Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਣਥੱਕ ਯੋਧਾ : ਦਲਬੀਰ ਸਿੰਘ ਪੱਤਰਕਾਰ (ਗੰਨਾ ਪਿੰਡ)

Posted on February 17th, 2020

<p>ਸ. ਦਲਬੀਰ ਸਿੰਘ ਪੱਤਰਕਾਰ</p>


- ਜਸਪਾਲ ਸਿੰਘ 

ਲਹਿੰਦੇ ਪੰਜਾਬ ਤੋਂ ਉਜੜ ਕੇ ਆਏ ਲੱਖਾਂ ਸਿਖਾਂ-ਹਿੰਦੂਆਂ ਦੀ ਤਰ੍ਹਾਂ ਸ. ਦਲਬੀਰ ਸਿੰਘ ਵੀ ਅਗਸਤ 1947 ਦੀ ਵੰਡ ਅਤੇ ਕਤਲੇਆਮ ਨੂੰ ਯਾਦ ਕਰਕੇ ਭਾਵੁਕ ਹੋ ਜਾਇਆ ਕਰਦੇ ਸਨ। ਹਮੇਸ਼ਾ ਕਿਹਾ ਕਰਦੇ ਕਿ ਅਸੀਂ ਤੇ ਹੋਰ ਪਿੰਡ ਵਾਲਿਆਂ ਨੇ ਕਦੇ ਵੀ ਆਪਣੇ ਘਰ ਛੱਡਣ ਬਾਰੇ ਸੋਚਿਆ ਹੀ ਨਹੀਂ ਸੀ। ਪਿੰਡ ਛੱਡ ਕਾਫਲਿਆਂ ਦੇ ਰੂਪ ਵਿਚ ਉਹ ਚੜ੍ਹਦੇ ਪੰਜਾਬ ਵੱਲ ਚੱਲ ਪਏ। ਉਹਨਾਂ ਦਿਨਾਂ ਵਿਚ ਸ. ਦਲਬੀਰ ਸਿੰਘ 17 ਸਾਲ ਦੀ ਚੜ੍ਹਦੀ ਉਮਰ ਦਾ ਮੁੱਛ ਫੁੱਟ ਜਵਾਨ ਸੀ। ਉਹ ਭਾਵੇਂ ਜਨਰਲ ਮੋਹਨ ਸਿੰਘ ਦੇ ਹਥਿਆਰਬੰਦ ਸਿੱਖ ਜਥੇ ਨਾਲ ਜੁੜੇ ਹੋਏ ਸਨ ਪਰ ਉਹਨਾਂ ਦੇ ਪਿਤਾ ਜੀ ਦੀ ਕਈ ਕਮਿਊਨਿਸਟ ਕਾਰਕੁੰਨਾਂ ਨਾਲ ਨੇੜਤਾ ਹੋਣ ਕਰਕੇ ਕਾਮਰੇਡਾਂ ਦੀ ਸਿਆਸਤ ਦੀ ਭਿਨਕ ਉਨ੍ਹਾਂ ਨੂੰ ਪੈਂਦੀ ਰਹਿੰਦੀ ਸੀ। ਉਹਨਾਂ ਦੀ ਇਹ ਰਾਜਨੀਤੀ ਵਿਚ ਮੁੱਢਲੀ ਟ੍ਰੇਨਿੰਗ ਸੀ।

ਚੜ੍ਹਦੇ ਪੰਜਾਬ ਵਿਚ ਆ ਕੇ ਕੁਝ ਕੁ ਮਹੀਨੇ ਕਪੂਰਥਲੇ ਖਾਲਸਾ ਕਾਲਜ ਵਿੱਚ ਪੜ੍ਹਨ ਪਿਛੋਂ ਉਨ੍ਹਾਂ ਨੇ ਅੰਮ੍ਰਿਤਸਰ ਖਾਲਸਾ ਕਾਲਜ ਵਿਚ ਦਾਖਲਾ ਲੈ ਲਿਆ। ਛੇਤੀ ਹੀ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਨਾਲ ਜੁੜ ਕੇ ਇੰਡੀਅਨ ਸਟੂਡੈਂਟਸ ਫੈਡਰੇਸ਼ਨ ਦੇ ਕੁਲਵਕਤੀ ਕਾਮਰੇਡ ਬਣ ਗਏ। ਉਨ੍ਹਾਂ ਦਿਨਾਂ ਵਿਚ ਕਮਿਊਨਿਸਟ ਪਾਰਟੀ ਦੇਸ਼ ਦੀ ਅਜ਼ਾਦੀ ਨੂੰ ਸਿਰਫ ਅੰਗਰੇਜ਼ਾਂ ਵਲੋਂ ਦੇਸੀ ਹਾਕਮਾਂ ਦੇ ਹਕ ਵਿਚ 'ਸੱਤਾ ਤਬਦੀਲੀ' ਹੀ ਕਹਿੰਦੀ ਸੀ ਅਤੇ ਗਰੀਬਾਂ ਤੇ ਮਜ਼ਦੂਰਾਂ ਦਾ ਰਾਜ ਸਥਾਪਤ ਕਰਨ ਦੇ ਨਾਹਰੇ ਨੂੰ ਲੈ ਕੇ ਜੱਦੋਜਹਿਦ ਕਰ ਰਹੀ ਸੀ। ਇਸੇ ਕਰਕੇ ਸੀ. ਪੀ. ਆਈ. ਨੇ 26 ਜਨਵਰੀ 1950 ਨੂੰ 'ਪੂਰਨ ਅਜ਼ਾਦੀ' ਦੇ ਲਖਾਇਕ ਪਹਿਲੇ 'ਗਣਤੰਤਰ ਦਿਵਸ' ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਅੰਮ੍ਰਿਤਸਰ ਵਿਚ ਹੋਏ ਵਿਰੋਧ ਮੁਜ਼ਾਹਰੇ ਵਿਚ ਸ. ਦਲਬੀਰ ਸਿੰਘ ਮੂਹਰਲੀਆਂ ਸਫਾਂ ਵਿਚ ਸੀ। ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਸਨ। ਉਹ ਰੂਪੋਸ਼ ਹੋ ਗਿਆ।

ਅਖੀਰ ਮਾਰਚ 1951 ਵਿਚ ਦਲਬੀਰ ਸਿੰਘ ਨੂੰ ਪਬਲਿਕ ਸੇਫਟੀ ਐਕਟ ਆਫ ਇੰਡੀਆ ਅਧੀਨ ਗ੍ਰਿਫ਼ਤਾਰ ਕਰਕੇ ਕਾਂਗੜੇ ਦੀ ਯੌਲ ਜੇਲ੍ਹ ਵਿਚ ਭੇਜ ਦਿੱਤਾ ਗਿਆ।ਚਾਲੀ ਕੁ ਕਾਮਰੇਡਾਂ ਵਿਚੋਂ ਉਹ ਸਭ ਤੋਂ ਉਮਰ ਵਿਚ ਛੋਟਾ ਸੀ। ਜੇਲ੍ਹ ਵਿਚ ਕਈ ਵੱਡੇ ਕਾਮਰੇਡ ਸਨ, ਜਿਨ੍ਹਾਂ ਦੀ 14 ਮਹੀਨੇ ਲੰਬੀ ਸੰਗਤ ਵਿਚ ਸ. ਦਲਬੀਰ ਸਿੰਘ ਨੇ ਮਾਰਕਸਵਾਦ ਦੀ ਮੁੱਢਲੀ ਪੜ੍ਹਾਈ ਕੀਤੀ ਤੇ ਪਾਰਲੀਮੈਂਟ ਦੀਆਂ ਚੋਣਾਂ ਵਿਚ ਹਿੱਸਾ ਲੈਣਾ ਕਿ ਨਹੀਂ ਇਸ ਮਸਲੇ ਉਤੇ ਹੁੰਦੀ ਭਰਵੀਂ ਬਹਿਸ ਰਾਹੀਂ ਦੇਸ਼ਵਿਆਪੀ ਸਿਆਸਤ ਨੂੰ ਸਮਝਿਆ। ਆਸਤਿਕਤਾ-ਨਾਸਤਿਕਤਾ ਦੇ ਮੁੱਦੇ ਨੂੰ ਲੈ ਕੇ ਕਾਮਰੇਡਾਂ ਵਲੋਂ ਸਿੱਖਾਂ ਦਾ ਵਿਰੋਧ ਕਰਨਾ ਉਨ੍ਹਾਂ ਨੂੰ ਕਦੇ ਵੀ ਗਵਾਰਾ ਨਹੀਂ ਹੋਇਆ।

ਉਹ ਅਕਸਰ ਕਿਹਾ ਕਰਦੇ ਸਨ ਕਿ ਜਿਹੜੇ 'ਮੂਲਵਾਦੀ' ਜਾਂ 'ਫੰਡਾਮੈਂਟਲਿਜ਼ਮ' ਵਿਸ਼ੇਸ਼ਣ ਰਾਹੀਂ ਕਾਮਰੇਡ ਸਿੱਖਾਂ ਨੂੰ ਭੰਡਦੇ ਹਨ, ਉਹ ਮਾਰਕਸਵਾਦੀ ਸ਼ਬਦਾਵਲੀ ਨਹੀਂ ਹੈ ਬਲਕਿ ਲਿਬਰਲ ਡੈਮੋਕਰੇਟਸ ਰਾਹੀਂ 1960 ਵਿਆਂ ਵਿਚ ਮੁਸਲਮਾਨਾਂ ਤੇ ਸਿੱਖਾਂ ਦੀ ਸਿਆਸਤ ਨੂੰ ਨਿੰਦਣ ਲਈ ਘੜੇ ਗਏ ਮੁਹਾਵਰੇ ਹਨ।ਉਹ ਜ਼ੋਰ ਦੇ ਕੇ ਕਿਹਾ ਕਰਦੇ ਸਨ ਕਿ ਕਾਂਗੜਾ ਜੇਲ੍ਹ ਵਿਚ ਫੜੇ ਗਏ ਕਮਿਊਨਿਸਟਾਂ ਵਿਚ 10-12 ਅੰਮ੍ਰਿਤਧਾਰੀ ਸਿੱਖ ਵੀ ਸ਼ਾਮਿਲ ਸਨ। ਜੇਲ੍ਹ ਅੰਦਰ ਵੀ ਉਹ ਪੱਕੇ ਨਿਤਨੇਮੀ ਸਨ। ਸੋਚਣ ਵਾਲੀ ਗੱਲ ਇਹ ਹੈ ਕਿ ਉਹ ਕਿਉਂ ਕਮਿਊਨਿਸਟਾਂ ਨਾਲ ਮੁਜ਼ਾਹਰਿਆਂ ਵਿਚ ਸ਼ਾਮਿਲ ਹੁੰਦੇ ਸਨ? ਇਕ ਸਾਂਝੀ ਸਿਆਸਤ ਦੋਨਾਂ ਧਿਰਾਂ ਨੂੰ ਇਕ ਪਲੇਟਫਾਰਮ ਉਤੇ ਲੈ ਕੇ ਆਈ ਸੀ।

ਸ. ਦਲਬੀਰ ਸਿੰਘ ਮਾਸਕੋ ਤੋਂ ਵਾਪਸ ਆਏ ਭਾਈ ਸੰਤੋਖ ਸਿੰਘ ਵਰਗੇ ਗਦਰੀਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਰਦੇ, ''ਉਹ ਪੰਜਾਬ ਵਿਚ 1925 ਵਿਚ ਕਮਿਊਨਿਸਟ ਪਾਰਟੀ ਦੀ ਨੀਂਹ ਰਖਣ ਵਾਲਿਆਂ ਵਿਚੋਂ ਸਨ। ਉਸ ਸਮੇਂ ਕਮਿਊਨਿਸਟਾਂ ਦੀਆਂ ਮੀਟਿੰਗਾਂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੋਇਆ ਕਰਦੀਆਂ ਸਨ। ਭਾਈ ਸੰਤੋਖ ਸਿੰਘ ਸਿੱਖ ਧਰਮ ਵਿਚ ਪਰਪੱਕ ਸੀ। ਉਸਨੂੰ ਸਿਖ ਮਿਸ਼ਨਰੀ ਕਾਲਜ ਨੇ ਰਸਾਲਾ ਕਢਣ ਲਈ ਜਗ੍ਹਾ ਦਿੱਤੀ ਸੀ ਅਤੇ 'ਲਾਲ ਝੰਡਾ' ਵੀ ਸਭ ਤੋਂ ਪਹਿਲਾਂ ਉਸੇ ਕਾਲਜ ਦੀ ਬਿਲਡਿੰਗ ਉਤੇ ਲਹਿਰਾਇਆ ਗਿਆ ਸੀ।''

ਧਰਮਯੁੱਧ ਮੋਰਚੇ ਦੌਰਾਨ 1983 ਦੇ ਅਖੀਰ ਭਾਅ ਜੀ ਅਤੇ ਮੈਂ ਦਰਬਾਰ ਸਾਹਿਬ ਅੰਦਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਕੋਲ ਉਸ ਦੇ ਕਮਰੇ ਵਿਚ ਬੈਠੇ ਸਾਂ।ਆਪਣੇ ਹੀ ਤੌਰ ਤਰੀਕਿਆਂ ਨਾਲ ਭਾਈ ਸਾਹਿਬ ਆਪਣੇ ਹੋਰ ਫੈਡਰੇਸ਼ਨ ਦੇ ਸਾਥੀਆਂ ਦੀ ਸੰਗਤ ਵਿਚ ਕਾਮਰੇਡਾਂ ਦੀ ਖਿੱਲ੍ਹੀ ਉਡਾਉਂਦਿਆਂ ਮਾਰਕਸਵਾਦ ਦੇ ਸਿਧਾਂਤ ਉਤੇ ਕੁਝ ਅਣਜਾਣ ਟਿੱਪਣੀਆਂ ਕਰ ਬੈਠੇ। ਭਾਅ ਜੀ ਇਕਦਮ ਉਹਨਾਂ ਦੇ ਗਲ ਪੈ ਗਏ, ''ਮਾਰਕਸਵਾਦ ਕਦੇ ਪੜ੍ਹਿਆ?.... ਪਤੈ ਕਿੰਨਾ ਮਹਾਨ ਫਲਸਫੈ? ਇਹਨਾਂ ਕਾਮਰੇਡਾਂ ਨੂੰ ਕੀ ਪਤਾ ਮਾਰਕਸਵਾਦ ਦਾ? '' ਕਮਰੇ ਵਿਚ ਚੁੱਪ ਵਰਤ ਗਈ।ਭਾਅ ਜੀ ਜ਼ੋਰ ਨਾਲ ਕਹਿ ਰਹੇ ਸਨ, ''ਸਿੱਖੀ ਅਤੇ ਮਾਰਕਸਵਾਦ ਦੇ ਮਾਨਵਵਾਦੀ ਸਰੋਕਾਰ ਅਤੇ ਉਦੇਸ਼ ਇਕੋ ਹਨ...ਬੱਸ ਰਸਤੇ ਵੱਖਰੇ ਵੱਖਰੇ ਹਨ।''

ਸ. ਦਲਬੀਰ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ, ਨੇੜਤਾ ਤੇ ਸਿਆਸੀ ਸਾਂਝ ਕਦੇ ਵੀ ਅਜੋੜ ਜਾਂ ਗਲਤ ਨਹੀਂ ਸੀ ਲੱਗੀ। ਉਨ੍ਹਾਂ ਨੂੰ ਸਗੋਂ ਹਮੇਸ਼ਾਂ ਗਿਲਾ ਰਿਹਾ ਕਿ ''ਪੱਛਮੀ ਸਕੂਲੀ-ਕਾਲਜੀ ਵਿੱਦਿਆ ਪ੍ਰਾਪਤ ਕਰਕੇ ਇੰਡੀਅਨ ਮੱਧ ਵਰਗੀ ਕਲਾਸ ਵਿਚੋਂ ਨਿਕਲੇ ਕਾਮਰੇਡ ਸਿੱਖੀ ਦੇ ਇਨਕਲਾਬੀ ਵਿਰਸੇ ਅਤੇ ਪਰੰਪਰਾਵਾਂ ਨੂੰ ਸਮਝ ਹੀ ਨਹੀਂ ਸਕੇ....ਉਹਨਾਂ ਨੂੰ ਅਪਨਾਉਣ ਦੀ ਬਜਾਏ, ਉਹਨਾਂ ਵਿਰੁੱਧ ਆਢਾ ਲਾ ਬੈਠੇ ਹਨ....ਜਿਸ ਕਰਕੇ ਕਾਮਰੇਡਾਂ ਦੀ ਸਿਆਸਤ 'ਇੰਡੀਅਨ ਨੇਸ਼ਨ ਸਟੇਟ' ਦੇ ਹੱਕ ਵਿਚ ਜਾ ਖੜ੍ਹੀ ਹੈ।''

ਸੰਨ 1952 ਦੇ ਅੱਧ ਵਿਚ ਕਾਂਗੜਾ ਜੇਲ੍ਹ ਵਿਚੋਂ ਰਿਹਾਅ ਹੋਣ ਪਿਛੋਂ ਦਲਬੀਰ ਸਿੰਘ ਛੇਹਰਟਾ ਦੇ ਮਜ਼ਦੂਰਾਂ ਅਤੇ ਟਰੇਡ ਯੂਨੀਅਨਾਂ ਵਿਚ ਕੁਲਵਕਤੀ ਤੌਰ ਉਤੇ ਕੰਮ ਕਰਨ ਲੱਗ ਪਏ। ਇਥੇ ਉਸਦੇ ਸਤਪਾਲ ਡਾਂਗ ਤੇ ਉਸਦੀ ਪਤਨੀ ਬਿਮਲਾ ਡਾਂਗ ਨਾਲ ਨੇੜਲੇ ਸਬੰਧ ਬਣੇ। ਅਗਲੇ ਸਾਲ ਹੀ ਮਜ਼ਦੂਰਾਂ ਦੀਆਂ ਮੰਗਾਂ ਉਤੇ ਹੜਤਾਲਾਂ ਕਰਵਾਉਂਦੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅੰਬਾਲਾ ਜੇਲ੍ਹ ਅੰਦਰ ਪੰਜ ਹੋਰ 'ਖਤਰਨਾਕ ਕਾਮਰੇਡਾਂ' ਨਾਲ ਚੱਕੀਆਂ ਵਿਚ ਬੰਦ ਕਰ ਦਿੱਤਾ। ਉਥੇ ਉਸਨੂੰ 9 ਮਹੀਨੇ ਲੰਬੀ ਚੱਕੀਆਂ ਦੀ ਭੈੜੀ ਦੁਰਦਸ਼ਾ ਵਿਚ ਰਹਿਣ ਕਰਕੇ ਪਲੂਰਸੀ ਦੀ ਬਿਮਾਰੀ ਚੰਬੜ ਗਈ। ਜੇਲ੍ਹ ਤੋਂ ਰਿਹਾਅ ਹੋ ਕੇ ਉਹ ਫਿਲੌਰ ਦੇ ਨੇੜੇ ਆਪਣੇ ਗੰਨਾ ਪਿੰਡ ਵਿਚ ਡੇਢ ਦੋ ਸਾਲ ਬਿਸਤਰੇ ਉਤੇ ਰਹੇ, ਫਿਰ ਤੰਦਰੁਸਤ ਹੋਏ। ਸਿਹਤਯਾਬ ਹੋਣ ਤੋਂ ਬਾਅਦ ਦਲਬੀਰ ਸਿੰਘ ਫਿਰ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਵਰਕਰ ਦੇ ਤੌਰ ਉਤੇ ਅੰਮ੍ਰਿਤਸਰ ਵਿਚ ਰਾਜਨੀਤਕ ਸਰਗਰਮੀਆਂ ਵਿਚ ਕੁੱਦ ਪਏ।

ਉਹਨਾਂ ਦਿਨਾਂ ਵਿਚ ਕਮਿਊਨਿਸਟਾਂ ਦੇ ਚਾਨਣ-ਮੁਨਾਰੇ ਸੋਵੀਅਤ ਯੂਨੀਅਨ ਅੰਦਰ ਵੱਡੀਆਂ ਸਿਧਾਂਤਕ ਅਤੇ ਰਾਜਨੀਤਕ ਤਬਦੀਲੀਆਂ ਆਈਆਂ ਅਤੇ ਸਟਾਲਿਨ ਵਰਗੇ ਮਜ਼ਬੂਤ ਨੇਤਾ ਦੀ ਸਾਖ ਨੂੰ ਖੋਰਾ ਲੱਗਣ ਲਗਿਆ। ਇਨਕਲਾਬ ਦੇ ਛੇਤੀ ਆਉਣ ਦੀ ਆਸ ਲਾਈ ਬੈਠੇ ਦਲਬੀਰ ਸਿੰਘ ਦਾ ਵਿਸ਼ਵਾਸ ਵੀ ਤਿੜਕਣ ਲਗਿਆ। ਦੂਜੇ ਪਾਸੇ ਝਾਤੀ ਮਾਰੀ ਤਾਂ ਉਸ ਕੋਲ ਪੜ੍ਹਾਈ ਦੀਆਂ ਲੋੜੀਂਦੀਆਂ ਡਿਗਰੀਆਂ ਦੀ ਕਮੀ ਵੀ ਖਟਕਣ ਲਗੀ। ਉਪਰੋਂ ਪਾਰਲੀਮੈਂਟਰੀ ਚੋਣ ਪ੍ਰਕਿਰਿਆ ਵਿਚ ਫਸੀ ਕਮਿਊਨਿਸਟ ਪਾਰਟੀ ਵੀ ਚੋਣਾਂ ਜਿੱਤਣ ਦੀ ਗਿਣਤੀ-ਮਿਣਤੀ ਵਿਚ ਪਈ ਕਈ ਗ਼ੈਰ-ਸਿਧਾਂਤਕ ਅਤੇ ਮੌਕਾਪ੍ਰਸਤ ਸਮਝੌਤੇ ਕਰਨ ਦੇ ਰਾਹ ਪੈ ਗਈ। ਉਹ ਪਿਛਲੇ 60 ਸਾਲ ਤੋਂ ਸਮਝੌਤਾ ਰਾਜਨੀਤੀ ਹੀ ਕਰਦੀ ਆ ਰਹੀ ਸੀ।

ਸ. ਦਲਬੀਰ ਸਿੰਘ ਦੇ ਮਾਨੋ ਸਿਰ ਉਤੇ ਪਹਾੜ ਹੀ ਡਿਗ ਪਿਆ, ਜਦੋਂ ਪੰਜਾਬ ਦੀ ਪਾਰਟੀ ਦੇ ਸਕਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਿਚ ਪਾਰਟੀ ਦੀ ਸੂਬਾ ਕਮੇਟੀ ਨੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੌਰਾਨ 'ਫਿਰਕੂ ਪਾਰਟੀ' ਜਨਸੰਘ ਨਾਲ ਸੰਧੀ ਕਰ ਲਈ। ਦਲਬੀਰ ਸਿੰਘ ਇਸ ਫੈਸਲੇ ਵਿਰੁਧ ਡੱਟ ਗਿਆ। ਜਦੋਂ ਲੀਡਰਸ਼ਿਪ ਨੇ ਉਸਦੀ ਕੋਈ ਗੱਲ ਨਾ ਸੁਣੀ ਤਾਂ ਉਸ ਨੇ ਪਾਰਟੀ ਦੇ ਜਲੰਧਰ ਹੈਡਕੁਆਰਟਰਜ਼ ਅੱਗੇ ਮਰਨ-ਵਰਤ ਰੱਖਣ ਦੀ ਧਮਕੀ ਦੇ ਦਿੱਤੀ। ਇਸ ਲੜੋ-ਲੜਾਈ ਵਿਚ ਦਲਬੀਰ ਸਿੰਘ ਪਾਰਟੀ ਤੋਂ ਕਿਨਾਰਾ ਕਰ ਗਿਆ।

ਫਿਰ ਉਹ ਨੈਸ਼ਨਲ ਕਾਲਜ ਸਠਿਆਲਾ ਦੀ ਉਸਾਰੀ ਵਿਚ ਰੁੱਝ ਗਿਆ।ਇਥੇ ਫਿਰ ਭਾਅ ਜੀ ਕਾਮਰੇਡ ਹਰਕਿਸ਼ਨ ਸੁਰਜੀਤ ਨਾਲ ਆਢਾ ਲਾ ਬੈਠੇ। ਇਸ ਪੇਂਡੂ ਕਾਲਜ ਦੀ ਉਸਾਰੀ ਲਈ ਆਲੇ ਦੁਆਲੇ ਦੇ ਪਿੰਡਾਂ ਤੋਂ ਉਗਰਾਹੀ ਕੀਤੀ ਗਈ ਸੀ। ਪਰ ਇਸ ਕਾਲਜ ਦੀ ਪ੍ਰਿੰਸੀਪਲ, ਜਿਹੜੀ ਆਪਣਾ ਲੜਕੀਆਂ ਦਾ ਵੱਖਰਾ ਪ੍ਰਾਈਵੇਟ ਕਾਲਜ ਵੀ ਚਲਾਉਂਦੀ ਸੀ, ਫੰਡਾਂ ਦੀ ਦੁਰਵਰਤੋਂ ਕਰ ਰਹੀ ਸੀ। ਦਲਬੀਰ ਸਿੰਘ ਨੇ ਉਸ ਵਲੋਂ ਕੀਤੀ ਪੈਸੇ ਦੀ ਹੇਰਾਫੇਰੀ ਸਭ ਦੇ ਸਾਹਮਣੇ ਜ਼ਾਹਰ ਕਰ ਦਿੱਤੀ। ਪ੍ਰਿੰਸੀਪਲ ਕਾਮਰੇਡ ਸੁਰਜੀਤ ਦੀ ਬੜੀ ਨਿਕਟਵਰਤੀ ਸੀ।ਭਾਅ ਜੀ ਨੇ ਪ੍ਰਿੰਸੀਪਲ ਦੀ ਘਪਲੇਬਾਜ਼ੀ ਪਾਰਟੀ ਦੀ ਪੰਜਾਬ ਸੂਬਾ ਕਮੇਟੀ ਕੋਲ ਵੀ ਪੇਸ਼ ਕਰ ਦਿਤੀ। ਕਾਮਰੇਡ ਸੁਰਜੀਤ ਜਦੋਂ ਗੁੱਸੇ ਵਿਚ ਆਇਆ ਦਲਬੀਰ ਸਿੰਘ ਨੂੰ ਧਮਕੀਆਂ ਦੇਣ ਲੱਗਾ ਤਾਂ ਉਸਨੇ ਪ੍ਰਿੰਸੀਪਲ ਅਤੇ ਸੁਰਜੀਤ ਕਾਮਰੇਡ ਦੇ ਸਬੰਧਾਂ ਦਾ 'ਕੱਚਾ ਚਿੱਠਾ' ਪਾਰਟੀ ਦੀ ਕੇਂਦਰੀ ਹਾਈਕਮਾਨ ਕੋਲ ਪਹੁੰਚਾ ਦਿੱਤਾ। ਕਾਮਰੇਡ ਸੁਰਜੀਤ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਮਜ਼ਬੂਰੀਵੱਸ ਪ੍ਰਿੰਸੀਪਲ ਨੂੰ ਵੀ ਅਸਤੀਫਾ ਦੇਣਾ ਪਿਆ। ਦਲਬੀਰ ਸਿੰਘ ਦੀ ਕਮਿਊਨਿਸਟ ਪਾਰਟੀ ਨੂੰ ਇਹ ਆਖਰੀ ਸਲਾਮ ਸੀ।

ਛੇ ਸਾਲਾਂ ਬਾਅਦ ਦਲਬੀਰ ਸਿੰਘ ਨੇ ਫਿਰ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ।ਐਫ. ਏ, ਬੀ. ਏ. ਕੀਤੀ, ਫਿਰ 1960-61 ਵਿਚ ਪੰਜਾਬ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਐਮ. ਏ. ਅਤੇ ਪੱਤਰਕਾਰੀ ਦਾ ਡਿਪਲੋਮਾ ਕੀਤਾ। ਯੂਨੀਵਰਸਿਟੀ ਵਿਚ ਉਹ ਵਿਦਿਆਰਥੀਆਂ ਦੀਆਂ ਸਰਗਰਮੀਆਂ ਵਿਚ ਕੁੱਦ ਪਿਆ। ਯੂਨੀਵਰਸਿਟੀ ਵਿਚ ਉਸਨੇ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਦੀ ਬੁਨਿਆਦ ਰੱਖੀ, ਜਿਸਦਾ ਪਹਿਲਾ ਪ੍ਰਧਾਨ ਉਸ ਨੂੰ ਹੀ ਚੁਣਿਆ ਗਿਆ। 1960 ਵਿਆਂ ਦੌਰਾਨ ਇਹੀ ਯੂਨੀਅਨ ਫਿਰ ਖੱਬੀ ਲਹਿਰ ਦੇ ਆਲਮੀ ਪ੍ਰਭਾਵ ਥੱਲੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਮ ਹੇਠ ਦੋ ਦਹਾਕੇ ਸਰਗਰਮ ਰਹੀ। ਦਲਬੀਰ ਸਿੰਘ ਨੇ ਹੀ ਚੰਡੀਗੜ੍ਹ ਵਿਚ ਯੂਨੀਅਨ ਵਲੋਂ ਪਹਿਲੀ ਆਲ ਇੰਡੀਆ ਸਟੂਡੈਂਟਸ ਕਾਨਫਰੰਸ ਕਰਵਾਈ ਸੀ।

ਦਲਬੀਰ ਸਿੰਘ ਦੀ ਪੱਤਰਕਾਰੀ ਦੀ ਸ਼ੁਰੂਆਤ ਦਿੱਲੀ ਤੋਂ ਛਪਦੇ ਅੰਗਰੇਜ਼ੀ ਦੇ ਅਖਬਾਰ 'ਪੈਟਰੀਆਟ' ਨਾਲ ਹੋਈ, ਜਿਸਦੀ ਮੈਨੇਜਮੈਂਟ ਦਾ ਉਹਨਾਂ ਦਿਨਾਂ ਵਿਚ ਰੁਝਾਨ ਸੀ. ਪੀ. ਆਈ. ਵੱਲ ਹੁੰਦਾ ਸੀ।ਪਰ ਕੁਝ ਕੁ ਮਹੀਨਿਆਂ ਬਾਅਦ ਉਹ ਯੂ. ਐਨ. ਆਈ. ਨਿਊਜ਼ ਏਜੰਸੀ ਦੇ ਰਿਪੋਰਟਰ ਬਣ ਕੇ ਜਲੰਧਰ ਆ ਗਏ।ਇਥੇ ਆ ਕੇ ਉਹਨਾਂ ਦਾ ਅਕਾਲੀ ਲੀਡਰਾਂ ਨਾਲ ਨੇੜਲਾ ਵਾਹ ਪਿਆ। ਪੰਜਾਬੀ ਸੂਬੇ ਦੀ ਲੜਾਈ ਜੋਰਾਂ ਉਤੇ ਸੀ, ਜਿਸ ਦੀ ਉਹਨਾਂ ਨੇ ਰਿਪੋਰਟਿੰਗ ਕੀਤੀ। ਸੰਤ ਫਤਹਿ ਸਿੰਘ ਆਦਿ ਦੇ ਮਰਨ ਵਰਤ ਦੇ ਨਾਟਕ ਦੇਖੇ, ਜਿਸ ਕਰਕੇ ਉਹ ਅਕਾਲੀ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ ਦੇ ਸਖਤ ਵਿਰੋਧੀ ਹੋ ਗਏ।ਅਕਾਲੀ ਵਿਰੋਧੀ ਇਸੇ ਮਾਨਸਿਕ ਗੰਢ ਨੇ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਤੋਂ ਬਾਅਦ ਵੱਡੇ ਸਦਮੇ ਵਿਚੋਂ ਉਭਰੀ ਸਿਆਸਤ ਉਤੇ ਵੱਡਾ ਅਸਰ ਪਾਇਆ। ਉਨ੍ਹਾਂ ਅੰਦਰ ਅਮੋੜ ਇਨਕਲਾਬੀ ਊਰਜਾ ਸੀ।ਉਨ੍ਹਾਂ ਵਿਚ ਸਮਿਆਂ ਦੀ ਹਲਚਲ ਵਿਚ ਧਸੀ ਪਈ ਸਥਿਤੀ ਨੂੰ ਤੋੜ੍ਹ ਕੇ ਵੱਡੇ ਬਦਲਾਅ ਦੇ ਰਾਹ ਪਾ ਦੇਣ ਦੀ ਅਥਾਹ ਸਮਰੱਥਾ ਸੀ। ਅਜੇਹੇ ਵੱਡੇ ਕਾਰਜਾਂ ਲਈ ਉਹਨਾਂ ਅੰਦਰ ਲਗਨ ਸੀ। ਪੈਸੇ ਤੇ ਸਿਆਸਤ ਦੀ ਨੇੜਤਾ ਨੂੰ ਫੜਨ ਦੀ ਸਮਝ ਸੀ ਅਤੇ ਲੋੜੀਂਦੀਆਂ ਕੂਟਨੀਤੀਆਂ ਨੂੰ ਬਿਨਾਂ ਜਾਤੀ ਸਮਝੌਤੇ ਕੀਤਿਆਂ ਵਰਤਣ ਦੀ ਮੁਹਾਰਿਤ ਵੀ ਸੀ।

ਇਸੇ ਕਰਕੇ ਉਨ੍ਹਾਂ ਨੇ 1965-66 ਦੇ ਸਮਿਆਂ ਵਿਚ ਅਖਬਾਰਾਂ ਦੇ ਹੈਡ-ਕੁਆਰਟਰ ਜਲੰਧਰ ਵਿਚ ਪੱਤਰਕਾਰਾਂ ਨੂੰ ਇਕ ਪਲੇਟਫਾਰਮ ਉਤੇ ਇਕੱਠੇ ਕਰ ਕੇ ਮਾਲਕਾਂ ਤੋਂ ਆਪਣੇ ਹੱਕ ਮੰਗਣ ਦੇ ਰਾਹ ਤੋਰ ਦਿੱਤਾ ਸੀ। ਫੋਕੀ ਵਾਹ-ਵਾਹ ਕਰਕੇ ਅਤੇ ਸਰਕਾਰੇ-ਦਰਬਾਰੇ ਸੁਖਾਲੀ ਪਹੁੰਚ ਹੋਣ ਕਰਕੇ ਬਹੁਤੇ ਪੱਤਰਕਾਰਾਂ ਦੇ ਧਰਤੀ ਉਤੇ ਪੈਰ ਨਹੀਂ ਲਗਦੇ। ਉਹ ਜ਼ਿਆਦਾਤਰ ਸਮਝੌਤਾਵਾਦੀ ਹੁੰਦੇ ਹੋਏ ਦੂਜੇ ਵਰਕਰਾਂ ਜਾਂ ਮੁਲਾਜ਼ਮਾਂ ਵਾਂਗੂ ਆਪਣੇ ਹੱਕਾਂ ਲਈ ਜੱਦੋਜਹਿਦ ਕਰਨ ਦੀ ਹਿੰਮਤ ਨਹੀਂ ਕਰਦੇ, ਜਿਸ ਕਰਕੇ ਅਖ਼ਬਾਰ ਮਾਲਕ ਉਹਨਾਂ ਦਾ ਵੱਡਾ ਸ਼ੋਸ਼ਣ ਕਰਦੇ ਰਹਿੰਦੇ। ਪਰ ਭਾਅ ਜੀ ਦੀ ਵੀ ਕਮਾਲ ਸੀ ਕਿ ਉਹਨਾਂ ਨੇ ਅਜਿਹੇ ਡੱਡੂਆਂ ਦੀ ਪੰਸੇਰੀ ਵਿਚੋਂ ਪੰਜਾਬ ਵਰਕਿੰਗ ਜਨਰਲਿਸਟ ਯੂਨੀਅਨ ਖੜ੍ਹੀ ਕਰ ਦਿੱਤੀ। ਦਲਬੀਰ ਸਿੰਘ ਹੀ ਇਸ ਯੂਨੀਅਨ ਦੇ ਤਿੰਨ ਸਾਲ ਪ੍ਰਧਾਨ ਰਹੇ ਅਤੇ ਚੰਡੀਗੜ੍ਹ ਦੇ ਕਹਿੰਦੇ ਕਹਾਉਂਦੇ ਪੱਤਰਕਾਰਾਂ ਨੂੰ ਇਸ ਯੂਨੀਅਨ ਨੂੰ ਤੋੜ ਕੇ ਵੱਖਰੀ ਯੂਨੀਅਨ ਖੜੀ ਨਹੀਂ ਕਰਨ ਦਿੱਤੀ।

ਪੰਜਾਬ ਸਟੂਡੈਂਟਸ ਯੂਨੀਅਨ ਨੂੰ ਖੜ੍ਹੀ ਕਰਨ ਦੀ ਤਰਜ਼ ਉਤੇ ਹੀ ਸ. ਦਲਬੀਰ ਸਿੰਘ ਨੇ ਸਰਕਾਰ ਵਲੋਂ ਦੇਸ਼ ਭਰ ਦੇ ਪੱਤਰਕਾਰਾਂ ਤੇ ਗੈਰ ਪੱਤਰਕਾਰਾਂ/ਅਖਬਾਰੀ ਕਾਮਿਆਂ ਲਈ ਪਹਿਲੇ 'ਵੇਜ ਬੋਰਡ' ਨੂੰ ਅਮਲੀ ਜਾਮਾ ਪਹਿਨਾਉਣ ਵਿਚ ਵੀ ਇਤਿਹਾਸਕ ਰੋਲ ਅਦਾ ਕੀਤਾ। ਦੇਸ਼ ਭਰ ਦੇ ਪਤਰਕਾਰ ਸੰਗਠਨ ਅਖਬਾਰੀ ਮਾਲਕਾਂ ਵਲੋਂ ਮਨਮਾਨੇ ਤਰੀਕੇ ਨਾਲ ਉਜਰਤ ਦੇਣ ਨੂੰ ਨਿਯਮਬੱਧ ਕਰਵਾਉਣ ਲਈ ਅਤੇ ਅਣਮਨੁੱਖੀ ਕੰਮ-ਕਾਜੀ ਹਾਲਤਾਂ ਨੂੰ ਸੁਧਾਰਨ ਲਈ ਸਰਕਾਰ ਕੋਲੋ ਪੱਤਰਕਾਰਾਂ ਲਈ ਵੱਖਰਾ 'ਵੇਜ-ਬੋਰਡ' ਕਾਇਮ ਕਰਨ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਸਨ। ਪਰ ਪੱਤਰਕਾਰ ਜਥੇਬੰਦੀਆਂ ਦੇ ਜ਼ਿਆਦਾਤਰ ਮੌਕਾਪ੍ਰਸਤ ਲੀਡਰ ਇਸ ਮੰਗ ਨੂੰ ਸੰਜੀਦਾ ਤਰੀਕੇ ਨਾਲ ਨਹੀਂ ਉਠਾ ਰਹੇ ਸਨ। ਇਹਨਾਂ ਲੀਡਰਾਂ ਦੀ ਕਮਜ਼ੋਰੀ-ਮੱਕਾਰੀ ਅਤੇ ਕਾਮੇ ਪੱਤਰਕਾਰਾਂ ਦੀ ਮਾੜੀ ਆਰਥਿਕ ਹਾਲਤ ਦਲਬੀਰ ਸਿੰਘ ਨੂੰ ਰੜਕ ਰਹੀ ਸੀ।

ਇਹ 1966 ਦਾ ਵਾਕਿਆ ਹੈ ਕਿ ਦਲਬੀਰ ਸਿੰਘ ਪੰਜਾਬ ਵਰਕਿੰਗ ਜਨਰਲਿਸਟ ਯੂਨੀਅਨ ਦੇ ਪ੍ਰਧਾਨ ਦੀ ਹੈਸੀਅਤ ਵਿਚ ਜਲੰਧਰ ਤੋਂ ਦਰਜਨ ਕੁ ਪੱਤਰਕਾਰ ਲੈ ਕੇ ਦਿੱਲੀ ਪਹੁੰਚ ਗਿਆ। ਪਾਰਲੀਮੈਂਟ ਦਾ ਸ਼ੈਸ਼ਨ ਚੱਲ ਰਿਹਾ ਸੀ। ਅੱਗੋਂ ਦਿੱਲੀ ਵਿੱਚ ਕਾਬਜ਼ ਪੱਤਰਕਾਰ ਲੀਡਰਾਂ ਨੇ ਉਨ੍ਹਾਂ ਨੂੰ ਕਿਹਾ ਕਿ ''ਤੂੰ ਕੌਣ ਹੁੰਨੈ ਕਿ ਦੇਸ਼-ਵਿਆਪੀ ਮੰਗ ਨੂੰ ਲੈ ਕੇ ਮੋਢੀ ਬਣਿਆ ਫਿਰੇ? '' ਉਨ੍ਹਾਂ ਨੇ ਦਲਬੀਰ ਸਿੰਘ ਦਾ ਬਾਈਕਾਟ ਕਰ ਦਿੱਤਾ।

ਉਨ੍ਹਾਂ ਦਿਨਾਂ ਵਿਚ ਲੋਕਤੰਤਰ ਵਿਚ ਅਜੇ ਲੋੜੀਂਦੀ ਲਚਕ ਬਾਕੀ ਸੀ ਅਤੇ ਪੁੱਠੇ ਰਾਹ ਪੈ ਕੇ ਅੱਜ ਦੀ ਤਰ੍ਹਾਂ ਸਰਕਾਰੀ ਤੰਤਰ ਧੱਕਾ ਅਤੇ ਠੱਗੀ-ਤੰਤਰ ਨਹੀਂ ਸੀ ਬਣਿਆ।ਵੱਡੇ-ਵੱਡੇ ਸਿਆਸੀ ਲੀਡਰ ਬਿਨਾ-ਸੁਰੱਖਿਆ ਦਸਤਿਆਂ ਤੋਂ ਲੋਕਾਂ ਵਿਚ ਘੁੰਮਦੇ ਫਿਰਦੇ ਅਤੇ ਉਹਨਾਂ ਨੂੰ ਮਿਲਦੇ ਰਹਿੰਦੇ ਸਨ। ਇੰਡੀਅਨ ਸਟੇਟ ਦਾ ਲੋਕਾਂ ਨਾਲ ਹਾਕਮ ਤੇ ਹਕੂਕ ਵਾਲਾ ਰਿਸ਼ਤਾ ਨਹੀਂ ਸੀ, ਜਿਹੜਾ ਕਿ 1970ਵਿਆਂ ਅਤੇ ਖਾਸ ਕਰਕੇ 1975 ਦੀ ਐਮਰਜੈਂਸੀ ਤੋਂ ਬਾਅਦ ਕਾਇਮ ਹੋਇਆ। ਉਨ੍ਹਾਂ ਦਿਨਾਂ ਵਿਚ ਪਾਰਲੀਮੈਂਟ ਹਾਊਸ ਤੀਹਰੇ-ਚੌਹਰੇ ਸੁਰੱਖਿਆ ਘੇਰਿਆ ਵਿਚ ਅਜੇ ਨੂੜ੍ਹਿਆ ਨਹੀਂ ਸੀ ਗਿਆ।ਪਾਰਲੀਮੈਂਟ ਹਾਊਸ ਦੇ ਮੁੱਖ ਗੇਟ ਤੱਕ ਮੁਜਾਹਰਕਾਰੀ ਪਹੁੰਚ ਜਾਂਦੇ ਸਨ, ਜਿਨ੍ਹਾਂ ਦੇ ਕੋਲੋ ਦੀ ਸ਼ੈਸ਼ਨ ਵਿਚ ਹਾਜ਼ਰ ਹੋਣ ਲਈ ਬਹੁਤੇ ਮੈਂਬਰ ਪਾਰਲੀਮੈਂਟ ਪੈਦਲ ਹੀ ਗੁਜ਼ਰਦੇ ਸਨ। ਫਿਰ ਵੀ ਉਹਨਾਂ ਭਲਿਆ ਵੇਲਿਆਂ ਵਿਚ ਦਲਬੀਰ ਸਿੰਘ ਦਾ ਜਾਤੀ ਉੱਦਮ ਤੇ ਸਾਹਸ ਇਕ ਨਿਵੇਕਲਾ ਕਾਰਨਾਮਾ ਸੀ।

ਜਦੋਂ ਦੇਸ਼ ਦੀ ਰਾਜਧਾਨੀ ਵਿਚੋਂ ਕੋਈ ਵੀ ਪੱਤਰਕਾਰ ਸੰਗਠਨ ਤੇ ਲੀਡਰ ਨਾਲ ਨਾ ਤੁਰਿਆ ਤਾਂ ਉਹ ਆਪਣੇ ਜਲੰਧਰ ਦੇ ਪੱਤਰਕਾਰ ਸਾਥੀਆਂ ਨੂੰ ਹੀ ਨਾਲ ਲੈ ਕੇ ਪਾਰਲੀਮੈਂਟ ਅੱਗੇ ਭੁੱਖ ਹੜਤਾਲ ਉਤੇ ਬੈਠ ਗਿਆ। ਦੋ ਸੋਟੀਆਂ ਉਤੇ ਮੋਟੇ ਸਫੈਦ ਅਖਰਾਂ ਵਿਚ ਲਾਲ ਕੱਪੜੇ ਉਤੇ ਬਣਿਆ ਪੰਜਾਬ ਪੱਤਰਕਾਰ ਯੂਨੀਅਨ ਦਾ ਬੈਨਰ ਲਟਕਾ ਦਿੱਤਾ ਤੇ 'ਵੇਜ ਬੋਰਡ' ਦੀ ਮੰਗ ਲੈ ਕੇ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ। ਪਹਿਲੇ ਦਿਨ ਹੀ ਉਹਨਾਂ ਦਿਨਾਂ ਦਾ ਮਸ਼ਹੂਰ ਕਾਮਰੇਡ ਲੀਡਰ ਏ. ਕੇ. ਗੋਪਾਲਨ ਉਹਨਾਂ ਨੂੰ ਸੰਬੋਧਨ ਕਰਨ ਆ ਗਿਆ। ਲੋਕ ਸਭਾ ਅੰਦਰ ਇਸ ਮਸਲੇ ਉਤੇ ਕਮਿਊਨਿਸਟ ਪਾਰਟੀ ਨੇ 'ਕੰਮ ਰੋਕੂ ਮਤਾ' ਪੇਸ਼ ਕਰ ਦਿੱਤਾ। ਉਸਦੇ ਜਵਾਬ ਵਿਚ ਸਰਕਾਰ ਨੇ ਹਾਊਸ ਅੰਦਰ ਛੇ ਮਹੀਨੇ ਦੇ ਅੰਦਰ-ਅੰਦਰ 'ਵੇਜ ਬੋਰਡ' ਸਥਾਪਿਤ ਕਰਨ ਦਾ ਯਕੀਨ ਦਿਵਾ ਦਿੱਤਾ। ਪਿਛਲੇ ਪਹਿਰ ਕੇਂਦਰੀ ਕਿਰਤ ਸਕੱਤਰ ਨੇ ਦਲਬੀਰ ਸਿੰਘ ਨੂੰ ਬੁਲਾ ਕੇ ਡੇਢ ਘੰਟਾ ਗੱਲਬਾਤ ਕਰ ਕੇ 'ਵੇਜ ਬੋਰਡ' ਨੂੰ ਸਥਾਪਤ ਕਰਨ ਦਾ ਸਰਕਾਰੀ ਪੱਧਰ ਉਤੇ ਵਿਸ਼ਵਾਸ ਦਿਵਾ ਦਿਤਾ। ਇਉਂ ਦੇਸ਼ ਭਰ ਦੇ ਪੱਤਰਕਾਰਾਂ ਦੀ ਵੱਡੀ ਮੰਗ ਮੰਨਵਾ ਕੇ ਦਲਬੀਰ ਸਿੰਘ ਅਤੇ ਉਸਦੇ ਸਾਥੀ ਰਾਤ ਦੀ ਗੱਡੀ ਫੜ ਕੇ ਸਵੇਰੇ ਵਾਪਸ ਜਲੰਧਰ ਪਰਤ ਆਏ।

1967 ਵਿਚ ਯੂ ਐਨ ਆਈ ਦੇ ਉਨ੍ਹਾਂ ਦਿਨਾਂ ਦੇ ਜਨਰਲ ਮੈਨੇਜਰ ਕੁਲਦੀਪ ਨਈਅਰ ਨੂੰ ਦਲਬੀਰ ਸਿੰਘ ਦੀ ਅਕਾਲੀ ਮੋਰਚੇ ਖਾਸ ਕਰਕੇ ਸੰਤ ਫਤਹਿ ਸਿੰਘ ਦੇ ਰੋਲ ਬਾਰੇ ਕੀਤੀ 'ਰਿਪੋਰਟਿੰਗ' ਪਸੰਦ ਨਾ ਆਈ। ਜਦੋਂ ਦਲਬੀਰ ਸਿੰਘ ਦੀ ਬਦਲੀ ਗੁਹਾਟੀ ਯੂ. ਐਨ. ਆਈ. ਆਫਿਸ ਵਿਚ ਕਰ ਦਿੱਤੀ ਗਈ ਤਾਂ ਉਸਨੇ ਅਸਤੀਫਾ ਦੇ ਕੇ 'ਪੈਟਰੀਆਟ' ਅਖ਼ਬਾਰ ਚੰਡੀਗੜ੍ਹ ਵਿਚ ਜੁਆਇਨ ਕਰ ਲਿਆ।

ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾਂ ਸ਼ਤਾਬਦੀ ਨੂੰ ਮਨਾਉਣ ਸਮੇਂ ਪੰਜਾਬ ਸਰਕਾਰ ਨੇ 1969 ਵਿਚ ਗੁਰੂ ਜੀ ਦੇ ਨਾਮ ਉਤੇ ਅੰਮ੍ਰਿਤਸਰ ਵਿਚ ਯੂਨੀਵਰਸਿਟੀ ਖੋਲ੍ਹਣ ਦਾ ਫੈਸਲਾ ਕੀਤਾ ਪਰ ਜਲੰਧਰ ਦੀ ਮਹਾਸ਼ਾ ਪ੍ਰੈਸ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ। ਆਰੀਆ ਸਮਾਜੀ ਅਖਬਾਰਾਂ ਵਿਚ ਯੂਨੀਵਰਸਿਟੀ ਦੇ ਵਿਰੋਧ ਵਿੱਚ ਵੱਡੇ ਵੱਡੇ ਲੇਖ ਛਪਣ ਲੱਗੇ। ਡੀ ਏ ਵੀ ਕਾਲਜਾਂ ਨੇ ਫੈਸਲਾ ਕਰ ਲਿਆ ਕਿ ਉਹ ਅੰਮ੍ਰਿਤਸਰ ਯੂਨੀਵਰਸਿਟੀ ਨਾਲ ਨਹੀਂ ਜੁੜਨਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਅਤੇ ਰਜਿਸਟਰਾਰ ਭਰਪੂਰ ਸਿੰਘ ਤੋਂ ਵਿਰੋਧੀ ਅਖਬਾਰੀ ਪ੍ਰਚਾਰ ਦਾ ਢੁਕਵਾ ਜਵਾਬ ਨਹੀਂ ਸੀ ਦਿੱਤਾ ਜਾ ਰਿਹਾ। ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦੇ ਕਹਿਣ ਉਤੇ ਸ. ਦਲਬੀਰ ਸਿੰਘ ਯੂਨੀਵਰਸਿਟੀ ਦਾ ਲੋਕ ਸੰਪਰਕ ਅਧਿਕਾਰੀ ਬਣ ਕੇ ਮਹਾਸ਼ਾ ਪ੍ਰੈਸ ਦੀ ਭੰਡੀ-ਪ੍ਰਚਾਰ ਵਾਲੀ ਮੁਹਿੰਮ ਨੂੰ ਠੱਲ੍ਹ ਪਾਉਣ ਵਿਚ ਜੁਟ ਗਿਆ। ਸੱਤ ਸਾਲ ਦਲਬੀਰ ਸਿੰਘ ਯੂਨੀਵਰਸਿਟੀ ਵਿਚ ਟਿਕਿਆ ਰਿਹਾ। ਪਰ ਵਾਈਸ ਚਾਂਸਲਰ ਸਮੁੰਦਰੀ ਵਲੋਂ ਇਜਾਜ਼ਤ ਨਾ ਦੇਣ ਕਰਕੇ ਉਹ ਆਪਣੀ ਪੀ ਐਚ ਡੀ ਕਰਨ ਦੀ ਤਮੰਨਾ ਪੂਰੀ ਨਾ ਕਰ ਸਕਿਆ।

1969-70ਵਿਆਂ ਵਿਚ ਪੰਜਾਬ ਅੰਦਰ ਨਕਸਲਵਾੜੀ ਲਹਿਰ ਦਾ ਉਭਾਰ ਜ਼ੋਰਾਂ ਉਤੇ ਸੀ।ਉਹ ਕਈ ਨਕਸਲਵਾੜੀ ਆਗੂਆਂ ਦੇ ਸੰਪਰਕ ਵਿਚ ਰਿਹਾ। ਹਾਕਮ ਸਿੰਘ ਸਮਾਓ ਨਾਲ ਉਸਦੀ ਚੰਗੀ ਨੇੜ੍ਹਤਾ ਸੀ।ਬਠਿੰਡੇ ਵਿਚ ਟ੍ਰਿਬਿਊਨ ਦੇ ਰਿਪੋਰਟਰ ਹੋਣ ਸਮੇਂ ਸ. ਦਲਬੀਰ ਸਿੰਘ ਮੈਨੂੰ ਨਾਲ ਲੈ ਕੇ ਹਾਕਮ ਸਿੰਘ ਸਮਾਓ ਨੂੰ ਮਿਲਣ ਉਸਦੇ ਭੀਖੀ ਨੇੜੇ ਪਿੰਡ ਵਿਚ ਗਿਆ। ਐਮਰਜੈਂਸੀ ਪਿਛੋਂ ਹਾਕਮ ਸਿੰਘ ਸਮਾਓ ਗੁਪਤ ਹਥਿਆਰਬੰਦ ਲੜਾਈ ਛੱਡ ਕੇ ਖੁੱਲ੍ਹੀ ਖੱਬੇ ਪੱਖੀ ਸਿਆਸਤ ਵਿਚ ਸ਼ਾਮਿਲ ਹੋ ਗਿਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਛੱਡ ਕੇ ਦਲਬੀਰ ਸਿੰਘ ਕੁਝ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਬਲਿਕ ਰੀਲੇਸ਼ਨ ਅਫਸਰ ਵੀ ਰਿਹਾ ਅਤੇ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਗਏ ਪਹਿਲੇ ਪੱਤਰਕਾਰੀ ਕੋਰਸ ਵਿਚ ਸਾਨੂੰ ਪੜ੍ਹਾਉਂਦਾ ਵੀ ਰਿਹਾ।ਐਮਰਜੈਂਸੀ ਤੋਂ ਬਾਅਦ ਟ੍ਰਿਬਿਊਨ ਵਿਚ ਬਤੌਰ ਰੀਪੋਰਟਰ ਉਸ ਦੀ 'ਐਂਟਰੀ' ਬੜੇ ਨਾਟਕੀ ਢੰਗ ਨਾਲ ਹੋਈ।ਟ੍ਰਿਬਿਊਨ ਅਖਬਾਰ ਵਿਚ ਇੰਟਰਵਿਊ ਤੋਂ ਪਹਿਲਾਂ ਉਮੀਦਵਾਰਾਂ ਨੂੰ 'ਐਮਰਜੈਂਸੀ' ਉਤੇ ਲੇਖ ਲਿਖਣ ਲਈ ਕਿਹਾ ਗਿਆ।ਪੇਪਰ 'ਤੇ ਨੰਬਰ ਲਾਉਣ ਵਾਲੇ ਨੇ ਉਸਨੂੰ ਚੌਥੇ ਨੰਬਰ ਉਤੇ ਲਿਆਂਦਾ।ਯਾਨੀ ਇੰਟਰਵਿਊ ਤੋਂ ਬਾਹਰ ਹੀ ਕੱਢ ਦਿੱਤਾ। ਪਰ ਟ੍ਰਿਬਿਊਨ ਟਰੱਸਟ ਦੇ ਮੈਂਬਰ ਡਾ. ਐਮ. ਐਸ. ਰੰਧਾਵਾ ਨੂੰ ਉਮੀਦਵਾਰਾਂ ਦੇ ਪੇਪਰਾਂ ਉਤੇ ਨੰਬਰ ਲਾਉਣ ਬਾਰੇ ਕੁਝ ਸ਼ੱਕ ਹੋ ਗਿਆ। ਡਾ. ਰੰਧਾਵਾ ਨੇ ਸਾਰੇ ਪੇਪਰਾਂ ਨੂੰ ਟਰੱਸਟ ਦੇ ਸਾਹਮਣੇ ਪੇਸ਼ ਕਰਕੇ ਦੁਬਾਰਾ ਨੰਬਰ ਲਾਉਣ ਲਈ ਕਿਹਾ। ਦਲਬੀਰ ਸਿੰਘ ਦਾ 'ਪੇਪਰ' ਪਹਿਲੇ ਨੰਬਰ ਉਤੇ ਆ ਗਿਆ ਤੇ ਉਸ ਦੀ 'ਸਿਲੈਕਸ਼ਨ' ਪਹਿਲੇ ਨੰਬਰ ਉਤੇ ਹੋਈ।

13 ਅਪ੍ਰੈਲ 1978 ਦੀ ਵਿਸਾਖੀ ਸਮੁੱਚੇ ਸਿੱਖ ਪੰਥ ਲਈ ਪੰਜਾਬ ਦੀ ਸਿਆਸਤ ਵਿੱਚ ਅਣਕਿਆਸਾ ਬਦਲ ਤੇ ਇੰਡੀਅਨ ਰਾਸ਼ਟਰਵਾਦ ਵਿਚ ਇਕ ਨਵਾਂ ਮੋੜ ਲੈ ਕੇ ਆਈ।ਇੰਡੀਆ ਦੀ ਪਹਿਲੇ ਧਰਮ ਨਿਰਪੱਖ ਨਾਹਰੇ ਵਾਲੀ ਜਮਹੂਰੀਅਤ ਉਤੇ ਪੂਰਨ ਵਿਰਾਮ ਚਿੰਨ੍ਹ ਲੱਗ ਗਿਆ ਅਤੇ ਨਵੀਂ ਹਿੰਦੂਵਾਦੀ ਰਾਸ਼ਟਰਵਾਦ ਦੀ ਸਿਆਸਤ ਦਾ ਆਰੰਭ ਹੋਇਆ। ਅੰਮ੍ਰਿਤਸਰ ਵਿਚ ਉਸ ਵਿਸਾਖੀ ਵਾਲੇ ਦਿਨ ਹੋਏ ਸਿੱਖ-ਨਿਰੰਕਾਰੀ ਕਾਂਡ ਨੇ ਦਲਬੀਰ ਸਿੰਘ ਦੀ ਜ਼ਿੰਦਗੀ, ਨਜ਼ਰੀਆ ਅਤੇ ਸਿਆਸੀ ਸੋਚ ਨੂੰ ਉੱਕਾ ਹੀ ਬਦਲ ਕੇ ਰੱਖ ਦਿੱਤਾ। ਟ੍ਰਿਬਿਊਨ ਦੇ ਸੀਨੀਅਰ ਰਿਪੋਰਟਰ ਦੇ ਤੌਰ ਉਤੇ ਉਨ੍ਹਾਂ ਨੇ ਵਿਸਾਖੀ ਵਾਲੇ ਦਿਨ ਹਿੰਸਕ ਕਾਂਡ ਦੇ ਉੱਭਰਨ, ਵਾਪਰਨ ਅਤੇ ਪੰਜਾਬੀ ਸਮਾਜ ਉਤੇ ਪਏ ਇਸ ਦੇ ਅਮਿੱਟ ਪ੍ਰਭਾਵਾਂ ਨੂੰ ਚਸ਼ਮਦੀਦ ਗਵਾਹ ਦੇ ਤੌਰ ਉਤੇ ਨੇੜਿਓਂ ਵਾਚਿਆ ਤੇ ਉਸ ਦੀ ਹੂ-ਬ-ਹੂ 'ਰਿਪੋਰਟਿੰਗ' ਕੀਤੀ।

ਉਸ ਵਿਸਾਖੀ ਵਾਲੇ ਦਿਨ ਹੀ ਦਲਬੀਰ ਸਿੰਘ ਨੇ ਪਹਿਲੀ ਵੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨੇੜਿਓਂ ਡਿੱਠਾ। ਦਰਬਾਰ ਸਾਹਿਬ ਦੀ ਮੰਜੀ ਸਾਹਿਬ ਦੀ ਸਟੇਜ ਉਤੇ ਸੰਤ ਭਿੰਡਰਾਂਵਾਲਿਆਂ ਦਾ ਪੰਜਾਬ ਦੇ ਉਸ ਸਮੇਂ ਦੇ ਮਾਲ ਮੰਤਰੀ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨਾਲ ਅੰਮ੍ਰਿਤਸਰ ਵਿਚ ਚੱਲ ਰਹੇ ਨਿਰੰਕਾਰੀ ਸਮਾਗਮ ਵਿੱਚ ਸਿੱਖ-ਵਿਰੋਧੀ ਭੰਡੀ ਪ੍ਰਚਾਰ ਨੂੰ ਲੈ ਕੇ ਹੋਏ ਖੁੱਲ੍ਹੇ ਤਕਰਾਰ ਨੂੰ ਸੁਣਿਆ ਦੇਖਿਆ।

ਜੇ ਦਲਬੀਰ ਸਿੰਘ ਵਲੋਂ ਸਿੱਖ-ਨਿਰੰਕਾਰੀ ਕਾਂਡ ਦੀ ਨੇੜਿਓ ਤੱਕੀ ਸਹੀ 'ਰਿਪੋਰਟਿੰਗ' ਨਾ ਕੀਤੀ ਹੁੰਦੀ ਤਾਂ ਪੁਲਿਸ ਤੇ ਮੀਡੀਏ ਨੇ ਉਹ ਕਤਲ 'ਸਿੱਖ ਹਮਲਾਵਰ ਜਥੇ' ਦੇ ਖਾਤੇ ਵਿਚ ਪਾ ਦੇਣੇ ਸਨ।ਸਰਕਾਰੀ ਤੌਰ ਉਤੇ ਆਹਮਣੇ-ਸਾਹਮਣੇ ਤੋਂ ਦੋਨਾਂ ਧਿਰਾਂ ਦਰਮਿਆਨ ਚੱਲੀ ਗੋਲੀ ਦਾ ਦ੍ਰਿਸ਼ ਸਿਰਜ ਦੇਣਾ ਪੁਲਿਸ ਲਈ ਕੋਈ ਮੁਸ਼ਕਿਲ ਪ੍ਰਕਿਰਿਆ ਨਹੀਂ ਸੀ। ਦੋ ਧਿਰਾਂ ਦੀ ਆਪਸੀ ਲੜਾਈ ਪੇਸ਼ ਕਰਨ ਨਾਲ ਸਿੱਖ ਮਾਨਸਿਕਤਾ ਵਿਚ ਨਿਰੰਕਾਰੀ, ਹਿੰਦੂ ਅਤੇ ਆਰੀਆ ਸਮਾਜੀ ਲੀਡਰਾਂ ਵਿਰੁੱਧ ਗੁੱਸਾ ਤੇ ਰੋਹ ਉਸ ਰੂਪ ਵਿਚ ਨਹੀਂ ਭੜਕਣਾ ਸੀ।

ਉਸ ਦਿਨ ਅੰਮ੍ਰਿਤਸਰ ਵਿਚ ਹਾਜ਼ਰ ਪ੍ਰਕਾਸ਼ ਸਿੰਘ ਬਾਦਲ ਦੀ ਮੱਕਾਰੀ ਤੋਂ ਅਤੇ ਕੇਂਦਰੀ ਸਰਕਾਰ ਵਲੋਂ ਅੱਤਿਆਚਾਰ ਅਤੇ ਧੱਕੇਸ਼ਾਹੀ ਦੀ ਗੰਢ ਬਹੁਤੇ ਸਿੱਖਾਂ ਦੇ ਮਨ-ਮਸਤਕ ਵਿਚ ਉਸੇ ਵੇਲੇ ਬੱਝ ਗਈ ਸੀ।ਬਾਅਦ ਵਿਚ 1984 ਦੇ ਦੁਖਾਂਤ ਤੇ ਆਉਂਦੇ ਸਮਿਆਂ ਨੇ ਇਹ ਗੰਢ ਹੋਰ ਵੀ ਪੀਡੀ ਕਰ ਦਿੱਤੀ। ਜਿਸ ਤਰੀਕੇ ਨਾਲ ਸੰਤ ਭਿੰਡਰਾਂਵਾਲਿਆਂ ਨੇ ਅੱਗੇ ਲੱਗ ਕੇ ਮ੍ਰਿਤਕ ਸਿੰਘਾਂ ਦੀਆਂ ਲਾਸ਼ਾਂ ਸੰਭਾਲੀਆਂ ਅਤੇ ਅਗਲੇ ਦਿਨ ਆਪ ਮੁਹਾਰੇ ਹੋਏ ਜੋਸ਼ੀਲੇ ਅਤੇ ਗੁੱਸੇ ਵਿਚ ਭੜਕੇ ਸਿਖ ਨੌਜਵਾਨਾਂ ਨੂੰ ਕਾਬੂ ਕਰਕੇ ਗੁਰਦੁਆਰੇ ਸ਼ਹੀਦਾਂ ਲਾਗੇ ਸਸਕਾਰ ਕਰਵਾਇਆ, ਉਸ ਤੋਂ ਸ. ਦਲਬੀਰ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਲੰਬੇ ਸਮਿਆਂ ਬਾਅਦ ਸਿੱਖਾਂ ਨੂੰ ਸੰਤਾਂ ਦੇ ਰੂਪ ਵਿਚ ਇੱਕ ਸਹੀ ਲੀਡਰ ਮਿਲ ਗਿਆ ਹੈ।ਇਸੇ ਹੀ ਪ੍ਰਭਾਵ ਥੱਲੇ ਦਲਬੀਰ ਸਿੰਘ ਪਹਿਲੀ ਵਾਰੀ ਖੁਦ ਚਲ ਕੇ ਦਮਦਮੀ ਟਕਸਾਲ ਦੇ ਹੈਡਕੁਆਰਟਰ ਮਹਿਤਾ ਚੌਂਕ ਗਿਆ ਅਤੇ ਸੰਤਾਂ ਦੀ ਤਿੰਨ ਘੰਟੇ ਲੰਬੀ ਇੰਟਰਵਿਊ ਕੀਤੀ।ਉਸਦੇ ਮਨ ਵਿਚ ਸੰਤ ਦੀ ਵਿਲੱਖਣ ਤੇ ਨਿਵੇਕਲੀ ਸ਼ਖਸੀਅਤ ਦੀ ਛਾਪ ਹੋਰ ਡੂੰਘੀ ਹੋ ਗਈ।

ਸੰਤਾਂ ਦੇ ਕਮਰੇ ਵਿਚੋਂ ਬਾਹਰ ਨਿਕਲਣ ਸਮੇਂ ਸ. ਦਲਬੀਰ ਸਿੰਘ ਨੇ ਸਪੱਸ਼ਟ ਹੀ ਬੋਲ ਦਿੱਤਾ, ''ਸੰਤ ਜੀ ਤੁਸੀਂ 31 ਸਾਲਾਂ ਦੇ ਭਰ ਜਵਾਨ ਹੋ। ਜੇ ਮਾਇਆ ਤੇ ਹੁਸਨ ਦੀ ਅਲੌਕਿਕ ਅਤੇ ਸ਼ਕਤੀਸ਼ਾਲੀ ਲਪੇਟ ਵਿਚੋਂ ਸਬੂਤੇ ਬਚੇ ਰਹੇ ਤਾਂ ਤੁਹਾਡੀ ਸਿੱਖ ਵਿਚਾਰਧਾਰਾ ਅਤੇ ਉਸਦੇ ਉਤੇ ਅਮਲ ਕਰਨ ਦਾ ਦ੍ਰਿੜ੍ਹ ਨਿਸ਼ਚਾ ਤੁਹਾਨੂੰ ਅਤੇ ਸਾਰੇ ਸਿੱਖ ਸਮਾਜ ਨੂੰ ਵੱਡੇ ਇਤਿਹਾਸਕ ਜੋਖਮ ਵਿਚ ਪਾ ਦੇਵੇਗਾ।''

ਉਹ ਇੰਟਰਵਿਊ ਦਲਬੀਰ ਸਿੰਘ ਨੇ ਟ੍ਰਿਬਿਊਨ ਅਖਬਾਰ ਸਮੂਹ ਨੂੰ ਇਕ ਛੋਟੀ ਜਿਹੇ ਫੀਚਰ (ਡਿਸਪੈਚ) ਦੇ ਰੂਪ ਵਿਚ ਭੇਜ ਦਿੱਤੀ, ਜਿਹੜੀ ਦਮਦਮੀ ਟਕਸਾਲ ਚਲਦੀ-ਫਿਰਦੀ ਯੂਨੀਵਰਸਿਟੀ ਦੇ ਸਿਰਲੇਖ ਹੇਠ ਛਪ ਗਈ।ਨਾਲ ਹੀ ਤੀਰ ਫੜ ਕੇ ਖੜ੍ਹੇ ਸੰਤਾਂ ਦੀ ਤਸਵੀਰ ਸੀ। ਸੰਤਾਂ ਬਾਰੇ ਅਖਬਾਰਾਂ ਵਿਚ ਇਹ ਪਹਿਲੀ ਖਬਰ ਸੀ। ਜਿਵੇਂ ਜਿਵੇਂ ਸੰਤ ਆਪਣੇ ਏਜੰਡੇ ਉਤੇ ਕਾਇਮ ਰਹਿ ਕੇ ਸਿਆਸਤ ਵਿਚ ਵੱਡਾ ਬੋਹੜ ਬਣ ਕੇ ਅਕਾਲੀ ਲੀਡਰਸ਼ਿਪ ਉਤੇ ਛਾਅ ਗਏ ਉਸੇ ਤਰਜ਼ ਉਤੇ ਸ. ਦਲਬੀਰ ਸਿੰਘ ਪੱਤਰਕਾਰੀ ਦੀਆਂ ਤੰਗ ਸੀਮਾਵਾਂ ਉਲੰਘਦਾ ਸਿੱਖਾਂ ਦੀ ਦਿਲੀ ਨਾਲ ਖੁੱਲ੍ਹਮ ਖੁੱਲ੍ਹੀ ਲੜਾਈ ਦੀ ਫਿਜਾ ਵਿਚ ਕੁੱਦ ਪਿਆ।



Archive

RECENT STORIES

Akal Guardian Nov 28-2020

Posted on November 27th, 2020

Charhdi Kala Nov 28-2020

Posted on November 27th, 2020

ਓਂਟਾਰੀਓ ਸਰਕਾਰ ਨਾਲ ਕੰਮ ਕਰਦੇ ਕੰਪਿਊਟਰ ਮਾਹਰ ਸੰਜੇ ਮਦਾਨ ਨੇ ਕੋਵਿਡ ਫੰਡ ਰਾਹੀਂ 11 ਮਿਲੀਅਨ ਭੋਟੇ

Posted on November 25th, 2020

ਚੰਦੂਮਾਜਰਾ ਨੇ ਰੈਲੀਆਂ ਦਾ ਦੌਰ ਆਰੰਭਿਆ, ਪ੍ਰੋਗਰਾਮ ਤੋਂ ਪਾਰਟੀ ਲੀਡਰਸ਼ਿਪ ਅਣਜਾਣ

Posted on November 24th, 2020

ਸ਼ਰਲੀ ਬੌਂਡ ਨੂੰ ਬੀਸੀ ਲਿਬਰਲ ਪਾਰਟੀ ਨੇ ਆਪਣੀ ਕਾਰਜਕਾਰੀ ਲੀਡਰ ਚੁਣਿਆ

Posted on November 23rd, 2020

ਭਾਈ ਰਮਨਦੀਪ ਸਿੰਘ ਗੋਲਡੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਰਿਹਾਅ

Posted on November 23rd, 2020

ਪੰਜਾਬ ਦਾ ਕਿਸਾਨ ਇਸ ਮੋੜ ਤੋਂ ਕਿੱਧਰ ਨੂੰ ਤੁਰੇ? ਦਿੱਲੀ ਅੱਗੇ ਗੋਡੇ ਟੇਕਣ ਵੱਲ ਜਾਂ ਨਵੇਂ ਖੇਤੀ ਮਾਡਲ ਵੱਲ?

Posted on November 22nd, 2020

ਹਰਿਆਣਾ 'ਚੋਂ ਖਾਦ ਲਿਆਉਣ ਦੇ ਦੋਸ਼ 'ਚ ਪੰਜਾਬ ਦੇ 4 ਕਿਸਾਨ ਗ੍ਰਿਫਤਾਰ

Posted on November 22nd, 2020

21 ਨਵੰਬਰ 2002 ਨੂੰ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦਿਆਂ.......!

Posted on November 20th, 2020

ਨਫਰਤ ਦੇ ਪ੍ਰਚਾਰਕ ਮੌਲਾਣਾ ਖਾਦਿਮ ਹੁਸੈਨ ਰਿਜ਼ਵੀ ਦੀ ਮੌਤ

Posted on November 19th, 2020

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

Posted on November 18th, 2020

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਜਥੇਦਾਰ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਿਹਾ; ਅਕਾਲੀ ਦਲ ਨੇ ਕੀਤੀ ਮਾਫੀ ਦੀ ਮੰਗ

Posted on November 18th, 2020