Posted on January 4th, 2021
(ਮੈਂ ਆਖ ਰਹੀ, ਮੈਂ ਵੇਖ ਰਹੀ, ਵੇ ਜੱਟ ਦੇ ਖੇਤ ਨਾ ਜਾਈਂ ਵੇ ਬਟੇਰਿਆ)
ਮਾਝੇ ਵਾਲੀ ਭੂਆ ਕਿਹਾ ਕਰਦੀ ਸੀ- ਬੇ-ਜ਼ਮੀਨਿਆਂ ਦੇ ਧੀ ਨਹੀਂ ਵਿਆਹੁਣੀ: ਜ਼ਮੀਨ ਤਾਂ ਔਰਤ ਦਾ ਦੂਜਾ ਖਸਮ ਹੁੰਦਾ।
ਜ਼ਮੀਨ, ਪੈਲੀ, ਭੋਇਂ ਮਾਤਰ ਕਣਕਾਂ- ਝੋਨੇ ਤੇ ਹੋਰ ਫਸਲਾਂ ਉਗਾਉਣ ਦਾ ਹੀ ਜ਼ਰੀਆ ਨਹੀਂ ,ਰੋਜ਼ੀ ਰੋਟੀ ਤੇ ਭੁੱਖ ਮਿਟਾਉਣ ਦੇ ਵਸੀਲੇ ਤੋਂ ਉਪਰ ਉਠ ਕੇ, ਇਹ ਪੰਜਾਬੀਆਂ ਦੀ ਸਦੀਆਂ ਦੀ ਕਮਾਈ ਹੋਈ ਵਿਰਾਸਤ ਹੈ। ਇਹ ਕਿਸਾਨ ਦੇ ਮਹੀਨ ਸਭਿਆਚਾਰ ਦਾ ਉਹ ਮਰਕਜ਼ੀ ਅਸਾਸਾ ਹੈ ਜਿਸ ਦੁਆਲੇ ਤਮਾਮ ਖਿੱਤੇ ਦੇ ਸੰਸਕਾਰ ਜੁੜੇ ਹਨ। ਬਰੇ-ਸਾਗੀਰ ਦੇ ਇਸ ਖਿੱਤੇ ਵਿਚ ਜੋ ਅੱਜ ਦੇ ਪੰਜਾਬੀ ਕਲਚਰ ਦੀ ਉਚਤਮਤਾ ਦੀ ਗੱਲ ਹੈ ਉਹ ਜ਼ਮੀਨ ਦੇ ਪਰਿਪੇਖ 'ਚੋਂ ਹੀ ਲਿਸ਼ਕਦੀ ਹੈ। ਇਸ ਕੁਰਾ-ਏ-ਅਰਜ਼ ਵਿਚ ਪੰਜਾਬੀਆ ਦੇ ਇਸ ਧਰਾਤਲ ਨੂੰ ਜੋ ਰੰਗ ਭਾਗ ਲੱਗੇ ਹਨ ਉਹ ਸਾਰੇ ਬਦੌਲਤ ਜ਼ਮੀਨ ਦੇ ਸਦਕੇ ਹਨ। ਕੁੱਲ ਲੁਬੇ ਲੁਬਾਬ ਇਹ ਹੈ ਕਿ ਪੰਜਾਬੀਆਂ ਦੇ ਸ਼ਰੇਸ਼ਠ ਕਲਚਰ ਨੂੰ ਇਥੋਂ ਦੀ ਮਿੱਟੀ ਤੋਂ ਵੱਖਰਾ ਕਰ ਕੇ ਵੇਖਿਆ ਹੀ ਨਹੀਂ ਜਾ ਸਕਦਾ।
ਪੜ੍ਹੇ ਲਿਖੇ ਵੱਡੀਆਂ ਡਿਗਰੀਆਂ ਵਾਲੇ, ਸ਼ਹਿਰੀ ਜੀਵਨ ਦੇ ਭੇਚਲੇ ਹੋਏ ਲੋਕ, ਅਕਸਰ ਤਨਜ਼ੀ ਲਹਿਜੇ ਵਿਚ ਆਖ ਦਿੰਦੇ ਹਨ - ਇਹ ਜੱਟ/ ਕਿਸਾਨ ਆਪਣੀਆ ਲੜਕੀਆਂ ਦੇ ਸਾਕ ਜ਼ਮੀਨਾਂ ਨੂੰ ਕਰਦੇ ਹਨ ਹੋਰ ਕੁਝ ਨਹੀਂ ਵੇਖਦੇ। ਜਦ ਵੀ ਕੁੜੀ ਵਾਲਿਆਂ ਨੂੰ ਦੱਸ ਪਾਈ ਜਾਂਦੀ ਹੈ ਤਾਂ ਅੱਗੋਂ ਸੁਆਲ ਹੁੰਦਾ- ਮੁੰਡੇ ਨੂੰ ਪੈਲੀ ਕਿੰਨੀ ਆਉਂਦੀ ਹੈ? ਜ਼ਮੀਨ ਆਉਂਦੀ ਵੀ ਹੈ ਜਾਂ ਨਹੀਂ? ਇਨ੍ਹਾਂ ਕਿਤਾਬੀ ਗਿਆਨਵਾਨਾਂ ਨੂੰ ਇਹ ਇਲਮ ਨਹੀਂ ਕਿ ਕਿਸਾਨੀ ਕਲਚਰ ਦੇ ਸਵੈਮਾਣ/ ਸਵੈਸੰਤੁਸ਼ਟੀ ਦਾ ਵੱਡਾ ਜ਼ਖੀਰਾ ਜ਼ਮੀਨ ਹੀ ਹੈ।
ਜ਼ਮੀਨ ਉਹ ਅਚੱਲ ਸੰਪਦਾ ਹੈ ਜੋ ਧਰਤੀ ਨਾਲ ਜੁੜੇ ਮਖਲੂਕ ਦਾ ਪੁਸ਼ਤ-ਦਰ-ਪੁਸ਼ਤ ਪਾਲਣ ਪੋਸਣ ਕਰਦੀ ਰਹੀ। ਪੀੜ੍ਹੀਆਂ ਨੂੰ ਅੱਗੇ ਤੋਰਨ ਦਾ ਸਬੱਬ ਬਣੀ ਰਹੀ । ਦੁੱਖਾਂ ਸੁੱਖਾਂ ਵੇਲੇ ਹਰ ਪੂਰਤੀ ਦੇ ਸਮਰੱਥ ਬਣੀ ।ਆਪਣੇ ਮਾਲਕ ਦੀ ਮਾਣ ਮਰਿਯਾਦਾ ਵਿਚ ਵਾਧਾ ਕਰਦੀ ਰਹੀ। ਉਸ ਦੇ ਹਾਸਿਆਂ ਖੇਡਿਆਂ ਦਾ ਦੀਰਘ ਹਿੱਸਾ ਬਣਦੀ ਰਹੀ। ਇਸ ਲਈ ਜ਼ਮੀਨ ਦੀ ਕੀਮਤ ਇਕ ਕਿਸਾਨ ਹੀ ਸਮਝ ਸਕਦਾ ਹੈ ਤੇ ਜਣਾ ਸਕਦਾ ਹੈ। ਜ਼ਮੀਨ ਦਾ ਸਹੀ ਮੁਤਾਲਿਆ ਪੈਲੀ ਨਾਲ ਜੁੜਿਆ ਮਨੁੱਖ ਕਿਸਾਨ ਹੀ ਕਰ ਸਕਦਾ ਹੈ । ਸੋ ਉਹ ਮਨੁੱਖ ਜਿਸ ਨੇ ਆਪਣੀ ਪੀੜ੍ਹੀ ਨੂੰ ਸੰਤੁਸ਼ਟ ਅਤੇ ਵਧਦਾ ਫੁਲਦਾ ਵੇਖਣਾ ਹੈ ਉਹ ਤਾਂ ਫਿਰ ਇਹ ਗੱਲ ਹਮੇਸ਼ਾ ਪੁੱਛਦਾ ਹੀ ਰਹੂਗਾ- ਮੁੰਡੇ ਨੂੰ ਜ਼ਮੀਨ ਕਿੰਨੀ ਕੁ ਆਉਂਦੀ ਹੈ?
ਪੰਜਾਬੀ ਸਭਿਆਚਾਰ ਦੇ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਬਹੁਤ ਹੀ ਸੁਹਾਵਣੇ ਮਲਟੀ ਡਾਈਮੈਨਸ਼ਨਲ ਰੰਗ ਹਨ, ਜਿਨ੍ਹਾਂ ਚੋਂ ਇਸ ਖਿੱਤੇ ਦੀ ਮਿੱਟੀ ਨਾਲ ਜੁੜਿਆ ਇਕ ਪ੍ਰਮਾਣਕ ਰੰਗ ਲੋਕ-ਫੋਕ ਹੈ। ਸਾਡੀ ਲੋਕ ਧਾਰਾ ਦਾ ਤਾਂ ਬਹੁਤ ਹੀ ਨਿਆਰਾ ਰੰਗ ਹੈ।ਗਾਇਕ ਕੁਲਦੀਪ ਮਾਣਕ ਦੇ ਜਦ :
ਬੂਰ ਪਿਆ ਕਣਕਾਂ ਨੂੰ ਮਾਏ, ਵਿਚ ਬਾਗਾਂ ਅੰਬੀਆਂ ਪੱਕੀਆਂ। ਅੱਗ ਦੇ ਭਾਂਬੜ ਵਰਗੀਆਾਂ ਧੀਆ, ਨੀ ਤੂੰ ਸਾਂਭ ਬੁੱਕਲ ਵਿਚ ਰੱਖੀਆਂ। ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ , ਅਸਾਂ ਸਿਦਕਾਂ ਨਾਲ ਨਿਭ੍ਹਾਈਆਂ। ਕੂੰਜਾਂ ਵਾਂਗ ਪ੍ਰੌਹਣੀਆਂ ਧੀਆਂ ਵੇ ਤੇਰੇ ਵੇਹੜੇ ਦੋ ਦਿਨ ਆਈਆਂ।
ਆਹ ਬੋਲ ਖੁੱਲੇ ਅਸਮਾਨ ਹੇਠ ਉਚਰਦੇ ਹਨ ਤਾਂ ਇਕ ਮਾਲਦਾਰ ਵਿਰਸੇ ਦੀ ਗੱਲ ਉਭਰ ਕੇ ਦਿਸਣ ਲੱਗ ਪੈਂਦੀ ਹੈ।
ਜਦੋਂ ਸਾਡੀ ਗੀਤਕਾਰੀ ਤੇ ਗਾਈਕੀ ਵਿਚੋਂ ਆਹ ਲਾਈਨਾ ਸਾਡੇ ਕੰਨਾਂ ਵਿਚ ਦਾਖਲ ਹੁੰਦੀਆਂ:
ਚੜ੍ਹੀ ਜਵਾਨੀ ਮੱਖਣਾਂ ,ਡੋਕੇ ਚੁੰਘ ਕੇ ਬੂਰੀ ਦੇ। ਭਰ ਭਰ ਖਾਧੇ ਛੰਨੇ ਘਿਉ ਦੀ ਚੂਰੀ ਦੇ।
ਤੇ ਫਿਰ:- ਖੇਡਣ ਵੇਖ ਕਬੱਡੀ ਜੋਧੇ ਪੁੱਤਰ ਮਾਂਵਾਂ ਦੇ। ਸ਼ੇਰਾਂ ਵਾਂਗੂੰ ਪਾਲ਼ੇ ਆ ਮਾਪਿਆਂ ਨੇ ਚਾਵਾਂ ਦੇ।
ਇਹ ਉਪਰਲੇ ਸਾਰੇ ਅਲਫਾਜ਼ ਸਾਡੇ ਸਾਡੀ ਮਿੱਟੀ ਚੋਂ ਹੀ ਪੁੰਗਰੇ ਇਕ ਖਾਸ ਰੰਗ ਦੀ ਚਮਕ ਹੀ ਤਾਂ ਦੇ ਰਹੇ ਹਨ।
ਇਸ ਪੰਜਾਬ ਦੇ ਖਿੱਤੇ ਤੋਂ ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ ਦੇ ਨਾਲ ਟਾਕਰੇ ਹੁੰਦੇ ਰਹੇ ਤੇ ਦੇਸ਼ ਅਜ਼ਾਦ ਹੋਣ ਤੋਂ ਬਾਅਦ ਸਰਕਾਰਾਂ ਦੇ ਖਿਲਾਫ ਕਈ ਲਹਿਰਾਂ ਉਠੀਆਂ, ਇਤਿਹਾਸਕ ਸੰਘਰਸ਼ ਹੋਏ। ਪਰ ਜੋ ਸਮੁੱਚੀ ਪੰਜਾਬੀ ਚੇਤਨਾ ਦਾ ਲੋਕ ਰੋਹ , ਕੇਂਦਰ ਸਰਕਾਰ ਦੇ ਵਿਰੁੱਧ ਅਕਰੋਸ਼ ਇਸ 2020 ਦੇ ਕਿਸਾਨ ਅੰਦੋਲਨ ਵੇਲੇ ਹੋਇਆ ਤੇ ਮੁਸੱਲਸਲ ਜਾਰੀ ਹੈ, ਇਸ ਨੇ ਤਾਂ ਇਕ ਤਵਾਰੀਖੀ ਮਿਸਾਲ ਹੀ ਕਾਇਮ ਕਰ ਲਈ ਹੈ। ਬਿਨਾ ਸ਼ੱਕ ਪਹਿਲੇ ਸੰਘਰਸ਼ਾਂ ਦੌਰਾਨ ਵੀ ਸਫਲਤਾਂ ਮਿਲੀਆਂ , ਜਿੱਤਾਂ ਹਾਸਲ ਕੀਤੀਆਂ , ਪਰ ਇਸ ਵਾਰ ਜੋ ਪੰਜਾਬੀ ਕਿਸਾਨੀ ਵਰਗ ਦਾ ਕੇਂਦਰ ਸਰਕਾਰ ਵੱਲੋਂ ਲਿਆਦੇ /ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਬਰਖਿਲਾਫ ਜੋ ਏਕਾ ਵੇਖਣ ਨੂੰ ਮਿਲਿਆ ਹੈ ਇਸ ਨੇ ਸਾਰੇ ਹਿੰਦੋਸਤਾਨ ਨੂੰ ਇਕ ਵਾਰ ਹਿਲਾ ਕੇ ਰੱਖ ਦਿੱਤਾ ਹੈ।
ਪੰਜਾਬੀ ਕਿਸਾਨਾਂ ਦੇ ਬੇਰੋਕ ਹੜ੍ਹ ਨੇ ਰਾਜਧਾਨੀ ਦੇ ਪੈਰੀਫੇਰੀ ਦੁਆਲੇ ਘੇਰਾ ਘੱਤ ਕੇ ਪਹਿਲੇ ਸਾਰੇ ਪਰੋਟੈਸਟਾਂ ਨੂੰ ਮਾਤ ਹੀ ਪਾ ਦਿੱਤੀ ਹੈ। ਇਸ ਸਮੂਹਿਕ ਪੰਜਾਬੀ ਚੇਤਨਾ ਨੂੰ ਜਾਣਨ ਤੋਂ ਪਹਿਲਾਂ ਪੰਜਾਬੀ ਕਿਸਾਨੀ ਦੇ ਹਿਰਦੇ ਅੰਦਰਲੀ ਲਮੇਰੀ ਪੀੜ੍ਹਾ ਨੂੰ ਜਾਣਨਾ ਪਵੇਗਾ। ਪਹਿਲੇ ਜਿੰਨੇ ਵੀ ਸਰਕਾਰਾਂ ਵਿਰੁੱਧ ਵਿਰੋਧ ਹੋਏ ਉਹ ਖਾਸ ਮੁੱਦਿਆਂ 'ਤੇ ਅਧਾਰਤ ਸਨ , ਪਰ ਉਹ ਇਸ ਕਿਸਾਨੀ ਅੰਦੋਲਨ ਵਾਂਗ ਸਮੂਹਿਕ ਚੇਤਨਾ ਦਾ ਹਿੱਸਾ ਨਹੀਂ ਸੀ ਬਣੇ।ਇਸ ਵਾਰ ਤਾਂ ਮਖਲੂਕ ਨੇ ਇਕ ਤਰ੍ਹਾਂ ਨਾਲ ਕਰੋ ਜਾਂ ਮਰੋ ਵਰਗੀ ਸ਼ਿਦਤ ਅਖਤਿਆਰ ਕਰ ; ਆਖਰੀ ਸਵਾਸਾਂ ਤਕ ਜੂਝਣ ਦੀ ਤਹਿਰੀਕ ਵਿੱਢ ਲਈ ਜਾਪਦੀ ਹੈ।
ਇਸ ਅੰਦੋਲਨ ਦੀ ਬੁਲੰਦਤਾ ਦਾ ਮੂਲ ਕਾਰਨ ਕਿਸਾਨੀ ਜਨ-ਸਮੂਹ ਨੂੰ ਕੁੱਲ ਖੇਤੀ ਤੇ ਨਿਰਭਰ ਪਿੰਡ ਦੁਨੀਆ ਨੂੰ ਆਪਣਾ ਭੈਅ ਭੀਤ ਭਵਿੱਖ ਨਜ਼ਰ ਆ ਰਿਹਾ ਹੈ। ਆਪਣੇ ਅਮੀਰ ਵਿਰਸੇ ਦੇ ਖੁੱਸਣ ਦੀ ਭਿਆਨਕ ਤਸਵੀਰ ਬਰੂਹਾਂ 'ਤੇ ਆਈ ਖਲੋਤੀ ਦਿਸਦੀ ਹੈ। ਐਂ ਜਾਪਦਾ ਹੈ ਭਾਰਤ ਦਾ ਮਰਕਜ਼ੀ ਨਿਜ਼ਾਮ , ਪੰਜਾਬੀ ਸਭਿਆਚਾਰ ਦੇ ਅਸਲ ਸਾਰ/ਸੱਚ ਨੂੰ ਸਮਝਣ ਤੋਂ ਵਿਰਵਾ ਰਹਿ ਗਿਆ ਹੈ।ਕੇਂਦਰ ਨੇ ਪੰਜਾਬ ਦੇ ਇਸ ਧਰਾਤਲ ਨੂੰ ਦੇਸ਼ ਦੇ ਹੋਰ ਸੂਬਿਆਂ ਦੀ ਜਿਨਸੀ ਮਾਨਸਿਕਤਾ ਵਰਗਾ ਹੀ ਸਮਝ ਕੇ ਆਪਣੇ ਆਪ ਨੂੰ ਇਕ ਬੇਲੋੜੇ ਬਿਖੜੇ ਮਾਰਗ 'ਤੇ ਸੁੱਟ ਲਿਆ ਹੈ। ਉਸ ਨੇ ਪੰਜਾਬੀ ਕਿਸਾਨੀ ਜੈਨੇਟਿਕ {ਰੇਸ} ਨੂੰ ਪਹਿਚਾਨਣ ਦੀ ਕੋਸ਼ਸ਼ ਨਹੀਂ ਕੀਤੀ ਜਾਪਦੀ। ਕੇਂਦਰ ਏਥੋਂ ਦੇ ਜਨ-ਸਮੂਹ ਦੇ ਅੰਤਰੀਵ ਜ਼ਜ਼ਬਾਤਾਂ ਦਾ ਭੇਦ ਨਾ ਪਾਉਂਦਾ ਹੋਇਆ, ਬੇਲੋੜਾ ਕਲੇਸ਼ ਸਹੇੜ ਬੈਠਾ ਹੈ।
ਇਹ ਤਾਂ ਪੋਰਸ ਸੰਦਰਾਂ ਦੀ ਧਰਤੀ ਰਹੀ, ਏਥੋਂ ਤਾਂ ਅਬਦਾਲੀਆ ਧਾੜਵੀਆਂ ਨੂੰ ਹਿੱਕ ਠੋਕਵੀਆਂ ਠੱਲਾਂ ਪੈਂਦੀਆਂ ਰਹੀਆਂ।ਏਥੌਂ ਦੀ ਅਣਖ ਨੇ ਤਾਂ ਸੀਸਾਂ ਦੀ ਪਰਵਾਹ ਨਹੀਂ ਕੀਤੀ, ਆਪਣੇ ਮਾਸੁਮ ਬੱਚੇ ਨੇਜ਼ਿਆਂ 'ਤੇ ਟੰਗਵਾ ਦਿੱਤੇ। ਇਸ ਵੇਲੇ ਕਿਸਾਨੀ ਪ੍ਰੋਟੈਸਟ ਜੋ ਜਿਹਾਦ ਵਰਗੀ ਸ਼ਕਲ ਅਖਤਿਆਰ ਕਰ ਗਿਆ ਹੈ। ਕਿਸਾਨ ਨੂੰ ਆਪਣੇ ਅਮੀਰ ਵਿਰਸੇ ਦੇ ਗੁਆਚ ਜਾਣ ਦਾ ਵੱਡਾ ਤੌਖਲਾ ਹੈ ਉਨ੍ਹਾਂ ਲਈ ਆਪਣੀ ਹੋਂਦ ਬਚਾਉਣ ਲਈ ਚੈਲੈਂਜ ਦਿਸ ਰਿਹਾ ਹੈ।
ਪੰਜਾਬੀਆਂ ਦੇ ਲੋਕ-ਰੋਹ ਦੀ ਅਸਚਰਜਤਾ ਇਹ ਹੈ ਕਿ ਇਸ ਵਾਰ ਪੰਜਾਬ ਦੇ ਹਰ ਪਿੰਡ ਦਾ, ਹਰ ਘਰ ਘਰ ਅੰਦੋਲਨ ਵਿਚ ਹਿੱਸਾ ਲੈਣ ਲਈ ਤਤਪਰ ਸਮਰਪਤ ਹੋ ਚੁੱਕਾ ਹੈ। ਨੌਜਵਾਨੀ ਨੂੰ ਘਰੇ ਬੈਠਣਾ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰ ਰਿਹਾ ਹੈ। ਜੱਟਾਂ ਵਿਚ ਇਹ ਧਾਰਨਾ ਪ੍ਰਚੱਲਤ ਹੈ ਕਿ ਵਿਆਹ ਤੋਂ ਇਕ ਦਾ ਮੂੰਹ ਦੂਜੇ ਪਾਸੇ ,ਦੂਜੇ ਦਾ ਉਲਟ ਪਾਸੇ , ਆਪਸ ਵਿਚ ਬਣਦੀ ਹੀ ਨਹੀਂ ਹੁੰਦੀ। ਪਰ ਇਸ ਸੰਘਰਸ਼ ਨੇ ਆਪਸੀ ਰੌਲਿਆਂ, ਭਿੰਨ ਭੇਦਾਂ ਦੀਆਂ ਸਮੀਕਰਨਾਂ ਹੀ ਬਦਲ ਦਿੱਤੀਆਂ। ਇਕ ਦੋ ਵਾਢਿਉਂ ਸੱਭ ਨੇ ਘਰਬਾਰ ਦੇ ਕੰਮ ਔਰਤਾਂ ਨੂੰ ਸੰਭਾਲ , ਸਿੰਘੂ ਟੀਕਰੀ ਦਿੱਲੀ ਬਾਰਡਰਾਂ ਵੱਲ ਵਹੀਰਾਂ ਘੱਤ ਦਿੱਤੀਆਂ। ਪਿੰਡਾਂ ਵਿਚ ਬਹੁਤੀਆਂ ਜ਼ਮੀਨਾਂ ਵਾਲੇ ਸੌਖੇ ਬੰਦੇ ਜੋ ਚੂੰਡੀ ਨਹੀਂ ਸੀ ਵਢਾਉਂਦੇ , ਆਪ ਤੋਂ ਛੋਟੇ ਨਾਲ ਚੱਜ ਨਾਲ ਗੱਲ ਨਹੀਂ ਸੀ ਕਰਦੇ, ਦੂਰੀ ਬਣਾ ਕੇ ਰੱਖਦੇ ਸੀ, ਉਹ ਵੀ ਸਾਰੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਵਿਸਾਰ ਕੇ ਦਿਲ ਖੋਲ੍ਹ ਕੇ, ਜੱਫੀਆਂ ਪਾ ਕੇ ਸੰਘਰਸ਼ ਵਿਚ ਅੱਗੇ ਹੋ ਕੇ ਚੱਲ ਪਏ।ਸਿਆਣਿਆਂ ਸੱਚ ਕਿਹਾ- ਜਦੋਂ ਅੱਤ ਤੇ ਰੱਬ ਦਾ ਵੈਰ ਹੋ ਜੇ ਉਸ ਵੇਲੇ ਸਾਰੇ ਇਕੱਠੇ ਹੋ ਹੀ ਜਾਇਆ ਕਰਦੇ ਹਨ।
ਕਿਸਾਨਾਂ ਨੂੰ ਕੇਂਦਰੀ ਨਿਜ਼ਾਮ ਦੀ ਅਸਲ ਨੀਅਤ ਦਾ ਪਤਾ ਲੱਗ ਗਿਆ ਹੈ। ਕਿਸਾਨ ਨੂੰ ਖਦਸ਼ਾ ਹੈ ਕਿ ਹਿੰਦੋਸਤਾਨੀ ਸਰਕਾਰ ਕਿਸਾਨੀ ਦਾ ਖੁਰਾ ਖੋਜ ਮਿਟਾਉਣ ਦੀ ਤਾਕ ਵਿਚ ਹੈ। ਜਦੋ ਇਨ੍ਹਾਂ ਨੂੰ ਅਮਨ ਭੰਡਾਰ ਲਈ ਸਾਡੀ ਹਰਿਆਣੇ ਤੇ ਪੰਜਾਬ ਦੀ ਲੋੜ ਸੀ ਉਦੋਂ ਸਾਡੀ ਇਹ ਵਡਿਆਈ ਕਰਦੇ ਨਹੀਂ ਸੀ ਥਕਦੇ -ਜੈ ਜਵਾਨ ਜੈ ਕਿਸਾਨ- ਦੇ ਨਾਅਰੇ ਲਾਉਂਦੇ ਸੀ। ਹੁਣ ਯੂ.ਪੀ ਬਿਹਾਰਾਂ ਵਿਚ ਚਾਰ ਦਾਣੇ ਹੋਣ ਲੱਗ ਪਏ, ਅਸੀਂ ਚੰਗੇ ਲੱਗਣੋਂ ਹਟ ਗਏ। -ਪਾਣੀ ਨਿਕਲਿਆ ਤੇ ਖਵਾਜ਼ਾ ਵਿਸਰਿਆ-। ਸੋਚੋ! ਐਦੂੰ ਮਾੜਾ ਕੀ ਹੋਊ ਆਪਣੇ ਦੇਸ਼ ਵਾਸੀਆਂ ਨਾਲ ਹੀ ਅਕਿਰਤਘਣ।
ਬਾਹਰਲੇ ਦੇਸ ਕਨੇਡਾ ਅਮਰੀਕਾ ਵਰਗੇ ਜਿਥੇ ਬੇਘਰੇ ਹਨ ਜੋ ਕੋਈ ਕੰਮਕਾਰ ਨਹੀਂ ਕਰ ਸਕਦੇ, ਸਰਕਾਰਾਂ ਉਨ੍ਹਾਂ ਦੇ ਰਹਿਣ ਸਹਿਣ ਦਾ ਪੂਰਾ ਬੰਦੋਬਸਤ ਕਰਦੀਆਂ, ਉਨ੍ਹਾਂ ਨੂੰ ਰਹਿਣ ਲਈ ਘਰ ਦਿੰਦੀਆ, ਕੋਕ ਬਰਗਰ ਫਲ ਫਰੂਟ ਸਾਰਾ ਕੁਝ ਮੁਫਤ 'ਚ ਦਿੰਦੀਆਂ । ਜਾਣੋ ਸਾਰੀਆਂ ਸਹੂਲਤਾਂ ਉਨ੍ਹਾਂ ਨੂੰ ਦਿੰਦੀਆਂ ਹਨ ਜੋ ਭੋਰਾ ਭਰ ਵੀ ਕੰਮ ਨਹੀਂ ਕਰ ਸਕਦੇ । ਪਰ ਐਧਰ ਸਾਡੇ ਨਿਰਾਲੇ ਆਲਮ ਵਾਲਿਆਂ ਦੀ ਸੋਚ ਵੇਖ ਲਵੋ , ਉਤਰੀ ਭਾਰਤ ਦਾ ਕਿਸਾਨ ਜੋ ਅਜ ਵੀ ਅੱਧੇ ਦੇਸ਼ ਦਾ ਢਿੱਡ ਭਰਦਾ, ਲੋੜਵੰਦਾਂ ਦੇ ਮੂੰਹਾਂ 'ਚ ਰੋਟੀ ਪਾਉਂਦਾ, ਉਸ ਅੰਨਦਾਤੇ ਦਾ ਸੰਵਾਰਨਾ ਤਾਂ ਦੂਰ ਦੀ ਗੱਲ ਉਸ ਨੰ ਉਜਾੜਨ, ਘਰੋਂ ਬੇਘਰ ਕਰਨ 'ਤੇ ਤੁਲੀ ਹੋਈ ਹੈ। ਕਿਸਾਨ ਇਸ ਖਦਸ਼ੇ 'ਚ ਉਤਰ ਗਿਆ ਹੈ : ਗੌਰਮਿੰਟ ਉਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨ ਨੂੰ ਫਿਰਦੀ ਹੈ।
ਜ਼ਮੀਨ ਦੀ ਅਹਿਮੀਅਤ ਦਾ ਤਾਂ ਕਿਸਾਨ ਹੀ ਦੱਸ ਸਕਦਾ, ਜਿਸ ਨਾਲ ਉਸ ਦੇ ਸਾਰੇ ਮਰਨੇ-ਪਰਨੇ ਜੁੜੇ ਹਨ ।ਸਦੀਆਂ ਤੋਂ ਪੁਸ਼ਤ ਦਰ ਪੁਸ਼ਤ ਚਲਦੇ ਜੀਵਨ ਨਿਰਬਾਹ ਵਿਚ ਕਿਸ ਕਦਰ ਜ਼ਮੀਨ ਦਾ ਰੋਲ ਹੈ, ਕਿਸ ਤਰ੍ਹਾਂ ਇਸ ਖਿੱਤੇ ਦੀ ਮਿੱਟੀ ਕਿਸਾਨਾਂ ਦੇ ਮਨਾਂ ਵਿਚ ਧਾਸੂੰ ਜਗ੍ਹਾ ਬਣਾ ਚੁੱਕੀ ਹੈ। ਜ਼ਮੀਨ ਦਾ ਅਹਿਸਾਸ ਤਾਂ ਕਿਸਾਨ ਨੂੰ ਹੀ ਹੋ ਸਕਦਾ।
ਕੋਈ ਵੇਲਾ ਸੀ ਜਦ ਕਿਸਾਨ ਦਾ ਪੁੱਤਰ ਜਾਂ ਉਸ ਦੇ ਸੀਰੀ ਦਾ ਪੁੱਤਰ ਹਲ ਦੀ ਜੰਗੀ ਫੜਨ ਦੇ ਯੋਗ ਹੋ ਜਾਂਦਾ ਤਾਂ ਸਿਆਣੇ ਜਾਣ ਲੈਂਦੇ ਬਈ ਮੁੰਡਾ ਹੁਣ ਵਿਆਹੁਣ ਦੇ ਕਾਬੁਲ ਹੋ ਗਿਆ, ਭੁੱਖਾ ਨ੍ਹੀ ਮਰੂਗਾ-।ਜੱਟ ਦੇ ਤਾਂ ਸਾਰੇ ਸੰਸਕਾਰ ਜ਼ਮੀਨ ਨਾਲ ਜੁੜੇ ਪਏ ਹਨ। ਫਿਰ ਜਦ ਐਨਾ ਵੱਡਾ ਨੁਕਸਾਨ ਹੁੰਦਾ ਦਿਸ ਰਿਹਾ ਹੋਵੇ ਤਦ ਕਿਸਾਨ ਅੰਦਰ ਭਿਆਨਕ ਰੋਹ ਭੈਅ ਤਾਂ ਜਾਗੂ ਗਾ ਹੀ ਨਾ।
ਇਸ ਅੰਦੋਲਨ ਦੇ ਪੂਰਨ ਪਸਮੰਜਰ ਵਿਚ ਵੇਖਿਆ ਜਾਵੇ ਤਾ ਰਣਜੀਤ ਕੌਰ ਤੇ ਸਦੀਕ ਦੀਆਂ ਗਾਈਆਂ ਆਹ ਲਾਈਨਾ ਕਿਤੇ ਕਿਤੇ ਪੂਰੀਆਂ ਢੁਕਦੀਆਂ ਲਗਦੀਆਂ :-
ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੈਂਚਾਂ, ਕੁਝ ਲੁੱਟ ਲਈ ਸਰਕਾਰਾਂ ਨੇ।
ਸੱਚਮੁੱਚ ਸਾਡੀਆਂ ਕੇਂਦਰੀ ਤੇ ਸੁਬਾਈ ਸਰਕਾਰਾਂ ਦੀਆਂ ਸਿਆਸਤਾਂ ਨੇ ਇਸ ਅੰਨ ਦਾਤੇ ਦਾ ਚੱਜ ਨਾਲ ਕਦੇ ਵੀ ਭਲਾ ਨਹੀਂ ਲੋਚਿਆ। ਸਗੋਂ ਇਸ ਨੂੰ ਹੈਲਥ ਐਜੂਕੇਸ਼ਨ ਪੱਖੋਂ ਨੰਗ ਕਰਨ 'ਤੇ ਹੀ ਬੜੀ ਢੀਠਾਈ ਨਾਲ ਤੁਲੀਆਂ ਰਹੀਆਂ।ਸੱਭ ਇਸ ਅੰਨਦਾਤੇ ਨੂੰ ਦੋਨੀਂ ਹੱਥੀ ਲੁੱਟਿਆ , ਵਰਤਿਆ ਤੇ ਆਪਣੀਆ ਤਜੌਰੀਆਂ ਨੂੰ ਭਰਨ 'ਚ ਲੱਗੇ ਰਹੇ। ਆਪਣੀ ਰਾਜ ਸੱਤਾ ਪਿੱਛੇ ਪੰਜਾਬੀਆਂ ਦਾ ਧਨਵਾਨ ਭਾਈਚਾਰਾ ਟੁਕੜੇ ਟੁਕੜੇ ਕਰ ਕੇ ਵੰਡ ਕੇ ਰੱਖ ਦਿਤਾ। ਪਿੰਡਾਂ ਕਸਬਿਆਂ ਮੁਹੱਲਿਆਂ ਫਲਿਆਂ ਵਿਚ ਦੁਸ਼ਮਣੀਆਂ ਪਾ ਦਿੱਤੀਆਂ। ਚੰਗੀ ਭਲੀ ਵਸਦੀ ਰਸਦੀ ਪੇਂਡੂ ਦੁਨੀਆਂ ਵਿਚ ਵਿਤਕਰੇਬਾਜ਼ੀ ਖੜੀ ਕਰ ਦਿੱਤੀ , ਸਿਰਫ ਆਾਪਣੇ ਮੁਫਾਦਾਂ ਪਿੱਛੇ।
ਐਸ ਵੇਲੇ ਜੇਕਰ ਕਿਸੇ ਨੂੰ ਸੇਹਰਾ ਜਾਦਾ ਹੈ ਉਹ ਜਾਂਦਾ ਹੈ ਕਿਸਾਨ ਯੁਨੀਅਨਾਂ ਵੱਲ ਕਿਸਾਨ ਤਨਜ਼ੀਮਾਂ ਵੱਲ , ਜੋ ਲੰਮੇਰੇ ਸੰਘਰਸ਼ ਤੋਂ ਬਾਅਦ ਕਿਸਾਨ ਦੁਨੀਆ ਨੂੰ ਇਕੱਠੇ ਕਰਨ, ਦਿਲੋਂ ਇਕ ਪਲੇਟਫਾਰਮ 'ਤੇ ਲਿਆਉਣ ਵਿਚ ਸਫਲ ਹੋ ਸਕੀਆਂ, ਆਪਣਾ ਵਿਸ਼ਵਾਸ ਬਹਾਲ ਕਰਨ ਵਿਚ ਕਾਮਯਾਬ ਹੋਈਆ ਹਨ। ਕਿਸਾਨ ਵਰਗ ਦੀ ਵੀ ਕਮਾਲ ਦੀ ਖੁਬਸੂਰਤੀ ਹੈ ਜਿਨ੍ਹਾਂ ਇਕੋ ਝਟਕੇ ਨਾਲ ਸੱਤਰਾਂ ਸਾਲਾਂ ਤੋਂ ਮਾਸ ਚੂੰਡ ਰਹੀਆਂ ਸਿਆਸੀ ਪਾਰਟੀਆਂ ਨੂੰ ਪਰ੍ਹਾਂਹ ਵਗਾ ਕੇ ਮਾਰਿਆ ਤੇ ਉਨ੍ਹਾਂ ਨੂੰ ਗੁਨਾਹਗਾਰ ਹੋਣ ਦਾ ਅਹਿਸਾਸ ਕਰਵਾ ਦਿੱਤਾ।
ਇਸ ਲਹਿਰ ਵਿਚ ਜੋ ਰੱਬੀ ਜਲੌਅ ਵੇਖਣ ਨੂੰ ਮਿਲਿਆ, ਜੋ ਅਸਚਰਜ ਕੌਤਕ ਭਾਣਾ ਵਰਤਿਆ ਹੈ ,ਉਹ ਹੈ ਸਾਡੇ ਖਿਤੇ ਦੀ ਨੌਜਵਾਨੀ ਦਾ ਲ਼ੋਕ ਰੋਹ। ਇਕ ਵਾਰ ਫਿਰ ਸਾਬਤ ਹੋ ਗਿਆ ਹੈ, ਸਾਡੀ ਪੰਜਾਬੀ ਨੌਜਵਾਨੀ ਦੀ ਰੂਹ ਵਿਚ ਅੰਤਾਂ ਦਾ ਵੇਗ ਹੈ ਅੰਤਾਂ ਦਾ ਜ਼ੋਰ ਹੈ। ਪੰਜਾਬੀ ਗੱਭਰੂਆਂ ਦੀਆਂ ਕੀ /ਕਿਆ ਰੀਸਾਂ: ਇਹ ਤਾਂ ਚਟਾਨ ਵਾਂਗ ਦੁਨੀਆ ਦੇ ਵੱਡੇ ਤੋਂ ਵੱਡੇ ਵੈਰੀ ਨਾਲ ਮੱਥਾਂ ਲਾਉਣ , ਸਿਰ ਭੜਾਉਣ ਦੇ ਸਮੱਰਥ ਹਨ । ਤਾਂ ਹੀ ਤਾਂ ਆਹ ਬੋਲ ਨਿਕਲਦੇ :
ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ।
ਬੋਤਲ ਜਿੰਨਾ ਨਸ਼ਾ ਜਿੰਮ ਦਾ ਰਹਿੰਦਾ ਯਾਰਾਂ ਨੂੰ।
ਚੀਨੀ ਟਰੈਵਲਰ ਹਿਊਨਸਾਂਗ ਆਪਣੇ ਸਫਰਨਾਮੇ ਵਿਚ ਰਾਜੇ ਹਰਸ਼ਵਰਧਨ ਬਾਰੇ ਲਿਖਦਾ ਹੈ ਕਿ ਹਰਸ਼ਵਰਧਨ ਦਾ ਕੌਲ ਸੀ ਜਿਸ ਰਾਜੇ ਦੇ ਰਾਜ ਵਿਚ ਇਕ ਵੀ ਭੁੱਖਾ ਸੌਂਦਾ ਹੋਵੇ ਉਸ ਰਾਜੇ ਨੂੰ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ । ਪਰ ਐਥੇ ਇੰਤਜ਼ਾਮੀਆ ਦੀ ਸੋਚ ਹੀ ਵਿਪਰੀਤ ਹੈ । ਡਾ. ਇਸਰਾਰ ਇਕ ਬਹੁਤ ਹੀ ਆਲਮ ਫਾਜ਼ਲ ਦੀਨੀ ਸਕਾਲਰ ਹੋਇਆ ਉਹ ਪ੍ਰਸਿੱਧ ਵਿਆਖਿਆਾਰ ਸੈਮੂਇਲ ਹਨਟਿੰਗਟਨ ਦੇ ਹਵਾਲੇ ਨਾਲ ਦੱਸਦਾ ਹੈ ਕਿ ਇਸ ਦੁਨੀਆ 'ਤੇ ਕਿਸੇ ਵੇਲੇ 20 ਤਹਿਜ਼ੀਬਾਂ /ਸਭਿਅਤਾਵਾਂ/ ਛਵਿਲਿਸਿੳਟੋਿਨਸ ਹੁੰਦੀਆ ਸਨ ਉਨਾਂ ਚੋ ਐਸ ਵੇਲੇ 8 ਦੇ ਕਰੀਬ ਹੀ ਬਚੀਆਂ ਹਨ।
ਬਾਬਾ ਬੰਦਾ ਸਿੰਘ ਬਹਾਦਰ ਤੇ ਸਾਡੇ ਹੋਰ ਮਹਾਨ ਪੁਰਖੇ ਜਦ ਜੰਗਾਂ ਜੁੱਧਾਂ ਲਈ ਚੜ੍ਹ ਕੇ ਜਾਂਦੇ ਸੀ ਤਾਂ ਸਫਲਤਾ ਹਿਤ - ਗੁਰੂ ਬਹੁੜੀ ਹੋਗੁ- ਦਾ ਬਚਨ ਉਚਾਰਦੇ ਸੀ।ਅਸੀਂ ਵੀ ਅੰਨ ਦਾਤੇ ਦੇ ਇਸ ਸੰਘਰਸ਼ ਦੀ ਕਾਮਯਾਬੀ ਪ੍ਰਤੀ ਪੁਰ ਉਮੀਦ ਹਾਂ ।ਅਸੀਂ ਪੁਰ ਉਮੀਦ ਹਾਂ ਗੁਰੂ ਬਹੁੜੀ ਹੋਗੁ- ਸਾਡਾ ਅੰਨ ਦਾਤਾ ਵੀ ਵੱਡੀ ਜਿੱਤ ਹਾਸਲ ਕਰ ਕੇ ਖੂਸ਼ੀਆਂ ਚਾਵਾਂ ਨਾਲ ਘਰਾਂ ਨੂੰ ਪਰਤੇਗਾ ਤੇ ਇਤਿਹਾਸ ਦੇ ਪੱਤਰਿਆ 'ਤੇ ਪੰਜਾਬ ਨੂੰ ''ਜੁਝਾਰੂਆ ਦੇ ਖਿੱਤੇ'' ਦੇ ਨਾਮ ਨਾਲ ਦਰਜ ਕਰਵਾਏਗਾ ਅਤੇ ਇਸ ਖਿੱਤੇ ਵਿੱਚ - ਸਿੱਖ ਸਿਵਲਾਈਜ਼ੇਸ਼ਨ- ਦੇ ਲਕਬ ਨਾਲ ਇਕ ਨਵਾ ਆਵੇਸ਼ ਹੋਵੇਗਾ।
(ਲੇਖਕ ਰਿਸਰਚਰ, ਕਾਲਮਿਸਟ, ਤਜ਼ੱਜ਼ੀਆਕਾਰ ਹੈ, ਇਨ੍ਹਾਂ 18 ਸਾਲ ਗੁਰੂ ਇਤਾਹਸ 'ਤੇ ਖੋਜ ਕਾਰਜ ਕੰਮ ਕੀਤਾ, ਜਿਨ੍ਹਾਂ ਦਾ ਅਜੀਤ , ਜੱਗਬਾਣੀ ਤੋਂ ਇਲਾਵਾ ਪੰਜਾਬੀ ਟ੍ਰਿਬਿਊਨ ਵਿਚ ਲੰਮਾ ਸਮਾਂ ਬਹੁਤ ਹੀ ਪ੍ਰਸਿੱਧ 'ਖੇਤਾਂ ਦੇ ਨਾਲ ਨਾਲ' ਕਾਲਮ ਚਲਦਾ ਰਿਹਾ)
Posted on January 20th, 2021
Posted on January 19th, 2021
Posted on January 18th, 2021
Posted on January 15th, 2021
Posted on January 14th, 2021
Posted on January 14th, 2021
Posted on January 14th, 2021
Posted on January 13th, 2021
Posted on January 12th, 2021
Posted on January 11th, 2021
Posted on January 7th, 2021
Posted on January 7th, 2021