Posted on December 27th, 2020
ਅੰਮ੍ਰਿਤਸਰ- ਕਿਸਾਨ ਸੰਘਰਸ਼ ਦਾ ਜ਼ਿਕਰ ਹਰ ਥਾਂ ਹੋ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੀ ਅਰਦਾਸ 'ਚ ਕਿਸਾਨ ਸੰਘਰਸ਼ ਦੀ ਸਫਲਤਾ ਦੀ ਅਰਜੋਈ ਕੀਤੀ ਜਾਂਦੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰ ਵੇਲੇ ਆਉਂਦੇ ਪਹਿਲੇ ਹੁਕਮਨਾਮੇ ਦੀ ਹੁੰਦੀ ਕਥਾ ਸਮੇਂ ਅੱਜਕੱਲ ਧਾਰਮਿਕ ਸ਼ਖ਼ਸੀਅਤਾਂ ਵਲੋਂ ਚੱਲ ਰਹੇ ਕਿਸਾਨ ਸੰਘਰਸ਼ ਦੀ ਵੀ ਚਰਚਾ ਕੀਤੀ ਜਾ ਰਹੀ ਹੈ। ਅੱਜ ਵੀ ਕਥਾ ਦੌਰਾਨ ਖੇਤੀ ਸੰਘਰਸ਼ ਦੀ ਚਰਚਾ ਕੀਤੀ ਗਈ ਅਤੇ ਇਸ ਸੰਘਰਸ਼ ਦੀ ਤੁਲਨਾ ਮੁਗ਼ਲ ਕਾਲ ਦੇ ਜਾਬਰ ਹਾਕਮਾਂ ਦੇ ਸਮੇਂ ਨਾਲ ਕੀਤੀ ਗਈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਤੜਕਸਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਮਗਰੋਂ ਹੁਕਮਨਾਮਾ ਲਿਆ ਜਾਂਦਾ ਹੈ, ਜਿਸ ਦੀ ਵਿਆਖਿਆ ਮਗਰੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਕਥਾ ਦੌਰਾਨ ਕੀਤੀ ਜਾਂਦੀ ਹੈ। ਹੁਕਮਨਾਮੇ ਦੀ ਵਿਆਖਿਆ ਦੀ ਕਥਾ ਕਈ ਅਹਿਮ ਧਾਰਮਿਕ ਸ਼ਖ਼ਸੀਅਤਾਂ ਵਲੋਂ ਸਮੇਂ-ਸਮੇਂ ਕੀਤੀ ਜਾਂਦੀ ਹੈ।
ਅੱਜ ਦੇ ਹੁਕਮਨਾਮੇ ਦੀ ਕਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਜਗਦੇਵ ਸਿੰਘ ਵਲੋਂ ਕੀਤੀ ਗਈ। ਲਗਭਗ ਇਕ ਘੰਟੇ ਦੀ ਇਸ ਕਥਾ ਵਿਆਖਿਆ ਦੌਰਾਨ ਜਿੱਥੇ ਉਨ੍ਹਾਂ ਅੱਜ ਆਏ ਹੁਕਮਨਾਮੇ ਅਤੇ ਸ਼ਹੀਦੀ ਸਾਕੇ ਬਾਰੇ ਜਾਣਕਾਰੀ ਦਿੱਤੀ, ਉੱਥੇ ਕਿਸਾਨੀ ਸੰਘਰਸ਼ ਦੀ ਵੀ ਚਰਚਾ ਕੀਤੀ। ਸ਼ਹੀਦੀ ਸਾਕੇ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੇ ਸਮੇਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਘੇਰਾ ਮਈ ਤੋਂ ਦਸੰਬਰ ਮਹੀਨੇ ਤੱਕ ਚੱਲਿਆ ਸੀ। ਉਸ ਵੇਲੇ ਵੀ ਰਸਦਾਂ ਖ਼ਤਮ ਹੋ ਗਈਆਂ ਸਨ, ਘੇਰਾ ਕਦੋਂ ਖ਼ਤਮ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਹੁਣ ਵੀ ਕਿਸਾਨਾਂ ਦਾ ਸੰਘਰਸ਼ ਦਿੱਲੀ ਵਿਚ ਚੱਲਦਿਆਂ ਇਕ ਮਹੀਨਾ ਹੋ ਚੁੱਕਾ ਹੈ। ਸੀਤ ਲਹਿਰ ਪੂਰੇ ਸਿਖ਼ਰ ’ਤੇ ਹੈ ਅਤੇ ਇਹ ਸੰਘਰਸ਼ ਵੀ ਕਿੰਨੀ ਦੇਰ ਚੱਲੇਗਾ, ਇਸ ਬਾਰੇ ਕੁਝ ਪਤਾ ਨਹੀਂ ਹੈ। ਕਿਸਾਨ ਰਸਦਾਂ ਲੈ ਕੇ ਮੋਰਚੇ ’ਤੇ ਡਟੇ ਹੋਏ ਹਨ।
ਕਥਾ ਦੇ ਅੰਤ ਵਿਚ ਉਨ੍ਹਾਂ ਮੁੜ ਕਿਸਾਨ ਸੰਘਰਸ਼ ਬਾਰੇ ਗੱਲ ਕਰਦਿਆਂ ਦੱਸਿਆ ਕਿ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਇਕ ਵਾਰ ਖਾਣਾ-ਪੀਣਾ ਛੱਡ ਦਿੱਤਾ ਸੀ। ਪਿਤਾ ਜੀ ਵਲੋਂ ਵੈਦ ਸੱਦਿਆ ਗਿਆ ਪਰ ਵੈਦ ਉਨ੍ਹਾਂ ਦੇ ਅੰਦਰ ਦੀ ਪੀੜਾ ਦਾ ਪਤਾ ਨਾ ਲਾ ਸਕਿਆ। ਉਨ੍ਹਾਂ ਦੇ ਅੰਦਰ ਦੀ ਪੀੜਾ ਕਿਸਾਨਾਂ ਦੇ ਪ੍ਰਤੀ ਸੀ। ਕਿਸਾਨ ਸਾਰਾ ਦਿਨ ਖੇਤਾਂ ਵਿਚ ਹਲ ਚਲਾਉਂਦੇ ਹਨ, ਪਾਣੀ ਲਾਉਂਦੇ ਹਨ ਅਤੇ ਫਿਰ ਫ਼ਸਲ ਤਿਆਰ ਹੁੰਦੀ ਹੈ ਜਦੋਂਕਿ ਉਸ ਵੇਲੇ ਦੇ ਜਗੀਰਦਾਰ ਫ਼ਸਲ ਤਿਆਰ ਹੋਣ ’ਤੇ ਆਉਂਦੇ ਅਤੇ ਕਿਸਾਨਾਂ ਦੀ ਫ਼ਸਲ ਜਬਰੀ ਲੈ ਕੇ ਚਲੇ ਜਾਂਦੇ।
ਉਨ੍ਹਾਂ ਨੇ ਮੌਜੂਦਾ ਕਾਰਪੋਰੇਟ ਘਰਾਣਿਆਂ ਦੀ ਤੁਲਨਾ ਵੀ ਉਸ ਵੇਲੇ ਦੇ ਜਗੀਰਦਾਰਾਂ ਨਾਲ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਹਨ, ਜੋ ਵਧੇਰੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮੰਡੀ ਪ੍ਰਣਾਲੀ ਖਤਮ ਹੋ ਜਾਵੇਗੀ ਅਤੇ ਜਗੀਰਦਾਰਾਂ ਵਾਂਗ ਹੀ ਇਹ ਵੱਡੇ ਕਾਰਪੋਰੇਟ ਘਰਾਣੇ ਕਿਸਾਨਾਂ ਦਾ ਸੋਸ਼ਣ ਕਰਨਗੇ।
Posted on January 20th, 2021
Posted on January 19th, 2021
Posted on January 18th, 2021
Posted on January 15th, 2021
Posted on January 14th, 2021
Posted on January 14th, 2021
Posted on January 14th, 2021
Posted on January 13th, 2021
Posted on January 12th, 2021
Posted on January 11th, 2021
Posted on January 7th, 2021
Posted on January 7th, 2021