Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਟੀ ਆਫ ਸਰੀ ਦੀ ਗਰਮਾ ਰਹੀ ਚੋਣ ਦਾ ਹੁਣ ਤੱਕ ਦਾ ਹਾਲ:

Posted on September 21st, 2022

(ਸਲੇਟ ਦਾ ਮਤਲਬ ਧੜਾ-ਗਰੁੱਪ)

  1. ਗੋਰਡੀ ਹੋਗ (ਸਰੀ ਫਸਟ) ਨੇ ਕਿਹਾ ਕਿ ਸਰੀ 'ਚ 60 ਫਾੲਰਿ-ਫਾਈਟਰ ਘੱਟ ਹਨ। ਉਹ ਪਹਿਲਾਂ 300 ਪੁਲਿਸ ਅਫਸਰ ਘੱਟ ਹੋਣ ਦੀ ਗੱਲ ਵੀ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਅਗਲੇ ਚਾਰ ਸਾਲਾਂ 'ਚ ਨਿਯੁਕਤੀ ਦਾ ਪਲੈਨ ਵੀ ਐਲਾਨ ਚੁੱਕੇ ਹਨ। ਵੈਸੇ ਉਨ੍ਹਾਂ ਦੀ ਮੁਹਿੰਮ ਹਾਲੇ ਲੋੜ ਨਾਲੋਂ ਢਿੱਲੀ ਚੱਲ ਰਹੀ ਹੈ। ਸਿਰਫ ਸਾਊਥ ਸਰੀ ਵਿੱਚ ਹੀ ਰੁੱਝੇ ਹੋਏ ਹਨ।

  2. ਮੇਅਰ ਡੱਗ ਮੈਕੱਲਮ (ਸਰੀ ਸੇਫ ਕੋਲੀਸ਼ਨ) ਨੇ ਕਬੱਡੀ ਗਰਾਊਂਡ ਅਤੇ ਨਿਊਟਨ ਕਮਿਊਨਟੀ ਸੈਂਟਰ ਦੇ ਉਦਘਾਟਨ ਤੋਂ ਬਾਅਦ ਅੱਜ ਕਲੇਟਨ ਇਲਾਕੇ ਵਿੱਚ ਸਵਿਮਿੰਗ ਪੂਲ ਬਣਾਉਣ ਦਾ ਐਲਾਨ ਕਰ ਦਿੱਤਾ। 80 ਐਵੇਨਿਊ ਸਕੌਟ ਰੋਡ ਤੋਂ ਲੈ ਕੇ ਕਿੰਗ ਜੌਰਜ ਤੱਕ ਡਬਲ ਕੀਤਾ ਜਾ ਰਿਹਾ। ਰੋਜ਼ਾਨਾ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਪੁਰਾਣੇ ਵਾਅਦੇ ਪੂਰੇ ਕਰ ਦੇਣ ਕਾਰਨ ਆਮ ਲੋਕ, ਖਾਸਕਰ ਪੰਜਾਬੀ ਉਨ੍ਹਾਂ ਦੇ ਹੱਕ ਦੀਆਂ ਗੱਲਾਂ ਕਰ ਰਹੇ ਹਨ ਪਰ ਇੱਕ ਆਰਐਸਐਸ ਨਾਲ ਜੁੜੇ ਵਿਅਕਤੀ ਦੀ ਨੂੰਹ ਨੂੰ ਆਪਣੀ ਉਮੀਦਵਾਰ ਬਣਾਉਣ ਕਾਰਨ ਸਰੀ ਦੇ ਸਿੱਖ ਨਾਰਾਜ਼ ਹੋ ਰਹੇ ਹਨ। ਇਸ ਸਬੰਧੀ ਕੁਝ ਪੋਸਟਾਂ ਵੱਟਸਅਪ 'ਤੇ ਘੁੰਮ ਵੀ ਰਹੀਆਂ ਹਨ ਤੇ ਗੁਰਦੁਆਰਾ ਪ੍ਰਬੰਧਕਾਂ ਕੋਲੋਂ ਜਵਾਬਦੇਹੀ ਮੰਗੀ ਜਾ ਰਹੀ ਹੈ ਕਿ ਇਹ ਕਿੱਥੇ ਸੁੱਤੇ ਰਹਿੰਦੇ ਹਨ।

  3. ਸੁੱਖ ਧਾਲੀਵਾਲ (ਸਰੀ ਯੂਨਾਇਟਡ) ਡੱਗ ਮੈਕੱਲਮ ਦੀ ਸਲੇਟ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਸਿਟੀ ਹਾਲ ਵਿੱਚ ਕੁਰੱਪਸ਼ਨ ਅਤੇ ਸਰੀ ਦੇ ਅੰਬਾਨੀਆਂ-ਅੰਡਾਨੀਆਂ ਨੂੰ ਬਾਹਰ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਅੱਜ ਐਲਾਨ ਕੀਤਾ ਹੈ ਕਿ ਜੇ ਉਹ ਜਿੱਤ ਗਏ ਤਾਂ ਸਿਟੀ ਵਲੋਂ ਬੀਤੇ 'ਚ ਅਪਰੂਵ ਕੀਤੇ ਸਾਰੇ ਪ੍ਰੌਜੈਕਟਾਂ ਦੀ ਜਾਂਚ (ਆਡਿਟ) ਹੋਵੇਗੀ। ਆਪਣੀ ਪ੍ਰੈਸ ਰਿਲੀਜ਼ ਵਿੱਚ ਉਨ੍ਹਾਂ ''ਸਕੈਂਡਲ'' ਅਤੇ ''ਵਾਰੀ ਉਲੰਘ ਕੇ ਪਹਿਲਾਂ ਕੰਮ ਕਰਵਾ ਜਾਣ'' ਵਰਗੇ ਸ਼ਬਦ ਵੀ ਵਰਤੇ ਹਨ।

  4. ਬਰੈਂਡਾ ਲੌਕ ਟੀਮ (ਸਰੀ ਕੁਨੈਕਟ) ਦੇ ਸਾਥੀ ਜੈਕ ਹੁੰਦਲ ਗਿਆਰਵੇਂ ਘੰਟੇ ਸਾਥ ਛੱਡ ਗਏ। ਇਸ ਨਾਲ ਕੰਪੇਨ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬੀ ਭਾਈਚਾਰੇ ਵਿੱਚ ਉਨ੍ਹਾਂ ਦਾ ਬਹੁਤਾ ਆਧਾਰ ਨਹੀਂ ਪਰ ਮੌਜੂਦਾ ਸੱਤਾਧਾਰੀ ਧਿਰ ਤੋਂ ਤੰਗ ਹੋਰ ਭਾਈਚਾਰੇ, ਖਾਸਕਰ ਗੋਰੇ ਓਹਦੇ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਨੂੰ ਲਗਦਾ ਕਿ ਉਹ ''ਸਿਲੈਕਟਿਵ ਵੋਟਿੰਗ'' ਕਰਕੇ ਬਰੈਂਡਾ ਅਤੇ ਸਾਥੀਆਂ ਨੂੰ ਜਿਤਾ ਲੈਣਗੇ। ਇਹ ਟੀਮ ਮੇਅਰ ਡੱਗ ਮੈਕੱਲਮ 'ਤੇ ਲੱਗੇ ਚਾਰਜਾਂ ਨੂੰ ਮੁੱਖ ਮੁੱਦਾ ਬਣਾ ਕੇ ਘਰ-ਘਰ ਪ੍ਰਚਾਰ ਕਰ ਰਹੀ ਹੈ।

  5. ਜਿੰਨੀ ਸਿਮਜ਼ (ਸਰੀ ਫਾਰਵਰਡ) ਰਾਹੀਂ ਪੰਜਾਬੀਆਂ ਤੇ ਗੋਰਿਆਂ ਤੱਕ ਪਹੁੰਚ ਕਰ ਰਹੀ ਹੈ। ਉਸਨੂੰ ਜਾਪਦਾ ਕਿ ਐਨਡੀਪੀ ਅਤੇ ਯੂਨੀਅਨਾਂ ਦੀ ਵੋਟ ਦੇ ਨਾਲ-ਨਾਲ ਕੁਝ ਪੰਜਾਬੀ ਧੜਿਆਂ ਦੀ ਵੋਟ ਕਾਰਨ ਉਹ ਜਿੱਤ ਜਾਵੇਗੀ। ਇਸ ਸਲੇਟ ਦਾ ਬਹੁਤਾ ਜ਼ੋਰ ਘਰ-ਘਰ ਜਾ ਕੇ ਪ੍ਰਚਾਰ ਕਰਨ 'ਤੇ ਲੱਗਾ ਹੋਇਆ ਹੈ। ਉਨ੍ਹਾਂ ਬਰੈਂਡਾ ਲੌਕ ਟੀਮ (ਸਰੀ ਕੁਨੈਕਟ) ਖਿਲਾਫ ਇਲੈਕਸ਼ਨਜ਼ ਬੀਸੀ ਕੋਲ ਸ਼ਿਕਾਇਤ ਕੀਤੀ ਹੈ ਕਿ ਉਹ ਥਰਡ ਪਾਰਟੀ 'ਕੀਪ ਦਾ ਆਰਸੀਐਮਪੀ' ਗਰੁੱਪ ਦੀ ਹਮਾਇਤ ਲੈ ਰਹੇ ਹਨ, ਉਨ੍ਹਾਂ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ, ਜੋ ਕਿ ਕਨੂੰਨਨ ਗਲਤ ਹੈ। ਇਲੈਕਸ਼ਨਜ਼ ਬੀਸੀ ਤੋਂ ਤੁਰੰਤ ਐਕਸ਼ਨ ਦੀ ਮੰਗ ਕੀਤੀ ਗਈ ਹੈ। ਭਾਰਤ ਪੱਖੀ ਲਾਬੀ ਇਸ ਸਲੇਟ ਮਗਰ ਪੂਰੀ ਤਰਾਂ ਸਰਗਰਮ ਹੈ।

ਗੋਰਡੀ ਹੋਗ (ਸਰੀ ਫਸਟ) ਤੇ ਬਰੈਂਡਾ ਲੌਕ (ਸਰੀ ਕੁਨੈਕਟ) ਇੱਕ ਦੂਜੇ ਦੀਆਂ ਵੋਟਾਂ ਕੱਟਣਗੇ ਜਦਕਿ ਪੰਜਾਬੀ ਵੋਟ ਡੱਗ, ਸੁੱਖ ਅਤੇ ਜਿੰਨੀ ਵਿਚਾਲੇ ਕੱਟੀ ਜਾਵੇਗੀ। ਇਸ ਵਾਰ ਇਹ ਪੰਜ-ਕੋਣੀ ਟੱਕਰ ਕਈਆਂ ਨੂੰ ਰੋਲ਼ ਕੇ ਰੱਖ ਦੇਵੇਗੀ। ਇਸ ਚੋਣ ਵਿੱਚ ਸਭ ਦਾ ਏਜੰਡਾ ਜਿੱਤਣਾ ਨਹੀਂ ਹੈ, ਕੁਝ ਦਾ ਏਜੰਡਾ ਕਿਸੇ ਹੋਰ ਨੂੰ ਹਰਾਉਣਾ ਹੀ ਹੈ, ਕਈ ਸਮਝੌਤੇ ਹੋਏ ਹਨ।

ਪੰਜਾਬੀ ਖੁਦ ਨੂੰ ਇਸ ਖੇਡ ਦੇ ਸ਼ਹਿਨਸ਼ਾਹ ਸਮਝ ਰਹੇ ਹਨ ਜਦਕਿ ਇਨ੍ਹਾਂ ਦੀ ਵੋਟ, ਕੁੱਲ ਵੋਟ ਦਾ 20 ਕੁ ਫੀਸਦੀ ਹੀ ਹੈ, ਉਹ ਵੀ 3 ਧੜਿਆਂ 'ਚ ਵੰਡੀ ਜਾਣੀ ਹੈ। ਵੈਸੇ ਪੰਜਾਬੀਆਂ ਦੀ ਵਸੋਂ ਇਸਤੋਂ ਕਿਤੇ ਵੱਧ ਹੈ ਪਰ ਬਹੁਤੇ ਲੋਕ ਸਿਟੀਜ਼ਨ ਨਹੀਂ, ਪੀ ਆਰ ਵੀ ਬਹੁਤ ਹਨ। ਵੋਟ ਸਿਰਫ ਸਿਟੀਜ਼ਨ ਦੀ ਪੈਂਦੀ ਹੈ। ਰੌਲਾ ਪਾ ਲੈਣਗੇ, ਪੈਸੇ ਦੇ ਦੇਣਗੇ, ਇਕੱਠ ਕਰ ਲੈਣਗੇ ਪਰ ਵੋਟ ਓਨੀ ਨਹੀਂ, ਜਿੰਨੀ ਇਹ ਸਮਝੀ ਬੈਠੇ ਹਨ। ਸਰੀ 'ਚ 104 ਭਾਸ਼ਾਵਾਂ ਬੋਲੀਆਂ ਜਾਂਦੀਆਂ ਤੇ 80 ਫੀਸਦੀ ਬਾਕੀ ਵੋਟ ਉਨ੍ਹਾਂ 'ਚ ਵੰਡੀ ਹੋਈ ਹੈ।

ਇਸ ਵਾਰ ਵੱਡੀ ਪੱਧਰ 'ਤੇ ਸਿਲੈਕਟਿਵ ਵੋਟਿੰਗ ਵੀ ਹੋਵੇਗੀ। ਇੱਕ ਮੇਅਰ ਉਮੀਦਵਾਰ ਦੇ ਨਾਲ 8 ਕੌਂਸਲ ਉਮੀਦਵਾਰ ਹੁੰਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਜਿਸ ਨੂੰ ਮੇਅਰ ਦੀ ਵੋਟ ਪਾਈ, ਉਸਦੇ ਨਾਲੇ 8 ਕੌਂਸਲਰਾਂ ਨੂੰ ਵੀ ਪਾਊਣੀ ਪੈਣੀ। ਤੁਸੀਂ ਉਸਦੀ ਟੀਮ ਦੇ 1-2-4-6-7 ਜਿੰਨਿਆਂ ਨੂੰ ਚਾਹੋਂ ਵੋਟ ਪਾ ਸਕਦੇ ਹੋ ਤੇ ਇਹ ਵੀ ਕਰ ਸਕਦੇ ਹੋ ਕਿ ਮੇਅਰ ਦੀ ਵੋਟ ਕਿਸੇ ਨੂੰ ਤੇ ਕੌਂਸਲਰਾਂ ਦੀ ਵੋਟ ਦੂਜੀ-ਤੀਜੀ-ਚੌਥੀ-ਪੰਜਵੀਂ ਟੀਮ ਦੇ ਉਮੀਦਵਾਰਾਂ 'ਚੋਂ ਕਿਸੇ ਨੂੰ। ਜਾਂ ਸਾਰੀਆਂ ਟੀਮਾਂ 'ਚੋਂ ਮਰਜ਼ੀ ਮੁਤਾਬਕ। ਬੱਸ ਕੁੱਲ 8 ਹੋਣੇ ਚਾਹੀਦੇ। ਜੇਕਰ ਕਿਸੇ ਪੂਰੀ ਸਲੇਟ 'ਚੋਂ ਤੁਹਾਨੂੰ ਕੁਝ ਬੰਦੇ ਪਸੰਦ ਨਹੀਂ ਤਾਂ ਛੱਡ ਵੀ ਸਕਦੇ ਹੋ। ..........ਇਸ ਬਾਰੇ ਬਹੁਤਾ ਕੁਝ ਇੱਥੇ ਲਿਖ ਨਹੀਂ ਸਕਦਾ ਕਿ ਮਗਰ ਗੇਮ ਕੀ ਚੱਲ ਰਹੀ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ



Archive

RECENT STORIES