Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਛੁਡਾਵਣ ਹੈ ਵੱਡ ਧਰਮ॥ ਗਊ ਬ੍ਰਾਹਮਣ ਤੇ ਸੌ ਗੁਣਾ ਵੱਡੋ ਕਰਮ॥

Posted on August 1st, 2020

ਸ. ਗੁਰਤੇਜ ਸਿੰਘ

― ਗੁਰਤੇਜ ਸਿੰਘ 1 ਅਗਸਤ 2020

ਕਾਰਣ ਸਭ ਜਾਣਦੇ ਹਨ। ਇਹ ਆਰ-ਪਾਰ ਦੀ ਲੜਾਈ ਹੈ। ਵਿਰੋਧੀ ਸਮਝਦੇ ਹਨ ਕਿ ਹੁਣ ਇਹ ਜੰਗ ਸਿੱਖੀ ਦੇ ਖ਼ਾਤਮੇ ਉੱਤੇ ਹੀ ਮੁੱਕੇਗੀ। ਸਿੱਖ ਜਾਣਦੇ ਹਨ ਕਿ ਸਿੱਖੀ ਦੇ ਹਿੰਦ ਵਿੱਚ ਪੱਕੇ ਪੈਰੀਂ ਖੜ੍ਹੇ ਹੋ ਕੇ ਬਣਦਾ ਸਨਮਾਨ ਹਾਸਲ ਕਰਨ ਤੱਕ ਅਸੀਂ ਜੰਗ ਨਹੀਂ ਟਾਲ ਸਕਦੇ। ਓਸ ਸਮੇਂ ਦੇ ਆਉਣ ਤੱਕ ਸਿੱਖਾਂ ਵਾਸਤੇ ਆਪਣੇ ਗੈਰ ਸਿਆਸੀ ਵਰਗ ਦੀ ਹਰ ਸੰਭਵ ਹਿਫ਼ਾਜ਼ਤ ਲਾਜ਼ਮੀ ਹੈ; ਏਨੀ ਹੀ ਜ਼ਰੂਰੀ ਹੈ ਜਿੰਨਾ ਕਦੇ ਵੱਡੇ ਘੱਲੂਘਾਰੇ ਵਿੱਚ ਵਹੀਰ ਨੂੰ ਬਚਾ ਕੇ ਰੱਖਣਾ ਜ਼ਰੂਰੀ ਸੀ। ਗ਼ੈਰ ਸਿਆਸੀ ਵਰਗ ਨੂੰ ਬਚਾਉਣ ਦਾ ਕੰਮ ਸਿਆਸੀ ਵਰਗ ਦਾ ਸੀ ਜਿਨ੍ਹਾਂ ਦੀ ਹੋਂਦ ਗ਼ੈਰ-ਸਿਆਸੀ ਵਰਗ ਬਿਨਾ ਤਸੱਵਰ ਹੀ ਕੀਤੀ ਨਹੀਂ ਜਾ ਸਕਦੀ।

ਵਿਰੋਧੀ ਨੇ, ਖ਼ਾਸ ਕਰ ਕੇ 1984 ਤੋਂ ਬਾਅਦ, ਜੰਗੀ ਮੁਹਾਜ਼ ਛੱਡਿਆ ਹੀ ਨਹੀਂ। ਹੁਣ ਓਸ ਦਾ ਪੈਂਤੜਾ ਧਾਰਮਕ ਬਿਰਤੀ ਦੇ ਗ਼ੈਰ ਸਿਆਸੀ ਨੌਜਵਾਨਾਂ ਦਾ ਛਿਮਾਹੀ ਘਾਣ ਅਤੇ ਏਸ ਦੇ ਓਹਲੇ, ਬੁੱਕਲ ਦੇ ਮੀਡੀਆ ਕੋਲੋਂ ਸਮੁੱਚੇ ਸਿੱਖ ਪੰਥ ਵਿਰੁੱਧ ਪ੍ਰਚਾਰ ਕਰ ਕੇ ਸਿੱਖੀ ਦੇ ਪੈਰਾਂ ਹੇਠ ਅੱਗ ਬਲਦੀ ਰੱਖਣ ਉੱਤੇ ਮੁਨੱਸਰ ਹੈ। ਇਹ ਸਮਝਦੇ ਹਨ ਕਿ ਏਸ ਬਿਧ ਰਾਹੀਂ ਇਹ ਸਿੱਖ ਕੌਮ ਨੂੰ ਨਿਰੰਤਰ ਸਿਆਸੀ ਅਗਵਾਈ ਤੋਂ ਮਹਿਰੂਮ ਰੱਖ ਕੇ ਸਿੱਖੀ ਦੀ ਪਾਕ ਛਬੀ ਨੂੰ ਕਲੰਕਤ ਕਰਨ ਵਿੱਚ ਕਾਮਯਾਬ ਹੋ ਜਾਣਗੇ। ਸਿੱਖੀ ਰਹਿਤ ਅਤੇ ਇਖ਼ਲਾਕ ਦੀਆਂ ਜੜ੍ਹਾਂ ਪੁੱਟ ਕੇ ਸਹਿਜੇ ਹੀ ਸਿੱਖੀ ਦੇ ਮੁਨਾਰਿਆਂ ਨੂੰ ਢਾਹ ਸਕਣਗੇ। ਵੋਟਾਂ ਲੈਣ ਵਾਲਿਆਂ ਨੇ ਤਾਂ ਹਰ ਦੁਆਰੇ ਅਲਖ਼ ਜਗਾਉਣੀ ਹੀ ਹੁੰਦੀ ਹੈ। ਓਹ ਏਸ ਲਈ ਕੰਨ ਤੇ ਜ਼ੁਬਾਨ ਬੰਦ ਕਰ ਕੇ ਜਗਤ ਤਮਾਸ਼ਾ ਦੇਖ ਰਹੇ ਹਨ। ‘ਗਰਮ ਖਿਆਲੀਆਂ’ ਨੂੰ ਅਜੇ ਸਮਝ ਆਉਣੀ ਬਾਕੀ ਹੈ ਕਿ ਉਹ ਤਾਜ਼ਾ ਤਲੇ ਅਤੇ ਬੇਹੇ ਗਰਮ ਕੀਤੇ ਨਾਅਰਿਆਂ ਨੂੰ ਬੁਲੰਦ ਕਰ ਕੇ ਕੇਵਲ ਦੁਸ਼ਮਣ ਹੱਥ ਪਰਸਾ ਹੀ ਦੇ ਰਹੇ ਹਨ। ਸਮਝ ਦੀ ਲੋੜ ਵੀ ਨਹੀਂ ਕਿਉਂਕਿ ਕੇਵਲ ਇਹਨਾਂ ਹਾਲਤਾਂ ਵਿੱਚ ਹੀ ਹਲਵਾ ਮੰਡਾ ਚੰਗਾ ਚੱਲ ਸਕਦਾ ਹੈ।

ਇਹਨਾਂ ਹਾਲਤਾਂ ਵਿੱਚ ਨੌਜਵਾਨਾਂ ਉੱਤੇ ਬੇਕਿਰਕ ਚੱਲਦੇ ਕੁਹਾੜੇ ਨੂੰ ਰੋਕਣ ਦੀ ਜ਼ਿੰਮੇਵਾਰੀ ਆਮ ਨਿਤਾਣੇ ਲੋਕ ਸੰਭਾਲ ਰਹੇ ਹਨ। ਉਹਨਾਂ ਨੂੰ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਕੁਝ ਕੁ ਲੋਕਾਂ ਨੇ ਤਹੱਈਆ ਕੀਤਾ ਹੈ ਕਿ ਪੰਜਾਬ ਦਾ ਹਰ ਸ਼ਹਿਰ, ਜਿੱਥੇ ਕਚਹਿਰੀ ਲੱਗਦੀ ਹੈ, ਓਸ ਵਿੱਚ ਪੰਜ-ਸੱਤ ਸੇਵਾ ਕਰਨ ਦੇ ਚਾਹਵਾਨ ਵਕੀਲਾਂ ਦਾ ਇੱਕ ਸਮੂਹ ਤਿਆਰ ਕੀਤਾ ਜਾਵੇ। ਇਹਨਾਂ ਦੇ ਸਿਰਨਾਵੇਂ ਅਤੇ ਟੈਲੀਫ਼ੋਨ ਨੰਬਰ ਸੰਸਥਾ ਦੀ ਕੇਂਦਰੀ ਕਮੇਟੀ ਕੋਲ ਹਰ ਵਕਤ ਵਰਤਣ ਲਈ ਤਿਆਰ ਰੱਖੇ ਜਾਣਗੇ। ਪੁਲਿਸ ਵੱਲੋਂ ਕੀਤੇ ਕਮੀਨੇ ਹਮਲੇ ਦਾ ਪਤਾ ਲੱਗਦਿਆਂ ਹੀ ਕਮੇਟੀ ਵਾਰਦਾਤ ਦੇ ਸਭ ਤੋਂ ਨੇੜੇ ਵਾਲੇ ਵਕੀਲ ਸਾਹਿਬਾਨ ਨੂੰ ਮੁਕੰਮਲ ਅਤਾ-ਪਤਾ ਦੱਸ ਕੇ ਕਾਨੂੰਨੀ ਹਿਫ਼ਾਜ਼ਤ ਕਰਨ ਦੀ ਬੇਨਤੀ ਕਰ ਦੇਵੇਗੀ। ਕੋਸ਼ਿਸ਼ ਹੋਵੇਗੀ ਕਿ ਨਿਰਦੋਸ਼ ਫਸਾਏ ਗਏ ਸਿੰਘ/ਸਿੰਘਣੀ ਦੀ ਕਾਨੂੰਨੀ ਪੈਰਵੀ ਪਹਿਲੇ ਕੁਝ ਘੰਟਿਆਂ ਵਿੱਚ ਹੀ ਸ਼ੁਰੂ ਹੋ ਜਾਵੇ- ਉਹ ਵੀ ਮੁਕੰਮਲ ਤਿਆਰੀ ਨਾਲ।

ਕੇਂਦਰੀ ਕਮੇਟੀ ਦੇ ਇਹ ਕੰਮ ਹੋਣਗੇ : 1) ਵਾਰਦਾਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਤੁਰੰਤ ਇਕੱਠੀ ਕਰਨਾ। 2) ਨੇੜੇ ਦੇ ਵਕੀਲ ਸਮੂਹ ਨੂੰ ਤੁਰੰਤ ਜਾਣਕਾਰੀ ਦੇਣਾ। 3) ਵਕੀਲ ਦੀ ਫ਼ੀਸ ਘੱਟ ਤੋਂ ਘੱਟ ਸਮੇਂ ਵਿੱਚ ਪਹੁੰਚਾ ਦੇਣੀ। 4) ਮੀਡੀਆ ਆਦਿ ਰਾਹੀਂ ਤੁਰੰਤ ਜਾਣਕਾਰੀ ਲੋਕਾਂ ਨੂੰ ਦੇਣੀ ਤਾਂ ਜੋ ਹਿਰਾਸਤ ਵਿੱਚ ਤਸ਼ੱਦਦ ਨੂੰ ਰੋਕਿਆ ਜਾ ਸਕੇ। 5) ਮਸਲੇ ਦੇ ਨਿਬੜਨ ਤੱਕ ਪੈਰਵੀ ਕਰਨੀ ਅਤੇ ਉਪਰੋਕਤ ਸਭ ਕਾਰਵਾਈਆਂ ਲਈ ਯੋਗ ਸਾਧਨ ਮੁਹੱਈਆ ਕਰਵਾਉਣਾ।

ਨਿਆਂ ਪਸੰਦ ਲੋਕਾਂ, ਖ਼ਾਸ ਤੌਰ ਉੱਤੇ ਦਸਵੰਧ ਕੱਢਣ ਵਾਲੇ ਗੁਰਸਿੱਖਾਂ, ਨੂੰ ਵੀ ਆਪਣਾ ਭਰਪੂਰ ਹਿੱਸਾ ਏਸ ਮਹਾਂਯੱਗ ਵਿੱਚ ਪਾਉਣਾ ਪਵੇਗਾ। ਉਹਨਾਂ ਕੋਲੋਂ ਹੇਠ ਲਿਖੇ ਅਨੁਸਾਰ ਤਵੱਕੋਂ ਰੱਖੀ ਜਾਵੇਗੀ:

1) ਪਿੰਡ ਮੁਹੱਲੇ ਜਾਂ ਸ਼ਹਿਰ ਦੇ ਸਾਰੇ ਲੋਕ ਬਿਨਾ ਹੋਰ ਸਮਾਂ ਗਵਾਏ ਤੁਰੰਤ ਦਸਵੰਧ ਸਭਾਵਾਂ ਬਣਾ ਲੈਣ ਜਿਨ੍ਹਾਂ ਦੇ ਸਿਰਨਾਵੇਂ, ਸੰਪਰਕ ਨੰਬਰ ਆਦਿ ਕੇਂਦਰੀ ਕਮੇਟੀ ਨੂੰ ਭੇਜ ਦਿੱਤੇ ਜਾਣ।

2) ਲੋਕਲ ਸੰਗਤ ਆਪਣੀ ਦੇਖ-ਰੇਖ ਹੇਠ ਦਸਵੰਧ ਦੀ ਕਉਡੀ ਇਕੱਠੀ ਕਰ ਕੇ ਆਪਣੇ ਕੋਲ ਰੱਖ ਲਵੇ।

3) ਕੇਂਦਰੀ ਕਮੇਟੀ ਨੂੰ ਦੱਸ ਦਿੱਤਾ ਜਾਵੇ ਕਿ ਕਿੰਨੇਂ ਪੈਸੇ ਕਿਸ ਭਲੇ ਬੰਦੇ ਕੋਲ ਤਿਆਰ ਪਏ ਹਨ।

4) ਕੇਂਦਰੀ ਕਮੇਟੀ ਵੱਲੋਂ ਲਿਖਤੀ ਬੇਨਤੀ ਆਉਣ ਉੱਤੇ ਸਬੰਧਤ ਵਕੀਲ ਨੂੰ ਫ਼ੀਸ ਪੁੱਜਦੀ ਕਰ ਦਿੱਤੀ ਜਾਵੇ।

5) ਕਿਸੇ ਬੇਗ਼ੁਨਾਹ ਦੇ ਨਾਲ ਹੁੰਦੇ ਧੱਕੇ ਆਦਿ ਦਾ ਜਦੋਂ ਵੀ ਪਤਾ ਲੱਗੇ ਓਸ ਦੀ ਸੂਚਨਾ ਤੁਰੰਤ ਸਭ ਨੂੰ ਨਸ਼ਰ ਕੀਤੀ ਜਾਵੇ ਅਤੇ ਜੇ ਹੋ ਸਕੇ ਤਾਂ ਵਕੀਲ ਦਾ ਇੰਤਜ਼ਾਮ ਵੀ ਟਿੱਕੇ ਹੋਏ ਵਕੀਲਾਂ ਦੀ ਫਹਰਿਸਤ ਵੇਖ ਕੇ ਕਰ ਲਿਆ ਜਾਵੇ।

ਵਕੀਲ ਸਾਹਿਬਾਨ ਨੂੰ ਤਾਂ ਆਪਣੇ ਕੰਮ ਅਤੇ ਫ਼ਰਾਇਜ਼ ਦੱਸਣ ਦੀ ਲੋੜ ਹੀ ਨਹੀਂ। ਪੁਰਤਾਨ ਸਿੰਘ ਵਿੱਚ ਭਾਵਨਾ ਪ੍ਰਬਲ ਸੀ: “ਸਿੰਘ ਛੁਡਾਵਣ ਹੈ ਵਡ ਧਰਮ॥ ਗਊ ਬ੍ਰਾਹਮਣ ਤੇ ਸੌ ਗੁਣਾ ਵਡੋ ਕਰਮ॥” ਏਸੇ ਭਾਵਨਾ ਨੂੰ ਲੈ ਕੇ ਅਸੀਂ ਇਤਿਹਾਸ ਵਿੱਚ ਵਿਚਰੇ ਤਾਂ ਅਸੀਂ ਸਭ ਲੋਕਾਂ ਦੇ ਰਾਖੇ ਬਣ ਕੇ ਭਲ ਖੱਟੀ। ਅੱਜ, ਅਜੇ ਅਸਾਡਾ ਟੀਚਾ ਕੇਵਲ ਆਪਣੇ ਗੁਰਸਿੱਖ ਭੈਣਾਂ, ਭਰਾਵਾਂ ਅਤੇ ਬੱਚਿਆਂ ਦੀ ਕਾਨੂੰਨੀ ਰੱਖਿਆ ਕਰਨ ਦਾ ਹੈ। ਗੁਰੂ ਨੇ ਸਮਰੱਥਾ ਬਖ਼ਸ਼ੀ ਤਾਂ ਹਰ ਮਜ਼ਲੂਮ ਦੀ ਸੇਵਾ ਕਰਨ ਦੀ ਸਿੱਖੀ ਰੀਤ ਵੀ ਨਿਭਾਈ ਜਾਵੇਗੀ।

ਕੇਂਦਰੀ ਕਮੇਟੀ ਕੇਵਲ ਗੁਰੂ ਦੀ ਗੁਰਿਸੱਖਾਂ ਘਰੇ ਪਈ ਦਸਵੰਧ ਦੀ ਗੋਲਕ ਉੱਤੇ ਨਿਰਭਰ ਹੋਵੇਗੀ ਅਤੇ ਆਪਣੇ ਦਸਵੰਧ ਬਿਨਾ ਇੱਕ ਰੁਪਿਆ ਵੀ ਇਕੱਠਾ ਨਹੀਂ ਕਰੇਗੀ ਤੇ ਨਾ ਹੀ ਰੱਖੇਗੀ। ਜੇ ਗੁਰਸਿੱਖਾਂ ਵਿੱਚ ਦਸਵੰਧ ਦੀ ਜ਼ੁੰਮੇਵਾਰਾਨਾ ਅਤੇ ਯੋਗ ਵਰਤੋਂ ਦੀ ਰੀਤ ਗੁਰੂ ਦੀ ਮਿਹਰ ਨਾਲ ਦੁਬਾਰੇ ਫੇਰ ਪੈ ਗਈ ਤਾਂ ਕੇਂਦਰੀ ਕਮੇਟੀ ਪੰਥਕ ਸੇਵਾ ਦੇ ਵੱਡੇ-ਵੱਡੇ ਕੰਮ ਏਸੇ ਵਿਧੀ ਰਾਹੀਂ ਨੇਪਰੇ ਚਾੜ੍ਹਨ ਦੀ ਗੁਰੂ ਦੀ ਮਿਹਰ ਸਦਕਾ ਸਮਰੱਥਾ ਰੱਖਦੀ ਹੈ।

ਪ੍ਰਬੰਧਕਾਂ ਨੂੰ ਜਾਪਦਾ ਹੈ ਕਿ ਏਸ ਰਾਮਬਾਣ ਨੂੰ ਵਰਤ ਕੇ ਸਿੱਖਾਂ ਉੱਤੇ ਹੋ ਰਿਹਾ ਜ਼ੁਲਮ ਅਤੇ ਤਸ਼ੱਦਦ ਤੁਰੰਤ ਅਤੇ ਘੱਟ ਤੋਂ ਘੱਟ ਖ਼ਰਚੇ ਨਾਲ ਰੋਕਿਆ ਜਾ ਸਕਦਾ ਹੈ। ਜੇ ਕਿਸੇ ਭੈਣ/ਭਰਾ ਨੂੰ ਬਿਹਤਰ ਤਰੀਕਾ ਸੁੱਝਦਾ ਹੋਵੇ ਤਾਂ ਉਹ ਬਿਨਾ ਝਿਜਕ ਦੇ ਅਖ਼ਤਿਆਰ ਕਰ ਲਿਆ ਜਾਵੇਗਾ। ਕੇਂਦਰੀ ਕਮੇਟੀ ਹੁੰਗਾਰੇ ਦੀ ਉਡੀਕ ਵਿੱਚ ਹੈ। ਸਭ ਨੂੰ ਗੁਰੂ ਰੱਖੇ!Archive

RECENT STORIES

ਕੈਨੇਡਾ ਤੋਂ ਇੱਕ ਹੋਰ ਨੌਜਵਾਨ ਦੀ ਲਾਸ਼ ਜਾਵੇਗੀ ਪੰਜਾਬ

Posted on September 22nd, 2020

ਬਾਹਰਲਿਆਂ ਮੁਲਕਾਂ ਦੇ ਪੰਜਾਬੀ ਪੰਜਾਬ ਵਾਲਿਆਂ ਨਾਲ ਇਸ ਤਰਾਂ ਖੜ੍ਹਨ

Posted on September 22nd, 2020

ਕਿਸਾਨ ਜਥੇਬੰਦੀਆਂ ਨੇ ਬਾਦਲਾਂ ਦੇ ਘਰ ਮੂਹਰੋਂ ਮੋਰਚਾ ਸਮੇਟਿਆ; 24 ਤੋਂ 26 ਤੱਕ ਜ਼ੋਰਦਾਰ ਸੰਘਰਸ਼ ਦੀ ਤਿਆਰੀ; ਭਾਜਪਾ ਪ੍ਰਤੀ ਕਿਸਾਨਾਂ 'ਚ ਗੁੱਸਾ ਜ਼ੋਰਾਂ 'ਤੇ

Posted on September 22nd, 2020

24 ਅਕਤੂਬਰ 2020 ਨੂੰ ਹੋ ਸਕਦੀਆਂ ਹਨ ਬੀਸੀ 'ਚ ਚੋਣਾਂ

Posted on September 21st, 2020

ਟਰੰਪ ਨੇ ਟਿਕਟੌਕ ਦੀ ਬਾਂਹ ਮਰੋੜ ਕੇ 5 ਅਰਬ ਡਾਲਰ, 25 ਹਜ਼ਾਰ ਨੌਕਰੀਆਂ ਅਤੇ ਟਿਕਟੌਕ ਦਾ ਅਮਰੀਕਨ ਡਾਟਾ ਹਾਸਲ ਕਰ ਲਿਆ

Posted on September 20th, 2020

ਮਨੀ ਲਾਂਡਰਿੰਗ ਮਾਮਲੇ 'ਚ ਘਿਰੇ ਵੱਡੀ ਖਿਡਾਰੀ ਦੇ ਮਾਰੀਆਂ ਗੋਲੀਆਂ

Posted on September 20th, 2020

ਮੋਦੀ ਨੇ ਬਿਲ ਪਾਸ ਕਰਾ ਕੇ ਕਿਸਾਨਾਂ ਨੂੰ ਦਿੱਤੀ ਵਧਾਈ

Posted on September 20th, 2020

ਬੈਕਟੀਰੀਆ ਨਾ ਹੋਇਆ, ਸਰਸੇ ਆਲਾ ਸਾਧ ਹੋ ਗਿਆ !

Posted on September 19th, 2020

ਪੈਸੇ ਲੈ ਕੇ ਚੀਨ ਨੂੰ ਜਾਣਕਾਰੀ ਵੇਚਣ ਵਾਲਾ ਪੱਤਰਕਾਰ ਗ੍ਰਿਫਤਾਰ

Posted on September 19th, 2020

ਤਿੰਨ ਖੇਤੀ ਆਰਡੀਨੈਂਸ ਕੀ ਹਨ? ਆਪ ਹੀ ਪੜ੍ਹੋ

Posted on September 18th, 2020

ਸ. ਗੁਰਤੇਜ ਸਿੰਘ ਅਤੇ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਖਿਲਾਫ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸ. ਹਰਭਜਨ ਸਿੰਘ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਈ

Posted on September 18th, 2020

ਪੰਜਾਬ ਪੁਲਿਸ ਦੀ ਮਿਹਨਤ ਰੰਗ ਲਿਆਈ; ਵਾਲੀਬਾਲ ਰਾਹੀਂ ਦਹਿਸ਼ਤਗਰਦੀ ਫੈਲਾਉਣ ਵਾਲੇ ਕੀਤੇ ਕਾਬੂ ; ਵੱਡੇ ਨੁਕਸਾਨ ਤੋਂ ਹੋਇਆ ਬਚਾਅ ; ਮਿਲ ਸਕਦੇ ਨੇ ਰਾਸ਼ਟਰਪਤੀ ਮੈਡਲ

Posted on September 17th, 2020