Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ

Posted on July 16th, 2021

ਇਹ ਸੱਚ ਹੈ ਕਿ ਕੌਮਾਂ ਸਦਾ ਕੁਰਬਾਨੀਆਂ 'ਤੇ ਜਿਊਂਦੀਆਂ ਹਨ। ਉਸ ਕੌਮ ਦੇ ਇਤਿਹਾਸ ਨੂੰ ਲੋਕ ਸਜਦਾ ਕਰਦੇ ਹਨ ਜੋ ਹਰ ਬਿਪਤਾ ਨੂੰ ਹੱਸ ਕੇ ਜਰਦੀਆਂ ਹਨ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਤੱਤੀਆਂ ਤਵੀਆਂ ਦੇ ਸੇਕ ਨੂੰ ਆਪਣੇ ਸਿਦਕ ਤੇ ਰੱਬ ਦੇ ਭਾਣੇ 'ਚ ਰਹਿ ਕੇ ਠੰਢਾ ਕੀਤਾ ਉੱਥੇ ਸਿੱਖੀ ਦੇ ਪੈਰੋਕਾਰਾਂ ਨੇ ਵੀ ਸਿਦਕਦਿਲੀ ਨਾਲ ਰੰਬੀ ਤੇ ਤੇਗਾਂ ਦੀਆਂ ਧਾਰਾਂ ਦੇ ਮੂੰਹ ਮੋੜੇ। ਆਮ ਮਨੁੱਖ ਮੌਤ ਦੇ ਨਾਂ ਤੋਂ ਥਰ-ਥਰ ਕੰਬਦਾ ਹੈ ਪਰ ਕਲਗੀਧਰ ਪਾਤਸ਼ਾਹ ਤੋਂ ਥਾਪੜਾ ਲੈਣ ਵਾਲੇ ਯੋਧਿਆਂ ਤੋਂ ਤਾਂ ਮੌਤ ਵੀ ਭੈਅ ਖਾ ਜਾਂਦੀ ਰਹੀ ਹੈ। ਉੱਚੇ-ਸੁੱਚੇ ਆਸ਼ੇ ਦੀ ਪੂਰਤੀ ਲਈ ਇਨ੍ਹਾਂ ਮਰਜੀਵੜਿਆਂ ਨੂੰ ਖੋਪਰੀਆਂ ਲਹਾਉਣੀਆਂ ਪਈਆਂ ਪਰ ਉਨ੍ਹਾਂ ਸਿੱਖੀ ਸਿਦਕ ਨਹੀਂ ਹਾਰਿਆ। ਇਨ੍ਹਾਂ ਸਿੰਘਾਂ ਵਿਚ ਸ਼ਹੀਦ ਭਾਈ ਤਾਰੂ ਸਿੰਘ ਜੀ ਵੀ ਨਾਂ ਸ਼ਾਮਿਲ ਹੈ।

ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਵਿਖੇ ਹੋਇਆ। ਬਚਪਨ 'ਚ ਹੀ ਆਪ ਦੇ ਪਿਤਾ ਅਕਾਲ ਚਲਾਣਾ ਕਰ ਗਏ ਸਨ। ਆਪ ਦੀ ਮਾਤਾ ਬਹੁਤ ਨੇਕ ਸੁਭਾਅ ਤੇ ਭਜਨੀਕ ਬਿਰਤੀ ਵਾਲੀ ਔਰਤ ਸੀ। ਉਸ ਨੇ ਭਾਈ ਤਾਰੂ ਸਿੰਘ ਦੇ ਮਨ 'ਚ ਗੁਰੂ ਸਾਹਿਬਾਨ, ਗੁਰਬਾਣੀ ਤੇ ਸਿੱਖ ਇਤਿਹਾਸ ਪ੍ਰਤੀ ਅਜਿਹਾ ਸਤਿਕਾਰ ਪੈਦਾ ਕੀਤਾ ਕਿ ਭਾਈ ਸਾਹਿਬ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਲੱਗੇ। ਭਾਈ ਤਾਰੂ ਸਿੰਘ ਜੀ ਬੀੜ ਬਾਬਾ ਬੁੱਢਾ ਜੀ ਤੇ ਨੇੜਲੇ ਜੰਗਲਾਂ 'ਚ ਵਸਦੇ ਸਿੰਘਾਂ ਨੂੰ ਰਸਦਾਂ ਵੀ ਪਹੁੰਚਾਉਂਦੇ ਸਨ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਬਾਹਰੀ ਹਮਲਾਵਰਾਂ ਨਾਲ ਜੂਝਣਾ ਪੈ ਰਿਹਾ ਸੀ ਪਰ ਭਾਈ ਤਾਰੂ ਸਿੰਘ ਜੀ ਸੰਕਟ ਦੇ ਇਸ ਸਮੇਂ ਵੀ ਆਪਣੇ ਨਗਰ ਖੇੜੇ ਵਿਚ ਬੇਖ਼ੌਫ਼ ਵਿਚਰਦੇ ਸਨ।

ਜੰਡਿਆਲੇ ਦਾ ਵਸਨੀਕ ਹਰਭਗਤ ਨਿਰੰਜਨੀਆ, ਜਿਸ ਦੇ ਵਡੇਰਿਆਂ ਦੀ ਬਾਂਹ ਗੁਰੂ ਤੇਗ ਬਹਾਦਰ ਜੀ ਨੇ ਫੜੀ ਸੀ, ਉਹ ਵੀ ਗੁਰੂ ਘਰ ਦਾ ਅਕ੍ਰਿਤਘਣ ਸਾਬਤ ਹੋਇਆ। ਉਹ।ਗੁਰੂ ਘਰ ਦੇ ਪਿਆਰਿਆਂ ਲਈ ਘਾਤਕ ਬਣ ਚੁੱਕਾ ਸੀ। ਉਸ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਕੋਲ ਚੁਗਲੀ ਕੀਤੀ ਕਿ “ਪੂਹਲੇ ਪਿੰਡ ਵਿਚ ਵਸਦਾ ਤਾਰੂ ਸਿੰਘ ਆਪਣੇ ਘਰ ਆਏ ਸਿੱਖਾਂ ਨੂੰ ਅੰਨ-ਜਲ ਛਕਾਉਂਦਾ ਹੈ, ਰਾਤ ਰਹਿਣ ਦੀ ਠਹਿਰ ਵੀ ਦਿੰਦਾ ਹੈ। ਉਸ ਦੇ ਇਸ ਤਰ੍ਹਾਂ ਕਰਨ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਜਾਨ-ਮਾਲ ਦਾ ਖ਼ਤਰਾ ਰਹਿੰਦਾ ਹੈ।'' ਉਸ ਨੇ ਜ਼ਕਰੀਆ ਖ਼ਾਨ ਨੂੰ ਇਹ ਵੀ ਆਖਿਆ ਕਿ ਤਾਰੂ ਸਿੰਘ ਹਕੂਮਤ ਦੇ ਬਾਗ਼ੀਆਂ ਦੀ ਮਦਦ ਕਰਨ ਦੇ ਨਾਲ-ਨਾਲ ਮੁਖ਼ਬਰੀ ਦਾ ਕੰਮ ਵੀ ਕਰਦਾ ਹੈ।'' ਇਸ ਤਰ੍ਹਾਂ ਹਰਭਗਤ ਨਿਰੰਜਨੀਏ ਨੇ ਕਈ ਝੂਠੀਆਂ ਕਹਾਣੀਆਂ ਘੜ ਕੇ ਜ਼ਕਰੀਆ ਖ਼ਾਨ ਦੇ ਕੰਨ ਭਰ ਦਿੱਤੇ।

ਸਰਕਾਰ ਉਮੀਦ ਰੱਖਦੀ ਸੀ ਕਿ ਪਿੰਡਾਂ 'ਚ ਰਹਿ ਰਹੇ ਵਿਰਲੇ-ਟਾਵੇਂ ਸਿੱਖ ਸਰਕਾਰ ਦੀ ਹਾਂ 'ਚ ਹਾਂ ਮਿਲਾ ਕੇ ਚੱਲਣ ਤੇ ਸਰਕਾਰੀ ਨਿਜ਼ਾਮ ਪ੍ਰਤੀ ਵਫ਼ਾਦਾਰ ਰਹਿਣ ਪਰ ਭਾਈ ਤਾਰੂ ਸਿੰਘ ਵਰਗੇ ਸਿੱਖ ਆਪਣੀ ਸੁਖ-ਸ਼ਾਂਤੀ ਦੀ ਥਾਂ ਆਪਣੇ ਸਿਰਲੱਥ ਸੂਰਮੇਂ ਭਰਾਵਾਂ ਦੀ ਲੋੜ ਪੈਣ 'ਤੇ ਡਟਵੀਂ ਮਦਦ ਕਰਦੇ ਰਹਿੰਦੇ ਸਨ ਤੇ ਉਨ੍ਹਾਂ ਨੂੰ ਆਉਣ ਵਾਲੇ ਖ਼ਤਰਿਆਂ ਤੋਂ ਵੀ ਜਾਣੂ ਕਰਵਾਉਂਦੇ ਸਨ। ਸੂਬੇਦਾਰ ਜ਼ਕਰੀਆ ਖ਼ਾਨ ਨੇ ਹਰਭਗਤ ਨਿਰੰਜਨੀਏ ਦੀ ਚੁੱਕ 'ਚ ਆ ਕੇ ਬਿਨਾਂ ਪੁੱਛ-ਪੜਤਾਲ ਤੋਂ ਭਾਈ ਤਾਰੂ ਸਿੰਘ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ।

ਹੁਕਮ ਤਹਿਤ ਡੇਢ ਕੁ ਦਰਜਨ ਪੁਲਸੀਏ ਪੈਦਲ ਚੱਲ ਕੇ ਪਿੰਡ ਪੂਹਲਾ ਵਿਖੇ ਆਏ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਿਜਾ ਰਹੇ ਸਨ ਤਾਂ ਪੂਹਲੇ ਪਿੰਡ ਦੇ ਵਸਨੀਕਾਂ ਨੇ ਭਾਈ ਸਾਹਿਬ ਦੀਆਂ ਨੇਕੀਆਂ ਨੂੰ ਮੁੱਖ ਰੱਖਦਿਆਂ ਇਸ ਨਾਜਾਇਜ਼ ਗ੍ਰਿਫ਼ਤਾਰੀ ਵਿਰੱਧ ਹਾਅ ਦਾ ਨਾਅਰਾ ਵੀ ਮਾਰਿਆ ਪਰ ਹਕੂਮਤ ਦੇ ਬੋਲੇ ਕੰਨਾਂ 'ਤੇ ਇਸ ਦਾ ਕੋਈ ਅਸਰ ਨਾ ਹੋਇਆ। ਰਸਤੇ 'ਚ ਪਿੰਡ ਭੜਾਣੇ ਦੇ ਸਿੱਖਾਂ ਨੇ ਨਿਰਦੋਸ਼ ਭਾਈ ਤਾਰੂ ਸਿੰਘ ਨੂੰ ਛੁਡਾਉਣ ਲਈ ਜਦੋਂ ਸਿਪਾਹੀਆਂ ਨਾਲ ਦੋ-ਦੋ ਹੱਥ ਕਰਨੇ ਚਾਹੇ ਤਾਂ ਭਾਈ ਸਾਹਿਬ ਨੇ ਅਜਿਹਾ ਕਰਨ ਤੋਂ ਵਰਜ ਦਿੱਤਾ।

ਲਾਹੌਰ ਪਹੁੰਚ ਕੇ ਭਾਈ ਤਾਰੂ ਸਿੰਘ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ ਤੇ ਉਨ੍ਹਾਂ ਨੂੰ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ ਪਰ ਭਾਈ ਤਾਰੀ ਸਿੰਘ ਜੀ ਚੜ੍ਹਦੀ ਕਲਾ 'ਚ ਰਹੇ। ਅਖ਼ੀਰ ਭਾਈ ਤਾਰੂ ਸਿੰਘ ਨੂੰ ਨਵਾਬ ਜ਼ਕਰੀਆ ਖ਼ਾਨ ਸਾਹਮਣੇ ਪੇਸ਼ ਕੀਤਾ ਗਿਆ। ਨਿਧੜਕ ਹੋ ਕੇ ਭਾਈ ਸਾਹਿਬ ਨੇ ਖ਼ਾਨ ਨੂੰ ਆਖਿਆ, “ਅਸੀਂ ਸਰਕਾਰ ਨੂੰ ਜ਼ਮੀਨ ਦਾ ਮਾਲੀਆ ਤੇ ਟੈਕਸ ਦਿੰਦੇ ਹਾਂ। ਬਾਕੀ ਜੋ ਮਿਹਨਤ ਸਾਡੇ ਪੱਲੇ ਪੈਂਦੀ ਹੈ, ਉਸ ਵਿੱਚੋਂ ਅਸੀਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇ ਨਵਾਬ! ਤੂੰ ਹੀ ਦੱਸ ਇਸ ਵਿਚ ਤੇਰੇ ਖਜ਼ਾਨੇ 'ਚੋਂ ਕੀ ਜਾਂਦਾ ਹੈ, ਜਿਸ ਦੀ ਤੂੰ ਸਾਨੂੰ ਸਜ਼ਾ ਦੇ ਰਿਹਾ ਹੈਂ?''

ਭਾਈ ਤਾਰੂ ਸਿੰਘ ਦੀਆਂ ਬੁਲੰਦ ਆਵਾਜ਼ 'ਚ ਖਰੀਆਂ-ਖਰੀਆਂ ਸੁਣ ਕੇ ਜ਼ਕਰੀਆ ਖ਼ਾਨ ਨੂੰ ਸੱਤੀਂ ਕੱਪੜੀਂ ਅੱਗ ਲਗ ਗਈ। ਦਲੀਲ ਭਰਿਆ ਉੱਤਰ ਦੇਣ ਦੀ ਥਾਂ ਉਹ ਕਹਿਣ ਲੱਗਾ, “ਤੇਰੀ ਜਾਨ ਕੇਵਲ ਇਸਲਾਮ ਕਬੂਲ ਕਰ ਲੈਣ 'ਤੇ ਹੀ ਬਖ਼ਸ਼ੀ ਜਾ ਸਕਦੀ ਹੈ।'' ਭਾਈ ਤਾਰੂ ਸਿੰਘ ਜੀ ਨੇ ਦਲੇਰਾਨਾ ਜਵਾਬ ਦਿੱਤਾ, “ਕੀ ਮੁਸਲਮਾਨ ਬਣ ਕੇ ਮੈਨੂੰ ਮੌਤ ਨਹੀਂ ਆਵੇਗੀ? ਜੇਕਰ ਮੌਤ ਨੇ ਇਕ ਦਿਨ ਆ ਹੀ ਜਾਣਾ ਹੈ ਤਾਂ ਮੈਂ ਆਪਣੇ ਗੁਰੂ ਜਾਂ ਧਰਮ ਤੋਂ ਬੇਮੁੱਖ ਕਿਉਂ ਹੋਵਾਂ? ਗੁਰੂ ਤੋਂ ਬੇਮੁੱਖ ਹੋ ਕੇ ਮੈਂ ਦਰਗਾਹ ਵਿਚ ਕੀ ਮੂੰਹ ਲੈ ਕੇ ਜਾਵਾਂਗਾ?''

ਭਾਈ ਤਾਰੂ ਸਿੰਘ ਦੀ ਨਿਡਰਤਾ ਦੇਖ ਕੇ ਜ਼ਕਰੀਆ ਖ਼ਾਨ ਦੇ ਦੰਦ ਜੁੜ ਗਏ ਅਤੇ ਜਨੂੰਨ ਦੀ ਅੱਗ ਵਿਚ ਮਚਿਆ ਹੋਣ ਕਰਕੇ ਉਹ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ, “ਮੈਂ ਦੇਖਦਾ ਹਾਂ ਕਿ ਤੂੰ ਆਪਣੀ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖਦਾ ਹੈਂ?'' ਇਹ ਆਖ ਕੇ ਜ਼ਕਰੀਆ ਖ਼ਾਨ ਜੱਲਾਦ ਨੂੰ ਸੱਦ ਲਿਆ ਤੇ ਹੁਕਮ ਦਿੱਤਾ ਕਿ ''ਇਸ ਬਾਗ਼ੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਵੱਖ ਕਰ ਦਿੱਤੀ ਜਾਵੇ।'' ਭਾਈ ਤਾਰੂ ਸਿੰਘ ਨੇ ਧਰਮ ਨੂੰ ਹਾਰਨ ਦੀ ਬਜਾਏ ਸਰੀਰ ਨੂੰ ਹਾਰਨਾ ਪ੍ਰਵਾਨ ਕਰ ਲਿਆ। ਹਜ਼ਾਰਾਂ ਲੋਕਾਂ ਦੀ ਹਾਜ਼ਰੀ 'ਚ ਜੱਲਾਦ ਨੇ ਤੇਜ਼ ਧਾਰ ਵਾਲੀ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਕਸ਼ਟ ਨੂੰ ਸਹਿਣ ਕਰਦਿਆਂ ਭਾਈ ਸਾਹਿਬ ਨੇ 'ਸੀ' ਤਕ ਨਹੀਂ ਉਚਾਰੀ, ਸਗੋਂ ਅਕਾਲ-ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ।

ਇਧਰ ਜਦੋਂ ਭਾਈ ਤਾਰੂ ਸਿੰਘ ਜੀ ਦੇ ਸਿਰ ਤੋਂ ਖ਼ੂਨ ਦੀ ਧਾਰ ਵਹਿ ਰਹੀ ਸੀ ਤਾਂ ਉਧਰ ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਜਦੋਂ ਸਾਰੀਆਂ ਹਿਕਮਤਾਂ ਤੇ ਹੀਲੇ ਬੇਕਾਰ ਹੋ ਗਏ ਤਾਂ ਜ਼ਕਰੀਆ ਖ਼ਾਨ ਨੂੰ ਕੁਝ ਆਪਣੀ ਕੀਤੀ 'ਤੇ ਅਫ਼ਸੋਸ ਹੋਣ ਲੱਗਾ। ਇਸ ਅਫ਼ਸੋਸ ਸਦਕਾ ਉਸ ਨੇ ਭਾਈ ਸੁਬੇਗ ਸਿੰਘ ਰਾਹੀਂ ਆਪਣਾ ਅਫ਼ਸੋਸਨਾਮਾ ਤੇ ਮਾਫ਼ੀਨਾਮਾ ਖ਼ਾਲਸਾ ਪੰਥ ਨੂੰ ਭੇਜ ਦਿੱਤਾ। ਜਦੋਂ ਜ਼ਕਰੀਆ ਖ਼ਾਨ ਦੇ ਮਾਫ਼ੀਨਾਮੇ ਨੂੰ ਖ਼ਾਲਸੇ ਨੇ ਵਿਚਾਰਿਆਂ ਤਾਂ ਵਿਚਾਰ-ਚਰਚਾ ਦੌਰਾਨ ਜ਼ਕਰੀਆ ਖ਼ਾਨ ਦੇ ਇਲਾਜ ਲਈ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਸ ਦੇ ਸਿਰ 'ਚ ਮਾਰਨ ਦਾ ਸੁਝਾਅ ਦਿੱਤਾ ਗਿਆ। ਮੌਤ ਅੱਗੇ ਹਾਰ ਰਹੇ ਜ਼ਕਰੀਆ ਖ਼ਾਨ ਤੇ ਉਸ ਦੇ ਅਹਿਲਕਾਰਾਂ ਨੂੰ ਇਹ ਅੱਕ ਵੀ ਚੱਬਣਾ ਪਿਆ। ਜਿਵੇਂ-ਜਿਵੇਂ ਭਾਈ ਤਾਰੂ ਸਿੰਘ ਜੀ ਦੀਂ ਜੁੱਤੀ ਪਾਪੀ ਖ਼ਾਨ ਦੇ ਸਿਰ 'ਚ ਵੱਜ ਰਹੀਂ ਸੀ ਤਿਵੇਂ-ਤਿਵੇਂ ਉਸ ਦਾ ਪਿਸ਼ਾਬ ਵੀ ਖੁੱਲ ਰਿਹਾ ਸੀ। ਇਸ ਤਰ੍ਹਾਂ ਕਈ ਦਿਨ ਚੱਲਦਾ ਰਿਹਾ ਤੇ ਅੰਤ 22 ਦਿਨ ਤੜਪਣ ਤੋਂ ਬਾਅਦ ਜ਼ਕਰੀਆ ਖ਼ਾਨ ਇਸ ਸੰਸਾਰ ਤੋਂ ਕੂਚ ਕਰ ਗਿਆ।

ਜ਼ਕਰੀਆ ਖ਼ਾਨ ਦੀ ਮੌਤ ਦੀ ਖ਼ਬਰ ਜਦ ਭਾਈ ਤਾਰੂ ਸਿੰਘ ਜੀ ਨੂੰ ਮਿਲੀ ਤਾਂ ਉਹ ਵੀ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਗਏ। ਅੱਜ ਜਦੋਂ ਵੀ ਵਾਹਿਗੁਰੂ ਦੇ ਸਨਮੁੱਖ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਵਿਚ ਸਿੱਖੀ-ਸਿਦਕ ਨੂੰ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲਿਆਂ (ਭਾਈ ਤਾਰੂ ਸਿੰਘ ਜੀ ਤੇ ਉਨ੍ਹਾਂ ਵਰਗੇ ਸਿਦਕਵਾਨ ਸਿੱਖਾਂ) ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ।

-ਰਮੇਸ਼ ਬੱਗਾ ਚੋਹਲਾ 94631-32719Archive

RECENT STORIES

ਸੜਕੀ ਜਾਲ ਬਨਾਮ ਪੰਜਾਬ ਦੀਆਂ ਜ਼ਮੀਨਾਂ ਦੀ ਭਵਿੱਖ 'ਚ ਵੁੱਕਤ

Posted on September 17th, 2021

ਜਿਨ੍ਹੇ ਟਰਾਲੀ ਲਾਹੁਣ ਆਉਣਾ, ਓਹਨੇ ਮੰਜੇ ‘ਤੇ ਪੈ ਕੇ ਜਾਣਾ- ਭਾਜਪਾ ਦੇ ਨਵੇਂ ਬੁਲਾਰੇ ਹਰਿੰਦਰ ਕਾਹਲੋੰ ਦੀ ਧਮਕੀ

Posted on September 14th, 2021

ਜਨਰਲ ਮੋਟਰਜ਼ ਅਤੇ ਹਾਰਲੇ ਡੇਵਿਡਸਨ ਤੋਂ ਬਾਅਦ ਅਮਰੀਕਨ ਕੰਪਨੀ ਫੋਰਡ ਮੋਟਰ ਨੇ ਵੀ ਭਾਰਤ ਵਿੱਚੋਂ ਪੈਰ ਖਿੱਚੇ

Posted on September 9th, 2021

ਕਤਲ ਦੇ ਕਾਰਨਾਂ ਦੀ ਭਾਲ 'ਚ ਹਨ ਪ੍ਰਭਜੋਤ ਸਿੰਘ ਦੇ ਸਾਥੀ

Posted on September 7th, 2021

ਆਰਐੱਸਐੱਸ ਦੇ ਕਿਸਾਨ ਵਿੰਗ "ਭਾਰਤੀ ਕਿਸਾਨ ਸੰਘ" ਵਲੋਂ 8 ਸਤੰਬਰ ਤੋਂ ਧਰਨੇ ਲਾਉਣ ਦਾ ਐਲਾਨ ; ਕਿਸਾਨਾਂ ਨੂੰ ਫ਼ਸਲਾਂ ਦੇ ਢੁਕਵੇਂ ਮੁੱਲ ਦੇਣ ਦੀ ਮੰਗ

Posted on September 2nd, 2021

ਮਸਲਾ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ 'ਚ ਲਾਉਣ ਤੋਂ ਉੱਠੇ ਵਿਵਾਦ ਦਾ

Posted on August 27th, 2021

ਮੈਨੂੰ ਕਾਂਗਰਸ ਦੇ ਪੰਜਾਬ ਇੰਚਾਰਜ ਦੀ ਜ਼ਿੰਮੇਦਾਰੀ ਤੋਂ ਮੁਕਤ ਕੀਤਾ ਜਾਵੇ- ਰਾਵਤ

Posted on August 27th, 2021

ਗੁਰਦਾਸ ਮਾਨ ਕਿੰਝ ਦਿੰਦਾ ਰਿਹਾ ਜੜ੍ਹਾਂ 'ਚ ਤੇਲ

Posted on August 23rd, 2021

Eight-lane toll-free tunnel to replace George Massey Tunnel

Posted on August 18th, 2021

ਪੰਜਾਬ ਪੁਲਿਸ ਦੇ ਜ਼ਾਲਮ ਅਧਿਕਾਰੀ ਦੇ ਕੈਨੇਡਾ ਪੁੱਜਣ ਅਤੇ ਸਰੀ ਦੇ ਐਮ ਪੀ ਨਾਲ ਘੁਲਣ-ਮਿਲਣ ਦਾ ਸਿੱਖ ਜਥੇਬੰਦੀਆਂ ਨੇ ਲਿਆ ਗੰਭੀਰ ਨੋਟਿਸ; ਇੰਮੀਗਰੇਸ਼ਨ ਮੰਤਰੀ ਨੂੰ ਲਿਖਿਆ ਜਵਾਬਦੇਹੀ ਮੰਗਦਾ ਖਤ

Posted on August 12th, 2021

ਕੈਪਟਨ ਨੇ ਅਮਿਤ ਸ਼ਾਹ ਤੋਂ ਕੇਂਦਰੀ ਹਥਿਆਰਬੰਦ ਫੋਰਸਾਂ ਦੀਆਂ 25 ਕੰਪਨੀਆਂ ਅਤੇ ਬੀ ਐਸ ਐਫ ਲਈ ਡਰੋਨ ਨੂੰ ਨਸ਼ਟ ਕਰਨ ਵਾਲੇ ਯੰਤਰਾਂ ਦੀ ਤੁਰੰਤ ਸਪਲਾਈ ਦੀ ਮੰਗ ਕੀਤੀ

Posted on August 11th, 2021

10 ਅਗਸਤ 1986 ਨੂੰ ਹਵਾ ਅਤੇ ਮੌਸਮ ਵਿਚਾਲੇ ਹੋਈ ਗੱਲਬਾਤ....!

Posted on August 10th, 2021