Posted on November 12th, 2021
ਚੰਡੀਗੜ੍ਹ । ਚੜ੍ਹਦੀ ਕਲਾ ਬਿਊਰੋ
ਆਪਣੇ ਫੇਸਬੁੱਕ ਪੇਜ 'ਤੇ ਹੇਠਲਾ ਬਿਆਨ ਪਾ ਕੇ ਸੋਨੀਆ ਮਾਨ ਨੇ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਜਵਾਬ ਮੰਗੇ ਹਨ, ਜੋ ਕਿ ਉਸ ਦੇ ਅਕਾਲੀ ਦਲ 'ਚ ਜਾਣ ਦੇ ਵਿਰੋਧ ਤੋਂ ਖਫਾ ਹੈ।
ਹੂਬਹੂ ਬਿਆਨ:
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇਸਤਰੀ ਜਾਤੀ ਨੂੰ ਮਾਣ ਸਨਮਾਨ ਦਾ ਦਰਜਾ ਦਿੰਦਿਆਂ ਰਾਜਿਆਂ, ਮਹਾਰਾਜਿਆਂ ਤੇ ਗੁਰੂਆਂ, ਪੀਰਾਂ ਦੀ ਜਨਣੀ ਕਹਿ ਕੇ ਸਤਿਕਾਰਿਆ ਸੀ। ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਅੱਜ ਆਪਣੀ ਘਟੀਆ ਰਾਜਨੀਤੀ ਅਤੇ ਨਿੱਜੀ ਸਵਾਰਥ ਦੀ ਖ਼ਾਤਰ ਕੁਝ ਅਖ਼ਬਾਰੀ ਖ਼ਬਰਾਂ/ਅਫਵਾਹਾਂ ਨੂੰ ਆਧਾਰ ਬਣਾ ਕੇ ਮੈਨੂੰ ਭੰਡਣ ਅਤੇ ਨੀਵਾਂ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ। ਨੀਵੇਂ ਪੱਧਰ ਦੀ ਰਾਜਨੀਤੀ ਤੇ ਸ਼ਬਦਾਵਲੀ ਵਰਤੀ।
ਓਸ ਇਸ ਪਵਿੱਤਰ ਕਿਸਾਨੀ ਨੂੰ ਢਾਲ ਬਣਾ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਦੀ ਖਾਤਰ ਮੇਰੇ ਉਪਰ ਨਿੱਜੀ ਹਮਲੇ ਕੀਤੇ ਉਸ ਨੇ ਜਿਥੇ ਮੇਰੇ ਦਿਲ ਨੂੰ ਝੰਜੋੜਿਆ ਉਥੇ ਸਮਾਜ ਦੀ ਉਹ ਤਸਵੀਰ ਪੇਸ਼ ਕੀਤੀ ਜਿਸ ਸਮਾਜ ਲਈ ਮੈਂ ਆਪਣੇ ਕਾਰੋਬਾਰ ਦਾ ਤਿਆਗ ਕੀਤਾ, ਆਪਣੇ ਕੈਰੀਅਰ ਨੂੰ ਦਾਅ 'ਤੇ ਲਗਾਇਆ।
ਉਹ ਪਵਿੱਤਰ ਕਿਸਾਨੀ ਮੋਰਚਾ ਜਿਸ ਨੂੰ ਕਾਮਯਾਬ ਕਰਨ ਲਈ ਮੈਂ ਦਿਨ ਰਾਤ ਇੱਕ ਕੀਤਾ। ਆਪਣੀਆਂ ਨਿੱਜੀ ਰੰਜਿਸ਼ਾਂ ਤੇ ਚੌਧਰ ਦੀ ਖਾਤਰ ਆਪਣੀ ਬੇਟੀ ਤੇ ਭੈਣ ਦਾ ਦਰਜਾ ਦੇਣ ਵਾਲਿਆਂ ਨੇ ਚੰਦ ਮਿੰਟਾਂ ਵਿੱਚ ਮੈਨੂੰ ਗੱਦਾਰ ਦਾ ਤਮਗਾ ਦੇ ਦਿੱਤਾ। ਮੈਂ ਪਿੰਡ-ਪਿੰਡ, ਗਲੀ ਗਲੀ ਕਿਸਾਨੀ ਬਿੱਲਾਂ ਦੇ ਹੱਕ ਵਿਚ ਘਰ ਘਰ ਜਾ ਕੇ ਦਰਵਾਜ਼ਾ ਖੜਕਾਇਆ। ਹਰ ਪਿੰਡ ਵਿਚ ਕਿਸਾਨੀ ਦੇ ਹੱਕ ਵਿੱਚ ਤੰਬੂ ਲਗਾਉਣ ਦਾ ਹੋਕਾ ਦਿੱਤਾ। ਹਰਿਆਣਾ , ਰਾਜਸਥਾਨ ਯੂ.ਪੀ, ਲਖੀਮਪੁਰ ਖੀਰੀ ਮੈਂ ਨਿੱਜੀ ਹਿੱਤਾਂ ਦੀ ਖਾਤਰ ਨਹੀਂ ਸਗੋਂ ਸਮਾਜ ਦੇ ਲੋਕਾਂ ਲਈ ਗਈ ਸੀ।
ਲਖੀਮਪੁਰ ਖੀਰੀ ਵਿਚ ਪੰਜ ਜ਼ਿਲਿਆਂ ਦੀ ਪੁਲਸ ਨੇ ਮੈਨੂੰ ਘੇਰਾ ਪਾਇਆ। ਮੈਨੂੰ ਜਬਰਦਸਤੀ ਗ੍ਰਿਫਤਾਰ ਕੀਤਾ ਪਰ ਕਿਸੇ ਵੀ ਕਿਸਾਨ ਜਥੇਬੰਦੀ ਅਤੇ ਵੀਰ ਨੇ ਮੇਰਾ ਸਾਥ ਨਹੀਂ ਦਿੱਤਾ । ਮੇਰੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ ਕਿਸੇ ਵੀ ਕਿਸਾਨ ਨੇਤਾ ਨੇ ਸਟੇਜ ਮੇਰੇ ਨਾਲ ਵਾਪਰੀ ਘਟਨਾ ਦੀ ਨਿੰਦਾ ਨਹੀਂ ਕੀਤੀ। ਇਕ ਔਰਤ ਹੋਣ ਦੇ ਨਾਤੇ ਮੈਂ ਇਕੱਲੀ ਨੇ ਲੜਾਈ ਆਪਣੇ ਦਮ 'ਤੇ ਲੜੀ।
ਲਖੀਮਪੁਰ ਘਟਨਾ ਦਾ ਇਨਾਮ ਕਿਸਾਨੀ ਮੋਰਚੇ ਵੱਲੋਂ ਮੈਨੂੰ ਇਹ ਦਿੱਤਾ ਗਿਆ ਕਿ ਮੈਨੂੰ ਕਿਸਾਨੀ ਮੋਰਚੇ ਦੀ ਸਟੇਜ ਉਪਰੋਂ ਬੋਲਣ ਲਈ ਇਜਾਜ਼ਤ ਨਹੀਂ ਮਿਲੀ। ਸੋਸ਼ਲ ਮੀਡੀਆ 'ਤੇ ਆਪਣੀ ਝੂਠੀ ਵਾਹ ਵਾਹ ਖੱਟਣ ਵਾਲਿਆਂ ਨੇ ਓਸ ਵਕਤ ਇੱਕ ਵੀ ਸ਼ਬਦ ਮੇਰੇ ਹੱਕ ਵਿੱਚ ਨਹੀਂ ਬੋਲਿਆ ਜਾਂ ਲਿਖਿਆ।
ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਥੇਬੰਦੀ ਨਾਲ ਨਹੀਂ ਜੁੜੀ। ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ, ਮੈਨੂੰ ਕਾਲੇ ਝੰਡੇ ਦਿਖਾਉਣ, ਮੈਨੂੰ ਬੇਇੱਜ਼ਤ ਕਰਨ ਅਤੇ ਜਲੀਲ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਾਇਆ ਮੈਂ ਇੱਕ ਧਾਰਨਾ ਤੇ ਸੋਚ ਲਈ ਆਪਣੇ ਕੈਰੀਅਰ ਨੂੰ ਦਾਅ 'ਤੇ ਲਗਾਇਆ। ਮੇਰੇ ਸਤਿਕਾਰਯੋਗ ਵੀਰ ਅਤੇ ਜੱਥੇਬੰਦੀਆਂ ਕਿਰਪਾ ਕਰਕੇ ਮੈਨੂੰ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਨ੍ਹਾਂ ਦੀ ਲੜਾਈ ਕੇਂਦਰ ਨਾਲ ਹੈ ਜਾਂ ਮੇਰੇ ਵਰਗੀ ਬੇਸਹਾਰਾ ਨਾਲ, ਜਿਸ ਦੇ ਸਿਰ ਉੱਤੋਂ ਪਿਓ ਦਾ ਸਾਇਆ ਨਹੀਂ ਸੀ।
ਪਿਤਾ 16 ਦਿਨਾਂ ਦੀ ਛੱਡ ਕੇ ਇਸ ਦੁਨੀਆਂ ਤੋਂ ਸਮਾਜ ਦੀ ਖ਼ਾਤਰ ਆਪਣਾ ਆਪ ਕੁਰਬਾਨ ਕਰ ਗਏ। 16 ਦਿਨਾਂ ਤੋਂ ਲੈ ਕੇ ਅੱਜ ਤੱਕ ਮੇਰੀ ਇਕੱਲੀ ਮਾਂ ਤੇ ਮੈਂ ਇਕ ਦਿਨ ਕਿਵੇਂ ਕੱਟਿਆ ਮੈਂ ਤੇ ਮੇਰਾ ਪਰਿਵਾਰ ਹੀ ਜਾਣਦਾ ਹੈ। ਮੇਰੇ 'ਤੇ ਉਂਗਲ ਚੁੱਕਣ ਵਾਲੇ ਆਪਣੇ ਗਿਰੇਬਾਨ ਵਿਚ ਝਾਕਣ। ਕਿਰਪਾ ਕਰਕੇ ਮੈਨੂੰ ਇੱਕ ਗੱਲ ਦੀ ਕੋਸ਼ਿਸ਼ ਕਰਨਗੇ ਕਿ ਮੇਰਾ ਵਿਰੋਧ ਜਾਂ ਮੇਰੇ ਖਿਲਾਫ ਬੋਲਣ ਨਾਲ ਇਹ ਤਿੰਨ ਬਿੱਲ ਰੱਦ ਹੋ ਜਾਣਗੇ।
ਇੱਕ ਸਾਲ ਤੋਂ ਤਿੰਨ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਭਰਾ ਮਾਰੂ ਜੰਗ ਤੱਕ ਜਾ ਪਹੁੰਚੀ ਹੈ। ਲੋਕਤੰਤਰ ਵਿੱਚ ਹਰ ਵਿਅਕਤੀ, ਹਰ ਜਥੇਬੰਦੀ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਨੇ ਦਿੱਤਾ ਹੈ। ਜਿਹੜਾ ਵੀ ਇਨਸਾਨ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਗੱਲ ਕਰਦਾ ਹੈ ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਤੇ ਦੇਸ਼ ਧ੍ਰੋਹੀ ਹੈ। ਮੇਰੇ ਵਿਰੋਧ ਦੀ ਕਾਲ ਦੇਣ ਵਾਲੇ ਇਹ ਵੀ ਦੱਸਣ ਕਿ 32 ਜਥੇਬੰਦੀਆਂ ਦੇ ਮੈਂਬਰ ਤੇ ਅਹੁਦੇਦਾਰ ਅਤੇ ਮੋਰਚੇ 'ਤੇ ਬੈਠੇ ਲੋਕ ਕੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਨਹੀਂ ਹਨ? ਜੇਕਰ ਹਨ ਤਾਂ ਕੀ ਮੈਨੂੰ ਸਿਰਫ਼ ਇਕ ਔਰਤ ਹੋਣ ਦੇ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ?
ਕਿਰਪਾ ਕਰਕੇ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਜਰੂਰ ਕਰਨ। ਸੰਵਿਧਾਨ ਨਿਰਮਾਤਾ ਡਾਕਟਰ ਬੀ .ਆਰ. ਅੰਬੇਦਕਰ ਸਾਹਿਬ ਜ਼ਿੰਦਾਬਾਦ ।
ਤੁਹਾਡੇ ਜਵਾਬ ਦੀ ਉਡੀਕ ਵਿੱਚ
ਸੋਨੀਆ ਮਾਨ
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023