Posted on December 25th, 2022
ਸ਼੍ਰੀ ਅਨੰਦਪੁਰ ਸਾਹਿਬ ਦਾ ਨੀਂਹ ਪੱਥਰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ (1621-75 ) ਸ਼੍ਰੀ ਗੁਰੂ ਨਾਨਕ ਨੌਵੇਂ ਨੇ 19 ਜੂਨ 1665 ਨੂੰ ਇੱਕ ਪੁਰਾਣੇ ਪਿੰਡ ਮਾਖੋਵਾਲ ਦੇ ਇੱਕ ਥੇਹ ਉੱਤੇ ਰੱਖਿਆ ਸੀ, ਜਿਹੜਾ ਗੁਰੂ ਜੀ ਨੇ ਪਹਿਲਾਂ ਕਹਲੂਰ (ਬਿਲਾਸਪੁਰ) ਦੇ ਪਹਾੜੀ ਰਾਜਪੂਤ ਰਿਆਸਤ ਤੋਂ ਇਸੇ ਮਤਲਬ ਲਈ ਖਰੀਦਿਆ ਸੀ। ਗੁਰੂ ਜੀ ਨੇ ਆਪਣੀ ਮਾਤਾ ਜੀ ਦੇ ਨਾਂ ਤੇ ਇਸ ਨਵੀਂ ਆਬਾਦੀ ਦਾ ਨਾਂ ਚੱਕ ਨਾਨਕੀ ਰੱਖਿਆ ਅਤੇ ਇਸਦੇ 8 ਕਿਲੋਮੀਟਰ ਦੱਖਣ ਵੱਲ ਕੀਰਤਪੁਰ ਸਾਹਿਬ ਤੋਂ ਆਪਣੇ ਪਰਿਵਾਰ ਸਮੇਤ ਇੱਥੇ ਗਏ। ਪਰੰਤੂ ਛੇਤੀ ਹੀ ਪਿੱਛੋਂ ਆਪ ਦੇਸ ਦੇ ਪੂਰਬੀ ਹਿੱਸਿਆਂ ਵੱਲ ਯਾਤਰਾਵਾਂ ਤੇ ਚੱਲ ਪਏ। ਇਸ ਲਈ ਚੱਕ ਨਾਨਕੀ ਦਾ ਵਿਕਾਸ 1672 ਤੱਕ ਉਹਨਾਂ ਦੇ ਵਾਪਸ ਆਉਣ ਤੱਕ ਰੁਕਿਆ ਰਿਹਾ।
ਜਦੋਂ ਪੰਜਾਬ ਅਤੇ ਹੋਰ ਦੂਰ ਦੁਰੇਡੇ ਥਾਵਾਂ ਤੋਂ ਸ਼ਰਧਾਲੂ ਇੱਥੇ ਆਉਣ ਲੱਗੇ ਤਾਂ ਇਹ ਛੋਟੀ ਜਿਹੀ ਆਬਾਦੀ ਇੱਕ ਵੱਧਦੇ ਫੁੱਲਦੇ ਸ਼ਹਿਰ ਵਿੱਚ ਬਦਲ ਗਈ। ਮਈ 1675 ਵਿੱਚ ਕਸ਼ਮੀਰ ਤੋਂ ਪੰਡਤਾਂ ਦਾ ਇੱਕ ਜਥਾ ਆਪਣੀਆਂ ਤਕਲੀਫਾਂ ਦੱਸਣ ਲਈ ਗੁਰੂ ਜੀ ਕੋਲ ਆਇਆ। ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਉੱਤੇ ਧਾਰਮਿਕ ਅੱਤਿਆਚਾਰ ਹੋ ਰਹੇ ਹਨ ਅਤੇ ਕਸ਼ਮੀਰ ਦੇ ਮੁਗਲ ਗਵਰਨਰ ਦੇ ਹੁਕਮ ਨਾਲ ਉਹਨਾਂ ਨੂੰ ਜਬਰੀ ਧਰਮ ਬਦਲੀ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਗੁਰੂ ਤੇਗ਼ ਬਹਾਦਰ ਜੀ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਅਤੇ ਉਹਨਾਂ ਦੇ ਦੁੱਖੜੇ ਦੂਰ ਕਰਨ ਲਈ ਆਪਣਾ ਜੀਵਨ ਨਿਛਾਵਰ ਕਰਨ ਲਈ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਮਸਾਂ ਨੌਂ ਸਾਲ ਦੇ ਆਪਣੇ ਛੋਟੇ ਜਿਹੇ ਸਪੁੱਤਰ ਸ਼੍ਰੀ ਗੋਬਿੰਦ ਰਾਏ ਜੀ(ਬਾਅਦ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਨੂੰ ਆਪਣਾ ਉੱਤਰਾਧਿਕਾਰੀ ਥਾਪ ਕੇ ਉਹ ਯਾਤਰਾ ‘ਤੇ ਤੁਰ ਪਏ ਅਤੇ ਜਿਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਦੀ ਲੰਘੇ ਉੱਥੇ ਸਤਿਨਾਮ ਦਾ ਪ੍ਰਚਾਰ ਕਰਦੇ ਗਏ। ਦਿੱਲੀ ਵਿੱਚ ਗੁਰੂ ਜੀ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਨੂੰ ਤਸੀਹੇ ਦਿੱਤੇ ਗਏ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿੱਚ ਆਮ ਲੋਕਾਂ ਸਾਮ੍ਹਣੇ ਸ਼ਹੀਦ ਕਰ ਦਿੱਤਾ ਗਿਆ।
ਚੱਕ ਨਾਨਕੀ ਵਿੱਚ ਬਾਲਕ ਉੱਤਰਾਧਿਕਾਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (1666-1708 ) ਨੇ ਇੱਕ ਦਲੇਰ ਸਿੱਖ ਭਾਈ ਜੈਤਾ ਜੀ ਦੁਆਰਾ ਲਿਆਂਦਾ ਹੋਇਆ ਆਪਣੇ ਪਿਤਾ ਜੀ ਦਾ ਕੱਟਿਆ ਹੋਇਆ ਸੀਸ ਪ੍ਰਾਪਤ ਕੀਤਾ ਅਤੇ ਇਸ ਦਾ ਦਲੇਰੀ ਨਾਲ ਸ਼ਾਂਤ ਰਹਿ ਕੇ ਸੰਸਕਾਰ ਕੀਤਾ।
ਜਦੋਂ ਗੁਰੂ ਸਾਹਿਬ ਜੀ ਵੱਡੇ ਹੋਏ ਤਾਂ ਉਹਨਾਂ ਨੇ ਸਿਪਾਹੀਆਂ ਵਾਲਾ ਜੀਵਨ ਧਾਰਨ ਕੀਤਾ ਜਿਸ ਨਾਲ ਕਹਲੂਰ ਦੇ ਸਥਾਨਿਕ ਸ਼ਾਸਕ ਰਾਜਾ ਭੀਮ ਚੰਦ ਦੇ ਮਨ ਵਿਚ ਇਸ ਬਾਰੇ ਈਰਖਾ ਪੈਦਾ ਹੋ ਗਈ। ਸ਼ੁਰੂ ਵਿੱਚ ਹੀ ਝਗੜਾ ਟਾਲਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਹੋਰ ਪਹਾੜੀ ਰਿਆਸਤ ਸਿਰਮੌਰ ਦੇ ਰਾਜੇ ਵੱਲੋਂ ਸੱਦਾ ਸਵੀਕਾਰ ਕਰਕੇ 1685 ਵਿਚ ਚੱਕ ਨਾਨਕੀ ਛੱਡ ਕੇ ਜਮਨਾ ਦੇ ਕੰਢੇ ਪਾਉਂਟਾ ਸਾਹਿਬ ਵਿਖੇ ਚਲੇ ਗਏ।
ਰਾਜਪੂਤ ਪਹਾੜੀ ਰਾਜਿਆਂ ਦੀਆਂ ਸਮੂਹਿਕ ਫ਼ੌਜਾਂ ਨਾਲ ਭੰਗਾਣੀ (18 ਸਤੰਬਰ 1688 ) ਦੇ ਜੰਗ ਪਿੱਛੋਂ ਆਪ ਚੱਕ ਨਾਨਕੀ ਵਾਪਸ ਪਰਤੇ ਜਿਸਦਾ ਨਾਂ ਬਦਲਕੇ ਕਿਲਿਆਂ ਦੀ ਲੜੀ (ਅਨੰਦਗੜ੍ਹ ) ਦੇ ਨਾਂ ‘ਤੇ ਅਨੰਦਪੁਰ ਰੱਖ ਦਿੱਤਾ ਅਤੇ ਪਹਾੜੀ ਰਾਜਿਆਂ ਵੱਲੋਂ ਹਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ।
ਇਹ ਕਿਲੇ ਸਨ ਕੇਂਦਰ ਵਿਚ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸ਼੍ਰੀ ਅਨੰਦਗੜ੍ਹ ਸਾਹਿਬ । ਜਦਕਿ ਲੋਹਗੜ੍ਹ, ਹੋਲਗੜ੍ਹ , ਫਤਿਹਗੜ੍ਹ ਅਤੇ ਤਾਰਾਗੜ੍ਹ ਇਸ ਦੇ ਦੁਆਲੇ ਬਣਾਏ ਗਏ ਸਨ। ਕਹਲੂਰ ਦਾ ਭੀਮ ਚੰਦ ਅਤੇ ਉਸਦਾ ਪੁੱਤਰ ਅਜਮੇਰ ਚੰਦ ਗੁਰੂ ਜੀ ਤੋਂ ਭੰਗਾਣੀ ਦੇ ਜੰਗ ਵਿਚ ਹਾਰ ਖਾ ਕੇ ਵੀ ਆਪਣਾ ਗੁੱਸਾ ਨਹੀਂ ਭੁੱਲੇ ਸਨ ਭਾਵੇਂ ਕਿ ਗੁਰੂ ਜੀ ਨੇ ਜੰਮੂ ਦੇ ਗਵਰਨਰ ਦੁਆਰਾ ਉਹਨਾਂ ਦੇ ਖਿਲਾਫ ਭੇਜੇ ਮੁਗਲ ਜਰਨੈਲ ਨਾਲ ਲੜੀ ਨਦੌਣ ਦੀ ਲੜਾਈ (1691) ਵਿੱਚ ਉਹਨਾਂ ਦੀ ਮਦਦ ਕੀਤੀ ਸੀ। ਉਹਨਾਂ ਨੇ ਕਾਂਗੜਾ ਦੇ ਰਾਜਾ ਕਟੋਚ ਅਤੇ ਹੋਰ ਕਈ ਰਾਜਿਆਂ ਨਾਲ ਸੰਧੀ ਕਰਕੇ ਕਈ ਹਮਲੇ ਸ਼੍ਰੀ ਅਨੰਦਪੁਰ ਸਾਹਿਬ ਉੱਤੇ ਕੀਤੇ ਪਰੰਤੂ ਹਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ।
1699 ਦੀ ਵਿਸਾਖੀ ਵਾਲੇ ਦਿਨ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਕੰਮ, ਸੰਗਤ ਨੂੰ ਖ਼ਾਲਸੇ ਬਣਾਉਣ ਦਾ ਕੀਤਾ। ਕਈ ਹਜ਼ਾਰਾਂ ਨੇ ਉਸੇ ਦਿਨ ਅਤੇ ਅਗਲਿਆਂ ਦਿਨਾਂ ਵਿੱਚ ਦੋਧਾਰੇ ਖੰਡੇ ਦਾ ਅੰਮ੍ਰਿਤ ਛਕਿਆ। ਇਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਖ਼ਾਲਸੇ ਦਾ ਜਨਮ ਅਸਥਾਨ ਬਣ ਗਿਆ।
ਖ਼ਾਲਸੇ ਦੇ ਜਨਮ ਨਾਲ ਲਾਗੇ ਦੀਆਂ ਰਿਆਸਤਾਂ ਦੇ ਰਾਜੇ ਡਰ ਗਏ ਅਤੇ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੱਢਣ ਦੀ ਵਿਉਂਤਬੰਦੀ ਕੀਤੀ। ਉਹਨਾਂ ਨੇ ਗੁਰੂ ਜੀ ਕੋਲ ਏਲਚੀ ਭੇਜੇ ਜਿਨ੍ਹਾਂ ਨੇ ਸੌਹਾਂ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਉਹਨਾਂ ਅਤੇ ਉਹਨਾਂ ਦੇ ਸਿੱਖਾਂ ਨੂੰ ਕਦੇ ਵੀ ਤੰਗ ਨਹੀਂ ਕਰਨਗੇ, ਜੇਕਰ ਉਹ ਥੋੜ੍ਹੇ ਸਮੇਂ ਲਈ ਕਿਲਾ ਛੱਡ ਦੇਣ ਅਤੇ ਸ਼ਹਿਰ ਤੋਂ ਬਾਹਰ ਚਲੇ ਜਾਣ। ਨਾਲੋ ਨਾਲ ਹੀ ਉਹਨਾਂ ਨੇ ਅੰਦਰਖਾਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਲਈ ਸਰਹਿੰਦ ਦੇ ਮੁਗਲ ਫ਼ੌਜਦਾਰ ਤੋਂ ਫ਼ੌਜੀ ਮਦਦ ਮੰਗੀ ਅਤੇ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ ਪਰੰਤੂ ਰਾਜਿਆਂ ਦੀਆਂ ਚਾਲਾਂ ‘ਤੇ ਸ਼ੱਕ ਕਰਦੇ ਹੋਏ ਕੀਰਤਪੁਰ ਸਾਹਿਬ ਦੇ 4 ਕਿਲੋਮੀਟਰ ਦੱਖਣ ਵੱਲ ਪਿੰਡ ਹਰਦੋ ਨਮੋਹ ਵਿਖੇ ਯੁੱਧ ਨੀਤੀ ਦੇ ਹਿਸਾਬ ਨਾਲ ਆਪਣੀ ਠੀਕ ਰੱਖਿਆ ਕਰਨ ਲਈ ਰਹਿਣ ਯੋਗ ਪੜਾਉ ਕਰ ਲਿਆ।
ਉਹਨਾਂ ਉੱਤੇ ਉੱਤਰ ਵਲੋਂ ਹਿੰਦੂ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਅਤੇ ਮੁਗਲ ਫ਼ੌਜਾਂ ਨੇ ਤੋਪਾਂ ਨਾਲ ਦੱਖਣ ਤੋਂ ਹਮਲਾ ਕਰ ਦਿੱਤਾ। ਭੱਟ ਵਹੀਆਂ ਅਨੁਸਾਰ ਇਹ ਹਮਲੇ 7 , 12 ਅਤੇ 13 ਅਕਤੂਬਰ 1700 ਨੂੰ ਪਛਾੜ ਦਿੱਤੇ ਗਏ ਸਨ ਅਤੇ 14 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਘੇਰਾ ਤੋੜ ਦਿੱਤਾ ਅਤੇ ਸਤਲੁਜ ਲੰਘ ਕੇ ਬਸੌਲੀ, ਜਿਥੋਂ ਦਾ ਰਾਜਾ ਗੁਰੂ ਜੀ ਦਾ ਸ਼ਰਧਾਲੂ ਸੀ, ਵੱਲ ਚਲੇ ਗਏ। ਇਹ ਲੜਾਈ ਨਿਰਮੋਹਗੜ੍ਹ ਦੀ ਲੜਾਈ ਕਰਕੇ ਪ੍ਰਸਿੱਧ ਹੈ।
ਜਿਵੇਂ ਹੀ ਬਾਦਸ਼ਾਹੀ ਫ਼ੌਜਾਂ ਪਿਛਾਂਹ ਹਟ ਗਈਆਂ ਤਾਂ ਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ‘ਤੇ ਦੁਬਾਰਾ ਕਬਜ਼ਾ ਕਰ ਲਿਆ। ਹਿੰਦੂ ਪਹਾੜੀ ਰਾਜੇ ਬਾਦਸ਼ਾਹ ਔਰੰਗਜ਼ੇਬ ਕੋਲ ਗਏ ਅਤੇ ਉਸ ਨੂੰ ਚੇਤਾਵਨੀ ਦਿੱਤੀ ਕਿ ਖ਼ਾਲਸੇ ਦੇ ਪੈਦਾ ਹੋਣ ਨਾਲ ਉਸ ਦੀ ਬਾਦਸ਼ਾਹਤ ਨੂੰ ਖ਼ਤਰਾ ਬਣ ਗਿਆ ਹੈ। ਉਹਨਾਂ ਹੋਰ ਅੱਗੇ ਕਿਹਾ ਕਿ ਇਸ ਨੂੰ ਰੋਕਣ ਲਈ ਉਹ ਸਖ਼ਤ ਕਦਮ ਚੁੱਕੇ। ਦੱਖਣ ਵਿੱਚ ਮਰਾਠਿਆਂ ਦੇ ਵਿਦਰੋਹ ਨੂੰ ਦਬਾਉਣ ਵਿੱਚ ਪੂਰੀ ਤਰ੍ਹਾਂ ਲੱਗਾ ਹੋਣ ਕਰਕੇ ਬਾਦਸ਼ਾਹ ਨੇ ਲਾਹੌਰ ਦੇ ਗਵਰਨਰ ਅਤੇ ਸਰਹਿੰਦ ਦੇ ਫ਼ੌਜਦਾਰ ਨੂੰ ਹਿੰਦੂ ਰਾਜਿਆਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਦੇ ਖਿਲਾਫ਼ ਲੜਾਈ ਲੜਨ ਦੇ ਹੁਕਮ ਜਾਰੀ ਕਰ ਦਿੱਤੇ। ਇਹ ਉਹੀ ਹਿੰਦੂ ਰਾਜੇ ਸਨ, ਜਿਨ੍ਹਾਂ ਦੇ ਪੁਰਖੇ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ‘ਚੋਂ ਛੁਡਾਏ ਸਨ।
ਮੁਗਲਾਂ ਤੇ ਹਿੰਦੂ ਰਾਜਿਆਂ ਦੀ ਸਾਂਝੀ ਫ਼ੌਜ ਨੇ ਸ਼੍ਰੀ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ ਅਤੇ ਮਈ 1705 ਵਿੱਚ ਸ਼ਹਿਰ ਨੂੰ ਘੇਰਾ ਪਾ ਲਿਆ। ਗੁਰੂ ਜੀ ਨੇ ਅਤੇ ਉਹਨਾਂ ਦੇ ਸਿੱਖਾਂ ਨੇ ਘਿਰੇ ਹੋਣ ਕਰਕੇ ਅਤੇ ਭੋਜਨ ਆਦਿ ਦੀ ਘਾਟ ਹੋਣ ਦੇ ਬਾਵਜੂਦ ਕਈ ਮਹੀਨਿਆਂ ਤੱਕ ਇਹਨਾਂ ਹਮਲਿਆਂ ਨੂੰ ਰੋਕੀ ਰੱਖਿਆ। ਘੇਰਾ ਪਾਉਣ ਵਾਲਿਆਂ ਨੇ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੂੰ ਸੌਂਹ ਖਾ ਕੇ ਕਿਹਾ ਕਿ ਜੇਕਰ ਉਹ ਸ਼੍ਰੀ ਅਨੰਦਪੁਰ ਸਾਹਿਬ ਛੱਡ ਜਾਣ ਤਾਂ ਉਹ ਉਹਨਾਂ ਨੂੰ ਸੁਰੱਖਿਅਤ ਜਾਣ ਦੇਣਗੇ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ 6 ਪੋਹ ਦੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਛੱਡ ਦਿੱਤਾ ਤੇ ਸਰਸਾ ਨਦੀ ਵੱਲ ਚਾਲੇ ਪਾ ਦਿੱਤੇ। ਮਗਰੋਂ ਸੌਂਹਾਂ ਤੋਂ ਮੁੱਕਰ ਕੇ ਹਿੰਦੂ ਰਾਜਿਆਂ ਦੀ ਫੌਜ ਅਤੇ ਮੁਗਲ ਫੌਜ ਨੇ ਹਮਲਾ ਕਰ ਦਿੱਤਾ। ਕਈ ਸਿੰਘ ਸ਼ਹੀਦ ਹੋ ਗਏ। ਕਈ ਸਰਸਾ ਨਦੀ ਪਾਰ ਕਰਦੇ ਰੁੜ੍ਹ ਗਏ। ਗੁਰੂ ਪਰਿਵਾਰ ਦਾ ਵਿਛੋੜਾ ਪੈ ਗਿਆ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023