Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

"ਨਾਤ੍ਹੀ ਧੋਤੀ ਰਹਿ ਗਈ" ਸੋਨੀਆ ਮਾਨ, ਸੁਖਬੀਰ ਚਲੇ ਗਏ ਬਾਕਰਪੁਰ ਦੇ ਘਰ

Posted on November 12th, 2021

ਸਾਹਿਬਜ਼ਾਦਾ ਅਜੀਤ ਸਿੰਘ ਨਗਰ । ਚੜ੍ਹਦੀ ਕਲਾ ਬਿਊਰੋ

ਜਿਸ ਹਿਸਾਬ ਕਿਸਾਨ ਮੋਰਚੇ ਨਾਲ ਜੁੜੇ ਅਹਿਮ ਚਿਹਰੇ ਅਤੇ ਕਿਸਾਨ ਆਗੂਆਂ ਦੀ ਚਹੇਤੀ ਸੋਨੀਆ ਮਾਨ ਦਾ ਕੱਲ੍ਹ ਵਿਰੋਧ ਹੋਇਆ, ਉਸਤੋਂ ਬਾਅਦ "ਨਾਤ੍ਹੀ ਧੋਤੀ ਰਹਿ ਗਈ" ਵਾਲੀ ਗੱਲ ਸਹੀ ਸਾਬਤ ਹੋਈ। ਸੁਖਬੀਰ ਬਾਦਲ ਨੇ ਐਨ ਮੌਕੇ 'ਤੇ ਸੋਨੀਆ ਮਾਨ ਨੂੰ ਅਕਾਲੀ ਦਲ 'ਚ ਰਲਾਉਣ ਦਾ ਮਨ 'ਹਾਲ ਦੀ ਘੜੀ' ਬਦਲ ਲਿਆ।

ਉਹ ਮਿੱਥੇ ਪ੍ਰੋਗਰਾਮ ਨੂੰ ਬਦਲ ਕੇ, ਸੋਨੀਆ ਮਾਨ ਨੂੰ ਰਲਾਉਣ ਦੀ ਥਾਂ ਮੋਹਾਲੀ ਤੋਂ ਬਸਪਾ ਆਗੂ ਅਤੇ ਟਿਕਟ ਦੇ ਦਾਅਵੇਦਾਰ ਗੁਰਮੀਤ ਸਿੰਘ ਬਾਕਰਪੁਰ ਦੇ ਘਰ ਚਲੇ ਗਏ ਅਤੇ ਉਨ੍ਹਾਂ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ। ਅਕਾਲੀ ਦਲ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਦਾ ਐਲਾਨ ਵੀ ਕੀਤਾ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ ਹੋਣ ਤੋਂ ਬਾਅਦ ਮੋਹਾਲੀ ਵਿਧਾਨ ਸਭਾ ਦੀ ਸੀਟ ਬਸਪਾ ਦੇ ਖਾਤੇ ਵਿੱਚ ਸੀ। ਗੁਰਮੀਤ ਸਿੰਘ ਬਾਕਰਪੁਰ ਪਿਛਲੇ ਦਿਨੀਂ ਅਕਾਲੀ ਦਲ ਨੂੰ ਛੱਡ ਕੇ ਬਸਪਾ ਵਿੱਚ ਚਲੇ ਗਏ ਸਨ।

ਸੋਨੀਆ ਮਾਨ ਦੇ ਅਕਾਲੀ ਦਲ 'ਚ ਜਾਣ ਦੀਆਂ ਖਬਰਾਂ ਕੱਲ੍ਹ ਜਿਓਂ ਹੀ ਪੰਜਾਬ ਦੀਆਂ ਅਖਬਾਰਾਂ-ਚੈਨਲਾਂ 'ਤੇ ਵਾਇਰਲ ਹੋਈਆਂ ਤਾਂ ਚੌਪਾਸਿਓਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਸੋਨੀਆ ਮਾਨ ਦੇ ਫੇਸਬੁੱਕ ਖਾਤੇ 'ਤੇ ਤਾਂ ਉਸਦੇ ਸਾਬਕਾ ਸਮਰਥਕਾਂ ਤੱਕ ਨੇ ਲਾਹਣਤਾਂ ਦਾ ਮੀਂਹ ਵਰ੍ਹਾ ਦਿੱਤਾ ਸੀ।

ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ ਅਤੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਨੇ ਸੋਨੀਆ ਮਾਨ ’ਤੇ ਕਿਸਾਨੀ ਸੰਘਰਸ਼ ਨੂੰ ਕਥਿਤ ਤੌਰ ’ਤੇ ਵੇਚਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪਹਿਲੇ ਦਿਨ ਤੋਂ ਹੀ ਇਹ ਸ਼ੱਕ ਸੀ ਕਿ ਸੋਨੀਆ ਮਾਨ ਕਿਸਾਨੀ ਸੰਘਰਸ਼ ਦੀ ਆੜ ਹੇਠ ਰਾਜਨੀਤੀ ਵਿੱਚ ਦਾਖ਼ਲ ਹੋਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਬੀਬੀ ਮਾਨ ਨੇ ਸਿਆਸੀ ਪਾਰਟੀ ਦੀ ਟਿਕਟ ’ਤੇ ਚੋਣ ਲੜਨੀ ਸੀ ਤਾਂ ਉਹ ਕਿਸਾਨੀ ਸੰਘਰਸ਼ ਦਾ ਹਿੱਸਾ ਕਿਉਂ ਬਣੀ? ਉਨ੍ਹਾਂ ਐਲਾਨ ਸੀ ਕੀਤਾ ਕਿ ਚੋਣਾਂ ਦੌਰਾਨ ਸੋਨੀਆ ਮਾਨ ਦਾ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਸੀ ਕਿ ਉਨ੍ਹਾਂ ਕਿਸਾਨ ਸਮਰਥਕਾਂ ਦੀ ਵੀ ਜੁਆਬਤਲਬੀ ਕੀਤੀ ਜਾਵੇਗੀ, ਜਿਨ੍ਹਾਂ ਨੇ ਸੋਨੀਆ ਮਾਨ ਦੀ ਪਿੰਡਾਂ ਵਿੱਚ ਮੀਟਿੰਗਾਂ ਕਰਵਾਈਆਂ ਹਨ।

ਕੀ ਹਾਲੇ ਵੀ ਅਕਾਲੀ ਦਲ ਸੋਨੀਆ ਮਾਨ ਨੂੰ ਨਾਲ ਰਲ਼ਾਵੇਗਾ? ਇਸ ਸਵਾਲ ਦਾ ਜਵਾਬ ਆਉਣ ਵਾਲੇ ਦਿਨਾਂ 'ਚ ਮਿਲਣ ਦੀ ਆਸ ਹੈ ਪਰ ਹੁਣ ਆਸਾਰ ਮੱਧਮ ਜਾਪਦੇ ਹਨ।Archive

RECENT STORIES