Posted on November 2nd, 2022
ਜਦੋਂ ਦੀ ਬਰਗਾੜੀ ਬੇਅਦਬੀ ਹੋਈ ਹੈ ਇਹ ਸੁਆਲ ਰਿੜਕਿਆ ਜਾ ਰਿਹਾ ਹੈ। ਬਾਦਲਾਂ ਦੇ ਵਿਰੋਧੀਆਂ ਜਾਂ ਹਮਾਇਤੀਆਂ ਵੱਲੋਂ ਇਸ ਸਵਾਲ ‘ਤੇ ਸਿਰਫ਼ ਸਿਆਸੀ ਬਿਆਨਬਾਜ਼ੀ ਹੀ ਹੋਈ ਹੈ, ਡੂੰਘਾਈ ‘ਚ ਜਾ ਕੇ ਤੱਥਾਂ ਨੂੰ ਰਿੜਕ ਕੇ ਅਸਲ ਗੱਲ ਸਮਝਣ ਦਾ ਯਤਨ ਨਹੀਂ ਹੋਇਆ। ਕੋਟਕਪੂਰਾ ਤੇ ਬਹਿਬਲ ਕਲਾਂ ਹੋਈ ਪੁਲਿਸ ਫਾਇਰਿੰਗ ਅਤੇ ਦੋ ਕਤਲਾਂ ਦੇ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਕੋਈ ਸਿੱਧਾ ਸਬੂਤ ਮਿਲਿਆ ਜਾਂ ਨਹੀਂ, ਪਰ ਉਹ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ।
ਤੱਥ ਕੀ ਕਹਿੰਦੇ ਨੇ ?
2007 ਵਿੱਚ ਸਵਾਂਗ ਰਚਣ ਵਾਲੇ ਮਾਮਲੇ ਵਿਚ ਬਲਾਤਕਾਰੀ ਸੌਦਾ ਸਾਧ ‘ਤੇ ਕੇਸ ਦਰਜ ਹੋਇਆ ਸੀ ਪਰ ਬਾਦਲਾਂ ਦੀ ਸਰਕਾਰ ਦੌਰਾਨ ਪੁਲਸ ਨੇ ਚਲਾਨ ਹੀ ਪੇਸ਼ ਨਹੀਂ ਕੀਤਾ ਤੇ 2012 ਦੀਆਂ ਚੋਣਾਂ ਤੋਂ ਪੰਜ ਦਿਨ ਪਹਿਲਾਂ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ। ਉਸ ਵੇਲੇ ਇਹ ਕੈਂਸਲੇਸ਼ਨ ਰਿਪੋਰਟ ਅਦਾਲਤ ਨੇ ਰੱਦ ਕਰ ਦਿੱਤੀ ਪਰ ਬਾਦਲਾਂ ਦੀ ਸਰਕਾਰ ਦੁਬਾਰਾ ਬਣਨ ਤੋਂ ਬਾਅਦ ਵੀ ਇਹ ਚਲਾਨ ਨਹੀਂ ਪੇਸ਼ ਕੀਤਾ ਗਿਆ ਤੇ ਅਖੀਰ 2014 ਵਿੱਚ ਬਠਿੰਡੇ ਦੀ ਅਦਾਲਤ ਨੇ ਬਲਾਤਕਾਰੀ ਸਾਧ ਨੂੰ ਸਵਾਂਗ ਰਚਣ ਵਾਲੇ ਕੇਸ ਵਿੱਚੋਂ ਛੱਡ ਦਿੱਤਾ।
ਸਾਧ ਤਾਂ ਬਾਦਲਾਂ ਨੇ ਬਿਨਾਂ ਕੇਸ ਚਲਾਇਆਂ ਹੀ ਛੱਡ ਦਿੱਤਾ ਪਰ ਇਸ ਦੌਰਾਨ ਕਈ ਸਿੱਖ ਨੌਜਵਾਨਾਂ ਉੱਤੇ ਬਲਾਤਕਾਰੀ ਸਾਧ ਨੂੰ ਮਾਰਨ ਦੀ ਸਾਜਿਸ਼ ਕਰਨ ਦੇ ਕੇਸ ਜ਼ਰੂਰ ਦਰਜ ਕੀਤੇ ਗਏ ਤੇ ਉਹ ਕਈ ਸਾਲ ਜੇਲ੍ਹਾਂ ਵਿੱਚ ਰਹੇ।
ਸਵਾਂਗ ਵਾਲੇ ਕੇਸ ਵਿਚ ਬਿਲਕੁਲ ਸੁੱਕੇ ਨਿਕਲਣ ਦੇ ਇਕ ਸਾਲ ਦੇ ਅੰਦਰ ਅੰਦਰ ਹੀ, ਬਾਦਲਾਂ ਦੇ ਸਿਰ ‘ਤੇ ਹੌਂਸਲੇ ‘ਚ 1 ਜੂਨ 2015 ਨੂੰ ਸਾਧ ਦੇ ਚੇਲਿਆਂ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰ ਲਈ।
ਹਾਲਾਂਕਿ ਫ਼ਰੀਦਕੋਟ ਦੇ ਇਲਾਕੇ ਦੇ ਸਿੱਖ ਕਾਰਕੁੰਨ ਸ਼ੁਰੂ ਤੋਂ ਹੀ ਸ਼ੱਕੀ ਬੰਦਿਆਂ ਬਾਰੇ ਦੱਸ ਰਹੇ ਸਨ ਤੇ ਬਾਅਦ ਵਿਚ ਨਿਕਲੇ ਵੀ ਉਹੀ ਪਰ ਬਾਦਲਾਂ ਦੀ ਪੁਲਿਸ ਨੇ ਕਿਸੇ ਪ੍ਰੇਮੀ ਨੂੰ ਹੱਥ ਨਹੀਂ ਲਾਇਆ। ਬੀੜ ਚੋਰੀ ਕਰਵਾਉਣ ਲਈ ਹੋਈ ਰੇਕੀ ਵਿੱਚ ਰੋਲ ਨਿਭਾਉਣ ਵਾਲੇ ਡੇਰਾ ਪ੍ਰੇਮੀ ਗੁਰਦੇਵ ਨੂੰ ਜਦੋਂ ਬਾਅਦ ਵਿੱਚ ਮਾਰ ਦਿੱਤਾ ਗਿਆ ਤਾਂ ਬਾਦਲ ਸਰਕਾਰ ਨੇ ਉਸ ਡੇਰਾ ਪ੍ਰੇਮੀ ਦੀ ਘਰਵਾਲੀ ਨੂੰ ਨੌਕਰੀ ਦਿੱਤੀ। ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਵਿਚ ਡੇਰਾ ਪ੍ਰੇਮੀ ਗੁਰਦੇਵ ਦੇ ਰੋਲ ‘ਤੇ ਚਾਨਣਾ ਪਾਇਆ। ਇਸ ਡੇਰਾ ਪ੍ਰੇਮੀ ਗੁਰਦੇਵ ‘ਤੇ ਸਿੱਖ ਕਾਰਕੁੰਨ ਸ਼ੁਰੂ ਤੋਂ ਤਾਂ ਪਹਿਲਾਂ ਤੋਂ ਹੀ ਸ਼ੱਕ ਪ੍ਰਗਟਾ ਰਹੇ ਸਨ।
ਬੀੜ ਚੋਰੀ ਹੋਣ ਤੋਂ ਪੌਣੇ ਕੁ ਚਾਰ ਮਹੀਨੇ ਬਾਅਦ ਚੈਲੇਂਜ ਕਰਨ ਵਾਲੇ ਪੋਸਟਰ ਪ੍ਰੇਮੀਆਂ ਨੇ ਲਾਏ ਤੇ ਇਹ ਵੀ ਧਮਕੀ ਦਿੱਤੀ ਕਿ ਉਹ ਬੇਅਦਬੀ ਬਰਗਾੜੀ 'ਚ ਕਰਨਗੇ। ਇਸ ਦੇ ਬਾਵਜੂਦ ਬਾਦਲਾਂ ਦੀ ਪੁਲੀਸ ਨੇ ਸਾਧ ਦਾ ਕੋਈ ਚੇਲਾ ਨਹੀਂ ਫਡ਼ਿਆ ਤੇ ਦੋ ਢਾਈ ਹਫ਼ਤੇ ਬਾਅਦ ਘੋਰ ਬੇਅਦਬੀ ਕੀਤੀ ਗਈ।
ਬੇਅਦਬੀ ਤੋਂ ਬਾਅਦ ਵੀ ਬਾਦਲ ਸਰਕਾਰ ਨੇ ਸਾਧ ਜਾਂ ਇਸਦੇ ਚੇਲਿਆਂ ਵੱਲ ਉਂਗਲ ਨਹੀਂ ਚੁੱਕੀ ਸਗੋਂ ਦੋ ਅੰਮ੍ਰਿਤਧਾਰੀ ਸਿੱਖ ਨੌਜਵਾਨ ਭਰਾਵਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਇਸ ਬੇਅਦਬੀ ਦਾ ਦੋਸ਼ ਵੀ ਸਿੱਖਾਂ ਸਿਰ ਮੜ੍ਹਨ ਦਾ ਬੇਹੱਦ ਘਿਨੌਣਾ ਯਤਨ ਕੀਤਾ। ਵਿਦੇਸ਼ ਵਸਦੇ ਸਿੱਖ ਵੀ ਨਾਲ ਹੈ ਲਪੇਟ ਲਏ ਕਿ ਉਨ੍ਹਾਂ ਪੈਸੇ ਦੇ ਕੇ ਬੇਅਦਬੀ ਕਰਾਈ ਹੈ। ਦੋਸ਼ੀ ਲੱਭਣ ਲਈ ਕਿਸੇ ਸਾਧ ਦੇ ਚੇਲੇ ‘ਤੇ ਕੋਈ ਤਸ਼ੱਦਦ ਨਹੀਂ ਹੋਇਆ ਪਰ ਇਸ ਬਹਾਨੇ ਕਈ ਸਿੱਖਾਂ ‘ਤੇ ਜ਼ਰੂਰ ਕਹਿਰ ਢਾਹਿਆ ਗਿਆ। ਬਹਿਬਲ ਕਲਾਂ ਅਤੇ ਕੋਟਕਪੂਰੇ ਗੋਲੀ ਤਾਂ ਚੱਲੀ ਹੀ ਤੇ ਦੋ ਸਿੱਖਾਂ ਦੀਆਂ ਜਾਨਾਂ ਗਈਆਂ।
ਇਹ ਤਾਂ ਬਾਹਰੋਂ ਪੈਸੇ ਭੇਜਣ ਵਾਲੇ ਸੱਜਣਾਂ ਨੇ ਦਲੇਰੀ ਕਰਕੇ ਸੱਚ ਦੱਸ ਕੇ ਬਦਲੀ ਝੂਠ ਨੰਗਾ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੇ ਜ਼ਖ਼ਮੀਆਂ ਦੇ ਇਲਾਜ ਲਈ ਪੈਸੇ ਭੇਜੇ ਸਨ। ਉਨ੍ਹਾਂ ਦੋ ਨੌਜਵਾਨਾਂ ਦੇ ਪਿੰਡ ਵਾਲੇ ਵੀ ਉਨ੍ਹਾਂ ਦੇ ਹੱਕ ਵਿੱਚ ਬੋਲੇ। ਇਨ੍ਹਾਂ ਖੁਲਾਸਿਆਂ ਦੇ ਤੁਰੰਤ ਬਾਅਦ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਉਨ੍ਹਾਂ ਅਮ੍ਰਿਤਧਾਰੀ ਭਰਾਵਾਂ ਦੀ ਮੱਦਦ ਤੇ ਆਏ ਤਾਂ ਉਨ੍ਹਾਂ ਦਾ ਹੋਰ ਤਸ਼ੱਦਦ ਤੋਂ ਬਚਾਅ ਹੋਇਆ ਅਤੇ ਨਾਲ ਹੀ ਝੂਠੇ ਕੇਸ ਵਿੱਚ ਫਸਾਉਣ ਦਾ ਬਾਦਲੀ ਯਤਨ ਫੇਲ੍ਹ ਹੋ ਗਿਆ। ਨਹੀਂ ਤਾਂ ਉਨ੍ਹਾਂ ਦੋਹਾਂ ਤੋਂ ਬਾਅਦ ਹੋਰ ਸਿੱਖ ਕਾਰਕੁੰਨ ਜਾਂ ਪ੍ਰਚਾਰਕ ਵੀ ਲਪੇਟੇ ਵਿਚ ਲਏ ਜਾਣੇ ਸਨ।
ਕਰੀਬ ਢਾਈ ਸਾਲ ਬਾਅਦ ਭਾਈ ਧਿਆਨ ਸਿੰਘ ਮੰਡ ਵੱਲੋਂ ਲਾਏ ਬਰਗਾੜੀ ਮੋਰਚੇ ਦੇ ਦਬਾਅ ਕਾਰਨ ਅਸਲ ਦੋਸ਼ੀ ਡੇਰਾ ਪ੍ਰੇਮੀਆਂ ਦੀ ਪਛਾਣ ਹੋਈ, ਨਹੀਂ ਤਾਂ ਬਾਦਲਾਂ ਦੀ ਕ੍ਰਿਪਾ ਨਾਲ ਬੇਅਦਬੀ ਦਾ ਦਾਗ ਵੀ ਸਿੱਖਾਂ ਸਿਰ ਹੀ ਰਹਿਣਾ ਸੀ। ਸਰਦਾਰ ਫੂਲਕਾ ਅਤੇ ਭਾਈ ਮੰਡ ਸਮੇਤ ਗਿਣਤੀ ਦੇ ਸਿਦਕੀ ਬੰਦਿਆਂ ਕਾਰਨ ਬੇਅਦਬੀ ਦਾ ਇਹ ਗੂੜ੍ਹਾ ਧੱਬਾ ਸਿੱਖਾਂ ਦੇ ਸਿਰ ਲੱਗਦਾ ਲੱਗਦਾ ਰਹਿ ਗਿਆ। ਇਨ੍ਹਾਂ ਦੋਹਾਂ ਸੱਜਣਾਂ ਖਿਲਾਫ ਬਾਦਲੀ ਪ੍ਰਚਾਰ ਤੰਤਰ ਨੇ ਦਬੱਲ ਕੇ ਕੂੜ ਪ੍ਰਚਾਰ ਕੀਤਾ। ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਸਿੱਖ ਵੀ ਇਹ ਸਮਝ ਨਹੀਂ ਸਕੇ ਕਿ ਸਰਦਾਰ ਫੂਲਕਾ ਤੇ ਭਾਈ ਮੰਡ ਨੇ ਕਿਵੇਂ ਬੇਅਦਬੀ ਦਾ ਦਾਗ ਸਿੱਖਾਂ ਦੇ ਹੀ ਮੱਥੇ ਲਾਉਣ ਦੇ ਬਾਦਲੀ ਯਤਨ ਫ਼ੇਲ੍ਹ ਕਰਕੇ ਪੰਥ ਨੂੰ ਸਦੀਵੀ ਝੂਠੇ ਇਲਜ਼ਾਮ ਤੋਂ ਬਚਾਅ ਲਿਆ।
ਇਕ ਹੋਰ ਬੇਹੱਦ ਮਾੜੀ ਗੱਲ - ਸਿੱਖਾਂ ਸਿਰ ਏਡਾ ਭੈੜਾ ਦੋਸ਼ ਮੜਨ ਦੀ ਮੁਹਿੰਮ ਵਿਚ ਦਮਦਮੀ ਟਕਸਾਲ ਨਾਲ ਸਬੰਧਤ ਬੰਦੇ ਵੀ ਵਾਹਵਾ ਮਿਹਨਤ ਨਾਲ ਹਿੱਸਾ ਪਾਉਂਦੇ ਰਹੇ। ਉਨ੍ਹਾਂ ਦਾ ਜ਼ੋਰ ਵੀ ਇਹੀ ਪ੍ਰਚਾਰ ਕਰਨ ਤੇ ਲੱਗਾ ਰਿਹਾ ਕਿ ਕੁਝ ਸਿੱਖ ਪ੍ਰਚਾਰਕ ਦੋਸ਼ੀ ਨੇ। ਕੁਝ ਪ੍ਰਚਾਰਕਾਂ ਨਾਲ ਟਕਰਾਅ ‘ਚ ਉਹ ਇਹ ਵੀ ਭੁੱਲ ਗਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਸਿੱਖਾਂ ਸਿਰ ਮੜ੍ਹਨ ਦੀਆਂ ਨਾਪਾਕ ਸਾਜ਼ਿਸ਼ਾਂ ‘ਚ ਉਹ ਭਾਗੀਦਾਰ ਬਣ ਰਹੇ ਹਨ।
ਜੇ ਬਾਦਲਾਂ ਨੇ 2007 ਵਾਲੇ ਕੇਸ ਵਿਚ ਬਲਾਤਕਾਰੀ ਸਾਧ ਖ਼ਿਲਾਫ਼ ਉਵੇਂ ਹੀ ਕੇਸ ਚਲਾਇਆ ਹੁੰਦਾ, ਜਿਵੇਂ ਇਹ ਸਿੱਖ ਕਾਰਕੁੰਨਾਂ ਖ਼ਿਲਾਫ਼ ਖ਼ਿਲਾਫ਼ ਚਲਾਉਂਦੇ ਰਹੇ ਤਾਂ ਕਦੇ ਵੀ ਉਸ ਦੀ ਜਾਂ ਉਸਦੇ ਚੇਲਿਆਂ ਦੀ, ਬਾਦਲਾਂ ਸਿਰ ‘ਤੇ ਚਾਂਭਲ ਕੇ, ਬੇਅਦਬੀ ਕਰਨ ਜਾਂ ਕਰਵਾਉਣ ਦੀ ਹਿੰਮਤ ਨਾ ਪੈਂਦੀ।
ਨਾ ਹੀ ਬੇਅਦਬੀ ਕਰਾਉਣ ਤੋਂ ਬਾਅਦ ਸਾਧ ਦੀ ਹਿੰਮਤ ਮੌੜ ਬੰਬ ਧਮਾਕਾ ਕਰਾ ਕੇ ਸੱਤ ਨਿਰਦੋਸ਼ ਮਰਵਾਉਣ ਦੀ ਪੈਂਦੀ ਤੇ ਨਾ ਹੀ ਉਹ ਹੁਣ ਇਕ ਵਾਰ ਫਿਰ ਬੁੱਕਦਾ ਫਿਰਦਾ ਤੇ ਸਿੱਖਾਂ ਨੂੰ ਚਿੜਾ ਰਿਹਾ ਹੁੰਦਾ। ਉਹ ਹੁਣ ਪੰਜਾਬ ਨੂੰ ਅੱਗ 'ਚ ਧੱਕਣ ਲਈ ਸ਼ਰੇਆਮ ਕੰਮ ਕਰ ਰਿਹਾ ਹੈ। ਬਾਦਲ ਹੁਣ ਵੀ ਚੁੱਪ ਨੇ।
ਬਾਦਲ ਅਤੇ ਉਨ੍ਹਾਂ ਦੇ ਬਾਕੀ ਚੇਲੇ ਚਪਟੇ ਦੱਸਣ ਕਿ ਇਹ 2007 ਵਾਲਾ ਕੇਸ ਕਿਉਂ ਨਹੀਂ ਚਲਾਇਆ ਗਿਆ? ਸ਼੍ਰੋਮਣੀ ਕਮੇਟੀ ਇਹ ਦੱਸੇ ਕਿ ਇਸ ਨੇ ਉਸ ਕੇਸ ਦੀ ਪੈਰਵਾਈ ਕਦੇ ਕਿਉਂ ਨਹੀਂ ਕੀਤੀ, ਖ਼ਾਸ ਕਰਕੇ ਬਾਦਲਾਂ ਦੇ ਉੱਘੇ ਚਮਚੇ ਦੱਸਣ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ। ਇਹ ਸੁਆਲ ਬਾਦਲ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇਕੱਲੇ -ਇਕੱਲੇ ਨੂੰ ਪੁੱਛੇ ਜਾਣੇ ਚਾਹੀਦੇ ਹਨ।
ਇਹ ਸਾਰੇ ਤੱਥ ਪੜਚੋਲਣ ਤੋਂ ਬਾਅਦ ਕੀ ਕੋਈ ਕਹਿ ਸਕਦਾ ਹੈ ਕਿ ਬੇਅਦਬੀ ਲਈ ਬਲਾਤਕਾਰੀ ਸਾਧ ਦੇ ਨਾਲ-ਨਾਲ ਬਾਦਲ ਦੋਸ਼ੀ ਨਹੀਂ ਹਨ ?
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023