Posted on June 3rd, 2021
-ਚਰਨਜੀਤ ਸਿੰਘ ਪੰਨੂੰ
'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ', ਇਹ ਅਟੱਲ ਸਚਾਈ ਤੋਂ ਉਪਜਿਆ ਇੱਕ ਮੁਹਾਵਰਾ ਹੈ। ਪੱਛਮ ਵਾਲੇ ਪਾਸਿਓਂ ਭਾਰਤ ਤੇ ਕਿੰਨੇ ਹਮਲੇ ਹੋਏ ਤੇ ਸਭ ਵਿਦੇਸ਼ੀ ਧਾੜਵੀਆਂ ਨੇ ਸਭ ਤੋਂ ਪਹਿਲਾਂ ਆਪਣੀ ਭੁੱਖ ਪੰਜਾਬ ਨੂੰ ਲੁੱਟ ਪੁੱਟ ਕੇ ਲਾਹੀ। ਉਨ੍ਹਾਂ ਦਾ ਪਹਿਲਾ ਸ਼ਿਕਾਰ ਸਿਫਤੀ ਦਾ ਘਰ ਅੰਮ੍ਰਿਤਸਰ ਅਤੇ ਇਥੋਂ ਦੇ ਵਸਿੰਦੇ ਹੀ ਬਣਦੇ ਰਹੇ। ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਦਰਬਾਰ ਸਾਹਿਬ ਬੜੀ ਵੇਰਾਂ ਬਾਹਰਲੇ ਡਾਕੂਆਂ ਦੇ ਹੱਥੋਂ ਲੁੱਟਿਆ ਗਿਆ, ਢੱਠਿਆ ਤੇ ਤਬਾਹ ਹੋਇਆ ਪਰ ਇਸ ਦੀ ਸ਼ਾਨ ਹਰ ਵਾਰ ਦੂਣ ਸਵਾਈ ਹੋ ਕੇ ਨਿੱਖਰਦੀ ਰਹੀ।
ਦੁਸ਼ਮਣ ਪੱਥਰ ਮਾਰੇ ਤਾਂ ਪੀੜ ਘੱਟ ਮਹਿਸੂਸ ਕਰੀ ਦੀ ਹੈ ਪਰ ਆਪਣਿਆਂ ਤੋਂ ਫੁੱਲ ਵੱਜਣ ਨਾਲ ਹੀ ਪੜ ਪਾਟ ਜਾਂਦੇ ਨੇ, ਧੁਰ ਅੰਦਰ ਤੱਕ ਚੀਸਾਂ ਤ੍ਰਾਟਾਂ ਪੈਣ ਲਗਦੀਆਂ ਨੇ। ਅਜਿਹਾ ਾ ਜੂਨ 1984 ਵਿੱਚ ਹੋਇਆ ਹੈ। ਸਿੱਖ ਭਾਈਚਾਰਾ ਹਮੇਸ਼ਾ ਵਾਂਗ ਸਖ਼ਤ ਗਰਮੀ ਤੋਂ ਰਾਹਤ ਦੇਣ ਲਈ ਹਰ ਥਾਂ, ਹਰ ਵਰਗ ਦੇ ਪਾਂਧੀਆਂ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਰਿਹਾ ਸੀ, ਉਸ ਵੇਲੇ ਭਾਰਤ ਸਰਕਾਰ ਉਨ੍ਹਾਂ ਦੀਆਂ ਮੁਸ਼ਕਾਂ ਬੰਨ੍ਹਣ ਲਈ ਕਮਰ-ਕੱਸੇ ਕਰ ਰਹੀ ਸੀ। 'ਉਹ ਫਿਰੇ ਕੰਨ ਵਿਨ੍ਹਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ।' ਆਪਣੀ ਹੀ ਸਰਕਾਰ ਦੀਆਂ ਫੌਜਾਂ ਨੇ ਸ਼ਾਂਤੀ ਦੀਆਂ ਫੁਹਾਰਾਂ ਵੰਡਣ ਵਾਲਾ ਇਹ ਗੁਰੂ-ਦੁਆਰ ਸੁਨਹਿਰੀ ਧਾਮ ਅੰਮ੍ਰਿਤਸਰ ਤੋਪਾਂ ਨਾਲ ਮਲੀਆਮੇਟ ਕਰ ਦਿੱਤਾ।
ਜੂਨ ਦੇ ਮਹੀਨੇ ਦਾ ਪਹਿਲਾ ਗਰਮ ਤਪਸ਼ ਨਾਲ ਚੜ੍ਹਿਆ ਸੂਰਜ ਸਾਰੇ ਪੰਜਾਬ ਲਈ ਅਤੇ ਖ਼ਾਸ ਕਰ ਅੰਮ੍ਰਿਤਸਰ ਲਈ ਮਾਰੂ ਕਿਰਨਾਂ ਲੈ ਕੇ ਆਇਆ। ਪਹਿਲੀਆਂ ਕਿਆਸ ਅਰਾਈਆ ਮੁਤਾਬਿਕ ਕੁਝ ਹੀ ਦਿਨਾਂ ਵਿੱਚ ਮਿਲਟਰੀ ਦੀਆਂ ਬਕਤਰਬੰਦ ਗੱਡੀਆਂ, ਟੈਂਕਾਂ ਬਾਹਰਲੀਆਂ ਛੌਣੀਆਂ ਵਿੱਚੋਂ ਰੇਲ ਅਤੇ ਸੜਕ ਰਸਤੇ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ 'ਚ ਪਹੁੰਚ ਕੇ ਪਿੰਡਾਂ ਸ਼ਹਿਰਾਂ ਤੱਕ ਖਿੱਲਰ ਗਈਆਂ। ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਭਾਰਤੀ ਮਿਲਟਰੀ ਦਗੜ ਦਗੜ ਕਰਦੀ ਲੋਕਾਂ ਨੂੰ ਸੰਗੀਨਾਂ ਵਿਖਾਉਣ ਲੱਗੀ ਪਰ ਇਹ ਲੋਕਾਂ ਦੀਆਂ ਵਹੀਰਾਂ ਨੂੰ ਨਾ ਰੋਕ ਸਕੀ ਤੇ ਲੋਕ ਲੱਖਾਂ ਦੀ ਤਾਦਾਦ ਵਿੱਚ ਦਰਬਾਰ ਸਾਹਿਬ ਜਮ੍ਹਾਂ ਹੁੰਦੇ ਗਏ।
ਦੋ ਜੂਨ ਤੱਕ ਫੌਜੀ ਘੇਰਾ ਹੋਰ ਨੇੜੇ ਤੰਗ ਹੋ ਗਿਆ। ਰੇਡੀਓ, ਟੀ. ਵੀ. ਤੋਂ ਇੰਦਰਾ ਗਾਂਧੀ ਦਾ ਧਮਕੀ ਭਰਿਆ ਭਾਸ਼ਨ ਵੀ ਇਹ ਸਾਫ ਸੰਕੇਤ ਦੇ ਗਿਆ ਕਿ ਕੁਝ ਅਨਹੋਣੀ ਵਾਪਰਨ ਵਾਲੀ ਹੈ। ਸੰਤ ਭਿੰਡਰਾਂਵਾਲੇ ਨੇ ਵੀ ਇਸ ਦੇ ਅਸਲੀ ਅਰਥ ਸਮਝ ਕੇ ਸੰਗਤਾਂ ਨੂੰ ਸਲਾਹ ਦਿੱਤੀ ਕਿ ਸਰਕਾਰ ਵਲੋਂ ਨੀਮ-ਫੌਜੀ ਹਮਲਾ ਹੋਣ ਵਾਲਾ ਹੈ। ਆਪਣੀ ਜਾਨ ਬਚਾ ਕੇ ਬੱਚੇ ਔਰਤਾਂ ਖਾਸ ਕਰਕੇ, ਜੋ ਜਾ ਸਕਦਾ ਹੈ ਬਾਹਰ ਨਿਕਲ ਜਾਓ। ਕੁਝ ਨਿਕਲ ਗਏ ਪਰ ਨਿਡਰ ਸੂਰਮੇ ਲੋਕ ਡਟੇ ਰਹੇ।
ਅੰਮ੍ਰਿਤਸਰ ਵੱਲ ਲੋਕਾਂ ਦਾ ਵਧਦਾ ਹੜ੍ਹ ਦੇਖ ਕੇ 3 ਜੂਨ ਨੂੰ ਸਾਰੇ ਪੰਜਾਬ ਪਿੰਡਾਂ ਸਮੇਤ ਹਰ ਕਸਬੇ ਵਿੱਚ ਕਰਫਿਊ ਲਗਾ ਕੇ ਆਪਣੇ ਘਰਾਂ ਅੰਦਰ ਬੰਦ ਰਹਿਣ ਦੇ ਹੁਕਮ ਚਾੜ੍ਹ ਦਿੱਤੇ ਗਏ। ਦੁਨੀਆ ਨਾਲੋਂ ਪੰਜਾਬ ਦਾ ਨਾਤਾ ਹਰ ਪਾਸਿਓਂ ਤੋੜ ਦਿੱਤਾ ਗਿਆ। ਭਾਰਤੀ ਫ਼ੌਜ ਦੀ ਦੋ ਲੱਖ ਨਫ਼ਰੀ ਜ਼ਮੀਨੀ ਅਤੇ ਹਵਾਈ ਫ਼ੌਜ ਸਮੇਤ ਬਲਿਊ ਸਟਾਰ ਆਪ੍ਰੇਸ਼ਨ ਲਈ ਝੋਕ ਦਿੱਤੇ ਗਏ। ਪੂਰੇ ਪੰਜਾਬ ਦੀ ਕਮਾਂਡ ਮਿਲਟਰੀ ਦੇ ਹੱਥ ਆ ਗਈ। ਸਾਰੇ ਪ੍ਰਸ਼ਾਸਨ ਫੌਜੀ ਅਫਸਰਾਂ ਦੇ ਕੰਟਰੋਲ ਹੇਠ ਆ ਗਏ ਤੇ ਸਿਵਲ ਅਧਿਕਾਰੀ ਪਾਸੇ ਨਿਹੱਥੇ ਕਰ ਬਿਠਾ ਦਿੱਤੇ ਗਏ।
ਦਰਬਾਰ ਸਾਹਿਬ ਤੋਂ ਬਿਜਲੀ, ਪਾਣੀ, ਡਾਕ, ਤਾਰ ਸਭ ਕੱਟ ਕਰ ਦਿੱਤੇ ਗਏ। ਜੂਨ ਦੀ ਤਪਸ਼ ਵਿੱਚ ਲੋਕ ਭੁੱਖ ਪਿਆਸ ਨਾਲ ਵਿਆਕਲ ਹੋਣ ਲੱਗੇ। ਦਰਬਾਰ ਸਾਹਿਬ ਦੇ ਅੰਦਰ ਫਸੇ ਹਜ਼ਾਰਾਂ ਯਾਤਰੂ ਸ਼ਰਧਾਲੂ ਭੁੱਖ ਪਿਆਸ ਨਾਲ ਤੜਫਣ ਲੱਗੇ। ਹਵਾਵਾਂ ਵਿੱਚ ਘੁਟਨ ਤੇ ਬੇਪ੍ਰਤੀਤੀ ਸੰਭਾਵਿਤ ਤੂਫਾਨ ਤੇ ਝੱਖੜ ਦਾ ਸੰਕੇਤ ਦੇਣ ਲੱਗੀ। ਤਿੰਨ ਚਾਰ ਜੂਨ ਦਰਬਾਰ ਸਾਹਿਬ ਦੇ ਅੰਦਰੋਂ ਛੁੱਟ ਪੁੱਟ ਪਟਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਪਹਿਲੀ ਜ਼ੋਰ ਅਜ਼ਮਾਈ ਵਿੱਚ ਖਾਲਸਾ ਫੌਜ ਦਾ ਹੱਥ ਉੱਪਰ ਰਿਹਾ ਤੇ ਭਾਰਤੀ ਫੌਜ ਦਾ ਬਹੁਤ ਜਾਨੀ ਨੁਕਸਾਨ ਹੋਇਆ।
5 ਜੂਨ ਤੜਕੇ ਬੰਬਾਂ ਦੀ ਅਸਮਾਨ ਗੁੰਜਾਊ ਧਮਕ ਪੂਰੇ ਪੰਜਾਬ ਵਿੱਚ ਸੁਣੀ ਗਈ। ਘਰਾਂ ਵਿੱਚ ਲੋਕਾਂ ਦੇ ਸਾਹ ਤਾਂ ਪਹਿਲਾਂ ਹੀ ਸੁੱਕੇ ਹੋਏ ਸਨ। ਦੇਖਦੇ ਹੀ ਦੇਖਦੇ ਸ਼ਹਿਰ ਦੇ ਅੰਦਰਲੇ ਹਿੱਸੇ 'ਚੋਂ ਜ਼ੋਰਦਾਰ ਧਮਾਕੇ ਤੇ ਧੂੰਏਂ ਦੇ ਬੱਦਲ ਉੱਠਣ ਲੱਗੇ। ਹੈਲੀਕਾਪਟਰ, ਜੋ ਪਹਿਲਾਂ ਦੋ ਚਾਰ ਗੇੜੇ ਮਾਰਦੇ ਸਨ, ਉਹ ਹੋਰ ਬੜੀ ਤੇਜ਼ੀ ਨਾਲ ਹਰਕਤ ਵਿੱਚ ਆਏ ਤੇ ਦਰਬਾਰ ਸਾਹਿਬ ਅੰਦਰ ਹਜ਼ਾਰਾਂ ਨੌਜਵਾਨ, ਬੱਚੇ, ਬੁੱਢੇ, ਔਰਤਾਂ, ਮਨੁੱਖਤਾ ਦਾ ਸਾਂਝਾ ਖੂਨ ਡੁੱਲ੍ਹਦਾ, ਘਾਣ ਮੱਚਦਾ ਵੇਖਦੇ ਤਸਵੀਰਾਂ ਲੈਂਦੇ ਰਹੇ।
ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਾਹਿਬ ਵਿਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਸਾਥੀਆਂ ਨੂੰ ਖਾੜਕੂ ਗਰਦਾਨ ਕੇ ਕੱਢਣ ਲਈ ਕਮਾਂਡ ਸੰਭਾਲੀ ਗਈ ਸੀ। ਆਹਮੋ-ਸਾਹਮਣੇ ਇਸ ਘਮਸਾਨ ਯੁੱਧ ਨੇ ਚਮਕੌਰ ਦਾ ਯੁੱਧ ਯਾਦ ਕਰਵਾ ਦਿੱਤਾ ਜਦ ਮੁੱਠੀ ਭਰ ਖਾਲਸਾ ਫੌਜ ਦਸ ਲੱਖ ਮੁਗ਼ਲੀਆ ਫੌਜਾਂ ਨੇ ਘੇਰ ਲਈ ਸੀ। ਪੈਦਲ ਫੌਜ ਦੀ ਪਹਿਲੀ 15 ਸਿਪਾਹੀਆਂ ਦੀ ਆਧੁਨਿਕ ਹਥਿਆਰਬੰਦ ਟੁਕੜੀ ਜੋ ਅੰਦਰ ਵੜੀ, ਸਾਰੇ ਢਹਿ-ਢੇਰੀ ਹੋ ਗਏ। ਭਾਰਤੀ ਫੌਜ ਦੀ ਇਸ ਪਹਿਲੀ ਟੁਕੜੀ ਵਿੱਚ ਸਿੱਖ ਫੌਜੀਆਂ ਨੂੰ ਹੀ ਅੱਗੇ ਡਾਹ ਕੇ ਅਕਾਲ ਤਖਤ ਤੋਂ ਚਲਦੀਆਂ ਗੋਲੀਆਂ ਨਾਲ ਜੋਰ ਅਜ਼ਮਾਈ ਕੀਤੀ।
ਉਸ ਤੋਂ ਬਾਅਦ ਕਮਾਂਡੋ ਫੋਰਸ ਦੇ ਸਿਪਾਹੀ ਵੀ ਭਿੰਡਰਾਂਵਾਲੇ ਜਥੇ ਦੇ ਹੱਥੋਂ ਗੋਲੀਆਂ ਖਾ-ਖਾ ਕੇ ਡਿੱਗਦੇ ਰਹੇ ਤੇ ਇਸ ਵਿੱਚ ਲਗਭਗ 3 ਸੌ ਸਿਪਾਹੀ ਮਰਵਾ ਕੇ ਕੁਲਦੀਪ ਸਿੰਘ ਬਰਾੜ ਨੂੰ ਟੈਂਕਾਂ ਦਾ ਸਹਾਰਾ ਲੈਣਾ ਪਿਆ। ਤੇਜਾ ਸਿੰਘ ਸਮੁੰਦਰੀ ਹਾਲ ਦੇ ਪਾਸਿਓਂ 13 ਟੈਂਕ ਮੰਜੀ ਸਾਹਿਬ ਦੁਖ ਭੰਜਨੀ ਬੇਰੀ ਵਾਲੀ ਲਾਈਨ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਥੜ੍ਹੇ ਲਾਗੇ ਲੰਗਰ ਸੁੱਟ ਬੈਠੇ। ਇਥੋਂ ਅਕਾਲ ਤਖ਼ਤ ਟਾਰਗੈਟ ਵੱਲ ਤੋਪਾਂ ਦੇ ਮੂੰਹ ਝੋਕ ਕੇ ਫਾਇਰ ਖੋਲ੍ਹ ਦਿੱਤੇ।
ਦਰਬਾਰ ਸਾਹਿਬ ਉੱਤੇ ਹਮਲੇ ਦੀ ਖ਼ਬਰ ਮਿਲਦੇ ਹੀ ਆਸੇ ਪਾਸੇ ਪਿੰਡਾਂ, ਸ਼ਹਿਰਾਂ ਤੋਂ ਲੱਗੇ ਕਰਫਿਊ ਦੇ ਬਾਵਜੂਦ ਵੀ ਲੋਕ ਘਰਾਂ ਤੋਂ ਨਿਕਲ ਤੁਰੇ। ਝਬਾਲ ਖੇਮਕਰਨ ਸੜਕ ਤੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ, ਤਰਨਤਾਰਨ ਅੰਮ੍ਰਿਤਸਰ ਸੜਕ 'ਤੇ ਚੱਬਾ ਪਿੰਡ ਦੇ ਸੰਗਰਾਨਾ ਸਾਹਿਬ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ, ਜੰਡਿਆਲਾ, ਵੱਲਾ, ਵੇਰਕਾ, ਜੈਂਤੀਪੁਰ, ਲੋਹਾਰਕਾ, ਰਾਜਾਸਾਂਸੀ, ਖਾਸਾ ਛਿਹਾਰਟਾ ਆਦਿ ਗੁਰਦੁਆਰਿਆਂ ਵਿੱਚ ਇਕੱਤਰ ਹੋਣੇ ਸ਼ੁਰੂ ਹੋਏ।
ਤਰਨਤਾਰਨ ਸੜਕ ਦੇ ਰੋਹਿਲੇ ਕਾਫਲੇ ਵਿੱਚ ਇਹ ਕਲਮਕਾਰ ਵੀ ਸ਼ਾਮਲ ਸੀ। ਬੱਚੇ, ਬੁੱਢੇ, ਜਵਾਨਾਂ ਤੇ ਔਰਤਾਂ ਸਮੇਤ ਏਨਾ ਵੱਡਾ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਜੈਕਾਰੇ ਗਜਾਉਂਦਾ ਅੰਮ੍ਰਿਤਸਰ ਨੂੰ ਵਧਣ ਲੱਗਾ। ਬਿਨਾਂ ਕਿਸੇ ਚਿਤਾਵਨੀ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਨੇ ਗੋਲੀਆਂ ਦੀ ਬੁਛਾੜ ਬਰਸਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਧਰਤੀ 'ਤੇ ਵਿਛਾ ਦਿੱਤਾ। ਇਸ ਭਗਦੜ ਨੇ 'ਮਾਂਵਾਂ ਨੇ ਪੁੱਤ ਵੀ ਨਹੀਂ ਸੰਭਾਲੇ' ਦਾ ਮੁਹਾਵਰਾ ਸੱਚ ਕਰ ਦਿਖਾਇਆ। ਕਈ ਔਰਤਾਂ ਬੱਚੇ ਚਾਟੀ-ਵਿੰਡ ਨਹਿਰ ਵਿੱਚ ਛਾਲਾਂ ਮਾਰਦੇ ਰੁੜ੍ਹ ਗਏ। ਇਸ ਲੁਕਣ-ਮੀਟੀ ਵਿੱਚੋਂ ਬਚ ਕੇ ਮੈਂ ਗਿਰਵਾਲੀ ਪਿੰਡ ਵਿੱਚੋਂ ਆਪਣਾ ਸਕੂਟਰ ਚੁੱਕ ਕੇ ਆਪਣੇ ਸਰਕਾਰੀ ਕਰਫਿਊ ਪਾਸ ਦੇ ਸਹਾਰੇ ਸਾਬਤ ਸਬੂਤਾ ਘਰ ਮੁੜ ਆਇਆ।
ਮੇਰੇ ਨਾਲ ਗਏ ਮੇਰੀ ਮਾਤਾ ਅਤੇ ਮੇਰਾ ਛੋਟਾ ਭਾਈ ਸਰਬਜੀਤ ਮੈਥੋਂ ਵਿੱਛੜ ਗਏ ਜੋ ਇਸ ਨਹਿਰ ਵਿੱਚੋਂ ਡੁੱਬਦੇ ਤਰਦੇ ਕੰਢੇ ਲਗਦੇ ਬਚ ਗਏ। ਦਸ ਮੀਲ ਦਾ ਖਤਰਨਾਕ ਪੈਦਲ ਸਫ਼ਰ ਕਰ ਕੇ ਛੁਪਦੇ ਛੁਪਾਉਂਦੇ ਰਾਤ ਦੋ ਵਜੇ ਬੁਰੀ ਹਾਲਤ ਵੱਖਰੇ ਵੱਖਰੇ ਘਰ ਪਹੁੰਚੇ। ਕਾਬੂ ਆਇਆਂ ਵਿੱਚੋਂ ਕੁਝ ਨੂੰ ਫੜ੍ਹ ਕੇ ਪੈਦਲ ਫੌਜ ਨੇ ਤਸੀਹੇ ਦੇ ਕੇ ਪਿੱਛੇ ਹੱਥ ਬੰਨ੍ਹ ਕੇ ਗੋਲੀਆਂ ਨਾਲ ਉਡਾਇਆ ਤੇ ਟੈਂਕਾਂ ਥੱਲੇ ਲਿਤਾੜਿਆ। ਕੁਝ ਬਾਕੀ ਅੰਨ੍ਹੇ ਤਸ਼ੱਦਦ ਦੀ ਮਾਰ ਝੱਲਦੇ ਲੱਤਾਂ ਬਾਂਹਾਂ ਗੁਆ ਕੇ ਅਪਾਹਜ ਲੂਲੇ ਲੰਗੜੇ ਹੋ ਗਏ। ਔਰਤਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਗਈ।
ਇਸ ਘਟਨਾ ਨੇ 1746 ਦਾ ਕਾਹਨੂੰਵਾਨ ਦਾ ਛੋਟਾ ਘੱਲੂਘਾਰਾ ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਵੀਹ ਹਜਾਰ ਸਿੰਘਾਂ ਸਿੰਘਣੀਆਂ ਨੂੰ ਘੇਰ ਕੇ ਘੋਰ ਤਸ਼ੱਦਦ ਕੀਤਾ ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਦਾ ਇਤਿਹਾਸ ਦੁਹਰਾ ਦਿੱਤਾ। ਪੰਜਾਬ ਦੇ ਸਾਰੇ ਪਾਸਿਓਂ ਅੰਮ੍ਰਿਤਸਰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਪੰਜਾਬ ਦੇ ਪੇਂਡੂ ਸ਼ਹਿਰੀ ਸਾਰੇ 37 ਤੋਂ ਵੱਧ ਗੁਰਦੁਆਰੇ ਫੌਜ ਨੇ ਆਪਣੇ ਕਬਜ਼ੇ ਕਰ ਕੇ ਜੀ-ਚਾਹੀ ਲੁੱਟ ਮਾਰ ਕੀਤੀ ਤੇ ਰੱਜ ਕੇ ਘੋਰ ਤਸ਼ੱਦਦ ਢਾਹਿਆ। ਪਿੰਡਾਂ ਵਿੱਚ ਪੱਗ-ਬੰਨ੍ਹ ਬੇਦੋਸ ਨਿਹੱਥੇ ਨੌਜਵਾਨਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਹੱਥ ਪਿੱਛੇ ਬੰਨ੍ਹ ਕੇ ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਵਿੱਚ ਭੁੱਖੇ ਤਿਹਾਏ ਕੈਦ ਕਰਕੇ ਬਿਨ ਮਤਲਬ ਤਸੀਹੇ ਦਿੰਦੇ 'ਭੂੰਡਾਂ ਵਾਲੇ' ਨੂੰ ਮੰਦਾ ਚੰਗਾ ਬੋਲਦੇ ਰਹੇ।
ਪੰਜ ਛੇ ਜੂਨ ਸ਼ਾਮ ਤੱਕ ਦਿਨ ਤੇ ਰਾਤ ਭਿਆਨਕ ਗੋਲੀ ਬਾਰੀ, ਬੰਬਾਰੀ ਹੁੰਦੀ ਸੁਣਦੀ ਰਹੀ। 7 ਜੂਨ ਨੂੰ ਸਵੇਰੇ ਧਮਾਕਿਆਂ ਦੀ ਆਵਾਜ਼ ਘਟੀ। ਟੀ. ਵੀ. ਰੇਡੀਓ 'ਤੇ ਇਹ ਸੁਨੇਹਾ ਦਿੱਤਾ ਗਿਆ ਕਿ ਫ਼ੌਜ ਦਾ ਮਕਸਦ, ਜਿਸ ਲਈ ਹਮਲਾ ਕੀਤਾ ਗਿਆ ਸੀ ਉਹ ਪੂਰਾ ਹੋ ਗਿਆ ਹੈ ਤੇ ਘੁਸਪੈਠੀਏ ਮਾਰੇ ਗਏ ਹਨ। ਪਰਕਰਮਾਂ ਵਿੱਚ ਲਿਟਾਈਆਂ ਸੰਤ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਅਤੇ ਮੇਜਰ ਜਨਰਲ ਸੁਬੇਗ ਸਿੰਘ ਤੇ ਸੈਂਕੜੇ ਹੋਰ ਲਾਸ਼ਾਂ ਉੱਤੇ ਕੈਮਰਾ ਸੁੱਟ ਕੇ ਦਿਖਾਇਆ ਗਿਆ। ਪ੍ਰਕਾਸ਼ ਸਿੰਘ ਬਾਦਲ, ਟੌਹੜਾ ਸਮੇਤ ਕਈ ਹੋਰ ਹੱਥ ਉੱਚੇ ਕਰਕੇ ਬਾਹਰ ਆਉਂਦੇ ਵਿਖਾਏ ਗਏ। ਹਜ਼ਾਰਾਂ ਹੋਰ ਜੋ ਅੱਧ ਪਚੱਧੇ ਜੀਊਂਦੇ ਬਚੇ ਜਿਨ੍ਹਾਂ ਆਤਮ-ਸਮਰਪਣ ਕੀਤਾ, ਭੇਡਾਂ ਬੱਕਰੀਆਂ ਵਾਂਗ ਟਰੱਕਾਂ ਤੇ ਲੱਦ ਕੇ ਛਾਉਣੀ ਵਿਖੇ ਪਹੁੰਚਾਇਆ ਗਿਆ।
ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਰਾਮਦਾਸ ਸਰਾਂ ਅਤੇ ਤਹਿਖ਼ਾਨੇ ਵਿੱਚ ਵੜੇ ਬੈਠੇ ਫਸੇ ਲੋਕਾਂ ਨੂੰ ਅੰਦਰ ਬੰਬ ਅਤੇ ਗੈਸ ਸੁੱਟ ਕੇ ਮਾਰਿਆ ਗਿਆ। ਸਿੱਖਾਂ ਦੀਆਂ ਇਤਿਹਾਸਕ ਵਸਤਾਂ ਤੇ ਵਡਮੁੱਲੀ ਲਾਇਬਰੇਰੀ ਨੂੰ ਅੱਗ ਲਗਾ ਦਿੱਤੀ ਗਈ। ਤੋਸ਼ਾਖ਼ਾਨਾ ਦਾ ਕੀਮਤੀ ਖ਼ਜ਼ਾਨਾ ਜਵਾਹਰ ਹੀਰੇ ਸੋਨਾ ਆਦਿ ਲੁੱਟ ਲਏ ਗਏ। ਅਕਾਲ ਤਖ਼ਤ ਨੂੰ ਖੰਡਰ ਬਣਾ ਦਿੱਤਾ ਗਿਆ। ਸਾਰੀ ਪਰਿਕਰਮਾ ਟੈਂਕਾਂ ਨਾਲ ਦਰੜੀ ਗਈ। ਪਵਿੱਤਰ ਸਰੋਵਰ ਦਾ ਪਾਣੀ ਖੂਨ ਨਾਲ ਭਰਿਆ ਲਾਲ ਰੰਗਾ ਹੋ ਗਿਆ। ਲਾਸ਼ਾਂ ਦੇ ਢੇਰ-ਅੰਬਾਰ ਵਿਸ਼ ਗਏ। ਅੱਤ ਦੀ ਗਰਮੀ, ਲਾਸ਼ਾਂ ਚੁੱਕਣ ਦਾ ਕੋਈ ਇੰਤਜ਼ਾਮ ਮਿਲਟਰੀ ਜਾਂ ਪੁਲਿਸ ਨਾ ਕਰ ਸਕੀ, ਉੱਪਰੋਂ ਭਿਆਨਕ ਬੀਮਾਰੀਆਂ ਦਾ ਡਰ ਪੈ ਗਿਆ।
ਅੰਮ੍ਰਿਤਸਰ ਕਾਰਪੋਰੇਸ਼ਨ ਦੇ ਜਮਾਂਦਾਰਾਂ ਨੂੰ ਖੁੱਲ੍ਹ ਦਿੱਤੀ ਗਈ ਕਿ ਉਥੋਂ ਜੋ ਵੀ ਮਾਲ ਕਿਸੇ ਦੇ ਹੱਥ ਲੱਗੇ, ਸੋਨਾ, ਗਹਿਣਾ, ਕੜੇ, ਪੈਸੇ ਤੇ ਹੋਰ ਕੀਮਤੀ ਸਮਾਨ ਉਸੇ ਦਾ ਹੀ ਹੋਵੇਗਾ। ਰੰਮ ਦੀਆਂ ਪੇਟੀਆਂ ਦਾ ਇੱਕ ਟਰੱਕ ਉਨ੍ਹਾਂ ਨੂੰ ਵੰਡਿਆ ਗਿਆ। ਇੱਕ ਜਮਾਤ ਦੇ ਭੂਤਰੇ ਮੁੰਡੇ ਦਾਰੂ ਨਾਲ ਟੁੰਨ ਅੰਦਰ ਵੜ ਕੇ ਲਾਸ਼ਾਂ ਦੀ ਤਲਾਸ਼ੀ ਲੈਣ ਲੱਗੇ ਤੇ ਸਹਿਕਦੇ ਤੇ ਅਧਮੋਏ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਜੇਬਾਂ ਫਰੋਲਦੇ ਰਹੇ। ਅੰਨ੍ਹਗੜ੍ਹ ਦੇ ਪੇਸ਼ਾਵਰ ਲੋਕਾਂ ਨੇ ਇਸ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ।
ਦੁੱਧ ਮੱਖਣਾਂ ਨਾਲ ਪਾਲੇ ਪੰਜਾਬੀ ਮਾਂਵਾਂ ਦੇ ਹੀਰੇ ਪੁੱਤਰ ਪਸ਼ੂਆਂ ਵਾਂਗ ਟਰੱਕਾਂ ਤੇ ਲੱਦ ਲੱਦ ਕੇ ਲੋਥਾਂ ਮੈਡੀਕਲ ਕਾਲਜ ਹਸਪਤਾਲ ਵਿੱਚ ਸੁੱਟਦੇ ਰਹੇ। ਬਦਬੂ ਮਾਰਦੇ ਲੋਥਾਂ ਦੇ ਭਰੇ ਟਰੱਕ ਤੂਸਾਂ ਖਿਲਾਰਦੇ ਗੋਪਾਲ ਨਗਰ ਮਜੀਠਾ ਰੋਡ ਤੇ ਲੋਕ ਕੋਠਿਆਂ ਤੇ ਚੜ੍ਹ ਚੜ੍ਹ ਵੇਖ ਵੇਖ ਤ੍ਰਾਹ ਤ੍ਰਾਹ ਕਰਦੇ ਕੰਨਾਂ ਨੂੰ ਹੱਥ ਲਗਾਉਂਦੇ।{ ਮੇਰਾ ਆਪਣਾ ਦਫ਼ਤਰ ਇੱਥੇ ਹੀ ਹੋਣ ਕਰਕੇ ਅਤੇ ਮੇਰੇ ਕੋਲ ਸਰਕਾਰੀ ਕਰਫਿਊ ਪਾਸ ਹੋਣ ਕਰਕੇ ਇਹ ਵੀ ਸਾਰੀ ਢੋਆ ਢਵਾਈ ਦਾ ਭਾਣਾ ਮੈਂ ਵੇਖਦਾ ਆਪਣੇ ਆਪ ਵਿੱਚ ਕੁੜ੍ਹਦਾ ਰਿਹਾ। ਗੁਰਦੁਆਰੇ ਦੇ ਸਾਹਮਣੇ ਮੁਲਾਹਜਾ ਮੁਰਦਾ ਘਰ ਵਿਖੇ ਜਗ੍ਹਾ ਕਾਫੀ ਨਾ ਹੋਣ ਕਰਕੇ ਬਹੁਤੇ ਦਰਿਆ-ਬੁਰਦ ਕੀਤੇ ਗਏ ਤੇ ਬਾਕੀ ਸ਼ਹੀਦਾਂ ਵਾਲੇ ਗੁਰਦੁਆਰੇ ਨਾਲ ਦੀ ਸ਼ਮਸ਼ਾਨਘਾਟ ਵਿੱਚ ਬੇ ਨਾਮੇ, ਲਾਵਾਰਿਸ ਸਸਕਾਰ ਕਰ ਦਿੱਤੇ ਗਏ। ਕਿਸੇ ਦੀ ਲਿਸਟ ਬਣੀ ਤੇ ਕਈ ਬਿਨਾਂ ਮੌਤ ਪ੍ਰਮਾਣ-ਪੱਤਰ ਹੀ ਭਸਮ ਹੋ ਗਏ, ਜਿਨ੍ਹਾਂ ਦੇ ਵਾਰਸ ਅਜੇ ਤੱਕ ਹੁਣ ਤੱਕ ਉਨ੍ਹਾਂ ਨੂੰ ਤਲਾਸ਼ ਰਹੇ ਹਨ।
ਆਪਣੇ ਇਸ ਪਵਿੱਤਰ ਅਸਥਾਨ ਉੱਤੇ ਹਮਲੇ ਦੇ ਪ੍ਰਤੀਕਰਮ ਰੋਸ ਵਜੋਂ ਰਾਮਗੜ੍ਹ ਛਾਉਣੀ ਸਮੇਤ ਭਾਰਤ ਭਰ ਦੀਆਂ ਕਈ ਹੋਰ ਸਿੱਖ ਬਟਾਲੀਅਨਾਂ ਦੇ ਸਿੱਖ ਧਰਮੀਂ ਫ਼ੌਜੀ ਨੌਜਵਾਨਾਂ ਦੀ ਅਣਖ ਨੇ ਉਬਾਲਾ ਖਾਧਾ। ਉਨ੍ਹਾਂ ਬਗਾਵਤ ਕੀਤੀ ਤੇ ਭਾਰਤੀ ਫ਼ੌਜ ਨਾਲ ਘਰੇਲੂ ਲੜਾਈ ਸ਼ੁਰੂ ਹੋ ਗਈ। ਕਈ ਮਾਰੇ ਗਏ, ਕਈ ਹਥਿਆਰ ਲੈ ਕੇ ਅੰਮ੍ਰਿਤਸਰ ਨੂੰ ਜਾਂਦੇ ਜਾਂਦੇ ਰਸਤੇ ਵਿੱਚ ਰੇਲ ਗੱਡੀਆਂ, ਬੱਸਾਂ, ਟਰੱਕਾਂ ਵਿੱਚ ਮਿਲਟਰੀ ਦੀਆਂ ਗੋਲੀਆਂ ਦੇ ਨਿਸ਼ਾਨੇ ਬਣੇ।
ਆਪ੍ਰੇਸ਼ਨ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਅੱਠ ਜੂਨ ਸਵੇਰੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਫੇਰੀ ਕਰਾਈ ਗਈ, ਇਹ ਦਿਖਾਉਣ ਲਈ ਕਿ ਵੇਖੋ ਜੀ ਅਸੀਂ ਤੁਹਾਡਾ ਕਿੰਨਾ ਸਤਿਕਾਰ ਕੀਤਾ ਹੈ, ਲਿਹਾਜ਼ ਕੀਤਾ ਹੈ ਤੇ ਕੁਝ ਵੀ ਨਹੀਂ ਵਿਗਾੜਿਆ, ਸਿਰਫ਼ ਦਰਬਾਰ ਸਾਹਿਬ ਨੂੰ ਬਚਾਉਣ ਲਈ ਖਾੜਕੂ ਅੱਤਵਾਦੀ ਹੀ ਬਾਹਰ ਕੱਢ ਮਾਰੇ ਹਨ। ਗਿਆਨੀ ਜੀ ਦੀ ਉੱਖੜੀ ਹੋਈ ਸ਼ਕਲ ਤੇ ਰੋਂਦੀ ਹੋਈ ਮੁਰਦਿਹਾਣ ਮੂਰਤ ਇਸ ਸਭ ਖੰਡਰ ਹੋਏ ਹਰਿਮੰਦਰ ਦੀ ਤ੍ਰਾਸਦੀ ਤੇ ਹੰਝੂ ਕੇਰ ਰਹੀ ਸੀ। ਉਨ੍ਹਾਂ ਦੀਆਂ ਅੰਦਰਲੀਆਂ ਮਜਬੂਰੀਆਂ ਦਾ ਸ਼ੀਸ਼ਾ ਦਿਖਾਉਂਦੀ ਉਨ੍ਹਾਂ ਦੀ ਸ਼ਰਮਿੰਦੀ ਢਹੀ ਹੋਈ ਮਾਨਸਿਕਤਾ ਦੀ ਇਬਾਰਤ ਆਪ ਮੁਹਾਰੇ ਪੜ੍ਹੀ ਜਾ ਸਕਦੀ ਸੀ। ਉਹ ਆਪ ਹੀ ਭਾਰਤੀ ਫੌਜਾਂ ਦਾ ਪ੍ਰਮੁੱਖ ਕਮਾਂਡਰ ਸੀ ਤੇ ਉਸ ਦੀ ਆਪਣੀ ਹੀ ਕਲਮ ਦੀ ਨੋਕ ਤੇ ਇਹ ਸਾਰਾ ਖਲਜਗਣ ਰਚਾਇਆ ਗਿਆ ਸੀ। ਉਸ ਦੀਆਂ ਖਾਮੋਸ਼ ਨਜ਼ਰਾਂ ਆਪਣੇ ਮਿਲਟਰੀ ਅਧਿਕਾਰੀਆਂ ਨੂੰ ਸੰਬੋਧਨ ਸਨ, 'ਬੜਾ ਲੋਹੜਾ ਮਾਰਿਆ ਤੁਸਾਂ, ਮੇਰਾ ਵਿਸ਼ਵਾਸ-ਘਾਤ ਕਰਕੇ ਮੇਰਾ ਹੀ ਘਰ ਢਾਹ ਦਿਤਾ। ਮੇਰੇ ਮੱਥੇ ਮੜ੍ਹਿਆ ਇਹ ਕਲੰਕ ਕਈ ਉਮਰਾਂ ਤੱਕ ਮੈਥੋਂ ਨਹੀਂ ਧੋਤਾ ਜਾਣਾ।'
ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ 1978 ਦੇ ਸਾਕੇ ਸਮੇਤ ਅੰਮ੍ਰਿਤਸਰ ਉੱਤੇ ਵਾਪਰੇ ਕਹਿਰ ਭਰੇ ਇਹ ਸਾਰੇ ਦੌਰ ਵੇਖਣ, ਸੁਣਨ ਤੇ ਪਿੰਡੇ ਤੇ ਹੰਢਾਉਣ ਦਾ ਕੋਝੀ ਪੀੜ ਹੰਢਾਉਣ ਦਾ ਮੌਕਾ ਮਿਲਿਆ। 9 ਜੂਨ ਨੂੰ ਸ਼ਰਧਾਲੂਆਂ ਵਾਸਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀ ਖੁੱਲ੍ਹ ਦਿੱਤੀ ਗਈ ਤਾਂ ਇਹ ਲੇਖਕ ਮੁੱਠੀ ਭਰ ਸੌ ਦੋ ਸੌ ਯਾਤਰੂਆਂ ਦੀ ਉਸ ਪਹਿਲੀ ਟੋਲੀ ਵਿੱਚ ਵੀ ਸ਼ਾਮਲ ਸੀ, ਜਿਸਨੇ ਆਪਣੇ ਉਸ ਪਵਿੱਤਰ ਸਥਾਨ ਦੀ ਤਬਾਹੀ ਤੇ ਬਰਬਾਦੀ ਦਾ ਸੱਜਰਾ ਤਾਜ਼ਾ ਕਰੁਣਾਮਈ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖਿਆ।
ਹਾਲ ਗੇਟ ਤੋਂ ਅੰਦਰ ਸਾਈਕਲ ਸਕੂਟਰ ਦੀ ਮਨਾਹੀ ਸੀ। ਸਿਰਫ਼ ਪੈਦਲ ਮਾਰਚ ਦੀ ਹੀ ਆਗਿਆ ਸੀ। ਹਾਲ ਗੇਟ ਤੇ ਲੱਗੀ ਛਬੀਲ ਤੋਂ ਕੁਝ ਲੋਕ ਚਾਹ ਦੇ ਕੱਪ ਤੇ ਡੂਨਿਆਂ ਵਿੱਚ ਲੱਡੂ ਵੰਡ ਰਹੇ ਸਨ। ਮਨ ਵਿੱਚ ਇਨ੍ਹਾਂ ਲੋਕਾਂ ਦੀ ਸੇਵਾ, ਸ਼ਰਧਾ ਤੇ ਸਤਿਕਾਰ ਬਾਰੇ ਸ਼ਲਾਘਾ ਉਤਪੰਨ ਹੋਈ। ਹੋਰਾਂ ਵਾਂਗ ਮੈਂ ਵੀ ਅੱਗੇ ਹੋ ਗਿਆ ਪਰ ਜਲਦੀ ਹੀ ਪਤਾ ਲੱਗਾ ਕਿ ਇਹ ਮੁਤੱਸਬੀ ਲੋਕ ਭਿੰਡਰਾਂਵਾਲੇ ਦੀ ਮੌਤ ਦੀ ਖ਼ਬਰ ਸੁਣ ਕੇ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਨ ਤਾਂ ਮੇਰੇ ਪੈਰ ਪਿੱਛੇ ਮੁੜ ਪਏ।
ਮੈਨੂੰ ਇਨ੍ਹਾਂ ਲੋਕਾਂ ਦੇ ਮਖੌਟੇ ਵਿੱਚੋਂ ਉਸ ਥਾਣੇਦਾਰ ਦੀ ਸ਼ਕਲ ਦਿਖਾਈ ਦਿੱਤੀ ਜੋ ਮੇਰੇ ਪਿੰਡ ਸਖੀਰਾ ਦੇ ਕਤਲ ਹੋਏ ਮਾਪਿਆਂ ਦੇ ਇਕਲੌਤੇ ਪੁੱਤਰ ਦੀਪੇ ਦੇ ਘਰ ਉਸ ਦੀ ਲਾਸ਼ ਦੇ ਸਿਰਹਾਣੇ ਬੈਠ ਕੇ ਮੁਰਗੇ ਦੀਆਂ ਲੱਤਾਂ ਚੂੰਡ ਰਿਹਾ ਉਸ ਦੇ ਬਾਪ ਨੂੰ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਤਸੱਲੀ ਕਰਵਾਉਂਦਾ ਸੌਦਾ ਕਰ ਰਿਹਾ ਸੀ। ਇਹ ਵੀ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਕੱਲ੍ਹ ਤੋਂ ਹੀ ਖੁਸ਼ੀਆਂ ਮਨਾਉਂਦੇ ਭੰਗੜੇ ਪਾਉਂਦੇ, ਫੌਜੀਆਂ ਨੂੰ ਤੋਹਫ਼ੇ, ਫਲ ਮਠਿਆਈ ਵੰਡ ਕੇ ਉਨ੍ਹਾਂ ਦੇ ਗਲ ਹਾਰ ਪਾਏ ਸਨ।
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਅਭਿਲਾਖੀ ਬੜੇ ਉਤਸ਼ਾਹ ਤੇ ਉਤਸੁਕਤਾ ਨਾਲ ਲਗਭਗ ਦੋ ਕਿਲੋਮੀਟਰ ਦਾ ਇਹ ਪੈਂਡਾ ਕਾਹਲੇ ਕਦਮੀਂ ਪੈਦਲ ਹੀ ਦੌੜ ਰਹੇ ਸਨ। ਮੈਂ ਵੀ ਸੱਜੇ ਪਾਸੇ ਸਟੈਂਡ ਤੇ ਆਪਣਾ ਸਕੂਟਰ ਲਗਾ ਕੇ ਪੈਦਲ ਹੀ ਭੀੜ ਵਿੱਚ ਸ਼ਾਮਲ ਹੋ ਗਿਆ। ਸਦਾ-ਬਹਾਰ ਰੌਣਕੀਲਾ ਹਾਲ ਬਜ਼ਾਰ ਅੱਜ ਕੁਝ ਕੁਝ ਖੁੱਲ੍ਹਾ ਤਾਂ ਸੀ ਪਰ ਸੁੰਨ ਮਸਾਣ ਸਹਿਮਿਆਂ ਸਹਿਮਿਆ ਨਜ਼ਰ ਆ ਰਿਹਾ ਸੀ। ਮੋਢਿਆਂ 'ਤੇ ਪਿੱਠੂ ਲਟਕਾਈ ਫੌਜੀ ਸਿਪਾਹੀ ਪੈਰ ਪੈਰ 'ਤੇ ਹਰਲ ਹਰਲ ਕਰਦੇ ਸੰਗੀਨਾਂ ਤਾਣੀ ਫਿਰ ਰਹੇ ਸਨ। ਆਸੇ ਪਾਸੇ ਉੱਚੀਆਂ ਇਮਾਰਤਾਂ ਵਿੱਚੋਂ ਲੋਹ ਟੋਪ ਧਾਰੀ ਫੌਜੀ ਸੰਗੀਨਾਂ ਤਾਣੀ ਪਹਿਰਾ ਦੇ ਰਹੇ ਸਨ। ਮਲਕਾ ਵਿਕਟੋਰੀਆ ਚੌਂਕ ਅਤੇ ਧਰਮ ਸਿੰਘ ਮਾਰਕੀਟ ਲਾਗੇ ਜੁੜੀ ਭੀੜ ਵਿੱਚ ਲੋਕ ਪੂਰੀਆਂ, ਛੋਲੇ, ਲੱਡੂ, ਸਮੋਸੇ, ਫਲ ਫਰੂਟ ਵੰਡ ਰਹੇ ਸਨ, ਛਕ ਰਹੇ ਸਨ ਪਰ ਮੈਂ ਉੱਧਰ ਹੋਣ ਦਾ ਹੀਆ ਨਹੀਂ ਕਰ ਸਕਿਆ।
ਜਲ੍ਹਿਆਂ ਵਾਲੇ ਬਾਗ ਦਾ ਮੋੜ ਮੁੜਦੇ ਹੀ ਸਾਹਮਣੇ ਘੰਟਾ ਘਰ ਦੀ ਗੋਲੀਆਂ ਨਾਲ ਦਾਗ ਦਾਗ ਜ਼ਖ਼ਮੀ ਹੋਈ ਇਮਾਰਤ ਵੇਖ ਕੇ ਸਭ ਦੇ ਮੂੰਹ ਲਟਕ ਗਏ ਜਿਵੇਂ ਕਿਸੇ ਮਾਤਮ ਵਾਲੇ ਘਰ ਵੜ ਰਹੇ ਹੋਣ। ਚਾਰ ਚੁਫੇਰਾ ਗੋਲੀਆਂ ਤੇ ਬੰਬਾਂ ਦੇ ਨਿਸ਼ਾਨਾਂ ਨਾਲ ਵਿੰਨ੍ਹਿਆ ਧਾੜਵੀਆਂ ਦੇ ਅੱਤਿਆਚਾਰ ਦੀ ਮੂੰਹ ਬੋਲਦੀ ਤਸਵੀਰ ਸੀ। ਘੰਟਾ ਘਰ ਦੇ ਗੁੰਬਦ ਅਤੇ ਅਜਾਇਬ ਘਰ ਗੋਲੀਆਂ ਨਾਲ ਛਾਨਣੀ ਹੋਏ ਪਏ ਸਨ। ਭਗਤ ਪੂਰਨ ਸਿੰਘ ਦੇ ਲਗਾਏ ਅੱਡੇ ਬੈਂਚ ਉੱਤੇ ਬੈਠੇ ਕੁਲਚੇ ਛੋਲੇ ਖਾਂਦੇ ਗੋਰਖੇ ਮਦਰਾਸੀ ਸਿਪਾਹੀ ਸ਼ਰਧਾਲੂਆਂ ਦੇ ਚਿਹਰੇ ਪਰਖਦੇ ਵੇਖਦੇ ਘੂਰ ਰਹੇ ਸਨ। ਹਰ ਅੰਦਰ ਆਉਣ ਵਾਲੇ ਨੂੰ ਸਕੈਨਿੰਗ ਮਸ਼ੀਨ ਵਿੱਚੋਂ ਗੁਜਰਨਾ ਪੈਂਦਾ ਸੀ।
ਸਾਰਾ ਵਾਤਾਵਰਨ ਗੰਧਲਾ ਤੇ ਧਵਾਂਖਿਆ ਪਿਆ ਸੀ। ਅਜਾਇਬ ਘਰ ਅੰਦਰ ਫੋਟੋਆਂ ਬੜੀ ਬੁਰੀ ਤਰ੍ਹਾਂ ਸੜੀਆਂ ਪਈਆਂ ਸਨ ਜਿਵੇਂ ਉਨ੍ਹਾਂ ਨੂੰ ਵੀ ਤਸੀਹੇ ਦੇ ਦੇ ਕੇ ਜ਼ਲੀਲ ਕਰ ਕਰ ਝਟਕਾਇਆ ਗਿਆ ਹੋਵੇ। ਪਰਕਰਮਾ ਵਿੱਚ ਕਿਧਰੇ ਕਿਧਰੇ ਡਾਂਗਰੀ ਵਾਲੇ ਫੌਜੀ ਝਾੜੂ, ਡਸਟਰ, ਬੌਹਕਰਾਂ ਤੇ ਪੋਚੇ ਫੜ੍ਹ ਕੇ ਸਫਾਈ ਕਰਦੇ ਆਪਣੇ ਕਮਾਏ ਪਾਪ ਦੇ ਨਿਸ਼ਾਨ ਮਿਟਾਉਣ ਦਾ ਯਤਨ ਕਰ ਰਹੇ ਸਨ। ਪਰਕਰਮਾ ਵਿਚਲੀ ਦੁੱਖ-ਭੰਜਨੀ ਬੇਰੀ ਅਤੇ ਹੋਰ ਦਰਖਤ ਪਤਝੜ ਸਮੇਂ ਦਾ ਵਿਕਰਾਲ ਰੂਪ ਧਾਰ ਕੇ ਹੰਝੂ ਕੇਰ ਰਹੇ ਆਪਣੀ ਹੋਣੀ ਦੀ ਗਾਥਾ ਸੁਣਾ ਰਹੇ ਸਨ।
ਬ੍ਰਹਮ ਬੂਟਾ ਅਖਾੜਾ ਦੇ ਨਾਲ ਦੀ ਪਾਣੀ ਟੈਂਕੀ, ਜਿਸ ਨੂੰ ਖਾੜਕੂ ਸੂਰਮਿਆਂ ਨੇ ਪਹਿਰਾ ਬੁਰਜ ਵਜੋਂ ਵਰਤਿਆ ਤੇ ਡਟ ਕੇ ਮੁਕਾਬਲਾ ਕੀਤਾ ਸੀ, ਵੀ ਢਹਿ ਢੇਰੀ ਥੱਲੇ ਲਟਕ ਰਹੀ ਸੀ। ਇੱਥੇ ਬੜੇ ਗਹੁ ਨਾਲ ਲੋਕ ਤਹਿਖ਼ਾਨੇ ਦੇ ਕਾਲਖ ਭਰੇ ਰੋਸ਼ਨਦਾਨ ਵਿੱਚੋਂ ਝੁਕਦੇ ਅੰਦਰ ਝਾਕਦੇ ਸਿਰ ਨਿਵਾ ਰਹੇ ਸਨ। ਇੱਥੇ ਹੀ ਛਿਪੇ ਕਿਸੇ ਮਰਦੇ ਮਰਦੇ ਅਣਖੀ ਜੋਧੇ ਨੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਗੋਲੀਆਂ ਦੀ ਬੁਛਾੜ ਸੇਧ ਕੇ ਆਪਣੇ ਮਨ ਦੀ ਭੜਾਸ ਕੱਢੀ ਸੀ ਤੇ ਨਿਸ਼ਾਨਾ ਖੁੰਝ ਜਾਣ ਕਰਕੇ ਫੌਜੀਆਂ ਦੇ ਢਾਹੇ ਚੜ੍ਹਨ ਤੋਂ ਪਹਿਲਾਂ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਹੂਤੀ ਪ੍ਰਾਪਤ ਕਰ ਲਈ ਸੀ।
ਮਰੀਆਂ ਮੱਛੀਆਂ ਅਤੇ ਮਨੁੱਖੀ ਮਾਸ ਦੀ ਸੜ੍ਹਾਂਦ ਬਦਬੂ ਨਾਲ ਨੱਕ ਬੰਦ ਕਰਨ ਨੂੰ ਦਿਲ ਕਰਦਾ ਸੀ। ਏਨੀ ਭਾਰੀ ਗੜਗੜਾਹਟ ਵਿੱਚ ਸਰੋਵਰ ਦੀਆਂ ਸਾਰੀਆਂ ਮੱਛੀਆਂ ਮਰ ਕੇ ਉੱਪਰ ਤਰ ਆਈਆ ਜੋ ਵੰਗਾਰੂ ਦਿਹਾੜੀਦਾਰਾਂ ਦੇ ਟਰੱਕਾਂ ਨੇ ਬਾਹਰ ਢੋਈਆਂ ਦੱਸੀਆਂ ਜਾਂਦੀਆਂ ਸਨ। 1965 ਦੀ ਭਾਰਤ ਪਾਕ ਜੰਗ ਸਮੇਂ ਮੈਂ ਲਾਹੌਰ ਲਾਗੇ ਇਚੋਗਿੱਲ ਨਹਿਰ ਦੇ ਕੰਢੇ ਡੋਗਰਾਈ ਕਸਬਾ ਅਤੇ 1971 ਵਿੱਚ ਸਿਆਲਕੋਟ ਦਾ ਨੈਣਾ ਕੋਟ ਕਸਬਾ ਵੇਖਿਆ ਸੀ ਜਦ ਭਾਰਤੀ ਫੌਜਾਂ ਨੇ ਘਮਸਾਨ ਲੜਾਈ ਲੜ ਕੇ ਪਾਕਿਸਤਾਨ ਦੇ ਇਹ ਇਲਾਕੇ ਜਿੱਤ ਲਏ ਸਨ। ਸਾਡੀ ਫੌਜ ਨੇ ਉਨ੍ਹਾਂ ਦੀਆਂ ਮਸਜਿਦਾਂ ਨੂੰ ਭੋਰਾ ਭਰ ਵੀ ਸੇਕ ਨਹੀਂ ਸੀ ਲੱਗਣ ਦਿੱਤਾ ਅਤੇ ਉਨ੍ਹਾਂ ਸ਼ਹਿਰਾਂ ਦੀ ਵੀ ਏਨੀ ਵਹਿਸ਼ੀਆਨਾ ਤਬਾਹੀ ਤੇ ਦੁਰਦਸ਼ਾ ਨਹੀਂ ਸੀ ਕੀਤੀ ਜਿੰਨੀ ਇਨ੍ਹਾਂ ਆਪਣਿਆਂ ਨਮਕ-ਹਰਾਮੀਆਂ ਬੇਕਿਰਕਾਂ ਨੇ ਆਪਣੇ ਵਿਹੜੇ ਰੱਬ ਦੇ ਘਰ ਦੀ ਕੀਤੀ।
ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਮਲਬੇ ਦੇ ਉੱਚੇ ਢੇਰ ਫਰੋਲਦੇ ਕੁੱਤੇ ਅਧ-ਕੱਜੀਆਂ ਅਧਨੰਗੀਆਂ ਰਹਿ ਗਈਆਂ ਲਾਸ਼ਾਂ ਦੀਆਂ ਲੱਤਾਂ ਬਾਂਹਾਂ ਘਸੀਟਦੇ ਖਾਂਦੇ ਹੱਡੀਆਂ ਚੱਬਦੇ ਆਉਂਦੇ ਜਾਂਦੇ ਸ਼ਰਧਾਲੂਆਂ ਨੂੰ ਦੰਦ ਦਿਖਾਉਂਦੇ ਘੂਰੀਆਂ ਵੱਟ ਰਹੇ ਸਨ। ਲੰਗਰ ਵਾਲੇ ਪਾਸੇ ਅਤੇ ਬਾਬਾ ਅਟੱਲ ਵਾਲੇ ਦਰਵਾਜ਼ੇ ਸੰਤਰੀਆਂ ਨੇ ਬੰਦ ਕਰ ਰੱਖੇ ਸਨ। ਮਿਲਟਰੀ ਦੇ ਟ੍ਰੈੱਕਟਰ ਅਤੇ ਬੁਲਡੋਜ਼ਰ ਖੜ੍ਹੇ ਆਪਣੀ ਕਾਰਗੁਜ਼ਾਰੀ ਤੇ ਆਪਣੇ ਪਿੰਡੇ ਥਾਪੀ ਮਾਰ ਰਹੇ ਲਗਦੇ ਸਨ।
ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਗੁਰੂ ਰਾਮ ਦਾਸ ਲਾਇਬਰੇਰੀ ਸਭ ਸੜ ਬਲ ਕੇ ਖੰਡਰ ਹੋ ਚੁੱਕੇ ਸਨ। ਲਾਇਬਰੇਰੀ ਦੇ ਅੰਦਰ ਦੀਆਂ ਅਲਮਾਰੀਆਂ ਦੀ ਕੀਤੀ ਫੋਲਾ-ਫਾਲੀ, ਭੰਨ ਤੋੜ ਅੱਧ-ਪਚੱਧੀਆਂ ਸੜੀਆਂ ਕਿਤਾਬਾਂ ਤੇ ਵਡਮੁੱਲੀ ਇਤਿਹਾਸਕ ਸਮੱਗਰੀ ਦਾ ਉਥਲ ਪੁਥਲ ਚੀਰ-ਹਰਨ ਦਿਨ-ਦਿਹਾੜੇ ਪਏ ਡਾਕੇ ਦੀ ਗਵਾਹੀ ਭਰ ਰਹੀਆ ਸਨ। ਲੰਗਰ ਵਿੱਚੋਂ ਸੜੀ ਹਜ਼ਾਰਾਂ ਬੋਰੀ ਕਣਕ, ਆਟਾ ਤੇ ਹੋਰ ਖਾਧ ਸਮੱਗਰੀ ਦੀ ਧਵਾਂਖ ਹੱਡਾਰੋੜੀ ਦੇ ਚੌਗਿਰਦੇ ਵਾਂਗ ਨੱਕ ਨੂੰ ਚੜ੍ਹ ਰਹੀ ਸੀ ਅਤੇ ਕਿਤੇ ਕਿਤੇ ਅਜੇ ਤੱਕ ਵੀ ਧੂੰਆਂ ਨਿਕਲ ਰਿਹਾ ਸੀ।
ਸਰਾਵਾਂ ਦੇ ਚੈਂਬਰਾਂ/ਤਹਿਖ਼ਾਨਿਆਂ ਦੇ ਝਰੋਖਿਆਂ ਵਿੱਚੋਂ ਅੱਗ ਅਤੇ ਧੂੰਏਂ ਦੀਆਂ ਲਪਟਾਂ ਨਿਕਲ ਕੇ ਜੰਮੀਆਂ ਪਈਆਂ ਸਨ, ਜਿੱਥੇ ਫਸੇ ਹਜ਼ਾਰਾਂ ਯਾਤਰੂ ਅੰਦਰ ਗੈਸ ਅਤੇ ਬੰਬ ਮਾਰ ਕੇ ਖਤਮ ਕੀਤੇ ਗਏ ਸਨ। ਪਰਕਰਮਾਂ ਵਿੱਚ ਬਾਬਾ ਦੀਪ ਸਿੰਘ ਦੇ ਥੜ੍ਹੇ ਤੱਕ ਪੇਂਡੂ ਪਹੇ ਵਾਂਗ ਟੈਂਕਾਂ ਦੀਆ ਕੜੀਆਂ ਦੀਆਂ ਲੀਹਾਂ ਘਾਸੀਆਂ ਖੁਭੀਆਂ ਹੋਈਆਂ ਸਨ। ਇੱਕ ਨੁੱਕਰੇ ਹਾਰਮੋਨੀਅਮ, ਤਬਲਾ ਤੇ ਢੋਲਕੀ ਛੈਣੇ ਟੁੱਟੇ ਭੱਜੇ ਅੱਧ-ਸੜੇ ਖਿੱਲਰੇ ਮਰਸੀਆ ਵਿਰਲਾਪ ਕਰ ਰਹੇ ਸਨ, ਜਿੱਥੇ ਕੋਈ ਜਥਾ ਸਿਖਿਆਰਥੀਆਂ ਨੂੰ ਸੰਗੀਤ ਸਿਖਾਉਂਦਾ ਕੋਹ ਮਾਰਿਆ ਹੋਵੇਗਾ।
ਅਕਾਲ ਦਾ ਤਖਤ ਬੁਰੀ ਤਰ੍ਹਾਂ ਢੱਠਾ ਵੈਰਾਨੀ ਦਾ ਦ੍ਰਿਸ਼ ਪੇਸ਼ ਕਰ ਰਿਹਾ ਸੀ। ਪਰਕਰਮਾ ਦੇ ਕਮਰਾ ਨੰਬਰ 36, ਜਿੱਥੇ ਕੁਝ ਦਿਨ ਪਹਿਲਾਂ ਹੀ ਮੈਂ ਸੁਖਦੇਵ ਸਿੰਘ ਸਖੀਰਾ ਤੇ ਗੁਰਚਰਨ ਸਿੰਘ ਮਾਨੋਚਾਹਲ ਦੀ ਮੇਜ਼ਬਾਨੀ ਵਿੱਚ ਕੁਝ ਪਲ ਬਿਤਾਏ ਸਨ, ਵਿੱਚ ਅੱਧਜਲੀਆਂ ਦਸਤਾਰਾਂ, ਬਸਤਰ ਤੇ ਗਰਮ ਬਰੂਦ ਨਾਲ ਸੜੀਆਂ ਵਿੰਗੀਆਂ ਹੋਈਆਂ ਤਲਵਾਰਾਂ ਆਪਣੇ ਮਾਲਕਾਂ ਦੀ ਗੈਰਹਾਜ਼ਰੀ ਦਾ ਸੰਤਾਪ ਹੰਢਾ ਰਹੀਆ ਸਨ। ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਸੀ ਪਰ ਬਾਅਦ ਵਿੱਚ ਠੰਡ-ਠੰਡਾਉੜੇ ਸਮੇਂ ਉਹ ਉਜਾਗਰ ਹੋ ਗਏ ਤੇ ਆਪਣੀ ਅਖੀਰਲੀ ਘੜੀ ਔਧ ਤੱਕ ਭਿੰਡਰਾਂਵਾਲਾ ਦੀ ਦੱਸੀ ਲੀਹ ਤੇ ਸਤਰਕ ਫੁੱਲ ਚੜ੍ਹਾਉਂਦੇ ਸਿੱਖ ਕੌਮ ਦੀ ਅਗਵਾਈ ਕਰਦੇ ਰਹੇ। ਲੋਕ ਅਕਾਲ ਤਖਤ ਦੀ ਪਿਛਵਾੜੀ ਖੂਹ ਦੇ ਵੀ ਪੁੱਜ ਕੇ ਉਚੇਚੇ ਦਰਸ਼ਨ ਕਰ ਰਹੇ ਸਨ, ਜਿੱਥੇ ਕਈ ਖਾੜਕੂ ਨੌਜਵਾਨ ਬਾਹਰ ਨਿਕਲਦੇ ਸਮੇਂ ਡਿੱਗ ਕੇ ਗਰਕ ਹੋ ਗਏ। ਇਹ ਵੀ ਜੱਲਿਆਂ-ਵਾਲੇ ਬਾਗ ਵਿਚਲੇ ਖੂਹ ਵਾਂਗ ਪੂਜਣਯੋਗ ਬਣ ਗਿਆ।
ਘੰਟਾ ਘਰ, ਪਰਕਰਮਾਂ ਅਤੇ ਦਰਸ਼ਨੀ ਡਿਓੜੀ ਵਿੱਚ ਕੁਝ ਸੇਵਾਦਾਰ ਸ਼ਰਧਾਲੂਆਂ ਨੂੰ ਸੌ ਸਾਖੀ ਦੇ ਨਾਮ ਦੇ ਪੇਸ਼ੀਨਗੋਈ ਕਰਦੇ ਪੈਂਫਲਿਟ/ਪਰਚੇ ਵੰਡ ਰਹੇ ਸਨ ਕਿ ਕਦੇ ਦਰਬਾਰ ਸਾਹਿਬ ਦੀਆਂ ਪਰਕਰਮਾ ਵਿੱਚ ਏਨਾ ਲਹੂ ਡੁੱਲੇ ਗਾ ਕਿ ਘੋੜੇ ਦੇ ਸੁੰਮ ਡੁੱਬਣ ਗੇ। ਲੋਕ ਇਸ ਨੂੰ ਧੁਰ ਦਾ ਫੁਰਮਾਣੁ ਤੇ ਰੱਬੀ ਭਾਣਾ ਮੰਨ ਕੇ ਹੱਥ ਜੋੜ ਰਹੇ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀ ਅਕਾਲੀ ਲੀਡਰਸ਼ਿਪ ਲੋਕ-ਤਬਸਰੇ ਦੇ ਗੁੱਸੇ ਦਾ ਕੇਂਦਰ ਬਣ ਰਹੀ ਸੀ। ਪ੍ਰਬੰਧਕੀ ਤਿੱਕੜੀ ਹਜ਼ਾਰਾਂ ਮਸੂਮ ਭੁੱਖਣ-ਭਾਣੀਆਂ ਜਿੰਦਾਂ ਨੂੰ ਗੋਲੀਆਂ ਦੀਆਂ ਬੁਛਾੜਾਂ ਦੇ ਸਾਹਮਣੇ ਡਾਹ ਕੇ ਆਪ ਹੱਥ ਖੜ੍ਹੇ ਕਰ ਕੇ ਭਾਰਤੀ ਫੌਜ ਸਾਹਮਣੇ ਆਤਮ-ਸਮ੍ਰਪਣ ਕਰਕੇ ਆਪਣੀਆਂ ਜਾਨਾਂ ਬਚਾਉਣ ਖਾਤਰ ਬਾਹਰ ਨਿਕਲਦੇ ਟੀ. ਵੀ. ਨੇ ਦਿਖਾਏ ਸਨ, ਜਿਸ ਨੂੰ ਵੇਖ ਕੇ ਦਰਸ਼ਕ ਦੁਰ-ਲਾਅਨਤ ਕਰ ਰਹੇ ਸਨ।
ਹਰਿਮੰਦਰ ਸਾਹਿਬ ਅੰਦਰਲੀ ਇਮਾਰਤ 'ਤੇ 150 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਮੈਂ ਆਪ ਗਿਣੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਵੀ ਗੋਲੀਆਂ ਤੋਂ ਨਹੀਂ ਸੀ ਬਚ ਸਕੀ। ਟੱਟੀ ਪਿਸ਼ਾਬ ਤੋਂ ਆਤੁਰ ਅੰਦਰ ਫਸੇ ਸ਼ਰਧਾਲੂ ਅਤੇ ਕਰਿੰਦੇ ਗੋਲੀਆਂ ਸੰਗੀਨਾਂ ਤੋਂ ਬਚਦੇ ਸਰੋਵਰ ਵਿੱਚ ਛਾਲਾਂ ਮਾਰ ਕੇ ਬਚ ਨਿਕਲਨ ਦੀ ਆੜ ਵਿੱਚ ਉੱਪਰੋਂ ਗੋਲੀਆਂ ਦਾ ਨਿਸ਼ਾਨਾ ਬਣਦੇ ਮੱਛੀਆਂ ਵਾਂਗ ਨਿਰਜਿੰਦ ਲਾਸ਼ਾਂ ਬਣ ਪਾਣੀ ਉੱਪਰ ਤਰਨ ਲੱਗੇ ਸਨ।
ਇੱਕ ਇੱਲ ਜਾਂ ਬਾਜ ਵਰਗਾ ਕੋਈ ਪੰਛੀ ਆਕਾਸ਼ ਵਿੱਚ ਮੰਡਰਾਉਣ ਲੱਗਾ ਯਾਤਰੂਆਂ ਦਾ ਧਿਆਨ ਖਿੱਚ ਬੈਠਾ। ਇਹ ਬਾਜ ਕਈ ਦਿਨਾਂ ਦਾ ਚੱਕਰ ਮਾਰਦਾ ਅਕਾਲ ਤਖ਼ਤ ਦੇ ਨਿਸ਼ਾਨ ਸਾਹਿਬ 'ਤੇ ਆ ਕੇ ਬੈਠ ਜਾਂਦਾ ਪਰ ਅੱਜ ਇਸ ਨੂੰ ਬੈਠਣ ਦੀ ਜਗ੍ਹਾ ਨਹੀਂ ਬਚੀ। ਲੋਕ ਇਸ ਦੀ ਆਮਦ ਨੂੰ ਸ਼ੁੱਭ ਸੰਦੇਸ਼ ਸਮਝਦੇ ਕਿ ਇਹ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਹੋਇਆ ਦੂਤ ਹੈ ਕਿ ਸਿੰਘੋ ਹੌਂਸਲਾ ਨਹੀਂ ਹਾਰਨਾ, ਚੜ੍ਹਦੀ ਕਲਾ ਵਿੱਚ ਰਹਿਣਾ ਹੈ।
ਖੰਡਰ ਹੋਏ ਅਕਾਲ ਤਖਤ ਦੇ ਸਾਹਮਣੇ ਪਰਕਰਮਾਂ ਵਿੱਚ ਖੜ੍ਹਾ ਹੈੱਡ ਜਥੇਦਾਰ ਗਿਆਨੀ ਕਿਰਪਾਲ ਸਿੰਘ ਪੀੜਤ ਦੁਖੀ ਹਮਦਰਦੀਆਂ ਦੀ ਇਕੱਠੀ ਹੋਈ ਉਤਸੁਕ ਭੀੜ ਨੂੰ ਇਨ੍ਹਾਂ ਸਾਰੇ ਦਿਨਾਂ ਦੀ ਦਾਸਤਾਨ ਸੁਣਾ ਰਿਹਾ ਸੀ। ਉਸ ਨੇ ਹੀ ਰੇਡੀਓ ਟੀ. ਵੀ. 'ਤੇ ਸੰਦੇਸ਼ ਦਿੱਤਾ ਸੀ ਕਿ ਕੋਠਾ ਸਾਹਿਬ, ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦਾ ਕੁਝ ਨਹੀਂ ਵਿਗੜਿਆ ਤੇ ਤੋਸ਼ਾਖ਼ਾਨਾ ਸਭ ਠੀਕ ਠਾਕ ਹਨ, ਸਿਰਫ਼ ਪਰਕਰਮਾ ਹੀ ਥੋੜੀ ਜਿਹੀ ਟੁੱਟੀ ਹੈ। ਉਸ ਦੇ ਗਲ਼ੋਂ ਫੜ੍ਹ ਕੇ ਘਸੀਟਦੀ ਖੂੰਖਾਰ ਹੋਈ ਇਕ ਬੀਬੀ ਉਸ ਨੂੰ ਫਿੱਟ-ਲਾਅਨਤ ਕਰਦੀ ਕੋਸ ਰਹੀ ਮੈਂ ਆਪਣੀ ਅੱਖੀਂ ਦੇਖੀ ਸੀ। ਉਸ ਨੂੰ ਵੇਖ ਕੇ ਹੋਰ ਸ਼ਰਧਾਲੂ ਵੀ ਹਿੰਸਕ ਹੁੰਦੇ ਵੇਖੇ ਗਏ।
ਇਸ ਗਰਮਾ-ਗਰਮੀ, ਖੋਹਾ-ਮਾਹੀ ਤੇ ਭਗਦੜ ਕਰਕੇ ਦੱਖਣੀ ਘੰਟਾ ਘਰ ਦੇ ਫੌਜੀ ਦਫ਼ਤਰ ਵਿੱਚੋਂ ਧੂਤੂਆਂ ਰਾਹੀਂ ਚੇਤਾਵਨੀ ਨਾਲ ਸਭ ਯਾਤਰੂਆਂ ਨੂੰ ਜਲਦੀ ਬਾਹਰ ਨਿਕਲਨ ਦੇ ਹੁਕਮ ਚੜ੍ਹਾ ਦਿੱਤੇ ਗਏ। ਸ਼ਹਿਰ ਦੀ ਪੁਰਾਣੀ ਦੀਵਾਰ ਦੇ ਅੰਦਰਲੇ ਇਲਾਕੇ ਵਿੱਚ ਛੇ ਘੰਟੇ ਚੱਲਣ ਵਾਲੀ ਢਿੱਲ ਨੂੰ ਖਤਮ ਕਰਕੇ ਮੁੜ ਕਰਫਿਊ ਲਗਾ ਦਿੱਤਾ ਗਿਆ ਸੀ।
ਸਿੱਖ ਸੰਗਤਾਂ ਦੇ ਰੋਹ ਨੂੰ ਭਾਂਪ ਕੇ ਸਰਕਾਰ ਦਾ ਪਹਿਲਾ ਕੰਮ ਹੁਣ ਇਸ ਢੱਠੀ ਹੋਈ ਇਮਾਰਤ ਦੀ ਮੁੜ ਉਸਾਰੀ ਕਰਨਾ ਸੀ। ਬਾਬਾ ਸੰਤਾ ਸਿੰਘ ਜੋ ਸਰਕਾਰੀ ਏਜੰਟ ਹੀ ਸੀ, ਬੂਟਾ ਸਿੰਘ ਦੀ ਵਿਚੋਲਗੀ ਨਾਲ ਕਾਰ ਸੇਵਾ ਕਰਨ ਲਈ ਮੰਨ ਗਿਆ ਤੇ ਮਿਲਟਰੀ ਦੀ ਦੇਖ-ਰੇਖ ਵਿੱਚ ਸਰਕਾਰੀ ਖਰਚ 'ਤੇ ਅਕਾਲ ਤਖਤ ਮੁਕੰਮਲ ਹੋ ਗਿਆ। ਸਿੱਖ ਸੰਗਤਾਂ ਵਲੋਂ ਇਸ ਤਖਤ ਨੂੰ ਸਰਕਾਰੀ ਤਖਤ ਗਰਦਾਨਿਆ ਗਿਆ। ਉਨ੍ਹਾਂ ਦੀ ਕੀਤੀ ਸਰਕਾਰੀ ਕਾਰ ਸੇਵਾ ਸਿੱਖ ਸੰਗਤ ਨੂੰ ਮਨਜ਼ੂਰ ਨਾ ਹੋਈ ਤੇ ਫਿਰ ਉਹ 'ਸਰਕਾਰੀ ਅਕਾਲ ਤਖ਼ਤ' ਮੁੜ ਤੋਂ ਢਾਹ ਕੇ ਸਿੱਖ ਸੰਗਤਾਂ ਨੇ ਆਪ ਆਪਣੇ ਹੱਥੀਂ ਆਪਣਾ ਨਵਾਂ ਸੁੰਦਰ ਸੁਨਹਿਰੀ ਅਕਾਲ ਤਖਤ ਬਣਾਇਆ।
ਪਹਿਲੇ ਹਮਲੇ ਵਿਦੇਸ਼ੀ ਜਰਵਾਣਿਆਂ ਧਾੜਵੀਆਂ ਦੇ ਹੱਥੋਂ ਸਨ, ਜਿਨ੍ਹਾਂ ਦਾ ਖਾਸ ਮੰਤਵ ਭਾਰਤ ਵਰਗੇ ਦੇਸ਼ ਅਮੀਰ ਸੋਨ ਚਿੜੀ ਨੂੰ ਲੁੱਟਣ ਤੋਂ ਇਲਾਵਾ ਕਬਜ਼ਾ ਕਰਨਾ ਵੀ ਸੀ ਪਰ ਇਹ ਹਮਲਾ ਨਿਰੋਲ ਆਪਣੇ ਹੀ ਘਰਦਿਆਂ ਵਲੋਂ ਆਪਣੇ ਘਰ 'ਤੇ ਹੋਇਆ ਵਹਿਸ਼ੀਆਨਾ ਸ਼ਰਮਨਾਕ ਕਾਰਾ ਸੀ, ਜਿਸ ਦਾ ਮੂਲ ਮਕਸਦ ਸਿੱਖਾਂ ਦੀ ਪ੍ਰਭੂਸੱਤਾ ਅਤੇ ਚੜ੍ਹਦੀ ਕਲਾ ਨੂੰ ਵੰਗਾਰਨਾ ਤੇ ਪਛਾੜਨਾ ਸੀ। ਇਸ ਨੇ ਸਾਰੇ ਸੰਸਾਰ ਦੇ ਸਿੱਖ ਹਿਰਦੇ ਵਲੂੰਧਰ ਕੇ ਛਲਨੀ ਛਲਨੀ ਕਰ ਦਿੱਤੇ। ਪਰਕਰਮਾਂ ਦਰੜਦੀਆਂ ਟੈਂਕਾਂ ਸਿੱਖਾਂ ਦੇ ਸੀਨੇ ਦਰੜ ਰਹੀਆਂ ਸਨ ਤੇ ਅਕਾਲ ਤਖ਼ਤ ਤੇ ਵਰ੍ਹਦੇ ਬੰਬ ਅਸਲ ਵਿੱਚ ਸਿੱਖਾਂ ਦੇ ਸਿਰਾਂ 'ਤੇ ਹੀ ਘਾਣ ਮਚਾ ਰਹੇ ਸਨ। ਪੰਜਾਬ ਦੇ ਬਲਵਾਨ ਪਿੰਡੇ ਉੱਤੇ ਪਈਆਂ ਲਾਸਾਂ ਦੇ ਦਾਗ਼ ਤੇ ਝਰੀਟਾਂ ਪਾਉਣ ਵਾਲੀਆਂ ਕਰੂਰ ਕਿਰਿਆਵਾਂ ਕਈ ਸਦੀਆਂ ਤੱਕ ਲਿਸ਼ਕਦੀਆਂ ਤੇ ਰਿਸਦੀਆਂ ਰਹਿਣਗੀਆਂ। ਇਹ ਨਾਸੂਰ ਭਾਰਤ ਸਰਕਾਰ ਦੀਆਂ ਕੀਤੀਆਂ ਵਧੀਕੀਆਂ ਦੇ ਮੂੰਹ ਚਿੜਾਉਂਦੇ ਨਿਸ਼ਾਨ-ਚਿੰਨ੍ਹ ਹਨ।
ਇਸ ਘੱਲੂਘਾਰੇ ਦੇ ਪ੍ਰਤੀਕਰਮ ਵਜੋਂ ਛੇਤੀ ਹੀ ਸੁੱਖਾ ਜਿੰਦਾ ਦੀ ਬਹਾਦਰੀ ਨੇ ਜਨਰਲ ਵੈਦਯ ਜੋ ਇਸ ਹਮਲੇ ਸਮੇਂ ਫੌਜੀ ਕਮਾਂਡਰ ਸੀ ਅਤੇ ਇੰਦਰਾ ਗਾਂਧੀ ਦੀ ਦਰਬਾਰ ਸਾਹਿਬ ਫੇਰੀ ਸਮੇਂ ਹੁੱਬ ਹੁੱਬ ਕੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰ ਰਿਹਾ ਸੀ, ਨੂੰ ਪੂਨੇ ਜਿਹੇ ਦੁਰਾਡੇ ਖੇਤਰ ਵਿੱਚ ਪਹੁੰਚ ਕੇ ਮੌਤ ਦੇ ਘਾਟ ਉਤਾਰ ਕੇ ਵਿੜ੍ਹੀ ਲਾਹ ਕੇ ਸਿੱਖਾਂ ਦੀ ਜਾਗਦੀ ਅਣਖ ਦੀ ਗਵਾਹੀ ਛਾਪ ਦਿੱਤੀ। ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਵਰਗੇ ਸਿਰਲੱਥ ਜੋਧਿਆਂ ਨੇ ਇਸ ਦਾ ਬਦਲਾ ਲੈਣ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਬਕ ਸਿਖਾਉਣ ਲਈ ਬਹੁਤੀ ਦੇਰ ਨਾ ਲਾਈ ਭਾਵੇਂ ਇਸ ਵਾਸਤੇ ਸਿੱਖ ਕੌਮ ਨੂੰ ਇਕੇਰਾਂ ਦੋਬਾਰਾ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਭਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ।
'ਜਿੱਥੇ ਲਹੂ ਸਿੱਖਾਂ ਦਾ ਡੁੱਲੂ, ਉਥੇ ਹਨ੍ਹੇਰੀ ਲਾਲ ਝੁੱਲੂ।' ਸਿੱਖਾਂ ਦੇ ਡੁੱਲੇ ਖੂਨ ਵਿੱਚੋਂ ਉਤਪੰਨ ਹੋਏ ਹਜ਼ਾਰਾਂ ਸਿਰਲੱਥ ਸਿਰੜੀ ਮਰਜੀਵੜੇ ਸਿਰਾਂ 'ਤੇ ਕਫ਼ਨ ਬੰਨ੍ਹ ਕੇ ਸਮੇਂ ਸਮੇਂ ਇਨ੍ਹਾਂ ਸ਼ਹਾਦਤਾਂ ਦਾ ਖ਼ਲਾਅ ਭਰਦੇ ਰਹੇ।
ਮੈਂ ਉਸ ਮਹਾਨ ਸ਼ਹੀਦ ਨੂੰ ਅਤੇ ਉਸ ਦੇ ਨਾਲ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਹੋਰ ਹਜ਼ਾਰਾਂ ਗੌਲ਼ੇ ਅਣਗੌਲੇ ਸ਼ਹੀਦਾਂ ਨੂੰ ਸਿਰ ਨਿਵਾਉਂਦਾ ਪ੍ਰਣਾਮ ਕਰਦਾ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅਕਾਲ ਪੁਰਖ ਅੱਗੇ ਅਰਦਾਸ ਜੋਦੜੀ ਕਰਦਾ ਹਾਂ ਕਿ ਇਸ ਬਿਖੜੀ ਹੋਈ ਸਿੱਖ ਕੌਮ ਨੂੰ ਸਿੱਧੇ ਰਸਤੇ ਪਾਵੇ, ਸੁਮੱਤ ਬਖ਼ਸ਼ੇ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023