Posted on May 10th, 2021
ਭਾਈ ਆਗਾ ਫੈਜ਼
ਪੰਜਾਬੀ ਟ੍ਰਿਬਿਊਨ ਦੇ 9 ਵਾਲੇ 'ਦਸਤਕ' ਪਿੜ ਵਿਚ ਹਾਰੂਨ ਖ਼ਾਲਿਦ ਦਾ ਲੇਖ ਛਪਿਆ ਹੈ। ਲੇਖ ਦਾ ਮਜ਼ਮੂਨ ਹੈ 'ਲਾਹੌਰ ਅਤੇ ਅੰਮ੍ਰਿਤਸਰ ਜਨਮ ਤੋਂ ਇਕੱਠ ਦੋ ਸ਼ਹਿਰ ਅਤੇ ਹੁਣ ...' ਇਸ ਲੇਖ ਵਿਚ ਲੇਖਕ ਨੇ ਦੋਨਾਂ ਸ਼ਹਿਰਾਂ ਦੀ ਸਾਂਝ ਦੇ ਨਾਲ-ਨਾਲ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਭਾਈਚਾਰਕ ਸਾਂਝ ਦੀ ਗੱਲ ਕਰਦਿਆਂ ਅਖੀਰ ਵਿਚ ਸਿੱਟਾ ਕੱਢਿਆ ਹੈ ਕਿ ਹੁਣ ਦੋਨੇਂ ਸ਼ਹਿਰਾਂ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹੀ। ਲੇਖਕ ਭਾਈ ਗ਼ੁਲਾਮ ਮੁਹੰਮਦ ਦੀ ਗੱਲ ਕਰਦਾ ਹੈ ਜਿਹੜੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਲੇ ਰਬਾਬੀ ਭਾਈ ਸਾਧਾ ਅਤੇ ਭਾਈ ਮਾਧਾ ਦੇ ਪਰਿਵਾਰ ਵਿਚੋਂ ਸਨ। ਲੇਖਕ ਨੂੰ ਰੋਸ ਹੈ ਭਾਈ ਗ਼ੁਲਾਮ ਮੁਹੰਮਦ ਅੰਮ੍ਰਿਤਧਾਰੀ ਨਾ ਹੋਣ ਕਾਰਨ 2008 ਵਿਚ ਅੰਮ੍ਰਿਤਸਰ ਵਿਚ ਕੀਰਤਨ ਨਹੀਂ ਸਨ ਕਰ ਸਕੇ। ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੱਕ ਅੰਮ੍ਰਿਤਧਾਰੀ ਨਾ ਹੋਣ ਦੇ ਬਾਵਜੂਦ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦਾ ਰਿਹਾ ਸੀ। ਹਾਰੂਨ ਖ਼ਾਲਿਦ ਦਾ ਖਿਆਲ ਹੈ ਕਿ ਮੁਸਲਮਾਨ ਰਬਾਬੀਆਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਮਨਾਹੀ ਭਾਈਚਾਰਕ ਸਾਂਝ ਨੂੰ ਸੱਟ ਹੈ।
ਇਸ ਤਰਾਂ ਦਾ ਮਸਲਾ ਪਹਿਲੀ ਵਾਰ ਨਹੀਂ ਉੱਠਿਆ, ਅਕਸਰ ਇਹ ਮਾਮਲਾ ਉਠਦਾ ਰਹਿੰਦਾ ਹੈ। 2012 ਵਿਚ ਜਦੋਂ ਭਾਈ ਮਰਦਾਨਾ ਦੀ ਬੰਸ ਵਿਚੋਂ ਆਖੇ ਜਾਂਦੇ ਭਾਈ ਆਸ਼ਿਕ ਅਲੀ ਸਾਹਿਬ ਦੀ ਮੌਤ ਹੋਈ ਸੀ ਤਾਂ ਵੀ ਇਹ ਮਸਲਾ ਵੱਡੇ ਪੱਧਰ ਤੇ ਉੱਠਿਆ ਸੀ ਕਿਉਂਕਿ ਭਾਈ ਆਸ਼ਿਕ ਅਲੀ ਸਾਹਿਬ ਨੇ ਭਾਰਤ ਵਿਚ ਆ ਕੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਮੰਗ ਰੱਖੀ ਸੀ ਅਤੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਅਵਤਾਰ ਸਿੰਘ ਮੱਕੜ ਨੇ ਸਿੱਖ ਰਹਿਤ ਮਰਯਾਦਾ ਦਾ ਹਵਾਲਾ ਦੇ ਕੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਰਹਿਤ ਮਰਯਾਦਾ ਵਿਚ ਕੀਰਤਨ ਸਿਰਲੇਖ ਹੇਠ ਦਰਜ ਹੈ ਕਿ ''ਸੰਗਤ ਵਿਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।''
ਹੁਣ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਸਿੱਖ ਰਹਿਤ ਮਰਯਾਦਾ ਵਿਚ ਇਹ ਸ਼ਰਤ ਪਾਉਣ ਦੀ ਲੋੜ ਕਿਉਂ ਪਈ? ਸਿੱਖ ਇਹ ਗੱਲ ਭਲੀ-ਭਾਂਤ ਜਾਣਦੇ ਹਨ ਕਿ ਸਿੱਖ ਕੀਰਤਨ ਦੀ ਪ੍ਰਫੁੱਲਤਾ ਵਿਚ ਮੁਸਲਮਾਨ ਰਬਾਬੀਆਂ ਦਾ ਕਿੰਨਾ ਵੱਡਾ ਯੋਗਦਾਨ ਹੈ। ਜਦ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖੀ ਉਸ ਵੇਲੇ ਤੋਂ ਹੀ ਭਾਈ ਮਰਦਾਨਾ ਰਬਾਬੀ ਗੁਰੂ ਨਾਨਕ ਸਾਹਿਬ ਦੇ ਮੁਸਲਮਾਨ ਸਾਥੀ ਸਨ ਜੋ ਗੁਰੂ ਨਾਨਕ ਦਾ ਹੀ ਰੂਪ ਸਨ। ਭਾਈ ਮਰਦਾਨਾ ਗੁਰੂ ਜੀ ਦਾ ਪਹਿਲਾ ਸਰੋਤਾ ਅਤੇ ਗਾਇਕ ਵੀ ਸੀ। ਉਨ੍ਹਾਂ ਦੇ ਦੋ ਸਪੁੱਤਰ ਰਜ਼ਾਦਾ ਤੇ ਸ਼ਜ਼ਾਦਾ ਅਤੇ ਇਕ ਸਪੁੱਤਰੀ ਕਾਕੋ ਸਨ। ਉਨ੍ਹਾਂ ਦਾ ਸਪੁੱਤਰ ਸ਼ਜ਼ਾਦਾ ਗੁਰੂ ਅੰਗਦ ਦੇਵ ਜੀ ਦਾ ਹਜ਼ੂਰੀ ਰਾਗੀ ਰਿਹਾ ਅਤੇ ਸ਼ਜ਼ਾਦਾ ਦੇ ਦੋਵੇਂ ਸਪੁੱਤਰ ਭਾਈ ਬਨੂ ਜੀ ਅਤੇ ਭਾਈ ਸਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਰਾਗੀ ਸਨ।
ਉਨ੍ਹਾਂ ਦੀ ਬੰਸਾਵਲੀ ਦੇ ਭਾਈ ਸਤਾ ਅਤੇ ਭਾਈ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਦੋਹਾਂ ਦੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 966-68 ਤੇ ਦਰਜ ਹਨ। ਜਦੋਂ ਦਰਬਾਰ ਸਾਹਿਬ ਨੂੰ ਸਿੱਖ ਰੂਹਾਨੀ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ ਤਾਂ ਮੁਸਲਮਾਨ ਰਬਾਬੀਆਂ ਨੇ ਸ਼ਬਦ ਕੀਰਤਨ ਵਿਚ ਅਹਿਮ ਯੋਗਦਾਨ ਪਾਇਆ। ਫਿਰ ਵੀ ਮੁਸਲਮਾਨ ਰਬਾਬੀਆਂ ਤੇ ਦਰਬਾਰ ਸਾਹਿਬ ਵਿਚ ਅਤੇ ਸੰਗਤੀ ਰੂਪ ਵਿਚ ਕੀਰਤਨ ਕਰਨ ਤੇ ਪਾਬੰਦੀ ਲੱਗ ਜਾਣ ਪਿੱਛੇ ਇਹਨਾਂ ਰਬਾਬੀਆਂ ਦਾ ਹੀ ਹੱਥ ਹੈ। ਗੱਲ ਨੂੰ ਸਮਝਣ ਲਈ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸ਼ਬਦ ਕੀਰਤਨ ਰੂਹਾਨੀਅਤ ਨਾਲ ਸਬੰਧ ਰਖਦਾ ਹੈ ਤਾਂ ਕਿ ਹੋਰ ਬਹੁਤਾ ਸੰਗੀਤ ਮਾਇਆਵੀ ਮਨੋਰੰਜਨ ਲਈ ਪੈਦਾ ਕੀਤਾ ਜਾਂਦਾ ਹੈ। ਇਹਨਾਂ ਦੋਨਾਂ ਸੰਗੀਤਾਂ ਦਾ ਆਪਸੀ ਮੇਲ ਨਹੀਂ ਹੈ।
ਸਮੱਸਿਆ ਸੰਨ 1900 ਦੇ ਨੇੜੇ-ਤੇੜੇ ਸਿਖਰ ਤੇ ਪੁੱਜ ਗਈ ਜਦੋਂ ਸਿੱਖ ਧਰਮ ਵਿਚ ਅੰਤਾਂ ਵੀ ਗਿਰਾਵਟ ਆਈ ਹੋਈ ਸੀ। ਉਸ ਵੇਲੇ ਗੁਰੂਘਰਾਂ ਤੇ ਮਹੰਤਾਂ ਦਾ ਕਬਜਾ ਸੀ ਅਤੇ ਉਨ੍ਹਾਂ ਦਾ ਧਰਮ ਦਾ ਕੋਈ ਸਬੰਧ ਨਹੀਂ ਸੀ। ਇਸ ਸਮੇਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵੀ ਮੂਰਤੀਆਂ ਦੀ ਪੂਜਾ ਹੋਣ ਲੱਗ ਪਈ ਸੀ ਅਤੇ ਗੁਰੂਘਰਾਂ ਵਿਚ ਪੀੜ੍ਹੀ ਦਰ ਪੀੜ੍ਹੀ ਕੀਰਤਨ ਕਰਨ ਵਾਲੇ ਰਬਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਵਿਚ ਵੀ ਅੰਤਾਂ ਦੀ ਗਿਰਾਵਟ ਆ ਗਈ ਸੀ। ਇਹਨਾਂ ਰਬਾਬੀਆਂ ਵਿਚ ਕੇਵਲ ਮੁਸਲਮਾਨ ਰਬਾਬੀ ਹੀ ਨਹੀਂ ਸਗੋਂ ਹਿੰਦੂ ਕੀਰਤਨੀਏ ਵੀ ਸਨ। ਭਾਈ ਦੇਸਾ
ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਨੂੰ ਸ਼ਰਾਬਖ਼ਾਨਿਆਂ ਵਿਚੋਂ ਕੱਢਕੇ ਧੁਰ ਕੀ ਬਾਣੀ ਨਾਲ ਜੋੜਿਆ ਸੀ ਅਤੇ ਇਹ ਰਬਾਬੀਏ ਮੁੜ ਇਸ ਨੂੰ ਸ਼ਰਾਬਖ਼ਾਨਿਆਂ ਵਿਚ ਲੈ ਗਏ ਸਨ। ਇਹ ਰਬਾਬੀ ਅਤੇ ਕੀਰਤਨੀਆਂ ਨੇ ਗੁਰੂਘਰ ਵਿਚ ਵਰਜਿਤ ਤਮਾਕੂ ਦੀ ਸ਼ਰੇਆਮ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੂੰਹ-ਸਿਰ ਮੁਨਾ ਕੇ ਪਤਿਤ ਹੋ ਗਏ ਸਨ। ਦਿਨੇ ਦਰਬਾਰ ਸਾਹਿਬ ਵਿਚ ਕੀਰਤਨ ਕਰਦੇ ਸਨ ਅਤੇ ਰਾਤ ਨੂੰ ਜਲਸਿਆਂ ਅਤੇ ਮਹਿਖਾਨਿਆਂ ਵਿਚ ਗੰਦੇ ਗੀਤ ਗਾਉਂਦੇ ਸਨ। ਪੰਜਾਬੀ ਵਿਚ ਗਰਾਮੋਫ਼ੋਨ ਰਿਕਾਰਡ 1902 ਦੇ ਨੇੜੇ-ਤੇੜੇ ਰਿਕਾਰਡ ਹੋਣੇ ਸ਼ੁਰੂ ਹੋਏ ਉਨ੍ਹਾਂ ਤੇ ਛਪੀਆਂ ਇਹਨਾਂ ਰਬਾਬੀਆਂ ਦੀਆਂ ਫ਼ੋਟੋਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਉਸ ਵੇਲੇ ਦੇ ਪ੍ਰਸਿੱਧ ਰਬਾਬੀ ਭਾਈ ਸਾਈਂ ਦਿੱਤਾ ਜਿਹੜੇ ਕਿ ਚੋਟੀ ਦੇ ਰਬਾਬੀ ਸਨ ਅਤੇ ਇਹਨਾਂ ਦੀਆਂ ਕਈ ਪੁਸ਼ਤਾਂ ਨੇ ਗੁਰੂਘਰ ਵਿਚ ਕੀਰਤਨ ਕੀਤਾ ਸੀ, ਦੇ ਰਿਕਾਰਡਾਂ ਵਿਚ ਅਜਿਹੇ ਰਿਕਾਰਡ ਹਨ, ਜਿਹੜੇ ਰੂਹਾਨੀਅਤ ਦੇ ਐਨ ਉਲਟ ਅਤੇ ਮਾਇਆਵੀ ਪ੍ਰਭਾਵ ਹੇਠ ਸਨ। ਭਾਈ ਲਾਲ ਜੀ ਪਹਿਲਾ
ਮਿਸਾਲ ਤੇ ਤੌਰ ਤੇ ਹੇਠਾਂ ਦਰਬਾਰ ਸਾਹਿਬ ਦੇ ਰਬਾਬੀਆਂ-ਰਾਗੀਆਂ ਦੇ ਕੁੱਝ ਰਿਕਾਰਡ ਗੀਤਾਂ ਦਾ ਵੇਰਵਾ ਦਿੱਤਾ ਹੋਇਆ ਹੈ। ਬਰੈਕਟ ਵਿਚ ਰਿਕਾਰਡ ਦਾ ਨੰਬਰ ਹੈ:
ਭਾਈ ਦੇਸਾ: ਮੇਰੇ ਨਰਮ ਕਲੇਜੇ ਲਾਈਆਂ ਸੂਈਆਂ ਸਾਰ ਵਾਲੀਆਂ (ਪੀ5576), ਰੁਪਏ ਦੀਆਂ ਚਾਰ ਪੌਲੀਆਂ (ਪੀ5576),
ਭਾਈ ਫ਼ੈਜ਼: ਬੰਕੇ ਨੈਣਾਂ ਵਾਲੀਏ ਦੇ ਜਾ ਕਰੇਲੇ(ਪੀ 5512), ਮੰਦਾ ਨੌਹਰੀਏ ਦਾ ਪੁੱਤ (ਪੀ 5512), ਲੱਕ ਮੇਰਾ ਤੋੜ ਸੁੱਟਿਆ (ਪੀ5578), ਸੂਹਾ ਕੁੜਤਾ ਦੇਨੀਆ ਛਪਾ, (ਪੀ5578), ਮੇਰਾ ਰੰਗਦੇ ਦੁਪੱਟਾ ਗੁਲਾਨਾਰੀ (ਪੀ5703), ਸ਼ਰਬਤ ਹਿਜ਼ਰ ਦੇ ਚਖਾ ਵਸਲ ਵਿਚ ਮਾਰ ਨਹੀਂ (ਪੀ5703),ਬੋਤਲ ਟੁੱਟ ਜਾਏ ਜਿਹਨੇ ਖਸਮ ਸ਼ੁਦਾਈ ਕੀਤਾ (ਪੀ5785),ਮੁੰਡਾ ਰੋ ਪਿਆ ਡੋਲੇ ਦੀ ਬਾਂਹ ਫੜਕੇ (ਪੀ5829)
ਸਾਈਂ ਦਿੱਤਾ: ਲੱਛੀਏ ਕੁਆਰ ਗੰਦਲੇ (ਪੀ805), ਕਮਲੇ ਨੀ ਅਸੀਂ ਪਿਆਰੀ ਜਾਨ ਦੇ (ਪੀ805), ਪੀੜ ਕਰੇਂਦੇ ਨਾਜ਼ਕ ਬੁੰਦੇ (ਐੱਨ 1073), ਪਹੁੰਚੀ ਕਿਉਂ ਨੀ ਦਿੰਦਾ ਘੜਾਕੇ (ਐੱਨ 1073)
ਭਾਈ ਘਸੀਟਾ: ਪਹਿਲੀ ਵਾਰ ਸਾਨੂੰ ਮਾਹੀ ਲੈਣ ਆਇਆ (ਪੀ 3612), ਕਿਹੜੇ ਯਾਰ ਦਾ ਤੱਤਾ ਦੁੱਧ ਪੀਤਾ ਨੀ ਹਰਨਾਮ ਕੁਰੇ (ਪੀ 3852), ਬਾਣੀਏ ਦੀ ਦਾਲ਼ ਕਰਾਰੀ (ਪੀ 3852), ਤੂੰ ਬੁੱਢਾ ਸੁਣੇਦਾ ਮੇਰੇ ਤੇ ਜਵਾਨੀ ਹੁਣ ਵੇ (ਪੀ 3997)
ਭਾਈ ਲਾਲ ਜੀ: ਲੀਓ ਖ਼ਬਰ ਗਿਰਧਾਰੀ, ਦਰੋਪਤਾਂ ਰੋਇ ਪੁਕਾਰੀ
ਭਾਈ ਛੈਲਾ: ਬੱਲੇ ਪਟੋਲਿਆ ਤੇਰੇ (ਪੀ 3611), ਯਾਰਾਂ ਦੇ ਨਾਲ ਬਹਾਰਾਂ(ਪੀ 3611), ਮਾਰ ਸੱਟੀ ਚੁੱਪ ਵੱਟ ਵੇ(ਪੀ 3851), ਕਿਹੜੇ ਯਾਰ ਕਰ ਲਏ (ਪੀ3811), ਚੂੜੇ ਵਾਲੀ ਬਾਂਹ ਕੱਢਕੇ (ਪੀ4777), ਪ੍ਰੇਮ ਨਗਰ ਦੀਆਂ ਕੁੜੀਆਂ(ਪੀ4777), ਘੱਗਰੇ ਚ ਪੈਣ ਘੁੰਮਰਾਂ (ਪੀ 4578), ਨਾਗ ਇਸ਼ਕ ਦਾ ਡੱਸ ਨੀ ਗਿਆ (ਪੀ 4880), ਮੇਰਾ ਲੱਕ ਦੁਖਦਾ ਸਿਰ ਵੱਖ ਦੁਖਦਾ(ਪੀ4988),
ਭਾਈ ਸੰਤੂ: ਤੇਰਾ ਲੌਂਗ ਚਮਕਾਰੇ ਮਾਰੇ (ਪੀ 5234), ਪੱਖੀ ਨੂੰ ਲਵਾਦੇ ਘੁੰਗਰੂ (ਪੀ 5234), ਮੈਂ ਲੁੱਟ ਗਈ ਹੀਰ ਸਿਆਲ ਵੇ (ਪੀ 5582), ਸਦਾ ਨਾ ਜਵਾਨੀ ਰਹਿਣੀ (ਪੀ 5582)
ਭਾਈ ਸੁੰਦਰ ਜੀ: ਖੱਟ ਕੇ ਲਿਆਂਦੀ ਮਹਿੰਦੀ (ਪੀ4046), ਮਿਰਜ਼ਾ ਸੌਂ ਗਿਆ ਹੇਠ ਜੰਡ (ਪੀ4046)
ਭਾਈ ਵਲੈਤ ਜੀ:
ਤੇਰੇ ਇਸ਼ਕ ਕੀਤਾ ਬੇਹਾਲ ਮੈਨੂੰ (ਪੀ 5789), ਹੀਰ ਦੇ ਵਿਯੋਗ ਤੇਰੇ ਟਿੱਲੇ ਆ ਗਿਆ (ਪੀ 5789) ਭਾਈ ਘਸੀਟਾ
ਦਰਬਾਰ ਸਾਹਿਬ ਦੇ ਰਬਾਬੀ ਭਾਈ ਛੈਲਾ ਨੇ ਤਾਂ ਹਰ ਮਨਮਤਿ ਦੀਆਂ ਸਿਖ਼ਰਾਂ ਨੂੰ ਪਾਰ ਲਿਆ ਸੀ। ਇਹ ਰਬਾਬੀ ਪਟਿਆਲਾ ਰਿਆਸਤ ਦਾ ਰਾਜ ਗਾਇਕ ਵੀ ਬਣ ਗਿਆ ਅਤੇ ਸ਼ਰਾਬ ਪਿਆਲਿਆਂ ਦਾ ਵੀ ਪੁੱਜਕੇ ਸ਼ੁਕੀਨ ਸੀ। ਇਹਨਾਂ ਵਿਚੋਂ ਭਾਈ ਦੇਸਾ ਜੀ ਦੀਆਂ ਤਿੰਨ ਪੀੜ੍ਹੀਆਂ ਦਰਬਾਰ ਸਾਹਿਬ ਦੀਆਂ ਰਬਾਬੀ ਸਨ, ਇਹ ਖ਼ੁਦ ਵੀ ਆਪਣੇ ਬਾਪ ਸਾਈਂ ਦਿੱਤਾ ਨਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਦਾ ਹੁੰਦਾ ਸੀ ਪਰ ਜਿਉਂ ਹੀ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ ਹੋਈ ਤਾਂ ਇਹ 1934 ਵਿਚ ਸਭ ਤੋਂ ਪਹਿਲੀ ਬੋਲਦੀ ਪੰਜਾਬੀ ਫ਼ਿਲਮ 'ਮਿਰਜ਼ਾ-ਸਾਹਿਬਾਂ' ਵਿਚ ਦਾ ਹੀਰੋ ਬਣਿਆ। ਇਸ ਦੇ ਵਡੇਰੇ ਭਾਈ ਖਹਿਰਾ ਅਤੇ ਮਹਿਰਾ 19ਵੀਂ ਸਦੀ ਵਿਚ ਦਰਬਾਰ ਸਾਹਿਬ ਦੇ ਰਬਾਬੀ ਸਨ।
ਇਸ ਤਰਾਂ ਇਹਨਾਂ ਰਬਾਬੀਆਂ ਨੇ ਸਿੱਖਾਂ ਵਿਚ ਆਪਣੀ ਪੜਤ ਗਵਾ ਲਈ ਸੀ ਅਤੇ ਇਹ ਸਿੱਖਾਂ ਨੂੰ ਨਮੋਸ਼ੀ ਦਾ ਕਾਰਨ ਬਣ ਗਏ ਸਨ। ਜਦੋਂ ਇਹ ਰਾਤ ਨੂੰ ਮਹਿਫ਼ਲਾਂ ਅਖਾੜਿਆਂ ਵਿਚ ਗੰਦੇ ਗੀਤ ਗਾਉਂਦੇ ਅਤੇ ਦਿਨੇ ਗੁਰੂਘਰਾਂ ਵਿਚ ਕੀਰਤਨ ਕਰਦੇ ਤਾਂ ਸਿੱਖ ਇਹਨਾਂ ਦੇ ਦੰਦੀਆਂ ਕਰੀਚਦੇ ਸਨ ਪਰ ਗੁਰੂਘਰਾਂ ਦੇ ਮਹੰਤਾਂ ਦਾ ਕਬਜਾ ਹੋਣ ਕਰਕੇ ਸਿੱਖਾਂ ਦੀ ਕੋਈ ਵਾਹ ਨਹੀਂ ਸੀ ਚਲਦੀ।
ਸਿੰਘ ਸਭਾ ਲਹਿਰ ਦੇ ਅਰੰਭ ਹੋਣ ਨਾਲ ਸਿੱਖਾਂ ਨੇ ਸਭ ਤੋਂ ਪਹਿਲਾਂ ਇਹਨਾਂ ਰਬਾਬੀਆਂ ਨਾਲ ਨਜਿੱਠਣ ਦੀ ਕੀਤੀ। ਇਹਨਾਂ ਨਸ਼ੇੜੀ ਅਤੇ ਪਤਿਤ ਰਬਾਬੀਆਂ ਤੋਂ ਖਹਿੜਾ ਛੁਡਵਾਉਣ ਲਈ ਸਿੱਖਾਂ ਵਿਚ ਕੀਰਤਨ ਕਰਨ ਦੀ ਲਹਿਰ ਪੈਦਾ ਕੀਤੀ ਗਈ। ਕੀਰਤਨੀਆਂ ਵਿਚ ਸਿੱਖ ਰਹਿਤ-ਮਰਯਾਦਾ ਦਾ ਧਾਰਨੀ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਗਿਆ ਜਿਸ ਕਰਕੇ ਰਬਾਬੀ ਕੀਰਤਨੀਏ ਜਿਹੜੇ ਰਾਗਾਂ ਵਿਚ ਤਾਂ ਨਿਪੁੰਨ ਸਨ ਪਰ ਗੁਰਬਾਣੀ ਪ੍ਰਤੀ ਸ਼ਰਧਾ ਨਾ ਹੋਣ ਕਾਰਨ ਇਹਨਾਂ ਵੱਲੋਂ ਸਿੱਖਾਂ ਨਾਲ ਸਾਂਝ ਰੱਖਣੀ ਮੁਸ਼ਕਲ ਹੋ ਗਈ। ਜਿਹੜੇ ਰਾਗੀ -ਰਬਾਬੀਆਂ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਉਨ੍ਹਾਂ ਦੀ ਸੇਵਾ ਪ੍ਰਵਾਨ ਕਰ ਲਈ ਗਈ, ਜੋ ਸਿਰਫ਼ ਪੈਸੇ ਖ਼ਾਤਰ ਹੀ ਗੁਰੂਘਰ ਦੇ ਰਬਾਬੀ ਸਨ ਉਨ੍ਹਾਂ ਨੇ ਆਪਣਾ ਨਾਤਾ ਸਿੱਖੀ ਕੀਰਤਨ ਨਾਲੋਂ ਤੋੜ ਲਿਆ।
1945 ਤੱਕ ਸ੍ਰੀ ਦਰਬਾਰ ਸਾਹਿਬ ਵਿਚ 15 ਰਬਾਬੀ ਜਥੇ ਤੰਤੀਸਾਜ਼ਾਂ ਨਾਲ ਕੀਰਤਨ ਕਰਦੇ ਰਹੇ ਹਨ, ਜਿਨ੍ਹਾਂ ਵਿਚੋਂ 7 ਮੁਸਲਮਾਨ ਜਥੇ ਉਹ ਸਨ, ਜਿਨ੍ਹਾਂ ਨੇ ਸਿੱਖੀ ਸਰੂਪ ਅਪਣਾ ਲਿਆ ਸੀ। 1947 ਦੀ ਵੰਡ ਸਮੇਂ ਉਹ ਵੀ ਨਵੇਂ ਬਣੇ ਮੁਲਕ ਪਾਕਿਸਤਾਨ ਵਿਚ ਚਲੇ ਗਏ ਅਤੇ ਮੁੜ ਪਤਿਤ ਹੋ ਗਏ। ਇਹਨਾਂ ਰਬਾਬੀਆਂ ਨੂੰ ਗੁਰੂਘਰ ਤੋਂ ਟੁੱਟਣ ਦਾ ਵੱਡਾ ਨੁਕਸਾਨ ਇਹ ਹੋਇਆ ਕਿ ਇਹ ਸਭ ਗੁਰਬਾਣੀ ਦੀਆਂ ਪੁਰਾਤਨ ਬੰਦਸ਼ਾਂ ਨੂੰ ਭੁੱਲ ਗਏ ਅਤੇ ਆਮ ਲੋਕਾਂ ਵਰਗੇ ਬਣ ਗਏ।
23 ਅਗਸਤ 2020 ਨੂੰ ਬੀਬੀਸੀ ਪੰਜਾਬੀ ਤੇ ਪ੍ਰਕਾਸ਼ਿਤ ਇੰਟਰਵਿਊ ਵਿਚ ਭਾਈ ਮਰਦਾਨਾ ਖ਼ਾਨਦਾਨ ਵਿਚੋਂ ਆਖੇ ਜਾਂਦੇ ਸੂਫ਼ੀ ਮੁਸਤਾਕ ਨੇ ਮੰਨਿਆ ਕਿ ਗੁਰੂਘਰਾਂ ਵਿਚ ਗਾਉਣ ਦੀ ਪੁਰਾਣੀ ਰੀਤ ਹੁਣ ਸਾਨੂੰ ਉੱਕ-ਉਕਾ ਗਈ ਹੈ। ਹੁਣ ਇਹਨਾਂ ਰਬਾਬੀ ਖ਼ਾਨਦਾਨਾਂ ਦੇ ਦਾਅਵੇਦਾਰਾਂ ਦਾ ਹੱਕ ਨਹੀਂ ਰਹਿ ਜਾਂਦਾ ਕਿ ਉਹ ਗੁਰੂਘਰਾਂ ਵਿਚ ਕੀਰਤਨ ਕਰਨ ਦਾ ਹੱਕ ਮੰਗਣ ਕਿਉਂਕਿ ਸਿਰਫ਼ ਗੁਰੂਘਰਾਂ ਦੇ ਪ੍ਰੇਮੀ ਖ਼ਾਨਦਾਨ ਵਿਚੋਂ ਹੋਣਾ ਕੋਈ ਵਿਸ਼ੇਸ਼ ਗੁਣ ਨਹੀਂ ਰਖਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਤੇ ਹੁਣ ਵਾਂਗ ਡਟ ਕੇ ਪਹਿਰਾ ਦਿੰਦੇ ਰਹਿਣ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਮੁਸ਼ਕਲ ਪੇਸ਼ ਨਾ ਆਵੇ।
-ਗੁਰਸੇਵਕ ਸਿੰਘ ਧੌਲਾ
ਪਿੰਡ ਧੌਲਾ (ਬਰਨਾਲਾ)
ਸੰਪਰਕ: 8360752220
ਈਮੇਲ: ddt23376@gmail.com
Posted on September 29th, 2023
Posted on September 28th, 2023
Posted on September 28th, 2023
Posted on September 27th, 2023
Posted on September 26th, 2023
Posted on September 26th, 2023
Posted on September 25th, 2023
Posted on September 21st, 2023
Posted on September 20th, 2023
Posted on September 20th, 2023
Posted on September 18th, 2023
Posted on September 15th, 2023