Posted on December 25th, 2022
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਕੁਝ ਦਰਜਨ ਸਿੰਘ ਰਹਿ ਗਏ। ਦੂਜੇ ਪਾਸੇ ਸਰਸਾ ਤੋਂ ਵਿੱਛੜ ਕੇ ਮਾਤਾ ਗੁਜਰੀ ਜੀ ਸੱਤ ਅਤੇ ਨੌਂ ਸਾਲਾਂ ਦੇ ਮਾਸੂਮ ਬਾਲਾਂ ਦੀਆਂ ਉਂਗਲਾਂ ਫੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ’ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਭੇਦ ਹੋ ਜਾਂਦੀ ਹੈ।
ਪਰਿਵਾਰ ਦਾ ਵਿਛੋੜਾ ਪੈ ਗਿਆ। ਓਧਰ ਸਰਸਾ ਨਦੀ ਪਾਰ ਕਰਕੇ ਗੁਰੂ ਜੀ ਜਦੋਂ ਕੋਟਲਾ ਨਿਹੰਗ ਖਾਨ (ਰੋਪੜ ਪਹੁੰਚੇ) ਤਾਂ ਉਨ੍ਹਾਂ 'ਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ। ਇਥੋਂ ਚੱਲ ਕੇ ਗੁਰੂ ਜੀ ਚਮਕੌਰ ਪਹੁੰਚੇ। ਹੁਣ ਉਨ੍ਹਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ, ਬਾਕੀ ਸ਼ਹੀਦੀਆਂ ਪਾ ਗਏ।
ਕੜਾਕੇ ਦੀ ਠੰਡ ਪੈ ਰਹੀ ਸੀ। ਇਥੇ ਗੁਰੂ ਜੀ ਨੇ ਹਵੇਲੀ ਵਿਚ ਟਿਕਾਣਾ ਕੀਤਾ, ਜਿਸ ਨੂੰ ਗੜ੍ਹੀ ਆਖਿਆ ਜਾਂਦਾ ਹੈ। ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇਥੇ ਵੀ ਪੁੱਜ ਗਈਆਂ ਅਤੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਇਸ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਦੁਪਹਿਰ ਤੀਕ ਸਿੰਘਾਂ ਦੇ ਤੀਰ ਅਤੇ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ।
ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਗੜ੍ਹੀ ਵਿਚੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਸੀ। ਦੋ ਜਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਥਾਪੇ ਗਏ। ਬਾਬਾ ਅਜੀਤ ਸਿੰਘ ਦੀ ਉਸ ਵੇਲੇ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ 15 ਸਾਲ ਸੀ।
ਸਿੰਘਾਂ ਦਾ ਜਥਾ ਜੈਕਾਰੇ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦੀ ਦਾ ਜਾਮ ਪੀ ਲੈਂਦਾ। ਵਾਰੀ ਆਉਣ 'ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਸ਼ਹੀਦੀ ਦੇਣ ਲਈ ਤੋਰਿਆ।
ਪੁੱਤਰ ਦੀ ਬਹਾਦਰੀ ਨੂੰ ਗੁਰੂ ਸਾਹਿਬ ਗੜ੍ਹੀ ਦੀ ਕੰਧ 'ਤੇ ਖੜ੍ਹੇ ਹੋ ਕੇ ਵੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਆਪ ਨੇ ਰੋਸ ਪ੍ਰਗਟ ਕਰਨ ਦੀ ਥਾਂ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਾਹਿਬਜ਼ਾਦੇ ਨੂੰ ਯੁੱਧ ਵਿਚ ਭੇਜ ਦਿੱਤਾ। ਜਿਸ ਫੁਰਤੀ ਅਤੇ ਸਿਆਣਪ ਨਾਲ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਯੁੱਧ ਕੀਤਾ, ਉਸ ਨੇ ਵੈਰੀਆਂ ਨੂੰ ਵੀ ਦੰਗ ਕਰ ਦਿੱਤਾ। ਰਾਤ ਪੈਣ ਤੀਕ ਛੋਟੇ ਸਾਹਿਬਜ਼ਾਦੇ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ।
ਸੰਸਾਰ ਵਿਚ ਕੋਈ ਵੀ ਗੁਰੂ, ਰਹਿਬਰ, ਬਾਦਸ਼ਾਹ ਅਜਿਹਾ ਨਹੀਂ ਹੋਇਆ ਜਿਸ ਨੇ ਮਜ਼ਲੂਮਾਂ ਦੀ ਰਾਖੀ ਖਾਤਰ ਆਪਣੇ ਹੱਥੀਂ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ।
ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਿੱਛੋਂ ਦਸਮੇਸ਼ ਪਿਤਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਭਾਗ ਹਨ ਮੇਰੇ, ਇਹ ਅੱਲ੍ਹਾ ਦੀ ਅਮਾਨਤ ਸਨ, ਉਸ ਨੂੰ ਸੌਂਪ ਕੇ ਮੈਂ ਮੈਦਾਨੇ-ਜੰਗ ਤੋਂ ਸੁਰਖਰੂ ਹੋ ਕੇ ਜਾ ਰਿਹਾ ਹਾਂ। ਚਮਕੌਰ ਦੀ ਅਸਾਵੀਂ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋਏ ਚਾਲੀ ਸਿੰਘਾਂ ਨੇ ਇਸ ਪਾਵਨ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਇਹ ਧਰਤੀ ਇਕ ਤੀਰਥ ਅਸਥਾਨ ਬਣ ਗਈ, ਜੋ ਸ਼ਹਾਦਤ ਦੇ ਇਤਿਹਾਸ ਦੀ ਸ਼ਾਹਦੀ ਭਰਦੀ ਹੈ। ਕਵੀ ਅੱਲ੍ਹਾ ਯਾਰ ਖਾਂ ਨੇ ਇਸ ਧਰਤੀ ਨੂੰ ਇਸ ਤਰ੍ਹਾਂ ਸਤਿਕਾਰ ਭੇਟ ਕੀਤਾ ਹੈ :
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਏ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸ਼ਮਾ ਕੇ ਲੀਏ।
(ਗੰਜਿ ਸ਼ਹੀਦਾਂ)
ਸਾਕਾ ਚਮੌਕਰ ਸਾਹਿਬ ਖਾਲਸਾ ਪੰਥ ਦੀ ਗੌਰਵਮਈ ਦਾਸਤਾਨ ਹੈ। ਅਜੋਕੇ ਯੁੱਗ ਦੇ ਸਿੱਖ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਅਤੇ ਧਰਮ ਪ੍ਰਤੀ ਪ੍ਰਪੱਕਤਾ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਸਿੱਖੀ ਸਰੂਪ ਦੀ ਸੰਭਾਲਣਾ ਕਰਨ ਲਈ ਪ੍ਰੇਰਨਾ ਲੈਣੀ ਚਾਹੀਦੀ ਹੈ। ਸਾਕਾ ਚਮਕੌਰ ਸਾਹਿਬ ਸਾਡੀਆਂ ਯਾਦਾਂ ਦਾ ਹਿੱਸਾ ਬਣ ਕੇ ਸਾਨੂੰ ਆਪਣੇ ਪੁਰਖਿਆਂ ਦੀ ਸੂਰਬੀਰਤਾ ਦੀ ਦਾਸਤਾਨ ਨੂੰ ਮੁੜ-ਮੁੜ ਸੁਣਨ ਲਈ ਪ੍ਰੇਰਿਤ ਕਰਦਾ ਹੈ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023