Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਦੀ ਦੀ ਘਾੜਤ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਇਕ ਸਕਾਟਿਸ਼ ਭਾਸ਼ਾ ਵਿਗਿਆਨੀ ਨੇ ਘੜੀ ਸੀ - ਇਹ ਕਿਸੇ ਵੀ ਇਲਾਕੇ ਦੇ ਲੋਕਾਂ ਦੀ ਮਾਤਭਾਸ਼ਾ ਨਾ ਹੋਣ ਕਾਰਨ ਭਾਰਤ ਦੀ ਕੌਮੀ ਭਾਸ਼ਾ ਬਣਨ ਦਾ ਹੱਕ ਨਹੀਂ ਰੱਖਦੀ।- ਦੇਵਧਨ ਚੌਧਰੀ

Posted on September 14th, 2022

ਹਿੰਦੀ ਦੀ ਘਾੜਤ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਇਕ ਸਕਾਟਿਸ਼ ਭਾਸ਼ਾ ਵਿਗਿਆਨੀ ਨੇ ਘੜੀ ਸੀ - ਇਹ ਕਿਸੇ ਵੀ ਇਲਾਕੇ ਦੇ ਲੋਕਾਂ ਦੀ ਮਾਤਭਾਸ਼ਾ ਨਾ ਹੋਣ ਕਾਰਨ ਭਾਰਤ ਦੀ ਕੌਮੀ ਭਾਸ਼ਾ ਬਣਨ ਦਾ ਹੱਕ ਨਹੀਂ ਰੱਖਦੀ।

24 ਸਤੰਬਰ 2019, ਦੇਵਧਨ ਚੌਧਰੀ

ਜੇ ਅੰਗਰੇਜ਼ੀ ਬੋਲਣ ਵਾਲ਼ੇ ਭਾਰਤੀਆਂ ਨੂੰ 'ਮੈਕਾਲੇ ਦੇ ਬੱਚੇ' ਮੰਨਿਆ ਜਾਂਦਾ ਹੈ, ਤਾਂ ਹਿੰਦੀ ਬੋਲਣ ਵਾਲ਼ੇ ਭਾਰਤੀਆਂ ਨੂੰ ਵੀ 'ਗਿਲਕ੍ਰਿਸਟ ਦੇ ਬੱਚੇ' ਆਖਿਆ ਜਾ ਸਕਦਾ ਹੈ।

ਮੇਰੀ ਸਵਰਗਵਾਸੀ ਨਾਨੀ - ਜਿਹਨਾਂ ਨੇ 1940ਵਿਆਂ ਦੇ ਕਲਕੱਤੇ ਵਿਚ ਫ਼ਲਸਫ਼ਾ ਅਤੇ ਜੀਵ-ਵਿਗਿਆਨ ਦੀ ਪੜ੍ਹਾਈ ਕੀਤੀ ਸੀ - ਨੇ ਮੈਨੂੰ ਛੋਟੇ ਹੁੰਦੇ ਨੂੰ ਇਕ ਵਾਰ ਦੱਸਿਆ ਸੀ ਕਿ ਅਜੋਕੀ ਹਿੰਦੀ ਭਾਸ਼ਾ ਦਾ ਜਨਮ ਸਥਾਨ ਕਲਕੱਤਾ ਸੀ: ਇਸਦੀ ਕਾਢ ਕਲਕੱਤਾ ਦੇ ਫੋਰਟ ਵਿਲੀਅਮ ਕਿਲੇ ਵਿਚ ਅੰਗਰੇਜ਼ਾਂ ਵੱਲੋਂ ਕੱਢੀ ਗਈ ਸੀ।

ਮੈਨੂੰ ਆਪਣੀ ਨਾਨੀ ਦੇ ਸ਼ਬਦ ਓਦੋਂ ਚੇਤੇ ਆਏ ਜਦੋਂ ਹਾਲ ਹੀ ਵਿੱਚ ਸਮਾਪਤ ਹੋਏ ‘ਹਿੰਦੀ ਦਿਵਸ’ ਬਾਰੇ ਮੈਂ ਖ਼ਬਰਾਂ ਪੜ੍ਹੀਆਂ ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਅਪਨਾਏ ਜਾਣ ਤੇ ਪੂਰਾ ਜ਼ੋਰ ਲਾਇਆ ਹੋਇਆ ਸੀ।

ਇਸਤੋਂ ਮੈਨੂੰ ਇਹ ਸੋਚ ਵਿਚਾਰ ਕਰਨ ਅਤੇ ਇਹ ਪਤਾ ਲਗਾਉਣ ਦੀ ਪ੍ਰੇਰਨਾ ਮਿਲ਼ੀ ਕਿ ਮੇਰੇ ਨਾਨੀ ਜੀ ਏਦਾਂ ਕਿਉਂ ਕਹਿੰਦੇ ਹੁੰਦੇ ਸਨ। ਮੈਂ 'ਲੁਕਾਏ ਗਏ ਸੱਚ' ਬਾਰੇ ਜਾਨਣਾ ਅਤੇ ਹਿੰਦੀ ਦੇ 'ਗੁਪਤ ਇਤਿਹਾਸ' ਨੂੰ ਸਮਝਣਾ ਚਾਹੁੰਦਾ ਸੀ

ਹੁਣ ਤੱਕ ਜੋ ਕੁਝ ਮੈਂ ਜਾਣ ਸਕਿਆ ਹਾਂ ਉਸਦੀ ਸਾਂਝ ਤੁਹਾਡੇ ਨਾਲ਼ ਪਾਉਣੀ ਚਾਹੁੰਦਾ ਹਾਂ; ਅਤੇ ਮੈਨੂੰ ਭਾਰਤੀ ਭਾਸ਼ਾਵਾਂ ਦਾ ਅਤੀਤ ਫਰੋਲ਼ਦਿਆਂ ਕੁਝ ਜ਼ਰੂਰੀ ਤੱਥਾਂ ਤੋਂ ਸ਼ੁਰੂਆਤ ਕਰਨੀ ਪਏਗੀ।

ਭਾਰਤ ਦੀ ਭਾਸ਼ਾਈ ਵੰਨ-ਸੁਵੰਨਤਾ:

ਪਾਪੂਆ ਨਿਊਗਿਨੀ ਟਾਪੂਆਂ ਦੀ ਆਬਾਦੀ ਸੱਤਰ ਲੱਖ ਤੋਂ ਥੋੜ੍ਹੀ ਕੁ ਵਧ ਹੈ ਪਰ ਓਥੇ ਵਿਸ਼ਵ ਦੀਆਂ ਸਭ ਤੋਂ ਵਧ, 852 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ: (840 ਹਾਲੇ ਵੀ ਬੋਲੀਆਂ ਜਾਂਦੀਆਂ ਹਨ ਅਤੇ 12 ਖ਼ਤਮ ਹੋ ਗਈਆਂ ਹਨ)। ਇਹ ਭਾਸ਼ਾਈ ਵੰਨ-ਸੁਵੰਨਤਾ ਸੂਚਕਾਂਕ (ਸਰੋਤ: ਯੂਨੈਸਕੋ 2009) 0.990 ਦੇ ਸਕੋਰ ਨਾਲ਼ ਸਭ ਤੋਂ ਉੱਪਰ ਹੈ। ਭਾਰਤ 0.930 ਦੇ ਸਕੋਰ ਨਾਲ਼ 9ਵੇਂ ਨੰਬਰ 'ਤੇ ਆਉਂਦਾ ਹੈ। ਪਰ ਜੇ ਅਸੀਂ ਭਾਸ਼ਾਈ ਵੰਨ-ਸੁਵੰਨਤਾ ਨੂੰ ਕੁੱਲ ਅਬਾਦੀ ਦੇ ਅਧਾਰ ਤੇ ਮਿਣਦੇ ਹਾਂ, ਤਾਂ ਭਾਰਤ 1.3 ਅਰਬ ਲੋਕਾਂ ਨਾਲ਼ (ਆਬਾਦੀ ਦੇ ਹਿਸਾਬ ਨਾਲ਼ ਦੁਨੀਆਂ ਭਰ ਵਿਚ ਨੰਬਰ ਦੋ) ਬਾਕੀ ਦੇਸ਼ਾਂ ਨਾਲੋਂ ਬਹੁਤ ਅੱਗੇ ਹੈ। ਆਬਾਦੀ ਪੱਖੋਂ ਚੀਨ ਪਹਿਲੇ, ਸੰਯੁਕਤ ਰਾਜ ਅਮਰੀਕਾ ਤੀਜੇ, ਇੰਡੋਨੇਸ਼ੀਆ ਚੌਥੇ ਅਤੇ ਬ੍ਰਾਜ਼ੀਲ ਪੰਜਵੇਂ ਨੰਬਰ ਤੇ ਹੈ। ਇਸਤਰਾਂ, ਕੋਈ ਕਹਿ ਸਕਦਾ ਹੈ ਕਿ ਭਾਰਤ 'ਦੁਨੀਆਂ ਦਾ ਸਭ ਤੋਂ ਸੰਘਣੀ ਆਬਾਦੀ ਅਤੇ ਭਾਸ਼ਾਈ ਵੰਨ-ਸੁਵੰਨਤਾਵਾਂ ਵਾਲ਼ਾ ਦੇਸ਼' ਹੈ।

ਭਾਰਤ ਦੀ 2001 ਦੀ ਮਰਦਮਸ਼ੁਮਾਰੀ ਤੋਂ ਪਤਾ ਲੱਗਿਆ ਕਿ ਭਾਰਤ ਦੀਆਂ 122 ਪ੍ਰਮੁੱਖ ਅਤੇ 1599 ਹੋਰ ਛੋਟੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਵਿੱਚ 30 ਉਹ ਭਾਸ਼ਾਵਾਂ ਦਰਜ ਹਨ ਜਿਨ੍ਹਾਂ ਨੂੰ ਮੁੱਢ-ਕਦੀਮੀ ਬੋਲਣ ਵਾਲ਼ਿਆਂ ਦੀ ਆਬਾਦੀ 10 ਲੱਖ ਤੋਂ ਵਧ ਹੈ ਅਤੇ 122 ਉਹ ਭਾਸ਼ਾਵਾਂ ਹਨ ਜਿਹਨਾਂ ਨੂੰ 10,000 ਤੋਂ ਵੱਧ ਲੋਕ ਬੋਲਦੇ ਹਨ।

ਭਾਰਤ ਦੀਆਂ 22 ਅਨੁਸੂਚਿਤ ਭਾਸ਼ਾਵਾਂ ਹਨ - ਅਸਮੀਆ, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਕੰਨੜ, ਕਸ਼ਮੀਰੀ, ਕੋਂਕਣੀ, ਮੈਥਲੀ, ਮਲਿਆਲਮ, ਮਰਾਠੀ, ਮੀਤੀ (ਮਨੀਪੁਰੀ), ਨੇਪਾਲੀ, ਓੜੀਆ, ਪੰਜਾਬੀ, ਸੰਸਕ੍ਰਿਤ, ਸੰਥਾਲੀ, ਸਿੰਧੀ, ਤਾਮਿਲ, ਤੇਲਗੂ ਅਤੇ ਉਰਦੂ - ਇਹਨਾਂ ਤੋਂ ਅਲਹਿਦਾ ਕੇਂਦਰ ਸਰਕਾਰ ਦੀਆਂ ਦੋ ਦਫ਼ਤਰੀ ਭਾਸ਼ਾਵਾਂ: ਹਿੰਦੀ ਅਤੇ ਅੰਗਰੇਜ਼ੀ ਹਨ।

ਉਪਰੋਕਤ ਤੋਂ ਇਲਾਵਾ, ਭਾਰਤ ਸਰਕਾਰ ਨੇ ਉਨ੍ਹਾਂ 6 ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਵੱਖਰਾ ਸਨਮਾਨ ਦਿੱਤਾ ਹੈ ਜਿਨ੍ਹਾਂ ਦੀ 'ਅਮੀਰ ਵਿਰਾਸਤ ਅਤੇ ਆਜ਼ਾਦ ਸੁਭਾਅ' ਹੈ: ਕੰਨੜ, ਮਲਿਆਲਮ, ਓੜੀਆ, ਸੰਸਕ੍ਰਿਤ, ਤਾਮਿਲ ਅਤੇ ਤੇਲਗੂ।

ਤਾਮਿਲ ਭਾਸ਼ਾ ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਜੀਵਿਤ ਭਾਸ਼ਾਵਾਂ ਵਿੱਚੋਂ ਇਕ ਹੈ ਅਤੇ ਇਹ ਦ੍ਰਾਵਿੜ ਭਾਸ਼ਾ ਸੰਸਕ੍ਰਿਤ (ਭਾਰਤੀ ਭਾਸ਼ਾਵਾਂ ਦੇ ਇੰਡੋ-ਆਰੀਅਨ ਪਰਿਵਾਰ ਦਾ ਇੱਕ ਹਿੱਸਾ) ਤੋਂ ਵੀ ਪੁਰਾਣੀ ਹੈ। ਗਲ਼ਤ ਜਾਣਕਾਰੀ ਦੇਣ ਵਾਲ਼ੀਆਂ ਬੇਤੁਕੀਆਂ ਮੁਹਿੰਮਾਂ ਚਲਾਕੇ ਬਣਾਈਆਂ ਗਈਆਂ ਧਾਰਨਾਵਾਂ ਦੇ ਉਲ਼ਟ, ਹਿੰਦੀ ਭਾਰਤ ਦੀ ਕੌਮੀ ਭਾਸ਼ਾ ਨਹੀਂ ਹੈ। ਭਾਰਤ ਦੀ ਕੋਈ ਕੌਮੀ ਭਾਸ਼ਾ ਹੈ ਈ ਨਹੀਂ।

ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ, ਸਿਰਫ਼ 26.6% ਭਾਰਤੀਆਂ ਨੇ ਆਪਣੀ ਮਾਂ-ਬੋਲੀ ਹਿੰਦੀ ਲਿਖਵਾਈ ਹੈ।

ਹਿੰਦੀ ਭਾਸ਼ਾ

ਅਜੋਕੀ ਹਿੰਦੀ - ਸਭ ਤੋਂ ਘੱਟ ਉਮਰ ਵਾਲ਼ੀਆਂ ਭਾਰਤੀ ਭਾਸ਼ਾਵਾਂ ਵਿਚੋਂ ਇਕ ਹੈ ਜੋ ਖੜੀਬੋਲੀ (ਦਿੱਲੀ ਅਤੇ ਆਸ ਪਾਸ ਦੀ ਖੇਤਰੀ ਉਪਬੋਲੀ) ਤੇ ਅਧਾਰਤ ਹੈ ਅਤੇ ਇਸ 'ਤੇ ਅਦਬੀ ਰੰਗਤ 18 ਵੀਂ ਸਦੀ ਦੇ ਅਖੀਰ ਵਿਚ ਚੜ੍ਹਨੀ ਸ਼ੁਰੂ ਹੋਈ।

ਖੜੀਬੋਲੀ ਖੁਦ ਪਹਿਲੀਆਂ ਬੋਲੀਆਂ, ਜਿਵੇਂ ਕਿ ਅਵਧੀ- ਵਿਚੋਂ ਵਿਕਾਸ ਕਰਕੇ ਆਈ ਸੀ- ਜੋ ਆਮ ਲੋਕਾਂ ਦੀ ਮਿੱਠੀ ਬੋਲੀ ਸੀ ਅਤੇ ਜਿਸ ਵਿੱਚ ਤੁਲਸੀਦਾਸ ਨੇ 17ਵੀਂ ਸਦੀ ਦੇ ਅਰੰਭ ਵਿੱਚ 'ਰਾਮਚਰਿਤਮਾਨਸ' ਦੀ ਰਚਨਾ ਕੀਤੀ ਸੀ। ਅਵਧੀ ਭਗਤੀ ਕਵਿਤਾ ਨੇ ਸਾਰੇ ਉੱਤਰ ਭਾਰਤ ਵਿਚ ਭਗਵਾਨ ਰਾਮ ਨੂੰ ਮਸ਼ਹੂਰ ਕਰ ਦਿੱਤਾ; ਜੋ ਕਿ ਬਦਲੇ ਹੋਏ ਹਾਲਾਤ ਵਿਚ ਅਜੋਕੇ ਭਾਰਤ ਦੀ ਸਿਆਸਤ ਤੇ ਅਸਰ ਪਾ ਰਿਹਾ ਹੈ। 2018 ਵਿਚ ਛਪੇ ਆਪਣੇ ਇਕ ਲੇਖ ਵਿਚ ਮੈਂ ਉਹ ਦਿਲਚਸਪ ਕਹਾਣੀ ਸੁਣਾ ਚੁੱਕਿਆ ਹਾਂ ਕਿ ਭਗਵਾਨ ਰਾਮ ਹਿੰਦੂਆਂ ਦੇ ਦੇਵਤਾ ਕਿਵੇਂ ਬਣੇ?

ਹਿੰਦੀ ਦਾ ਵਿਕਾਸ ਉਸ ਸਮੇਂ ਹੋਇਆ, ਜਦੋਂ ਹਿੰਦੂਸਤਾਨੀ ਦੇ ਇਕ ਹੋਰ ਰੂਪ - ਉੜਦੂ ਉਪਰ 18ਵੀਂ ਸਦੀ ਤੋਂ ਫ਼ਾਰਸੀ ਲਹਿਜ਼ੇ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਅਤੇ ਇਸਦੀ ਪੁੱਛ ਪ੍ਰਤੀਤ ਇਕ ਵੱਖਰੀ ਭਾਸ਼ਾ ਵਜੋਂ ਹੋਣ ਲੱਗ ਪਈ।

18ਵੀਂ ਸਦੀ ਦੇ ਅਖੀਰ ਅਤੇ 19ਵੀਂ ਸਦੀ ਦੇ ਸ਼ੁਰੂ ਵਿੱਚ, ਈਸਟ ਇੰਡੀਆ ਕੰਪਨੀ ਦੇ ਅਧੀਨ, ਹਿੰਦੁਸਤਾਨੀ ਹਿੰਦੀ ਅਤੇ ਉੜਦੂ, ਦੋ ਵੱਖੋ-ਵੱਖ ਰੂਪਾਂ ਵਿਚ ਵਿਗਸਣ ਲੱਗ ਪਈ ਸੀ।

ਇਹ ਵੀ ਸ਼ਾਇਦ ਮੱਕਾਰ ਸਾਮਰਾਜੀਆਂ ਵੱਲੋਂ 'ਪਾੜੋ ਤੇ ਰਾਜ ਕਰੋ' ਦੀ ਨੀਤੀ ਦੇ ਤਹਿਤ ਵੱਖੋ-ਵੱਖ ਧਾਰਮਕ ਭਾਈਚਾਰਿਆਂ - ਭਾਵ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਭਾਸ਼ਾਈ ਤੌਰ ਤੇ ਵੰਡਣ, ਧੜ੍ਹੇਬੰਦੀ ਬਣਾਉਣ, ਆਪਸੀ ਸੰਬੰਧਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਵਿਚ ਕਈ ਪੀੜ੍ਹੀਆਂ ਅਤੇ ਇੱਥੋਂ ਤੱਕ ਕਿ ਸਦੀਆਂ ਤੱਕ ਚੱਲਣ ਵਾਲ਼ੀ ਦੁਸ਼ਮਣੀ ਪੈਦਾ ਕਰਨ ਲਈ ਕੀਤਾ ਗਿਆ ਸੀ। ਪਰ ਇਹ 'ਭਾਸ਼ਾਈ ਵੰਡ' ਇਕ ਖਾਸ ਬੰਦੇ ਬਗੈਰ ਮੁਮਕਿਨ ਨਹੀਂ ਸੀ ਹੋਣੀ ਜਿਹੜਾ ਭਾਰਤੀ ਇਤਿਹਾਸ ਦੇ ਸਾਡੇ 'ਸਾਂਝੇ ਰਲ਼ਵੇਂ ਚੇਤਿਆਂ' ਵਿਚੋਂ ਤਕਰੀਬਨ ਅਣਜਾਣਿਆ ਹੈ: ਉਹ ਹੈ ਅਜੋਕੀਆਂ ਹਿੰਦੁਸਤਾਨੀ ਭਾਸ਼ਾਵਾਂ ਦਾ ਵਿੱਸਰ ਚੁੱਕਿਆ ਜਨਮਦਾਤਾ, ਜੌਨ ਗਿਲਕ੍ਰਿਸਟ।

ਜੌਨ ਗਿਲਕ੍ਰਿਸਟ ਹੀ ਅਜੋਕੀਆਂ ਹਿੰਦੁਸਤਾਨੀ ਭਾਸ਼ਾਵਾਂ ਦਾ ਜਨਮਦਾਤਾ ਹੈ!

ਅੱਖੜ ਸੁਭਾਅ ਵਾਲ਼ਾ ਜੌਨ ਬੋਰਥਵਿਕ ਗਿਲਕ੍ਰਿਸਟ (1759-1841) ਸਕਾਟਲੈਂਡ ਤੋਂ ਸਰਜਨ ਬਣਕੇ ਭਾਰਤ ਆਇਆ ਸੀ ਪਰ ਇੱਥੇ ਆਕੇ ਆਪਣੇ ਬਲਬੂਤੇ ਭਾਸ਼ਾ ਵਿਗਿਆਨੀ ਬਣ ਗਿਆ- ਆਪਣੇ ਜੱਦੀ ਸ਼ਹਿਰ ਐਡਿਨਬਰਾ ਵਿੱਚ ਆਪਣਾ ਸ਼ਾਹੂਕਾਰਾ ਡੁੱਬ ਜਾਣ ਤੋਂ ਬਾਅਦ ਉਸਨੇ ਆਪਣਾ ਮੁੱਢਲਾ ਜੀਵਨ ਭਾਰਤ ਵਿੱਚ ਬਿਤਾਇਆ ਜਿੱਥੇ ਉਸਨੇ ਹਿੰਦੁਸਤਾਨੀ ਭਾਸ਼ਾਵਾਂ ਦਾ ਅਧਿਐਨ ਕੀਤਾ।

ਚੈਂਬਰਜ਼ ਦੀ ਬਾਇਓਗ੍ਰਾਫ਼ਿਕਲ ਡਿਕਸ਼ਨਰੀ ਨੇ ਉਸਦੀ ਚੜ੍ਹਤ ਵਾਲ਼ੇ ਸਾਲਾਂ ਦੌਰਾਨ ਉਸਨੂੰ ਇਸ ਤਰ੍ਹਾਂ ਦਾ ਦਰਸਾਇਆ ਹੈ- "ਉਸਦੇ ਖਿੱਲਰੇ ਵਾਲ਼ ਅਤੇ ਮੁੱਛਾਂ ਹਿਮਾਲਿਆ ਦੀ ਬਰਫ਼ ਵਾਂਗੂੰ ਚਟਕ ਸਫੇਦ ਸਨ, ਅਤੇ ਉਹਨਾਂ ਵਿੱਚੋਂ ਝਾਕਦੇ ਦਗਦਗ ਕਰਦੇ ਅਤੇ ਹਾਵ ਭਾਵ ਭਰੇ ਚਿਹਰੇ ਦੇ ਬਿਲਕੁਲ ਉਲਟ ਉਸਦੀ ਤੁਲਨਾ ਰਾਇਲ ਬੰਗਾਲ ਟਾਈਗਰ ਨਾਲ਼ ਕੀਤੀ ਜਾਂਦੀ ਸੀ- ਤੇ ਅਜਿਹਾ ਲੱਗਣ ਦਾ ਉਸਨੂੰ ਮਾਣ ਵੀ ਸੀ।" 1782 ਵਿਚ, ਗਿਲਕ੍ਰਿਸਟ ਨੂੰ ਰਾਇਲ ਨੇਵੀ ਵਿਚ ਇਕ ਸਰਜਨ ਦੇ ਸਿਖਾਂਦਰੂ ਸਾਥੀ ਵਜੋਂ ਰੱਖ ਲਿਆ ਗਿਆ ਅਤੇ ਉਸਨੇ ਬੰਬੇ, ਭਾਰਤ ਵੱਲ ਸਫ਼ਰ ਕੀਤਾ। ਉੱਥੇ, ਉਹ ਈਸਟ ਇੰਡੀਆ ਕੰਪਨੀ ਦੀ ਮੈਡੀਕਲ ਸੇਵਾ ਵਿਚ ਸ਼ਾਮਲ ਹੋ ਗਿਆ ਅਤੇ 1784 ਵਿਚ ਉਸਨੂੰ ਸਹਾਇਕ ਸਰਜਨ ਲਗਾ ਦਿੱਤਾ ਗਿਆ।

ਭਾਰਤ ਵਿਚ ਸਫ਼ਰ ਕਰਦਿਆਂ ਗਿਲਕ੍ਰਿਸਟ ਨੂੰ ਹਿੰਦੁਸਤਾਨੀ ਭਾਸ਼ਾਵਾਂ ਦੀ ਖੋਜਬੀਨ ਕਰਨ ਦਾ ਸ਼ੌਕ ਜਾਗ ਪਿਆ। 1785 ਵਿਚ ਉਸਨੇ ਇਹਨਾਂ ਖੋਜ ਅਧਿਐਨਾਂ ਨੂੰ ਜਾਰੀ ਰੱਖਣ ਲਈ ਆਪਣੀ ਡਿਊਟੀ ਤੋਂ ਇਕ ਸਾਲ ਦੀ ਛੁੱਟੀ ਲੈਣ ਲਈ ਬੇਨਤੀ ਕੀਤੀ। ਉਸਨੂੰ ਇਹ ਛੁੱਟੀ ਆਖਰਕਾਰ 1787 ਵਿੱਚ ਮਿਲ਼ੀ ਅਤੇ ਗਿਲਕ੍ਰਿਸਟ ਫਿਰ ਕਦੇ ਵੀ ਮੈਡੀਕਲ ਸੇਵਾ ਵੱਲ ਵਾਪਸ ਨਾ ਮੁੜਿਆ।

ਉਸਦਾ ਛਪਣ ਵਾਲ਼ਾ ਪਹਿਲਾ ਲਿਖਤੀ ਕਾਰਜ- ਏ ਡਿਕਸ਼ਨਰੀ: ਇੰਗਲਿਸ਼ ਐਂਡ ਹਿੰਦੁਸਤਾਨੀ, ਕਲਕੱਤਾ: ਸਟੂਅਰਟ ਐਂਡ ਕੂਪਰ, 1787–90 ਸੀ। ਉਸਨੇ ਹਿੰਦੁਸਤਾਨੀ ਨੂੰ ਬ੍ਰਿਟਿਸ਼ ਇੰਤਜਾਮੀਆ ਦੀ ਭਾਸ਼ਾ ਵਜੋਂ ਮਸ਼ਹੂਰ ਕੀਤਾ ਅਤੇ ਗਵਰਨਰ-ਜਨਰਲ, ਮਾਰਕੇਸ ਆਫ਼ ਵੇਲੇਜ਼ਲੀ ਅਤੇ ਈਸਟ ਇੰਡੀਆ ਕੰਪਨੀ ਨੂੰ ਕਲਕੱਤਾ ਵਿੱਚ ਇੱਕ ਸਿਖਲਾਈ ਅਦਾਰਾ ਕਾਇਮ ਕਰਨ ਦਾ ਸੁਝਾਅ ਦਿੱਤਾ। ਇਹ ਓਰੀਐਂਟਲ ਸੈਮੀਨਰੀ ਜਾਂ 'ਗਿਲਕ੍ਰਿਸਟ ਕਾ ਮਦਰੱਸਾ' ਵਜੋਂ ਸ਼ੁਰੂ ਹੋਇਆ ਸੀ, ਪਰੰਤੂ ਇਕ ਸਾਲ ਦੇ ਵਕਫੇ ਅੰਦਰ ਹੀ ਇਸਨੂੰ ਵਧਾਅ ਕੇ ਸੰਨ 1800 ਵਿਚ ਕਲਕੱਤੇ ਦੇ ਫੋਰਟ ਵਿਲੀਅਮ ਕਿਲੇ ਦੇ ਵਿਹੜੇ ਵਿਚ ਫੋਰਟ ਵਿਲੀਅਮ ਕਾਲਜ ਬਣਾ ਦਿੱਤਾ ਗਿਆ। ਗਿਲਕ੍ਰਿਸਟ ਨੇ 1804 ਤੱਕ ਕਾਲਜ ਦੇ ਪਹਿਲੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ, ਅਤੇ ਕਈ ਕਿਤਾਬਾਂ ਪ੍ਰਕਾਸ਼ਤ ਕਰਨੀਆਂ ਜਾਰੀ ਰੱਖੀਆਂ ਜਿਹਨਾਂ ਵਿੱਚ 'ਦ ਹਿੰਦੀ-ਰੋਮਨ ਆਰਥੋਏਪੀਗ੍ਰਾਫ਼ਿਕਲ ਅਲਟੀਮੇਟਮ', ਜਾਂ ਪੂਰਬ ਲਈ ਸਥਿਰ ਅਤੇ ਕਾਰਜਸ਼ੀਲ ਸਿਧਾਂਤਾਂ ਦੀਆਂ ਪੂਰਬੀ ਅਤੇ ਪੱਛਮੀ ਪ੍ਰਤੱਖ ਧੁਨੀਆਂ ਦਾ ਇੱਕ ਵਿਉਂਬੱਧ ਵਰਣਾਤਮਕ ਨਜ਼ਰੀਆ- 'ਕਲਕੱਤਾ 1804', ਸ਼ਾਮਲ ਸਨ।

ਗਿਲਕ੍ਰਿਸਟ ਨੇ ਭਾਰਤੀ ਲੇਖਕਾਂ ਅਤੇ ਵਿਦਵਾਨਾਂ ਨੂੰ ਕਾਲਜ ਵਿਚ ਸ਼ਾਮਲ ਕਰ ਲਿਆ ਅਤੇ ਉਨ੍ਹਾਂ ਨੂੰ ਹਿੰਦੀ ਵਿਚ ਲਿਖਣ ਬਦਲੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ। ਭਾਰਤੀ ਲੇਖਕਾਂ ਅਤੇ ਵਿਦਵਾਨਾਂ ਦੇ ਯੋਗਦਾਨ ਨੇ ਥੋੜ੍ਹੇ ਸਮੇਂ ਵਿਚ ਹਿੰਦੀ ਭਾਸ਼ਾ ਅਤੇ ਸਾਹਿਤ ਨੂੰ ਤੇਜ਼ੀ ਨਾਲ ਅੱਗੇ ਵਧਣ ਦੇ ਯੋਗ ਬਣਾ ਦਿੱਤਾ। ਗਿਲਕ੍ਰਿਸਟ ਦੀ ਪਹਿਲਕਦਮੀ ਤੇ ਲੱਲੂ ਲਾਲ (1763-1825) ਨੇ ਮਸ਼ਹੂਰ ਪ੍ਰੇਮਸਾਗਰ (ਪ੍ਰੇਮ ਦਾ ਸਮੁੰਦਰ) ਗ੍ਰੰਥ ਰਚ ਦਿੱਤਾ। ਇਸ ਤੋਂ ਬਾਅਦ, ਬਾਈਬਲ ਦਾ ਹਿੰਦੀ ਅਨੁਵਾਦ 1818 ਵਿਚ ਆਇਆ ਅਤੇ ਉਦੰਤ ਮਾਰਤੰਡ ਨਾਂ ਦਾ ਪਹਿਲਾ ਹਿੰਦੀ ਅਖਬਾਰ, 1826 ਵਿਚ ਕਲਕੱਤਾ ਵਿਚ ਛਪਣਾ ਸ਼ੁਰੂ ਹੋਇਆ। ਗਿਲਕ੍ਰਿਸਟ ਨੇ 'ਖੜੀਬੋਲੀ ਦੀ ਦੋ ਰੂਪਾਂ ਵਿਚ ਵੰਡ' ਕਿਤਾਬ ਲਿਖੀ - ਜਿਸਦੇ ਨਤੀਜੇ ਵਜੋਂ ਖੜੀਬੋਲੀ ਨੂੰ ਮੁਢਲਾ ਆਧਾਰ ਬਣਾਕੇ ਹਿੰਦੋਸਤਾਨੀ ਭਾਸ਼ਾ ਨੂੰ ਦੋ ਭਾਸ਼ਾਵਾਂ (ਹਿੰਦੀ ਅਤੇ ਉਰਦੂ) ਵਿਚ ਵੰਡ ਦਿੱਤਾ ਗਿਆ ਜਿਹਨਾਂ ਦੇ ਆਪੋ-ਆਪਣੇ ਲਫ਼ਜ਼ ਅਤੇ ਲਿਪੀਆਂ ਸਨ।

*ਦੂਜੇ ਲਫ਼ਜ਼ਾਂ ਵਿਚ ਉਸ ਸਮੇਂ ਦੀ ਹਿੰਦੁਸਤਾਨੀ ਭਾਸ਼ਾ ਨੂੰ ਹੀ ਹਿੰਦੀ ਅਤੇ ਉਰਦੂ ਵਿਚ ਵੰਡਕੇ ਦੇਵਨਾਗਰੀ ਅਤੇ ਫ਼ਾਰਸੀ ਲਿਪੀ ਵਿਚ ਲਿਖ ਦਿੱਤਾ ਗਿਆ ਸੀ ਜਿਹਨਾਂ ਨੂੰ ਅੱਗੋਂ ਹੋਰ ਸਾਜ-ਸਵਾਰਕੇ ਬੋਲਚਾਲ ਵਾਲ਼ਾ ਰਸਮੀ ਰੂਪ ਦੇ ਦਿੱਤਾ ਗਿਆ ਸੀ।

ਸੰਤੋਸ਼ ਕੁਮਾਰ ਖਰੇ ਨੇ ਆਪਣੇ ਲੇਖ 'ਭਾਰਤ ਵਿਚ ਭਾਸ਼ਾ ਬਾਰੇ ਸੱਚਾਈ' ਵਿਚ ਲਿਖਿਆ: ‘ਹਿੰਦੀ ਅਤੇ ਉਰਦੂ ਨੂੰ ਦੋ ਵੱਖਰੀਆਂ ਭਾਸ਼ਾਵਾਂ ਦੇ ਤੌਰ‘ ਤੇ ਘੜਨ ਦਾ ਖਿਆਲ 19ਵੀਂ ਸਦੀ ਦੇ ਪਹਿਲੇ ਅੱਧ ਵਿਚ ਫੋਰਟ ਵਿਲੀਅਮ ਕਾਲਜ ਵਾਲ਼ਿਆਂ ਨੂੰ ਆਇਆ ਸੀ। ’ਉਨ੍ਹਾਂ ਲਿਖਿਆ: *"ਉਨ੍ਹਾਂ ਦੇ ਭਾਸ਼ਾਈ ਅਤੇ ਸਾਹਿਤਕ ਪ੍ਰਕਾਸ਼ਨ ਉਸੇ ਮੁਤਾਬਕ ਤਿਆਰ ਕੀਤੇ ਗਏ ਸਨ, ਉਰਦੂ ਲਈ ਲਿਪੀ ਅਤੇ ਲਫ਼ਜ਼, ਦੋਵੇਂ ਫਾਰਸੀ ਕੋਲ਼ੋਂ ਅਤੇ ਹਿੰਦੀ ਲਈ ਲਿਪੀ ਦੇਵਨਾਗਰੀ ਅਤੇ ਲਫ਼ਜ਼ ਸੰਸਕ੍ਰਿਤ ਕੋਲ਼ੋਂ ਉਧਾਰੇ ਲਏ ਗਏ ਸਨ।"

'ਏ ਹਿਸਟਰੀ ਆਫ ਹਿੰਦੀ ਲਿਟਰੇਚਰ' ਦੇ ਲੇਖਕ ਕੇ.ਬੀ. ਜਿੰਦਲ ਦੇ ਲਫ਼ਜ਼ਾਂ ਵਿਚ: 'ਜਿਹੜੀ ਹਿੰਦੀ ਅੱਜ ਅਸੀਂ ਵੇਖ ਰਹੇ ਹਾਂ, ਉਹ ਉੱਨੀਂਵੀਂ ਸਦੀ ਦੀ ਉਪਜ ਹੈ।'

ਸਮਕਾਲੀ ਡੱਚ ਇਤਿਹਾਸਕਾਰ ਥਾਮਸ ਡੀ ਬਰੂਜੀਨ ਦਾ ਕਹਿਣਾ ਹੈ ਕਿ ਕਲਕੱਤਾ ਦਾ ਫੋਰਟ ਵਿਲੀਅਮ ਕਾਲਜ, 'ਘੱਟ ਜਾਂ ਵਧ, ਅਜੋਕੀ ਹਿੰਦੀ ਦਾ ਜਨਮ ਸਥਾਨ ਸੀ।'

19ਵੀਂ ਸਦੀ ਦੇ ਅਖੀਰਲੇ ਅਤੇ 20ਵੀਂ ਸਦੀ ਦੇ ਮੁਢਲੇ ਸਾਲਾਂ ਦੇ ਮਸ਼ਹੂਰ ਆਇਰਿਸ਼ ਭਾਸ਼ਾ ਵਿਗਿਆਨੀ ਜੋਰਜ ਅਬ੍ਰਾਹਮ ਗ੍ਰੀਅਰਸਨ ਨੇ ਕਿਹਾ ਕਿ ਸਮਕਾਲੀ *ਭਾਰਤੀ ਜਿਸ ਮਿਆਰੀ ਜਾਂ ਸ਼ੁੱਧ ਹਿੰਦੀ ਦੀ ਵਰਤੋਂ ਕਰਦੇ ਹਨ, ਉਹ ਇਕ ਨਕਲੀ ਉਪਬੋਲੀ ਹੈ; ਕੁਦਰਤੀ ਤੌਰ ਤੇ ਇੱਥੇ ਜਨਮੇ ਕਿਸੇ ਵੀ ਭਾਰਤੀ ਦੀ ਮਾਂ ਬੋਲੀ ਨਹੀਂ ਹੈ, ਯੂਰਪੀਅਨ ਇਸਨੂੰ ਇੱਕ ਸ਼ਾਨਦਾਰ ਦੋਗਲੀ ਬੋਲੀ ਹਿੰਦੀ ਦੇ ਰੂਪ ਵਿਚ ਜਾਣਦੇ ਹਨ ਜਿਸਦੀ ਕਾਢ ਵੀ ਉਹਨਾਂ ਵੱਲੋਂ ਹੀ ਕੱਢੀ ਗਈ ਹੈ।

ਇਸ ਲਈ, ਮੇਰੀ ਸਵਰਗਵਾਸੀ ਨਾਨੀ ਠੀਕ ਹੀ ਕਹਿੰਦੇ ਹੁੰਦੇ ਸਨ: ਕਿ ਅਜੋਕੀ ਹਿੰਦੀ ਦਾ ਜਨਮ ਸਥਾਨ ਕਲਕੱਤਾ ਹੈ। ਅਤੇ ਇਹ ਫੋਰਟ ਵਿਲੀਅਮ ਹੀ ਸੀ ਜਿੱਥੇ ਜੌਹਨ ਗਿਲਕ੍ਰਿਸਟ ਦੇ ਅਣਥੱਕ ਯਤਨਾਂ ਨਾਲ਼ ਹਿੰਦੀ ਦੀ ਕਾਢ ਕੱਢੀ ਗਈ ਸੀ।.

ਜੇ ਅੰਗਰੇਜ਼ੀ ਬੋਲਣ ਵਾਲ਼ੇ ਭਾਰਤੀਆਂ ਨੂੰ 'ਮੈਕਾਲੇ ਦੇ ਬੱਚੇ' ਮੰਨਿਆ ਜਾਂਦਾ ਹੈ, ਤਾਂ ਹਿੰਦੀ ਬੋਲਣ ਵਾਲੇ ਭਾਰਤੀਆਂ ਨੂੰ ਵੀ 'ਗਿਲਕ੍ਰਿਸਟ ਦੇ ਬੱਚੇ' ਕਿਹਾ ਜਾ ਸਕਦਾ ਹੈ।

*ਸਿੱਟਾ:

8000 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਅਜੋਕੇ ਭਾਰਤ ਦੇ 'ਸਭਿਅਕ ਰਾਜ' ਵਿਚ ਇੱਕ ਅਜਿਹੀ ਭਾਸ਼ਾ, ਜਿਹੜੀ ਸਿਰਫ਼ ਦੋ ਕੁ ਸੌ ਸਾਲ ਪੁਰਾਣੀ ਹੈ ਅਤੇ ਜਿਹੜੀ ਸਾਡੇ ਬਸਤੀਵਾਦੀ ਸਾਮਰਾਜੀ ਮਾਲਕਾਂ ਅਧੀਨ ਬਣੀ ਲੁੱਟਮਾਰ ਕਰਨ ਵਾਲ਼ੀ ਪ੍ਰਾਈਵੇਟ ਕਾਰਪੋਰੇਸ਼ਨ, ਈਸਟ ਇੰਡੀਆ ਕੰਪਨੀ ਦੇ ਇੱਕ ਕਰਮਚਾਰੀ ਦੇ ਦਿਮਾਗ ਦੀ ਘਾੜਤ ਹੈ- ਜ਼ਾਹਿਰਾ ਤੌਰ 'ਤੇ ਭਾਰਤ ਦੀ ਕੌਮੀ ਭਾਸ਼ਾ ਕਦੇ ਵੀ ਨਹੀਂ ਮੰਨੀ ਜਾ ਸਕਦੀ। ਹਿੰਦੀ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਵਿਆਪਕ ਹਿੰਦੂਤਵੀ ਏਜੰਡੇ ਅਤੇ ਸੰਸਕ੍ਰਿਤ ਨੂੰ 'ਮਾਂ ਬੋਲੀ' 'ਅਤੇ ਹਿੰਦੀ ਨੂੰ 'ਕੌਮੀ ਭਾਸ਼ਾ' ਵਜੋਂ ਥੋਪਣ ਦੀ ਰਾਜਨੀਤਿਕ ਕੋਸ਼ਿਸ਼ ਦਾ ਸੰਕੇਤ ਹਨ। ਪਰ ਸੰਸਕ੍ਰਿਤ ਭਾਰਤ ਦੀ ਮਾਂ ਬੋਲੀ ਨਹੀਂ ਹੈ। ਇਸ ਧਰਤੀ ਦੇ ਸਾਡੇ ਇਸ ਪੁਰਾਤਨ ਖਿੱਤੇ ਦੀ ਕਿਸੇ ਵੀ ਇਕ ਭਾਸ਼ਾ ਨੂੰ ‘ਮਾਂ ਬੋਲੀ’ ਨਹੀਂ ਆਖਿਆ ਜਾ ਸਕਦਾ ਜਿਸ ਵਿਚ ਅਜਿਹੀ ਭਾਸ਼ਾਈ ਵੰਨ-ਸੁਵੰਨਤਾ ਹੈ ਜਿਹੜੀ ਕਈ ਭਾਸ਼ਾ ਪਰਿਵਾਰਾਂ ਵਿਚੋਂ ਨਿਕਲਕੇ ਆਈ ਹੈ: ਜਿਵੇਂ ਇੰਡੋ-ਆਰੀਅਨ ਜਾਂ ਇੰਡਿਕ, ਦ੍ਰਾਵਿੜੀ, ਸਿਨੋ-ਤਿੱਬਤੀ, ਆਸਟ੍ਰੋਏਸ਼ੀਐਟਿਕ, ਤਾਈ-ਕਦਾਈ ਅਤੇ ਗ੍ਰੇਟ ਅੰਡੇਮਾਨੀ।

ਉਪਰ ਦੱਸੇ ਮੁਤਾਬਕ, ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਲਾਗੂ ਨਹੀਂ ਕੀਤਾ ਜਾ ਸਕਦਾ। ਭਾਰਤ ਨੂੰ ਕਿਸੇ ਵੀ ਇਕ ਕੌਮੀ ਭਾਸ਼ਾ ਦੀ ਲੋੜ ਨਹੀਂ ਹੈ ਕਿਉਂਕਿ ਵੰਨ-ਸੁਵੰਨਤਾ ਭਾਰਤ ਦੀ ਬੁਨਿਆਦੀ ਕੌਮੀ ਖਾਸੀਅਤ ਹੈ, ਅਤੇ ਇਹ ਇਸੇ ਤਰਾਂ ਹੀ ਬਣੀ ਰਹਿਣੀ ਚਾਹੀਦੀ ਹੈ।

ਅਸੀਂ ਭਾਰਤੀ ਲੋਕ, ਜਿਹੜੇ ਹਿੰਦੀ-ਹਿੰਦੁਸਤਾਨੀ ਗਊ ਭਗਤਾਂ ਦੀ ਪੱਟੀ ਦੇ ਦਾਇਰੇ ਵਿਚ ਨਹੀਂ ਆਉਂਦੇ - ਸਪਸ਼ਟ ਤੌਰ 'ਤੇ ਸਮਝਦੇ ਹਾਂ ਕਿ ਭਾਰਤ ਵਿਚ ਇਕ ਸੰਗਠਿਤ 'ਸਮਾਜਕ-ਸਭਿਆਚਾਰਕ ਇੰਜੀਨੀਅਰਿੰਗ ਮਿਸ਼ਨ' ਚੱਲ ਰਿਹਾ ਹੈ ਜੋ ਮੁਲਕ ਵਿਚ ਬਸਤੀਵਾਦ ਕਾਇਮ ਕਰਨਾ ਚਾਹੁੰਦਾ ਹੈ ਤੇ ਮਿੱਠਾ ਪਿਆਰਾ ਹੋਕੇ ਹਿੰਦੂਤਵ ਦੇ ਝੰਡੇ ਹੇਠ ਸਾਰੀ ਹਿੰਦੂ ਬਹੁਗਿਣਤੀ ਨੂੰ 'ਇਕਮੁੱਠ' ਕਰਨਾ ਚਾਹੁੰਦਾ ਹੈ। ਉਹਨਾਂ ਸਾਰੇ ਹਿੰਦੂਆਂ ਉੱਤੇ ਹਿੰਦੀ ਭਾਸ਼ਾ ਥੋਪ ਦੇਣੀ, ਜਿਹੜੇ ਹਿੰਦੀ ਨਹੀਂ ਬੋਲਦੇ, ‘ਹਿੰਦੂ ਰਾਸ਼ਟਰ’ ਦੇ ਮੂਖੌਟੇ ਹੇਠ ‘ਹਿੰਦੂਤਵ ਰਾਸ਼ਟਰ’ ਦੀ ਸਥਾਪਨਾ ਵੱਲ ਲੈਣ ਜਾਣ ਵਾਲ਼ੇ ਵੱਡੇ ਰਾਜਨੀਤਿਕ ਟੀਚੇ ਦਾ ਇਕ ਹਿੱਸਾ ਹੈ।

ਜਿੱਥੋਂ ਤੱਕ ਆਪਣੀ ਮਾਂ ਬੋਲੀ, ਆਪਣੇ ਸਭਿਆਚਾਰ, ਆਪਣੀ ਲਿਪੀ ਨੂੰ ਬਚਾਉਣ ਦਾ ਸੰਬੰਧ ਹੈ, ਭਾਰਤ ਦੇ ਸੰਵਿਧਾਨ ਦਾ ਆਰਟੀਕਲ 29 ਅਸਾਂ ਭਾਰਤ ਦੇ ਸਾਰੇ ਨਾਗਰਿਕਾਂ ਲਈ ਬਰਾਬਰੀ ਦਾ ਹੱਕ ਯਕੀਨੀ ਬਣਾਉਂਦਾ ਹੈ।

ਕਿਸੇ ਵੀ ਭਾਸ਼ਾ ਨੂੰ ਬਾਕੀਆਂ 'ਤੇ ਥੋਪਣਾ ਸੰਵਿਧਾਨਕ ਤੌਰ' ਤੇ ਗੈਰ-ਕਾਨੂੰਨੀ ਹੈ, ਅਤੇ ਅਜੋਕੇ ਭਾਰਤ ਦੀ ਅਜਿਹੀ ਭਾਸ਼ਾਈ, ਨਸਲੀ ਅਤੇ ਸਭਿਆਚਾਰਕ ਵੰਨ-ਸੁਵੰਨਤਾ ਦੇ ਮੌਜੂਦ ਹੁੰਦਿਆਂ ਅਜਿਹਾ ਕਰਨਾ ਵਧੇਰੇ ਖੇਤਰੀ ਤਣਾਅ, ਵੈਰ ਵਿਰੋਧ, ਪਾਟੋਧਾੜ ਅਤੇ ਆਪਸੀ ਨਾਰਾਜ਼ਗੀ ਦਾ ਕਾਰਨ ਬਣ ਸਕਦਾ ਹੈ।

ਭਾਰਤ ਨੂੰ 'ਇਕ ਭਾਸ਼ਾ, ਇਕ ਰਾਸ਼ਟਰ' ਵਰਗੀ ਏਕਤਾ ਦੀ ਲੋੜ ਨਹੀਂ ਹੈ। ਭਾਰਤ ਨੂੰ ਆਪਣੀ ‘ਏਕਤਾ ਵਿਚ ਵੰਨ-ਸੁਵੰਨਤਾ’ ਵਾਲ਼ੀ ਪ੍ਰਭੂਸੱਤਾ ਅਤੇ ਵਿਲੱਖਣ ‘ਸਭਿਅਤਾਵਾਦੀ ਭਾਵਨਾ’ ਉੱਤੇ ਜ਼ੋਰ ਦੇਣ ਦੀ ਲੋੜ ਹੈ।

ਸਾਰੇ ਮਖੌਲਾਂ ਦੀ ਜਨਮਦਾਤੀ:

‘ਹਿੰਦੂ, ਹਿੰਦੂ ਕਿਵੇਂ ਬਣੇ ਅਤੇ ਹਿੰਦੂਤਵ ਹਿੰਦੂ ਧਰਮ ਕਿਉਂ ਨਹੀਂ ਹੈ' ਇਸ ਬਾਰੇ ਮੈਂ 2017 ਵਿੱਚ ਮੈਂ ਇੱਕ ਲੇਖ ਛਪਵਾਇਆ ਸੀ।

ਹੁਣ ਮੈਂ ਓਹ ਵੀ ਦੱਸ ਦੇਣਾ ਚਾਹੁੰਦਾ ਹਾਂ - ਜਿਸ ਨੂੰ ਮੈਂ ਸਾਰੇ ਮਖੌਲਾਂ ਦੀ ਮਾਂ ਕਹਿੰਦਾ ਹੁੰਦਾ ਹਾਂ।

ਆਰਐਸਐਸ-ਬੀਜੇਪੀ-ਵੀਐਚਪੀ ਜਾਂ ਸੰਘ ਪਰਿਵਾਰ ਦੀ ਹਿੰਦੂਤਵੀ ਵਿਚਾਰਧਾਰਾ ਚਾਰ ਮੁੱਖ ਸ਼ਬਦਾਂ: ਹਿੰਦੀ, ਹਿੰਦੂ, ਹਿੰਦੂ ਧਰਮ ਅਤੇ ਹਿੰਦੁਸਤਾਨ ਉੱਤੇ ਟਿਕੀ ਹੋਈ ਹੈ।

ਸੰਘ ਦੀ ਵਿਚਾਰਧਾਰਾ ਮੁਸਲਮਾਨਾਂ ਅਤੇ ਇਸਾਈਆਂ ਨੂੰ ਭਾਰਤ ਵਿੱਚ ਗੈਰ ਮੁਲਕੀ ਹਮਲਾਵਰ ਮੰਨਦੀ ਹੈ। ਪਰ ਇਹ ਗੈਰ ਮੁਲਕੀ ਪਾਰਸੀ ਲੋਕ ਹੀ ਸਨ ਜਿਨ੍ਹਾਂ ਨੇ 'ਹਿੰਦੂ ਅਤੇ ਹਿੰਦੁਸਤਾਨ' ਲਫ਼ਜ਼ ਘੜੇ ਸਨ; ਅਤੇ ਇਹ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਸਾਮਰਾਜ ਦਾ ਹੀ ਕਾਰਾ ਸੀ ਜਿਸਨੇ ਹਿੰਦੀ ਭਾਸ਼ਾ ਬਣਾਈ, ਸਵਾਰੀ ਅਤੇ ਹਿੰਦੂ ਲਫ਼ਜ਼ ਨਾਲ਼ 'ਇਜ਼ਮ' ਜੋੜਿਆ।

ਇਸ ਤਰਾਂ, ਸੰਘ ਪਰਿਵਾਰ ਦੀ ਸਮੁੱਚੀ 'ਪਹਿਚਾਣ, ਆਲਮੀ ਨਜ਼ਰੀਆ ਅਤੇ ਰਾਸ਼ਟਰਵਾਦੀ' ਰਾਜਨੀਤੀ 'ਮੁਸਲਮਾਨਾਂ ਅਤੇ ਇਸਾਈਆਂ' ਵੱਲੋਂ ਸਾਨੂੰ ਦਿੱਤੇ ਗਏ ਤੌਹਫੇ 'ਤੇ ਟਿਕੀ ਹੋਈ ਹੈ! ਇਸ ਤੋਂ ਵੱਡਾ ਮਖੌਲ ਹੋਰ ਕੀ ਹੋ ਸਕਦਾ ਹੈ। ਇਹ ਸਾਰੇ ਮਖੌਲਾਂ ਦੀ ਮਾਂ ਹੈ; ਇਹ ਅੱਤ ਦਾ ਸਿਰਾ ਹੈ।

[ਪ੍ਰਗਟ ਕੀਤੇ ਵਿਚਾਰ ਲੇਖਕ ਦੇ ਆਪਣੇ ਹਨ, ਅਤੇ ਹੋ ਸਕਦਾ ਹੈ ਉਹ ਸੰਪਾਦਕੀ ਟੀਮ ਦੇ ਵਿਚਾਰਾਂ ਦੀ ਤਰਜਮਾਨੀ ਨਾ ਕਰਦੇ ਹੋਣ]

(ਅੰਗਰੇਜ਼ੀ ਲੇਖ ਦਾ ਪੰਜਾਬੀ ਤਰਜ਼ਮਾ)

Via ਬੁੱਧ ਸਿੰਘ ਨੀਲੋਂArchive

RECENT STORIES

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਵਰਸਿਟੀ ਹਾਕੀ ਟਰਾਫੀ ਜਿੱਤੀ

Posted on February 12th, 2023

ਗੁਰਮੁਖੀ ਦੀ ਉਤਪਤੀ ਤੇ ਵਿਗਾਸ

Posted on February 12th, 2023

ਭਾਰਤੀ ਹਾਕੀ: ਕੀ ਭਾਰਤੀ ਹਾਕੀ ਟੀਮ ਨੂੰ ਓਡੀਸ਼ਾ FIH ਵਿਸ਼ਵ ਕੱਪ, 2023 ਲਈ ਵਾਸਤਵਿਕ ਉਮੀਦਾਂ ਸਨ?

Posted on February 6th, 2023

170 ਸਾਲ ਪਹਿਲਾਂ ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਵਲੋਂ ਧਰਮ ਬਦਲਣ ਦੀ ਮੁਹਿੰਮ ਸ਼ੁਰੂ ਕਰਨੀ ਤੇ ਫਿਰ ਬੰਦ ਕਰਨੀ

Posted on February 6th, 2023

ਬਰਾੜ ਦੀ ਇੰਟਰਵਿਉ ਮੋਦੀ ਸਰਕਾਰ ਦੀ ਸ਼ੈਤਾਨੀ ਸੋਚ ਦੀ ਉਪਜ : ਦਲ ਖ਼ਾਲਸਾ

Posted on February 1st, 2023

ਪੰਜਾਬ ਵਿੱਚ ਸੰਯੁਕਤ ਰਾਸ਼ਟਰ ਅਧੀਨ ਰੈਫਰੈੰਡਮ ਕਰਵਾਇਆ ਜਾਵੇ: ਦਲ ਖ਼ਾਲਸਾ

Posted on January 31st, 2023

ਆਰੀਆ ਲੋਕ ਕੌਣ ਸਨ ਅਤੇ ਪੰਜਾਬੀ ਪਹਿਚਾਣ ਵਿੱਚ ਆਰੀਆਵਾਂ ਦਾ ਯੋਗਦਾਨ

Posted on January 4th, 2023