Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਅਤੇ ਪੰਜਾਬੀ ਬੋਲੀ

Posted on May 6th, 2021

ਡਾ. ਗੁਰਵਿੰਦਰ ਸਿੰਘ

 ਕੈਨੇਡਾ ਵਾਸੀਆਂ ਲਈ 11 ਮਈ 2021 ਮਰਦਮਸ਼ੁਮਾਰੀ ਦਾ ਦਿਨ ਹੈ। ਹਰੇਕ ਪੰਜ ਸਾਲ ਬਾਅਦ ਕੈਨੇਡਾ ਦਾ ਅੰਕੜਾ ਵਿਭਾਗ ਮਰਦਮਸ਼ੁਮਾਰੀ ਕਰਦਾ ਹੈ। ਮਰਦਮਸ਼ੁਮਾਰੀ ਦੌਰਾਨ ਕੈਨੇਡਾ ਵਿੱਚ ਵਸਦੇ ਲੋਕਾਂ ਦੀ ਗਿਣਤੀ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰਕ ਪਿਛੋਕੜ, ਧਰਮ, ਭਾਸ਼ਾ, ਕੰਮ-ਕਾਰ ਅਤੇ ਆਮਦਨ ਆਦਿ ਬਾਰੇ ਅੰਕੜੇ ਇਕੱਤਰ ਕੀਤੇ ਜਾਂਦੇ ਹਨ। ਮਰਦਮਸ਼ੁਮਾਰੀ ਰਾਹੀਂ ਹੀ ਕੈਨੇਡਾ ਸਰਕਾਰ ਨੂੰ ਦੇਸ਼ ਵਿੱਚ ਸੱਭਿਆਚਾਰਕ ਵੰਨ-ਸਵੰਨਤਾ, ਸਮਾਜਿਕ ਬਦਲਾਵਾਂ ਅਤੇ ਆਰਥਿਕ ਝੁਕਾਵਾਂ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਮਰਦਮਸ਼ੁਮਾਰੀ ਦੇ ਇਨ੍ਹਾਂ ਅੰਕੜਿਆਂ ਦੇ ਆਧਾਰ 'ਤੇ ਹੀ ਸਰਕਾਰ ਨੂੰ ਲੋਕਾਂ ਲਈ ਵੱਖ- ਵੱਖ ਸਹੂਲਤਾਂ ਬਾਰੇ ਫ਼ੈਸਲੇ ਲੈਣ ਵਿੱਚ ਸੇਧ ਮਿਲਦੀ ਹੈ। ਕੈਨੇਡਾ ਵਿਚ ਰਹਿੰਦੇ ਹਰ ਵਿਅਕਤੀ ਲਈ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣਾ ਨੈਤਿਕ ਫ਼ਰਜ਼ ਬਣਦਾ ਹੈ। 

 ਕੈਨੇਡਾ ਦੇ ਨਾਗਰਿਕਾਂ ਅਤੇ ਸਥਾਈ ਆਵਾਸੀਆਂ ਤੋਂ ਇਲਾਵਾ, ਇੱਥੇ ਪੜ੍ਹਨ ਆਏ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਵੀ ਇਸ ਮਰਦਮਸ਼ੁਮਾਰੀ ਵਿਚ ਹਿੱਸਾ ਲੈਣ ਦਾ ਹੱਕ ਹੈ। ਅੱਜਕੱਲ੍ਹ ਕੈਨੇਡਾ ਵਾਸੀਆਂ ਨੂੰ ਡਾਕ ਰਾਹੀਂ ਚਿੱਠੀਆਂ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਮਰਦਮਸ਼ੁਮਾਰੀ ਬਾਰੇ ਗੁਪਤ ਕੋਡ ਲਿਖਿਆ ਹੁੰਦਾ ਹੈ, ਜੋ ਮਰਦਮਸ਼ੁਮਾਰੀ ਦੀ ਵੈੱਬਸਾਈਟ 'ਤੇ ਫਾਰਮ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਫਾਰਮ ਦੋ ਵੱਖੋ- ਵੱਖਰੇ ਕਿਸਮ ਦੇ ਹਨ, ਜਿਨ੍ਹਾਂ ਵਿੱਚ ਇੱਕ ਲੰਮਾ ਅਤੇ ਦੂਸਰਾ ਛੋਟਾ ਹੈ। ਪੰਝਤਰ ਫ਼ੀਸਦੀ ਲੋਕਾਂ ਨੂੰ ਛੋਟਾ ਫਾਰਮ ਭਰਨ ਲਈ ਮਿਲ ਰਿਹਾ ਹੈ, ਜਦਕਿ ਪੱਚੀ ਫ਼ੀਸਦੀ ਲੋਕਾਂ ਨੂੰ ਲੰਮਾ ਫਾਰਮ ਭਰਨ ਲਈ ਮਿਲ ਰਿਹਾ ਹੈ। ਡਾਕ ਰਾਹੀਂ ਮਰਦਮਸ਼ੁਮਾਰੀ ਬਾਰੇ ਪਹੁੰਚੀਆਂ ਚਿੱਠੀਆਂ ਮਕਾਨ ਮਾਲਕਾਂ ਤੋਂ ਇਲਾਵਾ ਕਿਰਾਏਦਾਰਾਂ ਲਈ ਵੀ ਹਨ, ਜੋ ਕਿ ਉਨ੍ਹਾਂ ਨੂੰ ਪਹੁੰਚਾਈਆਂ ਜਾਣੀਆਂ ਜ਼ਰੂਰੀ ਹਨ। ਫਾਰਮ ਭਰਨ ਦੀ ਆਖ਼ਰੀ ਤਾਰੀਖ 11ਮਈ ਹੈ।  

 ਕੈਨੇਡਾ ਸਰਕਾਰ ਵੱਲੋਂ ਮਰਦਮਸ਼ੁਮਾਰੀ ਫਾਰਮਾਂ ਵਿੱਚ ਭਾਸ਼ਾ ਦਾ ਖਾਨਾ ਦਰਜ ਕੀਤਾ ਗਿਆ ਹੈ। ਭਾਸ਼ਾ ਪੱਖੋਂ ਅੰਕੜਿਆਂ ਦੇ ਆਧਾਰ 'ਤੇ ਹੀ ਵੱਖ- ਵੱਖ ਬੋਲੀਆਂ ਬੋਲਣ ਵਾਲੇ ਲੋਕਾਂ ਲਈ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਕੈਨੇਡਾ ਵਿੱਚ ਬੋਲੀਆਂ ਜਾਣ ਵਾਲੀਆਂ ਵੱਖ- ਵੱਖ ਜ਼ਬਾਨਾਂ ਵਿਚ ਪੰਜਾਬੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ, ਪੰਜਾਬ ਦੀ ਧਰਤੀ 'ਤੇ ਵੀ ਦਿੱਤੀਆਂ ਜਾਂਦੀਆਂ ਹਨ। ਇਥੇ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ  'ਪੰਜਾਬ' ਵੱਸਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਇਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ  ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ। 

 ਇਥੋਂ ਦੇ ਕਈ ਸ਼ਹਿਰਾਂ 'ਚ ਪੰਜਾਬ ਤੋਂ ਆਇਆ ਕੋਈ ਵਿਅਕਤੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ 'ਚ ਘੁੰਮ ਰਿਹਾ ਹੋਵੇ। ਕੈਨੇਡਾ ਵਿਚ ਵੱਖ- ਵੱਖ ਸਮੇਂ ਹੋਈ ਮਰਦਮਸ਼ੁਮਾਰੀ ਦੇ ਅੰਕੜੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫੀਸਦੀ ਤੋਂ ਵਧ ਕੇ 1.7 ਫੀਸਦੀ ਦੇ ਨੇੜੇ ਜਾ ਪਹੁੰਚੀ ਹੈ। ਜੇਕਰ ਕੈਨੇਡਾ 'ਚ ਪੰਜਾਬੀਆਂ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਇਹ 1991 ਵਿੱਚ 113, 220 (0.43%), 1996 ਵਿੱਚ 201, 780 (0.70%), 2001 ਵਿੱਚ 271, 200 (0.90%), 2006 ਵਿੱਚ 367, 505 (1.18%), 2011 ਵਿੱਚ 459,990 (1.30 %) ਅਤੇ 2016 ਵਿੱਚ 568,375 (1.7%) ਤੱਕ ਪਹੁੰਚ ਚੁੱਕੀ ਹੈ, ਜਦਕਿ 2021 ਦੀ ਮਰਦਮਸ਼ੁਮਾਰੀ ਵਿੱਚ, ਪੰਜਾਬੀਆਂ ਦੀ ਕੈਨੇਡਾ ਵਿਚਲੀ ਵਸੋਂ ਦੇ ਹਿਸਾਬ ਨਾਲ ਅੰਕੜੇ ਦੁੱਗਣੇ ਹੋਣੇ ਚਾਹੀਦੇ ਹਨ। 

 ਕੈਨੇਡਾ ਵਸਦੇ ਪੰਜਾਬੀਆਂ ਦੀ ਗਿਣਤੀ ਲਗਾਤਾਰ ਵਧਣ ਦੇ ਅੰਕੜਿਆਂ ਮੁਤਾਬਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੀ ਵਧਣੀ ਜ਼ਰੂਰੀ ਹੈ। ਅੰਕੜਿਆਂ ਦੇ ਹਿਸਾਬ ਨਾਲ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਪੰਜਾਬੀ ਕੈਨੇਡਾ 'ਚ ਸਭ ਤੋਂ ਤੇਜੀ ਨਾਲ ਵਧ ਰਹੀ ਹੈ, ਜਿਵੇਂ ਕਿ ਆਮ ਹੀ ਪ੍ਰਚਾਰਿਆਂ ਜਾਂਦਾ ਹੈ। ਪਰ ਇਹ ਸਹੀ ਨਹੀਂ ਹੈ। ਇਹ ਵੀ ਆਮ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਕੈਨੇਡਾ 'ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਬੋਲੀ ਹੈ। ਪਰ ਇਹ ਜਾਣ ਕੇ ਪੰਜਾਬੀਆਂ ਨੂੰ ਦੁੱਖ ਤੇ ਹੈਰਾਨੀ ਹੋਵੇਗੀ ਕਿ ਕੁਝ ਸਮਾਂ ਪਹਿਲਾਂ ਪੰਜਾਬੀ ਦਾ ਸਥਾਨ ਤੀਜਾ ਜ਼ਰੂਰ ਹੁੰਦਾ ਸੀ, ਪਰ ਹੁਣ ਇਹ ਨਹੀਂ ਰਿਹਾ, ਜਿਸ ਦੀ ਸਹੀ ਤਸਵੀਰ ਪੰਜਾਬੀਆਂ ਤੱਕ ਪਹੁੰਚਾਉਣੀ ਜ਼ਰੂਰੀ ਹੈ। ਇਹ ਕੌੜੀ ਸੱਚਾਈ ਹੈ ਕਿ ਕੈਨੇਡਾ 'ਚ ਪੰਜਾਬੀ ਬੋਲੀ ਤੀਜੇ ਸਥਾਨ ਤੋਂ ਖਿਸਕ ਕੇ ਪੰਜਵੇਂ ਥਾਂ 'ਤੇ ਪਹੁੰਚ ਚੁੱਕੀ ਹੈ। ਬੋਲੀ ਆਧਾਰਿਤ ਅੰਕੜਿਆਂ ਅਨੁਸਾਰ ਸੰਨ 2011 ਦੀ ਜਨ -ਗਣਨਾ ਅਨੁਸਾਰ, ਅੰਗਰੇਜ਼ੀ ਤੇ ਫਰੈਂਚ ਤੋਂ ਮਗਰੋਂ, ਇੰਮੀਗਰੈਂਟ ਭਾਈਚਾਰਿਆਂ ਦੀਆਂ ਮਾਂ- ਬੋਲੀਆਂ ਦੀ ਸੂਚੀ 'ਚ ਪੰਜਾਬੀ ਪਹਿਲੇ ਥਾਂ 'ਤੇ ਸੀ, ਭਾਵ ਕੁਲ ਮਿਲਾ ਕੇ ਕੈਨੇਡਾ ਵਿੱਚ ਤੀਜੇ ਸਥਾਨ 'ਤੇ । 

 ਸੰਨ 2011 ਦੇ ਅੰਕੜਿਆਂ ਮੁਤਾਬਿਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 459,990 ਸੀ, ਜਦਕਿ ਚੀਨੀ ਭਾਈਚਾਰੇ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਕੈਂਟਨੀਜ਼ ਬੋਲਣ ਵਾਲੇ 388,935 ਅਤੇ ਮੈਂਡਰੀਨ ਬੋਲਣ ਵਾਲੇ 255,160 ਸਨ, ਪਰ ਪੰਜ ਸਾਲਾਂ ਮਗਰੋਂ 2016 ਦੇ ਅੰਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਿਰਫ਼  568, 375 ਤੱਕ ਹੀ ਪਹੁੰਚ ਸਕੀ। ਦੂਜੇ ਪਾਸੇ ਮੈਂਡਰੀਨ ਬੋਲਣ ਵਾਲੇ 610, 835 ਅਤੇ ਕੈਂਟਨੀਜ਼ ਬੋਲਣ ਵਾਲੇ 594,030 ਦੀ ਗਿਣਤੀ ਤੱਕ ਪਹੁੰਚ ਗਏ। ਇਉਂ ਪੰਜਾਬੀ ਬੋਲਣ ਵਾਲੇ ਤੀਜੇ ਥਾਂ ਤੋਂ ਪੰਜਵੇਂ 'ਤੇ ਆ ਪਹੁੰਚੇ ਹਨ, ਜਦਕਿ ਤੀਜੀ ਤੇ ਚੌਥੀ ਥਾਂ ਮੈਂਡਰੀਨ ਤੇ ਕੈਂਟਨੀਜ਼ ਨੇ ਲੈ ਲਈ ਹੈ । ਛੇਵੇਂ ਤੇ ਸੱਤਵੇਂ ਥਾਂ 'ਤੇ ਕ੍ਰਮਵਾਰ ਫਿਲਪੀਨੋ ਭਾਈਚਾਰੇ ਦੀ ਬੋਲੀ ਟੈਗਾਲੋਗ (510,420) ਅਤੇ ਸਪੈਨਿਸ਼ (495, 090) ਆਉਂਦੀਆਂ ਹਨ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਵਸੋਂ ਦੇ ਅਨੁਪਾਤ ਮੁਤਾਬਕ ਨਾ ਵਧਣੀ, ਪੰਜਾਬੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ।

     ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਇਸ ਗੱਲ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਕਾਰਨ ਹੈ ਕਿ ਕੈਨੇਡਾ 'ਚ ਪੰਜਾਬੀਆਂ ਦੀ ਗਿਣਤੀ ਤਾਂ ਬੜੀ ਤੇਜੀ ਨਾਲ ਵੱਧ ਰਹੀ ਹੈ, ਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪੱਛੜ ਰਹੀ ਹੈ। ਇਹਨਾਂ ਕਾਰਨਾਂ ਨੂੰ ਖੁੱਲੇ ਮਨ ਨਾਲ ਵਿਚਾਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਸ਼ਸ਼ੁਮਾਰੀ ਸਮੇਂ ਪੰਜਾਬੀਆਂ ਵੱਲੋਂ ਮਾਂ - ਬੋਲੀ ਲਿਖਵਾਉਣ ਲਈ ਉਤਸ਼ਾਹ ਉਨ ਨਹੀਂ ਦਿਸਦਾ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਦੇ ਪੰਜਾਬੀ ਮੀਡੀਏ ਵੱਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ ਬਹੁਤ ਸਾਰੇ ਪੰਜਾਬੀ ਮਰਦਮਸ਼ੁਮਾਰੀ ਮੌਕੇ ਫਾਰਮ ਭਰਨ ਦੌਰਾਨ, ਆਪਣੀ ਮਾਂ - ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ, ਤਾਂ 2021 ਦੀ ਮਰਦਸਸ਼ੁਮਾਰੀ ਵਿੱਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ 'ਚ ਦੇਰ ਨਹੀਂ ਲੱਗਣੀ। 

      ਦੂਜੀ ਗੱਲ ਇਹ ਹੈ ਕਿ ਪੰਜਾਬੀ ਕੈਨੇਡਾ 'ਚ ਅਜੇ ਵੀ ਵਿਦੇਸ਼ੀ ਭਾਸ਼ਾ ਹੀ ਹੈ ਅਤੇ  ਕੈਨੇਡੀਅਨ ਭਾਸ਼ਾ ਵਜੋਂ ਮਾਨਤਾ ਹਾਸਿਲ ਨਹੀਂ ਕਰ ਸਕੀ। ਇਹ ਗੱਲ ਜ਼ਿਕਰਯੋਗ ਹੈ ਕਿ ਕੈਨੇਡਾ 'ਚ ਦੋ ਮੁੱਖ ਭਾਸ਼ਾਵਾਂ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ 'ਚ ਸਰਕਾਰੀ ਭਾਸ਼ਾਵਾਂ ਹਨ। ਪਰ ਇਥੇ ਰਾਸ਼ਟਰੀ ਭਾਸ਼ਾ ਦੇ ਨਾਂ 'ਤੇ ਝਗੜੇ ਖੜੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ 'ਚ ਹਿੰਦੀ ਨੂੰ ਲੈ ਕੇ 'ਇਕ ਭਾਸ਼ਾ ਤੇ ਇਕ ਰਾਸ਼ਟਰ' ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ। ਇਥੇ ਚੁਣੌਤੀ ਇਹ ਹੈ ਕਿ ਇੰਮੀਗਰਾਂਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਅੱਜ ਕੈਨੇਡਾ 'ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ ਕੈਨੇਡੀਅਨ ਹਨ, ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ 'ਚ ਪੰਜਾਬੀਆਂ ਦੀ ਗਿਣਤੀ ਡੇਢ ਦਰਜਨ ਹੈ ਤੇ ਕਈ ਸੂਬਿਆਂ 'ਚ ਵੀ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ ਬੋਲੀ ਪੰਜਾਬੀ ਲਈ ਦ੍ਰਿੜ ਇਰਾਦਾ ਕਿਉਂ ਨਹੀਂ ਰੱਖਦੇ?  ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ਕੈਨੇਡੀਅਮ ਬੋਲੀ ਵਜੋਂ ਮਾਨਤਾ ਦਿਵਾਉਣੀ ਹੈ ਤੇ 'ਵਿਦੇਸ਼ੀ ਬੋਲੀ' ਨਹੀਂ ਰਹਿਣ ਦੇਣਾ, ਤਾਂ ਪੰਜਾਬੀ ਵੀ ਕੈਨੇਡਾ 'ਚ ਬੇਗਾਨੀ ਨਹੀਂ ਰਹੇਗੀ ਤੇ ਉਹ 'ਕੈਨੇਡੀਅਨ ਬੋਲੀ' ਵਜੋਂ ਮਾਨਤਾ ਹਾਸਿਲ ਕਰ ਲਵੇਗੀ।

      ਤੀਜੀ ਗੱਲ, ਪੰਜਾਬੀ ਮਾਪਿਆਂ 'ਤੇ ਆਉਂਦੀ ਹੈ। ਜੇਕਰ ਬੀ.ਸੀ. ਸੂਬੇ ਦੇ ਹੀ ਗੱਲ ਕਰੀਏ, ਤਾਂ ਇਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ (ਮੋਅ) ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ 'ਚ ਪੜ੍ਹਾਉਣ ਦਾ ਰਾਹ ਪੱਧਰ ਹੋ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕੈਡਮੀਆਂ ਤੇ ਹੋਰ ਅਦਾਰੇ ਆਪੋ- ਆਪਣੇ ਪੱਧਰ 'ਤੇ ਉਪਰਾਲੇ ਕਰ ਲਹੇ ਹਨ, ਪਰ ਪਬਲਿਕ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਣ ਲਈ ਬੱਚਿਆਂ ਦਾ ਨਾਂ, ਪੰਜਾਬੀ ਲਈ ਖਾਸ ਤੌਰ 'ਤੇ ਦਾਖਿਲ ਕਰਨ ਦੀ ਲੋੜ ਹੁੰਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਲਗਾਤਾਰ ਪ੍ਰਚਾਰ ਦੇ ਬਾਵਜੂਦ ਲੋੜੀਂਦੀ ਗਿਣਤੀ ਤੱਕ ਨਾਂ ਰਜਿਸਟਰ ਨਹੀਂ ਹੁੰਦੇ ਤੇ ਪੰਜਾਬੀ ਪੜ੍ਹਾਉਣ ਦਾ ਮੌਕਾ ਹੱਥੋਂ ਖੁੰਝ ਜਾਂਦਾ ਹੈ। ਇਥੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਅੰਦਰ ਉਤਸ਼ਾਹ ਦੀ ਘਾਟ ਵੱਡਾ ਨੁਕਸਾਨ ਕਰਵਾ ਰਹੀ ਹੈ ਤੇ ਪੰਜਾਬੀ ਪੜ੍ਹਾਉਣ ਦੀ ਮਿਲ ਰਹੀ ਸਹੂਲਤ ਤੋਂ ਬੱਚੇ ਵਾਂਝੇ ਰਹਿ ਰਹੇ ਹਨ। ਉਂਞ ਸਰਕਾਰੀ ਪਹੁੰਚ ਦੀ ਵੀ ਇਹ ਖੋਟ ਹੈ ਅਤੇ ਬੱਚਿਆਂ ਦੀ ਗਿਣਤੀ ਦੀ ਸ਼ਰਤ ਲਾ ਕੇ 'ਗੱਡੇ ਨਾਲ ਕੱਟਾ' ਬੰਨਣ ਵਾਲੀ ਨੀਤੀ ਵਰਤੀ ਜਾ ਰਹੀ ਹੈ। ਇਹ ਸ਼ਰਤ ਹਟਾਉਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

   ਕੈਨੇਡਾ 'ਚ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ ਕਿ ਇਥੇ ਪੰਜਾਬੀ ਨੂੰ ਗਿਣੇ- ਮਿਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬੀ ਬੋਲੀ ਦੇ ਨਾਂ 'ਤੇ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਦੇ ਹਾਲਤ ਤੇ ਫਿਰਕੂ ਵਿਚਾਰ ਪੰਜਾਬ ਵਿੱਚ ਜ਼ੋਰ ਫੜ ਰਹੇ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿੱਚ ਬਣਦੀ ਜਾ ਰਹੀ ਹੈ। ਕੈਨੇਡਾ 'ਚ ਜੇਕਰ ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀ ਗੱਲ ਕਰੀਏ , ਤਾਂ ਇਥੇ ਪੰਜਾਬ ਦੇ ਸਿੱਖ , ਹਿੰਦੂ , ਮੁਸਲਮਾਨ ਭਾਵ ਵੱਖ - ਵੱਖ ਧਰਮਾਂ, ਰੰਗਾਂ, ਨਸਲਾਂ ਤੇ ਫਿਰਕਿਆਂ ਦੇ ਪੰਜਾਬੀ ਵਸਦੇ ਹਨ। ਇਥੋਂ ਤੱਕ ਕਿ 'ਭਾਰਤੀ ਪੰਜਾਬੀ' ਤੇ 'ਪਾਕਿਸਤਾਨੀ ਪੰਜਾਬੀ' ਵਾਲਾ ਫਰਕ ਵੀ ਇਥੇ ਨਜ਼ਰ ਨਹੀਂ ਆਉਂਦਾ, ਬਲਕਿ ਸਾਰੇ ਪੰਜਾਬੀ 'ਕੈਨੇਡੀਅਨ ਪੰਜਾਬੀ' ਹੀ ਅਖਵਾਉਂਦੇ ਹਨ। ਉਂਞ ਵੀ ਅਸੀਂ ਅਕਸਰ ਆਖਦੇ ਹਾਂ ਕਿ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਭਾਰਤੀ  ਪੰਜਾਬ ਨਾਲੋਂ ਕਿਤੇ ਵੱਧ ਹੈ ।

   ਕੈਨੇਡਾ ਵਿੱਚ ਪੰਜਾਬੀ ਆਬਾਦੀ ਵਾਲੇ ਸ਼ਹਿਰਾਂ 'ਚ ਵਸਣ ਵਾਲੇ, ਪਾਕਿਸਤਾਨੀ ਪੰਜਾਬ ਦੇ ਪੰਜਾਬੀ ਜ਼ਿਆਦਾਤਰ ਲਾਹੌਰ ਦੇ ਨੇੜੇ - ਤੇੜੇ ਦੇ ਹੀ ਹਨ। ਉਹਨਾਂ 'ਚੋਂ ਵਧੇਰੇ ਬੋਲਦੇ ਪੰਜਾਬੀ ਹੀ ਹਨ, ਪਰ ਦੁਖ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀ ਮਰਦਮਸ਼ੁਮਾਰੀ ਵਿੱਚ ਜਦੋਂ ਉਨ੍ਹਾਂ ਮਾਂ- ਬੋਲੀ ਲਿਖਵਾਉਣੀ ਹੁੰਦੀ ਹੈ, ਤਾਂ ਇੱਕਾ- ਦੁੱਕਾ ਨੂੰ ਛੱਡ ਕੇ ਕੋਈ ਵੀ ਮਾਂ -ਬੋਲੀ 'ਪੰਜਾਬੀ' ਨਹੀਂ ਲਿਖਦਾ ਅਤੇ ਜ਼ਿਆਦਾਤਰ 'ਉਰਦੂ' ਹੀ ਲਿਖਦੇ ਹਨ। ਉਹਨਾਂ ਵੱਲੋਂ ਪੰਜਾਬੀ ਹੋਣ ਅਤੇ ਪੰਜਾਬੀ ਬੋਲਣ ਦੇ ਬਾਵਜੂਦ ਮਾਂ- ਬੋਲੀ ਪੰਜਾਬੀ ਨਾ ਲਿਖਵਾਉਣਾ, ਕੈਨੇਡਾ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਨੂੰ ਭਾਰੀ ਸੱਟ ਮਾਰ ਰਿਹਾ ਹੈ।

       ਹੁਣ ਗੱਲ ਕਰੀਏ ਭਾਰਤੀ ਪੰਜਾਬ ਦੇ ਕੈਨੇਡਾ ਵਸਦੇ ਭਾਈਚਾਰਿਆਂ ਦੀ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ 'ਚ ਪੰਜਾਬ ਦੇ ਪਿੰਡਾਂ- ਸ਼ਹਿਰਾਂ ਨਾਲ ਸਬੰਧਿਤ ਸਿੱਖ ਤੇ ਹਿੰਦੂ ਹੀ ਵਧੇਰੇ ਹਨ, ਜਦਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀ ਭਾਰਤੀ ਭਾਈਚਾਰੇ 'ਚੋ ਵੀ ਕੇਰਲਾ, ਤਾਮਿਲ, ਗੁਜਰਾਤੀ, ਬੰਗਾਲੀ ਆਦਿ ਵਸਦੇ ਹਨ, ਜਿੰਨਾਂ ਦੀਆਂ ਆਪਣੀਆਂ -ਭਾਸ਼ਾਵਾਂ ਹਨ। ਉਹ ਕੈਨੇਡਾ ਤੇ ਭਾਰਤ ਵਿੱਚ ਵੀ ਉਨ੍ਹਾਂ ਭਾਸ਼ਾਵਾਂ ਨੂੰ ਹੀ ਮਾਨਤਾ ਦਿੰਦੇ ਹਨ। ਇਨ੍ਹਾਂ ਦੇ ਮੁਕਾਬਲਤਨ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਆਦਿ ਸੂਬਿਆਂ 'ਚੋਂ ਕੈਨੇਡਾ ਵਸਣ ਵਾਲਿਆਂ ਦੀ ਗਿਣਤੀ ਘੱਟ ਹੈ, ਜਿਹੜੇ ਹਿੰਦੀ ਮਾਂ- ਬੋਲੀ ਸਵਿਕਾਰਦੇ ਹਨ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਅੰਦਰਲੇ ਭਾਰਤੀ ਸਫ਼ਾਰਤਖ਼ਾਨੇ ਹਿੰਦੀ ਮੁਫ਼ਤ ਪੜ੍ਹਾਉਣ ਲਈ ਤਾਂ ਅੱਡੀ- ਚੋਟੀ ਦਾ ਜ਼ੋਰ ਲਾ ਰਹੇ ਹਨ, ਜਦਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਵਿਤਕਰਾ ਕਰ ਰਹੇ ਹਨ। 

       ਅੱਜ ਕੱਲ ਇਹ ਇਹ ਰੁਝਾਨ ਭਾਰਤ ਅੰਦਰ ਫੈਲ ਰਹੇ ਭਗਵੇਂਕਰਨ ਦੇ ਏਜੰਡਾ ਕਾਰਨ ਕੈਨੇਡਾ ਵਿੱਚ ਵੀ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਪੰਜਾਬ ਦੇ ਮੋਗਾ, ਬਠਿੰਡਾ, ਬਰਨਾਲਾ ਆਦਿ ਨਾਲ ਸੰਬੰਧਤ, ਠੇਠ ਪੰਜਾਬੀ ਬੋਲਣ ਵਾਲੇ ਹਿੰਦੂ ਭਾਈਚਾਰੇ ਦੇ ਪੰਜਾਬੀ ਵੀ ਇਸਦਾ ਸ਼ਿਕਾਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਸਥਾਨਕ ਸਨਾਤਨੀ ਧਰਮ ਸਥਾਨਾਂ ਵਿੱਚ ਹਿੰਦੀ ਸਕੂਲ ਸਥਾਪਿਤ ਕਰਕੇ, ਹਿੰਦੀ ਪੜ੍ਹਾਉਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਚਾਹੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਸਾਰੇ ਪ੍ਰਬੰਧਕ ਪੰਜਾਬ ਤੋਂ ਆ ਕੇ ਹੀ ਕੈਨੇਡਾ ਵਸੇ ਹਨ, ਪਰ ਉਹਨਾਂ ਵੱਲੋਂ ਵੀ ਆਪਣੀ ਮਾਂ- ਬੋਲੀ ਪੰਜਾਬੀ ਨਾ ਲਿਖਵਾ ਕੇ , ਹਿੰਦੀ ਲਿਖਵਾਉਣ ਦਾ ਫੈਸਲਾ, ਪੰਜਾਬੀ ਬੋਲੀ ਨਾਲ ਵਿਸ਼ਵਾਸ-ਘਾਤ ਸਿੱਧ ਹੋ ਰਿਹਾ ਹੈ। 

       ਭਾਰਤੀ ਸਿਆਸਤ 'ਚ ਵਧ ਰਿਹਾ ਫਾਸੀਵਾਦ, ਧਰੁਵੀਕਰਨ ਅਤੇ 'ਇਕ ਬੋਲੀ' ਤੇ ਰਾਸ਼ਟਰ' ਦਾ ਨਾਅਰਾ ਕੈਨੇਡਾ 'ਚ ਪੰਜਾਬੀ ਬੋਲੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਸਭ ਤੋਂ ਵੱਧ ਘਾਤਕ ਬਣ ਰਿਹਾ ਹੈ। ਕੈਨੇਡਾ 'ਚ ਹੀ, ਕੁਝ ਵਰ੍ਹੇ ਪਹਿਲਾਂ ਗਾਇਕ ਗੁਰਦਾਸ ਮਾਨ ਵਲੋਂ ਦਿੱਤਾ ਵਿਵਾਦਗ੍ਰਸਤ ਬਿਆਨ 'ਇਕ ਬੋਲੀ ਇਕ ਦੇਸ਼' ਅਤੇ 'ਮਾਂ - ਮਾਸੀ' ਦਾ ਰੇੜਕਾ ਖੜ੍ਹਾ ਕਰਨ ਦੀ ਗਿਣੀ ਮਿੱਥੀ ਸਾਜ਼ਿਸ਼ ਵੀ, ਪੰਜਾਬੀ ਮਾਂ-ਬੋਲੀ ਦੀ ਪਿੱਠ ਚ ਛੁਰਾ ਮਾਰਨ ਅਤੇ ਪੰਜਾਬੀਆਂ ਅੰਦਰ, ਬੋਲੀ ਦੇ ਆਧਾਰ ਤੇ ਪਾੜਾ ਪਾਉਣ ਵਾਲਾ  ਘਾਤਕ ਪ੍ਰਚਾਰ ਹੋ ਨਿਬੜੀ। ਕੈਨੇਡਾ ਵਾਸਦੇ ਪੰਜਾਬੀਆਂ ਨੂੰ ਇਨ੍ਹਾਂ ਵਲਗਣਾਂ ਤੋਂ ਉਪਰ ਉਠ ਕੇ ਸੱਚ 'ਤੇ ਪਹਿਰਾ ਦੇਣ ਦੀ ਲੋੜ ਹੈ। 11 ਮਈ 2021 ਨੂੰ  ਮਰਦਮਸ਼ੁਮਾਰੀ ਮੌਕੇ ਕੈਨੇਡਾ ਵਸਦਾ ਹਰ ਪੰਜਾਬੀ ਜੇਕਰ ਆਪਣੇ ਘਰ 'ਚ ਬੋਲੀ ਜਾਣ ਵਾਲੀ ਜ਼ਬਾਨ ਪੰਜਾਬੀ ਲਿਖਾਏ, ਤਾਂ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਕੈਨੇਡੀਅਨ ਪੰਜਾਬੀ ਮੋਹਰੀ ਹੋ ਨਿੱਬੜਨਗੇ।

       ਅਜਿਹਾ ਕਰਨ ਨਾਲ ਨਾ ਸਿਰਫ ਕੈਨੇਡਾ ਵਿਚ ਹੀ ਪੰਜਾਬੀ ਬੋਲੀ ਦਾ ਮਾਣ ਵਧੇਗਾ, ਸਗੋਂ ਕੈਨੇਡੀਅਨ ਪੰਜਾਬੀ, ਮੂਲ ਪੰਜਾਬ ਅੰਦਰ ਵੀ ਪੰਜਾਬੀ ਬੋਲੀ ਦੇ ਪ੍ਰਸਾਰ ਲਈ ਚਾਨਣ ਮੁਨਾਰਾ ਬਣਨਗੇ। ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੇ ਅੰਕੜੇ ਵਧਣ ਨਾਲ, ਕੈਨੇਡਾ ਸਰਕਾਰ ਕੰਮ-ਕਾਰਾਂ, ਦਫਤਰਾਂ, ਜਨਤਕ ਸੇਵਾਵਾਂ ਦੇ ਸਥਾਨਾਂ ; ਬੈਂਕਾਂ, ਹਵਾਈ ਅੱਡਿਆਂ ਅਤੇ ਹਸਪਤਾਲਾਂ ਆਦਿ ਵਿਚ ਵੀ ਪੰਜਾਬੀ ਬੋਲੀ ਨੂੰ ਹੋਰ ਮਾਣ ਦੇਵੇਗੀ। ਆਓ! ਮਰਦਮਸ਼ੁਮਾਰੀ ਮੌਕੇ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈਏ ਅਤੇ ਹੋਰਨਾਂ ਨੂੰ ਵੀ ਪ੍ਰੇਰੀਏ।

"ਹੋਰ ਵਧੇਗਾ ਜੱਗ ਵਿੱਚ, ਪੰਜਾਬੀ ਸਨਮਾਨ। ਜਨ-ਗਣਨਾ ਵੇਲੇ ਲਿਖੋ, ਸਾਡੀ ਇਹੋ ਜ਼ਬਾਨ।"

ਡਾ. ਗੁਰਵਿੰਦਰ ਸਿੰਘ ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ। ਫੋਨ : 001 -604-825-1550



Archive

RECENT STORIES