Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਜੀਠੀਆ ਅਤੇ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਸਿੱਧੀ ਟੱਕਰ

Posted on January 11th, 2022

ਅੰਮ੍ਰਿਤਸਰ- ਜ਼ਮਾਨਤ 'ਤੇ ਬਾਹਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਆਪਣਾ ਮਜੀਠਾ ਹਲਕਾ ਛੱਡ ਕੇ ਕਾਂਗਰਸ ਪਰਧਾਨ ਨਵਜੋਤ ਸਿੱਧੂ ਦੇ ਹਲਕੇ ਅੰਮ੍ਰਿਤਸਰ ਪੁਰਬੀ ਤੋਂ ਚੋਣ ਲੜ ਸਕਦੇ ਹਨ।

ਮਜੀਠੀਆ ਦੇ ਇਕ ਨਜ਼ਦੀਕੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ 2022 ਚੋਣਾਂ ਲਈ ਉਮੀਦਵਾਰ ਬਣਾਏ ਗਏ ਤਲਬੀਰ ਸਿੰਘ ਗਿੱਲ ਨੇ ਮਜੀਠੀਆ ਦੇ ਰੂਪੋਸ਼ ਹੁੰਦਿਆਂ ਇਹ ਕਹਿ ਕੇ ਗੱਲ ਤੋਰੀ ਸੀ ਕਿ ਮਜੀਠੀਆ ਨੂੂੰ ਸਿੱਧੂ ਦੇ ਖ਼ਿਲਾਫ਼ ਵਿਧਾਨ ਸਭਾ ਚੋਣ ਲੜਾਈ ਜਾਣੀ ਚਾਹੀਦੀ ਹੈ। ਤਲਬੀਰ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਮਜੀਠੀਆ ਨੂੰ ਸਿੱਧੂ ਦੇ ਹਲਕੇ, ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨਣ।

ਬੀਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲਣ ਉਪਰੰਤ ਗੁਰਦੁਆਰਾ ਨਾਢਾ ਸਾਹਿਬ ਵਿਖ਼ੇ ਨਤਮਸਤਕ ਹੋਣ ਮਗਰੋਂ ਚੰਡੀਗੜ੍ਹ ਵਿਖ਼ੇ ਪੱਤਰਕਾਰ ਸੰਮੇਲਨ ਕਰਨ ਪੁੱਜੇ ਬਿਕਰਮਜੀਤ ਸਿੰਘ ਮਜੀਠੀਆ ਨੂੂੰ ਜਦ ਉਨ੍ਹਾਂ ਦੇ ਸਿੱਧੂ ਦੇ ਖਿਲਾਫ਼ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਜੇ ਸੰਗਤ ਇੰਜ ਚਾਹੁੰਦੀ ਹੈ ਤਾਂ ਉਹ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਗੇ।’

ਮਜੀਠੀਆ ਦੇ ਇਸ ਸੰਕੇਤ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਹੈ ਕਿ ਮਜੀਠੀਆ ਹੁਣ ਸਿੱਧੂ ਨਾਲ ਚੋਣ ਦੰਗਲ ਵਿੱਚ ਦੋ ਦੋ ਹੱਥ ਕਰਨ ਲਈ ਤਿਆਰ ਹਨ। ਅੰਤਿਮ ਤੌਰ ’ਤੇ ਪਾਰਟੀ ਕੀ ਫ਼ੈਸਲਾ ਲੈਂਦੀ ਹੈ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ ਪਰ ਜੇ ਇਹ ਮੁਕਾਬਲਾ ਹੁੰਦਾ ਹੈ ਤਾਂ ਇਹ ਪੰਜਾਬ ਦਾ ਗਹਿਗੱਚ ਅਤੇ ਦਿਲਚਸਪ ਮੁਕਾਬਲਾ ਹੋਵੇਗਾ।

ਇੱਥੇ ਇਹ ਜ਼ਿਕਰਯੋਗ ਹੈ ਕਿ 2017 ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਅਲਵਿਦਾ ਆਖ਼ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ 2017 ਦੀ ਚੋਣ 42661 ਵੋਟਾਂ ਦੇ ਫ਼ਰਕ ਨਾਲ ਭਾਜਪਾ ਦੇ ਉਮੀਦਵਾਰ ਰਾਜੇਸ਼ ਹਨੀ ਨੂੰ ਹਰਾ ਕੇ ਜਿੱਤੀ ਸੀ।

ਉੱਧਰ ਦੂਜੇ ਬੰਨੇ ਮਜੀਠੀਆ ਨੇ ਮਜੀਠਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ 22884 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।



Archive

RECENT STORIES