚਲਾ ਦਿੱਤੀਆਂ ਸਨ। ਦੀਵਾਨ ਹਾਲ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਭਿਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਦਨ ਸਿੰਘ (ਜ਼ਿਲ੍ਹਾ ਪਟਿਆਲਾ) ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ।

ਸਿੱਖੀ ਅਵੈਅਰਨੈੱਸ ਫਾਉਂਡੇਸ਼ਨ (ਸੈਫ) ਦੇ ਮੁੱਖ ਸੇਵਾਦਾਰ ਭਾਈ ਸ਼ਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸੈਫ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਤਕਨਾਲੋਜੀ 'ਤੇ ਅਧਾਰਿਤ ਸਹੂਲਤਾਂ ਮੁਹੱਈਆ ਕਰਵਾਈਆ ਜਾਣੀਆਂ ਹਨ, ਜਿਸ ਦੀ ਸ਼ੁਰੂਆਤ ਕੈਨੇਡਾ ਅਤੇ ਪੰਜਾਬ ਨਾਲ ਸਾਂਝ ਰੱਖਦੇ ਪਿੰਡ ਲੋਪੋਕੇ ਤੋਂ ਕੀਤੀ ਗਈ ਹੈ।

ਭਾਈ ਸ਼ਮਨਦੀਪ ਸਿੰਘ ਨੇ ਦੱਸਿਆ ਕਿ ਸੈਫ ਵੱਲੋਂ ਲੋਪੋਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਕਲਾਸ ਰੂਮਾਂ ਨੂੰ ਸਮਾਰਟ ਕਲਾਸ ਰੂਮਾਂ ਵਿੱਚ ਤਬਦੀਲ ਕੀਤਾ ਜਾਵੇਗਾ। ਸਕੂਲ ਵਿੱਚ ਸੋਲਰ ਸਿਸਟਮ ਲਾਉਣ ਤੋਂ ਇਲਾਵਾ ਸਕੂਲ ਦਾ ਪੂਰੇ ਨਵੀਨੀਕਰਨ ਤਹਿਤ 5 ਕਮਰਿਆਂ ਦੀ ਇਮਾਰਤ ਤੋਂ ਇਲਾਵਾ ਸੰਸਥਾ 5 ਸਾਲ ਲਈ ਲਗਾਤਾਰ ਸਕੂਲ ਦੀ ਮੁਰੰਮਤ ਅਤੇ ਬੱਚਿਆਂ ਦੇ ਸੈਮੀਨਾਰ ਕਰਵਾਏਗੀ।

ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਧੀਆ ਵਿਦਿਅਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹ ਪੜ੍ਹ-ਲਿਖ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰ ਸਕਣ।

To learn more: www.mewasingh.com



Archive

RECENT STORIES