Posted on October 21st, 2022
ਕੁਝ ਸੁਆਲ ਅਸੀਂ ਪਹਿਲਾਂ ਵੀ ਉਠਾਏ ਸਨ ਤੇ ਨਵੇਂ ਸੁਆਲਾਂ ਨਾਲ ਉਹ ਸੁਆਲ ਵੀ ਅਸੀਂ ਇਥੇ ਨਾਲ ਹੀ ਪੋਸਟ ਕਰ ਰਹੇ ਹਾਂ। ਸਵਾ ਸਾਲ ਬਾਅਦ ਉਨ੍ਹਾਂ ਸੁਆਲਾਂ ਦੀ ਪ੍ਰਸੰਗਕਤਾ ਤੇ ਵਾਜਬੀਅਤ ਹੋਰ ਜ਼ਿਆਦਾ ਸਪਸ਼ਟ ਹੋ ਗਈ ਹੈ ਤੇ 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਆਪਣੇ ਲੰਬੇ ਅਤੇ ਰਾਜਨੀਤੀ ਨਾਲ ਭਰਪੂਰ ਭਾਸ਼ਣ ਵਿਚ ਕੁੰਵਰ ਵਿਜੇ ਪ੍ਰਤਾਪ ਨੇ ਜੋ ਦਾਅਵੇ ਕੀਤੇ, ਉਨ੍ਹਾਂ ਵਿੱਚੋਂ ਕੁਝ ਹੋਰ ਸੁਆਲ ਵੀ ਨਿਕਲਦੇ ਨੇ।
ਉਸ ਨੇ ਇਹ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਫਾਇਰਿੰਗ ਦੀ ਤਫਤੀਸ਼ ਕਰ ਰਹੀ ADGP ਐੱਲ ਕੇ ਯਾਦਵ ਦੀ ਅਗਵਾਈ ਵਾਲੀ SIT ਸੁਖਬੀਰ ਸਿੰਘ ਬਾਦਲ ਦਾ ਨਾਂ ਚਲਾਨ ਵਿੱਚ ਇਸ ਤਰ੍ਹਾਂ ਕਮਜ਼ੋਰ ਤਰੀਕੇ ਨਾਲ ਪਾਏਗੀ ਕਿ ਉਹ ਬਰੀ ਹੋ ਜਾਵੇ। ਪਰ ਕੁੰਵਰ ਜੀ ਜ਼ਰਾ ਇਹ ਦੱਸਣ ਕਿ ਇਸ ਕੇਸ ਦੀ ਤਫਤੀਸ਼ ਢਾਈ ਸਾਲ ਤੋਂ ਜ਼ਿਆਦਾ ਸਮਾਂ ਉਨ੍ਹਾਂ ਕੋਲ ਰਹੀ, ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਆਪਣੇ ਵੱਲੋਂ ਪੇਸ਼ ਕੀਤੇ ਚਲਾਨਾਂ ਵਿੱਚ ਦੋਸ਼ੀਆਂ ਵਾਲੇ ਖਾਨੇ ਕਿਉਂ ਨਹੀਂ ਪਾਇਆ, ਜਦਕਿ ਉਨ੍ਹਾਂ ਦੇ ਆਪਣੇ ਦਾਅਵੇ ਮੁਤਾਬਿਕ ਪਹਿਲੀ SIT ਦੇ ਮੁਖੀ ਪ੍ਰਬੋਧ ਕੁਮਾਰ ਨੇ ਉਸ ਨੂੰ ਬਾਦਲਾਂ ਨੂੰ ਪੁੱਛਗਿੱਛ ਕਰਨ ਤੋਂ ਟੋਕਿਆ ਸੀ ਪਰ ਉਸ ਨੇ ਫਿਰ ਵੀ ਪੁੱਛਗਿੱਛ ਕੀਤੀ ? ਹਾਲਾਂਕਿ ਪੁਲਿਸ ਅਫ਼ਸਰਾਂ ਦੇ ਨਾਲ - ਨਾਲ ਅਕਾਲੀ ਦਲ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਨਾਂ ਚਲਾਨ ਵਿੱਚ ਪਾਇਆ ਸੀ।
ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਨੇ ਅੱਜ ਤਕ ਇਕੋ ਵਾਰੀ ਹਵਾਲਾਤ ਦੀ ਹਵਾ ਖਾਧੀ ਹੈ ਤੇ ਉਹ ਵੀ ਉਸ ਨੂੰ ਕੁੰਵਰ ਵਿਜੇ ਪ੍ਰਤਾਪ ਨੇ ਅੰਦਰ ਨਹੀਂ ਸੀ ਕੀਤਾ, ਵਿਜੀਲੈਂਸ ਬਿਊਰੋ ਨੇ ਸੈਣੀ ਨੂੰ ਇਕ ਹੋਰ ਕੇਸ ਵਿਚ ਅੰਦਰ ਕੀਤਾ ਸੀ ਪਰ ਹਾਈ ਕੋਰਟ ਨੇ ਤੁਰੰਤ ਉਸਨੂੰ ਛੁਡਾ ਲਿਆ। ਉਸ ਵਕਤ ਐਲ ਕੇ ਯਾਦਵ ਵਿਜੀਲੈਂਸ ਬਿਊਰੋ ਦਾ ADGP ਸੀ।
ਕੁੰਵਰ ਦੇ ਆਪਣੇ ਦੱਸਣ ਮੁਤਾਬਕ ਉਸ ਨੇ ਪਹਿਲਾ ਚਲਾਨ 27 ਮਈ 2019 ਨੂੰ ਪੇਸ਼ ਕੀਤਾ ਸੀ। ਇਸ ਦਾ ਮਤਲਬ ਹੈ ਪਹਿਲੇ ਚਲਾਨ ਤੇ ਹਾਈ ਕੋਰਟ ਦੇ 9 ਅਪ੍ਰੈਲ 2021 ਦੇ ਉਸਦੀ ਤਫਤੀਸ਼ ਰੱਦ ਕਰਨ ਦੇ ਹੁਕਮ ਵਿਚਾਲੇ ਉਸ ਕੋਲ 22 ਮਹੀਨੇ ਮਹੀਨੇ ਦਾ ਲੰਬਾ ਸਮਾਂ ਸੀ, ਜਿਸ ਦੌਰਾਨ ਉਸ ਨੇ ਇਸ ਕੇਸ ਵਿੱਚ ਹੋਰ ਚਲਾਨ ਪੇਸ਼ ਕੀਤੇ ਪਰ ਅਖ਼ੀਰ ਤੱਕ ਸੁਖਬੀਰ ਬਾਦਲ ਦਾ ਨਾਂ ਨਹੀਂ ਪਾਇਆ। ਜੇ ਉਸ ਕੋਲ ਕੋਈ ਸਿੱਧਾ ਸਬੂਤ ਸੁਖਬੀਰ ਬਾਦਲ ਬਾਰੇ ਸੀ ਤਾਂ ਚਲਾਨ 'ਚ ਉਸਦਾ ਨਾਮ ਦੋਸ਼ੀਆਂ ਵਾਲੇ ਖ਼ਾਨੇ ਵਿਚ ਕਿਉਂ ਨਹੀਂ ਪਾਇਆ? ਤੇ ਜੇ ਨਹੀਂ ਸੀ ਤਾਂ ਫਿਰ ਇਸ ਬਾਰੇ ਰੌਲਾ ਕਿਉਂ ਪਾਈ ਰੱਖਿਆ ਤੇ ਦਾਅਵੇ ਕਿਉਂ ਕੀਤੇ ? ਸਾਰਾ ਰੌਲਾ ਮੀਡੀਆ ਨੂੰ ਦਿੱਤੀਆਂ ਇੰਟਰਵਿਊਜ਼ ਤੱਕ ਹੀ ਸੀਮਤ ਰਿਹਾ। ਕੁੰਵਰ ਨੇ ਕਿਹਾ ਕਿ ਉਸ ਵਲੋਂ ਪੇਸ਼ ਕੀਤੇ ਚਲਾਨਾਂ ਵਿਚ ਜਗ੍ਹਾ - ਜਗ੍ਹਾ ਬਾਦਲਾਂ ਦਾ ਨਾਮ ਸੀ ਪਰ ਇਹ ਨਹੀਂ ਦੱਸਿਆ ਕਿ ਉਸਨੇ ਉਨ੍ਹਾਂ ਦਾ ਨਾਮ ਦੋਸ਼ੀਆਂ ਵਾਲੇ ਖਾਨੇ ਵਿਚ ਨਹੀਂ ਸੀ ਪਾਇਆ। ਇਹ ਵੀ ਦੱਸੇ ਕੇ ਜਿਹੜਾ ਉਸਨੇ ਜਗ੍ਹਾ - ਜਗ੍ਹਾ ਨਾਂ ਪਾਇਆ ਸੀ ਉਹ ਬਲਾਤਕਾਰੀ ਸਾਧ ਨੂੰ ਮਾਫੀ ਦੇਣ ਅਤੇ ਕੇਸ ਦੀ ਪਿੱਠਭੂਮੀ ਆਦਿਕ ਬਾਰੇ ਸੀ, ਨਾ ਕਿ ਕੋਟਕਪੂਰਾ ਫਾਇਰਿੰਗ ਦੇ ਹੁਕਮ ਦੇਣ ਬਾਰੇ। ਭਾਵ ਉਸਨੇ ਵੀ ਬਾਦਲਾਂ ਦੇ ਨਾਂ ‘ਤੇ ਸਿਰਫ ਆਪਣੀ ਸਿਆਸਤ ਹੀ ਕੀਤੀ, ਕੋਈ ਨਿੱਗਰ ਨਤੀਜਾ ਨਹੀਂ ਕੱਢਿਆ।
ਕੁੰਵਰ ਨੇ ਅਸਤੀਫਾ ਦੇਣ ਤੋਂ ਪਹਿਲਾਂ ਆਖਰੀ ਚਲਾਨ ਪੇਸ਼ ਕਿਉਂ ਨਹੀਂ ਕੀਤਾ ਜਦਕਿ ਉਨ੍ਹਾਂ ਨੇ ਇਹ ਕਿਹਾ ਸੀ ਕਿ ਦਸਵਾਂ ਤੇ ਆਖਰੀ ਚਲਾਨ ਬਿਲਕੁਲ ਤਿਆਰ ਸੀ ? ਉਸ ਦੇ ਇਹ ਕਹਿਣ ਅਤੇ ਹਾਈ ਕੋਰਟ ਦਾ ਫ਼ੈਸਲਾ ਆਉਣ ਵਿੱਚ ਕਾਫ਼ੀ ਦਿਨ ਦਾ ਵਕਫ਼ਾ ਸੀ।
ਉਹ ਇਹ ਵੀ ਸਪਸ਼ਟ ਕਰੇ ਕਿ ਕੀ ਕਦੇ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦੇ ਕੇਸਾਂ ਦੀ ਜਾਂਚ 'ਚ ਕੋਈ ਦਖਲ ਦਿੱਤਾ ਸੀ ? ਜੇ ਦਿੱਤਾ ਸੀ ਤਾਂ ਉਸਨੇ ਕੀ ਕੀਤਾ ?
ਜੇ ਉਸ ਨੂੰ ਹੁਣ ਦੀ SIT ਦੇ ਮੁਖੀ ਐਲ ਕੇ ਯਾਦਵ ਨੇ ਪੁੱਛਿਆ ਹੈ ਕਿ ਜੋ ਕੋਈ ਸਬੂਤ ਉਸ ਕੋਲ ਹੈ ਤਾਂ ਉਸ ਨੂੰ ਦੇਵੇ ਤਾਂ ਇਸ ਵਿਚ ਕੀ ਗ਼ਲਤ ਹੈ ? ਕੁੰਵਰ ਨੇ ਕਿਹਾ ਹੈ ਕਿ ਸਾਰਾ ਕੁਝ ਫਾਈਲਾਂ ਤੇ ਹੈ। ਜੇ ਬਾਦਲਾਂ ਦਾ ਨਾਂ ਫਾਈਲ ‘ਤੇ ਉਪਲਬਧ ਤੱਥਾਂ ਜਾਂ ਸਬੂਤਾਂ ਦੇ ਸਹਾਰੇ ਕੋਟਕਪੂਰਾ ਫਾਇਰਿੰਗ ਕੇਸ ਵਿਚ ਬਤੌਰ ਦੋਸ਼ੀ ਚਲਾਨਾਂ ਵਿੱਚ ਪੇਸ਼ ਕੀਤਾ ਜਾ ਸਕਦਾ ਸੀ ਤਾਂ ਉਸ ਨੇ ਖੁਦ ਕਿਉਂ ਨਹੀਂ ਕੀਤਾ ? ਜੇ ਹਾਲੇ ਵੀ ਉਸ ਕੋਲ ਕੋਈ ਸਬੂਤ ਹੈ ਤਾਂ ਜਨਤਕ ਕਰੇ ਜਾਂ SIT ਨੂੰ ਦੇਵੇ। ਸਾਰੇ ਤੱਥ ਵੇਖ ਕੇ ਸਮਝ ਆਉਂਦੀ ਹੈ ਕਿ ਕੇ ਐਲ ਕੇ ਯਾਦਵ ਦੇ ਖ਼ਿਲਾਫ਼ ਉਸ ਦੀ ਦੂਸ਼ਣਬਾਜ਼ੀ ਸਿਰਫ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹੈ।
ਸਧਾਰਨ ਬੁੱਧੀ ਵਾਲੇ ਬੰਦੇ ਨੂੰ ਵੀ ਪਤਾ ਹੈ ਕਿ ਇਹੋ ਜਿਹੇ ਕੇਸਾਂ ਵਿਚ ਸਿਖਰ ‘ਤੇ ਬੈਠੇ ਸਿਆਸੀ ਹਾਕਮਾਂ ਦੀ ਸਿੱਧੀ ਜ਼ਿੰਮੇਵਾਰੀ ਦੇ ਸਬੂਤ ਲੱਭਣੇ ਔਖੇ ਹੁੰਦੇ ਨੇ ਕਿਉਂਕਿ ਉਹ ਲਿਖਤੀ ਹੁਕਮ ਜਾਰੀ ਨਹੀਂ ਕਰਦੇ। ਫਾਇਰਿੰਗ ਦੇ ਹੁਕਮ ਦੇਣ ਦੀ ਜ਼ਿੰਮੇਵਾਰੀ ਸਿੱਧੀ ਮੈਜਿਸਟਰੇਟ ਜਾਂ ਪੁਲੀਸ ਅਫ਼ਸਰਾਂ ਦੀ ਹੁੰਦੀ ਹੈ। ਕੀ ਅੱਜ ਤੱਕ ਹਿੰਦੁਸਤਾਨ ਵਿਚ ਸਿੱਧੇ ਤੌਰ ‘ਤੇ ਕਦੇ ਸਿਆਸੀ ਆਗੂਆਂ ਦੀ ਫਾਇਰਿੰਗ ਦੇ ਕੇਸ ਵਿਚ ਸਿੱਧੀ ਜਿੰਮੇਵਾਰੀ ਦੇ ਕੋਰਟ ਵਿਚ ਸਾਬਤ ਕੀਤੇ ਜਾ ਸਕਣ ਵਾਲੇ ਸਬੂਤ ਮਿਲੇ ਹਨ ?
ਕੀ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਹੇਠਲੇ ਅਫਸਰਾਂ ਨੇ ਆਪਣੀ ਮਰਜ਼ੀ ਨਾਲ ਹੀ ਮਾਰ ਦਿੱਤਾ ਸੀ? ਫੈਸਲਾ ਸਿਖਰ ‘ਤੇ ਹੋਇਆ ਹੋਵੇਗਾ ਪਰ ਸਜ਼ਾ ਉਨ੍ਹਾਂ ਨੂੰ ਹੱਥੀਂ ਲਾਪਤਾ ਕਰਨ ਵਾਲੇ ਸਥਾਨਕ ਅਧਿਕਾਰੀਆਂ ਨੂੰ ਹੀ ਹੋਈ। ਪੰਜਾਬ ‘ਚ ਹੋਏ ਝੂਠੇ ਮੁਕਾਬਲਿਆਂ ਵਿੱਚ ਕਈ ਪੁਲੀਸ ਵਾਲਿਆਂ ਨੂੰ ਸਜ਼ਾ ਹੋਈ ਹੈ ਪਰ ਕਿਸੇ ਵੀ ਡੀਜੀਪੀ ਜਾਂ ਮੁੱਖਮੰਤਰੀ ਤੱਕ ਹੱਥ ਨਹੀਂ ਪਿਆ। ਕੀ ਇਹ ਸਾਰਾ ਕੁਝ ਉਨ੍ਹਾਂ ਮਰਜ਼ੀ ਬਗੈਰ ਹੋਇਆ ਸੀ? ਬਿਲਕੁਲ ਨਹੀਂ। ਪਰ ਅਦਾਲਤ ਨੂੰ ਸਿੱਧੇ ਸਬੂਤ ਚਾਹੀਦੇ ਹੁੰਦੇ ਹਨ। ਸਿਆਸੀ ਹੁਕਮਰਾਨਾਂ ਦੀ ਅਦਿੱਖ ਜਿੰਮੇਵਾਰੀ ਦਾ ਲੋਕਾਂ ਨੂੰ ਪਤਾ ਹੁੰਦਾ ਹੈ ਤਾਹੀਉਂ ਲੋਕ ਬਾਦਲਾਂ ਨੂੰ ਸਬਕ ਸਿਖਾ ਰਹੇ ਨੇ।
ਕੋਟਕਪੂਰਾ ਫਾਇਰਿੰਗ ਕੇਸ ‘ਚ ਇਨਸਾਫ ਦੁਆਉਣ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਅਤੇ ਤਾਕਤ ਕੁੰਵਰ ਕੋਲ ਸੀ। ਬਹਿਬਲ ਕਲਾਂ ਅਤੇ ਬੇਅਦਬੀ ਕੇਸ, ਜਿਨ੍ਹਾਂ ਦੀ ਤਫਤੀਸ਼ ਮੂਲ ਤੌਰ ‘ਤੇ ਹੋਰ ਅਫਸਰਾਂ ਨੇ ਕੀਤੀ ਉਹ ਅੱਗੇ ਤੁਰ ਪਈ। ਬੇਅਦਬੀ ਦੇ ਇੱਕ ਕੇਸ ਵਿਚ ਤਾਂ ਹੇਠਲੀ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਹੈ। ਇਹ ਤਾਕਤ ਅਤੇ ਮੌਕਾ ਉਸ ਕੋਲ ਢਾਈ ਸਾਲ ਤੋਂ ਜ਼ਿਆਦਾ ਸਮਾਂ ਰਿਹਾ ਪਰ ਉਸ ਨੇ ਆਪਣੀ ਤਫਤੀਸ਼ ਵਿਚ ਇਹੋ ਜਿਹੀਆਂ ਬੱਜਰ ਗਲਤੀਆਂ ਕੀਤੀਆਂ, ਜਿਨ੍ਹਾਂ ਕਰਕੇ ਹਾਈ ਕੋਰਟ ਨੂੰ ਮੌਕਾ ਮਿਲਿਆ, ਉਸ ਦੀ ਤਫ਼ਤੀਸ਼ ਨੂੰ ਰੱਦ ਕਰਨ ਦਾ। ਰੱਦ ਕਰਨ ਵਾਲੇ ਜੱਜ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਕੁੰਵਰ ਵਿਜੈ ਪ੍ਰਤਾਪ ਦੀਆਂ ਸਿਆਸੀ ਯੋਜਨਾਵਾਂ ਨੇ। ਇਹ ਗੱਲ ਠੀਕ ਸਾਬਤ ਹੋਈ, ਜਦੋਂ ਕੁਝ ਚਿਰ 'ਚ ਹੀ ਉਹ "ਆਪ" 'ਚ ਸ਼ਾਮਲ ਹੋ ਗਿਆ।
ਉਹ ਇਹ ਵੀ ਦੱਸੇ ਕਿ ਜਦੋਂ ਉਸ ਨੇ ਸੌਦਾ ਸਾਧ ਅਤੇ ਸੁਖਬੀਰ ਬਾਦਲ ਦਰਮਿਆਨ ਅਕਸ਼ੈ ਕੁਮਾਰ ਵੱਲੋਂ ਕਰਾਈ ਗਈ ਕਥਿਤ ਮੀਟਿੰਗ ਬਾਰੇ ਸੁਖਬੀਰ ਬਾਦਲ ਅਤੇ ਅਕਸ਼ੈ ਕੁਮਾਰ ਦੋਹਾਂ ਨੂੰ ਪੁੱਛ ਲਿਆ ਤਾਂ ਉਸ ਨੇ ਡੇਰਾ ਮੁਖੀ ਦੀ ਪੁੱਛ ਗਿੱਛ ਕਿਉਂ ਨਹੀਂ ਕੀਤੀ ਜਦ ਕਿ ਉਸ ਨੂੰ ਹਰਿਆਣਾ ਦੀ ਜੇਲ੍ਹ ਅਥਾਰਟੀ ਨੇ ਇਕ ਵਾਰੀ ਨਾਂਹ ਕਰਨ ਤੋਂ ਬਾਅਦ ਦੁਬਾਰਾ ਇਸ ਲਈ ਇਜਾਜ਼ਤ ਵੀ ਦੇ ਦਿੱਤੀ ਸੀ। ਕੁੰਵਰ ਵਿਜੈ ਪ੍ਰਤਾਪ ਨੇ ਅੱਜ ਤੱਕ ਲੋਕਾਂ ਨੂੰ ਇਹ ਨਹੀਂ ਦੱਸਿਆ ਉਸ ਨੂੰ ਡੇਰਾ ਸਿਰਸਾ ਮੁਖੀ ਦੀ ਪੁੱਛ ਗਿੱਛ ਦੀ ਇਜਾਜ਼ਤ ਜੂਨ 2019 ਵਿਚ ਹੀ ਮਿਲ ਗਈ ਸੀ। ਉਸ ਕੋਲ ਤਫਤੀਸ਼ ਰੱਦ ਹੋਣ ਤੱਕ ਪੌਣੇ ਦੋ ਸਾਲ ਦਾ ਸਮਾਂ ਸੀ ਇਸ ਪੁੱਛਗਿੱਛ ਲਈ। ਉਸ ਦੇ ਦੱਸਣ ਮੁਤਾਬਕ ਉਹ ਕਿਸੇ ਦਾ ਦਬਾਅ ਨਹੀਂ ਮੰਨਦਾ ਤੇ ਬੇਹੱਦ ਨਿਡਰ ਅਤੇ ਨਿਰਪੱਖ ਹੈ, ਫਿਰ ਡੇਰਾ ਮੁਖੀ ਨੂੰ ਕਿਉਂ ਪੁੱਛ ਗਿੱਛ ਨਹੀਂ ਕੀਤੀ ?
ਬਾਦਲਾਂ ਨਾਲੋਂ ਜ਼ਿਆਦਾ ਗੁਨਾਹ ਇਸ ਬਲਾਤਕਾਰੀ ਸਾਧ ਦਾ ਹੈ ਤੇ ਉਸਦੇ ਮਗਰ ਸ਼ੁਰੂ ਤੋਂ ਹੈ ਵੱਡੀ ਸ਼ਕਤੀ ਹੈ। ਕੇਂਦਰ ਸਰਕਾਰ - ਭਾਜਪਾ ਸ਼ਰੇਆਮ ਇਸਨੂੰ ਬਚਾਅ ਰਹੀ ਹੈ ਤੇ ਬਾਰ - ਬਾਰ ਪੈਰੋਲ ‘ਤੇ ਛੱਡ ਰਹੀ ਹੈ। ਬੇਅਦਬੀ ਕੇਸ ਦੀ ਜਾਂਚ ਵਿਚ ਸੀ ਬੀ ਆਈ ਵਲੋਂ ਪਹਿਲਾਂ ਕੇਸ ਨੂੰ ਬੰਦ ਕਰਨ ਤੇ ਫਿਰ ਜਾਂਚ ਪੰਜਾਬ ਪੁਲਿਸ ਨੂੰ ਵਾਪਸ ਦੇਣ ਤੋਂ ਰੋਕਣ ਦੀ ਹਰ ਕੋਸ਼ਿਸ਼ ਕਰਨ ਤੋਂ ਸਾਫ ਪਤਾ ਲਗਦਾ ਹੈ ਕਿ ਕੇਂਦਰੀ ਤੰਤਰ ਕਿਸਨੂੰ ਅਤੇ ਕਿਉਂ ਬਚਾਉਣਾ ਚਾਹੁੰਦਾ ਸੀ ਤੇ ਉਸੇ ਨੂੰ ਕੁੰਵਰ ਨੇ ਪੁੱਛ ਗਿੱਛ ਨਹੀਂ ਕੀਤੀ।
ਦਿਲਚਸਪ ਗੱਲ ਹੈ ਕਿ ਅਸਤੀਫ਼ਾ ਦੇਣ ਤੋਂ ਬਾਅਦ ਕੁੰਵਰ ਪੰਜਾਬ ਦੇ ਗਵਰਨਰ ਨੂੰ ਖਾਸ ਤੌਰ ‘ਤੇ ਮਿਲਣ ਗਿਆ। ਕੀ ਆਮ ਤੌਰ ‘ਤੇ ਕਿਸੇ ਪੁਲੀਸ ਅਧਿਕਾਰੀ ਦੀ ਸਿੱਧੀ ਪਹੁੰਚ ਗਵਰਨਰ ਤੱਕ ਏਨੀ ਸੌਖੀ ਹੁੰਦੀ ਹੈ ? ਪਰ ਕੀ ਲੋਕਾਂ ਨੂੰ ਕੁਝ ਸਮਝ ਆਏਗੀ ?
ਜਦੋਂ ਹਾਈ ਕੋਰਟ ਨੇ ਉਸ ਦੀ ਤਫ਼ਤੀਸ਼ ਨੂੰ ਰੱਦ ਕੀਤਾ ਤਾਂ ਉਦੋਂ ਵੀ ਇਸ ਨੇ ਦਾਅਵਾ ਕੀਤਾ ਸੀ ਤੇ ਹੁਣ ਬਹਿਬਲ ਕਲਾਂ ਬੋਲਦਿਆਂ ਫਿਰ ਦਾਅਵਾ ਕੀਤਾ ਹੈ ਕਿ ਹੁਣ ਇਸ ਕੇਸ ਵਿਚ ਇਨਸਾਫ ਨਹੀਂ ਹੋ ਸਕਦਾ ਤੇ ਕੋਈ ਸਰਕਾਰ ਹੁਣ ਇਨਸਾਫ਼ ਨਹੀਂ ਦੇ ਸਕਦੀ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਉਹ ਇਨਸਾਫ਼ ਦੁਆ ਦੁਆਏਗਾ ਤਾਂ ਉਹ ਗੁੰਮਰਾਹ ਕਰ ਰਿਹਾ ਹੈ। ਪਰ ਨਾਲ ਹੀ ਇਹ ਦਾਅਵਾ ਵੀ ਕਰ ਦਿੱਤਾ ਕਿ ਉਹ ਇਨਸਾਫ਼ ਲੈ ਕੇ ਦੇਵੇਗਾ।
ਇੱਕੋ ਭਾਸ਼ਣ ਵਿੱਚ ਇੰਨਾ ਵੱਡਾ ਅੰਤਰ ਵਿਰੋਧ?
ਪਰ ਜਦੋ ਤੁਸੀਂ ਲੋਕਾਂ ਨੂੰ ਭਾਵਕ ਤੌਰ ‘ਤੇ ਬੁੱਧੂ ਬਣਾਉਣ ਦੇ ਕਾਬਲ ਹੋਵੋ ਤੇ ਲੋਕ ਤੁਹਾਡੇ ਤੇ ਯਕੀਨ ਵੀ ਕਰਦੇ ਹੋਣ ਤਾਂ ਇਹੋ ਜਿਹੇ ਅੰਤਰ ਵਿਰੋਧ ਅਰਾਮ ਨਾਲ ਚੱਲ ਜਾਂਦੇ ਹਨ।
ਉਸਨੇ ਇਸਨੂੰ ਸੁਖਬੀਰ ਬਾਦਲ ਬਨਾਮ ਕੁੰਵਰ ਵਿਜੇ ਪ੍ਰਤਾਪ ਲੜਾਈ ਬਨਾਉਣ ਦਾ ਯਤਨ ਕੀਤਾ। ਸਿਰਫ ਸਿਆਸੀ ਤੌਰ ‘ਤੇ ਬੁੱਧੂ ਬੰਦਾ ਇਹ ਯਕੀਨ ਕਰ ਸਕਦਾ ਹੈ ਕਿ ਇਹ ਮੁੱਦਾ ਬਾਦਲ ਤੱਕ ਸੀਮਤ ਹੈ। ਅਸਲ ਮੱਥਾ ਵੱਡੀ ਸ਼ਕਤੀ ਨਾਲ ਹੈ, ਕਿਸਨੂੰ ਗੱਲ ਦੀ ਸਮਝ ਨਹੀਂ ? ਪਰ ਕੁੰਵਰ ਕਦੇ ਵੀ ਸਾਧ ਦੇ ਪਿੱਛੇ ਖੜੀ ਉਸ ਵੱਡੀ ਸ਼ਕਤੀ ਦਾ ਨਾਂ ਨਹੀਂ ਲੈਂਦਾ ਤੇ ਇਸ ਨੂੰ ਬਾਦਲ ਤੱਕ ਸੀਮਤ ਕਰ ਰਿਹਾ ਹੈ।
ਕੁੰਵਰ ਕਹਿੰਦਾ ਹੈ ਕਿ ਉਸ ਨੇ ਸਰਕਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਜਾਇਆ ਜਾਵੇ ਪਰ ਸਰਕਾਰ ਨੇ ਸੁਪਰੀਮ ਕੋਰਟ ਜਾਣ ਦੀ ਬਜਾਏ ਨਵੀਂ SIT ਬਣਾ ਦਿੱਤੀ। ਜ਼ਾਹਿਰ ਹੈ ਉਹ ਇਹ ਇਸ ਕੇਸ ਨੂੰ ਲਟਕਾਉਣਾ ਚਾਹੁੰਦਾ ਸੀ ਜਦ ਕਿ ਇਸ ਕੇਸ ਨੂੰ ਅੱਗੇ ਤੋਰਨ ਦਾ ਕੰਮ ਅਗਲੀ SIT ਬਣਾ ਕੇ ਤਫਤੀਸ਼ ਦੁਬਾਰਾ ਸ਼ੁਰੂ ਕਰਨ ਨਾਲ ਹੀ ਹੋ ਸਕਦਾ ਸੀ। ਸਰਕਾਰ ਨੇ ਨਵੀਂ SIT ਬਣਾ ਕੇ ਬਿਲਕੁਲ ਠੀਕ ਕੀਤਾ, ਨਹੀਂ ਤਾਂ ਸੁਪ੍ਰੀਮ ਕੋਰਟ 'ਚ ਇਹ ਅਪੀਲ ਭਾਵੇਂ 5 ਸਾਲ ਲਟਕਦੀ ਰਹਿੰਦੀ ਤੇ ਉਸ ਤੋਂ ਬਾਅਦ ਵੀ ਤਫਤੀਸ਼ ਵਿਚ ਵੱਡੀਆਂ ਖਾਮੀਆਂ ਹੋਣ ਕਾਰਨ ਸੁਪ੍ਰੀਮ ਕੋਰਟ ਇਸਦੀ ਰਿਪੋਰਟ ਨੂੰ ਚੁੱਕ ਕੇ ਬਾਹਰ ਮਾਰਦੀ। ਕੁੰਵਰ ਨੇ ਖੁਦ ਜਿਹੜੀ ਅਪੀਲ ਪਾਈ ਹੈ, ਉਹ ਹਾਲੇ ਸਵਾ ਸਾਲ ਬਾਅਦ ਲਟਕ ਹੀ ਰਹੀ ਹੈ।
ਜਦੋਂ ਕੁੰਵਰ ਵਿਜੇ ਪ੍ਰਤਾਪ ਸਾਰੀ ਬੁਣਤੀ ਬਾਦਲਾਂ ਦੁਆਲੇ ਬੁਣਦਾ ਹੈ ਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਇਨਸਾਫ ਸਿਰਫ ਤਾਂ ਹੀ ਹੋਵੇਗਾ ਜੇ ਬਾਦਲ ਟੰਗੇ ਜਾਣ ਤਾਂ ਉਸਦਾ ਮਤਲਬ ਸੌਦਾ ਸਾਧ ਅਤੇ ਪੁਲੀਸ ਅਫ਼ਸਰਾਂ ਨੂੰ ਰਾਹ ਦੇਣ ਦਾ ਵੀ ਨਿੱਕਲ ਸਕਦਾ ਹੈ। ਉਸ ਦੀ ਆਪਣੀ ਇਸ ਕਾਰੁਜ਼ਗਾਰੀ ਤੋਂ ਬਾਅਦ ਹੁਣ ਉਹ ਚੁੱਪ ਰਹੇ, ਮੌਜੂਦਾ SIT ਆਪੇ ਵੇਖ ਲਵੇਗੀ ਕਿ ਬਾਦਲਾਂ ਖਿਲਾਫ ਕੀ ਸਬੂਤ ਮਿਲਦੇ ਨੇ ਤੇ ਕੇ ਕਾਰਵਾਈ ਬਣਦੀ ਹੈ ਜਾਂ ਨਹੀਂ।
ਹੋ ਸਕਦਾ ਹੈ ਬਾਦਲਾਂ ਨੇ ਸੁਮੇਧ ਸੈਣੀ ਦੀ ਫਾਇਰਿੰਗ ਦੀ ਨੀਅਤ ਨਾਲ ਹਾਮੀ ਭਰੀ ਹੋਵੇ ਪਰ ਇਹ ਵੀ ਹੋ ਸਕਦਾ ਹੈ ਕਿ ਸੈਣੀ ਜੋ ਆਪਣੀ ਕੱਟੜ ਫਿਰਕੂ ਸਿੱਖ ਵਿਰੋਧੀ ਅਤੇ ਜ਼ਾਲਮ ਮਾਨਸਿਕਤਾ ਲਈ ਜਾਣਿਆ ਜਾਂਦਾ ਸੀ, ਉਸੇ ਨੇ ਖ਼ਾਸ ਤੌਰ ‘ਤੇ ਉਮਰਾਨੰਗਲ ਨੂੰ ਲੁਧਿਆਣਿਓਂ ਅਤੇ ਚਰਨਜੀਤ ਸ਼ਰਮੇ ਨੂੰ ਦੂਜੇ ਜ਼ਿਲੇ ਤੋਂ ਕੋਟਕਪੂਰੇ ਫਾਇਰਿੰਗ ਕਰਵਾਉਣ ਲਈ ਆਪਣੀ ਮਰਜ਼ੀ ਨਾਲ ਭੇਜਿਆ ਹੋਵੇ।
ਆਪਣੇ ਬਹਿਬਲ ਕਲਾਂ ਵਾਲੇ ਭਾਸ਼ਣ ਵਿੱਚ ਕੁੰਵਰ ਨੇ ਇਹ ਵੀ ਕਿਹਾ ਕਿ 2019 ਦੇ ਹਾਈ ਕੋਰਟ ਦੇ ਹੁਕਮ ਦੇ ਬਾਅਦ ਉਸ ਨੇ ਸਾਰਿਆਂ ਨੂੰ ਕਿਹਾ ਇਸ ਮੁੱਦੇ ਤੇ ਰਾਜਨੀਤੀ ਨਾ ਹੋਵੇ ਪਰ ਇੱਕ ਨੇਤਾ, ਉਸ ਦਾ ਭਾਵ ਨਵਜੋਤ ਸਿੰਘ ਸਿੱਧੂ ਤੋਂ ਸੀ, 13 ਅਪ੍ਰੈਲ 2021 ਨੂੰ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਪਹੁੰਚ ਗਿਆ ਤੇ ਉਥੋਂ ਲਾਈਵ ਹੋ ਗਿਆ। ਜ਼ਾਹਰ ਹੈ ਸਿੱਧੂ ਦਾ ਜ਼ਿਕਰ ਕੁੰਵਰ ਨੇ ਸਿਰਫ਼ ਤੇ ਸਿਰਫ਼ ਘਟੀਆ ਰਾਜਨੀਤਕ ਇਰਾਦੇ ਨਾਲ ਕੀਤਾ। ਇਹ ਸਾਰਿਆਂ ਨੂੰ ਪਤਾ ਹੈ ਕਿ ਬੇਅਦਬੀ ਦੇ ਮੁੱਦੇ ‘ਤੇ ਸਿੱਧੂ ਲਗਾਤਾਰ ਬੋਲਦਾ ਰਿਹਾ ਅਤੇ ਹਾਈ ਕੋਰਟ ਦੀ ਜੱਜਮੈਂਟ ਤੋਂ ਬਾਅਦ ਸਭ ਤੋਂ ਜ਼ਿਆਦਾ ਦਬਾਅ ਉਸੇ ਨੇ ਹੀ ਬਣਾਇਆ ਸੀ।
ਅਸਲ ਵਿਚ ਬਰਗਾੜੀ ਅਤੇ ਬਹਿਬਲ ਕਲਾਂ ਮੁੱਦੇ ਤੇ ਕੁੰਵਰ ਦੀ ਨੀਤੀ ਹਰ ਪ੍ਰਮੁੱਖ, ਸਿਆਣੀ, ਪੰਜਾਬ ਅਤੇ ਸਿੱਖ ਹਿੱਤੂ ਇਨਸਾਫ ਪਸੰਦ ਆਵਾਜ਼ ਨੂੰ ਬੰਦ ਕਰਾਉਣ ਤੇ ਆਪਣੇ ਹਿਸਾਬ ਨਾਲ ਇਸ ਤੇ ਰਾਜਨੀਤੀ ਕਰਨ ਤੇ ਕੇਸ ਦੀ ਦਿਸ਼ਾ ਮੋੜਨ ਦੀ ਰਹੀ ਹੈ।
ਇਹ ਕੰਮ ਉਸ ਨੇ ਕੋਈ ਪਹਿਲੀ ਵਾਰ ਨਹੀਂ ਕੀਤਾ, ਜਦੋਂ ਹਾਈ ਕੋਰਟ ਨੇ ਇਸ ਦੀ ਤਫਤੀਸ਼ ਨੂੰ ਰੱਦ ਕੀਤਾ ਸੀ, ਉਦੋਂ ਵੀ ਇਸ ਨੇ ਝੂਠ ਬੋਲ ਕੇ ਇਹ ਕੰਮ ਕੀਤਾ।
ਹਾਲਾਂਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਵੱਲੋਂ ਪਹਿਲਾਂ ਹੀ ਮਸ਼ਹੂਰ ਮਨੁੱਖੀ ਅਧਿਕਾਰ ਵਕੀਲ ਰਾਜਵਿੰਦਰ ਬੈਂਸ ਪੇਸ਼ ਹੋ ਰਹੇ ਸਨ ਤਾਂ ਕੁੰਵਰ ਵਿਜੈ ਪ੍ਰਤਾਪ ਨੇ ਆਪਣੇ ਅਸਤੀਫੇ ਤੋਂ ਬਾਅਦ ਝੂਠ ਮਾਰਿਆ ਕਿ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਖੁਦ ਕੇਸ ਲੜਣ ਤੋਂ ਨਾਂਹ ਕਰਦਿਆਂ ਜਿਹੜਾ ਵਕੀਲ ਕਰਾਇਆ, ਉਸਨੇ ਕੇਸ ਖਰਾਬ ਕਰ ਦਿੱਤਾ। ਜਦੋਂ ਕਿ ਸ੍ਰ ਫੂਲਕਾ ਨੇ ਅਸਲ 'ਚ ਕਿਹਾ ਸੀ ਕਿ ਬੈਂਸ ਵਰਗੇ ਸੀਨੀਅਰ ਤੇ ਚੰਗੇ ਵਕੀਲ ਦੇ ਹੁੰਦਿਆਂ ਉਨ੍ਹਾਂ ਦਾ ਕੇਸ ਵਿੱਚ ਦਖਲ ਦੇਣ ਠੀਕ ਨਹੀਂ ਲੱਗਦਾ। ਉਸਨੇ ਐਡਵੋਕੇਟ ਬੈਂਸ ‘ਤੇ ਵੀ ਇਹ ਦੋਸ਼ ਲਾਇਆ ਕਿ ਉਨ੍ਹਾਂ ਨੇ ਕੇਸ ਖਰਾਬ ਕਰ ਦਿੱਤਾ। ਕੀ ਕੁੰਵਰ ਦੱਸ ਸਕਦੇ ਨੇ ਕਿ ਐਡਵੋਕੇਟ ਬੈਂਸ ਨੇ ਇਹ ਕੇਸ ਖਰਾਬ ਕਿਵੇਂ ਕੀਤਾ ਸੀ ? ਜਦੋਂ ਵੈਸੇ ਬੈਂਸ ਸਾਹਿਬ ਨੇ ਆਪਣੇ ਇਕ ਇੰਟਰਵਿਊ ਵਿਚ ਇਸ ਦੀ ਕਾਰੁਜ਼ਗਾਰੀ ਨੂੰ ਨੰਗਾ ਕੀਤਾ ਤਾਂ ਇਹ ਚੁੱਪ ਵੱਟ ਗਿਆ।
ਕੀ ਕਾਰਣ ਹੈ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਲਈ ਲੰਬੀ ਲੜਾਈ ਲੜਣ ਵਾਲੇ ਦੋ ਸੀਨੀਅਰ ਵਕੀਲਾਂ ‘ਤੇ ਕੁੰਵਰ ਨੇ ਝੂਠ ਬੋਲ ਕੇ ਚਿੱਕੜ ਉਛਾਲੀ ਕੀਤੀ ?
RSS ਬਾਰੇ ਕੁੰਵਰ ਵਿਜੈ ਪ੍ਰਤਾਪ ਦੇ ਕੀ ਵਿਚਾਰ ਨੇ ?
ਯਾਦ ਰਹੇ ਬਾਦਲਾਂ ਨੂੰ ਇਸ ਮੁੱਦੇ ਤੇ ਜ਼ੋਰਦਾਰ ਤਰੀਕੇ ਨਾਲ ਘੇਰਨ ਵਿਚ ਸਭ ਤੋਂ ਅੱਗੇ ਐਡਵੋਕੇਟ ਫੂਲਕਾ ਅਤੇ ਸਿੱਧੂ ਸਨ। ਡੇਢ ਸਾਲ ਬਾਅਦ ਸ ਫੂਲਕਾ, ਐਡਵੋਕੇਟ ਬੈਂਸ ਅਤੇ ਨਵਜੋਤ ਸਿੰਘ ਸਿੱਧੂ ਠੀਕ ਸਾਬਤ ਹੋ ਰਹੇ ਹਨ ਤੇ ਕੁੰਵਰ ਦੀ ਰਾਜਨੀਤੀ ਇਸ ਉੱਤੇ ਹਾਲੇ ਵੀ ਜਾਰੀ ਹੈ।
ਕੁੰਵਰ ਵਿਜੇ ਪ੍ਰਤਾਪ ਦੇ 'ਆਪ' ਦੇ ਪ੍ਰਚਾਰ ਤੰਤਰ ਨਾਲ ਰਲ ਕੇ ਕੀਤੇ ਕਥਿਤ 'ਖੁਲਾਸਿਆਂ' ਨੂੰ ਆਖਰੀ ਸੱਚ ਮੰਨ ਕੇ ਫਤਵੇ ਜਾਰੀ ਕਰਨ ਵਾਲੇ ਅਤੇ ਸ੍ਰ ਫੂਲਕਾ ਨੂੰ ਇਸ ਮੁੱਦੇ ‘ਤੇ ਗਾਲ੍ਹਾਂ ਕੱਢਣ ਵਾਲੇ ਫੇਸਬੁਕੀ ਵਿਦਵਾਨਾਂ, 'ਆਪ' ਅਤੇ ਭਗਵੰਤ ਮਾਨ ਦੇ ਚਮਚਿਆਂ, ਨੇ ਅਸਲ ਵਿਚ ਆਪਣੀ ਭੇਡ ਪ੍ਰਵਿਰਤੀ ਅਤੇ ਅਕਲ ਦੇ ਖੋਖਲੇਪਨ ਦਾ ਮੁਜ਼ਾਹਰਾ ਕੀਤਾ।
ਨਵਜੋਤ ਸਿੱਧੂ ਅਤੇ ਸ੍ਰ ਫੂਲਕਾ ਖਿਲਾਫ ਪ੍ਰਚਾਰ ਕਰਨ ਵਿਚ ਸਭ ਤੋਂ ਅੱਗੇ "ਆਪ" ਦਾ ਪ੍ਰਚਾਰ ਤੰਤਰ, ਬਾਦਲਾਂ ਦਾ ਆਈ ਟੀ ਸੈੱਲ ਅਤੇ ਡੇਰਾ ਪ੍ਰੇਮੀ ਤਾਂ ਸਨ ਹੀ, ਬਹੁਤ ਸਾਰੇ ਸਿੱਖ ਫੇਸਬੁਕੀਏ ਵੀ ਪ੍ਰਾਪੇਗੰਡੇ ਦੀ ਇਸ ਭੇਡ-ਚਾਲ ਵਿਚ ਵੱਧ ਚੜ੍ਹ ਕੇ ਹਿੱਸਾ ਪਾ ਕੇ ਇਸ ਕੇਸ ਨੂੰ ਕੁਰਾਹੇ ਪਾਉਣ ਅਤੇ "ਆਪ" ਦੀ ਸਰਕਾਰ ਬਣਾਉਣ ਦੀ ਮੁਹਿੰਮ ਦਾ ਹਿੱਸਾ ਬਣੇ ਪਰ ਦੇਖੋ, ਵਕਤ ਨੇ ਸਾਰੇ ਨੰਗੇ ਕਰ ਦਿੱਤੇ ਹਨ। ਹੁਣ ਉਹ ਕੁੰਵਰ ਤੋਂ ਇਨ੍ਹਾਂ ਸੁਆਲਾਂ ਦੇ ਜੁਆਬ ਲੈ ਦੇਣ।
ਅਸਲ ਵਿੱਚ ਇਸ ਮੁੱਦੇ ‘ਤੇ ਮੁੱਦੇ ਦਾ ਸਭ ਤੋਂ ਜ਼ਿਆਦਾ ਰਾਜਨੀਤਕ ਲਾਹਾ ਵਿਅਕਤੀਗਤ ਤੌਰ ‘ਤੇ ਕੁੰਵਰ ਵਿਜੇ ਪ੍ਰਤਾਪ ਨੇ ਅਤੇ ਪਾਰਟੀ ਦੇ ਤੌਰ ਤੇ ਆਮ ਆਦਮੀ ਪਾਰਟੀ ਨੇ ਖੱਟਿਆ। ਕੀ ਕੁੰਵਰ ਦੇ ਹੋਰਡਿੰਗ ਸਾਰੇ ਪੰਜਾਬ ਵਿਚ ਲਾਉਣੇ ਬੇਅਦਬੀ ਦੇ ਮੁੱਦੇ ਦਾ ਰਾਜਨੀਤਕ ਲਾਹਾ ਖੱਟਣ ਲਈ ਨਹੀਂ ਸੀ ਕੀਤਾ ਗਿਆ ?
ਸਿੱਧੂ ਨੂੰ ਹਰਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਸਾਰਾ ਹਿੰਦੀ, ਪੰਜਾਬੀ ਦਾ ਗੋਦੀ ਮੀਡੀਆ ਇਕੱਠਾ ਸੀ। ਸਾਫ਼ ਜ਼ਾਹਰ ਹੈ ਕਿ ਸਾਰੇ ਉਸ ਦੇ ਪੰਜਾਬ ਪ੍ਰਸਤ ਏਜੰਡੇ ਅਤੇ ਇਸ ਦੀ ਖੁੱਲ੍ਹ ਕੇ ਗੱਲ ਕਰਨ ਤੋਂ ਔਖੇ ਸਨ। ਕੁੰਵਰ ਵਿਜੇ ਪ੍ਰਤਾਪ ਵੀ ਉਸੇ "ਯੂਨਾਈਟਿਡ ਫਰੰਟ ਅਗੇਂਸਟ ਸਿੱਧੂ" ਦਾ ਹਿੱਸਾ ਸੀ ਅਤੇ ਅੱਜ ਵੀ ਹੈ।
ਸੁਆਲ ਅਸੀਂ ਪਹਿਲਾਂ ਵੀ ਕੀਤੇ ਹਨ ਪਰ ਸਾਡੇ ਕਿਸੇ ਸੁਆਲ ਦਾ ਹਾਲੇ ਤਕ ਜੁਆਬ ਨਹੀਂ ਆਇਆ ਤੇ ਸਾਡੇ ਉਸ ਵੇਲੇ ਪ੍ਰਗਟਾਏ ਖਦਸ਼ੇ ਠੀਕ ਸਾਬਤ ਹੋ ਰਹੇ ਨੇ। ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਆਗੂ ਕੁੰਵਰ ਨੂੰ ਸਨਮਾਨਤ ਕਰਦੇ ਹਨ, ਉਨ੍ਹਾਂ ਅੱਗੇ ਬੇਨਤੀ ਹੈ ਕਿ ਇਹ ਤੱਥ ਭਰਪੂਰ ਸਵਾਲਨਾਮਾ ਪੜ੍ਹ ਕੇ ਜਾਂ ਤਾਂ ਉਹ ਖੁਦ ਇਨ੍ਹਾਂ ਸੁਆਲਾਂ ਦੇ ਜੁਆਬ ਦੇ ਦੇਣ ਜਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਕਹਿਣ ਕਿ ਇਨ੍ਹਾਂ ਸਵਾਲਾਂ ਦੇ ਜੁਆਬ ਦੇਵੇ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023