Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਵੰਬਰ 1984 ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਕਰਦਿਆਂ... ਕੈਨੇਡਾ ਵਿਚ ਸਿੱਖਾਂ ਵੱਲੋਂ ਖ਼ੂਨਦਾਨ ਲਹਿਰ ਰਾਹੀਂ ਇਤਿਹਾਸਕ ਸੇਵਾ

Posted on November 4th, 2021

ਡਾ. ਗੁਰਵਿੰਦਰ ਸਿੰਘ

ਕੈਨੇਡਾ ਦੇ ਕੋਨੇ-ਕੋਨੇ 'ਚ ਇਨੀਂ-ਦਿਨੀਂ ਮਾਨਵਵਾਦ ਨੂੰ ਸਮਰਪਿਤ ਮਹਾਨ ਮੁਹਿੰਮ 'ਸਿੱਖ ਕੌਮ ਵੱਲੋਂ ਖੂਨਦਾਨ' ਜ਼ੋਰਾਂ 'ਤੇ ਹੈ। ਦੇਸ਼ ਦੇ ਹਰੇਕ ਵੱਡੇ ਸ਼ਹਿਰ 'ਚ ਸੈਂਕੜੇ ਸਿੱਖ ਇਸਤਰੀਆਂ ਅਤੇ ਆਦਮੀ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ਕੈਨੇਡੀਅਨ ਬਲੱਡ ਸਰਵਿਸਜ਼ ਵਲੋਂ ਇਸ ਕਾਰਜ ਨੂੰ 'ਦੇਸ਼ 'ਚ ਸਭ ਤੋਂ ਵੱਡੀ ਖੂਨਦਾਨ ਲਹਿਰ' ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ ਹੈ। ਦਰਅਸਲ ਕੈਨੇਡਾ ਭਰ 'ਚ ਇਹ ਉਪਰਾਲਾ 1999 'ਚ ਅਰੰਭ ਹੋਇਆ ਸੀ ਅਤੇ ਅਕਤੂਬਰ 2021 ਤੱਕ 1 ਲੱਖ 60 ਹਜ਼ਾਰ ਤੋਂ ਵੱਧ ਜਾਨਾਂ ਸਿੱਖ ਕੌਮ ਵਲੋਂ ਕੀਤੇ ਖੂਨਦਾਨ ਰਾਹੀਂ ਬਚਾਈਆਂ ਜਾ ਚੁੱਕੀਆਂ ਹਨ। ਵੈਨਕੂਵਰ, ਟਰਾਂਟੋ, ਮਾਂਟਰੀਅਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਟਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਸ ਲੇਕ, ਸਸਕੈਚਵਿਨ, ਵਿਕਟੋਰੀਆ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ 'ਚ ਲੋਕਾਂ ਨੇ ਬੇਮਿਸਾਲ ਉਤਸ਼ਾਹ ਵਿਖਾਇਆ ਹੈ। ਇਸ ਵਾਰ ਵੀ 2 ਨਵੰਬਰ ਨੂੰ ਕੈਨੇਡਾ ਦੀ ਰਾਜਧਾਨੀ ਤੋਂ ਸਿੱਖ ਕੌਮ ਵੱਲੋਂ ਖੂਨਦਾਨ ਮੁਹਿੰਮ ਸ਼ੁਰੂ ਹੋ ਕੇ, ਮਹੀਨਾ ਭਰ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਚੱਲੇਗੀ। ਸੰਸਾਰ ਪੱਧਰ 'ਤੇ ਕੌਮੀ ਅਕਸ ਮਹਾਨ ਰੂਪ 'ਚ ਉਜਾਗਰ ਕਰਨ ਲਈ ਜਿਥੇ ਇਹ ਉਪਰਾਲਾ ਇਤਿਹਾਸਕ ਹੈ, ਉਥੇ 37 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ। ਖੂਨ ਡੋਲ੍ਹ ਕੇ ਅਤੇ ਜਾਨਾਂ ਲੈ ਕੇ ਜ਼ੁਲਮ ਕਰਨ ਵਾਲਿਆਂ ਦੀ ਕੋਹਝੀ ਅਸਲੀਅਤ ਦੁਨੀਆ ਅੱਗੇ ਰੱਖਣ ਦਾ ਇਸ ਤੋਂ ਬਿਹਤਰੀਨ ਢੰਗ ਕੀ ਹੋ ਸਕਦਾ ਹੈ ਕਿ ਨਸਲਕੁਸ਼ੀ ਦੀ ਪੀੜ੍ਹਤ ਸਿੱਖ ਕੌਮ ਨਾਲ ਸਬੰਧਤ ਲੋਕ, ਅੱਜ ਵੀ ਜਦੋ-ਜਹਿਦ ਕਰਦੇ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ।

ਕੈਨੇਡੀਅਨ ਲੋਕ ਜਦੋਂ ਦੇਸ਼ 'ਚ ਥਾਂ-ਥਾਂ 'ਤੇ ਲੱਗੇ ਖੂਨਦਾਨ ਕੈਂਪਾਂ 'ਚ ਸਿੱਖਾਂ ਦੇ ਵਲੰਟੀਅਰ ਪਰਿਵਾਰਾਂ, ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਅਤੇ ਬੁੱਧੀਜੀਵੀਆਂ ਤੋਂ ਏਨੇ ਵੱਡੇ ਹੁੰਗਾਰੇ ਦਾ ਕਾਰਨ ਪੁਛਦੇ ਹਨ, ਤਾਂ ਸਭ ਨੂੰ ਇੱਕੋ ਹੀ ਜਵਾਬ ਮਿਲਦਾ ਹੈ ਕਿ 'ਸਰਬੱਤ ਦਾ ਭਲਾ' ਮੰਗਣ ਵਾਲੀ ਕੌਮ ਖੂਨ ਲੈਣ 'ਚ ਨਹੀਂ, ਖੂਨ ਦੇਣ 'ਚ ਵਿਸ਼ਵਾਸ ਰੱਖਦੀ ਹੈ। ਇਸ ਲਹਿਰ ਨੇ ਕੈਨੇਡਾ ਭਰ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਦੌਰਾਨ ਸਿੱਖਾਂ ਨੇ ਵੱਡੀ ਗਿਣਤੀ 'ਚ ਖੂਨਦਾਨ ਕਰਦਿਆਂ ਨਾ ਸਿਰਫ਼ ਜਾਨਾਂ ਹੀ ਬਚਾਈਆਂ ਹਨ, ਸਗੋਂ ਭਾਈ ਘਨ੍ਹਾਈਆ ਅਤੇ ਭਗਤ ਪੂਰਨ ਸਿੰਘ ਦੇ ਮਾਨਵੀ ਸੇਵਾ ਦੇ ਸੁਨੇਹੇ ਨੂੰ ਹੋਰਨਾਂ ਕੌਮਾਂ ਤੱਕ ਵੀ ਪਹੁੰਚਾਇਆ ਹੈ। ਅਜਿਹੀਆਂ ਅਨੇਕਾਂ ਮਿਸਾਲਾਂ ਹਨ, ਜਿਨ੍ਹਾਂ ਦੌਰਾਨ ਜਿੱਥੇ ਵੀ ਮਨੁੱਖਤਾ ਨੂੰ ਖੂਨ ਦੀ ਲੋੜ ਪਈ, ਤਾਂ ਸਿੱਖ ਕੌਮ ਨੇ ਸਭ ਤੋਂ ਅੱਗੇ ਹੋ ਕੇ ਹੱਦਾਂ-ਸਰਹੱਦਾਂ, ਰੰਗ-ਨਸਲ, ਜਾਤ- ਫ਼ਿਰਕੇ ਨੂੰ ਇਕ ਪਾਸੇ ਰੱਖਦਿਆਂ ਖੂਨਦਾਨ ਦੀ ਲਹਿਰ ਚਲਾਉਂਦਿਆਂ ਹੋਇਆਂ ਅਣਗਿਣਤ ਜਾਨਾਂ ਬਚਾਈਆਂ।

ਕੈਨੇਡਾ ਦੇ ਕਈ ਹਾਈਵੇਅ ਅਤੇ ਰਾਸ਼ਟਰੀ ਮਾਰਗਾਂ 'ਤੇ ਨਵੰਬਰ ਮਹੀਨੇ ਖੂਨਦਾਨ ਕਰਕੇ ਜਾਨਾਂ ਬਚਾਉਣ ਦਾ ਸੁਨੇਹਾ ਦੇਣ ਦੀ ਪਿਰਤ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਉਪਰਾਲੇ ਦਾ ਜ਼ਿਕਰ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ, ਮਨੁੱਖੀ ਹੱਕਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧ ਅਕਸਰ ਕਰਦੇ ਹਨ। ਅੱਜ ਇਹ ਅਤਕਥਨੀ ਨਹੀਂ ਕਿ ਕੈਨੇਡਾ ਤੋਂ ਅਰੰਭ ਹੋਏ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ ਕੌਮਾਂਤਰੀ ਮੰਚ ਤੇ ਮਹਾਂ-ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਨ ਵਾਲੀ ਖੂਨਦਾਨ ਲਹਿਰ ਅਸਟ੍ਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ 'ਚ ਫੈਲ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਨਾਇਟਡ ਨੇਸ਼ਨ 'ਚ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਾਰਜਾਂ ਦੀ ਸੂਚੀ 'ਚ ਸਿੱਖ ਕੌਮ ਦੀ ਖੂਨਦਾਨ ਲਹਿਰ ਦਾ ਜ਼ਿਕਰਯੋਗ ਥਾਂ ਹੋਵੇਗਾ। ਇਸ ਸਬੰਧੀ ਜਦੋਂ ਵੀ ਸਯੰਕਤ ਰਾਸ਼ਟਰ 'ਚ ਮਾਨਵਵਾਦੀ ਸੇਵਾ ਦੇ ਮਹਾਨ ਕਾਰਜ ਦੀ ਗੱਲ ਤੁਰੇਗੀ, ਉਦੋਂ ਹੀ ਨਵੰਬਰ ਉਨੀ ਸੌ ਚੁਰਾਸੀ ਵਿੱਚ ਭਾਰਤ ਅੰਦਰ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਵੀ ਪਾਈਆਂ ਜਾਣਗੀਆਂ ਅਤੇ 37 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ।

ਸਿਤਮਜ਼ਰੀਫੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਕਾਂਗਰਸ ਆਗੂ ਤੇ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਡੇ ਦਰਖਤ ਦੇ ਡਿਗਣ 'ਤੇ ਧਰਤੀ ਕੰਬਣ ਨਾਲ ਤੁਲਣਾ ਕਰ ਰਿਹਾ ਹੋਵੇ। ਦੂਸਰੇ ਪਾਸੇ ਦੇਸ਼ ਦੀ ਫਿਰਕੂ ਜਥੇਬੰਦੀ ਆਰਐਸਐਸ ਦਾ ਵੱਡਾ ਆਗੂ ਨਾਨਾ ਜੀ ਦੇਸ਼ਮੁੱਖ ਸਿੱਖ ਕਤਲੇਆਮ ਦੇ ਦੋਸ਼ ਸਿੱਖਾਂ ਦੇ ਹੀ ਸਿਰ ਮੜਦਾ ਹੋਇਆ ਸਿੱਖ ਕੌਮ ਨੂੰ 'ਸਬਕ ਲੈਣ' ਦੀ ਨਸੀਹਤ ਦੇ ਰਿਹਾ ਹੋਵੇ ਅਤੇ ਅਜਿਹੀ ਨਸਲਕੁਸ਼ੀ ਨੂੰ ਆਪਣੀ ਸੌੜੀ ਸੋਚ ਅਧੀਨ ਜਾਇਜ਼ ਠਹਿਰਾ ਰਿਹਾ ਹੋਵੇ। ਜੇਕਰ ਅਜਿਹੇ ਲੋਕ 'ਭਾਰਤ ਰਤਨ' ਵਰਗੇ ਦੇਸ਼ ਦੇ ਸਭ ਤੋਂ ਵੱਡੇ ਅਖੌਤੀ ਪੁਰਸਕਾਰਾਂ ਨਾਲ ਸਨਮਾਨੇ ਜਾਂਦੇ ਹਨ, ਤਾਂ ਫਿਰ ਸਭ ਤੋਂ ਵੱਧ ਫਾਂਸੀ ਚੜ੍ਹਨ ਵਾਲੇ,ਕਾਲੇਪਾਣੀ ਦੀਆਂ ਸਜ਼ਾ ਕੱਟਣ ਵਾਲੇ, ਉਮਰ ਕੈਦਾਂ ਭੋਗਣ ਵਾਲੇ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਿੱਖ ਅਤੇ ਸੱਚੇ ਸੁੱਚੇ ਸੂਰਬੀਰ ਤਾਂ 'ਦੇਸ਼ ਧਰੋਹੀ' ਹੀ ਕਹੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਹਨ। ਜੇਕਰ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਲਾਸ਼ੇਰੀ ਦਿੱਤੀ। ਜੇ ਕਾਂਗਰਸ ਦੇ ਰਾਜ 'ਚ ਸਿੱਖ ਕਤਲੇਆਮ ਹੋਇਆ, ਤਾਂ ਭਾਜਪਾ ਦੇ ਰਾਜ 'ਚ ਮੁਸਲਿਮ ਵਿਰੋਧੀ ਕਤਲੇਆਮ ਹੋਇਆ।

ਕੈਨੇਡਾ ਦੀ ਧਰਤੀ 'ਤੇ ਖੂਨਦਾਨ ਦੀ ਮੁਹਿੰਮ ਚਲਾਉਣ ਵਾਲੀ ਮਹਾਨ ਵਿਚਾਰਧਾਰਾ ਉਕਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਦ੍ਰਿੜ ਹੈ। ਇੱਕ ਦਿਨ ਜ਼ਰੂਰ ਆਵੇਗਾ, ਜਦੋਂ ਕੌਮਾਂਤਰੀ ਭਾਈਚਾਰਾ ਇਨਸਾਫ਼ ਲਈ 'ਹਾਅ ਦਾ ਨਾਅਰਾ' ਮਾਰੇਗਾ। ਅੱਜ ਲੋੜ ਇਸ ਗੱਲ ਦੀ ਹੈ ਕਿ ਕੌਮ ਦੇ ਚਿੰਤਕ ਅਤੇ ਵਿਦਵਾਨ ਆਪਣਾ ਫਰਜ਼ ਪਛਾਣਦੇ ਹੋਏ ਮਹਾਨ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਪਤੀ ਦੀ ਧੱਕੇਸ਼ਾਹੀ ਖਿਲਾਫ਼ ਲਿਖਣ। ਸਿੱਖ ਕੌਮ ਦੇ ਅਕਸ ਨੂੰ ਜੇਕਰ ਸਾਡਾ ਮੀਡੀਆ ਦੁਨੀਆ ਸਾਹਮਣੇ ਸਹੀ ਰੂਪ ਵਿੱਚ ਪੇਸ਼ ਕਰੇਗਾ, ਤਾਂ ਕੌਮ ਦੀ ਪਨੀਰੀ ਇਸ ਪਾਸੇ ਵੱਲ ਹੋਰ ਵੀ ਰੁਚਿਤ ਹੋਵੇਗੀ। ਅਜਿਹੇ ਮੌਕੇ 'ਤੇ ਸਹਿਣ ਸ਼ਕਤੀ, ਪਰਉਪਕਾਰ ਅਤੇ ਮਾਨਵੀ ਹੱਕਾਂ ਪ੍ਰਤੀ ਚੇਤਨਾ ਮੂਲ ਸਰੋਕਾਰ ਬਣ ਕੇ ਕੌਮ ਦੀ ਸਰਬੱਤ ਦੇ ਭਲੇ ਦੀ ਅਰਦਾਸ ਮਨਜ਼ੂਰ ਕਰਵਾਉਣਗੇ।

ਅੱਜ ਜਦੋਂ ਸੰਸਾਰ ਭਰ ਵਿੱਚ ਸਿੱਖ ਕੌਮ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 400ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ , ਜ਼ੁਲਮ ਖਿਲਾਫ ਗੁਰੂ ਸਾਹਿਬ ਵੱਲੋਂ ਉਠਾਈ ਆਵਾਜ਼ ਅਤਿ ਧਾਰਮਿਕ ਆਜ਼ਾਦੀ ਲਈ ਦਿੱਤੀ ਸ਼ਹਾਦਤ ਨੂੰ ਮਾਨਵਵਾਦ ਅਤੇ ਸਰਬੱਤ ਦੇ ਭਲੇ ਦਾ ਮੈਨੀਫੈਸਟੋ ਬਣਾ ਰਹੀ ਹੈ, ਉਦੋਂ ਸਾਰਿਆਂ ਨੂੰ ਮਿਲ ਕੇ ਭਾਰਤੀ ਹੁਕਮਰਾਨਾਂ ਦੇ ਹਿਟਲਰਸ਼ਾਹੀ ਅਤੇ ਨਾਜ਼ੀਵਾਦੀ ਹਿੰਦੂਤਵੀ ਏਜੰਡੇ ਖ਼ਿਲਾਫ਼ ਲੜਨ ਦੀ ਲੋੜ ਹੈ। ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇੱਥੋਂ ਤੱਕ ਕਿ ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।

ਸਿੱਖ ਕੌਮ ਵੱਲੋਂ ਨਵੰਬਰ ਮਹੀਨੇ ਦੌਰਾਨ ਕੈਨੇਡਾ ਭਰ ਵਿਚ ਅਨੇਕ ਥਾਵਾਂ 'ਤੇ ਖੂਨਦਾਨ ਮੁਹਿੰਮ ਵਿੱਚ ਭਾਰੀ ਸਹਿਯੋਗ ਕਾਰਨ ਹੀ, ਸਰੀ ਸਿਟੀ ਕੌਂਸਲ ਅਤੇ ਮੇਅਰ ਡੱਗ ਮੁਕੱਲਮ ਵੱਲੋਂ ਬੀਤੇ ਵਰ੍ਹੇ ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਦੇ ਯਾਦਗਾਰੀ ਮਹੀਨੇ ਵਜੋਂ ਐਲਾਨਿਆ ਗਿਆ, ਜਦਕਿ ਕੈਨੇਡੀਅਨ ਬਲੱਡ ਸਰਵਿਸਜ਼ ਵੱਲੋਂ ਸਿੱਖ ਕੌਮ ਦੀ ਇਸ ਖੂਨਦਾਨ ਮੁਹਿੰਮ ਨੂੰ ਦੇਸ਼ ਦੀ ਸਭ ਤੋਂ ਵੱਡੀ ਮੁਹਿੰਮ ਵਜੋਂ ਸਨਮਾਨਿਆ ਗਿਆ।

ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵੀ ਨਵੰਬਰ ਮਹੀਨੇ ਨੂੰ ਸਿੱਖ ਖੂਨਦਾਨ ਲਹਿਰ ਵਜੋਂ ਮਾਨਤਾ ਦਿੱਤੀ ਗਈ ਹੈ ਜੋ ਕਿ ਇਤਿਹਾਸਕ ਕਾਰਜ ਹੈ। ਪਰ ਇੰਡੀਅਨ ਫਾਸ਼ੀਵਾਦੀ ਸਟੇਟ ਦੇ ਪ੍ਰਭਾਵ ਕਾਰਨ ਇੱਥੇ ਇਸ ਗੱਲ ਦੀ ਘਾਟ ਜ਼ਰੂਰ ਮਹਿਸੂਸ ਹੋਈ ਹੈ ਕਿ ਇਸ ਖੂਨਦਾਨ ਮੁਹਿੰਮ ਦਾ ਅਸਲ ਕਾਰਨ, ਜੋ ਕਿ ਸਿੱਖ ਨਸਲਕੁਸ਼ੀ ਦਾ ਦੁਖਾਂਤ ਹੈ, ਉਸ ਬਾਰੇ ਸਰਕਾਰੀ ਐਲਾਨਨਾਮੇ 'ਚ ਪੂਰੀ ਤਰ੍ਹਾਂ ਖਾਮੋਸ਼ੀ ਹੈ । ਇਹ ਸਿੱਖ ਨਸਲਕੁਸ਼ੀ ਦੀ ਪੀਡ਼ਤ ਸਮੁੱਚੀ ਸਿੱਖ ਕੌਮ ਲਈ ਰੜਕਦਾ ਹੈ। ਨਵੰਬਰ ਚੌਰਾਸੀ ਦੇ ਸਿੱਖ ਕਤਲੇਆਮ ਦੇ ਦੁਖਾਂਤ ਨੂੰ ਸੰਸਾਰ ਸਾਹਮਣੇ ਉਜਾਗਰ ਕਰਨ ਲਈ ਹੀ ਸਿੱਖ ਕੌਮ ਵੱਲੋਂ ਖੂਨਦਾਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਇਸੇ ਕਰਕੇ ਹੀ ਲੱਖਾਂ ਜਾਨਾਂ ਬਚਾਈਆਂ ਗਈਆਂ ਹਨ।

ਆਓ, ਇਨਸਾਨੀਅਤ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼, ਸਿੱਖ ਕੌਮ ਵੱਲੋਂ ਆਰੰਭੀ ਖੂਨਦਾਨ ਮੁਹਿੰਮ ਦਾ ਹਿੱਸਾ ਬਣੀਏ ਅਤੇ ਸੰਸਾਰ ਵਿੱਚ 'ਨਾ ਡਰੋ ਨਾ ਡਰਾਓ' ਅਤੇ 'ਜੀਓ ਅਤੇ ਜਿਓਣ ਦਿਓ' ਦੇ ਮਹਾਨ ਸੰਕਲਪ ਦੇ ਧਾਰਨੀ ਹੋ ਕੇ, ਮਨੁੱਖੀ ਹੱਕਾਂ ਸਮੇਤ 'ਸਰਬੱਤ' ਦੇ ਹੱਕਾਂ ਦੇ ਪਹਿਰੇਦਾਰ ਬਣੀਏ।

ਡਾ. ਗੁਰਵਿੰਦਰ ਸਿੰਘ

ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)

ਐਬਟਸਫੋਰਡ, ਕੈਨੇਡਾ।

singhnewscanada@gmail.com

604-825-1550



Archive

RECENT STORIES

ਦਾ ਸਹੋਤਾ ਸ਼ੋਅ 10 ਜਨਵਰੀ 2025

Posted on January 10th, 2025

ਦਾ ਸਹੋਤਾ ਸ਼ੋਅ 9 ਜਨਵਰੀ 2025

Posted on January 9th, 2025

ਦਾ ਸਹੋਤਾ ਸ਼ੋਅ 8 ਜਨਵਰੀ 2025

Posted on January 8th, 2025

ਦਾ ਸਹੋਤਾ ਸ਼ੋਅ 7 ਜਨਵਰੀ 2025

Posted on January 7th, 2025

ਟਰੰਪ ਬਨਾਮ 51ਵਾਂ ਸੂਬਾ ਕੈਨੇਡਾ ਬਨਾਮ ਗਰੀਨਲੈਂਡ: ਟਰੰਪ ਵਲੋਂ ਸਿੰਗ ਮਿੱਟੀ ਚੁੱਕਣ ਪਿੱਛੇ ਅਸਲੀ ਰੌਲਾ ਕੀ?

Posted on January 7th, 2025

ਦਾ ਸਹੋਤਾ ਸ਼ੋਅ 6 ਜਨਵਰੀ 2025

Posted on January 6th, 2025

ਦਾ ਸਹੋਤਾ ਸ਼ੋਅ 3 ਜਨਵਰੀ 2025

Posted on January 3rd, 2025

ਦਿਲਜੀਤ ਵੱਲੋਂ ਮੋਦੀ ਦੇ ਘਰ ਜਾਣਾ

Posted on January 3rd, 2025

ਦਾ ਸਹੋਤਾ ਸ਼ੋਅ 2 ਜਨਵਰੀ 2025

Posted on January 2nd, 2025

ਦਾ ਸਹੋਤਾ ਸ਼ੋਅ 31 ਦਸੰਬਰ 2024

Posted on December 31st, 2024

ਦਾ ਸਹੋਤਾ ਸ਼ੋਅ 30 ਦਸੰਬਰ 2024

Posted on December 30th, 2024

ਦਾ ਸਹੋਤਾ ਸ਼ੋਅ 27 ਦਸੰਬਰ 2024

Posted on December 27th, 2024