Posted on March 17th, 2021
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵੀ ਹੈ ਅਜਾਇਬ ਘਰ ਦਾ ਹਿੱਸਾ
-ਗੁਰਪ੍ਰੀਤ ਸਿੰਘ ਤਲਵੰਡੀ ਵੈਨਕੂਵਰ (ਕੈਨੇਡਾ) ਫੋਨ: 001-778-980-9196
ਮਨੁੱਖੀ ਅਧਿਕਾਰਾਂ ਦਾ ਘਾਣ ਇਸ ਸੰਸਾਰ ਉੱਪਰ ਆਦਿ ਕਾਲ ਤੋਂ ਹੀ ਚਲਦਾ ਆਇਆ ਹੈ। ਪੁਰਾਣੇ ਜ਼ਮਾਨੇ ਵਿੱਚ ਜਦ ਲੋਕ ਕਬੀਲਿਆਂ ਵਿੱਚ ਰਹਿੰਦੇ ਸਨ, ਉਦੋਂ ਵੀ ਤਕੜੇ ਵਲੋਂ ਮਾੜੇ ਨੂੰ ਦਬਾਉਣ ਦਾ ਸਿਲਸਿਲਾ ਚਲਦਾ ਰਿਹਾ ਹੈ। ਹੁਣ ਭਾਵੇਂ ਇਸਦੇ ਤੌਰ ਤਰੀਕੇ ਬਦਲ ਚੁੱਕੇ ਹਨ, ਲੇਕਿਨ ਮਨੁੱਖੀ ਅਧਿਕਾਰਾਂ ਨੂੰ ਕੁਚਲਣਾਂ ਜਾਰੀ ਹੈ। ਅਜੋਕੇ ਦੌਰ 'ਚ ਭਾਵੇਂ ਵਿਸ਼ਵ ਦੇ ਬਹੁਤੇ ਮੁਲਕਾਂ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਸਿਖਰਾਂ ਤੇ ਹੈ। ਕਿਧਰੇ ਧਰਮਾਂ ਦੇ ਨਾਮ ਤੇ ਜਾਂ ਫਿਰ ਫਿਰਕਿਆਂ ਦੇ ਨਾਮ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਤਾਂ ਜਾਤੀਵਾਦ ਦੇ ਨਾਮ ਤੇ ਵੀ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਰੰਗ, ਨਸਲ ਭੇਦਭਾਵ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦਾ ਕਾਰਨ ਬਣਦਾ ਹੈ।
ਭਾਵੇਂ ਸੰਸਾਰ ਬ੍ਰਹਿਮੰਡ ਦੇ ਹੋਰਨਾਂ ਗ੍ਰਹਿਆਂ ਉੱਪਰ ਦੁਨੀਆਂ ਵਸਾਉਣ ਵਰਗੇ ਸੁਪਨੇ ਸੰਜੋਈ ਬੈਠਾ ਹੈ, ਲੇਕਿਨ ਅਸੀਂ ਹਾਲੇ ਤੱਕ ਵੀ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦਾ ਪਾਠ ਪੜਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਕੈਨੇਡਾ ਵਰਗੇ ਵਿਕਸਤ ਦੇਸ਼ਾਂ ਵਲੋਂ ਸਮੁੱਚੇ ਵਿਸ਼ਵ ਨੂੰ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਦਿੱਤਾ ਜਾ ਰਿਹਾ ਹੋਕਾ ਵਿਸ਼ੇਸ਼ ਮਹੱਤਵ ਰੱਖਦਾ ਹੈ।
ਕੈਨੇਡਾ ਦੇ ਮੱਧ ਭਾਗ ਵਿੱਚ ਸਥਿੱਤ ਘੱਟ ਵਸੋਂ ਘਣਤਾ ਵਾਲੇ ਰਾਜ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਵਿੱਚ ਇੱਕ ਮਨੁੱਖੀ ਅਧਿਕਾਰਾਂ ਸੰਬੰਧੀ ਵਿਸ਼ਾਲ ਮਿਊਜ਼ੀਅਮ ਬਣਾਇਆ ਗਿਆ ਹੈ, ਜੋ ਮਨੁੱਖੀ ਹੱਕਾਂ ਸੰਬੰਧੀ ਲੜਦੇ ਰਹੇ ਹਰ ਇੱਕ ਸ਼ਖਸ ਦੀ ਤਰਜ਼ਮਾਨੀ ਕਰਦਾ ਹੈ। ਕੈਨੇਡੀਅਨ ਮਿਊਜੀਅਮ ਫਾਰ ਹਿਊਮਨ ਰਾਈਟਸ ਇੱਕ ਕੈਨੇਡੀਅਨ ਕਰਾਊਨ ਕਾਰਪੋਰੇਸ਼ਨ ਅਦਾਰਾ ਹੈ ਅਤੇ ਕੌਮੀ ਮਿਊਜੀਅਮ ਹੈ। ਕੈਨੇਡਾ ਵਿੱਚ ਕਰਾਊਨ ਕਾਰਪੋਰੇਸ਼ਨ ਦਾ ਮਤਲਬ ਇਸਦਾ ਸਮੁੱਚਾ ਪ੍ਰਬੰਧ ਰਾਜ ਸਰਕਾਰ ਕਰਦੀ ਹੈ ਨਾ ਕਿ ਕੋਈ ਨਿੱਜੀ ਕੰਪਨੀ।
20 ਅਪ੍ਰੈਲ 2007 ਨੂੰ ਕੈਨੇਡਾ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕੈਨੇਡੀਅਨ ਮਿਊਜ਼ੀਅਮ ਫਾਰ ਹਿਊਮੈਨ ਰਾਈਟਸ ਨੂੰ ਇੱਕ ਕੌਮੀ ਅਜਾਇਬ ਘਰ ਬਣਾਉਣ ਦੇ ਕੈਨੇਡਾ ਸਰਕਾਰ ਦੇ ਇਰਾਦੇ ਦਾ ਐਲਾਨ ਕੀਤਾ। 13 ਮਾਰਚ 2008 ਨੂੰ ਕੈਨੈਡੀਅਨ ਪਾਰਲੀਮੈਂਟ ਵਿੱਚ ਅਜਾਇਬ ਘਰ ਐਕਟ ਵਿੱਚ ਸੋਧ ਕਰਨ ਅਤੇ ਹੋਰ ਐਕਟਾਂ ਵਿੱਚ ਸੋਧ ਕਰਨ ਵਾਲੇ ਬਿੱਲ ਸੀ-42 ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਸਮਰਥਨ ਨਾਲ ਆਮ ਸਹਿਮਤੀ ਪੈਦਾ ਕੀਤੀ ਗਈ। ਇਸ ਐਕਟ ਵਿੱਚ ਸੋਧ ਹੋਣ ਨਾਲ ਇੱਕ ਕੌਮੀ ਅਜਾਇਬ ਘਰ ਵਜੋਂ ਕੈਨੇਡੀਅਨ ਮਿਊਜੀਅਮ ਫਾਰ ਹਿਊਮਨ ਰਾਈਟਸ ਬਨਾਉਣ ਦਾ ਸੁਪਨਾਂ ਸਾਕਾਰ ਹੁੰਦਾ ਜਾਪਿਆ।
19 ਸਤੰਬਰ 2014 ਨੂੰ ਜਦ ਇਸ ਅਜਾਇਬ ਘਰ ਨੂੰ ਅਧਿਕਾਰਤ ਤੌਰ ਤੇ ਖੋਲਣ ਦਾ ਐਲਾਨ ਕੀਤਾ ਗਿਆ ਤਾਂ ਕੈਨੇਡੀਅਨ ਲੋਕਾਂ ਦੇ ਕੁੱਝ ਸਮੂਹਾਂ ਨੇ ਇਸਦਾ ਵਿਰੋਧ ਕੀਤਾ। ਵਿਰੋਧ ਕਰਨ ਵਾਲੇ ਲੋਕਾਂ ਦਾ ਵਿਚਾਰ ਸੀ ਕਿ ਅਜਾਇਬ ਘਰ ਵਿੱਚ ਉਹਨਾਂ ਦੇ ਆਪਣੇ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ ਜਾਂ ਕੁੱਝ ਅਸਲੀਅਤ ਨੂੰ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕਰਨ ਤੋਂ ਬਾਹਰ ਰੱਖਿਆ ਗਿਆ ਹੈ। ਇਸਦੇ ਉਦਘਾਟਨੀ ਸਮਾਰੋਹਾਂ ਤੋਂ ਕੈਨੇਡਾ ਦੇ ਮੂਲ ਨਿਵਾਸੀਆਂ ਨੇ ਵੀ ਕੁੱਝ ਕਾਰਨਾਂ ਕਰਕੇ ਆਪਣੇ ਆਪ ਨੂੰ ਦੂਰ ਰੱਖਿਆ। ਇਸ ਅਜਾਇਬ ਘਰ ਦੀ ਸਥਾਪਨਾ ਲਈ ਐਸਪਰ ਫਾਂਊਂਡੇਸ਼ਨ ਦੀ ਵੀ ਕੈਨੇਡਾ ਸਰਕਾਰ ਨਾਲ ਭਾਈਵਾਲੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਐਸਪਰ ਫਾਊਂਡੇਸ਼ਨ ਵਲੋਂ ਅਜਾਇਬਘਰ ਦੀ ਸਥਾਪਨਾਂ ਲਈ 20 ਮਿਲੀਅਨ ਡਾਲਰ ਦੀ ਸਹਾਇਤਾ ਵੀ ਕੀਤੀ ਗਈ ਸੀ।
ਐਸਪਰ ਫਾਊਂਡੇਸ਼ਨ ਦੇ ਸੀ ਈ ਓ ਹੈਰਾਲਡ ਐਸਪਰ ਨੂੰ ਉਕਤ ਅਜਾਇਬਘਰ ਦੀ ਸਥਾਪਨਾ ਦਾ ਸਿਹਰਾ ਜਾਂਦਾ ਹੈ। ਉਹ ਇੱਕ ਕੈਨੇਡੀਅਨ ਵਕੀਲ, ਸਿਆਸਤਦਾਨ ਅਤੇ ਹੁਣ ਖਤਮ ਹੋ ਚੁੱਕੀ ਮੀਡੀਆ ਸਮੂਹ ਕੈਨਵੈਸਟ ਗਲੋਬਲ ਕਮਿਊਨੀਕੇਸ਼ਨਜ ਦਾ ਸੰਸਥਾਪਕ ਸੀ। ਐਸਪਰ ਨੇ ਇੱਕ ਸੁਪਨਾਂ ਲਿਆ ਸੀ ਕਿ ਕੈਨੇਡਾ ਦੀ ਧਰਤੀ ਤੇ ਇੱਕ ਅਜਿਹਾ ਅਜਾਇਬਘਰ ਬਣਾਇਆ ਜਾਵੇਗਾ, ਜਿੱਥੇ ਕੈਨੇਡਾ ਤੋਂ ਇਲਾਵਾ ਦੁਨੀਆਂ ਭਰ ਦੇ ਵਿਦਿਆਰਥੀ ਅਤੇ ਆਮ ਲੋਕ ਮਨੁੱਖੀ ਅਧਿਕਾਰਾਂ ਬਾਰੇ ਜਾਣੂੰ ਹੋ ਸਕਣ। ਉਨ੍ਹਾਂ ਨੇ ਉਕਤ ਅਜਾਇਬਘਰ ਵਿਨੀਪੈੱਗ ਵਿੱਚ ਬਨਾਉਣ ਅਤੇ ਘੱਟ ਵਸੋਂ ਘਣਤਾ ਵਾਲੇ ਸ਼ਹਿਰ ਵਿਨੀਪੈੱਗ ਨੂੰ ਵਿਸ਼ਵ ਭਰ ਵਿੱਚ ਸੈਰ ਸਪਾਟਾ ਵਧਾਉਣ, ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਜੋਂ ਉਭਾਰਨ ਦਾ ਪ੍ਰਣ ਲਿਆ ਸੀ। ਸੰਨ੍ਹ 2003 ਵਿੱਚ ਹੈਰਾਲਡ ਐਸਪਰ ਦੀ ਮੌਤ ਤੋਂ ਬਾਅਦ ਉਸਦੀ ਬੇਟੀ ਗੇਲ ਐਸਪਰ ਨੇ ਇਸ ਪ੍ਰੋਜੈਕਟ ਦੀ ਅਗਵਾਈ ਕੀਤੀ।
ਹੁਣ ਤੱਕ ਇਸ ਕੌਮੀ ਅਜਾਇਬਘਰ ਦੇ ਵਿਕਾਸ ਲਈ ਕੈਨੇਡਾ ਸਰਕਾਰ ਵਲੋਂ 100 ਮਿਲੀਅਨ ਡਾਲਰ, ਮੈਨੀਟੋਬਾ ਸਰਕਾਰ ਵਲੋਂ 40 ਮਿਲੀਅਨ ਡਾਲਰ ਦਿੱਤੇ ਜਾ ਚੁੱਕੇ ਹਨ ਅਤੇ ਵਿਨੀਪੈੱਗ ਸਹਿਰ ਵਲੋਂ ਵੀ 20 ਮਿਲੀਅਨ ਡਾਲਰ ਦਿੱਤੇ ਗਏ ਹਨ। ਦੂਸਰੇ ਪਾਸੇ ਐਸਪਰ ਫਾਊਂਡੇਸ਼ਨ ਦੀ ਮੁਖੀ ਗੇਲ ਐਸਪਰ ਦੀ ਅਗਵਾਈ ਵਿੱਚ ਕੈਨੇਡੀਅਨ ਮਿਊਜੀਅਮ ਫਾਰ ਹਿਊਮਨ ਰਾਈਟਸ ਲਈ 150 ਮਿਲੀਅਨ ਡਾਲਰ ਦਾ ਟੀਚਾ ਮਿਥਿਆ ਗਿਆ ਸੀ, ਜਿਸ ਵਿੱਚੋਂ ਉਨ੍ਹਾਂ ਵਲੋਂ ਕੈਨੇਡਾ ਭਰ ਤੋਂ 130 ਮਿਲੀਅਨ ਡਾਲਰ ਤੋਂ ਵਧੇਰੇ ਫੰਡ ਇਕੱਠਾ ਕਰਕੇ ਦਿੱਤਾ ਜਾ ਚੁੱਕਾ ਹੈ।
ਸਤੰਬਰ 2014 ਵਿੱਚ ਇਸ ਅਜਾਇਬਘਰ ਵਿੱਚ ਕੁੱਲ 10 ਸਥਾਈ ਗੈਲਰੀਆਂ ਬਣਾਈਆਂ ਗਈਆਂ ਸਨ। ਪਹਿਲੀ ਗੈਲਰੀ ਵਿੱਚ ਸੰਸਾਰ ਵਿੱਚ ਮਨੁੱਖੀ ਅਧਿਕਾਰ ਕੀ ਹਨ? ਇਸ ਵਿਸ਼ੇ ਤੇ ਭਾਵਪੂਰਤ ਚਾਨਣਾ ਪਾਇਆ ਗਿਆ ਹੈ। ਦੂਸਰੀ ਗੈਲਰੀ ਵਿੱਚ ਕੈਨੇਡੀਅਨ ਮੂਲ ਨਿਵਾਸੀ, ਜਿਨ੍ਹਾਂ ਨੂੰ ਇਨਡਿਜੀਨਸ ਵੀ ਕਿਹਾ ਜਾਂਦਾ ਹੈ, ਦੇ ਅਧਿਕਾਰਾਂ ਅਤੇ ਜ਼ਮੀਨ ਪ੍ਰਤੀ ਜਿੰਮੇਵਾਰੀਆਂ ਨੂੰ ਰੂਪਬੱਧ ਕੀਤਾ ਗਿਆ ਹੈ। ਉਸ ਤੋਂ ਅੱਗੇ ਆਦਿਵਾਸੀ ਲੋਕਾਂ ਦੇ ਇਤਿਹਾਸ ਅਤੇ ਉਨ੍ਹਾਂ ਖਿਲਾਫ ਹਿੰਸਾ ਦਾ ਪਰਦਾਫਾਸ਼ ਕਰਦੀਆਂ ਤਸਵੀਰਾਂ ਅਤੇ ਵਿਸਥਾਰਤ ਵਿਆਖਿਆ ਸ਼ਾਮਿਲ ਕੀਤੀ ਗਈ ਹੈ। ਕੈਨੇਡੀਅਨ ਯਾਤਰਾਵਾਂ ਵਾਲੀ ਗੈਲਰੀ ਵਿੱਚ ਸਕੂਲਾਂ ਦੀ ਸਿੱਖਿਆ ਅਤੇ ਗਾਇਬ ਤੇ ਕਤਲ ਕੀਤੀਆਂ ਗਈਆਂ ਆਦਿਵਾਸੀ ਔਰਤਾਂ ਬਾਰੇ ਦੱਸਿਆ ਗਿਆ ਹੈ, ਨਾਲ਼ ਹੀ ਦੂਜੇ ਵਿਸਵ ਯੁੱਧ ਦੌਰਾਨ ਜਾਪਾਨੀ, ਰਾਈਰਸਨ ਯੂਨੀਵਰਸਿਟੀ, ਚੀਨੀ ਹੈੱਡ ਟੈਕਸ, ਅੰਡਰਗਰਾਊਂਡ ਰੇਲਰੋਡ, ਕਾਮਾਗਾਟਾ ਮਾਰੂ ਘਟਨਾਂ ਬਾਰੇ ਵੀ ਵਿਸਥਾਰਿਤ ਵਰਣਨ ਕੀਤਾ ਗਿਆ ਹੈ। ਉਸ ਤੋਂ ਅੱਗੇ ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਬਾਰੇ ਯਤਨ ਅਤੇ ਹੋਰ ਨਸਲਕੁਸੀਆਂ ਦੀ ਜਾਂਚ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਨਸਲਕੁਸੀਆਂ ਸੰਬੰਧੀ ਗੈਲਰੀ ਵਿੱਚ ਪੰਜ ਪ੍ਰਮੁੱਖ ਨਸਲਕੁਸੀਆਂ ਸਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹੋਲੋਕਾਸਟ, ਹੋਲੋਡੋਮੋਰ, ਅਰਮੀਨੀਆਈ ਨਸਲਕੁਸੀ, ਰਵਾਂਡਾ ਦੀ ਨਸਲਕੁਸੀ ਅਤੇ ਬੋਸਨੀਆਈ ਨਸਲਕੁਸ਼ੀ ਸ਼ਾਮਿਲ ਹਨ। ਹੋਰਨਾਂ ਗੈਲਰੀਆਂ ਵਿੱਚ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਲੜਾਈ ਲੜਦੇ ਮੌਤ ਦੇ ਮੂੰਹ ਜਾ ਪਏ ਯੋਧਿਆਂ, ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਖਿਲਾਫ ਅਵਾਜ਼ ਉਠਾਉਣ ਵਾਲੀਆਂ ਸਖਸ਼ੀਅਤਾਂ ਅਤੇ ਅਜੋਕੇ ਸਮਾਜ਼ ਵਿੱਚ ਆ ਰਹੇ ਪ੍ਰੇਰਣਾਦਾਇਕ ਬਦਲਾਅ ਸੰਬੰਧੀ ਵੀ ਵਿਸਥਾਰਿਤ ਜ਼ਿਕਰ ਕੀਤਾ ਗਿਆ ਹੈ।
ਮਨੁੱਖੀ ਹੱਕਾਂ ਦੇ ਅਲੰਬਰਦਾਰ ਤੇ ਨੋਬਲ ਪਰਾਈਜ਼ ਜੇਤੂ ਦੱਖਣੀ ਅਫਰੀਕਾ ਦੇ ਨੈਲਸਨ ਮੰਡੇਲਾ ਨੂੰ ਸਮਰਪਿਤ ਕੀਤੇ ਗਏ ਇਸ ਅਜਾਇਬਘਰ ਵਿੱਚ ਮੰਡੇਲਾ ਦੁਆਰਾ ਮਨੁੱਖੀ ਅਧਿਕਾਰਾਂ ਲਈ ਕੀਤੇ ਗਏ ਸੰਘਰਸ਼ ਦੀ ਸਮੁੱਚੀ ਗਾਥਾ ਵੀ ਹਰ ਇੱਕ ਦਾ ਧਿਆਨ ਖਿੱਚਦੀ ਹੈ।
ਪੰਜਾਬੀਆਂ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਇਤਿਹਾਸਕ ਘਟਨਾ 'ਕਾਮਾਗਾਟਾ ਮਾਰੂ' ਬਾਰੇ ਅਤੇ ਪੰਜਾਬ ਵਿੱਚ 90 ਦੇ ਦਹਾਕੇ ਦੌਰਾਨ ਸਰਕਾਰੀ ਪੁਸ਼ਤ ਪਨਾਹੀ ਹੇਠ ਕੁਚਲੇ ਗਏ ਮਨੁੱਖੀ ਹੱਕਾਂ ਦੀ ਰਖਵਾਲੀ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਅਤੇ ਇਹਨਾਂ ਵਲੋਂ ਮਨੁੱਖੀ ਹੱਕਾਂ ਲਈ ਲੜੇ ਸ਼ੰਘਰਸ਼ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ, ਜੋ ਹਰ ਕਿਸੇ ਦਾ ਧਿਆਨ ਖਿੱਚਦੀ ਹੈ।
Posted on April 9th, 2021
Posted on April 9th, 2021
Posted on April 8th, 2021
Posted on April 7th, 2021
Posted on April 7th, 2021
Posted on April 6th, 2021
Posted on March 30th, 2021
Posted on March 29th, 2021
Posted on March 29th, 2021
Posted on March 25th, 2021
Posted on March 22nd, 2021
Posted on March 22nd, 2021