Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ੰਭੂ ਮੋਰਚਾ ਹੁਣ ਸਰਗਰਮ ਸਿਆਸਤ ਵੱਲ: ਪੰਜਾਬ ਦਿੱਲੀ ਦੀ ਈਨ ਨਹੀਂ ਮੰਨੇਗਾ

Posted on October 26th, 2020

ਸ਼ੰਭੂ ਮੋਰਚਾ ਪੰਚਾਇਤ ਤਰਫੋਂ ਦੀਪ ਸਿੱਧੂ, ਜੋਗਾ ਸਿੰਘ ਚਪੜ, ਹਰਪ੍ਰੀਤ ਦੇਵਗਨ, ਹਾਕਮ ਸਿੰਘ, ਅਜੈਪਾਲ ਸਿੰਘ ਬਰਾੜ ਵਲੋਂ ਜਾਰੀ ਐਲਾਨਾਨਾਮਾ:

ਅਸੀਂ ਸ਼ੁਰੂ ਤੋਂ ਹੀ ਇਹ ਗੱਲ ਸਪਸ਼ਟਤਾ ਨਾਲ ਕਹਿੰਦੇ ਆਏ ਹਾਂ ਕਿ ਇਹ ਸਿਰਫ ਘੱਟੋ-ਘੱਟ ਸਮਰਥਨ ਮੁੱਲ (MSP) ਜਾਂ ਕੁਝ ਰਿਆਇਤਾਂ ਦਾ ਮਸਲਾ ਨਹੀਂ ਹੈ ਬਲਕਿ ਇਹ ਮਾਰੂ ਕਾਨੂੰਨ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਅਤੇ ਪੰਜਾਬ ਦੀ ਹੋਂਦ ਲਈ ਹੀ ਖਤਰਾ ਹਨ ਜਿਨ੍ਹਾਂ ਦਾ ਸਮਾਜਿਕ ਅਤੇ ਰਾਜਨੀਤਕ ਦੋਵਾਂ ਪੱਧਰਾਂ ਉੱਤੇ ਟਾਕਰਾ ਕਰਨ ਦੀ ਲੋੜ ਹੈ।

“ਸ਼ੰਭੂ ਮੋਰਚਾ” ਇਨ੍ਹਾਂ ਭਾਵਨਾਵਾਂ ਦੇ ਪ੍ਰਗਟਾਵੇ ਨੂੰ ਹੀ ਰੂਪਮਾਨ ਕਰਦਾ ਹੈ ਅਤੇ ਇਹ ਗੱਲ ਵੀ ਦਰਸਾਉਂਦਾ ਹੈ ਪੰਜਾਬ ਦਿੱਲੀ ਦੀ ਈਨ ਨਹੀਂ ਮੰਨੇਗਾ।

“ਸ਼ੰਭੂ ਮੋਰਚੇ” ਦਾ ਇੱਕ ਮੁੱਢਲਾ ਟੀਚਾ ਇਹ ਸੀ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਗੱਲ ਦੀ ਜਾਗਰੂਕਤਾ ਲਿਆਂਦੀ ਜਾਵੇ ਕਿ ਇਹ ਸਿਰਫ ਕੁਝ ਵਿੱਤੀ ਰਿਆਇਤਾਂ ਲੈਣ ਦਾ ਮਸਲਾ ਨਹੀਂ ਹੈ ਬਲਕਿ ਪੰਜਾਬ ਦੀ ਹੋਂਦ-ਹਸਤੀ ਦਾ ਮਸਲਾ ਹੈ। ਗੁਰੂ ਸਾਹਿਬਾਨ ਦੀ ਧਰਤ ਪੰਜਾਬ ਉੱਤੇ ਖੇਤੀ ਨੂੰ ਸਭ ਕਿੱਤਿਆਂ ਤੋਂ ਉੱਤਮ ਦਰਜਾ ਦਿੱਤਾ ਜਾਂਦਾ ਹੈ ਅਤੇ ਇੱਥੇ ਦਾ ਸੱਭਿਆਚਾਰ, ਆਰਥਿਕਤਾ, ਸਿਆਸਤ, ਪਛਾਣ- ਭਾਵ ਕਿ ਪੂਰੀ ਤਰਜ਼-ਏ-ਜਿੰਦਗੀ ਹੀ ਖੇਤੀ ਦੁਆਲੇ ਘੁੰਮਦੀ ਹੈ। ਦਿੱਲੀ ਦੇ ਨਵੇਂ ਕਾਨੂੰਨਾਂ ਨੇ ਇਸ ਸਭ ਦੀ ਹੋਂਦ ਲਈ ਖਤਰੇ ਖੜ੍ਹੇ ਕੀਤੇ ਹਨ।

ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੱਖਾਂ ਕਿਸਾਨਾਂ ਅਤੇ ਲੋਕਤੰਤਰੀ ਤਰੀਕੇ ਨਾਲ ਚੁਣੇ ਨੁਮਾਇੰਦਿਆਂ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਨੂੰ ਸੱਤਾ ਦੇ ਹੰਕਾਰ ਵਿੱਚ ਬਿਲਕੁਲ ਨਜ਼ਰਅੰਦਾਜ਼ ਕਰਕੇ ਮੋਦੀ ਸਰਕਾਰ ਨੇ ਸਾਫ ਕੀਤਾ ਹੈ ਕਿ ਉਹ ਇਹਨਾਂ ਮਾਰੂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪੋਟਾ ਭਰ ਵੀ ਪਿੱਛੇ ਨਹੀਂ ਹਟੇਗੀ ਅਤੇ ਨਾ ਹੀ ਇਨ੍ਹਾਂ ਵਿੱਚ ਕੋਈ ਮਾਮੂਲੀ ਰਿਆਇਤ ਹੀ ਕਰੇਗੀ।

ਜਿਵੇਂ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਤੇ ਹੁਣ ਤਾਂ ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਰਹਿ ਜਾਂਦਾ ਕਿ ਲੜਾਈ ਕੁਝ ਰਿਆਇਤਾਂ ਦੀ ਨਹੀਂ ਹੈ ਬਲਕਿ ਇਹ ਸਾਡੀ ਹੋਂਦ ਦਾ ਸੰਘਰਸ਼ ਹੈ। ਮੋਦੀ ਸਰਕਾਰ ਵੱਲੋਂ ਅਖਤਿਆਰ ਕੀਤੇ ਸਖਤ ਰੁਖ ਦੇ ਮੱਦੇਨਜ਼ਰ ਇਹ ਲੜਾਈ ਇੱਕ ਲੰਮੇ ਸੰਘਰਸ਼ ਦਾ ਰੂਪ ਧਾਰੇਗੀ ਜਿਸ ਨੂੰ ਕਿ ਸਿਆਸੀ ਪੱਧਰ ਉੱਤੇ ਲੜਨ ਦੀ ਜਰੂਰਤ ਹੈ। ਕਿਸਾਨ ਯੂਨੀਅਨਾਂ ਕੋਲ ਆਪਣੀ ਪੂਰੀ ਸੰਜੀਦਗੀ ਦੇ ਬਾਵਜੂਦ ਵੀ ਇਸ ਸਿਆਸੀ ਸੰਘਰਸ਼ ਦੀ ਲਾਮਬੰਦੀ ਕਰਨ ਲਈ ਲੋੜੀਂਦਾ ਜਥੇਬੰਦਕ ਢਾਂਚਾ, ਸਾਧਨ, ਤਜ਼ਰਬਾ ਨਹੀਂ ਹੈ ਤੇ ਅਜਿਹੀ ਲੜਾਈ ਸਿਰਫ ਇੱਕ ਸਿਆਸੀ ਧਿਰ ਹੀ ਲੜ ਸਕਦੀ ਹੈ।

ਪਰ ਸਮੱਸਿਆ ਇਹ ਹੈ ਕਿ ਅੱਜ ਕੋਈ ਵੀ ਵਾਹਿਦ ਤੇ ਭਰੋਸੇਯੋਗ ਸਿਆਸੀ ਜਥੇਬੰਦੀ ਜਾਂ ਪਾਰਟੀ ਨਹੀਂ ਹੈ ਜੋ ਇਸ ਜਿਮੇਵਾਰੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਸਕੇ। ਪੰਜਾਬ ਦੀਆਂ ਰਿਵਾਇਤੀ ਸਿਆਸੀ ਪਰਟੀਆਂ ਜਾਂ ਤਾਂ ਦਿੱਲੀ ਦੇ ਇਸ਼ਾਰਿਆਂ ਉੱਤੇ ਚੱਲਦੀਆਂ ਹਨ ਜਾਂ ਫਿਰ ਪੰਜਾਬ ਵਿਰੋਧੀ ਸ਼ਕਤੀਆਂ ਦੀਆਂ ਕਠਪੁਤਲੀਆਂ ਹਨ। ਅਸੀਂ ਅਜਿਹੀਆਂ ਧਿਰਾਂ ਤੋਂ ਉਮੀਦ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਦੇ ਹਿੱਤ ਇਨ੍ਹਾਂ ਦੀ ਪਹਿਲ ਨਹੀਂ ਹਨ।

ਸਾਨੂੰ ਲੱਖਾਂ ਹੀ ਪੰਜਾਬ ਹਿਤੈਸ਼ੀਆਂ ਨੇ ਸੋਸ਼ਲ-ਮੀਡੀਆ, ਫੋਨ ਅਤੇ ਈ-ਮੇਲ ਵਗੈਰਾ ਰਾਹੀਂ ਸੰਪਰਕ ਕਰਕੇ ਕਈ ਤਰ੍ਹਾਂ ਦੇ ਸੁਝਾਅ ਅਤੇ ਰਾਵਾਂ ਦਿੱਤੀਆਂ ਹਨ ਅਤੇ ਸ਼ੰਭੂ ਮੋਰਚੇ ਵਿੱਚ ਆਉਣ ਵਾਲੇ ਪੰਜਾਬ ਦੇ ਵਾਰਿਸਾਂ ਨਾਲ ਵੀ ਲੰਮੀਆਂ ਵਿਚਾਰਾਂ ਹੋਈਆਂ ਹਨ ਜਿਨ੍ਹਾਂ ਤੋਂ ਅਸੀਂ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਅੱਜ ਪੰਜਾਬ ਵਿੱਚ ਇੱਕ ਪੰਜਾਬ ਕੇਂਦਰਿਤ ਸਿਆਸੀ ਜਥੇਬੰਦੀ ਦੀ ਬਹੁਤ ਲੋੜ ਹੈ ਜਿਸ ਦਾ ਵਾਹਿਦ ਏਜੰਡਾ ਪੰਜਾਬ ਦੇ ਹਿੱਤਾ ਦੀ ਰਾਖੀ ਕਰਨਾ ਹੋਵੇ। ਅਸੀਂ ਇਹ ਵੀ ਵੇਖਿਆ ਹੈ ਕਿ ਪੰਜਾਬ ਵਿੱਚ ਹਰ ਪੱਧਰ ਉੱਤੇ ਅਜਿਹੇ ਗਹਿਰ-ਗੰਭੀਰ ਆਗੂਆਂ ਦੀ ਕੋਈ ਘਾਟ ਵੀ ਨਹੀਂ ਹੈ। ਲੋੜ ਇਸ ਗੱਲ ਦੀ ਹੈ ਕਿ ਅਜਿਹ ਆਗੂ ਪੰਜਾਬ ਦੀ ਬਿਹਤਰੀ ਦੇ ਲਈ ਇੱਕ ਮੰਚ ਉੱਤੇ ਆਉਣ।

ਬੀਤੇ ਸਮੇਂ ਵਿੱਚ ਵੀ ਜਦੋਂ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਹਨ ਤਾਂ ਪੰਜਾਬ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਅਜਿਹੀਆਂ ਕੋਸ਼ਿਸ਼ਾਂ ਦਾ ਸਾਥ ਦਿੱਤਾ ਹੈ ਪਰ ਬਦਕਿਸਮਤੀ ਹੀ ਕਹਿ ਲਵੋ ਕਿ ਇਹ ਯਤਨ ਬੁਰੀ ਤਰ੍ਹਾਂ ਨਾਕਾਮ ਹੋਏ ਅਤੇ ਨਤੀਜੇ ਵਿੱਚ ਨਿਰਾਸ਼ਾ ਦਾ ਆਲਮ ਹੋਰ ਗਹਿਰਾ ਹੁੰਦਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਪੱਖੀ ਰਿਵਾਇਤੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜੋ ਕਿ ਬਹੁਤ ਵੱਡੇ ਸੰਘਰਸ਼ਾ ਵਿੱਚੋਂ ਉੱਭਰੀ ਪਾਰਟੀ ਸੀ ਅਤੇ ਜਿਸ ਨੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਸੀ, ਬੀਤੇ ਦਹਾਕਿਆਂ ਦੌਰਾਨ ਪੰਜਾਬ ਦੇ ਲੋਕਾਂ ਵਿਚੋਂ ਆਪਣੀ ਸਾਖ ਗਵਾ ਚੁੱਕੀ ਹੈ ਅਤੇ ਇਸਦੇ ਆਗੂ ਵੀ ਪੰਜਾਬ ਦੀ ਬਿਹਤਰੀ ਦੇ ਮਨੋਰਥਾਂ ਨੂੰ ਪਿੱਠ ਦੇ ਚੁੱਕੇ ਹਨ। ਇਹ ਪਾਰਟੀ ਅੱਜ ਪੰਜਾਬ ਵਿਰੋਧੀ ਸ਼ਕਤੀਆਂ ਦੀ ਕਠਪੁਤਲੀ ਬਣ ਗਈ ਹੈ ਅਤੇ ਇਹ ਉੱਪਰੋਂ ਹੇਠਾਂ ਤੱਕ ਪਰਵਾਰਵਾਦ ਅਤੇ ਵੱਡੀਖੋਰੀ ਵਰਗੀਆਂ ਅਲਾਮਤਾਂ ਨਾਲ ਗ੍ਰਸੀ ਗਈ ਹੈ। ਇਹ ਰੋਗ ਸ਼੍ਰੋਮਣੀ ਅਕਾਲੀ ਦਲ ਨੂੰ ਬੀਤੇ ਤਿੰਨ ਦਹਾਕਿਆਂ ਵਿੱਚ ਹੀ ਮਹਾਂਮਾਰੀ ਵਾਙ ਚਿੰਬੜਿਆ ਹੈ ਕਿਉਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਰਖ-ਪਰਖ ਅਤੇ ਆਗੂਆਂ ਤੇ ਕਾਰਕੁੰਨਾਂ ਉੱਤੇ ਸਿਧਾਂਤਕ ਕੁੰਡਾ ਰੱਖਣ ਦਾ ਇੱਕ ਬਕਾਇਦਾ ਮਜਬੂਤ ਪ੍ਰਬੰਧ ਮੌਜੂਦ ਸੀ।

ਅਸੀਂ ਮਹਿਸੂਸ ਕੀਤਾ ਹੈ ਕਿ ਮੌਜੂਦਾ ਰਾਜ-ਤੰਤਰ ਸਭ ਤੋਂ ਗਹਿਰ-ਗੰਭੀਰ ਸਿਆਸੀ ਅਗਵਾਈ ਨੂੰ ਵੀ ਬੇਈਮਾਨੀ ਦੇ ਰਾਹ ਪਾ ਲੈਂਦਾ ਹੈ ਅਤੇ ਇਹ ਜਾਣੇ-ਅਣਜਾਣੇ ਵਿੱਚ ਆਪਣੇ ਹੀ ਲੋਕਾਂ ਦੇ ਹਿੱਤਾਂ ਦੇ ਉਲਟ ਚੱਲਣ ਲੱਗ ਪੈਂਦੀ ਹੈ। ਇਸ ਲਈ ਸਾਨੂੰ ਸਿਆਸੀ ਤਬਦੀਲੀ ਤੋਂ ਪਹਿਲਾਂ ਸਮਾਜਿਕ ਇਨਕਲਾਬ ਦੀ ਲੋੜ ਹੈ। ਇਸ ਲਈ ਲੰਮੇ ਵਿਚਾਰ ਵਟਾਂਦਰਿਆਂ ਵਿੱਚੋਂ ਅਸੀਂ ਇਸ ਵੇਲੇ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਪੰਜਾਬ ਨੂੰ ਸਿਆਸੀ ਧਿਰ ਦੇ ਨਾਲ-ਨਾਲ ਇੱਕ ਬਹੁ-ਪੱਖੀ ਸਰਗਰਮ ਸਮਾਜਿਕ ਢਾਂਚੇ ਦੀ ਲੋੜ ਹੈ, ਜਿਸ ਵਿੱਚ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਲੀਆਂ ਸੁਹਿਰਦ ਸਖਸ਼ੀਅਤਾਂ ਦੀ ਸਮੂਲੀਅਤ ਹੋਵੇ ਅਤੇ ਇਹ ਸਮਾਜਿਕ ਲੀਡਰਸ਼ਿਪ ਸਿਆਸੀ ਅਗਵਾਈ ਉੱਤੇ ਵੀ ਸਿਧਾਂਤ ਦਾ ਕੁੰਡਾ ਕਾਇਮ ਰੱਖੇ। ਜਦੋਂ ਕਿਤੇ ਵੀ ਸਿਆਸੀ ਲੀਡਰਸ਼ਿਪ ਪੰਜਾਬ ਦੀ ਬਿਹਤਰੀ ਲਈ ਸਿਧਾਂਤਕ ਲੀਹ ਤੋਂ ਲਹਿਣ ਲੱਗੇ ਤਾਂ ਇਹ ਸਮਾਜਿਕ ਲੀਡਰਸ਼ਿਪ ਉਨ੍ਹਾਂ ਨੂੰ ਮੋੜਾ ਪਾ ਕੇ ਰਾਹੇ-ਰਾਸ ਉੱਤੇ ਲੈ ਕੇ ਆਵੇ।

ਅਸੀਂ “ਸ਼ੰਭੂ ਮੋਰਚੇ” ਦੇ ਮੰਚ ਨੂੰ ਪੰਜਾਬ, ਭਾਰਤ ਅਤੇ ਪੂਰੇ ਸੰਸਾਰ ਦੇ ਪੰਜਾਬ ਹਿਤੈਸ਼ੀਆਂ ਨੂੰ ਸਮਰਪਿਤ ਕਰਦੇ ਹਾਂ ਆਓ ਕਿ ਆਪਣੇ ਵਖਰੇਵਿਆਂ ਅਤੇ ਨਿੱਜੀ ਗਰਜਾਂ ਨੂੰ ਛੱਡ ਕੇ ਪੰਜਾਬ ਦੀ ਹੋਂਦ ਦੇ ਸੰਕਟ ਤੋਂ ਨਿਜਾਤ ਪਾਉਣ ਲਈ ਰਲ ਕੇ ਸੰਘਰਸ਼ ਕਰੀਏ। ਇਤਿਹਾਸਕ ਤੌਰ ਉੱਤੇ ਮਿਸਲਾਂ ਨੇ ਅਫਗਾਨਾਂ ਅਤੇ ਮੁਗਲਾਂ ਦੇ ਟਾਕਰੇ ਲਈ ਆਪਣੇ ਵਖਰੇਵਿਆਂ ਨੂੰ ਛੱਡ ਦਿੱਤਾ ਸੀ, ਆਓ ਆਪਾਂ ਆਪਣੇ ਪੁਰਖਿਆਂ ਤੋਂ ਸੇਧ ਲੱਈਏ। ਅੱਜ ਉਹੀ ਚੁਣੌਤੀਆਂ ਸਾਨੂੰ ਮੁੜ ਵੰਗਾਰ ਰਹੀਆਂ ਹਨ, ਆਓ ਆਪਣੀਆਂ ਗਰਜਾਂ ਨੂੰ ਛੱਡਦਿਆਂ ਇਕੱਠੇ ਹੋ ਕੇ ਇਨ੍ਹਾਂ ਚਣੌਤੀਆਂ ਨੂੰ ਸਵੀਕਾਰ ਕਰੀਏ।ਅਸੀਂ ਇਸ ਨਿਜ ਅਤੇ ਗਰਜਾਂ ਨੂੰ ਪਿੱਛੇ ਛੱਡ ਸਬ ਨੂੰ ਇਹ ਸਦਾ ਦਿੰਦੇ ਹਾਂ । ਇਹ ਸਾਡੀ ਪਛਾਣ ਅਤੇ ਹੋਂਦ ਦਾ ਮਸਲਾ ਹੈ। ਇਹ ਪੰਜਾਬ ਦਾ ਮਸਲਾ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਾਡੀ ਤਰਜੇ-ਜਿੰਦਗੀ ਦਾ ਮਸਲਾ ਹੈ। ਅਸੀਂ ਤੁਹਾਨੂੰ ਇਸ ਮੰਚ ਉੱਤੇ ਇਕੱਠੇ ਹੋ ਕੇ ਸਾਂਝੇ ਨਿਸ਼ਾਨੇ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੰਦੇ ਹਾਂ। ਯਾਦ ਰਹੇ ਕਿ ਸਾਡੇ ਫੈਸਲਿਆਂ ਅਤੇ ਕਰਮਾਂ ਦਾ ਨਿਆਂ ਇਤਿਹਾਸ ਖੁਦ ਕਰੇਗਾ।

ਵਲੋਂ ਸ਼ੰਭੂ ਮੋਰਚਾ ਪੰਚਾਇਤ ਦੀਪ ਸਿੱਧੂ , ਜੋਗਾ ਸਿੰਘ ਚਪੜ , ਹਰਪ੍ਰੀਤ ਦੇਵਗਨ , ਹਾਕਮ ਸਿੰਘ , ਅਜੈਪਾਲ ਸਿੰਘ ਬਰਾੜArchive

RECENT STORIES

Akal Guardian Nov 28-2020

Posted on November 27th, 2020

Charhdi Kala Nov 28-2020

Posted on November 27th, 2020

ਓਂਟਾਰੀਓ ਸਰਕਾਰ ਨਾਲ ਕੰਮ ਕਰਦੇ ਕੰਪਿਊਟਰ ਮਾਹਰ ਸੰਜੇ ਮਦਾਨ ਨੇ ਕੋਵਿਡ ਫੰਡ ਰਾਹੀਂ 11 ਮਿਲੀਅਨ ਭੋਟੇ

Posted on November 25th, 2020

ਚੰਦੂਮਾਜਰਾ ਨੇ ਰੈਲੀਆਂ ਦਾ ਦੌਰ ਆਰੰਭਿਆ, ਪ੍ਰੋਗਰਾਮ ਤੋਂ ਪਾਰਟੀ ਲੀਡਰਸ਼ਿਪ ਅਣਜਾਣ

Posted on November 24th, 2020

ਸ਼ਰਲੀ ਬੌਂਡ ਨੂੰ ਬੀਸੀ ਲਿਬਰਲ ਪਾਰਟੀ ਨੇ ਆਪਣੀ ਕਾਰਜਕਾਰੀ ਲੀਡਰ ਚੁਣਿਆ

Posted on November 23rd, 2020

ਭਾਈ ਰਮਨਦੀਪ ਸਿੰਘ ਗੋਲਡੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਰਿਹਾਅ

Posted on November 23rd, 2020

ਪੰਜਾਬ ਦਾ ਕਿਸਾਨ ਇਸ ਮੋੜ ਤੋਂ ਕਿੱਧਰ ਨੂੰ ਤੁਰੇ? ਦਿੱਲੀ ਅੱਗੇ ਗੋਡੇ ਟੇਕਣ ਵੱਲ ਜਾਂ ਨਵੇਂ ਖੇਤੀ ਮਾਡਲ ਵੱਲ?

Posted on November 22nd, 2020

ਹਰਿਆਣਾ 'ਚੋਂ ਖਾਦ ਲਿਆਉਣ ਦੇ ਦੋਸ਼ 'ਚ ਪੰਜਾਬ ਦੇ 4 ਕਿਸਾਨ ਗ੍ਰਿਫਤਾਰ

Posted on November 22nd, 2020

21 ਨਵੰਬਰ 2002 ਨੂੰ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦਿਆਂ.......!

Posted on November 20th, 2020

ਨਫਰਤ ਦੇ ਪ੍ਰਚਾਰਕ ਮੌਲਾਣਾ ਖਾਦਿਮ ਹੁਸੈਨ ਰਿਜ਼ਵੀ ਦੀ ਮੌਤ

Posted on November 19th, 2020

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

Posted on November 18th, 2020

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਜਥੇਦਾਰ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਿਹਾ; ਅਕਾਲੀ ਦਲ ਨੇ ਕੀਤੀ ਮਾਫੀ ਦੀ ਮੰਗ

Posted on November 18th, 2020