Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖਾਂ, ਤਾਮਿਲਾਂ, ਨਾਗਿਆਂ, ਤ੍ਰਿਪੁਰੀਆਂ, ਕਸ਼ਮੀਰੀਆਂ ਨੇ ਕੀਤੀ ਸਾਂਝੀ ਮੰਗ - ਸਾਰੇ ਰਾਜਨੀਤਕ ਕੈਦੀ ਰਿਹਾਅ ਅਤੇ ਕਾਲ਼ੇ ਕਨੂੰਨ ਰੱਦ ਹੋਣ

Posted on December 13th, 2021

ਅੰਮ੍ਰਿਤਸਰ- ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖ਼ਾਲਸਾ ਦੇ ਸੱਦੇ 'ਤੇ ਪਹੁੰਚੇ ਸੰਘਰਸ਼ਸ਼ੀਲ ਕੌਮਾਂ ਸਿੱਖ, ਤਾਮਿਲ, ਨਾਗਾ, ਤ੍ਰਿਪੁਰਾ, ਕਸ਼ਮੀਰੀ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਨੁਮਾਇੰਦਿਆਂ ਨੇ ਸੰਜੋਗ ਹੋਟਲ 'ਚ ਹੋਈ ਕਨਵੈਨਸ਼ਨ 'ਚ ਸੰਬੋਧਨ ਹੁੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂ.ਏ.ਪੀ.ਏ., ਅਫਸਪਾ, ਪੀ.ਐੱਸ.ਏ ਵਰਗੇ ਕਠੋਰ ਕਾਲੇ ਕਾਨੂੰਨਾਂ ਨੂੰ ਰੱਦ ਅਤੇ ਸਾਰੇ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।

ਮਰਹੂਮ ਐੱਸ.ਏ.ਆਰ. ਗਿਲਾਨੀ ਦੇ ਬੇਟੇ ਐਡਵੋਕੇਟ ਆਤਿਫ਼ ਗਿਲਾਨੀ ਨੂੰ ਉਹਨਾਂ ਦੇ ਪਿਤਾ ਵੱਲੋਂ ਮਨੁੱਖੀ ਅਧਿਕਾਰਾਂ ਦੇ ਖੇਤਰ 'ਚ ਪਾਏ ਯੋਗਦਾਨ ਪ੍ਰਤੀ ਸਨਮਾਨਿਤ ਕੀਤਾ ਗਿਆ।

ਆਗੂਆਂ ਅਤੇ ਕਾਰਕੁੰਨਾਂ ਨੇ ੧੦ ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ ਅਤੇ ਅਗਲੇ ਦਿਨ ਡੇਰਾ ਬਾਬਾ ਨਾਨਕ ਜਾ ਕੇ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨ ਵੀ ਕੀਤੇ ਤੇ ਅਰਦਾਸ ਕਰਦਿਆਂ ਕਿਹਾ ਕਿ ਪਿਆਰ ਅਤੇ ਸਾਂਝ ਦਾ ਪ੍ਰਤੀਕ ਇਹ ਲਾਂਘਾ ਸਦਾ ਖੁੱਲ੍ਹਾ ਰਹੇ।

ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਆਗੂ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਬਹੁਤ ਤੇਜ਼ੀ ਨਾਲ ਤਾਨਾਸ਼ਾਹੀ, ਬਹੁ-ਗਿਣਤੀਵਾਦ ਅਤੇ ਪੁਲਿਸ ਰਾਜ ਵੱਲ ਵਧ ਰਿਹਾ ਹੈ। ਇਸ ਨੂੰ ਤਾਨਾਸ਼ਾਹੀ ਰਾਜ ਬਣਾਉਣ ਵਿਚ ਨਿਆਂਇਕ, ਕਾਰਜਕਾਰੀ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਬਰਾਬਰ ਦੀ ਭਾਗੀਦਾਰ ਹੈ।

ਪਾਰਟੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਸ਼ਮੀਰ ਤੋਂ ਲੈ ਕੇ ਨਾਗਾਲੈਂਡ ਅਤੇ ਤ੍ਰਿਪੁਰਾ ਤੱਕ, ਪੰਜਾਬ ਤੋਂ ਲੈ ਕੇ ਤਾਮਿਲਨਾਡੂ ਤੱਕ, ਸਾਰੀਆਂ ਸੰਘਰਸ਼ਸ਼ੀਲ ਕੌਮਾਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਸਮੂਹਾਂ, ਵਿਅਕਤੀਆਂ, ਪੱਤਰਕਾਰਾਂ ਦੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਨੂੰ ਬੁਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ।

ਨਾਗਾਲੈਂਡ ਪੀਪਲਜ਼ ਮੂਵਮੈਂਟ ਫਾਰ ਹਿਊਮਨ ਰਾਈਟਸ ਦੇ ਆਗੂ ਕਰੋਮੇ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਸਰਕਾਰ ਨਾਗਾਲੈਂਡ ਸਮੱਸਿਆ ਨੂੰ ਹੱਲ ਕਰਨ ਲਈ ਸਾਡੇ ਲੋਕਾਂ ਨਾਲ ਹੋਈ ਸੰਧੀ ਨੂੰ ਲਾਗੂ ਨਾ ਕਰਨ ਦੀ ਬਦਨੀਤੀ ਅਤੇ ਅੜੀਅਲ ਰਵੱਈਆ ਅਖਤਿਆਰ ਕਰੀ ਬੈਠੀ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਉਲਝਾ ਕੇ ਤੰਗ ਪ੍ਰੇਸ਼ਾਨ, ਤਸ਼ੱਦਦ ਕਰਨ ਅਤੇ ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨਾਂ ਵਿਚ ਗ੍ਰਿਫ਼ਤਾਰ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਪੰਜਾਬ ਦੇ ਇੱਕ ਤਿਹਾਈ ਤੋਂ ਵੱਧ ਹਿੱਸੇ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰ ਖੇਤਰ ਅਧੀਨ ਕਰ ਦਿੱਤਾ ਗਿਆ ਹੈ। ਐਨ.ਆਈ.ਏ ਨੂੰ ਦਿੱਤੀਆਂ ਅੰਨ੍ਹੀਆਂ ਤਾਕਤਾਂ ਦਾ ਸਿਆਸੀ ਕਾਰਕੁੰਨਾਂ ਵਿਰੁੱਧ ਗਲਤ ਇਸਤੇਮਾਲ ਹੋ ਰਿਹਾ ਹੈ।

ਕਸ਼ਮੀਰ ਦੇ ਅਵਾਮੀ ਇਤਿਹਾਦ ਪਾਰਟੀ ਦੇ ਬੁਲਾਰੇ ਸ਼ੀਬਾਨ ਨੇ ਮੰਚ 'ਤੇ ਸੰਬੋਧਨ ਹੁੰਦਿਆਂ ਕਿਹਾ ਕਿ ਕਸ਼ਮੀਰ ਵਿੱਚੋਂ ਧਾਰਾ 370 ਅਤੇ 35 ਏ ਨੂੰ ਰੱਦ ਕਰਨ ਤੋਂ ਬਾਅਦ, ਕਸ਼ਮੀਰੀਆਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਹੈ। ਆਜ਼ਾਦੀ ਦੀ ਗੱਲ ਕਰਨ ਅਤੇ ਭਾਰਤੀ ਸਟੇਟ ਨਾਲੋਂ ਵੱਖਰੀ ਸੁਰ ਰੱਖਣ ਵਾਲੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਭਾਰਤੀ ਸੁਰੱਖਿਆ ਬਲਾਂ ਨੂੰ ਕਸ਼ਮੀਰੀ ਲੋਕਾਂ 'ਤੇ ਅੱਤਿਆਚਾਰ ਕਰਨ ਦੀਆਂ ਖੁੱਲੀਆਂ ਤਾਕਤਾਂ ਦਿੱਤੀਆਂ ਗਈਆਂ ਹਨ। ਮਰਦਾਂ, ਔਰਤਾਂ ਅਤੇ ਬੱਚਿਆਂ 'ਤੇ ਤਸ਼ੱਦਦ ਕੀਤੇ ਜਾ ਰਹੇ ਹਨ, ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਹਨ।

ਪੂਨੇ ਦੀ ਜੇਲ੍ਹ 'ਚ ਨਜ਼ਰਬੰਦ ਰਾਜਨੀਤਿਕ ਕੈਦੀ ਪ੍ਰੋਫੈਸਰ ਜੀ.ਐੱਨ. ਸਾਈਂ ਬਾਬਾ ਦੀ ਸੁਪਤਨੀ ਵਸੰਤਾ ਨੇ ਆਪਣੇ ਪਤੀ ਦੇ ਕੇਸ ਅਤੇ ਪਰਿਵਾਰ ਉੱਤੇ ਜੋ ਸਰਕਾਰ ਦਮਨ ਚੱਲਿਆ ਉਸ ਬਾਰੇ ਬੜੀ ਭਾਵੁਕਤਾ ਨਾਲ ਆਪਣਾ ਦਰਦ ਸਾਂਝਾ ਕੀਤਾ ਅਤੇ ਸਾਰਿਆਂ ਤੋਂ ਮੰਗ ਕੀਤੀ ਕਿ ਉਹ ਉਹਨਾਂ ਦੇ ਪਤੀ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦਗਾਰ ਹੋਣ।

ਤ੍ਰਿਪੁਰਾ ਪੀਪਲ ਫ਼ਰੰਟ ਦੇ ਮੀਤ ਪ੍ਰਧਾਨ ਮਨਹਰੀ ਜਮਾਤੀਆ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਤ੍ਰਿਪੁਰਾ ਦੇ ਆਦਿਵਾਸੀਆਂ ਦੇ ਹੱਕਾਂ ਨੂੰ ਲਤਾੜਿਆ ਜਾ ਰਿਹਾ ਹੈ। ਅਸੀਂ ਲੋਕ ਆਪਣੀ ਹੋੰਦ ਦੀ ਲੜ੍ਹਾਈ ਲੜ ਰਹੇ ਹਨ। ਸਾਡੇ ਲੋਕਾਂ ਦੀ ਭਾਸ਼ਾ, ਸੱਭਿਆਚਾਰ, ਜੰਗਲ ਅਤੇ ਜ਼ਮੀਨ ਸਰਕਾਰੀ ਬਦਨੀਤੀ ਕਾਰਨ ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੇ ਹੜੱਪ ਲਈ ਹੈ।

ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਮਾਰ ਸੰਜੇ ਸਿੰਘ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਤਾਕਤਾਂ ਦੇ ਕੇਂਦਰੀਕਰਨ ਦੀ ਨੀਤੀ ਲਗਾਤਾਰ ਜਾਰੀ ਹੈ, ਸੂਬਿਆਂ ਦੇ ਅਧਿਕਾਰਾਂ ਨੂੰ ਖੋਹ ਕੇ ਕੇਂਦਰ ਆਪਣੇ ਅਧੀਨ ਕਰ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਮਾਨ ਨੇ ਕਿਹਾ ਕਿ ਮੁਸਲਮਾਨਾਂ ਅਤੇ ਦਲਿਤਾਂ ਨੂੰ ਹਾਸ਼ੀਏ ਉੱਤੇ ਧੱਕਿਆ ਜਾ ਰਿਹਾ ਹੈ। ਭਾਵੇਂ ਇਹ ਉਨ੍ਹਾਂ ਦੇ ਨਾਗਰਿਕ ਅਧਿਕਾਰਾਂ ਦੀ ਗੱਲ ਹੋਵੇ ਜਾਂ ਰਾਜਨੀਤਿਕ ਅਧਿਕਾਰਾਂ ਦੀ, ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਇਹ ਲੋਕ ਡਰ ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਕਰ ਦਿੱਤੇ ਗਏ ਹਨ ।

ਨਾਮ ਤਾਮਿਲਰ ਕਚੀ ਤਾਮਿਲਨਾਡੂ ਦੇ ਪ੍ਰਮੁੱਖ ਆਗੂ ਸ੍ਰੀ ਸੀਮਾਨ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਪੁਲਿਸ ਨੂੰ ਸੰਘਰਸ਼ ਕਰ ਰਹੇ ਲੋਕਾਂ ਉੱਤੇ ਖੁੱਲ੍ਹੇਆਮ ਤਸ਼ੱਦਦ ਕਰਨ ਦੀ ਸਰਕਾਰੀ ਸ਼ਹਿ ਪ੍ਰਾਪਤ ਹੈ। ਕਿਸੇ ਵੀ ਸੂਬੇ ਦੁਆਰਾ ਇਨ੍ਹਾਂ ਫੋਰਸਾਂ ਨੂੰ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਨੂੰ ਸਵੀਕਾਰ ਕਰਨ ਲਈ ਸਿਖਲਾਈ ਦੇਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਰਾਜ ਮੰਤਰੀ ਨੂੰ ਲਖੀਮਪੁਰ ਖੇੜੀ ਦੇ ਕਿਸਾਨਾਂ, ਜਿਨ੍ਹਾਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਦੇ ਘਿਨਾਉਣੇ ਕਤਲ ਵਿੱਚ ਉਸਦੀ ਭੂਮਿਕਾ ਲਈ ਬਰਖਾਸਤ ਨਹੀਂ ਕੀਤਾ ਗਿਆ ਹੈ।

ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਭਾਰਤੀ ਰਾਜ ਦੀ ਕੇਂਦਰੀਕਰਨ ਦੀ ਪ੍ਰਕਿਰਿਆ ਅਤੇ ਵਧ ਰਹੀ ਅਸਹਿਣਸ਼ੀਲਤਾ ਨੂੰ ਚੁਣੌਤੀ ਦੇਣ ਲਈ ਸੰਘਰਸ਼ਸ਼ੀਲ ਕੌਮਾਂ, ਲੋਕਾਂ ਅਤੇ ਖੇਤਰੀ ਪਛਾਣਾਂ ਇਕਜੁੱਟ ਹੋਣ।

ਇਸ ਮੌਕੇ ਜੁਗਰਾਜ ਸਿੰਘ ਪਿੰਡ ਵਾਂ, ਪ੍ਰੋ ਜਗਮੋਹਨ ਸਿੰਘ, ਭਗਵੰਤ ਸਿੰਘ ਸਿਆਲਕਾ, ਨੌਜਵਾਨ ਆਗੂ ਕੰਵਰ ਚੜਤ ਸਿੰਘ, ਅਕਾਲ ਫ਼ੈਡਰੇਸ਼ਨ ਦੇ ਪ੍ਰਧਾਨ ਨਰਾਇਣ ਸਿੰਘ ਚੌੜਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਅੰਗਦ ਸਿੰਘ ਕਸ਼ਮੀਰ, ਗਿਆਨੀ ਕੇਵਲ ਸਿੰਘ, ਬਲਜੀਤ ਸਿੰਘ ਖ਼ਾਲਸਾ, ਸੰਦੀਪ ਕੌਰ, ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕਟ, ਜਸਬੀਰ ਸਿੰਘ ਖੰਡੂਰ, ਰਣਵੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ ਮੂਨਕਾਂ, ਬਾਬਾ ਹਰਦੀਪ ਸਿੰਘ ਮਹਿਰਾਜ, ਜਗਜੀਤ ਸਿੰਘ ਖੋਸਾ ਆਦਿ ਹਾਜ਼ਰ ਸਨ।

ਦਲ ਖਾਲਸਾ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਅੰਮ੍ਰਿਤਸਰ ਵਿੱਖੇ ਸੰਘਰਸ਼ੀਲ ਕੌਮਾਂ ਦੀ ਕੀਤੀ ਗਈ ਇੱਕਤਰਤਾ ਦੌਰਾਨ ਰੀਲੀਜ ਕੀਤਾ ਗਿਆ ਦਸਤਾਵੇਜ਼: ‘ਅੰਮ੍ਰਿਤਸਰ ਏਕਤਾ ਚਾਰਟਰ ਆਫ ਹਿਊਮਨ ਰਾਈਟਸ, 2021’

ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦਿਨ-ਪ੍ਰਤੀ-ਦਿਨ-ਦਿਨ ਨਿਘਰਦੀ ਜਾ ਰਹੀ ਹੈ। ਸਿਰਫ਼ ਸੰਘਰਸ਼ ਕਰ ਰਹੀਆਂ ਕੌਮਾਂ ਅਤੇ ਲੋਕ ਹੀ ਨਹੀੰ ਬਲਕਿ ਆਮ ਨਾਗਰਿਕ ਦੇ ਅਧਿਕਾਰ ਵੀ ਸੁਰੱਖਿਅਤ ਨਹੀਂ ਰਹੇ। ਸੰਘਰਸ਼ ਕਰ ਰਹੀਆਂ ਖੇਤਰੀ ਅਤੇ ਧਾਰਮਿਕ ਕੌਮਾਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਕਾਰਕੁਨਾਂ ਨੂੰ ਜਾਬਤੇ ਵਿੱਚ ਰੱਖਣ ਦੀ ਆੜ ਹੇਠ ਸਰਕਾਰ ਇਨ੍ਹਾਂ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਵੀ ਮੁਨਕਰ ਹੋਈ ਬੈਠੀ ਹੈ। ਸਰਕਾਰੀ ਅੱਤਿਆਚਾਰ ਅਤੇ ਵਧੀਕੀਆਂ ਦੀ ਅਲੋਚਨਾ ਕਰਨ ਵਾਲਿਆਂ ਦੀ ਵਿਚਾਰਧਾਰਾ ਨੂੰ ਰੂੜੀਵਾਦੀ ਕਰਾਰ ਦੇ ਕੇ ਇਨ੍ਹਾਂ ਨੂੰ ਬੇਇੱਜਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਨਾਗਾਲੈਂਡ ਵਿੱਚ ਨਾਗਾ ਲੋਕਾਂ, ਜੰਮੂ-ਕਸ਼ਮੀਰ ਵਿੱਚ ਕਸ਼ਮੀਰੀਆਂ, ਪੰਜਾਬ ਵਿੱਚ ਸਿੱਖ, ਤ੍ਰਿਪੁਰਾ ਵਿੱਚ ਤਵਿਪਰਾਸਾ ਬੋਰੋਕ ਮੁਿਲਨਿਵਾਸੀ ਲੋਕਾਂ, ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਸਲਮਾਨਾਂ ਅਤੇ ਸ੍ਰੀਲੰਕਾ ਵਿੱਚ ਈਲਮ ਤਾਮਿਲਾਂ ਦੀ ਨਸਲਕੁਸ਼ੀ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਜਾਰੀ ਹੈ।

ਕੌਮੀਅਤਾਂ ਅਤੇ ਖੇਤਰੀ ਪਛਾਣਾਂ ਦੇ ਅਧਿਕਾਰਾਂ ਦੀ ਹੋ ਰਹੀ ਬੇਹੁਰਮਤੀ ਨੂੰ ਰੋਕਣ, ਭਾਰਤੀ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਨੂੰ ਚੁਣੌਤੀ ਦੇਣ ਅਤੇ ਲੋਕਾਂ ਦੀਆਂ ਇੱਛਾਵਾਂ ਦੇ ਆਧਾਰ 'ਤੇ ਸੰਘਰਸ਼ ਦੇ ਹੱਲ ਲੱਭਣ ਲਈ ਅੱਜ 10 ਦਸੰਬਰ 2021 2021 ਨੂੰ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਸੰਘਰਸ਼ਸ਼ੀਲ ਕੌਮਾਂ ਕਸ਼ਮੀਰੀ, ਨਾਗਾ, ਸਿੱਖ, ਤਾਮਿਲ ਅਤੇ ਟਵੀਪ੍ਰਾਸ ਦੇ ਆਗੂ ਅਤੇ ਸ਼ਹਿਰੀ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਇੱਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਸਾਂਝੀਆਂ ਯੋਜਨਾਵਾਂ ਅਤੇ ਰਣਨੀਤੀਆਂ ਨੂੰ ਵਿਕਸਿਤ ਕਰਨ ਲਈ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਅਤੇ "ਅੰਮ੍ਰਿਤਸਰ ਏਕਤਾ ਚਾਰਟਰ ਆਫ ਹਿਊਮਨ ਰਾਈਟਸ" ਜਾਰੀ ਕੀਤਾ ਗਿਆ।

** ਅੰਮ੍ਰਿਤਸਰ ਏਕਤਾ ਚਾਰਟਰ ਆਫ ਹਿਊਮਨ ਰਾਈਟਸ, 2021: **

  1. ਸੰਘਰਸ਼ ਕਰ ਰਹੀਆਂ ਕੌਮਾਂ, ਸ਼ਹਿਰੀ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਹਾਸ਼ੀਏ 'ਤੇ ਧੱਕ ਦਿੱਤੇ ਗਏ ਸਮਾਜਿਕ ਸਮੂਹ ਮਨੁੱਖੀ, ਨਾਗਰਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਅਧਿਕਾਰਾਂ ਦੀ ਸੁਰੱਖਿਆ ਲਈ ਇਕਜੁੱਟ ਹੋ ਕੇ ਕੰਮ ਕਰਨਗੇ।

  2. ਇੰਡੋ-ਨਾਗਾ ਫਰੇਮਵਰਕ ਸਮਝੌਤੇ ਨੂੰ ਇਸਦੀ ਮੂਲ ਭਾਵਨਾ ਵਿੱਚ ਲਾਗੂ ਕਰਕੇ ਇੱਕ ਸਨਮਾਨਜਨਕ ਸ਼ਾਂਤੀ ਹੱਲ ਲੱਭਣ ਦਾ ਸਮਰਥਨ ਕੀਤਾ ਜਾਂਦਾ ਹੈ।

  3. ਦੇਸ਼ ਦੇ ਸਾਰੇ ਰਾਜਨੀਤਿਕ ਕੈਦੀਆਂ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਮੁਕੱਦਮੇ ਦੇ ਦੇਸ਼ਧ੍ਰੋਹ ਵਰਗੇ ਕਾਲੇ ਕਾਨੂੰਨਾਂ ਦੇ ਤਹਿਤ ਨਜ਼ਰਬੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜ਼ਬਰੀ ਰੂਹਪੋਸ਼ ਕਰਕੇ ਰੱਖਿਆ ਗਿਆ ਹੈ ਅਤੇ ਖਾਸ ਤੌਰ 'ਤੇ ਜਿਨ੍ਹਾਂ ਨੂੰ ਜੇਲ੍ਹ ਵਿੱਚ ਮੌਤ ਦਾ ਖ਼ਤਰਾ ਹੈ ਨੂੰ ਰਿਹਾਅ ਕੀਤਾ ਜਾਵੇ।

  4. ਭਾਰਤੀ ਰਾਜ ਦੀਆਂ ਲੋਕਾਂ ਦੇ ਨਿੱਝੀ ਜੀਵਨ ਨੂੰ ਕੰਟਰੋਲ ਕਰਨ ਦੀਆਂ ਨੀਤੀਆਂ, ਤਾਕਤਾਂ ਦੇ ਕੇਂਦਰੀਕਰਨ ਦੀਆਂ ਪ੍ਰਕਿਰਿਆਵਾਂ ਅਤੇ ਵਧਦੀ ਅਸਹਿਣਸ਼ੀਲਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ।

5.UAPA, AFSPA, PSA, NSA, CAA, ਅਤੇ ਦੇਸ਼ਧ੍ਰੋਹ ਵਰਗੇ ਗੈਰ-ਜਮਹੂਰੀ ਕਠੋਰ ਕਾਨੂੰਨਾਂ ਅਤੇ NIA ਨੂੰ ਦਿੱਤੀਆਂ ਅੰਨ੍ਹੀਅਾਂ ਤਾਕਤਾ ਦਾ ਵਿਰੋਧ ਕੀਤਾ ਜਾਂਦਾ ਹੈ।

  1. ਕਸ਼ਮੀਰ ਵਿੱਚ ਝੂਠੇ ਮੁਕਾਬਲੇ, ਤਸ਼ੱਦਦ ਅਤੇ ਗੈਰ-ਕਾਨੂੰਨੀ ਗ੍ਰਿਫਤਾਰੀਆਂ ਬੰਦ ਕਰੋ ਅਤੇ ਧਾਰਾ 570 ਅਤੇ 35ਏ ਨੂੰ ਰੱਦ ਕਰੋ।

  2. ਤ੍ਰਿਪੁਰਾ ਵਿੱਚ ਤਵਿਪਰਾਸਾ ਬੋਰੋਕ ਮੂਲਨਿਵਾਸੀ ਲੋਕਾਂ ਦੇ ਅਧਿਕਾਰਾਂ ਨੂੰ ਬਹਾਲ ਕਰੋ ਅਤੇ ਇਹ ਯਕੀਨੀ ਬਣਾਓ ਕਿ ਉਹ ਆਪਣੇ ਹੀ ਖੇਤਰ ਵਿੱਚ ਘੱਟ ਗਿਣਤੀ ਨਾ ਬਣ ਜਾਣ।

  3. ਸੀ.ਏ.ਏ. ਵਿਰੋਧੀ ਅੰਦੋਲਨ ਦੀਆਂ ਮੰਗਾਂ ਨੂੰ ਸਵੀਕਾਰ ਕਰੋ, ਬਹੁਗਿਣਤੀਵਾਦ ਦੇ ਅਖੌਤੀ-ਸਭਿਆਚਾਰ ਨੂੰ ਖਤਮ ਕੀਤਾ ਜਾਵੇ ਅਤੇ ਪ੍ਰਗਟਾਵੇ ਦੇ ਅਧਿਕਾਰ, ਅਸਹਿਮਤੀ ਅਤੇ ਨਿੱਜਤਾ ਨੂੰ ਦੇ ਅਧਿਕਾਰ ਦੀ ਮੂਲ ਰੂਪ ਵਿੱਚ ਬਹਾਲੀ ਕੀਤੀ ਜਾਵੇ।

  4. ਸਮਾਜ ਵਿੱਚ ਅਜਿਹਾ ਮਾਹੌਲ ਸਿਰਜਿਆ ਜਾਵੇ ਜੋ ਸਾਰੀਆਂ ਘੱਟ ਗਿਣਤੀਆਂ- ਮੁਸਲਮਾਨਾਂ, ਈਸਾਈਆਂ, ਹੋਰਾਂ ਅਤੇ ਦਲਿਤਾਂ ਵਿੱਚ ਵਧ ਰਹੇ ਮੌਜੂਦਾ ਮਨੋਵਿਗਿਆਨ ਡਰ ਨੂੰ ਖਤਮ ਕਰਨ ਲਈ ਅਨੁਕੂਲ ਹੋਵੇ।

  5. ਪੁਲਿਸ, ਨੀਮ-ਫੌਜੀ ਦਸਤਿਆਂ ਅਤੇ ਭਾਰਤੀ ਹਥਿਆਰਬੰਦ ਬਲਾਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਛੋਟਾਂ ਨੂੰ ਖਤਮ ਕੀਤਾ ਜਾਵੇ, ਉਹਨਾਂ ਨੂੰ ਉਹਨਾਂ ਦੀਆਂ ਕਾਰਵਾਈਆਂ ਲਈ ਵਿਅਕਤੀਗਤ ਅਤੇ ਸਮੂਹਿਕ ਤੌਰ 'ਤੇ ਜਵਾਬਦੇਹ ਬਣਾਉਣ ਦਾ ਸਿਲਸਿਲਾ ਸੁਰੂ ਹੋਵੇ।

  6. ਤਾਮਿਲਨਾਡੂ ਵਿੱਚ ਤਾਮਿਲਾਂ ਦੀ ਰਾਸ਼ਟਰੀ, ਕੁਦਰਤੀ, ਸੱਭਿਆਚਾਰਕ, ਧਾਰਮਿਕ, ਵਿਦਿਅਕ ਅਤੇ ਭਾਸ਼ਾਈ ਵਿਸ਼ੇਸ਼ਤਾ ਦਾ ਸਤਿਕਾਰ ਕੀਤਾ ਜਾਵੇ।

12.ਕਿਸਾਨ ਅੰਦੋਲਨ ਦੌਰਾਨ ਮਾਰੇ ਗਏ 700 ਤੋਂ ਵੱਧ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਲਖੀਮਪੁਰ ਖੇੜੀ, ਯੂਪੀ ਵਿੱਚ ਕੁਚਲੇ ਗਏ 3 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਅਸੀਂ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਚਾਰਟਰ ਵਿੱਚ ਸ਼ਾਮਲ ਸਿਧਾਂਤਾਂ ਅਨੁਸਾਰ ਵਿਚਾਰ ਵਿਟਾਂਦਰਾ ਕਰਨ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਸਨਮਾਨ ਕਰਦੇ ਹੋਏ ਹੱਲ ਲੱਭਣ ਲਈ ਵਚਨਬੱਧ ਹਾਂ।

ਕਸ਼ਮੀਰੀ , ਨਾਗਾ, ਸਿੱਖ, ਤਾਮਿਲ, ਅਤੇ ਟਵਿਪਰਾਸਾ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ:

ਅਵਾਮੀ ਇਤੇਹਾਦ ਪਾਰਟੀ ਜੰਮੂ-ਕਸ਼ਮੀਰ

ਨਾਗਾ ਪੀਪਲਜ਼ ਮੂਵਮੈਂਟ ਫਾਰ ਹਿਊਮਨ ਰਾਈਟਸ

ਦਲ ਖਾਲਸਾ

ਨਾਮ ਤਮਿਲਰ ਕਚੀ

ਤ੍ਰਿਪੁਰਾ ਪੀਪਲਜ਼ ਫਰੰਟ

ਭਾਰਤ ਭਰ ਦੇ ਸਿਵਲ ਰਾਈਟਸ ਐਕਟੀਵਿਸਟ ਅਤੇ ਹਿਊਮਨ ਰਾਈਟਸ ਡਿਫੈਂਡਰ



Archive

RECENT STORIES