Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੂਨ 1984 : ਅਸਾਵੀਂ ਜੰਗ

Posted on June 1st, 2021

-ਸਰੂਪ ਸਿੰਘ ਨਾਰੰਗ (ਹੁਣ ਸਵਰਗਵਾਸੀ) ਯੂਕੇ

**ਗਿਣਤੀ ਪੱਖੋਂ **

ਨਫਰੀ ਦੇ ਹਿਸਾਬ ਨਾਲ, ਹਥਿਆਰਾਂ ਦੀ ਖੂਬੀ ਪੱਖੋਂ, ਹਥਿਆਰਾਂ ਦੇ ਭੰਡਾਰ ਪੱਖੋਂ ਅਤੇ ਰਸਦ ਪਾਣੀ ਦੇ ਪਹੁੰਚਾਉਣ ਪੱਖੋਂ ਇਹ ਇੱਕ ਬਿਲਕੁਲ ਬੇਮੇਚੀ ਟੱਕਰ ਸੀ। ਇੱਕ ਪਾਸੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਧਾਰਮਿਕ ਆਗੂ ਅਤੇ ਮੇਜਰ ਜਨਰਲ (ਰਿਟਾਇਰਡ) ਸੁਬੇਗ ਸਿੰਘ ਸਨ, ਜਿਨ੍ਹਾਂ ਦੇ ਨਾਲ 150 ਦੇ ਕਰੀਬ ਆਪਣੇ ਧਰਮ ਦੇ ਰਾਖੇ ਸਾਧਾਰਨ ਸਿੰਘ ਸਨ। ਦੂਜੇ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ 'ਚੋਂ ਗਿਣੀ ਜਾਂਦੀ ਭਾਰਤੀ ਫੌਜ ਦੇ ਲੈਫ. ਜਨਰਲ ਕੇ ਸੁੰਦਰਜੀ, ਲੈਫ. ਜਨਰਲ ਰਣਜੀਤ ਸਿੰਘ ਦਿਆਲ ਅਤੇ ਕੁਲਦੀਪ ਸਿੰਘ ਬਰਾੜ ਦੀ ਕਮਾਨ ਹੇਠ ਚੋਣਵੀਂ ਭਾਰਤੀ ਫੌਜ ਸੀ।

ਗਿਣਤੀ ਪੱਖੋਂ ਜੁਝਾਰੂ ਸਿੰਘ 150 ਤੋਂ ਵੱਧ ਨਹੀਂ ਸਨ। ਇਸ ਦੇ ਮੁਕਾਬਲੇ 'ਤੇ ਇਕੱਲੇ ਦਰਬਾਰ ਸਾਹਿਬ ਕੰਪਲੈਕਸ 'ਤੇ ਹਮਲੇ ਦੀ ਕਾਰਵਾਈ ਲਈ ਘੱਟੋ ਘੱਟ 15,000 ਫੌਜੀ ਹਿੱਸਾ ਲੈ ਰਹੇ ਸਨ। ਭਾਰਤ ਦੀਆਂ ਕੁੱਲ ਮਿਲਾ ਕੇ ਸੱਤ ਡਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ। ਭਾਰਤੀ ਫੌਜ ਕੋਲ ਉੱਤਮ ਹਥਿਆਰਾਂ ਤੋਂ ਬਿਨਾਂ ਲੜਾਈ ਦੇ ਹੁਨਰ 'ਚ ਨਿਪੁੰਨ ਚੋਟੀ ਦੇ ਜਰਨੈਲ ਸਨ।

ਹਥਿਆਰਾਂ ਪੱਖੋਂ - ਸਿੱਖ ਧਰਮ ਦੇ ਰਾਖਿਆਂ ਕੋਲ ਬਿਲਕੁਲ ਸਾਧਾਰਨ ਰਵਾਇਤੀ ਹਥਿਆਰ ਸਨ। ਉਨ੍ਹਾਂ ਕੋਲ ਐਲ. ਐਮ. ਜੀ. ਤੋਂ ਵਧੀਆ ਕੋਈ ਹਥਿਆਰ ਨਹੀਂ ਸੀ। ਗਿਣਤੀ ਦੀਆਂ ਸਟੇਨਗੰਨਾਂ, 30 ਬੋਰ ਦੀਆਂ ਕਾਰਬਾਈਨਾਂ, 303 ਬੋਰ ਦੀਆਂ ਰਾਈਫਲਾਂ, ਵੱਖ-ਵੱਖ ਬੋਰਾਂ ਦੇ ਪਿਸਤਲ, ਰਿਵਾਲਵਰ ਅਤੇ ਕੁਝ ਗਿਣਤੀ ਦੇ ਹੱਥ ਗੋਲੇ ਸਨ।

ਦੂਜੇ ਪਾਸੇ ਭਾਰਤੀ ਫੌਜ ਕੋਲ ਹਰ ਕਿਸਮ ਦੇ ਵਿਗਿਆਨਕ ਹਥਿਆਰਾਂ ਦੇ ਅਸੀਮਤ ਭੰਡਾਰ ਸਨ। ਉਨ੍ਹਾਂ ਕੋਲ ਵਿਜੰਤਾ ਟੈਂਕ, ਭਾਰੀ ਹਾਵਿਟਜ਼ਰ ਤੋਪਾਂ, ਹਾਵਲ ਗੰਨਾਂ ਜਿਨ੍ਹਾਂ ਨਾਲ 20 ਪਾਊਡਰ ਗੋਲੇ ਦਾਗੇ ਜਾ ਸਕਦੇ ਹਨ, ਮਸ਼ੀਨਗੰਨਾਂ, ਲਾਈਟ ਮਸ਼ੀਨਗੰਨਾਂ, ਤੋਪਖਾਨੇ, ਅੱਗ ਲਾਊ ਬੰਬ, ਭਾਰੀ ਵਿਸਫੋਟਕ ਜ਼ਹਿਰੀਲੇ ਗੋਲੇ, ਗੈਸ ਬੰਬ, ਬਖਤਰਬੰਦ ਗੱਡੀਆਂ, ਹੈਲੀਕਾਪਟਰ ਆਦਿਕ ਹਰ ਕਿਸਮ ਦਾ ਨਵੀਨ ਤੇ ਮਾਰੂ ਜੰਗੀ ਸਮਾਨ ਮੌਜੂਦ ਸੀ। ਭਾਰਤੀ ਫੌਜ ਨੂੰ ਲੋੜ ਪੈਣ 'ਤੇ ਵਾਰ ਵਾਰ ਨਵੀਨ ਕੁਮਕ ਮਿਲਦੀ ਰਹੀ ਸੀ।

**ਸਾਜ਼ੋ ਸਮਾਨ ਤੇ ਰਸਦ ਪਾਣੀ ਦੇ ਪੱਖੋਂ **

ਜੁਝਾਰੂ ਸਿੰਘਾਂ ਦੁਆਲੇ ਫੌਜ ਦਾ ਕਰੜਾ ਘੇਰਾ ਸੀ ਜਿਸ ਕਰਕੇ ਉਹ ਕੋਈ ਵੀ ਜੰਗੀ ਹਥਿਆਰ ਜਾਂ ਰਸਦ ਪਾਣੀ ਨਹੀਂ ਸਨ ਲਿਆ ਸਕਦੇ। ਇੱਥੋਂ ਤੱਕ ਕਿ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ ਗਈ ਸੀ। ਕਹਿਰਾਂ ਦੀ ਜੂਨ ਦੀ ਗਰਮੀ 'ਚ ਪੀਣ ਲਈ ਆਪਣੇ ਸਰੀਰਾਂ 'ਚੋਂ ਨੁੱਚੜ ਰਹੇ ਪਸੀਨੇ ਤੋਂ ਛੁੱਟ ਪਾਣੀ ਦਾ ਘੁੱਟ ਵੀ ਨਹੀਂ ਸੀ। ਉਨ੍ਹਾਂ ਸੱਤ ਰਾਤਾਂ ਤੇ ਸੱਤ ਦਿਨ ਸੌਂ ਕੇ ਨਹੀਂ ਸੀ ਵੇਖਿਆ। ਆਪਣੇ ਟਿਕਾਣਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਨ੍ਹਾਂ ਕੋਲ ਕੁਝ ਵੀ ਨਹੀਂ ਸੀ ਸਿਵਾਏ ਭੁੱਜੇ ਹੋਏ ਦਾਣਿਆਂ ਦੇ। ਨਾ ਉਨ੍ਹਾਂ ਕੋਲ ਵਿਗਿਆਨਕ ਹਥਿਆਰ ਸਨ। ਇਸ ਦੇ ਬਾਵਜੂਦ ਨਿਧੜਕ ਜੁਝਾਰੂ ਸਿੰਘਾਂ ਬੜੀ ਬਹਾਦਰੀ ਨਾਲ, ਬੜੀ ਦ੍ਰਿੜਤਾ ਨਾਲ ਅਤੇ ਬੜੀ ਜਵਾਂਮਰਦੀ ਨਾਲ ਸ਼ਕਤੀਸ਼ਾਲੀ ਭਾਰਤੀ ਫੌਜ ਨੂੰ ਪੰਜ ਦਿਨ ਤੱਕ ਖੁੱਡੇ ਲਾਈ ਰੱਖਿਆ ਸੀ।

ਭਾਰਤੀ ਫੌਜ ਦੀ ਸਿਰਮੌਰ ਜਾਣੀ ਜਾਂਦੀ 9ਵੀਂ ਡਵੀਜ਼ਨ, ਤਾਮਿਲਨਾਡੂ ਤੋਂ ਮਦਰਾਸੀ, ਬਿਹਾਰੀ, ਜੰਮੂ-ਕਸ਼ਮੀਰ ਤੋਂ ਡੋਗਰੇ, ਉੱਤਰ ਪ੍ਰਦੇਸ਼ ਤੋਂ ਕਮਾਊਂ ਤੇ ਗੜ੍ਹਵਾਲੀਏ ਅਤੇ ਰਾਜਸਥਾਨ ਤੋਂ ਰਾਜਪੂਤ ਵੀ ਸਨ। ਦੁਨੀਆਂ ਦੇ ਦਿਖਾਵੇ ਲਈ ਨਾਂ-ਮਾਤਰ ਦੇ ਕੁਝ ਸਿੱਖ ਵੀ ਸ਼ਾਮਲ ਕੀਤੇ ਗਏ ਜਿਹੜੇ ਜ਼ਿਆਦਾਤਰ ਨਿਰੰਕਾਰੀਆਂ ਦੇ ਸਮਰਥਕ ਸਨ ਅਤੇ ਕੁਝ ਹੋਰ ਮਜ਼ਬੂਰ ਸਿੱਖ ਵੀ ਸਨ।

**ਸਿੱਖ ਸੂਰਮਿਆਂ ਭਾਰਤੀ ਫੌਜ ਨੂੰ ਕਿਵੇਂ ਚਣੇ ਚਬਾਏ? **

ਸਿਖਲਾਈ ਲੈ ਚੁੱਕੇ ਪਹਿਲੀ ਬਟਾਲੀਅਨ ਦੇ ਕਮਾਂਡੋਆਂ, ਜਿਨ੍ਹਾਂ ਨੇ ਬੁਲਟ ਪਰੂਫ ਜੈਕਟਾਂ ਤੇ ਕਾਲੀਆਂ ਵਰਦੀਆਂ ਪਾਈਆਂ ਹੋਈਆਂ ਸਨ, ਨੂੰ ਦਰਬਾਰ ਸਾਹਿਬ ਸਮੂਹ ਦੇ ਮੁੱਖ ਦੁਆਰ ਰਾਹੀਂ ਦਾਖਲ ਹੋਣ ਦੇ ਹੁਕਮ ਦਿੱਤੇ ਗਏ। ਰਸਤੇ ਦੇ ਦੋਹਾਂ ਪਾਸਿਆਂ ਤੋਂ ਘਾਤ ਲਾਈ ਬੈਠੇ ਜੁਝਾਰੂ ਸਿੰਘਾਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ। ਫੇਰ 10ਵੀਂ ਗਾਰਡ ਬਟਾਲੀਅਨ ਦੀ ਮਦਦ ਨਾਲ ਬੇਹੋਸ਼ ਕਰਨ ਵਾਲੇ ਬੰਬ ਸੁੱਟੇ ਗਏ ਅਤੇ ਬੇਹੋਸ਼ ਹੋਏ ਸਿੰਘਾਂ ਨੂੰ ਗੋਲੀਆਂ ਮਾਰ ਕੇ ਕਮਾਂਡੋ ਅੰਦਰ ਦਾਖਲ ਹੋਏ। ਉਨ੍ਹਾਂ ਨੂੰ ਚੌਹਾਂ ਪਾਸਿਆਂ ਤੋਂ ਗੋਲੀਆਂ ਦੀ ਬੁਛਾੜ ਦਾ ਸਾਹਮਣਾ ਕਰਨਾ ਪਿਆ। ਜਰਨਲ ਸੁਬੇਗ ਸਿੰਘ ਦੀ ਯੋਜਨਾਬੱਧ ਯੁੱਧਨੀਤੀ ਨੇ ਤਿੰਨਾਂ ਭਾਰਤੀ ਜਨਰਲਾਂ ਨੂੰ ਮਾਤ ਕਰ ਵਿਖਾਇਆ। ਰਾਖੇ ਜੁਝਾਰੂਆਂ ਨੇ ਗਾਰਡਾਂ ਦੀ ਵੀ ਵਾਢੀ ਕਰ ਵਿਖਾਈ। ਫੇਰ ਦੋ ਸੌ ਕਮਾਂਡੋ ਅਤੇ ਇਤਨੇ ਹੀ ਗਾਰਡਾਂ ਵਲੋਂ ਕੀਤਾ ਗਿਆ ਤੀਜਾ ਹੱਲਾ ਕੁਝ ਕਾਮਯਾਬ ਹੋਇਆ। ਉਨ੍ਹਾਂ ਦੇ ਕੁਝ ਕਮਾਂਡੋ ਅਕਾਲ ਤਖਤ ਦੇ ਸਾਹਮਣੇ ਪਹੁੰਚਣ 'ਚ ਕਾਮਯਾਬ ਹੋ ਗਏ। ਜਿਉਂ ਹੀ ਉਹ ਅਕਾਲ ਤਖਤ ਦੀ ਦਰਸ਼ਨੀ ਡਿਊਢੀ ਦੇ ਵਿਚਾਲੇ ਵਿਹੜੇ 'ਚ ਪਹੁੰਚੇ ਤਾਂ ਅਕਾਲ ਤਖਤ ਦੇ ਅੰਦਰ ਟਿਕਾਣੇ ਬਣਾਈ ਬੈਠੇ ਜੁਝਾਰੂ ਦਸਤਿਆਂ ਨੇ ਕੁਝ ਕਮਾਂਡੋ ਭੁੰਨ ਸੁੱਟੇ ਅਤੇ ਕੁਝ ਭੱਜ ਕੇ ਨਿਕਲ ਗਏ।

ਮਦਰਾਸੀਆਂ ਨੂੰ ਸਰਾਂ ਵਾਲੇ ਪਾਸਿਓਂ ਦਾਖਲ ਹੋਣ ਦਾ ਹੁਕਮ ਦਿੱਤਾ ਗਿਆ। ਉਹ ਪ੍ਰਕਰਮਾ ਦੇ ਨੇੜੇ ਤੇੜੇ ਵੀ ਨਾ ਪਹੁੰਚ ਸਕੇ। ਸੁੰਦਰਜੀ ਤੇ ਦਿਆਲ ਨੇ ਕਮਾਂਡੋਜ਼ ਨੂੰ ਚੌਥਾ ਹੱਲਾ ਬੋਲਣ ਦਾ ਹੁਕਮ ਦਿੱਤਾ। ਇਸ ਵਾਰ ਮਦਰਾਸੀਆਂ ਨੂੰ 7ਵੀਂ ਗੜ੍ਹਵਾਲ ਰਾਈਫਲਜ਼ ਦੀਆਂ ਦੋ ਹੋਰ ਕੰਪਨੀਆਂ ਦੀ ਕੁਮਕ ਦੇ ਕੇ ਦੱਖਣੀ ਦੁਆਰ ਵਲੋਂ ਦਾਖਲ ਹੋਣ ਦੇ ਹੁਕਮ ਦਿੱਤੇ ਗਏ। ਸਿੰਘਾਂ ਨੇ ਮਦਰਾਸੀਆਂ ਤੇ ਗੜ੍ਹਵਾਲੀਆਂ ਦਾ ਫੇਰ ਬੁਰੀ ਤਰ੍ਹਾਂ ਮੂੰਹ ਭੰਨਿਆ।

ਬ੍ਰਿਗੇਡੀਅਰ ਏ. ਕੇ. ਦੀਵਾਨ ਨੇ ਬਰਾੜ ਨੂੰ ਹੋਰ ਕੁਮਕ ਭੇਜਣ ਲਈ ਆਖਿਆ। ਇਸ ਤਰ੍ਹਾਂ ਨਵੀਂ ਕੁਮਕ ਨਾਲ ਮਜ਼ਬੂਤ ਹੋ ਕੇ ਅਕਾਲ ਤਖਤ ਸਾਹਿਬ 'ਤੇ ਕਬਜ਼ਾ ਕਰਨ ਲਈ ਕਈ ਹਮਲੇ ਕੀਤੇ ਗਏ। ਹਰ ਵਾਰ ਫੌਜੀਆਂ ਨੂੰ ਸੱਦਣ ਲਈ ਮਜ਼ਬੂਰ ਹੋਣਾ ਪਿਆ। ਭਾਰਤੀ ਫੌਜ ਦੇ ਅਜਿਹੇ ਦੰਦ ਖੱਟੇ ਹੋਏ ਕਿ ਅਕਾਲ ਤਖਤ ਤੇ ਸੰਤ ਭਿੰਡਰਾਂਵਾਲੇ ਨੂੰ ਜਿੱਤਣਾ ਅਸੰਭਵ ਨਜ਼ਰ ਆਇਆ। ਬ੍ਰਿਗੇਡੀਅਰ ਦੀਵਾਨ ਨੇ ਅਕਾਲ ਤਖਤ ਨੂੰ ਉਡਾ ਦੇਣ ਲਈ ਜਨਰਲ ਬਰਾੜ ਤੋਂ ਵਿਜੰਤਾ ਟੈਂਕ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ। ਉਸ ਇਹ ਦਲੀਲ ਦਿੱਤੀ ਕਿ ਜੇ ਉਸ ਨੂੰ ਟੈਂਕ ਵਰਤਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਸ ਹਾਲਤ 'ਚ ਜੰਗ 'ਚ ਘਿਰੇ ਹੋਏ ਫੌਜੀਆਂ ਦੇ ਖਤਮ ਹੋਣ 'ਚ ਬਹੁਤੀ ਦੇਰ ਨਹੀਂ ਲੱਗਣੀ। ਇਸ ਤਰ੍ਹਾਂ ਜ਼ਹਿਰੀਲੇ ਬੰਬਾਂ ਦਾ ਮੀਂਹ ਵਰ੍ਹਾਇਆ ਗਿਆ ਅਤੇ ਜੁਝਾਰੂ ਸਿੰਘਾਂ ਨੂੰ ਮਾਰ ਮੁਕਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਫੌਜੀ ਜਰਨੈਲਾਂ ਵਲੋਂ ਮਾਰੀਆਂ ਗਈਆਂ ਬੜ੍ਹਕਾਂ ਝੂਠੀਆਂ ਸਾਬਤ ਹੋਈਆਂ। 3 ਜੂਨ ਨੂੰ ਅੰਮ੍ਰਿਤਸਰ ਛਾਉਣੀ ਵਿਖੇ ਫੌਜੀ ਹਮਲੇ ਲਈ ਸਥਾਪਤ ਕੀਤੇ ਗਏ 'ਕੰਟਰੋਲ ਰੂਮ' ਅੰਦਰ ਭਾਰਤੀ ਫੌਜ, ਸੀ. ਆਰ. ਪੀ., ਬੀ. ਐਸ. ਐਫ., ਖੁਫੀਆ ਏਜੰਸੀਆਂ, ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਅੰਮ੍ਰਿਤਸਰ ਦੇ ਡਿਪਟੀ ਕਸ਼ਿਨਰ ਦੀ ਮੀਟਿੰਗ ਦੌਰਾਨ ਜਨਰਲ ਬਰਾੜ ਨੇ ਕਿਹਾ ਸੀ ਕਿ 'ਸਾਡੀ ਕੋਸ਼ਿਸ਼ ਹੋਵੇਗੀ ਕਿ ਉਹ (ਅੱਤਵਾਦੀ ਸਿੱਖ) ਬਸ ਦੋ ਘੰਟਿਆਂ ਅੰਦਰ ਹੀ ਗੋਡੇ ਟੇਕ ਦੇਣ।' ਉਸ ਮੀਟਿੰਗ 'ਚ ਬੈਠੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਨੂੰ ਸੰਬੋਧਨ ਕਰਕੇ ਜਨਰਲ ਬਰਾੜ ਨੇ ਜਦ ਉਸ ਤੋਂ ਉਸ ਦੇ ਵਿਚਾਰ ਪੁੱਛੇ ਤਾਂ ਉਸ ਉੱਤਰ 'ਚ ਕਿਹਾ ਕਿ ਸੰਤ ਭਿੰਡਰਾਂਵਾਲੇ ਆਤਮ ਸਮਰਪਣ ਨਹੀਂ ਕਰਨਗੇ।

ਇਹ ਸੁਣ ਕੇ ਜਨਰਲ ਬਰਾੜ ਗੁੱਸੇ ਨਾਲ ਲਾਲ ਪੀਲਾ ਹੋ ਕੇ ਬੋਲਿਆ ਕਿ 'ਜਦੋਂ ਟੈਂਕ ਗੜਗੜਾਉਂਦੇ ਹਨ, ਜਹਾਜ਼ ਸ਼ੂਕਦੇ ਹਨ ਅਤੇ ਜ਼ਮੀਨ ਅੱਗ ਛੱਡਣ ਲਗਦੀ ਹੈ ਤਾਂ ਕਹਿੰਦੇ ਕਹਾਉਂਦੇ ਜਰਨੈਲਾਂ ਦੀਆਂ ਵੀ ਪਤਲੂਨਾਂ ਅੰਦਰ ਲੱਤਾਂ ਕੰਬਣ ਲੱਗ ਪੈਂਦੀਆਂ ਹਨ। ਦੇਖ ਲੈਣਾ, ਇਹ ਸ਼ਖਸ (ਭਾਵ ਸੰਤ ਜਰਨੈਲ ਸਿੰਘ) ਵੀ ਸਿਰਫ ਦੋ ਘੰਟਿਆਂ ਅੰਦਰ ਹੀ ਗੋਡਿਆਂ ਪਰਨੇ ਹੋ ਜਾਵੇਗਾ।'

ਦੋ ਘੰਟਿਆਂ ਅੰਦਰ ਆਤਮ ਸਮਰਪਣ ਕਰਵਾ ਲੈਣ ਦਾ ਮਤ ਇਕੱਲੇ ਜਨਰਲ ਬਰਾੜ ਦਾ ਹੀ ਨਹੀਂ ਸੀ ਸਗੋਂ ਸਿੱਖ ਨਸਲਕੁਸ਼ੀ ਦੀ ਵਿਉਂਤਬੰਦੀ ਕਰਨ ਵਾਲੀ ਸਮੁੱਚੀ ਢਾਣੀ ਦੀ ਇਹ ਰਾਏ ਸੀ ਕਿ ਇੱਕ ਭੀੜੀ ਜਿਹੀ ਥਾਂ ਅੰਦਰ ਘਿਰੇ ਹੋਏ ਸਾਧਾਰਨ ਹਥਿਆਰਾਂ ਨਾਲ ਲੈਸ ਹੋਏ ਡੇਢ ਦੋ ਸੌ ਫੌਜੀ ਸਿਖਲਾਈ ਅਤੇ ਅਭਿਆਸ ਤੋਂ ਕੋਰੇ ਵਿਅਕਤੀ ਅਤਿ ਨਵੀਨ ਕਿਸਮ ਦੇ ਮਾਰੂ ਹਥਿਆਰਾਂ ਨਾਲ ਲੈਸ ਪੇਸ਼ਾਵਰ ਫੌਜੀ ਲਸ਼ਕਰਾਂ ਸਾਹਮਣੇ ਕਿੰਨਾ ਕੁ ਚਿਰ ਟਿਕ ਸਕਣਗੇ।

ਇਹੀ ਕਾਰਨ ਸੀ ਕਿ ਭਾਰਤੀ ਫੌਜ ਨੂੰ ਆਪਣੇ ਕਿਆਸੇ ਅਨੁਮਾਨੋਂ ਬਾਹਰਾ ਜਾਨੀ ਨੁਕਸਾਨ ਅਤੇ ਨਮੋਸ਼ੀ ਝੱਲਣੀ ਪਈ ਸੀ। ਜਿਵੇਂ ਆਮ ਹੋਇਆ ਕਰਦਾ ਹੈ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਕਿਸੇ ਹੋਰ ਦੇ ਸਿਰ ਘੜਾ ਭੰਨ ਦਿੱਤਾ ਜਾਂਦਾ ਹੈ। ਖੁਫੀਆ ਏਜੰਸੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਜੁਝਾਰੂਆਂ ਕੋਲ ਜਿਹੜੇ ਹਥਿਆਰ ਅੰਦਰ ਪਹੁੰਚਾਏ ਗਏ ਸਨ, ਉਸ ਬਾਰੇ ਫੌਜੀਆਂ ਨੂੰ ਪੂਰਾ ਗਿਆਨ ਸੀ। ਫੌਜੀਆਂ ਵਲੋਂ ਆਪਣੀ ਅਯੋਗਤਾ ਨੂੰ ਛੁਪਾਉਣ ਲਈ ਇੱਕ ਤੋਂ ਬਾਅਦ ਦੂਜਾ ਝੂਠ ਬੋਲਿਆ ਗਿਆ। ਇਹ ਦੱਸਿਆ ਗਿਆ ਕਿ ਦਰਬਾਰ ਸਾਹਿਬ ਅੰਦਰੋਂ ਹਥਿਆਰ ਬਣਾਉਣ ਦੀ ਫੈਕਟਰੀ ਫੜ੍ਹੀ ਗਈ ਪਰ ਕੋਈ ਵੀਡੀਓ ਤਸਵੀਰ ਪੇਸ਼ ਨਾ ਕੀਤੀ ਜਾ ਸਕੀ।

ਲਾਇਬਰੇਰੀ ਸਾੜਨ ਦੇ ਝੂਠ 'ਤੇ ਪਰਦਾ ਪਾਉਣ ਵੇਲੇ ਤਾਂ ਇਹ ਕਿਹਾ ਗਿਆ ਸੀ ਕਿ ਸਿੱਖ ਜੁਝਾਰੂਆਂ ਕੋਲ ਤੀਲੀ ਬਾਲ ਕੇ ਚਲਾਉਣ ਵਾਲੇ ਦੇਸੀ ਹੱਥ ਗੋਲੇ ਸਨ, ਪਰ ਜੁਝਾਰੂਆਂ ਵਲੋਂ ਕਿਆਸੇ ਬਾਹਰੋਂ ਕੀਤੇ ਨੁਕਸਾਨ ਵੇਲੇ ਆਪਣੀ ਅਯੋਗਤਾ ਨੂੰ ਛੁਪਾਉਣ ਲਈ ਜੁਝਾਰੂਆਂ ਕੋਲ ਨਵੀਨ ਕਿਸਮ ਦੇ ਮਾਰੂ ਹਥਿਆਰ ਫੜ੍ਹੇ ਜਾਣ ਦੀਆਂ ਅਫਵਾਹਾਂ ਨਸ਼ਰ ਕੀਤੀਆਂ ਗਈਆਂ।

ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਇੱਕ ਹੋਰ ਮਨਘੜਤ ਕਹਾਣੀ ਨਸ਼ਰ ਕੀਤੀ ਗਈ ਕਿ ਪ੍ਰਕਰਮਾ ਦੇ ਹੇਠਾਂ ਸੁਰੰਗਾਂ ਬਣਾ ਰੱਖੀਆਂ ਸਨ। ਜਿਨ੍ਹਾਂ ਦੇ ਮਘੋਰਿਆਂ 'ਚੋਂ ਨਿਕਲ ਕੇ ਫੌਜ ਤੇ ਹਮਲਾ ਕਰਕੇ ਫਿਰ ਉਨ੍ਹਾਂ 'ਚ ਅਲੋਪ ਹੋ ਜਾਂਦੇ ਸਨ। ਫਿਰ ਉਹੀ ਗੱਲ ਕਿ ਕੋਈ ਸਬੂਤ ਪੇਸ਼ ਨਾ ਕਰ ਸਕੇ ਕਿ ਉਹ ਸੁਰੰਗਾਂ ਕਿੱਥੇ ਸਨ ਅਤੇ ਕਦੋਂ ਖੋਦੀਆਂ ਗਈਆਂ ਜਦਕਿ ਚਾਰ ਖੁਫੀਆ ਏਜੰਸੀਆਂ ਦਰਬਾਰ ਸਾਹਿਬ ਅੰਦਰ ਦੋ ਸਾਲ ਤੋਂ ਕੰਮ ਕਰ ਰਹੀਆਂ ਸਨ। ਕੀ ਖੁਫੀਆ ਏਜੰਸੀਆਂ ਇਤਨੀਆਂ ਨਿਕੰਮੀਆਂ ਸਨ ਕਿ ਉਨ੍ਹਾਂ ਨੂੰ ਸੁਰੰਗਾਂ ਦਾ ਬਿਲਕੁਲ ਪਤਾ ਹੀ ਨਹੀਂ ਸੀ। ਸਚਾਈ ਤਾਂ ਇਹ ਹੈ ਕਿ ਦਰਬਾਰ ਸਾਹਿਬ ਅੰਦਰ ਨਾ ਕੋਈ ਅਸਲੇ ਦੀ ਫੈਕਟਰੀ ਸੀ ਅਤੇ ਨਾ ਹੀ ਸੁਰੰਗਾਂ ਹੀ ਸਨ।

ਅਸਲ 'ਚ ਉਨ੍ਹਾਂ ਘੁਮੰਡੀ ਜਰਨੈਲਾਂ ਕੋਲ ਸਾਰੀ ਜਾਣਕਾਰੀ ਮੌਜੂਦ ਸੀ। ਜੁਝਾਰੂਆਂ ਦੀ ਗਿਣਤੀ, ਉਨ੍ਹਾਂ ਦੇ ਹਰ ਇੱਕ ਛੋਟੇ ਵੱਡੇ ਹਥਿਆਰ ਦੀ ਅਤੇ ਉਨ੍ਹਾਂ ਦੇ ਮੋਰਚਿਆਂ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਨੂੰ ਜਿਹੜਾ ਅਸਲੀ ਟਪਲਾ ਲੱਗਿਆ, ਉਹ ਸੀ ਜੁਝਾਰੂਆਂ ਦੀ ਉਦੇਸ਼ ਪ੍ਰਤੀ ਦ੍ਰਿੜਤਾ ਅਤੇ ਸਮਰੱਥਾ ਬਾਰੇ। ਕਿਸੇ ਵੀ ਲੜਾਈ ਦਾ ਨਿਰਣਾ ਨਿਰਾ ਨਫਰੀ ਤੇ ਹਥਿਆਰ ਨਹੀਂ ਕਰਦੇ ਸਗੋਂ ਲੜਨ ਵਾਲਿਆਂ ਦਾ ਆਪਣੇ ਉਦੇਸ਼ ਦੀ ਪ੍ਰਤੀਬੱਧਤਾ ਦਾ ਜਜ਼ਬਾ ਕਰਦਾ ਹੈ। ਬਾਅਦ 'ਚ ਜਨਰਲ ਬਰਾੜ ਨੇ ਇਹ ਅਸਲੀਅਤ ਲੁਕਵੇਂ ਢੰਗ ਨਾਲ ਕਬੂਲ ਕੀਤੀ ਕਿ - 'ਖਾੜਕੂ ਜਿਸ ਸਿਦਕ-ਦਿਲੀ ਨਾਲ ਆਪਣੇ ਮੋਰਚਿਆਂ 'ਤੇ ਡਟੇ ਰਹੇ, ਉਨ੍ਹਾਂ ਨੇ ਜਿਸ ਸਿਰੜ ਤੇ ਸੂਰਮਗਤੀ ਨਾਲ ਲੜਾਈ ਲੜੀ ਅਤੇ ਜੋ ਕਮਾਲ ਦਾ ਹੌਂਸਲਾ ਦਿਖਾਇਆ, ਉਸ ਦੀ ਸ਼ਲਾਘਾ ਕਰਨੀ ਬਣਦੀ ਹੈ।'

ਇਵੇਂ ਹੀ ਸਤੀਸ਼ ਜੈਕਬ ਮੁਤਾਬਿਕ 'ਜਿਨ੍ਹਾਂ ਫੌਜੀ ਅਫਸਰਾਂ ਨਾਲ ਮੈਂ ਗੱਲ ਕੀਤੀ ਉਹ ਸੰਤ ਭਿੰਡਰਾਂਵਾਲੇ ਦੇ ਸ਼ਰਧਾਲੂਆਂ ਦੇ ਹੌਂਸਲੇ ਤੇ ਵਚਨਬੱਧਤਾ ਤੋਂ ਬਹੁਤ ਹੈਰਾਨ ਸਨ।'Archive

RECENT STORIES

ਜਨਮ ਦਿਨ 'ਤੇ ਵਿਸ਼ੇਸ਼: ਗ਼ਦਰ ਲਹਿਰ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ

Posted on May 24th, 2023

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਮਨਵੀਰ ਸਿੰਘ ਦਾ ਪੰਥ ਦਰਦੀਆਂ ਵਲੋਂ ਸੋਨੇ ਦੇ ਤਗਮੇ ਨਾਲ ਸਨਮਾਨ।

Posted on May 22nd, 2023

ਅੱਗਾਂ ਲਾਉਣ ਵਾਲਿਆਂ ਲਈ....!

Posted on May 19th, 2023

ਬਾਦਲ ਵਹੀ : ਪ੍ਰਕਾਸ਼ ਸਿੰਘ ਬਾਦਲ: “........ਜਨਮੁ ਜੂਐ ਹਾਰਿਆ॥”

Posted on May 8th, 2023

ਨਗਰ ਕੀਰਤਨ ਦਾ ਅਸਲ ਮਨੋਰਥ ਤੇ ਅੱਜ ਦੇ ਸਮੇਂ ਬਦਲ ਰਹੇ ਰੰਗ

Posted on April 11th, 2023

ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ- ‘ਐਡੀਟਰਜ਼ ਗਿਲਡ ਆਫ ਇੰਡੀਆ’

Posted on April 3rd, 2023

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਖ਼ਤ

Posted on March 31st, 2023

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023