Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਹੀਦ ਜਨਰਲ ਸੁਬੇਗ ਸਿੰਘ ਦੇ ਜੀਵਨ 'ਤੇ ਪੰਛੀ ਝਾਤ

Posted on June 2nd, 2021

ਜਨਰਲ ਸੁਬੇਗ ਸਿੰਘ ਖਿਆਲਾ ਪਿੰਡ ਦੇ ਰਹਿਣ ਵਾਲੇ ਸਨ, ਜੋ ਕਿ ਚੁਗਾਵਾਂ ਰੋਡ ਤੋਂ ਨੌਂ ਮੀਲ ਦੀ ਦੂਰੀ ਉੱਤੇ ਹੈ। ਜਨਰਲ ਸੁਬੇਗ ਸਿੰਘ ਪਿਤਾ ਸ. ਭਗਵਾਨ ਸਿੰਘ ਅਤੇ ਮਾਤਾ ਸਰਦਾਰਨੀ ਪ੍ਰੀਤਮ ਕੌਰ ਦੇ ਸਭ ਤੋਂ ਵੱਡੇ ਸਪੁੱਤਰ ਸਨ। ਉਨ੍ਹਾਂ ਦੇ ਤਿੰਨ ਭਰਾ ਅਤੇ ਦੋ ਭੈਣਾਂ ਸਨ। ਪਰਿਵਾਰ ਦਾ ਸਬੰਧ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ, ਜੋ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਅਤੇ ਜਿਨ੍ਹਾਂ ਨੇ 1740 ਵਿੱਚ ਭਾਈ ਸੁੱਖਾ ਸਿੰਘ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਨਾਲ ਜੁੜਦਾ ਹੈ। ਜਨਰਲ ਸੁਬੇਗ ਸਿੰਘ ਜੀ ਦਾ ਪਰਿਵਾਰ ਪਿੰਡ ਵਿੱਚ ਖਾਂਦਾ-ਪੀਂਦਾ ਧਨੀ ਪਰਿਵਾਰ ਸੀ, ਜੋ ਸੌ ਕਿੱਲੇ ਜ਼ਮੀਨ ਦਾ ਮਾਲਕ ਸੀ। ਪਿੰਡ ਖਿਆਲਾ ਦਾ ਪਹਿਲਾ ਨਾਮ ਖਿਆਲਾ ਨੰਦ ਸਿੰਘ ਵੱਜਦਾ ਸੀ ਅਤੇ ਸ. ਨੰਦ ਸਿੰਘ, ਸ. ਸੁਬੇਗ ਸਿੰਘ ਜੀ ਦੇ ਪੜਦਾਦਾ ਜੀ ਸਨ।

ਸ. ਸੁਬੇਗ ਸਿੰਘ ਜੀ ਦੇ ਮਾਤਾ ਜੀ ਸਿੱਖ ਧਰਮ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ ਅਤੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਹਮੇਸ਼ਾਂ ਭਾਈ ਸਾਹਿਬ ਸਿੰਘ ਜੀ ਦੇ ਵਾਰਸ ਹੋਣ ਬਾਰੇ ਯਾਦ ਕਰਵਾਉਂਦਿਆਂ ਉਨ੍ਹਾਂ ਨੂੰ ਪਰਿਵਾਰ ਦੇ ਨਾਂ ਨੂੰ ਹਮੇਸ਼ਾਂ ਰੌਸ਼ਨ ਕਰਨ ਦੀ ਪ੍ਰੇਰਨਾ ਦਿੰਦੀ ਰਹਿੰਦੀ ਸੀ। ਉਨ੍ਹਾਂ ਦੇ ਪਿਤਾ ਸ. ਭਗਵਾਨ ਸਿੰਘ ਪਿੰਡ ਦੇ ਨੰਬਰਦਾਰ ਸਨ ਅਤੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਇਹ ਹਮੇਸ਼ਾਂ ਮਸ਼ਰੂਫ ਰਹਿੰਦੇ ਸਨ। ਇਸੇ ਕਰਕੇ ਪਿੰਡ ਦੇ ਲੋਕ ਅਗਵਾਈ ਅਤੇ ਸਲਾਹ ਲਈ ਹਮੇਸ਼ਾ ਉਨ੍ਹਾਂ ਵੱਲ ਵੇਖਦੇ ਸਨ। ਸ. ਸੁਬੇਗ ਸਿੰਘ ਬਚਪਨ ਤੋਂ ਹੀ ਇੱਕ ਸਧਾਰਨ ਬੱਚੇ ਨਾਲੋਂ ਜ਼ਿਆਦਾ ਬੁੱਧੀਮਾਨ ਅਤੇ ਚੁਸਤ ਸਨ। ਉਹ ਬਚਪਨ ਵਿੱਚ ਹੀ ਬੌਧਿਕ ਤੌਰ ਉੱਤੇ ਇੰਨੇ ਚੇਤੰਨ ਸਨ ਕਿ ਪਿੰਡ ਦੇ ਕਈ ਖਾਸ ਸੁਭਾਅ ਵਾਲੇ ਬੰਦਿਆਂ ਬਾਰੇ ਕਵਿਤਾਵਾਂ ਜੋੜ ਲੈਂਦੇ ਸਨ।

ਉਨ੍ਹਾਂ ਦਾ ਇਤਿਹਾਸ ਅਤੇ ਸਾਹਿਤ ਵੱਲ ਖਾਸ ਝੁਕਾਅ ਸੀ ਅਤੇ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਦੀ ਇਸ ਬੌਧਿਕ ਯੋਗਤਾ ਦੇ ਖਾਸ ਤੌਰ ਉੱਤੇ ਕਾਇਲ ਸਨ। ਉਨ੍ਹਾਂ ਦੇ ਅਧਿਆਪਕਾਂ ਨੇ ਸ. ਸੁਬੇਗ ਸਿੰਘ ਜੀ ਦੇ ਮਾਤਾ ਪਿਤਾ ਨੂੰ ਉਨ੍ਹਾਂ ਨੂੰ ਕਿਸੇ ਵੱਡੇ ਸਕੂਲ ਜਾਂ ਵਿੱਦਿਅਕ ਸੰਸਥਾ ਵਿੱਚ ਭੇਜਣ ਦੀ ਸਲਾਹ ਦਿੱਤੀ। ਸ. ਸੁਬੇਗ ਸਿੰਘ ਨੂੰ ਸਕੈਡੰਰੀ ਸਿੱਖਿਆ ਲਈ ਲਾਇਲਪੁਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਉੱਚ ਵਿਦਿਆ ਲਈ ਸਰਕਾਰੀ ਕਾਲਜ ਲਾਹੌਰ ਭੇਜਿਆ ਗਿਆ। ਉਹ ਫੁੱਟਬਾਲ, ਹਾਕੀ ਅਤੇ ਐਥਲੇਟਿਕਸ ਦੇ ਬੇਹਤਰੀਨ ਖਿਡਾਰੀ ਸਨ।

ਅਠਾਰਾਂ ਸਾਲਾਂ ਦੀ ਉਮਰ ਵਿੱਚ ਉਨ੍ਹਾਂ ਸੌ ਮੀਟਰ ਦੌੜ ਦੇ ਭਾਰਤੀ ਰਿਕਾਰਡ ਨੂੰ ਤੋੜਿਆ ਸੀ ਅਤੇ ਨਾਲ ਹੀ ਜ਼ਿਲ੍ਹਾ ਬੋਰਡ ਛਾਲ ਮਾਰਨ ਦੇ ਰਿਕਾਰਡ ਨੂੰ ਵੀ ਤੋੜਿਆ ਸੀ। ਉਹ ਬੇਹਤਰੀਨ ਖਿਡਾਰੀ ਸਨ ਪਰ ਉਨ੍ਹਾਂ ਨੇ ਖੇਡਾਂ ਨੂੰ ਆਪਣਾ ਕਿੱਤਾ ਨਾ ਬਣਾ ਕੇ ਫੌਜ ਨੂੰ ਚੁਣਿਆ। ਉਹ ਪੜ੍ਹਾਈ ਵਿੱਚ ਵੀ ਹੁਸ਼ਿਆਰ ਸਨ ਅਤੇ 1940 ਵਿੱਚ ਲਾਹੌਰ ਕਾਲਜ ਵਿੱਚ ਭਾਰਤੀ ਫੌਜ ਵਿੱਚ ਭਰਤੀ ਕਰਨ ਆਈ ਟੀਮ ਵਲੋਂ ਚੁਣੇ ਗਏ ਇੱਕੋ-ਇੱਕ ਵਿਦਿਆਰਥੀ ਸਨ। ਉਨ੍ਹਾਂ ਨੂੰ ਦੂਜੀ ਪੰਜਾਬ ਰਜਮੈਂਟ ਵਿੱਚ ਸੈਕੰਡ ਲੈਫਟੀਨੈਂਟ ਵਜੋਂ ਲਿਆ ਗਿਆ। ਕੁਝ ਦਿਨਾਂ ਵਿੱਚ ਹੀ ਰਜਮੈਂਟ ਜਪਾਨ ਦੇ ਖਿਲਾਫ ਲੜਨ ਲਈ ਬਰਮਾ ਰਵਾਨਾ ਹੋ ਗਈ।

ਭਾਰਤੀ ਵੰਡ ਤੋਂ ਬਾਅਦ ਜਦੋਂ ਰਜਮੈਂਟ ਦਾ ਮੁੜ ਸੰਗਠਨ ਕੀਤਾ ਗਿਆ ਤਾਂ ਉਹ ਪੈਰਾਸ਼ੂਟ ਬਰਗੇਡ ਵਿੱਚ ਪੈਰਾ ਟਰੂਪਰ ਵਜੋਂ ਸ਼ਾਮਲ ਹੋਏ। 1959 ਤੱਕ ਉਹ ਇਸ ਬਟਾਲੀਅਨ ਵਿੱਚ ਰਹੇ। ਜਨਰਲ ਸੁਬੇਗ ਸਿੰਘ ਸੁਭਾਅ ਵਜੋਂ ਪੜਾਕੂ ਇਨਸਾਨ ਸਨ ਅਤੇ ਉਨ੍ਹਾਂ ਨੇ ਹਰੇਕ ਫੌਜੀ ਕਾਰਵਾਈ ਬਾਰੇ ਡੂੰਘੀ ਖੋਜ ਕੀਤੀ ਸੀ ਅਤੇ ਹਰੇਕ ਫੌਜੀ ਜਨਰਲ ਦੀ ਜੀਵਨੀ ਪੜ੍ਹੀ ਸੀ। ਇਤਿਹਾਸ ਵਿੱਚ ਉਨ੍ਹਾਂ ਦੀ ਖਾਸ ਦਿਲਚਸਪੀ ਸੀ। ਉਹ ਪੰਜਾਬੀ, ਫਾਰਸੀ, ਉਰਦੂ, ਗੋਰਖੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਚੰਗੀ ਤਰ੍ਹਾਂ ਬੋਲ ਲੈਂਦੇ ਸਨ। ਦੇਹਰਾਦੂਨ ਵਿਖੇ ਫੌਜੀ ਅਕੈਡਮੀ ਵਿੱਚ ਵੀ ਰਹੇ ਅਤੇ ਹੋਰ ਕਈ ਅਹੁਦਿਆਂ ਉੱਪਰ ਵੀ ਸੇਵਾ ਨਿਭਾਈ। ਫੌਜ ਵਿੱਚ ਉਹ ਇੱਕ ਨਿਡਰ ਅਫਸਰ ਵਜੋਂ ਮਸ਼ਹੂਰ ਹੋ ਗਏ ਜੋ ਕਿ ਕਿਸੇ ਵੀ ਤਰ੍ਹਾਂ ਦੀ ਮਾੜੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਦੇ ਸਨ।

ਉਨ੍ਹਾਂ ਦੇ ਇਸ ਸਿੱਧੇ ਸੁਭਾਅ ਕਾਰਨ ਜਾਂ ਤਾਂ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਸਨ ਅਤੇ ਜਾਂ ਉਨ੍ਹਾਂ ਤੋਂ ਡਰਦੇ ਸਨ। ਭਾਰਤ ਵਲੋਂ ਲੜੀ ਗਈ ਹਰੇਕ ਜੰਗ ਵਿੱਚ ਉਨ੍ਹਾਂ ਹਿੱਸਾ ਲਿਆ। ਫੌਜੀ ਕਾਰਵਾਈਆਂ ਅਤੇ ਫੌਜੀ ਵਿਗਿਆਨ ਦੀ ਉਨ੍ਹਾਂ ਦੀ ਜ਼ਬਰਦਸਤ ਜਾਣਕਾਰੀ ਕਾਰਨ ਉਨ੍ਹਾਂ ਨੂੰ ਬਰਗੇਡ ਮੇਜਰ ਬਣਾਇਆ ਗਿਆ। 1965 ਦੀ ਭਾਰਤ-ਪਾਕਿ ਜੰਗ ਦੌਰਾਨ ਉਹ ਜੰਮੂ-ਕਸ਼ਮੀਰ ਵਿੱਚ ਤੈਨਾਤ ਸਨ ਅਤੇ ਗੋਰਖਾ ਰਾਇਫਲ ਦੇ ਕਮਾਂਡਰ ਸਨ ਤਾਂ ਉਨ੍ਹਾਂ ਦੀ ਮਾਤਾ ਵਲੋਂ ਭੇਜੀ ਟੈਲੀਗਰਾਮ ਜੋ ਕਿ ਉਨ੍ਹਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ ਸਬੰਧੀ ਸੀ, ਬਾਰੇ ਆਪਣੇ ਕਿਸੇ ਵੀ ਸਹਿਯੋਗੀ ਨੂੰ ਨਾ ਦੱਸਿਆ। ਜਦੋਂ ਫੌਜੀ ਕਾਰਵਾਈਆਂ ਖਤਮ ਹੋਈਆਂ ਤਾਂ ਹੀ ਉਨ੍ਹਾਂ ਛੁੱਟੀ ਲਈ ਅਰਜ਼ੀ ਦਿੱਤੀ। ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਪਿਤਾ ਜੀ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਲ ਨਾ ਹੋਣ ਬਾਰੇ ਕਦੇ ਵੀ ਨਾ ਪੁੱਛਿਆ। ਹਰ ਕੋਈ ਜਾਣਦਾ ਸੀ ਕਿ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾਂ ਉਨ੍ਹਾਂ ਲਈ ਮੁੱਖ ਕਰਤੱਵ ਸੀ। 1965 ਤੋਂ ਬਾਅਦ ਸ. ਸੁਬੇਗ ਸਿੰਘ ਨੂੰ ਕਰਨਲ ਬਣਾ ਦਿੱਤਾ ਗਿਆ। ਉਨ੍ਹਾਂ ਨੂੰ ਨਾਗਾਲੈਂਡ ਵਿੱਚ ਨਾਗਾ ਖਾੜਕੂਆਂ ਦੀਆਂ ਕਾਰਵਾਈਆਂ ਦਬਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਉਨ੍ਹਾਂ ਦੀ ਕਮਾਂਡ ਹੇਠ ਅੱਠਵੀਂ ਪਹਾੜੀ ਡਿਵੀਜ਼ਨ ਦੇ ਪੰਜਾਹ ਜਵਾਨ ਸਨ। ਉੱਥੇ ਉਨ੍ਹਾਂ ਅਗਵਾਈ ਅਤੇ ਨਿੱਡਰ ਪੈਂਤੜੇਬਾਜੀ ਦੀ ਆਪਣੀ ਕਲਾ ਦੀ ਵਰਤੋਂ ਕਰਕੇ ਸਫਲਤਾ ਨਾਲ ਹਾਲਾਤ ਨੂੰ ਕਾਬੂ ਕੀਤਾ।

ਮੁਕਤੀ ਵਾਹਿਨੀ

1971 ਵਿੱਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਰਾਜਨੀਤਕ ਗੜਬੜ ਸ਼ੁਰੂ ਹੋ ਗਈ ਅਤੇ ਬੰਗਾਲੀ ਲੋਕਾਂ ਨੇ ਪਾਕਿਸਤਾਨ ਤੋਂ ਅੱਡ ਹੋਣ ਦੀਆਂ ਇੱਛਾਵਾਂ ਜਾਹਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਯਹੀਆ ਖਾਨ ਸਰਕਾਰ ਨੇ ਬੰਗਾਲੀਆਂ ਉੱਤੇ ਜ਼ੁਲਮ ਕਰਨੇ ਸ਼ੁਰੂ ਕੀਤੇ ਤਾਂ ਬੰਗਾਲੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ। 1971 ਵਿੱਚ ਹੀ ਭਾਰਤ ਸਰਕਾਰ ਨੇ ਪੂਰਬੀ ਪਾਕਿਸਤਾਨ ਵਿੱਚ ਚੱਲ ਰਹੇ ਅਜ਼ਾਦੀ ਸੰਘਰਸ਼ ਵਿੱਚ ਲੁਕਵੇਂ ਤੌਰ ਉੱਤੇ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਭਾਰਤੀ ਫੌਜ ਦੇ ਮੁਖੀ ਮਾਨਕ ਸ਼ਾਹ ਨੇ ਖਾਸ ਤੌਰ ਉੱਤੇ ਇਸ ਕੰਮ ਲਈ ਸ. ਸੁਬੇਗ ਸਿੰਘ ਨੂੰ ਚੁਣਿਆ। ਉਨ੍ਹਾਂ ਦੀ ਕਮਾਂਡ ਹੇਠ ਪਾਕਿਸਤਾਨ ਫੌਜ ਵਿੱਚੋਂ ਭੱਜੇ ਬੰਗਾਲੀ ਅਫਸਰਾਂ ਨੂੰ ਲਗਾਇਆ ਗਿਆ।

ਜਨਵਰੀ 1971 ਤੋਂ ਅਕਤੂਬਰ 1971 ਤੱਕ ਅਜ਼ਾਦੀ ਕਾਰਵਾਈਆਂ ਐਨਾ ਜ਼ੋਰ ਫੜ ਗਈਆਂ ਕਿ ਪੂਰਬੀ ਬੰਗਾਲ ਵਿੱਚ ਪਾਕਿਸਤਾਨੀ ਫੌਜਾਂ ਦੀ ਟਾਕਰਾ ਕਰਨ ਦੀ ਇੱਛਾ ਲਗਭਗ ਖਤਮ ਹੋ ਗਈ। ਭਾਰਤ ਸਰਕਾਰ ਦੁਨੀਆਂ ਵਿੱਚ ਜ਼ਾਹਰ ਨਹੀਂ ਹੋਣ ਦੇਣਾ ਚਾਹੁੰਦੀ ਸੀ ਕਿ ਭਾਰਤ ਬੰਗਾਲੀ ਅਜ਼ਾਦੀ ਪਸੰਦਾਂ ਦੀ ਅਗਵਾਈ ਅਤੇ ਟਰੇਨਿੰਗ ਦਾ ਪ੍ਰਬੰਧ ਕਰ ਰਹੀ ਹੈ। ਸ. ਸੁਬੇਗ ਸਿੰਘ ਇਨ੍ਹਾਂ ਲੁਕਵੀਆਂ ਕਾਰਵਾਈਆਂ ਵਿੱਚ ਇੰਨਾ ਜ਼ਿਆਦਾ ਲੁਪਤ ਸਨ ਕਿ ਪੰਜ ਮਹੀਨੇ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਸੀ ਮਿਲੀ।

ਨਵੰਬਰ 1971 ਵਿੱਚ ਮੁਕਤੀ ਬਹਿਨੀ ਨੇ ਜਦੋਂ ਢਾਕੇ ਵੱਲ ਮਾਰਚ ਕੀਤਾ ਤਾਂ ਇਹ ਬਿਨਾਂ ਕਿਸੇ ਵਿਰੋਧ ਤੋਂ ਰਾਜਧਾਨੀ ਉੱਤੇ ਕਾਬਜ ਹੋ ਗਈ। ਲਗਭਗ ਇੱਕ ਲੱਖ ਪਾਕਿਸਤਾਨੀ ਫੌਜਾਂ ਨੇ ਸਮੇਤ ਜਨਰਲ ਸਟਾਫ ਦੇ ਆਤਮ ਸਮਰਪਣ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿੱਚ ਆਇਆ। ਇਸ ਸਫਲਤਾ ਦਾ ਸਿਹਰਾ ਸ. ਸੁਬੇਗ ਸਿੰਘ ਜੀ ਦੇ ਸਿਰ ਸੀ ਕਿਉਂਕਿ ਉਨ੍ਹਾਂ ਬੰਗਾਲੀ ਨੌਜਵਾਨਾਂ ਨੂੰ ਮਾਤਭੂਮੀ ਲਈ ਲੜਨ ਲਈ ਸਿੱਖਿਅਤ ਕਰਨ ਵਿੱਚ ਦਿਨ-ਰਾਤ ਇੱਕ ਕੀਤਾ ਸੀ। 1973 ਵਿੱਚ ਜਦੋਂ ਉਹ ਮੱਧ ਪ੍ਰਦੇਸ਼, ਬਿਹਾਰ, ਉੜੀਸਾ ਦੇ ਜਨਰਲ ਕਮਾਂਡ ਅਫਸਰ ਦੇ ਅਹੁਦੇ ਉਪਰ ਤਾਇਨਾਤ ਸਨ ਤਾਂ ਸਰਕਾਰ ਵਲੋਂ ਉਨ੍ਹਾਂ ਨੂੰ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ।

ਕਾਂਗਰਸ ਸਰਕਾਰ ਵਲੋਂ ਇਸ ਕਾਰਨ ਉਨਾਂ ਖਿਲਾਫ ਸੀ.ਬੀ.ਆਈ. ਪੁੱਛ-ਪੜਤਾਲ ਸ਼ੁਰੂ ਕੀਤੀ ਗਈ। ਕੁਝ ਸੀਨੀਅਰ ਫੌਜੀ ਅਫਸਰਾਂ ਵਲੋਂ ਉਨ੍ਹਾਂ ਖਿਲਾਫ ਸਾੜੇ ਦੀ ਭਾਵਨਾ ਅਤੇ ਭਾਰਤੀ ਸਰਕਾਰ ਦੀ ਕਿਸੇ ਵੀ ਸਿੱਖ ਫੌਜੀ ਅਫਸਰ ਨੂੰ ਜਨਰਲ ਦੇ ਅਹੁਦੇ ਤਕ ਨਾ ਪਹੁੰਚਣ ਦੇਣ ਦੀ ਨੀਤੀ ਕਾਰਨ ਉਨਾਂ ਨੂੰ ਤਰੱਕੀ ਨਾ ਦਿੱਤੀ ਗਈ। ਜਦੋਂ ਉਨਾਂ ਨੂੰ ਕਮਾਉਂ ਰਜਮੈਂਟ ਵਿੱਚ ਭੇਜਿਆ ਗਿਆ ਤਾਂ ਉਨ੍ਹਾਂ ਦੀ ਨਜ਼ਰ ਵਿੱਚ ਆਇਆ ਕਿ ਕਮਾਉਂ ਮਿਲਟਰੀ ਫਾਰਮ ਦੇ ਕਮਾਂਡਰ ਵਲੋਂ ਫੌਜ ਮੁਖੀ ਜਨਰਲ ਰੈਨਾ ਦੀ ਬੇਟੀ ਦੇ ਵਿਆਹ ਦੌਰਾਨ ਇੱਕ ਵੱਡੀ ਰਾਸ਼ੀ ਦਿੱਤੀ ਗਈ ਸੀ। ਇਸ ਕਾਰਵਾਈ ਦੇ ਕਾਰਨ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਅਤੇ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੀ ਬਦਲੀ ਤੋਂ ਬਾਅਦ ਉਨ੍ਹਾਂ ਖਿਲਾਫ ਇੱਕ ਸਾਲ ਤੱਕ ਖੋਜ ਪੜਤਾਲ ਚਲਦੀ ਰਹੀ ਅਤੇ ਉਨ੍ਹਾਂ ਉੱਤੇ ਜੱਬਲਪੁਰ ਵਿੱਚ ਸੇਵਾ ਦੌਰਾਨ 2500 ਰੁਪਏ ਦੇ ਮੁੱਲ ਦੀ ਸ਼ੀਲਡ ਤੋਹਫੇ ਵਜੋਂ ਲੈਣ ਦਾ ਦੋਸ਼ ਲਗਾਇਆ ਗਿਆ ਜਦਕਿ ਫੌਜ ਵਿੱਚ ਅਜਿਹੇ ਤੋਹਫੇ ਦੇਣ ਦੀ ਪ੍ਰੰਪਰਾ ਮੌਜੂਦ ਸੀ।

ਸ. ਸੁਬੇਗ ਸਿੰਘ ਦੇ ਕੇਸ ਵਿੱਚ ਇਹ ਪ੍ਰੰਪਰਾ ਜੁਰਮ ਬਣ ਗਈ। ਕੁਝ ਹੋਰ ਨਿਗੁਣੇ ਜਿਹੇ ਦੋਸ਼ ਜਿਵੇਂ ਸਰਕਾਰੀ ਘਰੇਲੂ ਜ਼ਮੀਨ ਨੂੰ ਪੈਦਾਵਾਰੀ ਫਾਇਦੇ ਲਈ ਵਰਤਣ ਅਤੇ ਫੌਜੀ ਹੈਡ ਕੁਆਟਰ ਕੰਟੀਨ ਵਿੱਚੋਂ ਖਰੀਦੀਆਂ ਵਸਤਾਂ ਨੂੰ ਵੇਚਣ ਦੀ ਆਗਿਆ ਦੇਣ ਆਦਿ ਲਗਾਏ ਗਏ ਭਾਵੇਂ ਕਿ ਅਜਿਹੇ ਕੰਮ 1972 ਵਿੱਚ ਉਨ੍ਹਾਂ ਵਲੋਂ ਕਮਾਂਡ ਸਾਂਭਣ ਤੋਂ ਪਹਿਲਾਂ ਦੇ ਚੱਲ ਰਹੇ ਸਨ। ਭਾਰਤੀ ਸਰਕਾਰ ਅਤੇ ਫੌਜ ਮੁਖੀ ਦਾ ਖੋਰੀ ਪੁਣਾ ਉਦੋਂ ਹੋਰ ਸਪੱਸ਼ਟ ਤੌਰ 'ਤੇ ਸਾਹਮਣੇ ਆਇਆ ਜਦੋਂ ਮੁਕਤੀ ਵਾਹਿਨੀ ਦੇ ਹੀਰੋ, ਪਰਮ ਵਸ਼ਿਸ਼ਟ ਅਤੇ ਅਤੀ ਵਸ਼ਿਸ਼ਟ ਸੇਵਾ ਮੈਡਲਾਂ ਨਾਲ ਨਿਵਾਜੇ ਗਏ। ਭਾਰਤੀ ਫੌਜ ਵਲੋਂ ਹਰੇਕ ਫੌਜੀ ਕਾਰਵਾਈ ਵਿੱਚ ਮਹੱਤਵਪੂਰਨ ਰੋਲ ਨਿਭਾਉਣ ਵਾਲੇ ਅਫਸਰ ਨੂੰ ਅਪ੍ਰੈਲ 30, 1976 (ਸੇਵਾ ਮੁਕਤੀ ਤੋਂ ਇੱਕ ਦਿਨ ਪਹਿਲਾਂ) ਫੌਜ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ।

ਇਸ ਤਰ੍ਹਾਂ ਦਾ ਘਟੀਆ ਵਿਹਾਰ ਉਸ ਬਹਾਦਰ ਸਿਪਾਹੀ, ਸਿਰਮੌਰ ਜਰਨੈਲ, ਆਗੂ ਨਾਲ ਕੀਤਾ ਗਿਆ ਅਤੇ 1984 ਅਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਭਾਰਤੀ ਫੌਜ ਵਲੋਂ ਉਸ ਨੂੰ ਇਸ ਕਰਕੇ 'ਅਸੰਤੁਸ਼ਟ' ਅਤੇ 'ਰੁੱਸਿਆ ਹੋਇਆ' ਆਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਆਪਣੀ ਕੌਮ ਦਾ ਵਫਾਦਾਰ ਸੀ ਅਤੇ ਆਪਣੇ ਅਤੇ ਹਰਿਮੰਦਰ ਸਾਹਿਬ ਦੀ ਸ਼ਾਨ ਅਤੇ ਮਾਣ ਲਈ ਲੜਿਆ ਸੀ।

ਪੰਥ ਦਾ ਸਿਪਾਹੀ

ਜਨਰਲ ਸੁਬੇਗ ਸਿੰਘ ਨੂੰ ਫੌਜ ਵਿੱਚ ਹੁੰਦਿਆਂ ਹੀ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਭਾਰਤ ਦੀ ਹਿੰਦੂ ਸਰਕਾਰ ਪੰਜਾਬ ਵਿੱਚ ਸਿੱਖ ਅਜ਼ਾਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 1977 ਵਿੱਚ ਜਨਰਲ ਸੁਬੇਗ ਸਿੰਘ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਅਨੁਸਾਰ ਇਹੀ ਪਾਰਟੀ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੜਦੀ ਰਹੀ ਸੀ। ਉਹ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਿਲੇ ਅਤੇ ਪੰਥ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਸ਼ੁਰੂ ਵਿੱਚ ਜਥੇਦਾਰ ਟੌਹੜਾ ਨੇ ਉਨ੍ਹਾਂ ਪ੍ਰਤੀ ਹਿਚਕਿਚਾਹਟ ਵਿਖਾਈ ਪਰ ਬਾਅਦ ਵਿੱਚ ਉਨਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਾਬਕਾ ਫੌਜੀਆਂ ਅਤੇ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈਣ ਲਈ ਉਨਾਂ ਤੋਂ ਸਲਾਹ ਲੈਣੀ ਸ਼ੁਰੂ ਕਰ ਦਿੱਤੀ।

ਭਾਰਤ ਸਰਕਾਰ ਨੇ ਜਨਰਲ ਸੁਬੇਗ ਸਿੰਘ ਵਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਫੈਸਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਉਨ੍ਹਾਂ ਨੂੰ ਅਕਾਲੀ ਦਲ ਤੋਂ ਵੱਖ ਹੋਣ ਅਤੇ ਇਸ ਤਰ੍ਹਾਂ ਨਾ ਕਰਨ ਉੱਤੇ ਖਤਰਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੇ ਸੁਨੇਹੇ ਦਿੱਤੇ ਗਏ। ਪਰ ਜਨਰਲ ਸੁਬੇਗ ਸਿੰਘ ਵਲੋਂ ਕੀਤੇ ਫੈਸਲੇ ਅਟੱਲ ਸਨ ਅਤੇ ਉਹ ਆਪਣੇ ਫੈਸਲੇ ਉਤੇ ਕਾਇਮ ਰਹੇ। ਉਨ੍ਹਾਂ ਦੇ ਭਰਾ ਜੋ ਕਿ ਬਾਜਪੁਰ (ਉੱਤਰ ਪ੍ਰਦੇਸ਼) ਵਿੱਚ ਇੱਕ ਉੱਘੇ ਕਿਸਾਨ ਅਤੇ ਰਾਜਨੀਤੀਵਾਨ ਸਨ, ਸਰਕਾਰ ਵਲੋਂ ਜਨਰਲ ਸੁਬੇਗ ਸਿੰਘ ਦੇ ਪਰਿਵਾਰ ਉੱਤੇ ਸ਼ੁਰੂ ਕੀਤੇ ਗਏ ਜ਼ੁਲਮ ਦੇ ਪਹਿਲੇ ਸ਼ਿਕਾਰ ਬਣੇ।

ਪੁਲਿਸ ਅਤੇ ਇੱਕ ਸਥਾਨਕ ਕਾਂਗਰਸੀ ਆਗੂ ਵਲੋਂ ਤਿਆਰ ਕੀਤੀ ਸਾਜਿਸ਼ ਦੇ ਸਿੱਟੇ ਵਜੋਂ ਇੱਕ ਬ੍ਰਾਹਮਣ ਆਗੂ ਵਲੋਂ ਜਨਰਲ ਸੁਬੇਗ ਸਿੰਘ ਦੇ ਭਰਾ ਦਾ ਕਤਲ ਕਰ ਦਿੱਤਾ। ਇਸੇ ਆਗੂ ਵਲੋਂ ਤਰਾਈ ਖੇਤਰ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਧਮਕਾਇਆ ਜਾਂਦਾ ਰਿਹਾ। ਛੋਟੇ ਭਰਾ ਦਾ ਕਤਲ ਜਨਰਲ ਸੁਬੇਗ ਸਿੰਘ ਲਈ ਡੂੰਘਾ ਸਦਮਾ ਸੀ ਪਰ ਇਹ ਵੀ ਉਨ੍ਹਾਂ ਦੇ ਫੈਸਲੇ ਨੂੰ ਕਮਜ਼ੋਰ ਨਾ ਕਰ ਸਕਿਆ। ਜਨਰਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੀ.ਬੀ.ਆਈ. ਖੋਜ-ਪੜਤਾਲ ਵਿੱਚ ਫਸਾ ਕੇ 1983 ਤੱਕ ਲਗਾਤਾਰ ਖੱਜਲ ਖੁਆਰ ਕੀਤਾ ਜਾਂਦਾ ਰਿਹਾ। ਅੰਤ ਵਿੱਚ ਇਹ ਕੇਸ ਜਨਰਲ ਦੇ ਹੱਕ ਵਿੱਚ ਗਿਆ ਅਤੇ ਉਹ ਬਾਇੱਜ਼ਤ ਬਰੀ ਹੋਏ। ਇਸ ਸਬੰਧੀ ਉਨ੍ਹਾਂ ਆਪਣੇ ਪੁੱਤਰ ਨੂੰ ਕਿਹਾ ''ਸੀ.ਬੀ.ਆਈ. ਦੇ ਅਧਿਕਾਰੀ ਆਪਣੀ ਕਮਜ਼ੋਰੀ ਬਾਰੇ ਪੂਰੀ ਤਰ੍ਹਾਂ ਜਾਣੂ ਸਨ ਅਤੇ ਮੇਰੀ ਦਿੱਖ ਖਰਾਬ ਕਰਨ ਦੀਆਂ ਅਸਫਲ ਕਾਰਵਾਈਆਂ ਕਾਰਨ ਉਹ ਸ਼ਰਮਸਾਰ ਹਨ।'' ਪੰਜ ਸਾਲ ਤੱਕ ਸਰਕਾਰ ਵਲੋਂ ਉਨ੍ਹਾਂ ਨੂੰ ਖੱਜਲ ਕਰਨ ਦੀਆਂ ਕਾਰਵਾਈਆਂ ਨੂੰ ਇਸ ਕਰ ਕੇ ਸਹਿਣਾ ਪਿਆ ਕਿਉਂਕਿ ਉਨ੍ਹਾਂ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਅਤੇ ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਨੂੰ ਕੁਝ ਸਾਲ ਪਹਿਲਾਂ ਜ਼ਾਲਮ ਤਰੀਕੇ ਨਾਲ ਦਬਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਅਕਾਲੀ ਮੋਰਚਾ

ਜਨਰਲ ਸੁਬੇਗ ਸਿੰਘ 1980 ਤੋਂ 1984 ਤੱਕ ਅਕਾਲੀ ਰਾਜਨੀਤੀ ਵਿੱਚ ਪੂਰੀ ਤਰਾਂ ਸਰਗਰਮ ਰਹੇ। ਉਨ੍ਹਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਖਾਸ ਸਹੂਲਤ ਲੈਣ ਤੋਂ ਇਨਕਾਰ ਕਰਕੇ ਲਹਿਰ ਵਿਚਲੇ ਦੂਜੇ ਸਿੱਖਾਂ ਦਾ ਆਗੂ ਵਜੋਂ ਮਨ ਜਿੱਤਿਆ। ਉਹ ਜ਼ਮੀਨ ਉੱਤੇ ਸੌਂਦੇ ਅਤੇ ਆਪਣਾ ਕੋਟ ਬਜ਼ੁਰਗ ਅਤੇ ਬਿਮਾਰ ਸਿੱਖਾਂ ਨੂੰ ਦੇ ਦਿੰਦੇ। ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਅਤੇ ਜੇਲ੍ਹ ਅਧਿਕਾਰੀਆਂ ਕੋਲ ਇਨ੍ਹਾਂ ਬਜ਼ੁਰਗ ਅਤੇ ਕਮਜ਼ੋਰ ਸਿੱਖਾਂ ਦਾ ਧਿਆਨ ਨਾ ਰੱਖਣ ਕਰਕੇ ਅਕਸਰ ਰੋਸ ਜ਼ਾਹਰ ਕਰਦੇ। ਉਨ੍ਹਾਂ ਆਪਣੇ ਸਾਥੀਆਂ ਅਤੇ ਦੂਜੇ ਆਗੂਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ, ਬਲਵੰਤ ਸਿੰਘ, ਐਸ.ਐਸ. ਢੀਂਡਸਾ, ਵਾਈਸ ਚਾਂਸਲਰ ਬ. ਸ. ਸਮੁੰਦਰੀ ਆਦਿ ਦਾ ਮਨ ਜਿੱਤ ਲਿਆ। ਸਾਰੇ ਅਕਾਲੀ ਆਗੂ ਉਨ੍ਹਾਂ ਦੇ ਕੰਮ ਅਤੇ ਸਮਰਪਣ ਭਾਵਨਾ ਦੇ ਕਾਇਲ ਸਨ।

ਉਹ ਪੰਜਾਬ ਦੇ ਲੋਕਾਂ ਵਿੱਚ ਜਲਦੀ ਹੀ ਹਰਮਨ ਪਿਆਰੇ ਹੋ ਗਏ ਅਤੇ ਪੰਥ ਦੀ ਸੇਵਾ ਵਿੱਚ ਪੂਰੀ ਤਰਾਂ ਸਮਰਪਿਤ ਹੋ ਗਏ। ਜੇਲ੍ਹ ਤੋਂ ਬਾਹਰ ਉਨ੍ਹਾਂ ਜ਼ਿਆਦਾਤਰ ਸਮਾਂ ਆਪਣੇ ਪਿੰਡ ਖਿਆਲਾ ਵਿੱਚ ਆਪਣੀ ਮਾਤਾ ਨਾਲ ਬਿਤਾਇਆ। ਉਨ੍ਹਾਂ ਆਪਣੇ ਬੁਢਾਪੇ ਦੌਰਾਨ ਦੇਹਰਾਦੂਨ ਵਿਖੇ ਘਰ ਬਣਾ ਕੇ ਸੁਖੀ ਜੀਵਨ ਜੀਊਣ ਦੀ ਯੋਜਨਾ ਦਾ ਤਿਆਗ ਕਰ ਦਿੱਤਾ। ਉਨ੍ਹਾਂ ਦੀ ਪਤਨੀ ਵੀ ਪਿੰਡ ਆ ਗਈ, ਜਿੱਥੇ ਉਨ੍ਹਾਂ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। ਉਨ੍ਹਾਂ ਦੀ ਪਤਨੀ ਨੇ ਵੀ ਆਪਣੇ ਗੁਰਦੇ ਦੀ ਬਿਮਾਰੀ ਅਤੇ ਦੇਹਰਾਦੂਨ ਵਿਚਲੇ ਘਰ ਵੱਲ ਬੇਧਿਆਨੀ ਅਤੇ ਦਿਲ ਦੀ ਬਿਮਾਰੀ ਦੇ ਬਾਵਜੂਦ ਪਿੰਡ ਰਹਿਣ ਨੂੰ ਤਰਜੀਹ ਦਿੱਤੀ।

**ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਨੇੜਤਾ **

ਕਈ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ 1982 ਵਿੱਚ ਪੰਜਾਬ ਆਗੂ ਰਹਿਤ ਹੋ ਚੁੱਕਾ ਸੀ। ਪੰਜਾਬ ਦੇ ਲੋਕ ਉਲਝੇ ਹੋਏ ਸਨ। ਇਸ ਤਰ੍ਹਾਂ ਦੇ ਹਾਲਾਤ ਵਿੱਚ ਇੱਕ ਹੋਰ ਕ੍ਰਿਸ਼ਮਈ ਆਗੂ ਉਭਰਿਆ। ਇਹ ਦਮਦਮੀ ਟਕਸਾਲ ਦੇ ਸੰਤ ਅਤੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਉਹ ਨਿਰਛੱਲ, ਸਮਰਪਤ, ਬੇਗਰਜ, ਸੁਆਰਥਹੀਣ, ਅਡੋਲ, ਅਟਲ, ਖਰਾ, ਬੇਬਾਕ ਅਤੇ ਬੇਝਿਜਕ ਆਗੂ ਸੀ। ਉਸਦਾ ਇਕੋ ਹੀ ਹਿੱਤ ਸੀ, ਸਿੱਖ ਕੌਮ (ਖਾਲਸੇ) ਦਾ ਹਿੱਤ। ਜਦੋਂ ਉਹ ਧੋਖਾਦੇਹੀ ਵਾਲੀ ਕਾਂਗਰਸੀ ਰਾਜਨੀਤੀ ਉਤੇ ਹਮਲਾ ਕਰਦੇ ਤਾਂ ਅਕਸਰ ਸ਼ਬਦਾਂ ਦੀ ਚੋਣ ਵਿੱਚ ਬੇਤਰਸ ਹੋ ਜਾਂਦੇ। ਉਹ ਬੇਬਾਕੀ ਨਾਲ ਦੱਸਦੇ ਕਿ ਕਿਵੇਂ ਸਿੱਖਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਕਿਵੇਂ ਅਕਾਲੀ ਆਪਣੇ ਦਾਅਵਿਆਂ ਦੇ ਬਾਵਜੂਦ ਧੋਖੇ ਅਤੇ ਤੋੜ-ਭੰਨ ਦੀ ਰਾਜਨੀਤੀ ਦੇ ਸ਼ਿਕਾਰ ਬਣ ਜਾਂਦੇ ਰਹੇ ਹਨ। ਜਦੋਂ ਉਹ ਤਾਕਤ ਵਿੱਚ ਆਉਂਦੇ ਸਨ ਤਾਂ ਕੇਂਦਰੀ ਸਰਕਾਰ ਨੂੰ ਖੁਸ਼ ਕਰਨ ਲਈ ਸਿੱਖ ਹਿੱਤਾਂ ਨੂੰ ਵਿਸਾਰ ਦਿੰਦੇ ਸਨ। ਲੋਕ ਉਨ੍ਹਾਂ ਦੇ ਵੱਡੀ ਪੱਧਰ ਉਤੇ ਪਿੱਛੇ ਲੱਗ ਤੁਰੇ।

ਜਲਦੀ ਹੀ ਉਹ ਸਿੱਖਾਂ ਦੇ ਸਿਰਮੌਰ ਆਗੂ ਵਜੋਂ ਉੱਭਰ ਗਏ। ਉਨ੍ਹਾਂ ਦੀ ਵਧਦੀ ਹਰਮਨ-ਪਿਆਰਤਾ ਇੰਦਰਾ ਸਰਕਾਰ ਲਈ ਖਤਰੇ ਦੀ ਘੰਟੀ ਸੀ। ਜਦੋਂ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲੇ ਤਾਂ ਕੁਦਰਤੀ ਉਹ ਇਸ ਬੇਬਾਕ, ਸਾਫ ਅਤੇ ਬਹਾਦਰ ਇਨਸਾਨ ਜੋ ਕਿ ਕਥਨੀ-ਕਰਨੀ ਦਾ ਸੂਰਾ ਅਤੇ ਕੁਦਰਤੀ ਆਗੂ ਸੀ ਵੱਲ ਖਿੱਚੇ ਗਏ। ਜਿਉਂ-ਜਿਉਂ ਸਮਾਂ ਬੀਤਿਆ ਦੋਵੇਂ ਹੋਰ ਨੇੜੇ ਹੁੰਦੇ ਗਏ।

ਸਿੱਖ ਬੁੱਧੀਜੀਵੀਆਂ ਦੀ ਸਭਾ

1983 ਵਿੱਚ ਜਨਰਲ ਸੁਬੇਗ ਸਿੰਘ ਅਤੇ ਹੋਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਲਾਹ ਦਿੱਤੀ ਕਿ ਸਿੱਖ ਬੁੱਧੀਜੀਵੀਆਂ ਦੀ ਸਭਾ ਬੁਲਾਈ ਜਾਵੇ ਅਤੇ ਸਰਕਾਰ ਵਲੋਂ ਹਿੰਦੂ ਮਨ ਜਿੱਤਣ ਲਈ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਏ ਜਾਣ ਲਈ ਖਤਰਨਾਕ ਹਾਲਤ ਪੈਦਾ ਕਰਨ ਦੀ ਸਰਕਾਰੀ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਤਾਂ ਕਿ ਇਸ ਹਾਲਾਤ ਦਾ ਮੁਕਾਬਲਾ ਕੀਤਾ ਜਾ ਸਕੇ। ਜਨਰਲ ਸੁਬੇਗ ਸਿੰਘ ਨੇ ਪ੍ਰਸਿੱਧ ਸਿੱਖਾਂ ਅਤੇ ਸੇਵਾ-ਮੁਕਤ ਫੌਜੀ ਸਿੱਖ ਅਫਸਰਾਂ ਨੂੰ ਸੱਦਾ ਪੱਤਰ ਤਿਆਰ ਕਰਕੇ ਭੇਜਣ ਲਈ ਦਿਨ ਰਾਤ ਇੱਕ ਕਰ ਦਿੱਤਾ ਅਤੇ ਅੰਤ ਉਤੇ ਇਹ ਮੀਟਿੰਗ ਨੇਪਰੇ ਚੜ੍ਹੀ ਅਤੇ ਸਾਰਿਆਂ ਨੇ ਇਸ ਮੌਕੇ ਉੱਤੇ ਪੰਥਕ ਏਕਤਾ ਬਣਾਈ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ।

ਵੱਡੀ ਪੱਧਰ ਉੱਤੇ ਸੇਵਾ-ਮੁਕਤ ਸਿੱਖਾਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ, ਜਿਸ ਨੇ ਸਰਕਾਰ ਨੂੰ ਹਿਲਾ ਦਿੱਤਾ। ਇਹ ਅਹਿਦ ਵੀ ਲਿਆ ਗਿਆ ਕਿ ਲੋੜ ਪੈਣ ਉਤੇ ਸਿੱਖ ਕਾਜ ਲਈ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਜਾਣਗੀਆਂ। ਇੱਕ ਲੀਕ ਵਾਹ ਦਿੱਤੀ ਗਈ ਅਤੇ ਜੋ ਇਸ ਨਾਲ ਸਹਿਮਤ ਸਨ, ਉਨਾਂ ਨੂੰ ਇਸ ਲੀਕ ਨੂੰ ਟੱਪਣ ਲਈ ਕਿਹਾ ਗਿਆ। ਜਨਰਲ ਸੁਬੇਗ ਸਿੰਘ ਨੇ ਰਸਤਾ ਵਿਖਾਉਣ ਵਿੱਚ ਅਗਵਾਈ ਦਿੱਤੀ। ਸਮਾਂ ਬੀਤਣ ਉੱਤੇ ਅਤੇ ਸਿੱਖਾਂ ਲਈ ਇਸ ਤਰ੍ਹਾਂ ਦੇ ਸੜਦੇ ਹਾਲਤਾਂ ਤੋਂ ਬਚਣ ਲਈ ਇੱਕੋ ਰਾਹ 'ਏਕਤਾ' ਦਾ ਬਚਿਆ ਸੀ ਪ੍ਰੰਤੂ ਸਰਕਾਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਖਤਮ ਕਰਨ ਦੀ ਨੀਤੀ ਉੱਤੇ ਚੱਲ ਰਹੀ ਸੀ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸਿੱਖਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੋਇਆ ਸੀ।

ਇੰਦਰਾਂ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉਭਾਰ ਨਾਲ ਨਜਿੱਠਣ ਲਈ ਨਵੀਂ ਪੈਂਤੜੇਬਾਜੀ ਘੜ ਲਈ ਸੀ। ਉਸਨੇ ਸੰਤ ਜਰਨੈਲ ਸਿੰਘ ਨੂੰ ਖਤਮ ਕਰਨ ਦੀ ਚਲਾਕ ਯੋਜਨਾ ਦੇ ਵਰਤਾਰੇ ਨਾਲ ਹਿੰਦੂ ਬਹੁਗਿਣਤੀ ਦਾ ਮਨ ਸਿੱਖਾਂ ਦੀ ਬਲੀ ਦੇ ਕੇ ਜਿੱਤਣ ਦਾ ਮਨ ਬਣਾ ਲਿਆ ਸੀ। ਉਸਨੇ ਨਵੇਂ ਉੱਭਰੇ ਆਗੂ ਨੂੰ ਬਦਨਾਮ ਕਰਨ ਲਈ ਅਸ਼ਲੀਲ ਪ੍ਰਚਾਰ ਦੀ ਇੱਕ ਲਹਿਰ ਚਲਾਈ ਗਈ, ਜਿਸ ਬਾਰੇ ਉਸ ਨੂੰ ਵਿਸ਼ਵਾਸ਼ ਸੀ ਕਿ ਉਹ ਕਦੇ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗਾ।

ਅਗਲੀ ਕਹਾਣੀ ਬਾਰੇ ਹਰ ਕੋਈ ਜਾਣਦਾ ਹੈ। ਸਿੱਖਾਂ ਅੱਗੇ ਇਸ ਦਾ ਜਵਾਬ ਦੇਣ ਦਾ ਇੱਕੋ ਇੱਕ ਰਸਤਾ ਮੁਕਾਬਲਾ ਕਰਨ ਦਾ ਹੀ ਬਚਿਆ ਸੀ। ਸਿੱਖਾਂ ਦੀ ਇੱਕੋ ਆਸ ਆਗੂਆਂ ਦੀ ਏਕਤਾ ਸੀ ਜੋ ਕਦੇ ਵੀ ਨਾ ਹੋ ਸਕੀ ਸੀ। ਉਹ ਸਰਕਾਰ ਦੇ ਹਰੇਕ ਹਮਲੇ ਦਾ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਸਨ ਭਾਵੇਂ ਕਿ ਉਹ ਭਾਰਤੀ ਫੌਜਾਂ ਅਤੇ ਪੁਲਿਸ ਨੂੰ ਕਈ ਮਹੀਨਿਆਂ ਤੱਕ ਮੁਕਾਬਲਾ ਦੇਣ ਦੇ ਯੋਗ ਸਨ।

ਹੁਣ ਸੰਤ ਜਰਨੈਲ ਸਿੰਘ ਨੂੰ ਜਨਰਲ ਸੁਬੇਗ ਦੀ ਲੋੜ ਸੀ। ਜਨਰਲ ਸਾਹਿਬ ਕੁਝ ਮਹੀਨੇ ਪਹਿਲਾਂ ਦਿਲ ਦੇ ਦੌਰੇ ਕਾਰਨ ਖਰਾਬ ਹੋਈ ਸਿਹਤ ਸੁਧਾਰਨ ਲਈ ਦੇਹਰਾਦੂਨ ਵਾਲੇ ਆਪਣੇ ਘਰ ਵਿੱਚ ਰਹਿ ਰਹੇ ਸਨ ਪਰ ਸਿੱਖ ਪ੍ਰਚਾਰ ਲਈ ਉੱਥੇ ਵੀ ਲਗਾਤਾਰ ਮੀਟਿੰਗਾਂ ਕਰਦੇ ਰਹਿੰਦੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋ ਭੇਜਿਆ ਗਿਆ ਇੱਕ ਖਾਸ ਹਰਕਾਰਾ ਮਾਰਚ 1984 ਦੇ ਅੱਧ ਵਿੱਚ ਉਨਾਂ ਕੋਲ ਦੇਹਰਾਦੂਨ ਪਹੁੰਚਿਆਂ ਅਤੇ ਸੰਤਾਂ ਵਲੋਂ ਜਨਰਲ ਸਾਹਿਬ ਨੂੰ ਅੰਮ੍ਰਿਤਸਰ ਵਿਖੇ ਉਨ੍ਹਾਂ ਦੀ ਲੋੜ ਪੈਣ ਦਾ ਸੁਨੇਹਾ ਦਿੱਤਾ।

ਦੇਹਰਾਦੂਨ ਵਿੱਚ ਸਿਹਤਯਾਬੀ ਤੋਂ ਬਾਅਦ ਜਨਰਲ ਸਾਹਿਬ ਅਤੇ ਉਨਾਂ ਦੀ ਪਤਨੀ ਵਲੋਂ ਹਜੂਰ ਸਾਹਿਬ ਜਾਣ ਦੀ ਯੋਜਨਾ ਬਣਾਈ ਸੀ ਕਿਉਂਕਿ ਸੀ.ਬੀ.ਆਈ. ਦੇ ਕੇਸ ਵਿੱਚੋਂ ਬਰੀ ਹੋਣ ਲਈ ਉਨ੍ਹਾਂ ਦੀ ਪਤਨੀ ਨੇ ਹਜ਼ੂਰ ਸਾਹਿਬ ਵਿਖੇ ਅਰਦਾਸ ਕਰਵਾਉਣ ਦੀ ਸੁੱਖ ਸੁੱਖੀ ਸੀ। ਪਰ ਜਨਰਲ ਸਾਹਿਬ ਨੇ ਇਸ ਪ੍ਰੋਗਰਾਮ ਨੂੰ ਇੱਕਦਮ ਮਨਸੂਖ ਕਰ ਦਿੱਤਾ। ਉਨ੍ਹਾਂ ਬਿਨਾਂ ਕਿਸੇ ਦੂਜੀ ਸੋਚ ਦੇ (ਅਤੇ ਭਾਵੇਂ ਉਹ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋਏ ਸਨ) ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ। ਇਹ ਉਨ੍ਹਾਂ ਵਲੋਂ ਦੇਹਰਾਦੂਨ ਵਿੱਚ ਬਣਾਏ ਉਸ ਘਰ ਵਿੱਚ ਬਿਤਾਏ ਆਖਰੀ ਦਿਨ ਜੋ ਉਨ੍ਹਾਂ ਸੇਵਾ-ਮੁਕਤੀ ਪਿੱਛੋਂ ਪੂਜਾ-ਪਾਠ ਕਰਦਿਆਂ ਹੋਇਆ ਸ਼ਾਂਤ ਜ਼ਿੰਦਗੀ ਬਿਤਾਉਣ ਦੀ ਇੱਛਾ ਨਾਲ ਬਣਵਾਇਆ ਸੀ।

ਅੰਮ੍ਰਿਤਸਰ ਵਿਖੇ ਪਹੁੰਚ ਕੇ ਉਹ ਸਰਕਾਰ ਵਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੁੱਧ ਰਾਖੀ ਲਈ ਪੈਂਤੜੇ ਬਣਾਉਣ ਵਿੱਚ ਰੁੱਝ ਗਏ। ਉਨਾਂ ਨੇ ਰਾਖੀ ਦੀਆਂ ਪੈਂਤੜੇਬਾਜੀਆਂ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਕਿ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੋਂ ਲੁਕੀਆਂ ਰਹਿਣ ਅਤੇ ਨਾਲ ਹੀ ਇਹ ਰਾਖੀ ਦੀ ਯੋਜਨਾਬੰਦੀ ਪ੍ਰਭਾਵਸ਼ਾਲੀ ਵੀ ਹੋਵੇ। ਇਸ ਸਮੇਂ ਉਹ ਆਪਣੇ ਪੂਰੇ ਰੰਗ ਵਿੱਚ ਸਨ। ਉਨ੍ਹਾਂ ਅੰਦਰ ਹਮੇਸ਼ਾਂ ਜੰਗ ਨੂੰ ਪਿਆਰ ਕਰਨ ਦਾ ਇਰਾਦਾ ਸੀ ਅਤੇ ਜੰਗ ਦੇ ਮੈਦਾਨ ਵਿੱਚ ਜਾਨ ਦੇਣ ਦੀ ਉਨ੍ਹਾਂ ਅੰਤਰੀਵ ਇੱਛਾ ਸੀ। ਗੁਰੂਆਂ ਦੀ ਪਵਿੱਤਰ ਹਾਜਰੀ ਵਿੱਚ ਜਾਨ ਵਾਰਨ ਦੀ ਉਨ੍ਹਾਂ ਦੀ ਦਿੱਲੀ ਤਮੰਨਾ ਸੀ। ਕੌਮ ਦੀ ਸੇਵਾ ਕਰਦਿਆਂ ਜਾਨ ਵਾਰਨ ਦੀ ਡੂੰਘੀ ਇੱਛਾ ਦੀ ਪੂਰਤੀ ਲਈ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਵਧ ਕੇ ਹੋਰ ਕਿਹੜੀ ਥਾਂ ਹੋ ਸਕਦੀ ਹੈ। ਉਹ ਆਪਣੇ ਹੋਠਾਂ ਉੱਤੇ ਗੁਰੂ ਗੋਬਿੰਦ ਸਿੰਘ ਅੱਗੇ 'ਦੇਹ ਸਿਵਾ ਵਰ ਮੋਹਿ' ਦੀ ਅਰਦਾਸ ਕਰਦਿਆਂ ਸਮੇਂ ਦੇ ਵਿਰੁੱਧ ਬਿਨਾਂ ਥੱਕਿਆਂ ਆਪਣੇ ਕਾਰਜ ਵਿੱਚ ਲੀਨ ਰਹੇ।

ਪਹਿਲਾਂ ਵੀ, ਹਰੇਕ ਜੰਗ ਲੜਨ ਸਮੇਂ ਉਨ੍ਹਾਂ ਹਮੇਸ਼ਾ ਇਹ ਅਰਦਾਸ ਕੀਤੀ ਸੀ। ਫੌਜ ਵਿੱਚ ਜਰਨੈਲ ਹੁੰਦਿਆ ਉਹ ਆਪਣੇ ਵਿਰੋਧ ਬਾਰੇ ਹਮੇਸ਼ਾਂ ਚੇਤੰਨ ਰਹੇ ਸਨ। ਹੁਣ ਉਨ੍ਹਾਂ ਦੀ ਮਦਦ ਵਾਸਤੇ 150 ਤੋਂ ਵੀ ਘੱਟ ਖਾਲਸੇ ਸਨ ਪਰ ਇਹ ਆਮ ਨੌਜਵਾਨ ਨਹੀਂ ਸਨ। ਇਹ ਆਪਣੇ ਕਾਜ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਸਨ ਅਤੇ ਸਮਾਂ ਆਉਣ 'ਤੇ ਆਪਣੇ ਆਖਰੀ ਸਾਹ ਤੱਕ ਲੜਨ ਦਾ ਮਾਦਾ ਰੱਖਦੇ ਸਨ। ਸਮਾਂ ਆਉਣ ਉੱਤੇ ਸੰਤ (ਜਰਨੈਲ ਸਿੰਘ ਜੀ) ਬਾਬਾ ਦੀਪ ਸਿੰਘ ਜੀ ਦੇ ਪਦ-ਚਿੰਨਾਂ ਉਤੇ ਚੱਲਦਿਆਂ ਹੋਇਆ ਸ਼ਹੀਦੀ ਦੇਣ ਦੀ ਚੋਣ ਕਰ ਚੁੱਕੇ ਸਨ।

ਇਥੇ ਦੋ ਪ੍ਰੰਪਰਾਵਾਂ ਦਾ ਸੁਮੇਲ ਹੋਣਾ ਸੀ। ਇਕ ਪਾਸੇ ਮਹਾਨ ਦਮਦਮੀ ਟਕਸਾਲ ਦੇ ਮੁਖੀ ਸਨ ਅਤੇ ਦੂਜੇ ਪਾਸੇ 250 ਸਾਲ ਪਹਿਲਾਂ ਮੱਸੇ ਰੰਘੜ ਦਾ ਸਿਰ ਵੱਢ ਕੇ ਆਪਣੇ ਨੇਜੇ ਉਤੇ ਟੰਗ ਕੇ ਲੈ ਜਾਣ ਵਾਲੇ ਭਾਈ ਮਹਿਤਾਬ ਸਿੰਘ ਦਾ ਵਾਰਸ ਸੀ। ਇਸ ਸਮੇਂ ਦੌਰਾਨ ਇੰਦਰਾ ਗਾਂਧੀ ਆਪਣੀ ਖੇਡ ਉਸ ਵਲੋਂ ਬਣਾਏ ਨਿਯਮਾਂ ਅਨੁਸਾਰ ਖੇਡ ਰਹੀ ਸੀ। ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਅਤੇ ਖਾਸ ਕਰਕੇ ਹਰਿਮੰਦਰ ਸਾਹਿਬ ਉਤੇ ਹਮਲੇ ਦੀ ਸੂਰਤ ਵਿੱਚ ਭੜਕਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਸੀ। ਚਕਰਾਤਾ ਵਿਖੇ ਕਮਾਂਡੋ ਹਮਲੇ ਦੀ ਰਿਹਰਸਲ ਕਰ ਰਹੇ ਸਨ। ਸਿੱਖ ਮਾਣ ਉਤੇ ਕਰੜੀ ਸੱਟ ਮਾਰਨ ਲਈ ਜੂਨ 1984 ਵਿੱਚ ਫੌਜ ਬੁਲਾ ਲਈ ਗਈ ਸੀ।

ਫੌਜ ਦੇ ਆਗੂਆਂ ਨੂੰ ਧਿਆਨ ਨਾਲ ਚੁਣਿਆ ਗਿਆ। ਜਨਰਲ ਸੁੰਦਰਜੀ ਭਾਵੇਂ ਫੌਜ ਦੇ ਮੁਖੀ ਸਨ ਪਰ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਕਾਰਵਾਈ ਦੇ ਕਮਾਂਡਰ ਵਜੋਂ ਭਾਰਤ ਸਰਕਾਰ ਨੇ ਵੱਡੇ ਪੱਧਰ ਉੱਤੇ ਮਸ਼ਹੂਰੀ ਦਿੱਤੀ। ਭਾਰਤੀ ਮੀਡੀਏ ਨੇ ਵੱਡੀ ਪੱਧਰ ਉਤੇ ਪ੍ਰਚਾਰ ਕੀਤਾ ਕਿ ਫੌਜੀ ਸਿੱਖ ਅਫਸਰਾਂ ਵਲੋਂ ਦਰਬਾਰ ਸਾਹਿਬ ਉਤੇ ਕਾਰਵਾਈ ਦੀ ਹਿਮਾਇਤ ਕੀਤੀ ਹੈ। ਮੇਜਰ ਕੁਲਦੀਪ ਸਿੰਘ ਬਰਾੜ ਜੋ ਕਿ ਸਿਰਫ ਨਾਂ ਦਾ ਸਿੱਖ ਸੀ, ਸ਼ਰਾਬ ਅਤੇ ਸਿਗਰਟਨੋਸ਼ੀ ਦਾ ਸ਼ੌਕੀਨ ਸੀ, ਗੈਰ-ਸਿੱਖ ਔਰਤ ਨਾਲ ਵਿਆਹਿਆ ਹੋਇਆ ਸੀ, ਨੂੰ ਦਿਆਲ ਸਮੇਤ ਹਮਲੇ ਦੀ ਕਾਰਵਾਈ ਦੇ ਕਮਾਂਡਰਾਂ ਵਜੋਂ ਨਿਵਾਜਿਆ ਗਿਆ। ਗਿਆਨੀ ਜ਼ੈਲ ਸਿੰਘ ਜਿਸਨੇ ਫੌਜੀ ਕਾਰਵਾਈ ਸਬੰਧੀ ਕਾਗਜੀ ਕਾਰਵਾਈ ਉਤੇ ਦਸਤਖਤ ਕੀਤੇ, ਭਾਰਤ ਦਾ ਰਾਸ਼ਟਰਪਤੀ ਸੀ।

ਇੰਦਰਾ ਕਿੰਨੀ ਚਲਾਕ ਸੀ। ਉਸ ਨੇ ਹਰੇਕ ਚੀਜ਼ ਨੂੰ ਪਹਿਲਾਂ ਹੀ ਨੀਯਤ ਕੀਤਾ ਹੋਇਆ ਸੀ। ਇੱਕ ਅਤੇ ਦੋ ਜੂਨ ਨੂੰ ਬਰਾੜ ਨੇ ਖੁਦ ਸ਼ਰਧਾਲੂ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਸਿੱਖਾਂ ਵਲੋਂ ਕੀਤੇ ਗਏ ਰਾਖੀ-ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਆਪਣੇ ਉੱਚ ਅਫਸਰਾਂ ਨੂੰ ਦੱਸਿਆ ਕਿ ਕਾਰਵਾਈ ਪੂਰੀ ਕਰਨ ਲਈ ਸਿਰਫ ਛੇ ਕੁ ਘੰਟਿਆਂ ਦਾ ਸਮਾਂ ਲੱਗੇਗਾ। ਤਿੰਨ ਜੂਨ ਨੂੰ ਸਾਢੇ ਨੌਂ ਵਜੇ ਅੰਮ੍ਰਿਤਸਰ ਅਤੇ ਸਾਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਅਤੇ ਬਾਹਰ ਜਾਣ ਉਤੇ ਪਾਬੰਦੀ ਲਗਾ ਦਿੱਤੀ ਗਈ।

ਸਾਢੇ ਅੱਠ ਵਜੇ ਜਨਰਲ ਸੁਬੇਗ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਮਾਤਾ ਜੀ, ਪਤਨੀ ਅਤੇ ਦੂਜੇ ਸਾਕ-ਸਬੰਧੀਆਂ ਨੂੰ ਹਰਿਮੰਦਰ ਸਾਹਿਬ ਤੋਂ ਬਾਹਰ ਜਾਣ ਅਤੇ ਪਿੰਡ ਵਾਪਸ ਜਾਣ ਲਈ ਜ਼ੋਰ ਪਾਇਆ। ਸਾਰੇ ਸਾਕ-ਸਬੰਧੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਅਰਦਾਸ ਕਰਨ ਲਈ ਆਏ ਸਨ, ਜੋ ਕਿ ਚਾਰ ਜੂਨ ਨੂੰ ਸੀ। ਇਨ੍ਹਾਂ ਵਲੋਂ ਹਰਿਮੰਦਰ ਸਾਹਿਬ ਤੋਂ ਗੁਰੂਸਰ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਥਾਨ ਤੱਕ ਜਾਣ ਵਾਲੀ ਸਲਾਨਾ ਚੌਂਕੀ ਸਬੰਧੀ ਪ੍ਰਬੰਧ ਕਰਨੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਮੇਤ ਚੌਂਕੀ ਖਿਆਲਾ ਪਿੰਡ ਵਿਖੇ ਰੁਕਦੀ ਸੀ, ਜਿੱਥੇ ਜਨਰਲ ਸਾਹਿਬ ਦੀ ਮਾਤਾ ਜੀ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਾਣੀ ਦੀ ਸੇਵਾ ਦਾ ਪ੍ਰਬੰਧ ਕਰਨਾ ਸੀ। ਮਾਤਾ ਜੀ ਨੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਪੂਰੇ ਪ੍ਰਬੰਧ ਕੀਤੇ ਸਨ ਪਰ ਹਜ਼ਾਰਾਂ ਸੰਗਤਾਂ ਜੋ ਇਸ ਸਲਾਨਾ ਦਿਹਾੜੇ ਨੂੰ ਮਨਾਉਣ ਲਈ ਦਰਬਾਰ ਸਾਹਿਬ ਪਹੁੰਚੀਆਂ ਸਾਢੇ ਨੌਂ ਵਜੇ ਤੋਂ ਪਹਿਲਾਂ ਬਾਹਰ ਨਾ ਨਿਕਲ ਸਕੀਆਂ ਅਤੇ ਦਰਬਾਰ ਸਾਹਿਬ ਦੇ ਅੰਦਰ ਹੀ ਫਸ ਗਈਆਂ।

ਹਜ਼ਾਰਾਂ ਸੰਗਤਾਂ ਤਾਕਤ ਦੀ ਭੁੱਖੀ ਇੰਦਰਾ ਅਤੇ ਉਸ ਦੇ ਚਮਚਿਆਂ ਵਲੋਂ ਕੀਤੇ ਗਏ ਕਤਲੇਆਮ ਵਿੱਚ ਸ਼ਹੀਦ ਹੋ ਗਈਆਂ। ਸਿੱਖਾਂ ਨੇ ਕੌਮੀ ਸ਼ਹੀਦਾਂ ਦੀ ਪ੍ਰੰਪਰਾਂ ਨੂੰ ਸ਼ਹੀਦਾਂ ਦਾ ਇੱਕ ਹੋਰ ਜਥਾ ਭੇਂਟ ਕੀਤਾ।Archive

RECENT STORIES

ਜਨਮ ਦਿਨ 'ਤੇ ਵਿਸ਼ੇਸ਼: ਗ਼ਦਰ ਲਹਿਰ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ

Posted on May 24th, 2023

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਮਨਵੀਰ ਸਿੰਘ ਦਾ ਪੰਥ ਦਰਦੀਆਂ ਵਲੋਂ ਸੋਨੇ ਦੇ ਤਗਮੇ ਨਾਲ ਸਨਮਾਨ।

Posted on May 22nd, 2023

ਅੱਗਾਂ ਲਾਉਣ ਵਾਲਿਆਂ ਲਈ....!

Posted on May 19th, 2023

ਬਾਦਲ ਵਹੀ : ਪ੍ਰਕਾਸ਼ ਸਿੰਘ ਬਾਦਲ: “........ਜਨਮੁ ਜੂਐ ਹਾਰਿਆ॥”

Posted on May 8th, 2023

ਨਗਰ ਕੀਰਤਨ ਦਾ ਅਸਲ ਮਨੋਰਥ ਤੇ ਅੱਜ ਦੇ ਸਮੇਂ ਬਦਲ ਰਹੇ ਰੰਗ

Posted on April 11th, 2023

ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ- ‘ਐਡੀਟਰਜ਼ ਗਿਲਡ ਆਫ ਇੰਡੀਆ’

Posted on April 3rd, 2023

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਖ਼ਤ

Posted on March 31st, 2023

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023