Posted on August 27th, 2021
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੰਤ੍ਰਿਮ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਕਰਦਿਆਂ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਅਤੇ 10 ਲੱਖ ਰੁਪਏ ਨਾਲ ਉਸ ਦੀ ਯਾਦਗਾਰ ਬਣਾਉਣ ਦਾ ਐਲਾਨ ਸੀ।
ਇਸ ਸਬੰਧੀ ਸ਼ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜਿਤ ਕੌਰ, ਭਗਵੰਤ ਸਿੰਘ ਸਿਆਲਕਾ ਤੇ ਕੁਝ ਹੋਰਾਂ ਨੇ ਇਤਰਾਜ਼ ਕੀਤਾ ਹੈ।
ਇਤਰਾਜ਼ ਕਰਨ ਵਾਲੇ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਫੈਸਲਾ ਗੈਰ ਸਿਧਾਂਤਕ ਹੈ। ਬੀਬੀ ਨੇ "ਕਨਫਰਮ ਕਰਕੇ" ਧਾਲੀਵਾਲ ਨੂੰ ਪੂਰਨ ਗੁਰਸਿੱਖ ਦੱਸਿਆ ਹੈ। ਰੋਮਾਂ ਦੀ ਬੇਅਦਬੀ ਕਰਨ ਵਾਲਾ ਵੀ ਬੀਬੀ ਜੀ ਲਈ ’’ਪੂਰਨ ਗੁਰਸਿੱਖ’’ ਹੈ ਤਾਂ ਹੁਣ ਸਿੱਖ ਦੀ ਪਰਿਭਾਸ਼ਾ ਬਦਲਣ ਲਈ ਬੀਬੀ ਜੀ ਨੂੰ ਕੀ ਕਿਹਾ ਜਾਵੇ? ਜਦ ਕਿ ਸਭ ਜਾਣਦੇ ਹਨ ਕਿ ਸ: ਧਾਲੀਵਾਲ ਦੇ ਦਾੜ੍ਹੀ ਕੱਟੀ ਹੋਈ ਸੀ।
ਇਤਰਾਜ਼ ਕਰਨ ਵਾਲੇ ਕਹਿ ਰਹੇ ਹਨ ਕਿ ਬੇਸ਼ੱਕ ਉਸ ਵੱਲੋਂ ਪੁਲਿਸ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਲੈਣ ਲਈ ਟੈਕਸਸ ਸੂਬੇ ਦੀ ਸਰਕਾਰ ਅਤੇ ਹੈਰਿਸ ਕਾਊਂਟੀ ਪੁਲਿਸ ਨਾਲ਼ ਲੜੀ ਗਈ ਲੰਮੀ ਕਾਨੂੰਨੀ ਲੜਾਈ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਇਕ ਪਤਿਤ ਸਿੱਖ, ਜੋ ਅਚਾਨਕ ਇਕ ਅਪਰਾਧੀ ਵੱਲੋਂ ਡਿਊਟੀ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਨਾਲ ਉਸਨੂੰ ਵਿਸ਼ਵ ਪੱਧਰ ’ਤੇ ਨਾਮਣਾ ਮਿਲਿਆ, ਸਿਰਫ ਇਸ ਹੀ ਕਾਰਨ ਉਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਫ਼ੈਸਲਾ ਲਿਆ ਜਾਣਾ ਗਲੇ ਤੋਂ ਨਹੀਂ ਉਤਰ ਰਿਹਾ।
ਇਤਰਾਜ਼ ਕਰਨ ਵਾਲੇ ਇਹ ਵੀ ਕਹਿ ਰਹੇ ਹਨ ਕਿ ਕੇਂਦਰੀ ਸਿੱਖ ਅਜਾਇਬਘਰ ਸਿੱਖ ਪੰਥ ਦਾ ਉਹ ਕੇਂਦਰੀ ਅਸਥਾਨ ਹੈ, ਜਿੱਥੇ ਉਨ੍ਹਾਂ ਹੀ ਗੁਰਸਿੱਖਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਨੇ ਪੰਥ ਤੇ ਪੰਥਕ ਸਰੋਕਾਰਾਂ ਲਈ ਆਪਣੀ ਜਾਨ ਨਿਛਾਵਰ ਕੀਤੀ ਜਾਂ ਫਿਰ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਅਤੇ ਸਿੱਖ ਰਹਿਤ ਮਰਯਾਦਾ ਦੇ ਦਾਇਰੇ ਅੰਦਰ ਰੋਲ ਆਫ ਮਾਡਲ ਹੋਵੇ। ਪਤਿਤ ਦੀ ਤਸਵੀਰ ਨਹੀਂ ਲੱਗ ਸਕਦੀ, ਬੇਸ਼ੱਕ ਉਸਨੇ ਕਿੰਨਾ ਵੱਡਾ ਕਾਰਜ ਕਿਓਂ ਨਾ ਕੀਤਾ ਹੋਵੇ।
ਇਤਰਾਜ਼ ਕਰਨ ਵਾਲੇ ਕਹਿ ਰਹੇ ਹਨ ਕਿ ਇਸੇ ਕਾਰਨ ਸ਼ਰੋਮਣੀ ਕਮੇਟੀ ਵਲੋਂ ਪੰਜਾਬ ’ਚ ਸਿੱਖ ਨੌਜਵਾਨੀ ਦਾ ਹੋ ਰਿਹਾ ਘਾਣ ਰੋਕਣ ਵਾਲੇ ''ਮਨੁੱਖੀ ਹੱਕਾਂ ਦਾ ਰਾਖੇ'' ਅਤੇ ਅਕਾਲ ਤਖ਼ਤ ਵੱਲੋਂ 23 ਮਾਰਚ 2012, ’ਚ ਕੌਮੀ ਸ਼ਹੀਦ ਦਾ ਸਭ ਤੋਂ ਉੱਚਾ ਰੁਤਬਾ ਹਾਸਲ ਕਰਨ ਵਾਲੇ ਸਿੱਖ ਕੌਮ ਦੇ ਮਾਣਮੱਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਲਈ ਸਿੱਖ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਹੁਣ ਤੱਕ ਨਹੀਂ ਮੰਨੀ ਗਈ, ਕਿਉਂਕਿ ਉਹ ਪਤਿਤ ਸੀ।
ਇਤਰਾਜ਼ ਕਰਨ ਵਾਲੇ ਕਹਿ ਰਹੇ ਹਨ ਕਿ ਅੱਜ ਤਕ ਧਰਮੀ ਫ਼ੌਜੀਆਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾ ਸਕਿਆ, ਉਨ੍ਹਾਂ ਨੂੰ ਅੱਜ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਉ ਦੀ ਬਖਸ਼ਿਸ਼ ਨਸੀਬ ਨਹੀਂ ਹੋਈ।
ਇਤਰਾਜ਼ ਕਰਨ ਵਾਲੇ ਪੁੱਛ ਰਹੇ ਹਨ ਕਿ ਇਸੇ ਤਰਾਂ ਬੀਤੇ ਦਿਨੀਂ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਦਰਬਾਰ ਸਾਹਿਬ ਕੰਪਲੈਕਸ ਵਿਚ ਸ੍ਰੋਮਣੀ ਕਮੇਟੀ ਦਫ਼ਤਰ ਦੇ ਅੰਦਰ ਕਰੋੜਾਂ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ, ਜਦ ਕਿ ਇਸੇ ਸਰਮਾਏ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਬਚਿਆਂ ਖਿਡਾਰੀਆਂ ਦੀ ਇਕ ਚੰਗੀ ਟੀਮ ਤਿਆਰ ਕੀਤੀ ਜਾ ਸਕਦੀ ਸੀ। ਨਾ ਹੀ ਸ਼੍ਰੋਮਣੀ ਕਮੇਟੀ ਰਾਜ ਸਰਕਾਰ ਜਾਂ ਰਾਜ ਸੱਤਾ ਹੈ। ਪਤਿਤ ਖਿਡਾਰੀਆਂ ਨੂੰ ਸਨਮਾਨ ਤੇ ਖ਼ੁਸ਼ਾਮਦ ਕਰਨ ’ਚ ਪੰਥ ਜਾਂ ਸ਼੍ਰੋਮਣੀ ਕਮੇਟੀ ਨੂੰ ਕੀ ਹਾਸਲ ਹੋਇਆ?
ਇਤਰਾਜ਼ ਕਰਨ ਵਾਲੇ ਕਹਿ ਰਹੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੀ ਨਜ਼ਰ ਹੋਰਨਾਂ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਜਾਂ ਮੈਂਬਰਾਂ ਦੀ ਕੇਸਾਂ ਦੀ ਬੇਅਦਬੀ ਵਲ ਤਾਂ ਜਾਂਦੀ ਹੈ ਪਰ ਆਪਣੇ ਪ੍ਰਧਾਨ ਵੱਲੋਂ ਲਏ ਜਾਂਦੇ ਗੈਰ ਸਿਧਾਂਤਕ ਫ਼ੈਸਲਿਆਂ ’ਤੇ ਕਿੰਤੂ ਕਰਨ ਦਾ ਹੀਆ ਨਹੀਂ ਕਰਦਾ। ਪਤਾ ਨਹੀਂ ਕੀ ਮਜਬੂਰੀ ਹੈ? ਪਤਾ ਨਹੀਂ ਬੀਬੀ ਜੀ ਅਤੇ ਜਥੇਦਾਰ ਸਾਹਿਬਾਨ ਕਿਨ੍ਹਾਂ ਨੂੰ ਖ਼ੁਸ਼ ਕਰਨ ’ਤੇ ਲੱਗੇ ਹੋਏ ਹਨ।
ਇਸਦੇ ਉਲਟ ਅੱਜ ਕੁਝ ਲੋਕ ਇਹ ਦਲੀਲਾਂ ਦੇ ਰਹੇ ਹਨ ਕਿ ਸ਼ਰੋਮਣੀ ਕਮੇਟੀ ਪਤਿਤਾਂ ਨੂੰ ਦਰਬਾਰ ਸਾਹਿਬ ਸਮੂਹ 'ਚ ਸਿਰੋਪੇ ਦਿੰਦੀ ਰਹੀ ਹੈ, ਉਨ੍ਹਾਂ ਦੇ ਪੈਸੇ ਨੂੰ ਨਾਂਹ ਨਹੀਂ ਕਰਦੀ ਤੇ ਹੁਣ ਤਸਵੀਰ 'ਤੇ ਇਤਰਾਜ਼ ਕਰ ਰਹੀ ਹੈ, ਇਹ ਦੋਗਲੀ ਨੀਤੀ ਹੈ।
ਦੋਸਤੋ! ਇਹ ਕਸੂਤਾ ਮਾਮਲਾ ਹੈ।
ਇਸ 'ਚ ਕੋਈ ਸ਼ੱਕ ਨਹੀਂ ਕਿ ਸ਼ਰੋਮਣੀ ਕਮੇਟੀ ਤੇ ਜਥੇਦਾਰ ਦੋਗਲੇ ਚੱਲ ਰਹੇ ਹਨ। ਪਤਿਤ ਤਾਂ ਬੀਬੀ ਵੀ ਸੀ, ਭਰਵੱਟੇ ਬਣਾਈ ਦੀਆਂ ਤਸਵੀਰਾਂ ਹਨ ਨੈਟ ‘ਤੇ। ਕੁੜੀ ਮਾਰਨਾ ਸਿੱਖੀ ‘ਚ ਬੱਜਰ ਕੁਰਹਿਤ ਹੈ ਤੇ ਬੀਬੀ ਅੰਦਰ ਰਹੀ ਹੈ ਇਸ ਮਾਮਲੇ ‘ਚ। ਹੁਣ ਕੌਣ ਕਹੇ ਰਾਣੀਏ, ਅੱਗਾ ਢਕ।.....ਜਦੋਂ ਆਪ ਕਿਸੇ ਪਾਸਿਓਂ ਸਹੀ ਨਾ ਹੋਈਏ ਤਾਂ ਦੂਜੇ ਨੂੰ ਗਲਤ ਕਹਿਣਾ ਵੀ ਔਖਾ ਹੋ ਜਾਂਦਾ।
ਪਰ ਫਿਰ ਵੀ ਮੈਨੂੰ ਜਾਪਦਾ ਕਿ ਸਿਧਾਂਤਕ ਪੱਖੋਂ ਇਹ ਇਤਰਾਜ਼ ਜਾਇਜ਼ ਹੈ ਕਿ ਪਤਿਤ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਨਹੀਂ ਲੱਗ ਸਕਦੀ।
ਮੇਰੀ ਜਾਚੇ ਸੰਦੀਪ ਸਿੰਘ ਧਾਲੀਵਾਲ ਵਲੋਂ ਪੁਲਿਸ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਲੈਣ ਲਈ ਟੈਕਸਸ ਸੂਬੇ ਦੀ ਸਰਕਾਰ ਅਤੇ ਹੈਰਿਸ ਕਾਊਂਟੀ ਪੁਲਿਸ ਨਾਲ਼ ਲੜੀ ਗਈ ਲੰਮੀ ਕਾਨੂੰਨੀ ਲੜਾਈ ਦਾ ਆਪਣੇ ਆਪ ਵਿੱਚ ਇੱਕ ਸਫਲਤਾ ਦਾ ਇਤਿਹਾਸ ਹੈ, ਲੋਕ ਉਸਦੀ ਇੱਜ਼ਤ ਕਰਦੇ ਸਨ ਤੇ ਹਨ।
ਉਸਦੀ ਤਸਵੀਰ ਕੇਂਦਰੀ ਅਜਾਇਬ ਘਰ ‘ਚ ਲਾਉਣ ਦੀ ਮੰਗ ਕਰਨੀ ਹੀ ਜਾਇਜ਼ ਨਹੀਂ ਸੀ। ਇਹਦੇ ਤੋਂ ਬਿਨਾ ਵੀ ਸਰਦਾ।
ਮਾਣ-ਸਤਿਕਾਰ ਓਹਦਾ ਵੀ ਹੁੰਦਾ, ਜਿਹਦੀ ਤਸਵੀਰ ਅਜਾਇਬਘਰ ‘ਚ ਨਹੀਂ ਲੱਗਦੀ ਪਰ ਸਤਿਕਾਰ ਬਦਲੇ ਸਿਧਾਂਤ ਨਹੀਂ ਤੋੜਨੇ ਚਾਹੀਦੇ। ਵਰਨਾ ਸਿਧਾਂਤ ਖਿੱਲਰ ਜਾਦੇ ਹਨ। ਸਤਿਕਾਰ ਆਪਣੀ ਥਾਂ, ਸਿਧਾਂਤ ਆਪਣੀ ਥਾਂ।
ਸੰਦੀਪ ਸਿੰਘ ਧਾਲੀਵਾਲ ਦੀ ਫੋਟੋ ਨਾ ਵੀ ਲੱਗੇ, ਸਾਡੇ ਮਨਾਂ ‘ਚ ਓਹਦੇ ਪ੍ਰਤੀ ਸਤਿਕਾਰ ਰਹਿਣਾ ਹੀ ਰਹਿਣਾ। ਸਾਨੂੰ ਮੰਗ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਅਸੀਂ ਅਜਿਹੀ ਮੰਗ ਕਰਕੇ ਕਿਤੇ ਆਪਣੇ ਸਤਿਕਾਰਤ ਬੰਦੇ ਦਾ ਨਾਮ ਬਿਨਾ ਗੱਲੋਂ ਵਿਵਾਦ 'ਚ ਤਾਂ ਨੀ ਧੱਕਣ ਲੱਗੇ?
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023