Posted on December 25th, 2022
ਗੁਰਦੁਆਰਾ ਪਿਲਕਣ ਸਾਹਿਬ ਜਿੱਥੇ ਦਰੱਖਤ ਨਾਲ ਕੁੰਮਾ ਮਾਸ਼ਕੀ ਆਪਣੀ ਬੇੜੀ ਬੰਨ੍ਹਦਾ ਸੀ।
ਮਾਤਾ ਗੁਜਰੀ ਜੀ ਦੀ ਆਰਜਾ ਵਿਦਵਾਨਾਂ ਅਨੁਸਾਰ ਬਿਆਸੀ-ਪਚਾਸੀ ਸਾਲਾਂ ਦੇ ਕਰੀਬ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੀ ਨੌਂ ਤੇ ਬਾਬਾ ਫਤਿਹ ਸਿੰਘ ਜੀ ਦੀ ਆਰਜਾ ਸੱਤ ਸਾਲਾਂ ਦੀ ਸੀ। ਮਾਤਾ ਜੀ ਨੇ ਸਦਾ ਹੀ ਮੁਸੀਬਤਾਂ ਦਾ ਸਾਹਮਣਾ ਸਬਰ ਅਤੇ ਨਿਡਰਤਾ ਨਾਲ ਕੀਤਾ। ਦੋਵੇਂ ਮਾਸੂਮ ਬਾਲਾਂ ਨੂੰ ਉਂਗਲ ਫੜਾ ਠੰਢੀ ਯਖ਼ ਰਾਤ ਦੇ ਘੁੱਪ ਹਨੇਰੇ ਵਿੱਚ ਝੱਲ-ਝਾੜੀਆਂ ਵਿੱਚੋਂ ਗੁਜ਼ਰਦੇ ਉਹ ਸਤਲੁਜ ਦਰਿਆ ਤੇ ਸਰਸਾ ਨਦੀ ਦੇ ਸਾਂਝੇ ਪੱਤਣ ਉੱਤੇ ਪੁੱਜ ਗਏ। ਇਹ ਸਫ਼ਰ ਨਿੱਕੇ-ਨਿੱਕੇ ਬਾਲਾਂ ਨੂੰ ਨਾਲ ਲੈ ਕੇ ਮਾਤਾ ਜੀ ਨੇ ਕਿਵੇਂ ਤੈਅ ਕੀਤਾ ਹੋਵੇਗਾ, ਸੋਚ ਕੇ ਰੂਹ ਕੰਬਦੀ ਹੈ।
ਉੱਥੇ ਕੁੰਮਾ ਮਾਸ਼ਕੀ ਨਾਂ ਦੇ ਵਿਅਕਤੀ ਦੀ ਕੱਖ-ਕਾਨਿਆਂ ਦੀ ਛੰਨ ਸੀ। ਤਿੰਨੇ ਰੱਬਿ ਰੂਹਾਂ ਉਸ ਥਾਂ ਜਾ ਰੁਕੀਆਂ। ਕੁੰਮਾ ਮਾਸ਼ਕੀ ਸਤਲੁਜ ਦਰਿਆ ਵਿੱਚ ਬੇੜੀ ਚਲ ਕੇ ਗੁਜ਼ਾਰਾ ਕਰਦਾ ਸੀ। ਰਾਤੀਂ ਉਹ ਉੱਥੇ ਹੀ ਰੁੱਖੀ-ਸੁੱਕੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦਾ ਸੌਂ ਜਾਂਦਾ। ਉਹ ਮੁਸਾਫ਼ਰਾਂ ਕੋਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੁਣਦਾ ਕਿ ਉਹ ਗ਼ਰੀਬ-ਗੁਰਬੇ ਦੇ ਹਮਦਰਦ ਤੇ ਰੱਖਿਅਕ ਹਨ। ਮਨ ਹੀ ਮਨ ਕੁੰਮਾ ਉਨ੍ਹਾਂ ਦਾ ਮੁਰੀਦ ਹੋ ਗਿਆ ਸੀ। ਜਦੋਂ ਉਸ ਨੇ ਆਪਣੀ ਕੁੱਲੀ ਅੱਗੇ ਖੜ੍ਹੇ ਤਿੰਨ ਰੱਬੀ ਨੂਰ ਦੇਖੇ ਉਹ ਸਮਝ ਗਿਆ ਕਿ ਇਹ ਕੌਣ ਹਨ। ਉਸ ਨੇ ਬਹੁਤ ਆਦਰ-ਪ੍ਰੇਮ ਸਹਿਤ ਉਨ੍ਹਾਂ ਨੂੰ ਛੰਨ ਅੰਦਰ ਆਉਣ ਲਈ ਬੇਨਤੀ ਕੀਤੀ।
ਕੁੰਮੇ ਨੇ ਮਾਤਾ ਜੀ ਤੇ ਗੁਰ ਲਾਲਾਂ ਨੂੰ ਘਾਹ-ਫੂਸ ਦੇ ਬਿਸਤਰੇ ਉੱਤੇ ਬਿਠਾਇਆ ਤੇ ਜੋ ਵੀ ਮੋਟਾ-ਭਾਰਾ ਕੱਪੜਾ ਸੀ ਉਨ੍ਹਾਂ ਨੂੰ ਠੰਢ ਤੋਂ ਬਚਣ ਲਈ ਦਿੱਤਾ। ਮਖ਼ਮਲੀ ਸੇਜਾਂ ਉੱਤੇ ਸੌ ਵਾਲਿਆਂ ਰਜ਼ਾ ਵਿੱਚ ਰਾਜ਼ੀ ਰਹਿ ਉੱਥੇ ਠਾਹਰ ਕਰਨ ਦਾ ਫ਼ੈਸਲਾ ਕੀਤਾ। ਕੁੰਮਾ ਮਾਸ਼ਕੀ ਨਾਲ ਦੇ ਪਿੰਡੋਂ ਉਨ੍ਹਾਂ ਲਈ ਭੋਜਨ ਲੈਣ ਚਲਾ ਗਿਆ। ਪਿੰਡ ਵਿੱਚ ਲੱਛਮੀ ਨਾਂ ਦੀ ਇੱਕ ਵਿਧਵਾ ਬ੍ਰਾਹਮਣ ਔਰਤ ਇਕੱਲ ਰਹਿੰਦ ਸੀ ਜੋ ਬਹੁਤ ਦਿਆਲੂ ਤੇ ਨੇਕਦਿਲ ਸੀ। ਉਹ ਕਿਸੇ ਵੀ ਲੋੜਵੰਦ ਨੂੰ ਰੋਟੀ-ਪਾਣੀ ਛਕਾ ਕੇ ਪ੍ਰਸੰਨ ਹੁੰਦੀ ਤੇ ਭਜਨ-ਬੰਦਗੀ ਕਰਦੀ ਰਹਿੰਦੀ। ਕੁੰਮੇ ਨੇ ਉਸ ਨੂੰ ਸਾਰੀ ਵਾਰਤਾ ਦੱਸੀ।
ਮਾਈ ਲੱਛਮੀ ਨੇ ਉਸ ਨੂੰ ਭੋਜਨ ਦੇ ਨਾਲ ਕੁਝ ਗਰਮ ਕੱਪੜੇ ਵੀ ਦਿੱਤੇ। ਉਸ ਨੇ ਇਹ ਵੀ ਕਿਹਾ ਕਿ ਸਵੇਰੇ ਮੈਂ ਉਨ੍ਹਾਂ ਮਹਾਨ ਜਿਊੜਿਆਂ ਦੇ ਦਰਸ਼ਨ ਕਰਨ ਆਵਾਂਗੀ ਤੇ ਭੋਜਨ ਵੀ ਲਿਆਵਾਂਗੀ। ਕੁੰਮੇ ਨੇ ਤਿੰਨਾਂ ਨੂੰ ਭੋਜਨ ਛਕਾਇਆ।
ਸਵੇਰ ਹੋਈ ਤੇ ਮਾਈ ਲੱਛਮੀ ਸਾਰਿਆਂ ਲਈ ਭੋਜਨ ਲੈ ਆਈ। ਮਾਤਾ ਗੁਜਰੀ ਜੀ ਨੇ ਕੁੰਮੇ ਮਾਸ਼ਕੀ ਤੇ ਮਾਈ ਲੱਛਮੀ ਨੂੰ ਧਨ, ਜ਼ੇਵਰ ਤੇ ਸੋਨੇ ਦੀਆਂ ਮੋਹਰਾਂ ਦੇ ਕੇ ਨਿਵਾਜਿਆ। ਕੁੰਮਾ ਮਾਸ਼ਕੀ ਉਨ੍ਹਾਂ ਨੂੰ ਆਪਣੀ ਬੇੜੀ ਵਿੱਚ ਸਤਲੁਜ ਦਰਿਆ ਪਾਰ ਕਰਾ ਕੇ ਇੱਕ ਪਿਲਕਣ ਦੇ ਦਰੱਖਤ ਕੋਲ ਉਤਾਰ ਆਇਆ। ਉਸ ਦਰੱਖਤ ਨਾਲ ਪੁਰਾਣੇ ਮਲਾਹ ਆਪਣੀਆਂ ਬੇੜੀਆਂ ਬੰਨ੍ਹਦੇ ਸਨ ਜੋਂ ਅੱਜ ਵੀ ਮੌਜੂਦ ਹੈ। ਇੱਥੋਂ ਹੀ ਬੇਈਮਾਨ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ। ਉਸ ਦੇ ਲੂਣ ਹਰਾਮੀ ਹੋਣ ਦੀ ਪੁਸ਼ਟੀ ਇਤਿਹਾਸ ਤਿੰਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨਾਲ ਕਰਦਾ ਹੈ।
ਕੁੰਮਾ ਸਤਲੁਜ ਦਰਿਆ ਨੇੜੇ ਵਸਦੇ ਪਿੰਡ ਅਵਾਨ ਦੇ ਗ਼ਰੀਬ ਝਿਊਰ ਪਰਿਵਾਰ ਵਿੱਚ ਜਨਮਿਆ ਸੀ। ਸਤਲੁਜ ਦਰਿਆ ਜਾਂ ਖੂਹ ਤੋਂ ਪਾਣੀ ਭਰ ਕੇ ਲੋਕਾਂ ਦੇ ਘਰੀਂ ਪਹੁੰਚਾਉਣਾ ਉਸ ਦਾ ਪਿਤਾ ਪੁਰਖੀ ਕਿੱਤਾ ਸੀ। ਪਾਣੀ ਵਾਲੀ ਮਸ਼ਕ ਕਾਰਨ ਉਸ ਦੇ ਨਾਂ ਨਾਲ ਮਾਸ਼ਕੀ ਸ਼ਬਦ ਜੁੜ ਗਿਆ। ਉਹ ਹੋਰ ਮਿਹਨਤ-ਮਜ਼ਦੂਰੀ ਵ ਕਰਦਾ। ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਸਤਲੁਜ ਪਾਰ ਕਰਾਉਣ ਲਈ ਉਹ ਬੇੜੀ ਚਲਾਉਣ ਲੱਗਾ। ਦਰਿਆ ਕਿਨਾਰੇ ਉਸ ਨੇ ਕੱਖਾਂ-ਕਾਨਿਆਂ ਦੀ ਕੁੱਲੀ (ਛੰਨ) ਬਣਾ ਲਈ ਮੁਸਾਫ਼ਰਾਂ ਦੀ ਸਹੂਲਤ ਲਈ ਉਹ ਉੱਥੇ ਹੀ ਰੈਣ ਬਸੇਰਾ ਕਰ ਲੈਂਦਾ। ਦੂਜੇ ਪੱਤਣ ’ਤੇ ਇੱਕ ਪਿਲਕਣ ਦਾ ਦਰੱਖਤ ਸੀ, ਕੁੰਮਾ ਆਪਣੀ ਬੇੜੀ ਉਸ ਨਾਲ ਬੰਨ੍ਹ ਕੇ ਮੁਸਾਫ਼ਰਾਂ ਦੀ ਉਡੀਕ ਕਰਦਾ। ਅੱਜ ਉੱਥੇ ਚੱਕ ਢੇਰਾ ਨਾਮਕ ਪਿੰਡ ਵਸਦਾ ਹੈ।
ਮਾਈ ਲੱਛਮੀ ਬ੍ਰਾਹਮਣ ਪਰਿਵਾਰ ਦੀ ਧੀ ਸੀ ਜੋ ਕੁੰ ਦੇ ਪਿੰਡ ਅਵਾਨ ਕੋਟ ਵਿਆਹੀ ਹੋਈ ਸੀ। ਸਹੁਰਾ ਪਰਿਵਾਰ ਲੋਕਾਂ ਦੇ ਘਰਾਂ ਵਿੱਚ ਪੂਜਾ-ਪਾਠ ਕਰਦਾ ਸੀ ਜਿਸ ਕਰਕੇ ਇਹ ਪੁਰੋਹਤ ਸੱਦੇ ਜਾਂਦੇ ਸਨ। ਲੱਛਮੀ ਦੇ ਕੋਈ ਔਲਾਦ ਨਹੀਂ ਸੀ ਤੇ ਉਸ ਦਾ ਪਤੀ ਵੀ ਪਰਲੋਕ ਸਿਧਾਰ ਗਿਆ ਸੀ। ਉਹ ਭਜਨ-ਬੰਦਗੀ ਕਰਦੀ ਤੇ ਸੇਵਾ ਬਿਰਤੀ ਨਾਲ ਲੋੜਵੰਦਾਂ ਨੂੰ ਅੰਨ-ਪਾਣੀ ਛਕਾਉਂਦੀ। ਕੁੰਮਾ ਉਸ ਦਾ ਬਹੁਤ ਆਦਰ ਕਰਦਾ ਤੇ ਮਾਈ ਲੱਛਮੀ ਖਾਣੇ-ਦਾਣੇ ਤੋਂ ਇਲਾਵਾ ਅੰਨ-ਧਨ ਨਾਲ ਵੀ ਕੁੰਮੇ ਦੀ ਮੱਦਦ ਕਰਦੀ। ਜੇ ਵੇਲੇ-ਕੁਵੇਲੇ ਕੋਈ ਮੁਸਾਫ਼ਰ ਉਸ ਕੋਲ ਠਹਿਰ ਜਾਂਦਾ ਤਾਂ ਉਹ ਮਾਈ ਲੱਛਮੀ ਕੋਲੋਂ ਭੋਜਨ ਲਿਆ ਕੇ ਉਸ ਨੂੰ ਖੁਆਉਂਦਾ। ਦੋਵਾਂ ਦੀ ਉਮਰ ਮਾਂ ਤੇ ਪੁੱਤਰ ਦੇ ਦਰਜੇ ਵਾਲੀ ਸੀ। ਉਹ ਮਾਂ-ਪੁੱਤਰ ਵਾਂਗ ਇੱਕ-ਦੂਜੇ ਦਾ ਆਸਰਾ ਸਨ।
ਭਾਈ ਸੁਰਿੰਦਰ ਸਿੰਘ ਖਾਲਸਾ ਨੇ ਕੁੰਮਾ ਮਾਸ਼ਕੀ ਦੀ ਛੰਨ ਵਾਲੇ, ਬੇੜੀ ਬੰਨ੍ਹਣ ਵਾਲੇ ਪਿਲਕਣ ਦੇ ਦਰੱਖਤ ਜੋ ਹੁਣ ਪਿੰਡ ਚੱਕ ਢੇਰਾ ਵਿੱਚ ਪੈਂਦਾ ਹੈ ਵਾਲੇ ਸਥਾਨ ਦੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਇੱਕ ਰਾਤ ਠਹਿਰਰਨ ਵਾਲੇ ਪਾਵਨ ਅਸਥਾਨ ਮੁਹੱਲਾ ਉੱਚਾ ਖੇੜਾ, ਰੋਪੜ ਦੀ ਨਿਸ਼ਾਨਦੇਹੀ ਕੀਤੀ ਤੇ ਉਨ੍ਹਾਂ ਮੁਕੱਦਸ ਸਥਾਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰ ਕੇ ਨਿਸ਼ਾਨ ਸਾਹਿਬ ਝੁਲਾਏ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਵੱਲੋਂ ਮਾਤਾ ਜੀ ਵਲੋਂ ਕੀਤੀ ਸੇਵਾ ਬਾਬਤ ਪਤਾ ਲੱਗਾ ਤਾਂ ਉਹ ਅਵਾਨ ਕੋਟ ਆ ਪੁੱਜਾ। ਇਹ ਪਿੰਡ ਅਵਾਨ ਜਾਤ ਦੇ ਮੁਸਲਮਾਨਾਂ ਵਸਾਇਆ ਸੀ। ਜੂਨ 1710 ਵਿੱਚ ਦਸਮ ਪਿਤਾ ਦੇ ਵਰੋਸਾਏ ‘ਬੰਦੇ’ ਨੇ ਅਵਾਨ ਕੋਟ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਮਾਈ ਲੱਛਮੀ ਤੇ ਕੁੰਮਾ ਮਾਸ਼ਕੀ ਨੂੰ ਬਹੁਤ ਮਾਣ-ਸਨਮਾਨ ਦੇ ਕੇ ਵਡਿਆਇਆ। ਕੁੰਮਾ ਮਾਸ਼ਕੀ ਅੰਮ੍ਰਿਤਪਾਨ ਕਰ ਕੇ ਸਿੰਘ ਸਜ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਅਗਲੀ ਮੁਹਿੰਮ ਲਈ ਤੁਰ ਪਿਆ। ਮਾਈ ਲੱਛਮੀ ਨੇ ਬਿਰਧ ਅਵਸਥਾ ਵਿੱਚ ਆਪਣੇ ਪਿੰਡ ਅਵਾਨ ਕੋਟ ਹੀ ਜੀਵਨ ਪੰਧ ਮੁਕਾਇਆ ਤੇ ਅੰਤਿਮ ਸਸਕਾਰ ਉੱਥੇ ਹੀ ਹੋਇਆ।
ਕਰਮ ਸਿੰਘ (ਕੁੰਮਾ ਮਾਸ਼ਕੀ) ਬਾਰੇ ਖੋਜ ਕਰਨ ਵਾਲੇ ਲੇਖਕ ਸੁਰਿੰਦਰ ਸਿੰਘ ਖਾਲਸਾ ਨੇ ਆਪਣੀ ਦਸੰਬਰ 2021 ਵਿੱਚ ਛਪੀ ਪੁਸਤਕ ‘ਪੋਹ ਦੀਆਂ ਰਾਤਾਂ’ ਵਿੱਚ ਪੰਨਾ 280 ਉੱਤੇ ਲਿਖਿਆ ਹੈ ਕਿ ਕਰਮ ਸਿੰਘ ਭਾਵ ਕੁੰਮਾ ਮਾਸ਼ਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਜ਼ਾਲਮਾਂ-ਜਾਬਰਾਂ ਦੇ ਆਹੂ ਲਾਹੁੰਦਾ ਸ਼ਹਾਦਤ ਪ੍ਰਾਪਤ ਕਰ ਗਿਆ। ਉਸਦੀ ਉਮਰ ਅੰਦਾਜ਼ਨ 60 ਸਾਲ ਦੇ ਨੇੜੇ ਹੋਵੇਗੀ। ਇਸੇ ਪੰਨੇ ਉੱਤੇ ਹਵਾਲਾ ਮਿਲਦਾ ਹੈ:
ਸੰਮਤ 1812 ਬਿ: (1755 ਈਸਵੀ) ਨੂੰ ਲਿਖੇ ਸ਼ਹੀਦਨਾਮਾ ਵਿੱਚ ਕਵੀ ਕਿਸ਼ਨ ਸਿੰਘ ਨੇ ਬਾਬਾ ਕੁੰਮਾ ਮਾਸ਼ਕੀ ਜਜੀਾ ਜ਼ਿਕਰ ਇਨ੍ਹਾਂ ਸਤਰਾਂ ਨਾਲ ਕੀਤਾ ਹੈ-
ਬੰਦੇ ਸੁਨੀ ਕਰਮੂ ਕੀ ਗਾਥਾ। ਤਿਨਹ ਕਮਾਈ ਸੇਵ ਅਕਾਥਾ।। ਅਪਨੇ ਨਿਕਟ ਤਿਹ ਲੀਯੋ ਬੁਲਾਏ। ਆਦਰ ਦੀਨੋ ਬਹੁਤ ਅਧਿਕਾਏ।। ਸਤ ਮੋਹਰੇ ਅਰ ਬਸਤਰ ਅਪਾਰਾ। ਬੰਦਹਿ ਭੇਟੇ ਕਰ ਬਹੁ ਸਤਿਕਾਰਾ।। ਕਰਮੂ ਝੀਵਰ ਭਯਾ ਪ੍ਰਸੰਨ। ਮੁਖਹੁ ਅਲਾਵੈ ਸਤਿਗੁਰ ਧੰਨ ਧੰਨ।। ਤਿਨਹਿ ਪੁਨਹਿ ਸਿੰਘ ਸਾਜਨ ਕੀਨਾ। ਕਰਮਾ ਭਯੋ ਕਰਮ ਸਿੰਘ ਪ੍ਰਬੀਨਾ।।
ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਈ ਲੱਛਮੀ ਨੂੰ ਮਿਲਣ ਦੀ ਪੁਸ਼ਟੀ ਵੀ ਸ਼ਹੀਦਨਾਮਾ ਵਿੱਚ ਕੀਤੀ ਗਈ ਹੈ। ਪੁਸਤਕ ‘ਪੋਹ ਦੀਆਂ ਰਾਤਾਂ’ ਦੇ ਪੰਨਾ 285 ਉੱਤੇ ਅੰਕਿਤ ਹੈ: ਦੋਹਰਾ ਮਾਤਾ ਲੱਛਮੀ ਕੀ ਸੇਵ ਸੁਨ ਬੰਦਾ ਬਹੁ ਹਰਖਾਇ।। ਬੰਦੇ ਸਾਥ ਸਿਖ ਬਹੁਤ ਲੀਏ ਮਾਤ ਕੇ ਚਰਨ ਪਰਸੇ ਜਾਇ।। ਚੌਪਈ ਮਾਤ ਲੱਛਮੀ ਭਈ ਪ੍ਰਸੰਨਾ। ਆਖੇ ਮੁਖਹੁ ਸਤਿਗੁਰ ਧੰਨ ਧੰਨਾ।।
ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਦੇ ਨਾਲ ਉਨ੍ਹਾਂ ਦੇ ਪਿਆਰੇ-ਸਚਿਆਰੇ ਸੇਵਕਾਂ ਦਾ ਵੀ ਸਿੱਖ ਇਤਿਹਾਸ ਵਿੱਚ ਵਿਲੱਖਣ ਤੇ ਮਾਣਮੱਤਾ ਸਥਾਨ ਹੈ ਜਿਨ੍ਹਾਂ ਵਿੱਚ ਬਾਬਾ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਨੇ ਕੀਤੀ ਸੇਵਾ ਸਦਕਾ ਆਪਣੇ ਨਾਮ ਦਰਜ ਕਰਵਾ ਲਿਆ ਹੈ।
ਪਰਮਜੀਤ ਕੌਰ ਸਰਹਿੰਦ ਸੰਪਰਕ: 98728-98599
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023