Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦਾਸ ਮਾਨ ਕਿੰਝ ਦਿੰਦਾ ਰਿਹਾ ਜੜ੍ਹਾਂ 'ਚ ਤੇਲ

Posted on August 23rd, 2021

ਇਹ ਲੇਖ ਹਰਮੀਤ ਸਿੰਘ ਫਤਿਹ ਵਲੋਂ 2017 'ਚ ਲਿਖਿਆ ਗਿਆ ਸੀ, ਜਿਸ 'ਚ ਗੁਰਦਾਸ ਮਾਨ ਦੀ ਗਾਇਕੀ ਤੇ ਉਸ ਅੰਦਰ ਪ੍ਰਗਟ ਹੁੰਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਦਿਨਾਂ ਚ ਉਸਦਾ ਭਗਤ ਸਿੰਘ 'ਤੇ ਗੀਤ ਆਇਆ ਸੀ। ਤਦ ਬਹੁਗਿਣਤੀ ਅੱਗੇ ਗੁਰਦਾਸ ਮਾਨ ਦੇ ਸਾਰੇ ਰੰਗ ਪ੍ਰਗਟ ਨਹੀਂ ਸੀ ਹੋਏ। 2020 ਚ ਤਾਂ ਫਿਰ ਮਾਨ ਹਿੰਦੀ ਬੋਲੀ ਅਤੇ ਬੱਤੀ ਵਾਲੇ ਮਸਲੇ 'ਤੇ ਥੋੜੇ ਖੁੱਲ੍ਹ ਕੇ ਬਾਹਰ ਆ ਗਿਆ ਪਰ ਜੜ੍ਹ ਪੁਰਾਣੀ ਹੀ ਲੱਗੀ ਹੋਈ ਸੀ। ਹੁਣ 2021 'ਚ ਤਾਂ ਸਭ ਹੱਦਾਂ ਟੱਪ ਗਿਆ, ਨਕੋਦਰ ਵਾਲੇ ਮਸਤ ਨੂੰ ਗੁਰੂ ਅਮਰਦਾਸ ਜੀ ਨਾਲ ਜੋੜ ਕੇ।

ਪੜ੍ਹਨ ਤੇ ਵਿਚਾਰਨ ਯੋਗ ਲੇਖ:

**ਗੁਰਦਾਸ ਮਾਨ ਤੇ ਪੰਜਾਬ - 1 **

ਗੁਰਦਾਸ ਮਾਨ ਵਾਲੇ ਮਸਲੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਿਲਕੁਲ ਕਈ ਗੱਲਾਂ ਨੂੰ ਅਣਗੌਲਿਆ ਕਰਕੇ ਕਰਦੇ ਹਾਂ। ਬਹੁਤ ਸਾਰੀਆਂ ਗੱਲਾਂ ਸਾਡੇ ਲਈ ਮਹੱਤਵਪੂਰਨ ਨਹੀਂ, ਪਰ ਜੋ ਹਨ ਓਹਨਾ ਦਾ ਰਿਸ਼ਤਾ ਪੰਜਾਬ ਨਾਲ ਹੈ। ਇਸੇ ਲਈ ਪੰਜਾਬ ਗੀਤ ਤੋਂ ਬਾਦ ਹੀ ਇਹ ਮਸਲੇ ਉਭਰੇ ਹਨ। ਜ਼ਾਤੀ ਤੌਰ ਤੇ ਮੈਂ ਗੁਰਦਾਸ ਮਾਨ ਦਾ ਫੈਨ ਰਿਹਾ ਹਾਂ।ਸਕੂਲ ਵਕਤ ਸਟੇਜ ਤੇ ਉਸਦੇ ਹੀ ਗੀਤ ਗਾਏ ਨੇ। ਬਹੁਤ ਸਾਰੇ ਗੀਤ ਅੱਜ ਵੀ ਮੂੰਹ ਜ਼ੁਬਾਨੀ ਯਾਦ ਨੇ। ਗੁਰਦਾਸ ਮਾਨ ਨੂੰ ਐਨੀ ਸਫਲਤਾ ਐਵੇਂ ਹੀ ਨਹੀਂ ਮਿਲੀ, ਉਸ ਕੋਲ ਲਿਆਕਤ ਹੈ, ਸਲੀਕਾ ਹੈ, ਪਰਮਾਤਮਾ ਵੱਲੋਂ ਬਖਸ਼ੀ ਕਲਾ ਹੈ, ਸਟੇਜ ਦਾ ਧਨੀ ਹੈ, ਗੀਤਾਂ ਨੂੰ ਫੋਕ ਟੱਚ ਦੇਣ ਚ ਮੁਹਾਰਤ ਹੈ। ਲੱਖਾਂ ਲੋਕ ਗੁਰਦਾਸ ਦੇ ਫੈਨ ਹਨ। ਤੇ ਬਹੁਤ ਤਾਂ ਐਸੇ ਹਨ, ਜੋ ਉਸਨੂੰ ਸੰਤ ਬਾਬਾ ਵਾਂਗ ਹੀ ਤਸਲੀਮ ਕਰਦੇ ਨੇ।

ਤਾਂ ਗੱਲ ਪੰਜਾਬ ਵੇਲੇ ਹੀ ਕਿਉਂ ਉੱਠੀ। ਅਸਲ ਚ ਇਹ ਗੀਤ ਮਾਨ ਵੱਲੋਂ ਵੱਡੇ ਕੈਨਵਸ ਤੇ conceive ਕੀਤਾ ਗਿਆ ਹੈ। ਉਹ 1917 ਤੋਂ 2017 ਵਾਲੇ ਪੰਜਾਬ ਦੀ ਬਾਤ ਪਾ ਰਿਹਾ ਹੈ।ਤੇ ਇਸ ਲਈ ਉਹ ਸ਼ਹੀਦ ਭਗਤ ਸਿੰਘ ਦਾ ਸਹਾਰਾ ਲੈਂਦਾ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਕੋਈ vacuum ਚ ਨਹੀਂ ਬਣ/ਵਿਗੜ ਰਿਹਾ। ਪੰਜਾਬ ਇਕ ਜਿਉਂਦੀ ਧੜਕਦੀ ਸ਼ੈ ਹੈ। ਇਹ ਆਪਣੇ ਅਵਚੇਤਨ ਅਨੁਸਾਰ ਵਰਤਾਅ ਕਰਦਾ ਹੈ। ਪੰਜਾਬ ਦੀ ਗੱਲ ਐਥੋਂ ਦੀ ਸਿਆਸਤ, ਸਟੇਟ, ਫਲਸਫੇ ਤੋਂ ਅੱਡ ਨਹੀਂ ਕੀਤੀ ਜਾ ਸਕਦੀ। 100 ਸਾਲ ਦੇ ਪੰਜਾਬ ਦੇ ਸਫ਼ਰ ਦੌਰਾਨ ਵਾਪਰੀਆਂ ਵੱਡੀਆਂ ਤ੍ਰਾਸਦੀਆਂ ਦੀ ਗੱਲ ਕਰਨੀ ਹੀ ਪੈਣੀ ਹੈ ਜੇ ਤੁਸੀਂ ਪੰਜਾਬ ਦੀ ਅੱਜ ਦੇ ਹਾਲਾਤ ਨੂੰ ਵੀ ਸਮਝਣਾ ਹੈ।ਓਹਨਾ ਮਿੱਤਰ ਤੇ ਦੁਸ਼ਮਣ ਤਾਕਤਾਂ ਦੀ ਵੀ ਨਿਸ਼ਾਨਦੇਹੀ ਕਰਨੀ ਪੈਣੀ ਹੈ ਜਿਨ੍ਹਾਂ ਦੇ ਐਕਸ਼ਨ ਪੰਜਾਬ ਦੀ ਹੋਂਦ ਉੱਤੇ ਅਸਰ ਅੰਦਾਜ਼ ਹੋਏ ਨੇ।

ਮਾਨ ਸਾਬ ਨਾਲ ਪ੍ਰੋਬਲਮ ਐਥੇ ਹੀ ਹੈ। ਉਹ ਪੰਜਾਬ ਦੀ ਬਾਤ ਵੀ ਪਾਉਣਾ ਚਾਉਂਦੇ ਨੇ, ਤੇ ਬਿਲਕੁਲ ਨਿਰਲੇਪ ਵੀ ਰਹਿਣਾ ਚਾਉਂਦੇ ਨੇ। ਉਹ ਪੰਜਾਬ ਦੀ ਬਾਤ ਖੁੱਲ੍ਹ ਸਿਆਸਤ ਤੇ ਫਲਸਫੇ ਤੋਂ ਵੀ ਹਟ ਕੇ ਰੱਖਣੀ ਚਾਉਂਦੇ ਨੇ ਜੋ ਕਿ ਨਾਮੁਮਕਿਨ ਹੈ। ਉਹ ਸਿਆਸਤ, ਫਲਸਫੇ ਤੋਂ ਭੱਜ ਕੇ ਜਿੰਨੀ ਹੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਓਨਾ ਹੀ ਭਾਰੂ ਸਟੇਟ ਦੀ ਸਿਆਸਤ ਤੇ ਹੱਕ ਚ ਭੁਗਤ ਜਾਂਦੇ ਨੇ। ਪਤਾ ਨਹੀਂ ਉਹਨਾਂ ਦਾ ਇਹ ਨਿਆਨਪੁਣਾ ਹੈ ਯਾ ਚਲਾਕੀ। ਕਬੂਤਰ ਦੇ ਅੱਖਾਂ ਮੀਚਣ ਵਾਂਗ ਉਹਨਾਂ ਦੇ ਇਹ ਲੱਛਣ ਸਟੇਟ ਰੂਪੀ ਬਿੱਲੀ ਦੇ ਹੱਕ ਚ ਹੀ ਜਾਂਦੇ ਨੇ। ਇਸ ਨੂੰ ਇਸ ਲਈ ਸਮਝਣਾ ਜ਼ਰੂਰੀ ਹੈ ਤਾਂਕਿ ਅੱਗੇ ਜਦ ਫਿਰ ਬਗਾਵਤਾਂ ਦੀ ਰੁੱਤ ਖਿੜੇਗੀ ਤਾਂ ਮਾਨ ਵਰਗੇ ਬੰਦਿਆ ਦੀ ਸਿਆਸਤ ਭਵਿੱਖੀ ਯੋਧਿਆਂ ਦੀ ਸਮਝ ਚ ਹੋਵੇ।

ਮਾਨ ਦਾ ਉਭਾਰ 1984 ਦੇ ਆਸ ਪਾਸ ਹੁੰਦਾ ਹੈ। ਉਹ ਗਿੱਦਰਬਾਹੇ ਤੋਂ ਪਟਿਆਲਾ ਪਹੁੰਚਦਾ ਹੈ। ਥੀਏਟਰ ਕਰਦਾ ਹੈ, ਗਾਉਂਦਾ ਹੈ, ਖੇਡਾਂ ਦਾ ਸ਼ੌਂਕ ਰੱਖਦਾ ਹੈ, ਘਰੋਂ ਬਾਗੀ ਹੋ ਕੇ ਵਿਆਹ ਕਰਵਾਉਂਦਾ ਹੈ, ਮਸ਼ਹੂਰ ਤੇ ਅਮੀਰ ਹੋਣਾ ਚਾਉਂਦਾ ਹੈ ਕਿਉਂਕਿ ਪਟਿਆਲੇ ਵਰਗੇ ਸ਼ਹਿਰ ਚ ਘਰ ਖਰੀਦਣ ਦੀ ਹੈਸੀਅਤ ਚ ਨਹੀਂ ਹੈ। ਦਿਲ ਦਾ ਮਾਮਲਾ ਗਾ ਕੇ ਛਾ ਜਾਂਦਾ ਹੈ। ਮਾਨ ਦੀ ਚੜ੍ਹਾਈ ਦੇ ਕਾਰਨਾਂ ਤੇ ਵਿਸਥਾਰ ਚ ਲੰਮੀ ਗੱਲ ਹੋ ਸਕਦੀ ਹੈ, ਪਰ ਫਿਲਹਾਲ ਇਸ ਲੇਖ ਨਾਲ ਉਸਦਾ ਜਿਆਦਾ ਸਬੰਧ ਨਹੀਂ ਬਣੇਗਾ।

ਓਧਰੋਂ ਮਾਨ ਦੀ ਚੜ੍ਹਾਈ ਹੋ ਰਹੀ ਹੈ, ਤੇ ਦੂਜੇ ਪਾਸੇ ਪੰਜਾਬ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਨਾਲ ਭਿੜ ਰਿਹਾ ਹੈ। ਸਟੇਟ ਆਪਣੀਆਂ ਤਮਾਮ ਸੰਸਥਾਵਾਂ ਨੂੰ ਇਕ ਭਾਰੂ ਪ੍ਰਵਚਨ ਸਿਰਜਣ ਦੇ ਆਹਰੇ ਲਾ ਦਿੰਦੀ ਹੈ। ਇਸ ਪ੍ਰਵਚਨ ਦੇ ਸਮਰਥਕ ਖੱਬੇਪੱਖੀ, ਸੈਕੁਲਰਵਾਦੀ, nationalist ਪੜ੍ਹੇ ਲਿਖੇ, ਨਾਸਤਿਕ ਬਿਰਤੀ ਵਾਲੇ, ਪੱਛਮੀ ਗਿਆਨ ਪ੍ਰਬੰਧ ਦੇ ਪੱਟੇ ਹੋਏ ਤਮਾਮ ਲੋਕ ਬਣਦੇ ਨੇ। ਪੰਜਾਬ ਦੀਆਂ ਹੱਕੀ ਮੰਗਾਂ ਦੀ ਲੜਾਈ ਨੂੰ ਫਿਰਕਾਪ੍ਰਸਤੀ ਤੇ ਅੱਤਵਾਦ ਦਾ ਰੰਗ ਚਾੜ੍ਹ ਕੇ ਬਦਨਾਮ ਕਰਨ ਲਈ ਸਟੇਟ ਦਿਨ ਰਾਤ ਇੱਕ ਕਰਦੀ ਹੈ। ਸਿੱਖਾਂ ਦੀ ਪਹਿਲਾਂ ਹੀ ਘਟ ਗਿਣਤੀ ਦੇ ਅੰਦਰ ਇਕ ਹਿੱਸਾ ਹੀ ਸਟੇਟ ਨਾਲ ਜੂਝਣ ਦਾ ਪੈਂਤੜਾ ਲੈਂਦਾ ਹੈ, ਪਰ ਪੜ੍ਹਿਆ ਲਿਖਿਆ ਤਬਕਾ ਜਿਆਦਾਤਰ ਸਟੇਟ ਦੀ ਸਿਧਾਂਤਿਕ ਘੇਰਾਬੰਦੀ ਚ ਫਸ ਜਾਂਦਾ ਹੈ। (ਇਸ ਮਾਮਲੇ ਨੂੰ ਵਧੀਆ ਸਮਝਣ ਲਈ ਅਜਮੇਰ ਸਿੰਘ ਜੀ ਦੀ ਸਿਖਾਂ ਦੀ ਸਿਧਾਂਤਕ ਘੇਰਾਬੰਦੀ, ਤੇ ਜਸਪਾਲ ਸਿੰਘ ਸਿੱਧੂ ਦੀ 1984 ਦੀ ਪੱਤਰਕਾਰੀ ਪੜ੍ਹਨਯੋਗ ਕਿਤਾਬਾਂ ਨੇ)। ਉਸ ਤਬਕੇ ਨੂੰ ਸਟੇਟ ਦਾ ਭਾਰੂ ਪ੍ਰਵਚਨ ਜਚਣ ਲੱਗ ਜਾਂਦਾ ਹੈ। ਉਹ ਸਿਰਫ ਇਸ ਕਰਕੇ ਨਹੀਂ ਕਿ ਦੂਜੀ ਧਿਰ ਸਿਧਾਂਤਿਕ ਤੌਰ ਤੇ ਉਸ ਜ਼ੋਰ ਨਾਲ ਮੁਕਾਬਲਾ ਨਹੀਂ ਕਰ ਪਾ ਰਹੀ, ਬਲਕਿ ਵੱਡਾ ਕਾਰਨ ਇਹ ਹੈ ਕਿ ਸੰਸਾਰੀ ਇਛਾਵਾਂ ਦੀ ਪੂਰਤੀ ਸਟੇਟ ਹੀ ਕਰਦੀ ਮਿਹਸੂਸ ਹੁੰਦੀ ਹੈ। ਸਟੇਟ ਦੇ ਪ੍ਰਵਚਨ ਨਾਲ ਖੜ੍ਹਨ ਨਾਲ ਸਕਿਊਰਿਟੀ, ਇੱਜਤ ਮਾਨ, ਦੁਨਿਆਵੀ ਰੁਤਬੇ ਅਹੁਦੇ, ਤੇ ਹੋਰ ਸਹੂਲਤਾਂ ਮਿਲ ਸਕਦੀਆਂ ਹਨ। ਦੂਜਾ ਰਸਤਾ ਤਿਆਗ ਤੇ ਖਤਰਿਆਂ ਭਰਪੂਰ ਹੈ।

ਅਖੀਰ ਅਮ੍ਰਿਤਸਰ ਚ ਆਹਮੋ ਸਾਹਮਣੇ ਦੁਨੀਆ ਦੀ ਸਭ ਤੋਂ ਅਸਾਵੀਂ ਜੰਗ ਲੜੀ ਜਾਂਦੀ ਹੈ। ਰੂਹਾਨੀਅਤ ਦੇ ਸੰਕਲਪਾਂ ਦਾ ਜ਼ੋਰ ਦੁਨੀਆ ਮੂੰਹ ਅੱਡੀ ਵੇਖਦੀ ਰਹਿ ਜਾਂਦੀ ਹੈ। ਗੁਰੂ ਲਈ ਅਦੁੱਤੀ ਤੇ ਲਾਸਾਨੀ ਸ਼ਹਾਦਤਾਂ ਦੇਣ ਦੀ ਗਵਾਹੀ ਅਮ੍ਰਿਤਸਰ ਦੀ ਧਰਤੀ ਭਰਦੀ ਹੈ।

Operation ਬਲੂਸਟਾਰ ਤੇ operation ਵੁਡਰੋਜ਼ ਨਾਲ ਸਟੇਟ ਆਪਣਾ ਘੁੰਢ ਸ਼ਰੇਆਮ ਚੱਕ ਕੇ ਆਪਣੇ ਅਸਲੀ ਰੰਗ ਚ ਆ ਜਾਂਦੀ ਹੈ। ਮੁੰਡੇ ਖੰਡੇ ਦੀ ਧਾਰ ਤੇ ਨੱਚਣ ਲਈ ਕਮਰਕੱਸੇ ਕਰ ਲੈਂਦੇ ਨੇ। ਪੰਜਾਬ ਅੰਦਰ ਕੇਸਰੀ ਪੱਗਾਂ ਦਾ ਹੜ੍ਹ ਆ ਜਾਂਦਾ ਹੈ। ਓਧਰ ਸਟੇਟ ਵੀ ਸੁਨੇਹਾ ਦਿੰਦੀ ਹੈ ਕਿ ਤੁਹਾਡਾ ਪੱਗ ਦਾ ਰੰਗ ਹੀ ਤੁਹਾਡੀ ਜੀਵਨ ਲੀਲਾ ਮੁਕਾਉਣ ਦਾ ਸਬੱਬ ਬਣ ਸਕਦਾ ਹੈ। ਮੁੰਡੇ ਨਸ਼ਿਆਂ ਲਈ ਨਹੀਂ, ਬਲਕਿ ਹੱਕ ਇਨਸਾਫ ਲਈ ਜੁੜਦੇ ਨੇ। ਉਹ ਬਗਾਵਤਾਂ ਦਾ ਬਰੂਦ ਸੀਨਿਆਂ ਚ ਭਰ ਕੇ ਤੁਰੇ ਫਿਰਦੇ ਨੇ। ਇਹੋ ਜਿਹੇ ਮੁੰਡਿਆਂ ਦੀ ਆਸ ਤਾਂ ਇਸ ਤੋਂ ਪਹਿਲਾਂ ਆਉਣ ਵਾਲੇ ਸ਼ਹੀਦ ਲਾਉਂਦੇ ਰਹੇ ਨੇ। ਇਹੀ ਤਾਂ ਕਰਤਾਰ ਸਿੰਘ ਸਰਾਭੇ ਹਨ, ਜੋ ਘਰ ਬਾਰ, ਨੌਕਰੀਆਂ ਛੱਡ ਕੇ ਦਿੱਲੀ ਦਰਬਾਰ ਨਾਲ ਟਕਰਾਉਣ ਲਈ ਸਿਰਾਂ ਤੇ ਖੱਫਣ ਬੰਨ੍ਹੀ ਫਿਰਦੇ ਨੇ

ਤੇ ਉਸ ਵਕਤ ਮਾਨ ਸਾਹਿਬ ਸਟੇਟ ਦੇ ਪ੍ਰਵਚਨ ਚ ਮਦਮਸਤ ਹੋਏ, ਇਹਨਾਂ ਮੁੰਡਿਆਂ ਤੋਂ ਬਚ ਕੇ ਰਹਿਣ ਦੇ ਸੁਨੇਹੇ ਦਿੰਦੇ ਹੋਏ ਗਾਉਂਦੇ ਨੇ,

ਕੋਈ ਕਹਿੰਦਾ ਵਾਲ ਵਧਾ

ਕੋਈ ਕਹਿੰਦਾ ਵਾਲ ਕਟਾ

ਜਿੰਨੇ ਰੱਬ ਦੇ ਖੈਰ ਖਵਾਹ

ਆਪਣੀ ਆਪਣੀ ਦੇਣ ਸਲਾਹ

ਕੁਝ ਕਹਿੰਦੇ ਰੱਬ ਇਕੋ ਈ ਆ

ਕਿਸਨੂੰ ਹੈ ਕਿਸਦੀ ਪਰਵਾਹ

ਆਪਣੇ ਆਪਣੇ ਲਾਉਂਦੇ ਦਾਅ

ਛੱਡ ਧਰਮਾਂ ਦੇ ਝਗੜੇ ਝੇੜੇ

ਨਾ ਵੱਸ ਤੇਰੇ ਨਾ ਵੱਸ ਮੇਰੇ

ਰੱਬ ਦੇ ਪੇਕੇ ਸਹੁਰੇ ਕੇਹੜੇ

ਤੈਨੂੰ ਕੀ ਪਰਵਾਹ

ਮਸਤੀ ਮਨਾ ਮੈਹਖਾਣਿਆ

ਸੱਜਣਾ ਤੇਰੀ ਇਹੋ ਦਵਾ

ਇਹਨੂੰ ਪੀ ਤੇ ਹੋਰ ਮੰਗਾ

ਮਸਤੀ ਮਨਾ ਮੈਹਖਾਣਿਆ

ਝੂਮ ਕੇ ਗਾਓ

ਵਕਤ ਲੰਘਾਓ

ਵਕਤ ਕਦ ਮੁੜਿਆ

ਕਿਧਰ ਨੂੰ ਤੁਰਿਆ

ਕਿਸੇ ਦਾ ਟੁੱਟਿਆ

ਕਿਸੇ ਦਾ ਜੁੜਿਆ

ਵਕਤ ਨੇ ਚੱਲਦੇ ਰਹਿਣਾ

ਲੱਖਾਂ ਨੇ ਜੰਮਦੇ ਰਹਿਣਾ

ਲੱਖਾਂ ਨੇ ਮਰਦੇ ਰਹਿਣਾ

ਮੌਤ ਨਾ ਰੁਕਦੀ

ਜਿਥੇ ਆ ਢੁਕਦੀ

ਓਥੇ ਗਲ ਮੁਕਦੀ

ਓਥੇ ਗਲ ਮੁਕਦੀ

ਰੱਬ ਦੇ ਘਰ ਬੇਅੰਤ ਥਾਂ

ਐਧਰ ਨਹੀਂ ਤਾਂ ਓਧਰ ਆ

ਜਿਥੇ ਮਰਜ਼ੀ ਧੱਕੇ ਖਾ

ਪਰ ਮਸਤੀ ਮਨਾ ਮਹਿਖਾਣਿਆ

ਇਹ ਗੀਤ ਮਾਨ ਉਸ ਵਕਤ ਗਾਉਂਦਾ ਹੈ।ਚਾਰਵਾਕ ਦੇ ਨਾਸਤਿਕੀ ਫਲਸਫੇ "ਖਾਓ ਪੀਓ ਐਸ਼ ਕਰੋ" ਤੇ ਨਿਰਗੁਣੀ ਫਲਸਫਿਆਂ (ਜਿਨ੍ਹਾਂ ਵਿੱਚ ਸਰਗੁਣ ਸਰੂਪ ਨੂੰ ਜਾਣੀਕੀ ਪਦਾਰਥਕ ਸੰਸਾਰ ਨੂੰ ਬਿਲਕੁਲ ਝੂਠਾ, ਮਾਇਆ ਸਮਝਣਾ ਤੇ ਚਿਲਮਾਂ ਪੀ ਕੇ ਬੱਸ ਪਾਗਲਾਂ/ਹਿੱਪੀਆ ਵਾਂਗ ਬੇਪਰਵਾਹ ਤੁਰੇ ਫਿਰਨਾ) ਦਾ ਉੱਤਮ ਸੁਮੇਲ ਹੈ ਇਹ ਗੀਤ। ਇਹ ਨਾਲੇ ਉਸ ਵਕਤ ਆਪਣੀ ਕੌਮ ਤੇ ਸਰਜ਼ਮੀਨ ਲਈ ਸ਼ਹਾਦਤਾਂ ਦੇਣ ਵਾਲਿਆਂ ਦਾ ਵੀ ਮਜ਼ਾਕ ਹੈ। ਅਸਲ ਚ ਇਹ ਮਸਤੀ ਦੀ ਆੜ ਚ ਬੱਦੂ ਬਣ ਕੇ ਵਿਚਾਰ/ਸਿਆਸਤ ਰਹਿਤ ਹੋਣ ਦਾ ਜ਼ਹਿਰੀਲਾ message ਹੈ। ਇਸੇ ਦੇ long term effects ਅੱਜ ਤਕ ਅਸੀਂ ਭੁਗਤ ਰਹੇ ਹਾਂ। ਇਹ ਸਿੱਧਾ ਰਾਜ ਕਰਦੀ ਸਟੇਟ ਦੇ ਹੱਕ ਚ ਭੁਗਤਣਾ ਹੈ।

ਅੱਗੇ ਤੁਰਨ ਤੋਂ ਪਹਿਲਾਂ ਅਸੀਂ ਇਸ ਦੇ ਉਲਟ ਗੁਰੂ ਸਾਹਿਬ ਦੀ ਸਿਖਿਆ ਤੇ ਗੌਰ ਫੁਰਮਾਉਂਦੇ ਜਾਈਏ। ਗੁਰੂ ਨਾਨਕ ਪਾਤਸ਼ਾਹ ਦਾ ਵੱਡਾ ਅਧਿਆਤਮ ਚ ਇਨਕਲਾਬ ਹੀ ਇਹ ਹੈ ਕਿ ਉਹ ਯੋਗੀ ਤੇ ਭੋਗੀ ਨੂੰ ਇਕੱਠੇ ਕਰ ਦਿੰਦੇ ਨੇ। ਉਹ ਅਕਾਲ ਪੁਰਖ ਨੂੰ ਨਿਰਗੁਣ ਤੇ ਸਰਗੁਣ ਸਰੂਪ ਚ ਮਜੂਦ ਬਿਲਕੁਲ ਸੱਚਾ ਮੰਨਦੇ ਨੇ (ਨਿਰਗੁਣ ਸਰਗੁਣੁ ਆਪੇ ਸੋਈ), ਤੇ ਜੀਵਨ ਚ ਇਕ ਬੈਲੈਂਸ ਬਣਾ ਕੇ ਚੱਲਣ ਦਾ ਗੁਰ ਦਿੰਦੇ ਨੇ(ਅੰਜਨੁ ਮੇ ਨਿਰੰਜਨੁ ਰਹੀਏ)। ਇਸੇ ਲਈ ਉਹ ਹਰ ਤਰਾਂ ਦੇ ਉਸ ਕਰਮ ਤੋਂ ਵਰਜਦੇ ਨੇ ਜਿਸ ਨਾਲ ਸ਼ਰੀਰ ਨੂੰ ਗੈਰ ਕੁਦਰਤੀ ਢੰਗ ਚ ਪਾਇਆ ਜਾਵੇ। ਇਸੇ ਲਈ ਵਰਤ,ਨਸ਼ਾ, ਬ੍ਰਹਮਚਾਰੀ, ਯਾ ਸ਼ਰੀਰ ਨੂੰ ਕੋਈ ਹੋਰ ਨੁਕਸਾਨ ਯਾ ਸਵਾਦ ਲਾਉਣ ਤੋਂ ਵਰਜਦੇ ਨੇ। ਸਰਗੁਣ ਸਰੂਪ ਨੂੰ ਵੀ ਮਾਇਆ ਦੀ ਜਗਾਹ ਸਚਾ ਜਾਨ ਕੇ ਹੀ ਗੁਰੂ ਹਰਗੋਬਿੰਦ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਉਂਦੇ ਹਨ, ਤੇ ਦੁਨਿਆਵੀ ਮਸਲਿਆਂ ਨਾਲ ਨਜਿੱਠਣ ਲਈ ਅਕਾਲ ਤਖਤ ਦੀ ਸਿਰਜਣਾ ਕਰਦੇ ਹਨ। ਕਹਿਣ ਦਾ ਮਤਲਬ ਕਿ ਗੁਰਮਤਿ ਚ ਆਪਣੇ ਆਸ ਪਾਸ ਪ੍ਰਤੀ ਵੀ ਪੂਰੇ ਸਜਗ ਰਹਿਣ ਦੀ ਸਿਖਿਆ ਹੈ, ਸਿਰਫ ਆਪਣੇ ਆਪ ਚ ਹੀ ਮਸਤ ਹੋਣ ਦੀ ਨਹੀਂ।

ਪਰ ਗੁਰਦਾਸ ਮਾਨ ਹੋਰ ਤਰਾਂ ਦੀ ਚਾਟ ਤੇ ਲਾਉਣ ਦੀ ਕੁਤਾਹੀ ਕਰਦਾ ਹੈ ਤੇ ਇਸੇ ਕਰਕੇ ਅੱਗੇ ਜਾ ਕੇ ਆਪ ਵੀ ਸਿਆਸਤ ਹੀਣ ਹੋਣ ਦੇ ਭੁਲੇਖੇ ਚ ਸਟੇਟ ਦਾ ਪੱਕਾ ਟੂਲ ਬਣਦਾ ਜਾਂਦਾ ਹੈ ਤੇ ਦਾਰਸ਼ਨਿਕ ਤੌਰ ਤੇ ਵੀ ਤਿਲਕਦਾ ਹੋਇਆ ਚਿਲਮਾਂ ਪੀਣ ਵਾਲੇ ਮਸਤਾਂ ਦੀ ਪੈਰਾਂ ਚ ਜਾ ਡਿੱਗਦਾ ਹੈ।

**ਗੁਰਦਾਸ ਮਾਨ ਤੇ ਪੰਜਾਬ - 2 **

ਇਹ ਪੰਜਾਬ ਦੀ ਵਿਰਾਸਤ ਰਹੀ ਹੈ ਕਿ ਐਥੇ ਸਥਾਪਤੀ ਨੂੰ ਨਹੀਂ ਬਲਕਿ ਬਾਗੀਆਂ ਨੂੰ ਲੋਕ ਮਨਾਂ ਚ ਪਿਆਰ ਮਿਲਦਾ ਹੈ। ਐਥੋਂ ਦੇ ਫ਼ਨਕਾਰ ਵੀ ਬਾਗੀਆਂ ਦਾ ਸੋਹਲੇ ਗਾਉਂਦੇ ਹਨ। ਐਥੋਂ ਤਕ ਕੇ ਸ਼ਿਵ ਕੁਮਾਰ ਬਟਾਲਵੀ ਵਰਗਾ ਬਿਰਹਾ ਦਾ ਕਵੀ ਵੀ ਜਦ ਬਾਬਾ ਬੂਝਾ ਸਿੰਘ ਦਾ ਮੁਕਾਬਲਾ ਬਣਦਾ ਹੈ, ਤਾਂ ਉਸ ਦੀ ਯਾਦ ਚ ਗੀਤ ਲਿਖਦਾ ਹੈ।

ਗੁਰਦਾਸ ਮਾਨ ਤੋਂ ਪਹਿਲਾਂ ਦਾ ਦੌਰ ਵਾਰਾਂ, ਕਿੱਸਿਆਂ, ਪੇਂਡੂ ਰਿਸ਼ਤਿਆਂ ਦੇ ਗੀਤਾਂ ਦਾ ਦੌਰ ਹੈ। ਕਾਮ ਦੀ ਉਤੇਜਨਾ ਇਹਨਾਂ ਗੀਤਾਂ ਤੇ ਭਾਰੂ ਹੈ। ਬਹਾਦਰੀ,ਅਣਖ,ਸ੍ਵੈਮਾਨ ਦੀ ਗਾਥਾ ਵੀ ਇਤਿਹਾਸਿਕ ਪਾਤਰਾਂ ਰਾਹੀਂ ਗਾਈ ਜਾਂਦੀ ਹੈ। ਦੁਨੀਆ ਬਦਲ ਰਹੀ ਹੈ , ਸ਼ਹਿਰੀ ਯੁਗ ਜੜਾਂ ਪਸਾਰਦਾ ਹੈ। ਬੰਦਾ ਭਾਈਚਾਰੇ ਤੋਂ ਟੁੱਟ ਇਕੱਲਤਾ ਵੱਲ ਉਲਰਦਾ ਹੈ। ਪਰ ਗੀਤ ਅਜੇ ਵੀ ਪੇਂਡੂ ਰਹਿਤਲ ਚ ਧੱਸੇ ਹੋਏ ਨੇ। ਯਾ ਇਤਿਹਾਸਿਕ ਪਾਤਰਾਂ ਦੇ ਗੀਤ ਨੇ। ਹਰੀ ਕ੍ਰਾਂਤੀ ਦਾ ਜਸ਼ਨ ਮੁੱਕ ਚੁੱਕਾ ਹੈ। ਜਗੀਰੂ- ਇਲੀਟ ਤੇ ਉਚ ਮੱਧ ਵਰਗ ਹੁਣ ਚੰਡੀਗੜ੍ਹ ਦੀ ਅਮਰੀਕੀ ਸ਼ੈਲੀ ਵੱਲ ਰੁਚਿਤ ਹੈ। ਗੁਰਦਾਸ ਤੇ ਹਾਕਮ ਸੂਫੀ ਸ਼ਿਵ ਨੂੰ ਚੁਣਦੇ ਨੇ ਤੇ ਪਾਸ਼ ਨੂੰ ਨਕਾਰ ਦਿੰਦੇ ਨੇ। ਪਰ ਹਾਕਮ ਸੂਫੀ ਇਸ ਮਾਮਲੇ ਚ ਜਿਆਦਾ ਇਮਾਨਦਾਰ ਨਿਕਲਦਾ ਹੈ। ਉਹ ਬਿਰਹਾ, ਇਕੱਲਤਾ, ਤੇ ਦੁਨਿਆਵੀ ਨਿੱਜਤਾ ਨੂੰ ਬਿਹਤਰ ਗਾਉਂਦਾ ਤੇ ਜੀਵਦਾ ਹੈ। ਗੁਰਦਾਸ ਕੋਲ ਉਸ ਪੱਧਰ ਦੀ ਨਾ ਵਿਚਾਰ ਚ ਗਹਿਰਾਈ ਹੈ ਤੇ ਨਾ ਹੀ ਗਾਉਣ ਚ। ਪਰ ਉਹ ਪਟਿਆਲੇ ਦੀ ਮਾਲ ਰੋਡ ਤੇ ਪਿੰਡ ਦੀ ਫਿਰਨੀ ਦਾ ਮੇਲ ਬਖੂਬੀ ਬਿਠਾ ਦਿੰਦਾ ਹੈ। ਨੀਰਸ ਜੀਵਨ ਦੀ ਇਕੱਲਤਾ ਦਾ ਉਸਦਾ ਬਦਲ ਹਿੱਪੀਵਾਦ ਹੈ। ਉਸਦੇ ਗੀਤ ਬੰਦੇ ਨੂੰ ਆਸ ਪਾਸ ਨਾਲੋਂ ਰਿਸ਼ਤਾ ਤੋੜ ਕੇ ਨਿੱਜ ਤੱਕ ਸੁੰਗੜ ਜਾਣ ਦੇ ਸੁਨੇਹੇ ਨਾਲ ਭਰੇ ਹੋਏ ਹਨ। ਮਸਤੀ, ਇਕੱਲਤਾ, ਨਿੱਜਤਾ ਚ ਸਧਾਰਨਪੁਣਾ ਹੈ ਜਿਸ ਕਰਕੇ ਜਨਤਕ ਲੈਵਲ ਤੇ ਉਸਨੂੰ ਜਿਆਦਾ ਰੈਸਪੋਂਸ ਮਿਲਦਾ ਹੈ। ਅੱਜ ਦੀ ਗਾਇਕੀ ਗੁਰਦਾਸ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੀ ਹੈ।

ਤੇ ਉਹਨਾਂ ਹੀ ਦਿਨਾਂ ਚ ਇਕ ਜੰਗ ਵੀ ਚਲ ਰਹੀ ਸੀ। ਮੁੰਡੇ ਆਜ਼ਾਦੀ ਦੀ ਤਾਂਘ ਨਾਲ ਸਾਹ ਲੈਂਦੇ ਸਨ। ਰਾਸ਼ਟਰਪਤੀ ਰਾਜ ਲੱਗ ਚੁੱਕਿਆ ਸੀ। ਮੁੰਡਿਆਂ ਨੇ ਵੱਡੀ ਤੋਂ ਵੱਡੀ ਕੁਰਬਾਨੀ ਲਈ ਕਮਰਕੱਸੇ ਕਰ ਲਏ। ਉਹ ਵੀ ਨੀਰਸ ਦਫ਼ਤਰੀ ਸਿਸਟਮ ਨੂੰ ਉਖਾੜਨਾ ਚਾਉਂਦੇ ਸਨ। ਉਹ ਸਿਗਰਟਾਂ ਤੇ ਦਾਰੂ ਦੀ ਬੋਤਲ ਪੀ ਕੇ ਖੜਮਸਤੀ ਕਰ ਕੇ ਆਪਣੇ ਅੰਦਰ ਦੀ ਬਾਗੀ ਜਵਾਨੀ ਦਾ catharsis ਕਰਨ ਵਾਲਿਆਂ ਦੇ ਉਲਟ ਦੂਜੇ ਸਿਰੇ ਤੇ ਖੜੇ ਸਨ। ਸਟੇਟ ਆਪਣਾ ਸਾਰਾ ਜ਼ੋਰ- ਪੁਲਿਸ,ਕਨੂਨ, ਮੀਡੀਆ,ਦੁਨਿਆਵੀ ਲਾਲਚ, ਤਸ਼ੱਦਦ, ਮੁਕਾਬਲੇ,ਬੇਪਤੀ ਲੈ ਕੇ ਹਰ ਵਕਤ ਹਾਜ਼ਿਰ ਸੀ। ਪਰ ਕੋਈ ਗਹਿਰਾ ਪ੍ਰੇਮ ਦਿਲਾਂ ਚ ਧੜਕਦਾ ਸੀ, ਕਿ ਜਿਉਂਦੇ ਜਾਗਦੇ ਜਵਾਨ ਪਤੰਗੇ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਤਕ ਦੇਣ ਲਈ ਕਾਹਲੇ ਸਨ।

ਇਸ ਸਭ ਨੂੰ ਵੇਖ ਕੇ ਹੀ ਤਾਂ dgp ਰਿਬੈਰੋ ਨੂੰ ਕਹਿਣਾ ਪਿਆ ਕਿ ਇਸ ਜੰਗ ਨੂੰ ਖਤਮ ਕਰਨ ਲਈ ਤਿੰਨ ਪੀੜ੍ਹੀਆਂ ਲੱਗਣ ਗੀਆਂ। ਜਦੋਂ ਤੁਹਾਡਾ ਸਭ ਤੋਂ ਵੱਡਾ ਅਫਸਰ ਐਸੀ ਗੱਲ ਕਰੇ ਤਾਂ ਉਸਦਾ ਨੋਟਿਸ ਪੂਰੀ ਹਕੂਮਤ ਲੈਂਦੀ ਹੈ। ਇਸ ਸਭ ਤੋਂ ਡਰੀ ਸਟੇਟ ਨੇ ਹੋਰ ਖੂੰਖਾਰ ਰੂਪ ਧਾਰ ਲਿਆ। ਆਪਣਾ ਹੀ ਸੰਵਿਧਾਨ, ਕਨੂਨ ਕੂੜੇ ਚ ਸੁੱਟ ਦਿੱਤਾ। ਪੁਲਿਸ ਨੂੰ ਖੁੱਲੀ ਛੂਟ ਦੇ ਦਿੱਤੀ ਗਈ ਕਿ ਜੋ ਜੀ ਆਉਂਦਾ ਹੈ ਕਰੋ। ਜਰਨਲ ਡਾਇਰ ਦਾ ਵੀ ਬਾਪ ਪੁਲਿਸ ਮੁਖੀ ਬਣ ਗਿਆ। ਮੁੰਡੇ ਮਾਰ ਕੇ ਖਪਾ ਦਿੱਤੇ ਜਾਂਦੇ। ਤੇ ਕਛਿਹਰਿਆਂ, ਬਨੈਨਾਂ ਦੀਆਂ ਪੰਡਾਂ ਦੀਆਂ ਪੰਡਾਂ ਪਿੱਛੇ ਥਾਣਿਆਂ ਚ ਕੱਠੀਆਂ ਹੁੰਦੀਆਂ ਜਾਂਦੀਆਂ। ਤਸ਼ੱਦਦ ਸੈਂਟਰਾਂ ਦੇ ਨਾਮ ਲੋਕਾਂ ਦੇ ਮੂੰਹ ਤੇ ਚੜ੍ਹ ਗਏ। ਕੋਈ ਵੀ ਬਾਗੀਆਂ ਦੇ ਜਜ਼ਬਾਤ ਸਮਝਣ ਵਾਲਾ ਨਹੀਂ ਸੀ। ਦੇਸ਼ ਦਾ ਮੀਡੀਆ ਤਾਂ ਕੀ ਇੰਟਰਨੈਸ਼ਨਲ ਮੀਡਿਆ ਵੀ ਓਹਨਾ ਦਾ ਪੱਖ ਸਮਝਣ ਲਈ ਤਿਆਰ ਨਾ ਹੋਇਆ। ਮਰਨ ਵਾਲੇ ਨੂੰ ਸੱਚੇ ਹੋ ਕੇ ਮਰਨ ਵੀ ਦਿੱਤਾ ਨਾ ਜਾਂਦਾ, ਬਲਕਿ ਉਸਨੂੰ ਰੱਜ ਕੇ ਭੰਡਿਆ ਤੇ ਬਦਨਾਮ ਕੀਤਾ ਜਾਂਦਾ। ਕਲਮਾਂ ਵਾਲਿਆਂ ਨੇ ਅੱਖਾਂ ਮੀਚ ਲਈਆਂ। ਐਥੋਂ ਤਕ ਕਿ ਸ਼ਹੀਦ ਭਗਤ ਸਿੰਘ ਦਾ ਭਤੀਜਾ ਕੁਲਦੀਪ ਸਿੰਘ ਢੱਟ ਜੋ ਸ਼ੂਗਰ ਮਿੱਲ ਦਾ ਡਾਇਰੈਕਟਰ ਸੀ,1978 ਤੋਂ ਆਪਣੇ ਪਿੰਡ ਦਾ ਸਰਪੰਚ ਸੀ, ਖ਼ਾਲਸਾ ਕਾਲਜ ਦੀ ਗਵਰਨਿੰਗ ਕਾਉਂਸਿਲ ਦਾ ਮੈਂਬਰ ਸੀ, ਨੂੰ ਸ਼ਰੇਆਮ ਅਗਵਾ ਕਰਕੇ ਤਸ਼ੱਦਦ ਦੇ ਕੇ ਮਾਰ ਦਿੱਤਾ ਗਿਆ। ਐਡਾ ਕਹਿਰ ਉੱਤੋਂ ਕਿ ਲਾਸ਼ ਮੰਗਣ ਗਏ ਪਰਿਵਾਰ ਨੂੰ ਲਾਸ਼ ਨਾ ਦਿੱਤੀ ਗਈ। ਕੋਈ ਦੋਸ਼ ਨਹੀਂ, ਕੋਈ ਗੱਲ ਨਹੀਂ, ਕੋਈ ਸੁਣਵਾਈ ਨਹੀਂ। ਤਿੰਨ ਪਿਆਰੇ ਬੱਚਿਆਂ ਦੇ ਬਚਪਨ ਦਾ ਅੰਤ ਹੋ ਗਿਆ। ਬਾਪ ਦਾ ਸਾਇਆ ਉੱਡ ਗਿਆ।

ਪਰ ਫਿਰ ਵੀ ਮੁੰਡੇ ਜਜ਼ਬੇ ਦੇ ਜ਼ੋਰ ਤੇ ਦੁਨੀਆ ਦੀ 6ਵੀ ਤਾਕਤ ਨਾਲ ਆਢਾ ਲਾਈ ਬੈਠੇ ਸਨ। ਕੁਝ ਕਲਾਕਾਰਾਂ ਜਿਵੇਂ ਕੁਲਦੀਪ ਮਾਣਕ ਤੇ ਹੰਸ ਰਾਜ ਹੰਸ ਨੇ ਕੁਝ ਗੀਤ ਓਹਨਾ ਦੀ ਸ਼ਾਨ ਵਿੱਚ ਵੀ ਗਾਏ। ਐਸੇ ਹਾਲਾਤ ਜਦ ਪੰਜਾਬ ਲੜ ਰਿਹਾ ਸੀ, ਇਨਸਾਫ ਮੰਗ ਰਿਹਾ ਸੀ, ਸਟੇਟ ਦਾ ਜਬਰ ਝੱਲ ਰਿਹਾ ਸੀ ਤਾਂ ਉਸ ਵਕਤ ਗੁਰਦਾਸ ਮਾਨ ਤੋਂ ਇਕ ਸ਼ਬਦ ਵੀ ਖੰਡੇ ਦੀ ਧਾਰ ਤੇ ਨੱਚਣ ਵਾਲਿਆਂ ਦੇ ਹੱਕ ਚ ਨਾ ਬੋਲ ਹੋਇਆ। ਨਿੱਜਵਾਦੀ ਤੇ ਮਸਤ ਹੋਣ ਦਾ ਸੁਨੇਹਾ ਦੇ ਰਿਹਾ, ਉਹ ਗਾ ਰਿਹਾ ਸੀ -

1 ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ

ਬਹਿ ਕੇ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ

2 ਥੋੜਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ

ਕਿਸੇ ਨਾਲ ਫੱਸਣਾ ਜ਼ਰੂਰ ਚਾਹੀਦਾ

3 ਇਹ ਦੁਨੀਆ ਮੰਡੀ ਪੈਸੇ ਦੀ

ਹਰ ਚੀਜ਼ ਵਿਕੇਂਦੀ ਭਾਅ ਸਜਣਾ

ਐਥੇ ਰੋਂਦੇ ਚੇਹਰੇ ਨਹੀਂ ਵਿਕਦੇ

ਹੱਸਣ ਦੀ ਆਦਤ ਪਾ ਸਜਣਾ

4 ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹਿਦਾ

ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ ਹੋਣਾ ਚਾਹੀਦਾ

ਗੱਲ ਕੀ ਬੱਸ ਉਸਦੇ ਸਬਜੈਕਟ ਮਸਤੀ, ਨਿੱਜਵਾਦ, ਗ਼ੈਰ ਜਿੰਮੇਵਾਰੀ, ਕੁੜੀਆਂ ਮੁੰਡਿਆ ਦੀ ਬੇਲਗਾਮ ਖੁੱਲ੍ਹ ਤਕ ਹੀ ਜਿਆਦਾ ਸੀਮਤ ਸਨ। ਬਾਗੀ ਮੁੰਡਿਆਂ ਦੀ, ਸਟੇਟ ਦੇ ਅੰਨ੍ਹੇ ਜਬਰ ਦੀ, ਆਜ਼ਾਦੀ ਦੀ ਤਾਂਘ ਦੀ, ਮਾਵਾਂ ਦੇ ਦਰਦ ਦੀ ਉਸਨੇ ਕੋਈ ਬਾਤ ਨਾ ਪਾਈ। ਪਰ ਇਸ ਸਭ ਲਈ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਮਾਨ ਤਾਂ ਸਿਆਸਤ ਤੋਂ ਅੱਡ ਰਹਿਣਾ ਚਾਉਂਦਾ ਸੀ। ਉਹ ਕਿਸੇ ਵੀ ਧਿਰ ਨਾਲ ਖੜ੍ਹ ਕੇ controversy ਚ ਨਹੀਂ ਪੈਣਾ ਚਹੁੰਦਾ ਸੀ। ਇਹ ਦਲੀਲ ਮੰਨਣਯੋਗ ਵੀ ਹੋ ਜਾਂਦੀ , ਪਰ ਮਾਨ ਨੇ ਸਾਰੀ ਦਿਆਨਤਦਾਰੀ ਤੇ ਸ਼ਾਲੀਨਤਾ ਨੂੰ ਛਿੱਕੇ ਤੇ ਟੰਗ ਕੇ ਆਪਣੀ ਐਲਬਮ ਉਸ ਇਨਸਾਨ ਤੋਂ ਸ਼ਰੇਆਮ release ਕਰਵਾਈ ਜਿਸ ਉੱਤੇ ਹਜ਼ਾਰਾਂ ਮੁੰਡਿਆਂ ਦੇ ਕਤਲੇਆਮ ਦਾ ਪਾਪ ਸੀ। ਮਾਨ ਨੇ ਇਕ ਵਾਰ ਵੀ ਇਹ ਨਾ ਸੋਚਿਆ ਕਿ ਉਸ ਇਨਸਾਨ ਨੂੰ ਉਹ ਮਾਨਤਾ ਦੇ ਰਿਹਾ ਹੈ, ਜਿਸ ਦੇ ਹੁਕਮ ਨਾਲ ਹਜ਼ਾਰਾਂ ਪਰਿਵਾਰਾਂ ਦਾ ਜੀਵਨ ਨਰਕ ਬਣਿਆ। ਤੇ ਅੱਜ ਤਕ ਮਾਨ ਨੇ ਇਸ ਲਈ ਮਾਫੀ ਵੀ ਨਹੀਂ ਮੰਗੀ। ਉਸਨੇ ਜੀਵਨ ਚ ਸ਼ਾਇਦ ਪਬ੍ਲਿਕਲੀ ਇਕੋ ਵਾਰ ਮਾਫੀ ਮੰਗੀ ਜਦ ਹਿੰਦੂ ਜਥੇਬੰਦੀਆਂ ਨੇ ਉਸ ਵੱਲੋਂ ਸੁਣਾਏ ਇਕ ਚੁਟਕੁਲੇ ਦਾ ਵਿਰੋਧ ਕੀਤਾ।

ਨਸ਼ੇੜੀ ਮਸਤੀ

ਲੜਨ ਵਾਲੇ ਮੁੰਡਿਆਂ ਤੇ ਉਹਨਾਂ ਦੇ ਹੱਕ ਚ ਖੜ੍ਹਨ ਵਾਲਿਆਂ ਨੂੰ ਬੈਕ ਫੁਟ ਤੇ ਧੱਕ ਕੇ ਸਟੇਟ ਨੇ ਨਵੇਂ ਪ੍ਰੋਗਰਾਮ ਉਲੀਕੇ ਜਿਸ ਵਿੱਚ ਰਾਤ ਨੂੰ ਪਾਰਟੀਆਂ ਤੇ ਗਾਉਣ ਵਜਾਉਣ, ਦਾਰੂ ਸਿੱਕਾ ਖੁੱਲਾ ਚਲਾਉਣ, ਕਾਲਜਾਂ ਸਕੂਲਾਂ ਚ ਪੜ੍ਹਦੀ ਪੀੜ੍ਹੀ ਨੂੰ ਹੱਕ,ਇਨਸਾਫ,ਬਗਾਵਤ ਦੇ ਰਸਤੇ ਤੋਂ ਭਟਕਾ ਕੇ ਮਹਿਜ਼ ਖੜਮਸਤੀਆਂ, ਨਸ਼ੇ ਤੇ ਵਲਗਰ ਜਿਹੀ ਹਲੋ ਹਲੋ ਦੀ ਚਾਟ ਤੇ ਲਾਉਣ ਦੀਆਂ ਯੋਜਨਾਵਾਂ ਬਣੀਆਂ। ਸਭਿਆਚਾਰ ਦੇ ਨਾਮ ਉੱਤੇ ਸਿੱਧੀ ਸਟੇਟ ਫੰਡਿੰਗ ਨਾਲ ਗਾਉਣ ਵਜਾਉਣ ਦੇ ਪ੍ਰੋਗਰਾਮ ਰੱਖੇ ਜਾਣ ਲੱਗੇ। ਤੇ ਮਾਨ ਸਾਹਿਬ ਤਾਂ ਪਹਿਲਾਂ ਹੀ ਤਿਆਰ ਬਿਆਰ ਸਨ। ਤੇ ਉਹ ਹਜ਼ਾਰਾਂ ਮੁੰਡਿਆਂ ਦੇ ਕਾਤਲਾਂ ਨਾਲ, ਜਰਨਲ ਡਾਇਰਾਂ ਨਾਲ ਗਲਵਕੜੀ ਪਾ ਕੇ ਸਟੇਜ ਤੇ ਠੁਮਕੇ ਮਾਰ ਕੇ ਮਸਤੀ ਚ ਝੂਲਨ ਲੱਗੇ। ਖੰਡੇ ਦੀ ਧਾਰ ਤੇ ਨੱਚਣ ਵਾਲਿਆਂ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ ਲੱਗੇ।

ਗੀਤਾਂ ਦੇ ਅੰਦਰ ਸ਼ਰਾਬ ਨੂੰ glamourize ਕਰਨਾ ਸ਼ੁਰੂ ਕੀਤਾ। ਮਾਨ ਪੰਜਾਬ ਦਾ ਟਾਈਟਲ ਮਿਲਿਆ ਤੇ ਮਸਤੀ ਸਿਰ ਨੂੰ ਚੜ੍ਹ ਗਈ। ਗੀਤ

ਨੱਚ ਨੀ ਨੱਚ ਨੀ ਨੱਚ ਨੀ ਮੁੰਡੇ ਗਭਰੂ ਸ਼ੁਕੀਨਾਂ ਕੋਲੋਂ ਬਚ ਨੀ ਪੀਤੇ ਹੋਵੇ ਜੇ ਸ਼ਰਾਬ ਕੰਮ ਹੋਵੇ ਓ ਖਰਾਬ ਲੈਂਦੇ ਕੱਚ ਦੇ ਗਲਾਸ ਵਾਂਗੂ ਚੱਕ ਨੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਜੱਟ ਰਿਸਕੀ after ਵਿਸਕੀ ਜਦ ਪੀ ਲੈਂਦਾ ਹੈ ਵਿਸਕੀ ਖੋਪੜੀ ਖਿਸਕੀ ਉਹ ਖਿਸਕੀ। ਅੱਜ ਮੈਂ ਪੀਣੀ ਹੈ ਚੱਕਲੋ ਚੱਕਲੋ

ਬੱਸ ਚੱਕਲੋ ਧਰਲੋ ਹੋਣ ਲੱਗੀ। ਪੰਜਾਬ ਦੇ ਅੰਦਰ ਇਕ ਪੁਲਿਸ-ਅਫਸਰ-ਸਿਆਸੀ ਮਾਫੀਆ ਪੱਸਰ ਗਿਆ। ਤੇ ਇਸ ਸਭ ਨੂੰ ਚੱਕਲੋ ਚੱਕਲੋ ਗੀਤਾਂ ਦੇ ਰੌਲੇ ਦੀ ਨੀਮ ਬੇਹੋਸ਼ ਕਰਨ ਵਾਲੀ ਕਲਾ ਦੀ ਹਮਾਇਤ ਹਾਸਿਲ ਸੀ। ਚਾਰੇ ਪਾਸੇ ਇਸਦਾ ਪ੍ਰਚਾਰ ਸੀ। ਤੇ ਉਹਨਾਂ ਆਪ ਹੀ ਫੈਸਲਾ ਸੁਣਾ ਦਿੱਤਾ ਕਿ ਪੰਜਾਬ ਹੁਣ ਦੁਬਾਰਾ ਨੱਚਣ ਲੱਗਾ ਹੈ, ਗਾਉਣ ਲੱਗਿਆ ਹੈ। ਚੱਤੋ ਪਹਿਰ ਗੀਤਾਂ ਦੇ ਮਹੌਲ ਰਾਹੀਂ ਇਹ ਦੁਹਰਾਇਆ ਜਾਂਦਾ। ਨਾ ਪੰਜਾਬ ਨੂੰ ਮਲ੍ਹਮ ਦੀ, ਨਾ ਇਨਸਾਫ ਦੀ, ਨਾ ਸੁਣਵਾਈ ਦੀ, ਨਾ ਸੰਵਾਦ ਦੀ ਜ਼ਰੂਰਤ ਹੈ। ਬੱਸ ਮਾਨ ਦੇ ਗੀਤ ਅਨੁਸਾਰ "ਚੱਕਲੋ ਚੱਕਲੋ ਕਰਦੇ ਨੇ ਮੁੰਡੇ ਪਿਆਰ ਦੇ ਸ਼ੁਦਾਈ"। ਪੰਜਾਬ ਦੇ ਅੰਦਰ ਨਸ਼ਾ ਮੱਧ 90ਵਿਆਂ ਵਿੱਚ ਹੀ ਫਲਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਚੁੱਕੀਆਂ ਸਨ। ਪੰਜਾਬੀ ਮੁੰਡਿਆਂ ਦੇ ਖੂਨ ਚ ਗਰਮਾਇਸ਼ ਤੇ ਅਣਖ ਨੂੰ ਮੇਟਣ ਦੀ ਗਹਿਰੀ ਸਾਜ਼ਿਸ਼ ਰਚੀ ਜਾ ਚੁੱਕੀ ਸੀ।

ਨਸ਼ੇ ਨੇ ਪੂਰਾ ਮਾਝੇ ਨੂੰ ਜਕੜ ਚ ਲੈ ਲਿਆ। ਤੇ ਫਿਰ ਹੌਲੀ ਹੌਲੀ ਸਾਰੇ ਪੰਜਾਬ ਚ ਹੀ ਚਿੱਟੇ ਪੋਉਡਰ ਦੇ ਚਰਚੇ ਹੋਣ ਲੱਗੇ। ਮਾਨ ਦੇ ਗੀਤਾਂ ਦੇ ਮਸਤੇ ਹੋਏ ਮੁੰਡੇ ਹੁਣ ਮਾਫੀਆ ਮੰਡ੍ਹੀਰ ਬਣ ਕੇ ਘੁੱਮਣ ਲੱਗੇ। ਨਸ਼ੇ ਦਾ ਕਾਰੋਬਾਰ ਸਭ ਤੋਂ ਵੱਧ ਫਾਇਦੇ ਦਾ ਕਾਰੋਬਾਰ ਬਣ ਗਿਆ। ਪਰ ਮਾਨ ਸਾਹਿਬ ਵਰਗੇ "ਫਕੀਰ" ਦੇ ਸਬੰਧ ਇਸੇ ਢਾਂਚੇ ਦੇ ਈਲੀਟ ਨਾਲ ਹੀ ਰਹੇ। 2012 ਦੀਆਂ ਚੋਣਾਂ ਵਿੱਚ ਜਿਸ ਉਮੀਦਵਾਰ ਨੂੰ ਕੰਪੈਗਨਿੰਗ ਲਈ ਮਾਨ ਸਾਹਬ ਨੇ ਆਪਣੀ ਗੱਡੀ ਦਿੱਤੀ ਤੇ ਮਾਨ ਸਾਹਿਬ ਦਾ ਬੇਟਾ ਗੁਰਿੱਕ ਮਾਨ ਵੋਟਾਂ ਮੰਗਦਾ ਰਿਹਾ, ਓਹੀ ਉਮੀਦਵਾਰ ਦੇ ਨਸ਼ੇ ਤਸਕਰਾਂ ਨਾਲ ਸਬੰਧ ਹੋਣ ਦੇ ਇਲਜ਼ਾਮ ਲੱਗੇ।

ਮਲਟੀ ਨੈਸ਼ਨਲ ਕੰਪਨੀਆਂ ਨੂੰ ਪਤਾ ਹੁੰਦਾ ਹੈ ਕਿ ਕਿਸ ਬੰਦੇ ਦੀ ਮਸ਼ਹੂਰੀ ਨਾਲ ਉਹਨਾਂ ਦਾ ਮਾਲ ਵਿਕੇਗਾ। ਉਹ ਕਰੋੜਾਂ ਉਸੇ ਤੇ ਲਾਉਂਦੀਆਂ ਨੇ ਜਿਸ ਪਿੱਛੇ ਲੋਕ ਲੱਗਦੇ ਹੋਣ। ਕੋਕਾ ਕੋਲਾ ਕੰਪਨੀ ਨੇ ਆਪਣਾ ਡਰਿੰਕ ਵੇਚਣ ਲਈ ਮਾਨ ਸਾਹਬ ਨੂੰ ambassador ਬਣਾਇਆ। ਤੇ ਮਾਨ ਸਾਹਿਬ ਖੁਸ਼ੀ ਪੰਜਾਬੀਆਂ ਨੂੰ ਨੁਕਸਾਨਦੇਹ chemical ਪਾਣੀ ਪੀਣ ਲਈ ਉਕਸਾਉਣ ਲਗੇ।

**ਮਸਤੀ ਤੋਂ ਮਸਤਾਂ ਕੋਲ **

ਫਿਰ ਪੰਜਾਬ ਅੰਦਰ ਡੇਰਾਵਾਦ ਫੈਲਿਆ। ਹਰ ਵੰਨਗੀ ਹਰ ਰੰਗ ਦਾ ਡੇਰਾ ਪ੍ਰਗਟ ਹੋ ਗਿਆ। ਜਿਥੇ ਪ੍ਰਗਟ ਭਾਗੁ ਵਰਗੇ ਸਰਸਾ ਡੇਰੇ ਦੇ ਚੇਲੇ ਬਣ ਕੇ ਉਹਨਾਂ ਦੀਆਂ ਸਟੇਜਾਂ ਤੇ ਨੱਚਣ ਲੱਗੇ। ਮਾਨ ਆਪਣੇ ਅੰਦਰ ਨਿਰਗੁਣਵਾਦੀ ਫ਼ਲਸਫ਼ਾ ਅਤੇ ਸ਼ੁਦਾਈਪੁਣੇ ਦੇ ਝੁਕਾਅ ਕਰਕੇ ਨਕੋਦਰ ਡੇਰੇ ਤੇ ਜਾਣ ਲੱਗਾ। ਇਹ ਡੇਰਿਆਂ ਨੂੰ ਬਹੁਤ ਘਟ ਲੋਕ ਜਾਣਦੇ ਸਨ। ਕੁਝ ਕੁ ਅਪਵਾਦਾਂ ਨੂੰ ਛੱਡ ਕੇ ਜਿਆਦਾਤਰ ਇਹ ਡੇਰੇ ਨਸ਼ੇੜੀਆਂ ਤੇ ਗੈਰ ਕੁਦਰਤੀ ਸ਼ਰੀਰਕ ਸਬੰਧਾਂ ਕਰਕੇ ਜਾਣੇ ਜਾਂਦੇ ਸਨ। ਪਰ ਮਾਨ ਦੇ ਜਾਣ ਨਾਲ ਇਹਨਾਂ ਨੂੰ ਇਕ ਬ੍ਰਾਂਡ ਅੰਬੈਸਡਰ ਮਿਲ ਗਿਆ। ਵੀਡੀਓ release ਹੋਣ ਲੱਗੇ, ਬੱਸਾਂ ਚ ਚੱਲਣ ਲੱਗੇ ਜਿਥੇ ਮਾਨ ਸਟੇਜ ਤੇ ਨੱਚਦਾ ਤੇ ਡੇਰੇ ਦਾ ਬਾਬਾ ਰੁਪਇਆਂ ਦੇ ਬੋਰੇ ਉਸ ਉੱਤੋਂ ਨਿਸ਼ਾਵਰ ਕਰਦਾ। ਵਿਹਲੜਵਾਦ ਨੂੰ legitimacy ਮਿਲਣ ਲੱਗੀ। ਮਾਨ ਇਹਨਾਂ ਨੂੰ ਪੰਜਾਬ ਚ ਫ਼ਕੀਰੀ ਲਿਆਉਣ ਵਾਲਿਆਂ ਵਜੋਂ ਪ੍ਰਚਾਰਦਾ ਹੈ। ਮਸਤਾਂ ਦੇ ਡੇਰੇ ਵਜੋਂ ਇਹ ਮਸ਼ਹੂਰ ਹੋ ਗਏ। ਜ਼ਾਤੀ ਤੌਰ ਤੇ ਮੈਨੂੰ ਜਿੰਨੇ ਕੁ ਮੁੰਡੇ ਉਸ ਡੇਰੇ ਤੇ ਜਾਣ ਵਾਲੇ ਮਿਲੇ ਸਭ ਚ ਇੱਕ ਸਾਂਝਾ ਅਗੁਣ ਸਿਗਰਟ ਨੋਸ਼ੀ ਸੀ। ਪਰ ਮਾਨ ਨੇ ਇਸ ਮੁੱਦੇ ਤੇ ਕੁਝ ਨਾ ਬੋਲਿਆ ਕਦੇ। ਤੇ ਨਾ ਹੀ ਆਪਣਾ ਡੇਰੇ ਤੇ ਜਾਣਾ ਪਰਸਨਲ ਰਖਿਆ। ਇਹਨਾਂ ਡੇਰਿਆਂ ਤੇ ਭੀੜਾਂ ਵਧਣ ਲੱਗੀਆਂ ਤੇ ਪਰਿਵਾਰਾਂ ਦੇ ਪਰਿਵਾਰ ਐਥੇ ਪਹੁੰਚ ਕੇ ਆਪਣੀ ਆਸਥਾ ਪ੍ਰਗਟਾਉਣ ਲੱਗੇ। ਮਸਤੀ ਤੋਂ ਮਸਤਾਂ ਤਕ ਦੇ ਸਫ਼ਰ ਦਾ ਸਰੂਰ ਐਥੋਂ ਤਕ ਪਹੁੰਚ ਗਿਆ ਕਿ ਜਦੋਂ ਮਾਨ ਦੀ ਆਲੋਚਨਾ ਹੋਈ, ਤਾਂ ਉਸਨੇ ਇਕ ਗੀਤ ਗਾ ਕੇ "ਜਿਥੇ ਸਾਡੀ ਲੱਗੀ ਹੈ ਤੂੰ ਲੱਗੀ ਰਹਿਣਦੇ" ਗਾ ਦਿੱਤਾ। ਮਤਲਬ ਅਸੀਂ ਸੰਵਾਦ ਨਹੀਂ ਕਰਨਾ, ਬੱਸ ਫੈਸਲਾ ਹੀ ਸੁਣਾਉਣਾ ਹੈ। ਅਸੀਂ ਆਪਣੇ ਕਿਸੇ ਕਾਰਜ ਲਈ ਜਵਾਬਦੇਹ ਨਹੀਂ ਹਾਂ।

ਸਮਾਪਤੀ

ਤੇ ਅਖੀਰ ਅੱਜ ਮਾਨ ਸਾਹਿਬ ਆਏ ਨੇ ਭਗਤ ਸਿੰਘ ਨੂੰ ਪੰਜਾਬ ਵਿਖਾਉਣ। ਤੇ ਉਹਨਾਂ ਮੁਤਾਬਿਕ ਪੰਜਾਬ ਨੂੰ ਮੋੜ ਲਿਆਉਣ ਲਈ। ਨਸ਼ੇ ਤੇ chemicals ਖਿਲਾਫ ਜੰਗ ਲੜਨ ਲਈ। ਮੁੰਡਿਆਂ ਨੂੰ ਦਲੇਰ ਬਣਨ ਲਈ ਕਹਿ ਰਹੇ ਨੇ। ਖੰਡੇ ਦੀ ਧਾਰ ਉੱਤੇ ਨੱਚਣ ਲਈ ਕਹਿ ਰਹੇ ਨੇ। ਸ਼ਰਾਬ, ਸਿਗਰਟਾਂ ਨੂੰ ਬਹੁਤ ਵੱਡੀ ਬੁਰਾਈ ਵਜੋਂ ਵਿਖਾ ਰਹੇ ਨੇ। ਕੁੜੀਆਂ ਦੀ ਛੇੜਖਾਣੀ ਉਹਨਾਂ ਨੂੰ ਨੀਚ ਹਰਕਤ ਲੱਗ ਰਹੀ ਹੈ। ਧਰਨਿਆਂ ਤੇ ਵੀ ਉਹਨਾਂ ਨੁੰ ਹਰਖ ਆ ਰਿਹਾ ਹੈ। ਉਹਨਾਂ ਨੂੰ ਪੰਜਾਬੀ ਗਭਰੂ ਮਰ ਰਹੇ ਦਿਖ ਰਹੇ ਨੇ। ਯਾ ਤਾਂ ਮਾਨ ਸਾਹਿਬ ਬਹੁਤ ਨਿਆਣੇ ਨੇ ਯਾ ਬਹੁਤ ਚਾਲੂ ਨੇ ਤੇ ਯਾ amnesia ਦੇ ਮਰੀਜ਼ ਨੇ। ਹੁਣ ਇਸ ਨੂੰ ਕਿਵੇ ਸਮਝਣਾ ਹੈ?? ਫੈਸਲਾ ਤੁਹਾਡਾ ਆਪਣਾ ਹੈ।

  • ਹਰਮੀਤ ਸਿੰਘ ਫ਼ਤਿਹ

ਤਾਜ਼ਾ ਵਿਵਾਦ ਨਕੋਦਰ ਵਾਲੇ ਮਸਤ ਨੂੰ ਗੁਰੁ ਅਮਰਦਾਸ ਨਾਲ ਜੋੜਨਾ ਹੈ।Archive

RECENT STORIES

ਜਨਮ ਦਿਨ 'ਤੇ ਵਿਸ਼ੇਸ਼: ਗ਼ਦਰ ਲਹਿਰ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ

Posted on May 24th, 2023

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਮਨਵੀਰ ਸਿੰਘ ਦਾ ਪੰਥ ਦਰਦੀਆਂ ਵਲੋਂ ਸੋਨੇ ਦੇ ਤਗਮੇ ਨਾਲ ਸਨਮਾਨ।

Posted on May 22nd, 2023

ਅੱਗਾਂ ਲਾਉਣ ਵਾਲਿਆਂ ਲਈ....!

Posted on May 19th, 2023

ਬਾਦਲ ਵਹੀ : ਪ੍ਰਕਾਸ਼ ਸਿੰਘ ਬਾਦਲ: “........ਜਨਮੁ ਜੂਐ ਹਾਰਿਆ॥”

Posted on May 8th, 2023

ਨਗਰ ਕੀਰਤਨ ਦਾ ਅਸਲ ਮਨੋਰਥ ਤੇ ਅੱਜ ਦੇ ਸਮੇਂ ਬਦਲ ਰਹੇ ਰੰਗ

Posted on April 11th, 2023

ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ- ‘ਐਡੀਟਰਜ਼ ਗਿਲਡ ਆਫ ਇੰਡੀਆ’

Posted on April 3rd, 2023

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਖ਼ਤ

Posted on March 31st, 2023

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023