Posted on November 2nd, 2022
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਸ ਵਾਰ ਪ੍ਰਧਾਨਗੀ ਦੀ ਚੋਣ ਲੜਨ ਦੇ ਐਲਾਨ ਤੋਂ ਬਾਅਦ ਉਸ ਖ਼ਿਲਾਫ਼ ਕਾਫ਼ੀ ਟਿੱਪਣੀਆਂ ਹੋ ਰਹੀਆਂ ਨੇ। ਜੋ ਟਿੱਪਣੀ ਸਭ ਤੋਂ ਜ਼ਿਆਦਾ ਉਸਦੇ ਖ਼ਿਲਾਫ਼ ਕੀਤੀ ਜਾ ਰਹੀ ਹੈ, ਉਹ ਹੈ ਉਸ ਨੂੰ ਕੁੜੀਮਾਰ ਕਹਿਣਾ। ਬੀਬੀ ਖਿਲਾਫ ਇਹ ਟਿੱਪਣੀ ਪਹਿਲਾਂ ਵੀ ਹੁੰਦੀ ਰਹੀ ਹੈ ਤੇ ਉਸਦੇ ਸਿਆਸੀ ਵਿਰੋਧੀ ਕਰਦੇ ਰਹੇ ਨੇ। ਹੁਣ ਬਾਦਲਾਂ ਦਾ ਆਈ ਟੀ ਸੈੱਲ ਵੀ ਇਸ ਪ੍ਰਚਾਰ ਨੂੰ ਹਵਾ ਦੇ ਰਿਹਾ ਹੈ। ਪਰ ਕੀ ਬੀਬੀ ਨੂੰ ਕੁੜੀਮਾਰ ਕਹਿਣਾ ਠੀਕ ਹੈ ਤੇ ਕੀ ਇਸ ਤਰ੍ਹਾਂ ਕਿਹਾ ਜਾਣਾ ਚਾਹੀਦਾ ਹੈ ?
ਕੁੜੀਮਾਰ ਅਸਲ 'ਚ ਉਨ੍ਹਾਂ ਲਈ ਵਰਤਿਆ ਜਾਂਦਾ ਸੀ, ਜਿਹੜੇ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸ ਵਰਤਾਰੇ ਪ੍ਰਤੀ ਬੜੀ ਸਖਤ ਤਾੜਨਾ ਕੀਤੀ ਸੀ ਤੇ ਕੁੜੀਮਾਰਾਂ ਨਾਲ ਨਾ ਵਰਤਣ ਦੀ ਹਦਾਇਤ ਸੀ। ਮੌਜੂਦਾ ਸਮਿਆਂ ਚ ਇਹ ਵਰਤਾਰਾ ਕੁੱਖ 'ਚ ਭਰੂਣ ਮਾਰਨ ਦੇ ਰੂਪ ‘ਚ ਸਾਹਮਣੇ ਆਇਆ। ਪਰ ਕੀ ਬੀਬੀ ਨੇ ਆਪਣੀ ਕੁੜੀ ਮਾਰੀ ਸੀ? ਅਜਿਹਾ ਕਹਿਣ ਵਾਲੇ ਜ਼ਰਾ ਤੱਥਾਂ ਨੂੰ ਮੁਖਾਤਿਬ ਹੋਣ ਤੇ ਆਪਣੇ ਆਪ ਨੂੰ ਬੀਬੀ ਦੀ ਜਗ੍ਹਾ ‘ਤੇ ਰੱਖ ਕੇ ਵੇਖਣ।
ਬੀਬੀ ਦੀ ਕੁਆਰੀ ਕੁੜੀ ਗਰਭਵਤੀ ਹੋ ਗਈ। ਗਲਤੀ ਕੁੜੀ ਦੀ ਸੀ ਤੇ ਬੇਈਮਾਨੀ ਉਸ ਮੁੰਡੇ ਦੀ, ਜਿਸ ਨਾਲ ਉਸਦਾ ਇਸ਼ਕ ਸੀ। ਉਸਨੂੰ ਸਿਰਫ ਕੁੜੀ ਨਾਲ ਹੀ ਪਿਆਰ ਹੁੰਦਾ ਤਾਂ ਸ਼ਾਇਦ ਉਹ ਉਸਨੂੰ ਗਰਭਵਤੀ ਨਾ ਕਰਦਾ ਤੇ ਫਿਰ ਡਾਕਟਰ ਕੋਲ ਲਿਜਾ ਕੇ ਸਬੂਤ ਨਾ ਬਣਾਉਂਦਾ। ਕੁੜੀ ਦੀ ਤੇ ਉਸਦੀ ਮਾਂ ਦੀ ਇੱਜਤ ਦਾ ਧਿਆਨ ਰੱਖਦਾ। ਉਸਦਾ ਕਿਰਦਾਰ ਵੀ ਬਾਅਦ 'ਚ ਲੋਕਾਂ ਸਾਹਮਣੇ ਆ ਗਿਆ। ਇੱਕ ਮਾਂ ਕੀ ਕਰਦੀ ? ਉਸਨੇ ਕੁੜੀ ਦਾ ਚੋਰੀ ਛਿੱਪੇ ਗਰਭਪਾਤ ਕਰਾਉਣ ਦੀ ਕੋਸ਼ਿਸ਼ ਕੀਤੀ। ਕੋਈ ਵੀ ਮਾਂ-ਪਿਓ ਜਾਂ ਇਕੱਲੀ ਮਾਂ, ਜੇ ਉਹ ਪ੍ਰਸਿਧ ਨਾ ਵੀ ਹੁੰਦੀ, ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰਦੀ। ਇਸ ਕੋਸ਼ਿਸ਼ ਦੌਰਾਨ ਕੁੜੀ ਦੀ ਮੌਤ ਹੋ ਗਈ। ਇਸ ਬਾਰੇ ਅਖਬਾਰਾਂ ‘ਚ ਕਾਫੀ ਵਿਸਥਾਰ ਛਪ ਚੁੱਕਾ ਹੈ ਕਿ ਕੁੜੀ ਦੀ ਮੌਤ ਗਰਭਪਾਤ ਕਰਵਾਏ ਜਾਣ ਤੋਂ ਬਾਅਦ ਹੋਈ।
ਹੋ ਸਕਦਾ ਹੈ ਅਜਿਹੀ ਸਥਿਤੀ ‘ਚ ਕੋਈ ਕਾਹਲੀ ਨਾਲ ਵਿਆਹ ਵੀ ਕਰ ਦਿੰਦਾ ਪਰ ਫਿਰ ਵੀ ਬਦਨਾਮੀ ਹੋਣ ਦਾ ਡਰ ਰਹਿਣਾ ਸੀ ਜਦੋਂ ਵਿਆਹ ਦੇ ਜਲਦ ਬਾਅਦ ਬੱਚਾ ਪੈਦਾ ਹੁੰਦਾ। ਪੱਛਮ ‘ਚ ਜੇ ਕੁਆਰੀ ਮਾਂ ਦੇ ਵੀ ਬੱਚਾ ਪੈਦਾ ਹੋ ਜਾਂਦਾ ਤਾਂ ਸ਼ਾਇਦ ਕੋਈ ਇੰਨਾ ਫਰਕ ਨਾ ਪਵੇ ਪਰ ਇਥੇ ਤਾਂ ਪੈਂਦਾ ਹੈ। ਦੋ ਦਹਾਕਿਆਂ ਬਾਅਦ ਵੀ ਹਾਲੇ ਪੰਜਾਬ ਵਿੱਚ ਜਾਂ ਪੰਜਾਬੀਆਂ ਦਰਮਿਆਨ ਕੁਆਰੀ ਮਾਂ ਦਾ ਕੰਸੈਪਟ ਹਾਲੇ ਪ੍ਰਵਾਨ ਨਹੀਂ ਹੋਇਆ। ਹੋ ਸਕਦਾ ਹੈ ਜਿਹੜੇ ਉਹਨੂੰ ਕੁੜੀਮਾਰ ਕਹਿ ਰਹੇ ਹੋਣ, ਉਨ੍ਹਾਂ ਨੂੰ ਕੋਈ ਫਰਕ ਨਾ ਪੈਂਦਾ ਹੋਵੇ।
ਜਿਹੜੇ ਕੁੜੀਮਾਰ ਕਹਿ ਰਹੇ ਨੇ ਉਹ, ਇਥੋਂ ਦੀਆਂ ਸਥਿਤੀਆਂ ਤੇ ਮਾਨਸਿਕਤਾ ‘ਚ ਆਪਣੇ ਆਪ ਨੂੰ ਰੱਖ ਕੇ ਵੇਖਣ। ਰੱਬ ਨਾ ਕਰੇ ਜੇ ਉਨ੍ਹਾਂ ਨੂੰ ਅਜਿਹੀ ਭੈੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਂਦਾ ਤਾਂ ਉਹ ਕੀ ਕਰਦੇ ? ਬੜੀ ਸ਼ਾਨ ਨਾਲ ਦੁਨੀਆਂ ਨੂੰ ਦੱਸਦੇ ? ਹੋ ਸਕਦਾ ਕੁਝ ਕਾਹਲੀ ਨਾਲ ਵਿਆਹ ਕਰਨ ਦਾ ਰਸਤਾ ਕੱਢਦੇ ਪਰ ਜ਼ਿਆਦਾ ਸੰਭਾਵਨਾ ਹੈ ਕਿ ਉਹ ਵੀ ਇਸੇ ਤਰਾਂ ਚੁੱਪ-ਚੁਪੀਤੇ ਗਰਭਪਾਤ ਕਰਾਉਣ ਦੀ ਕੋਸ਼ਿਸ਼ ਕਰਦੇ, ਕੁੜੀ ਨੂੰ ਰਾਜ਼ੀ ਕਰ ਕੇ ਜਾਂ ਜ਼ਬਰਦਸਤੀ।
ਬੀਬੀ ਨੂੰ ਕੋਈ ਜ਼ਿਆਦਾ ਉੱਚਾ ਖੜ੍ਹਾ ਬੰਦਾ ਇਹ ਦੋਸ਼ ਦੇ ਸਕਦਾ ਹੈ ਕਿ ਉਸਨੇ ਆਪਣੇ ਬੱਚਿਆਂ ਦੀ ਪਰਵਰਿਸ਼ ਵੱਲ ਪੂਰਾ ਧਿਆਨ ਨਹੀਂ ਦਿੱਤਾ। ਪਰ ਕੀ ਕੋਈ ਬੰਦਾ ਅਜਿਹਾ ਦਾਅਵਾ ਕਰ ਸਕਦਾ ਹੈ ਕਿ ਉਸਦੇ ਬੱਚੇ ਕੋਈ ਗਲਤੀ ਨਾ ਕਰਨ?
ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਉਸ ਨੂੰ ਪਤਾ ਲਗਾ ਕਿ ਉਸਦੀ ਕੁਆਰੀ ਕੁੜੀ ਗਰਭਵਤੀ ਹੈ ਤਾਂ ਉਹ ਸਾਰੇ ਕੁਝ ਨੂੰ ਠੀਕ ਤਰੀਕੇ ਨਾਲ ਹੱਲ ਨਹੀਂ ਕਰ ਸਕੀ। ਖੈਰ ਇਹ ਟਿੱਪਣੀ ਕਰਨ ਤੋਂ ਪਹਿਲਾਂ ਵੀ ਇਕ ਵਾਰ ਆਪਣੇ ਆਪ ਨੂੰ ਉਸ ਭੈੜੀ ਸਥਿਤੀ ਵਿਚ ਰੱਖ ਕੇ ਵੇਖੋ।
ਬੀਬੀ ਦੀ ਸਿਆਸਤ ਦੀ ਆਲੋਚਨਾ ਕੀਤੀ ਜਾ ਸਕਦੀ ਹੈ ਤੇ ਜਾਇਜ਼ ਆਲੋਚਨਾ ਹੋਣੀ ਵੀ ਚਾਹੀਦੀ ਹੈ। ਪਰ ਕੀ ਜੇ ਉਸਦੀ ਸਿਆਸਤ ਗਲਤ ਹੈ ਤਾਂ ਉਹ ਕੁੜੀਮਾਰ ਹੋ ਗਈ ? ਉਸਨੇ ਆਪਣੀ ਕੁੜੀ ਕੋਈ ਜੰਮਦਿਆਂ ਨਹੀਂ ਸੀ ਮਾਰੀ। ਆਪਣੀਆਂ ਦੋਵੇ ਧੀਆਂ ਨੂੰ ਪਾਲ ਪਲੋਸ ਕੇ ਵੱਡਾ ਕੀਤਾ ਸੀ ਤੇ ਉਨ੍ਹਾਂ ਦੇ ਵਿਆਹ ਕਰਨ ਬਾਰੇ ਵੀ ਕੋਈ ਸੁਪਨੇ ਲਏ ਹੋਣਗੇ। ਕਿਹਾ ਜਾ ਸਕਦਾ ਹੈ ਕਿ ਉਸਨੂੰ ਆਪਣੇ ਕੁੜੀ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ। ਪਰ ਕੀ ਕੁਆਰੀ ਗਰਭਵਤੀ ਧੀ ਦਾ ਗਰਭਪਾਤ ਕਰਾਉਣਾ, ਕੁੜੀ ਦਾ ਮਾਂ ਵੱਲੋਂ ਕਤਲ ਕਿਹਾ ਜਾ ਸਕਦਾ ਹੈ?
ਜੇ ਬੀਬੀ ਕੁੜੀਮਾਰ ਹੈ ਤਾਂ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਕੀ ਕਹੋਗੇ, ਜਿਨ੍ਹਾਂ ਨੇ 1947 ਵਿਚ ਆਪਣੇ ਟੱਬਰਾਂ ਦੀਆਂ ਔਰਤਾਂ ਹੱਥੀਂ ਕਤਲ ਕੀਤੀਆਂ ਸਨ ਤਾਂ ਕਿ ਉਹ ਦੰਗਈ ਮੁਸਲਮਾਨਾਂ ਦੇ ਹੱਥ ਨਾ ਚੜ੍ਹ ਜਾਣ ਤੇ ਉਨ੍ਹਾਂ ਦੀ ਇੱਜ਼ਤ ਖਰਾਬ ਨਾ ਹੋਵੇ ?
ਅਸਲ ਇਸ ਕੇਸ ਵਿਚ ਬੀਬੀ ਖੁਦ ਪੀੜਤ ਹੈ। ਇੱਕ ਵਿਧਵਾ ਮਾਂ ਨੇ ਆਪਣੀ ਆਪਣੀ ਜੇਠੀ ਜੁਆਨ ਧੀ ਗੁਆਈ ਸੀ। ਕੀ ਉਸਨੂੰ ਬੇਹੱਦ ਮਾਨਸਿਕ ਸੰਤਾਪ ‘ਚੋਂ ਨਹੀਂ ਗੁਜਰਨਾ ਪਿਆ? ਕਾਫੀ ਬਦਨਾਮੀ ਹੋਈ। ਕਰੀਬ 15 ਸਾਲ ਤੋਂ ਉੱਪਰ ਅਦਾਲਤਾਂ ਦੇ ਧੱਕੇ ਖਾਧੇ ਤੇ ਜੇਲ੍ਹ ਵੀ ਰਹੀ। ਜੇ ਉਹ ਸਿਆਸਤਦਾਨ ਹੈ ਤਾਂ ਕੀ ਹੋਇਆ, ਉਹ ਮਾਂ ਵੀ ਸੀ।
ਬੀਬੀ ਜਗੀਰ ‘ਚ ਹਜ਼ਾਰਾਂ ਦੋਸ਼ ਹੋਣਗੇ ਪਰ ਉਸਨੂੰ ਕੁੜੀਮਾਰ ਕਹਿਣਾ ਵਾਜਿਬ ਨਹੀਂ।
ਜ਼ਰੂਰੀ ਨਹੀਂ ਹੁੰਦਾ ਕਿ ਜ਼ਿਆਦਾ ਮਸ਼ਹੂਰ ਗੱਲ ਠੀਕ ਹੀ ਹੋਵੇ, ਤੇ ਪ੍ਰਾਪੇਗੰਡਾ ਵੀ ਠੀਕ ਹੀ ਹੋਵੇ। ਪ੍ਰਾਪੇਗੰਡੇ ਨੇ ਤਾਂ ਗੁਜਰਾਤ ਅਤੇ ਦਿੱਲੀ ਮਾਡਲ ਲੋਕਾਂ ਨੂੰ ਅਸਲੀ ਲੱਗਣ ਲਾ ਦਿੱਤੇ ਸੀ ਤੇ ਠੱਗ ਇਨਕਲਾਬੀ ਬਣ ਗਏ। ਹੁਣ ਲੋਕਾਂ ਨੂੰ ਅਸਲੀਅਤ ਸਮਝ ਆ ਰਹੀ ਹੈ। ਅਸੀਂ ਇੱਥੇ ਇਸ ਸੁਆਲ ਨੂੰ ਤੱਥਾਂ ਮੁਤਾਬਕ ਹੀ ਵਾਚਿਆ ਹੈ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023