Posted on October 27th, 2022
ਲੈਂਗਲੀ ਬੀਸੀ (ਡਾ ਗੁਰਵਿੰਦਰ ਸਿੰਘ ) : ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਅਤੇ ਐਬਟਸਫੋਰਡ 'ਚ ਪਿਛਲੇ ਦੋ ਦਹਾਕਿਆਂ ਤੋਂ ਦੇਸ਼ ਭਗਤਾਂ ਨੂੰ ਸਮਰਪਿਤ ਮੇਲਾ ਕਰਵਾਉਣ ਵਾਲੇ, ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਂਤੀ ਸਰੂਪ ਦੇ 36 ਸਾਲਾ ਲੜਕੇ ਬਿੱਟੂ ਚਟਚੋਟ ਦੀ ਬੀਤੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਘਟਨਾ ਨਾਲ ਭਾਈਚਾਰੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਪਹਿਲੀ ਨਵੰਬਰ ਦਿਨ ਮੰਗਲਵਾਰ ਨੂੰ, ਫਰੇਜ਼ਰ ਰਿਵਰ ਸ਼ਮਸ਼ਾਨਘਾਟ ਐਬਟਸਫੋਰਡ ਵਿਖੇ ਬਾਅਦ ਦੁਪਹਿਰ ਬਾਰਾਂ ਵਜੇ ਹੋਏਗਾ। ਉਸੇ ਹੀ ਦਿਨ ਦੁਪਹਿਰ ਦੋ ਵਜੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰਵੇਅ ਵਿਖੇ ਮ੍ਰਿਤਕ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਪੈਣਗੇ ਅਤੇ ਅੰਤਿਮ ਅਰਦਾਸ ਹੋਏਗੀ।
ਬੀਤੇ ਦਿਨੀਂ ਵਾਪਰੀ ਹਿੰਸਾ ਦੀ ਇਸ ਦੁਖਦਾਈ ਘਟਨਾ ਬਾਰੇ ਸ਼ਾਂਤੀ ਸਰੂਪ ਅਤੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਪਤਾ ਲੱਗਿਆ ਕਿ ਮਰਹੂਮ ਬਿੱਟੂ ਤੇਰਾਂ ਮਹੀਨੇ ਦੀ ਬੱਚੀ ਦਾ ਪਿਤਾ ਸੀ ਅਤੇ ਇਕ ਹੋਰ ਬੱਚੇ ਦਾ ਬਾਪ ਬਣਨ ਵਾਲਾ ਸੀ। ਮਾਤਾ ਪਰਮਜੀਤ ਦੇ ਵੈਣ ਆਂਧਰਾ ਧੁੂਹ ਰਹੇ ਸਨ। ਮਾਂ ਦੱਸ ਰਹੀ ਸੀ ਕਿ ਉਸ ਦਾ ਪੁੱਤ ਕੰਮ ਮਗਰੋਂ ਜ਼ਿਆਦਾਤਰ ਘਰੇ ਹੀ ਹੁੰਦਾ ਸੀ ਅਤੇ ਹਮੇਸ਼ਾਂ ਆਪਣੇ ਬੱਚੀ, ਪਤਨੀ, ਮਾਂ- ਬਾਪ ਸਣੇ ਸਾਰਿਆਂ ਦਾ ਖਿਆਲ ਰੱਖਦਾ ਸੀ।
ਪਿਤਾ ਸ਼ਾਂਤੀ ਸਰੂਪ ਨੇ ਘਟਨਾ ਵਾਲੀ ਰਾਤ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ 11 ਕੁ ਵਜੇ ਜਦੋਂ ਬਿੱਟੂ ਆਪਣਾ ਪਿੱਕਅੱਪ ਬੈਕ ਕਰਕੇ ਲੈਂਗਲੀ ਸ਼ਹਿਰ ਵਿਚ ਸਥਿਤ ਆਪਣੇ ਘਰ ਦੇ ਗੈਰਾਜ ਵਿਚ ਲਾ ਰਿਹਾ ਸੀ, ਤਾਂ ਘਰ 'ਚ ਸਾਨੂੰ ਕੁਝ ਖੜਕਾ ਸੁਣਿਆ। ਲੱਗਿਆ ਸ਼ਾਇਦ ਕਿਤੇ ਪਟਾਕੇ ਆਦਿ ਚੱਲ ਰਹੇ ਹਨ ਜਾਂ ਕੋਈ ਗੱਡੀ ਦਾ ਟਾਇਰ ਫਟ ਗਿਆ ਹੈ। ਜਿਉਂ ਹੀ ਜਾ ਕੇ ਗੈਰਾਜ ਵੱਲ ਤੱਕਿਆ, ਤਾਂ ਪਿੱਕਅੱਪ ਅਜੇ ਬੰਦ ਨਹੀਂ ਸੀ ਹੋਇਆ। ਸਾਹਮਣੇ ਦੇਖਿਆ, ਪੁੱਤਰ ਗੋਲੀਆਂ ਨਾਲ ਜ਼ਖ਼ਮੀ ਹਾਲਤ ਵਿੱਚ ਸੀ। ਇੰਨੇ ਨੂੰ ਬਿੱਟੂ ਦੀ ਮਾਤਾ, ਪਤਨੀ ਸਾਰੇ ਬਾਹਰ ਆ ਗਏ ਅਤੇ ਕੁਝ ਸਮੇਂ ਬਾਅਦ ਐਂਬੂਲੈਂਸ ਵਾਲੇ ਪਹੁੰਚੇ। ਉਨ੍ਹਾਂ ਨੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਨੌਜਵਾਨ ਘਟਨਾ ਸਥਾਨ 'ਤੇ ਹੀ ਸਵਾਸ ਛੱਡ ਚੁੱਕਿਆ ਸੀ।
ਪੀੜਤ ਪਰਿਵਾਰ ਲਈ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਦੋ ਪੁੱਤਰਾਂ 'ਚੋਂ ਪਹਿਲਾਂ ਇਕ ਪੁੱਤਰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਕੁਝ ਸਮਾਂ ਪਹਿਲਾਂ ਪੂਰਾ ਹੋ ਗਿਆ, ਜਦਕਿ ਦੂਸਰਾ ਸ਼ੂਟਿੰਗ ਦੀ ਦੁਖਦਾਈ ਵਾਰਦਾਤ ਵਿਚ ਚੱਲ ਵਸਿਆ।
ਲੋਅਰਮੇਨਲੈਂਡ ਵਿੱਚ ਸਮੂਹ ਪੰਜਾਬੀ ਭਾਈਚਾਰੇ ਅੰਦਰ ਇਸ ਗੱਲ ਨੂੰ ਲੈ ਕੇ ਡੂੰਘਾ ਦਰਦ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਘਟਨਾ ਸਥਾਨ 211B 77A LANGLEY ਤੋਂ ਕੁਝ ਦੂਰੀ 'ਤੇ 232 st 77 Ave ਤੋਂ ਇਕ ਟਰੱਕ ਅੱਗ ਨਾਲ ਸੜਿਆ ਵੀ ਬਰਾਮਦ ਹੋਇਆ ਹੈ, ਪਰ ਦੋਸ਼ੀ ਗ੍ਰਿਫ਼ਤਾਰ ਨਹੀਂ ਹੋ ਸਕੇ। ਪੁਲਿਸ ਅਨੁਸਾਰ ਇਹ ਮਿੱਥ ਕੇ ਕੀਤੀ ਗਈ ਘਟਨਾ ਹੈ ਪਰ ਉਸ ਦਾ ਅਪਰਾਧਿਕ ਪਿਛੋਕੜ ਨਹੀਂ ਸੀ।
ਆਂਢ ਗੁਆਂਢ ਤੋਂ ਮਿਲੀ ਜਾਣਕਾਰੀ ਅਤੇ ਵੀਡੀਓਜ਼ ਰਾਹੀਂ ਇਹ ਵੀ ਪਤਾ ਲੱਗਿਆ ਹੈ ਕਿ ਇਕ ਹਮਲਾਵਰ ਪੈਦਲ ਕੋਲ ਕੋਲ ਆਇਆ ਤੇ ਗੋਲੀਆਂ ਚਲਾਈਆਂ, ਜਦਕਿ ਦੂਸਰੇ ਨੇ ਆਪਣੀ ਗੱਡੀ ਸਾਹਮਣੇ ਲਿਆ ਕੇ ਸ਼ੂਟਿੰਗ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੋਲ ਵੀ ਇਕ ਨੌਜਵਾਨ ਵਿਸ਼ਾਲ ਵਾਲੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਸਬੰਧੀ ਕਥਿਤ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ।
ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਾਂਤੀ ਸਰੂਪ ਤੇ ਸਮੂਹ ਪਰਿਵਾਰ ਨਾਲ ਨੌਜਵਾਨ ਪੁੱਤਰ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023