Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

14 ਮਈ ਸਰਹਿੰਦ ਫਤਹਿ ਦਿਵਸ 'ਤੇ ਵਿਸ਼ੇਸ਼: ਪਹਿਲੇ ਖਾਲਸਾ ਰਾਜ ਦਾ ਬਾਨੀ ਤੇ ਜਾਂਬਾਜ਼ ਯੋਧਾ - ਬਾਬਾ ਬੰਦਾ ਸਿੰਘ ਬਹਾਦਰ

Posted on May 10th, 2021

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਰਤ ਵਿੱਚ ਰਾਜ ਤਖਤ 'ਤੇ ਕਾਬਜ਼ ਮੁਗਲ ਬਾਦਸ਼ਾਹ ਔਰੰਗਜੇਬ ਅਤੇ ਹੋਰਨਾਂ ਮੁਗਲ ਸੂਬੇਦਾਰਾਂ ਦੁਆਰਾ ਮਜ਼ਹਬੀ ਕੱਟੜਤਾ ਫੈਲਾਅ ਕੇ ਆਮ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ੍ਹਣ ਲਈ ਇੱਕ ਮਹਾਨ ਜਰਨੈਲ ਪੈਦਾ ਹੋਇਆ ਹੈ, ਜਿਸਦੀ ਸੂਰਬੀਰਤਾ ਦੀਆਂ ਗਾਥਾਵਾਂ ਜਿਹੀ ਮਿਸਾਲ ਸ਼ਾਇਦ ਹੀ ਕਿੱਧਰੇ ਦੁਨੀਆਂ ਦੇ ਇਤਿਹਾਸ ਵਿੱਚ ਮਿਲਦੀ ਹੋਵੇ। ਉਹ ਸੂਰਬੀਰ ਮਹਾਨ ਯੋਧਾ ਸੀ ਬਾਬਾ ਬੰਦਾ ਸਿੰਘ ਬਹਾਦਰ।

ਉਸ ਮਰਜੀਵੜੇ ਦੇ ਜੀਵਨ ਬਾਰੇ ਸ਼ਾਇਦ ਕੁੱਝ ਇਤਿਹਾਸਕਾਰਾਂ ਨੇ ਵੀ ਨਿਆਂ ਨਹੀਂ ਕੀਤਾ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਅਤੇ ਉਸ ਦੁਆਰਾ ਸਿਰਜੇ ਨਿਵੇਕਲੇ ਇਤਿਹਾਸ ਦੀ ਸ਼ਲਾਘਾ ਗੈਰ ਸਿੱਖ ਇਤਿਹਾਸਕਾਰ ਵੀ ਕਰਦੇ ਰਹੇ ਹਨ। ਕਵੀ ਰਵਿੰਦਰ ਨਾਥ ਟੈਗੋਰ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਣੀ ਲਿਖੀ ਕਾਵਿ ਰਚਨਾ ਵਿੱਚ ਬੰਦਾ ਸਿੰਘ ਦੀ ਬਹਾਦਰੀ ਦੇ ਰੱਜ ਕੇ ਸੋਹਲੇ ਗਾਏ। ਲੇਕਿਨ ਦੂਸਰੇ ਪਾਸੇ ਹਿੰਦੂ ਧਰਮ ਨਾਲ ਸੰਬੰਧਿਤ ਭਾਈ ਪਰਮਾ ਨੰਦ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੇ ਕਾਇਲ ਹਨ, ਲੇਕਿਨ ਉਨ੍ਹਾਂ ਆਪਣੀ ਪੁਸਤਕ 'ਬੰਦਾ ਬੈਰਾਗੀ' ਦੁਆਰਾ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਨਾ ਹੋ ਕੇ ਕੇਵਲ ਬੈਰਾਗੀ ਸੀ। ਇਹਨਾਂ ਵਿਸ਼ਿਆਂ ਨੂੰ ਛੋਹਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਲ ਜੀਵਨ ਦੇ ਵੱਖ ਵੱਖ ਵਿਸ਼ਿਆਂ ਨੂੰ ਵਿਚਾਰਨਾਂ ਬੜਾ ਜ਼ਰੂਰੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦੇਵ ਸੀ। ਲਛਮਣ ਦੇਵ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦੇਵ ਦੇ ਸਾਹਮਣੇ ਹੀ ਦਮ ਤੋੜ ਗਏ।

ਇਸ ਘਟਨਾਂ ਨੇ ਲਛਮਣ ਦੇਵ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰਨ ਦਿੱਤਾ। ਘਰ ਬਾਰ ਤਿਆਗ ਕੇ ਕੁੱਝ ਸਾਧੂਆਂ ਦੇ ਟੋਲੇ ਵਿੱਚ ਸ਼ਾਮਿਲ ਹੋ ਕੇ ਤੀਰਥ ਯਾਤਰਾਵਾਂ ਵੱਲ ਤੁਰ ਪਿਆ। ਘੁੰਮਦੇ ਘੁਮਾਉਂਦੇ ਨਾਸਿਕ ਵਿਖੇ ਔਘੜ ਨਾਥ ਨਾਮ ਦੇ ਤਾਂਤਰਿਕ ਨਾਲ ਮੇਲ ਹੋਇਆ। ਔਘੜ ਨਾਥ ਤੰਤਰ ਮੰਤਰ ਵਿਦਿਆ ਦਾ ਇੱਕ ਮੰਨਿਆਂ ਪ੍ਰਮੰਨਿਆ ਯੋਗੀ ਸੀ। ਕੁੱਝ ਸਮਾਂ ਤੰਤਰ ਵਿਦਿਆ ਵਿੱਚ ਨਿਪੁੰਨ ਹੋ ਕੇ ਲਛਮਣ ਦੇਵ ਨੇ ਆਪਣਾਂ ਵੱਖਰਾ ਡੇਰਾ ਗੋਦਾਵਰੀ ਨਦੀ ਦੇ ਕੰਢੇ ਬਣਾ ਲਿਆ। ਲਛਮਣ ਦੇਵ ਦਾ ਦੂਸਰਾ ਨਾਮ ਮਾਧੋ ਦਾਸ ਵੀ ਆਮ ਲੋਕਾਂ ਵਿੱਚ ਪ੍ਰਚੱਲਿਤ ਸੀ। ਤੰਤਰ ਵਿਦਿਆ ਵਿੱਚ ਨਿਪੁੰਨ ਹੋਣ ਕਾਰਨ ਸਮੁੱਚੇ ਇਲਾਕੇ ਅੰਦਰ ਮਾਧੋ ਦਾਸ ਬੈਰਾਗੀ ਦੀਆਂ ਧੁੰਮਾਂ ਪੈ ਗਈਆਂ।

ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਮਾਧੋ ਦਾਸ ਆਪਣਾ ਬਾਣਾਂ ਤਿਆਗ ਕੇ ਕੁੱਝ ਸਮਾਂ ਮਰਾਠਾ ਸੈਨਾਂ ਵਿੱਚ ਆਪਣੇ ਜੰਗੀ ਕਰਤੱਵ ਦਿਖਾ ਚੁੱਕਾ ਸੀ। ਜੰਗਾਂ ਯੁੱਧਾਂ ਵਿੱਚ ਹੁੰਦੀ ਕਤਲੋ-ਗਾਰਤ ਤੋਂ ਦੁਖੀ ਹੋ ਕੇ ਉਸ ਨੇ ਮੁੜ ਬੈਰਾਗੀ ਰੂਪ ਧਾਰਨ ਕਰ ਲਿਆ ਸੀ। ਉਸਦੇ ਨਾਮ ਦੀ ਚਰਚਾ ਸੁਣ ਕੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਧੋ ਦਾਸ ਨਾਲ ਹੋਈ ਮੁਲਾਕਾਤ ਅਤੇ ਉਸ ਤੋਂ ਬਾਅਦ ਵਾਪਰੇ ਘਟਨਾਕ੍ਰਮ ਨੇ ਇਤਿਹਾਸ ਵਿੱਚ ਇੱਕ ਐਸਾ ਸੁਨਹਿਰਾ ਪੰਨਾ ਜੋੜ ਦਿੱਤਾ, ਜਿਸ ਦੀ ਮਿਸਾਲ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਮਿਲਣੀ ਨਾ-ਮੁਮਕਿਨ ਹੈ।

ਸੰਨ੍ਹ 1704 ਈ: ਨੂੰ ਉਸ ਵੇਲੇ ਦੇ ਸਰਹੰਦ ਦੇ ਅਤਿ ਜ਼ਾਲਮ ਮੁਗਲ ਸੂਬੇਦਾਰ ਵਜ਼ੀਰ ਖਾਂ ਦੁਆਰਾ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ (9) ਅਤੇ ਬਾਬਾ ਫਤਿਹ ਸਿੰਘ (7) ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਵੱਡੇ ਸਾਹਿਬਜਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਗੁਰੂ ਸਾਹਿਬ ਆਪਣੇ ਚਾਰਾਂ ਸਪੁੱਤਰਾਂ ਅਤੇ ਮਾਤਾ ਗੁਜ਼ਰੀ ਜੀ ਨੂੰ ਸਿੱਖੀ ਤੋਂ ਵਾਰ ਕੇ ਤਲਵੰਡੀ ਸਾਬੋ (ਬਠਿੰਡਾ) ਦੀ ਧਰਤੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਕੇ ਦੱਖਣ ਵੱਲ ਨੂੰ ਚੱਲ ਪਏ। ਦੱਖਣ ਵਿੱਚ ਮਹਾਂਰਾਸ਼ਟਰ ਰਾਜ ਦੇ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਬੈਰਾਗੀ ਸਾਧੂ ਮਾਧੋ ਦਾਸ ਨਾਲ ਮੇਲ ਹੋਇਆ।

ਇਸੇ ਡੇਰੇ ਵਿੱਚ ਹੀ ਮਾਧੋ ਦਾਸ ਨਾਲ ਮੁਲਾਕਾਤਾਂ ਦੌਰਾਨ ਗੁਰੂ ਜੀ ਨੇ ਉਸ ਨੂੰ ਮੁਗਲ ਸਾਮਰਾਜ ਦੁਆਰਾ ਆਮ ਗਰੀਬ ਮਜ਼ਲੂਮ ਲੋਕਾਂ 'ਤੇ ਢਾਹੇ ਜਾ ਰਹੇ ਅੱਤਿਆਚਾਰਾਂ ਦੇ ਮੁਕੰਮਲ ਖਾਤਮੇ ਲਈ ਤਿਆਰ ਕੀਤਾ। ਉਸ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਨਾਮ ਰੱਖਿਆ, ਜੋ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਦੇ ਨਾਲ ਬਾਬਾ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਰਣ ਸਿੰਘ ਅਤੇ ਭਾਈ ਦਇਆ ਸਿੰਘ ਨੂੰ ਪੰਜ ਤੀਰਾਂ ਤੋਂ ਇਲਾਵਾ ਕਰੀਬ 20 ਕੁ ਸਿੰਘ ਅਤੇ ਸਿੱਖ ਸੰਗਤ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਮੁਗਲਾਂ ਨਾਲ ਲੋਹਾ ਲੈਣ ਲਈ ਹੁਕਮਨਾਮੇ ਦੇ ਕੇ ਸੰਨ੍ਹ 1708 ਨੂੰ ਪੰਜਾਬ ਵੱਲ ਭੇਜਿਆ।

ਸਿੱਖ ਵਿਦਵਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਲਿਖਦੇ ਹਨ ਕਿ ਦੁਨੀਆਂ ਦੇ ਮਹਾਨ ਨਾਇਕ ਸਿਕੰਦਰ, ਨੈਪੋਲੀਅਨ ਬੋਨਾਪਾਰਟ, ਹਿਟਲਰ ਜਾਂ ਚਰਚਿਲ ਦੀਆਂ ਜੇਤੂ ਮੁਹਿੰਮਾਂ ਪਿੱਛੇ ਉਨ੍ਹਾਂ ਦੇ ਮੁਲਕਾਂ ਦੀ ਰਾਜ ਸ਼ਕਤੀ ਜਿੰਮੇਵਾਰ ਸੀ, ਲੇਕਿਨ ਬਿਨ੍ਹਾਂ ਕਿਸੇ ਰਾਜ ਸ਼ਕਤੀ ਦੇ ਗੁਰੂ ਦੇ ਆਸਰੇ ਨਾਲ ਸਿਰਫ ਮੁਗਲ ਸਾਮਰਾਜ ਦਾ ਅੰਤ ਕਰਨ ਲਈ ਤੁਰੇ ਸਿੰਘਾਂ ਨੂੰ ਵੱਡਾ ਹੁੰਗਾਰਾ ਮਿਲਣਾਂ ਸੱਚਮੁੱਚ ਹੀ ਹੈਰਾਨੀਜਨਕ ਵਰਤਾਰਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ 11 ਨਵੰਬਰ ਸੰਨ੍ਹ 1709 ਨੂੰ ਮੁਗਲ ਸਾਮਰਾਜ ਦੇ ਨਾਮੀਂ ਪਰਗਣੇ ਸਮਾਣਾ ਨੂੰ ਜਿੱਤਿਆ। ਇਸ ਤੋਂ ਬਿਨ੍ਹਾਂ ਸੋਨੀਪਤ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਬਨੂੜ ਅਤੇ ਪੀਰ ਬੁੱਧੂ ਸ਼ਾਹ ਦੇ ਜੱਦੀ ਕਸਬੇ ਸਢੌਰਾ ਨੂੰ ਮੁਗਲਾਂ ਦੇ ਕਬਜੇ ਤੋਂ ਆਜ਼ਾਦ ਕਰਵਾਇਆ। ਪੰਜਾਬ ਦੇ ਮਾਝਾ, ਮਾਲਵਾ ਦੇ ਸਿੰਘਾਂ ਨੂੰ ਹੁਕਮਨਾਮੇ ਭੇਜ ਕੇ ਸੰਗਠਿਤ ਕਰਕੇ ਸਰਹੰਦ ਨਾਲ ਟੱਕਰ ਲੈਣ ਦੀ ਵਿਉਂਤ ਬਣਾਈ। ਮਾਲਵੇ ਦੇ ਸਿੰਘਾਂ ਦੀ ਕਮਾਂਡ ਫਤਿਹ ਸਿੰਘ, ਕਰਮ ਸਿੰਘ, ਧਰਮ ਸਿੰਘ ਅਤੇ ਆਲੀ ਸਿੰਘ ਨੂੰ ਸੰਭਾਲੀ। ਜਦਕਿ ਮਝੈਲ ਸਿੰਘਾਂ ਦੇ ਜੱਥੇ ਦੀ ਅਗਵਾਈ ਲਈ ਬਾਬਾ ਵਿਨੋਦ ਸਿੰਘ, ਭਾਈ ਬਾਜ ਸਿੰਘ, ਰਾਮ ਸਿੰਘ ਅਤੇ ਸ਼ਾਮ ਸਿੰਘ ਨੂੰ ਨਿਯੁਕਤ ਕੀਤਾ।

ਸਰਹੰਦ ਦੇ ਹਾਕਮ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਵੱਧਦੀ ਤਾਕਤ ਦਾ ਅੰਦਾਜ਼ਾ ਲੱਗ ਚੁੱਕਾ ਸੀ। ਉਸਨੇ 'ਜ਼ਹਾਦ' ਦਾ ਨਾਹਰਾ ਲਗਾ ਕੇ ਪੂਰੇ ਭਾਰਤ ਵਿੱਚੋਂ ਕੱਟੜ ਮੁਸਲਮਾਨ ਇਕੱਠੇ ਕਰਨ ਲਈ ਵੀ ਕੋਈ ਢਿੱਲ ਨਾ ਕੀਤੀ। ਸਿੰਘਾਂ ਦੇ ਬਨੂੜ ਵੱਲ ਵਧਣ 'ਤੇ ਵਜ਼ੀਰ ਖਾਂ ਨੇ ਬਨੂੜ- ਖਰੜ ਰੋਡ ਉੱਪਰ ਚੱਪੜ ਚਿੜੀ ਦੇ ਖੁੱਲੇ ਮੈਦਾਨ ਵਿੱਚ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਸਿੰਘਾਂ ਨਾਲ ਦੋ ਹੱਥ ਕਰਨ ਦੀ ਤਿਆਰੀ ਕਰ ਲਈ।

ਇਤਿਹਾਸ ਦੱਸਦਾ ਹੈ ਕਿ ਵਜ਼ੀਰ ਖਾਂ ਕੋਲ ਚੰਗੀਆਂ ਤੋਪਾਂ, ਵਧੀਆ ਹਾਥੀ, ਘੋੜੇ ਅਤੇ ਹਰ ਤਰ੍ਹਾਂ ਦੇ ਸਾਜ਼ੋ-ਸਮਾਨ ਨਾਲ ਲੈੱਸ ਵਿਸ਼ਾਲ ਫੌਜ ਸੀ, ਪ੍ਰੰਤੂ ਸਿੰਘਾਂ ਕੋਲ ਜੰਗਾਲੀਆਂ ਤਲਵਾਰਾਂ ਜਾਂ ਪੈਦਲ ਸਿਪਾਹੀ ਹੀ ਸਨ। ਲੇਕਿਨ ਵਜ਼ੀਰ ਖਾਂ ਦੀ ਤਨਖਾਹ ਵਾਲੀ ਫੌਜ ਦੇ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਜਜ਼ਬੇ ਵਾਲੇ ਸਿੰਘ ਸਨ, ਜੋ ਦੇਸ਼ ਦੀ ਧਰਤੀ ਤੋਂ ਜਾਲਮ ਮੁਗਲ ਸਾਮਰਾਜ ਦਾ ਨਾਮੋ-ਨਿਸ਼ਾਨ ਸਦਾ ਲਈ ਖਤਮ ਕਰਨ ਦਾ ਉਦੇਸ਼ ਲੈ ਕੇ ਜਾਨ ਤਲੀ ਉੱਪਰ ਰੱਖ ਕੇ ਆਏ ਸਨ। ਸਰਹੰਦ ਤੋਂ 12 ਕੋਹ ਦੇ ਫਾਸਲੇ 'ਤੇ ਚੱਪੜ ਚਿੜੀ ਦੇ ਮੈਦਾਨ ਵਿੱਚ 12 ਮਈ ਸੰਨ੍ਹ 1710 ਨੂੰ ਜ਼ਬਰਦਸਤ ਯੁੱਧ ਹੋਇਆ। ਪਹਿਲਾਂ ਤਾਂ ਭਾਵੇਂ ਮੁਗਲ ਫੌਜਾਂ ਸਿੰਘਾਂ 'ਤੇ ਭਾਰੂ ਪੈ ਰਹੀਆਂ ਸਨ, ਲੇਕਿਨ ਅਜਿਹੀ ਹਾਲਤ ਸੰਬੰਧੀ ਭਾਈ ਬਾਜ ਸਿੰਘ ਦੁਆਰਾ ਬਾਬਾ ਬੰਦਾ ਸਿੰਘ ਨੂੰ ਤੁਰੰਤ ਜਾਣੂੰ ਕਰਵਾਉਣ ਤੇ ਉਹ ਖੁਦ ਜੰਗ ਵਿੱਚ ਕੁੱਦ ਪਏ। ਉਨ੍ਹਾਂ ਦੇ ਜੰਗ ਵਿੱਚ ਆਉਣ ਨਾਲ ਸਿੰਘਾਂ ਦੇ ਹੌਂਸਲੇ ਵੱਧ ਗਏ।

ਇਸ ਜੰਗ ਦੌਰਾਨ ਸਿੰਘਾਂ ਨਾਲੋਂ ਕਈ ਗੁਣਾਂ ਜਿਆਦਾ ਨਫਰੀ ਵਾਲੀਆਂ ਮੁਗਲ ਫੌਜਾਂ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ। ਜੰਗ ਦੌਰਾਨ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਅੰਤ 14 ਮਈ ਸੰਨ੍ਹ 1710 ਨੂੰ ਸਿੱਖ ਫੌਜਾਂ ਸਰਹੰਦ ਵਿੱਚ ਦਾਖਲ ਹੋਈਆਂ। ਸਿੰਘਾਂ ਵਲੋਂ ਸਾਰੇ ਸ਼ਹਿਰ ਨੂੰ ਖੰਡਰ ਦੇ ਰੂਪ ਵਿੱਚ ਤਬਦੀਲ ਕਰਕੇ ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਗਿਆ।

ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਬਣਾਇਆ। ਬਾਬਾ ਆਲੀ ਸਿੰਘ ਨੂੰ ਉਸ ਤੋਂ ਹੇਠਾਂ ਨਾਇਬ ਵਜੋਂ ਨਿਯੁਕਤ ਕਰ ਦਿੱਤਾ ਗਿਆ। ਸਰਹੰਦ ਸਮੇਤ ਹੋਰ ਵੱਡੇ ਮੁਗਲ ਪਰਗਨਿਆਂ ਨੂੰ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀਆਂ ਸਿੱਖ ਫੌਜਾਂ ਨੇ ਸੁਰੱਖਿਆ ਪੱਖ ਤੋਂ ਬੜੀ ਹੀ ਵਧੀਆ ਜਗ੍ਹਾ 'ਤੇ ਮੁਖਲਿਸ ਖਾਨ ਦੁਆਰਾ ਬਣਾਇਆ ਕਿਲ੍ਹਾ ਮੁਖਲਿਸਗੜ੍ਹ ਆਪਣੇ ਕਬਜੇ 'ਚ ਕਰਕੇ ਇਸਦਾ ਨਾਮ ਕਿਲ੍ਹਾ ਲੋਹਗੜ੍ਹ ਰੱਖਿਆ ਅਤੇ ਇਸਨੂੰ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਬਣਾਇਆ। ਉਸ ਦੁਆਰਾ ਖਾਲਸਾ ਰਾਜ ਦਾ ਸਿੱਕਾ ਚਲਾਇਆ ਗਿਆ, ਜਿਸਦੇ ਇੱਕ ਪਾਸੇ ਉੱਕਰਿਆ ਹੋਇਆ ਸੀ-

ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਦ ਅਸਤ, ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਾਹਾਨ ਫਜਲਿ ਸੱਚਾ ਸਾਹਿਬ ਅਸਤ।

ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹੋ ਰਹੀਆਂ ਲਗਾਤਾਰ ਜਿੱਤਾਂ ਨੇ ਮੁਗਲ ਦਰਬਾਰ ਨੂੰ ਸਕਤੇ ਵਿੱਚ ਪਾ ਦਿੱਤਾ। ਸੰਨ੍ਹ 1712 ਵਿੱਚ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਹੋਣ ਤੋਂ ਬਾਅਦ ਫਰੁੱਖਸੀਅਰ ਤਖਤ 'ਤੇ ਬੈਠਾ। ਕਈ ਇਤਿਹਾਸਕਾਰਾਂ ਨੇ ਫਰੁੱਖਸੀਅਰ ਦੇ ਤਖਤ 'ਤੇ ਬੈਠਣ ਦਾ ਸੰਨ੍ਹ 1715 ਦਿੱਤਾ ਹੈ। ਫਰੁੱਖਸੀਅਰ ਦੇ ਰਾਜ ਵਿੱਚ ਵੀ ਸਿੱਖ ਫੌਜਾਂ ਨੇ ਬੜੀ ਹੀ ਸੂਰਮਤਾਈ ਨਾਲ ਜੰਗਾਂ ਲੜੀਆਂ। ਮੁਗਲ ਬਾਦਸ਼ਾਹ ਫਰੁੱਖਸੀਅਰ ਨੇ ਆਪਣੇ ਜਰਨੈਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਬੰਦਾ ਸਿੰਘ ਨੂੰ ਜਿਉਂਦਾ ਜਾਂ ਮਰਿਆ ਮੇਰੇ ਹਵਾਲੇ ਕੀਤਾ ਜਾਵੇ। ਅੰਤ ਗੁਰਦਾਸਪੁਰ ਨੇੜੇ ਗੁਰਦਾਸ ਨੰਗਲ ਵਿਖੇ ਦੁਨੀ ਚੰਦ ਦੀ ਕੱਚੀ ਗੜ੍ਹੀ ਵਿੱਚ ਸਿੱਖ ਫੌਜਾਂ ਨੇ ਸ਼ਰਨ ਲੈ ਲਈ।

ਇਸ ਸਮੇਂ ਸਿੱਖ ਜਰਨੈਲਾਂ ਵਿੱਚ ਫੁੱਟ ਪੈ ਜਾਣ ਦਾ ਜ਼ਿਕਰ ਵੀ ਇਤਿਹਾਸ ਵਿੱਚ ਆਉਂਦਾ ਹੈ। ਕੁੱਝ ਜਰਨੈਲ ਆਪਣੇ ਸਿਪਾਹੀਆਂ ਨੂੰ ਲੈ ਕੇ ਬਗਾਵਤ ਕਰ ਗਏ ਸਨ। ਇਸ ਗੜ੍ਹੀ ਵਿੱਚ ਬੈਠੇ ਮੁੱਠੀ ਭਰ ਸਿੰਘਾਂ ਉੱਪਰ ਹਮਲਾ ਕਰਨ ਤੋਂ ਲੱਖਾਂ ਦੀ ਗਿਣਤੀ ਵਾਲੀ ਮੁਗਲ ਸੈਨਾਂ ਡਰ ਨਾਲ ਕੰਬ ਰਹੀ ਸੀ।

ਕਰੀਬ 8 ਮਹੀਨੇ ਮੁਗਲ ਸੈਨਾਂ ਨੇ ਕੱਚੀ ਗੜ੍ਹੀ ਵਿੱਚ ਕੁੱਝ ਗਿਣਤੀ ਦੇ ਸਿੰਘਾਂ ਨੂੰ ਘੇਰਾ ਪਾਈ ਰੱਖਿਆ। ਅਨਾਜ ਦੀ ਘਾਟ, ਘੋੜਿਆਂ ਲਈ ਹਰੇ ਚਾਰੇ ਦੀ ਘਾਟ ਕਾਰਨ ਨਿਰਬਲ ਹੋ ਚੁੱਕੇ ਸਿੰਘਾਂ 'ਤੇ ਮੁਗਲ ਫੌਜਾਂ ਨੇ ਹਮਲਾ ਕੀਤਾ। ਬਹਾਦਰੀ ਨਾਲ ਲੜਦਿਆਂ ਬਾਬਾ ਬੰਦਾ ਸਿੰਘ ਬਹਾਦਰ ਤੇ 800 ਦੇ ਕਰੀਬ ਸਿੰਘ ਫੜੇ ਗਏ। ਬਾਬਾ ਬੰਦਾ ਸਿੰਘ ਨੂੰ ਪਿੰਜਰੇ ਵਿੱਚ ਕੈਦ ਕਰਕੇ ਹਾਥੀ 'ਤੇ ਬੈਠਾ ਕੇ ਅਤੇ ਬਾਕੀ ਸਿੰਘਾਂ ਨੂੰ ਵੀ ਬੇੜੀਆਂ 'ਚ ਜਕੜ ਕੇ ਰਾਜਧਾਨੀ ਦਿੱਲੀ ਲਿਜਾਇਆ ਗਿਆ। 5 ਮਾਰਚ ਸੰਨ੍ਹ 1716 ਨੂੰ ਸਿੰਘਾਂ ਦਾ ਕਤਲੇਆਮ ਸ਼ੁਰੂ ਕੀਤਾ ਗਿਆ। ਹਰ ਰੋਜ਼ 100 ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਰਿਹਾ। ਇਸੇ ਦੌਰਾਨ 9 ਜੂਨ ਸੰਨ੍ਹ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਨਾਲ ਦੇ ਕੁੱਝ ਸਿੰਘਾਂ ਨੂੰ ਬੰਦੀਖਾਨੇ ਵਿੱਚੋਂ ਕੱਢ ਕੇ ਕੁਤਬ ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਕੋਲ ਲਿਜਾਇਆ ਗਿਆ।

ਇਤਿਹਾਸਕਾਰਾਂ ਅਨੁਸਾਰ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਸੂਮ ਬੱਚੇ ਨੂੰ ਬਾਬਾ ਜੀ ਦੇ ਸਾਹਮਣੇ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਬੱਚੇ ਦਾ ਧੜਕਦਾ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦਾ ਮਾਸ ਜੰਬੂਰਾਂ ਨਾਲ ਨੋਚਿਆ ਗਿਆ। ਪ੍ਰੰਤੂ ਸਿੱਖਾਂ ਦਾ ਉਹ ਬਹਾਦਰ ਜਰਨੈਲ ਆਪਣੇ ਸਿਦਕ ਤੋਂ ਨਾ ਡੋਲਿਆ। ਅੰਤ ਇੱਕ ਤਲਵਾਰ ਦੇ ਵਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਧੜ੍ਹ ਨਾਲੋਂ ਅਲੱਗ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਵਿੱਚ ਉਨਾਂ ਦੇ 9 ਜੂਨ 1716 ਨੂੰ ਸ਼ਹੀਦ ਹੋਣ ਦੇ ਪ੍ਰਮਾਣਾਂ ਨੂੰ ਬਿਲਕੁਲ ਸਹੀ ਮੰਨਿਆਂ ਜਾ ਰਿਹਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ, ਉੱਥੇ ਸਮਾਜਿਕ ਨਾ-ਬਰਾਬਰੀ ਖਿਲਾਫ ਲੜਦਿਆਂ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ।

-ਗੁਰਪ੍ਰੀਤ ਸਿੰਘ ਤਲਵੰਡੀ ਵੈਨਕੂਵਰ (ਕੈਨੇਡਾ)। 001-778-980-9196Archive

RECENT STORIES

ਜਨਮ ਦਿਨ 'ਤੇ ਵਿਸ਼ੇਸ਼: ਗ਼ਦਰ ਲਹਿਰ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ

Posted on May 24th, 2023

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਮਨਵੀਰ ਸਿੰਘ ਦਾ ਪੰਥ ਦਰਦੀਆਂ ਵਲੋਂ ਸੋਨੇ ਦੇ ਤਗਮੇ ਨਾਲ ਸਨਮਾਨ।

Posted on May 22nd, 2023

ਅੱਗਾਂ ਲਾਉਣ ਵਾਲਿਆਂ ਲਈ....!

Posted on May 19th, 2023

ਬਾਦਲ ਵਹੀ : ਪ੍ਰਕਾਸ਼ ਸਿੰਘ ਬਾਦਲ: “........ਜਨਮੁ ਜੂਐ ਹਾਰਿਆ॥”

Posted on May 8th, 2023

ਨਗਰ ਕੀਰਤਨ ਦਾ ਅਸਲ ਮਨੋਰਥ ਤੇ ਅੱਜ ਦੇ ਸਮੇਂ ਬਦਲ ਰਹੇ ਰੰਗ

Posted on April 11th, 2023

ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ- ‘ਐਡੀਟਰਜ਼ ਗਿਲਡ ਆਫ ਇੰਡੀਆ’

Posted on April 3rd, 2023

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਖ਼ਤ

Posted on March 31st, 2023

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023