Posted on March 4th, 2022
ਨਵੀਂ ਦਿੱਲੀ- ਪੰਜਾਬ 'ਚ ਸਟੇਟ ਦੀ ਕਮਾਂਡ ਹੇਠ ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਖਿਲਾਫ਼ ਦਰਜ ਕਈ ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਵੱਲੋਂ ਸੈਣੀ ਦੀ ਗ੍ਰਿਫ਼ਤਾਰੀ ’ਤੇ 20 ਅਪ੍ਰੈਲ ਤੱਕ ਰੋਕ ਲਾਉਣ ਵਾਲੇ ਫ਼ੈਸਲੇ ’ਤੇ ਸੁਪਰੀਮ ਕੋਰਟ ਨੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਜੱਜ ਦੇ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਆਦੇਸ਼ ਦਿੱਤੇ ਹਨ ਕਿ ਉਹ ਜਾਂ ਤਾਂ ਇਸ ਮਾਮਲੇ ਦੀ ਸੁਣਵਾਈ ਖ਼ੁਦ ਕਰਨ ਜਾਂ ਫ਼ਿਰ ਕਿਸੇ ਹੋਰ ਜੱਜ ਦੇ ਹਵਾਲੇ ਕਰਨ ਪਰ ਇਹ ਮਾਮਲਾ ਹੁਣ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੂੰ ਨਾ ਸੌਂਪਿਆ ਜਾਵੇ ਜਿਨ੍ਹਾਂ ਨੇ ਸੈਣੀ ਨੂੰ 20 ਅਪ੍ਰੈਲ ਤਕ ਰਾਹਤ ਦੇਣ ਦਾ ਹੁਕਮ ਸੁਣਾਇਆ ਸੀ।
ਇਸ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਤਵਾਲੀਆ ਅਤੇ ਸੈਣੀ ਵੱਲੋਂ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਪੇਸ਼ ਹੋਏ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ.ਵੀ. ਰਮੰਨਾ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ ਕਿਹਾ ਕਿ ਬੈਂਚ ਵਿੱਚ ਸ਼ਾਮਲ ਤਿੰਨੇ ਜੱਜ ਇਸ ਗੱਲ ਤੋਂ ਹੈਰਾਨ ਹਨ ਕਿ ਪੁਰਾਣੇ ਮਾਮਲਿਆਂ ਦੇ ਨਾਲ ਨਾਲ ਸੈਣੀ ਖਿਲਾਫ਼ ਦਰਜ ਕੀਤੇ ਜਾਣ ਵਾਲੇ ਕਿਸੇ ਵੀ ਨਵੇਂ ਕੇਸ ਵਿੱਚ ਵੀ ਉਸ ਦੀ ਗ੍ਰਿਫ਼ਤਾਰੀ ’ਤੇ ਪਹਿਲਾਂ ਹੀ ਰੋਕ ਲਗਾ ਦੇਣ ਦਾ ਆਦੇਸ਼ ਹਾਈਕੋਰਟ ਵੱਲੋਂ ਸੁਣਾਇਆ ਗਿਆ।
ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਕੇਸ ਅਜੇ ਦਰਜ ਹੀ ਨਹੀਂ ਹੋਏ ਉਨ੍ਹਾਂ ਵਿੱਚ ਗ੍ਰਿਫ਼ਤਾਰੀ ’ਤੇ ਰੋਕ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ? ਹਾਈਕੇਰਟ ਦੇ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਬਾਰੇ ਸੁਣਵਾਈ ਕੀਤੇ ਜਾਣ ਦੀ ਲੋੜ ਹੈ।
ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਇਹ ਆਦੇਸ਼ ਦਿੱਤਾ ਹੈ ਕਿ ਇਸ ਮਾਮਲੇ ਦਾ ਨਿਪਟਾਰਾ 2 ਹਫ਼ਤਿਆਂ ਦੇ ਅੰਦਰ ਅੰਦਰ ਕੀਤਾ ਜਾਵੇ। ਚੀਫ਼ ਜਸਟਿਸ ਰਮੰਨਾ ਨੇ ਇਹ ਵੀ ਸਪਸ਼ਟ ਆਖ਼ਿਆ ਕਿ ਜਿੰਨੀ ਦੇਰ ਹਾਈਕੋਰਟ ਇਸ ਮਾਮਲੇ ਦਾ ਨਿਪਟਾਰਾ ਨਹੀਂ ਕਰ ਲੈਂਦੀ ਉਹ ਇਸ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਉਨ੍ਹਾਂ ਸਾਹਮਣੇ ਪਾਈ ਗਈ ਸਪੈਸ਼ਲ ਲੀਵ ਪਟੀਸ਼ਨ ਨੂੰ ਪੈਂਡਿੰਗ ਰੱਖ ਰਹੇ ਹਨ।
ਸੈਣੀ ਬੇਅਦਬੀਆਂ ਨਾਲ ਸੰਬੰਧਤ ਗੋਲੀਕਾਂਡ ਵਿੱਚ ਨਾਮਜ਼ਦ ਹੈ। ਇਸ ਤੋਂ ਇਲਾਵਾ ਉਸ ਦੇ ਖਿਲਾਫ਼ ਇਕ ਕੇਸ ਵਿਜੀਲੈਂਸ ਬਿਓਰੋ ਵੱਲੋਂ ਵੀ ਦਰਜ ਕੀਤਾ ਗਿਆ ਸੀ। ਪੁਲਿਸ ਵਿੱਚ ਹੁੰਦਿਆਂ ਸੈਣੀ ’ਤੇ ਆਪਣੇ ਰਿਸ਼ਤੇਦਾਰ ਕਾਰ ਡੀਲਰ ਵਿਨੋਦ ਕੁਮਾਰ, ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖ਼ਤਿਆਰ ਸਿੰਘ ਦੇ ਕਤਲਾਂ ਸੰਬੰਧੀ ਮਾਮਲਾ ਵੀ ਦਰਜ ਹੈ ਜੋ ਅਜੇ ਦਿੱਲੀ ਦੀ ਸੀ.ਬੀ.ਆਈ.ਅਦਾਲਤ ਵਿੱਚ ਲੰਬਿਤ ਹੈ। ਤਿੰਨਾਂ ਨੂੰ ਪੁਲਿਸ ਨੇ 1994 ਵਿੱਚ ਅਗਵਾ ਕਰ ਲਿਆ ਸੀ ਜਿਸ ਮਗਰੋਂ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਸੀ ਲੱਗਾ।
ਸੁਮੇਧ ਸੈਣੀ ਨੇ ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਇਹ ਮੰਗ ਕੀਤੀ ਹੋਈ ਹੈ ਕਿ ਉਸ ਖਿਲਾਫ਼ ਦਰਜ ਸਾਰੇ ਅਪਰਾਧਕ ਮਾਮਲੇ ਸੀ.ਬੀ.ਆਈ. ਨੂੰ ਸੌਂਪ ਦਿੱਤੇ ਜਾਣ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023