Posted on December 31st, 2021
ਸਿਆਲ਼ੂ ਰਾਤ ਸੀ, ਸਾਰਾ ਦਿਨ ਮੀਂਹ ਵਰ੍ਹਦਾ ਰਿਹਾ। ਠਾਹਰ 'ਤੇ ਪੁਲਿਸ ਦੀ ਅੱਖ ਸੀ। ਲਾਲਪੁਰ, ਢੋਟੀਆਂ ਤੇ ਵਰਾਣੇ ਤਿੰਨਾਂ ਪਿੰਡਾਂ 'ਚ ਮੁਖਬਰ ਹਰਲ-ਹਰਲ ਕਰਦੇ ਫਿਰਦੇ ਸਨ, ਜਿਵੇਂ ਅਸਮਾਨ ਸਾਫ ਹੋਣ ਤੋਂ ਪਹਿਲਾਂ-ਪਹਿਲਾਂ ਧਰਤੀ 'ਤੋਂ ਕੁਝ ਮਿਟਾਉਣਾ ਚਾਹੁੰਦੇ ਹੋਣ। ਕਮਾਦ ਵਿੱਚ ਅੱਜ ਲਗਾਤਾਰ ਦੂਜੀ ਰਾਤ ਸੀ, ਮੀਂਹ ਕਰਕੇ ਕਿਸੇ ਪਾਸੇ ਨਿਕਲ ਵੀ ਨਹੀਂ ਹੋਇਆ। ਥੱਲੇ ਵਿਛਾਈ ਪਰਾਲ਼ੀ ਕਦੋਂ ਦੀ ਪਾਣੀ ਨਾਲ ਗੜੁੱਚ ਹੋ ਗਈ ਸੀ। ਮੂਇਆਂ ਨਾਲ ਕੰਨੀਆਂ ਬੰਨ੍ਹ ਕੇ ਉਤੇ ਤਾਣੀ ਪੱਲੀ ਲਗਾਤਾਰ ਚੋਅ ਰਹੀ ਸੀ। ਸਿਆਲ਼ੂ ਮੀਂਹ 'ਚ ਵਗ ਰਹੇ ਠੱਕੇ ਨਾਲ ਕੁੱਤੇ ਰੋ ਰਹੇ ਸਨ। ਬਿਨਾ ਸਾਧਨ ਦੇ ਰਾਤੋ-ਰਾਤ ਮੰਡ ਤੱਕ ਪਹੁੰਚਣਾ ਸੁਪਨੇ ਵਰਗਾ ਸੀ। ਸੁੰਨੀ ਸੜਕ 'ਤੇ ਕੋਈ ਸਾਧਨ ਲੰਘਣ ਦਾ ਖੜਾਕ ਸੁਣੇ ਨੂੰ ਵੀ ਕਈ ਘੰਟੇ ਬੀਤ ਗਏ ਸਨ।
ਬਾਬੇ ਨੇ ਰਹਿਰਾਸ ਫਤਿਹ ਕੀਤੀ ਤੇ ਸੰਗੀ ਨੇ ਕਿਹਾ ਬਾਬਾ ਜੇ ਕਹੇ ਤਾਂ ਔਹ ਡੇਰੇ ਤੋੰਂ ਕੁਝ ਰਿੱਧਾ ਪੱਕਾ ਲੈ ਆਵਾਂ। ਬਾਬੇ ਨੇ ਬੜੀ ਤਸੱਲੀ ਨਾਲ ਕਿਹਾ ਛੱਡ ਪਰੇ !
ਫੇਰ ਕੁਝ ਚਿਰ ਹੋਰ ਗੱਲਾਂ ਹੋਈਆਂ, ਕੁਝ ਧਰਮ ਕਰਮ ਦੀਆਂ, ਕੁਝ ਦੁਨਿਆਵੀ, ਇੱਕਾ ਦੁੱਕਾ ਸਿਆਸੀ ਤੇ ਮੌਸਮੀ.... ਪਾਲਾ ਪੋਹ ਨਾ ਪਾਲਾ ਮਾਘ ਪਾਲਾ ਹੈ ਵਾਉ ਜੀ ਸੁਣੋ ਸ਼ੇਰ ਖਾਨ ਬਘੇਲਾ ਰਾਉ ਜੀ
ਸ਼ਹੀਦ ਹੋ ਗਏ ਨਿਰਵੈਰ ਦੀਆਂ ਗੱਲਾਂ ਚੱਲੀਆਂ, ਬਾਪੂ ਦਾ ਜ਼ਿਕਰ ਛਿੜਿਆ ,ਫੇਰ ਚੁੱਪ ਪਸਰੀ ਰਹੀ । ਚੁੱਪ ....ਘੰਟਾ ਕੁ ਕਣੀਆਂ ਦਾ ਕਮਾਦ ਦੇ ਪੱਤਿਆਂ ਤੇ ਡਿਗਣ ਤੇ ਸਰਕਣ ਦਾ ਸੰਗੀਤ ਚੱਲੀ ਗਿਆ । ਫਿਰ ਬਾਬੇ ਨੇ ਚੌਕੜਾ ਲਾ ਕੇ ਸੋਹਿਲਾ ਸਾਹਿਬ ਦਾ ਪਾਠ ਕੀਤਾ। ਨਿੱਕੀ ਅਰਦਾਸ, ਸਰਬੱਤ ਦਾ ਭਲਾ।
ਸੰਗੀ ਕਹਿੰਦਾ, ਬਾਬਾ ਕਿਸੇ ਰਸਾਲੇ 'ਚ ਲੇਖ ਛਪਿਆ ਕਿ ਤੇਰੀ ਗ੍ਰਹਿ ਮੰਤਰੀ ਬੂਟਾ ਸਿੰਘ ਨਾਲ ਇਕ ਗੱਲ ਆ। ਬਾਬੇ ਨੇ ਹੱਥ 'ਤੇ ਹੱਥ ਮਾਰ ਕੇ ਤਾੜੀ ਵਜਾਈ ਤੇ ਠਹਾਕਾ ਲਾ ਕੇ ਉਤੇ ਤੱਪੜੀ ਦੀ ਛੱਤ ਵੱਲ ਹੱਥ ਕਰਕੇ ਕਹਿੰਦਾ, ਆਹ ਵੇਖਲਾ ਬੂਟਾ ਸਿਹੁੰ ਦੇ ਬੰਗਲੇ ਦੀ ਛੱਤ ਚੋਣ ਡਹੀ ਊ।
ਗੱਲਾਂ ਕਰਦਿਆਂ-ਕਰਦਿਆਂ ਸੰਗੀ ਨੂੰ ਚੇਤਾ ਆਇਆ ਕਹਿੰਦਾ ਬਾਬਾ ਅੱਜ ਦਸੰਬਰ ਦੀ 31 ਊ, ਨਵਾਂ ਸਾਲ ਚੜ੍ਹਨ ਵਾਲਾ ਹੋਣਾ। ਪਹਿਲਾਂ ਚੇਤੇ ਆ ਜਾਂਦਾ ਤੇ ਮਿੱਤਰਾਂ ਬੇਲੀਆਂ ਨੂੰ ਗਰੀਟਿੰਗ ਕਾਰਡ ਈ ਭੇਜ ਦਿੰਦੇ।
ਫੇਰ ਜਿਵੇਂ ਦੋਵਾਂ ਨੂੰ ਮਾਰੇ ਗਏ ਮਿੱਤਰ ਯਾਦ ਆ ਗਏ ਹੋਣ ...ਮੀਂਹ ਵਰ੍ਹਦਾ ਰਿਹਾ, ਠੱਕਾ ਵਗਦਾ ਰਿਹਾ ......ਠੀਕ ਅੱਧੀ ਰਾਤ ਬਾਬੇ ਦੇ ਕੰਬਦੇ ਬੁੱਲਾਂ ਨੇ ਇਕ ਗੀਤ ਗੁਣਗੁਣਾਇਆ :
ਉਡੀਕ ਰੱਖਿਉ, ਭੇਜਾਂਗਾ ਗਰੀਟਿੰਗ ਕਾਰਡ ਜਦੋਂ ਸਾਡੇ ਬਾਗੀਂ ਬਹਾਰ ਆਵੇਗੀ ...
...ਤੇ ਇਹ ਬੋਲ ਬੱਦਲਾਂ ਉਹਲੇ ਲੁਕੇ ਤਾਰਿਆਂ ਨੇ ਬੋਚ ਲਏ।
ਹਰ ਸਾਲ 31 ਦਸੰਬਰ ਨੂੰ ਤਾਰੇ ਅਸਮਾਨ 'ਤੇ ਸਾਰੀ ਨਜ਼ਮ ਲਿਖ ਦਿੰਦੇ ....ਕੋਈ ਜਗਮੀਤ ਸਿੰਘ ਹਰ ਸਾਲ ਪੜ੍ਹ ਲੈਂਦਾ ਤੇ ਬਾਬਿਆਂ ਵਾਲੇ ਸਫਰ 'ਤੇ ਨਿਕਲ ਤੁਰਦਾ ।
ਉਹੀ ਸਿਆਲ਼ੂ ਰਾਤਾਂ, ਰੋਂਦੇ ਕੁੱਤੇ, ਥਾਣਿਆਂ-ਹਵਾਲਾਤਾਂ ਦੇ ਤਸੀਹੇ, ਚੁਫੇਰੇ ਵੱਜਦੇ DJ, ਸ਼ਹੀਦਾਂ ਦੀ ਸੁੱਚੀ ਯਾਦ ਤੇ ਗਰਿੰਟਿੰਗ ਕਾਰਡ ਦੀਆਂ ਉਡੀਕਾਂ........।
-ਤੇਜਾ
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023