Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਹਾਦਤਾਂ ਦਾ ਸਫਰ : ਚੌਧਰੀ ਨਿਹੰਗ ਖਾਂ, ਬੀਬੀ ਮੁਮਤਾਜ ਅਤੇ ਭਾਈ ਨਬੀ ਖਾਨ- ਭਾਈ ਗ਼ਨੀ ਖਾਨ

Posted on December 25th, 2022

ਲੰਘੇ ਕੁਝ ਦਿਨਾਂ 'ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣਾ, ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ ਦੀ ਗੜ੍ਹੀ 'ਚ ਵੱਡੇ ਸਾਹਿਬਜ਼ਾਦਿਆਂ ਸਮੇਤ ਹੋਰ ਸਿੰਘਾਂ ਦੀ ਸ਼ਹੀਦੀ ਬਾਰੇ ਸਾਂਝ ਪਾਈ ਸੀ। ਗੁਰੂ ਪਰਿਵਾਰ ਨੂੰ ਦੁੱਧ ਛਕਾਉਣ ਬਦਲੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ 'ਚ ਪੀੜਨ ਦੀ ਗਾਥਾ ਸਾਂਝੀ ਕੀਤੀ ਸੀ।

ਗੁਰੂ ਘਰ ਦੇ ਅਨੇਕਾਂ ਸ਼ਰਧਾਲੂ ਸਨ, ਜਿਨ੍ਹਾਂ ਦਾ ਧਰਮ ਹੋਰ ਸੀ ਪਰ ਉਨ੍ਹਾਂ ਜਾਨ ਦੀ ਪਰਵਾਹ ਕੀਤੇ ਬਿਨਾ ਗੁਰੂ ਸਾਹਿਬ ਦੀ ਔਖੇ ਸਮੇਂ ਮਦਦ ਕੀਤੀ। ਉਨ੍ਹਾਂ 'ਚੋਂ ਇੱਕ ਪਰਿਵਾਰ ਸੀ; ਚੌਧਰੀ ਨਿਹੰਗ ਖਾਂ ਅਤੇ ਉਸਦੀ ਬੇਟੀ ਬੀਬੀ ਮੁਮਤਾਜ। ਗੁਰੂ ਸਾਹਿਬ ਨੁੰ ਉੱਚ ਦਾ ਪੀਰ ਬਣਾ ਕੇ ਲਿਜਾਣ ਵਾਲੇ ਭਾਈ ਨਬੀ-ਭਾਈ ਗ਼ਨੀ ਖਾਨ ਚੌਧਰੀ ਨਿਹੰਗ ਖਾਂ ਦੇ ਭਾਣਜੇ ਸਨ।

ਇਹ ਪਰਿਵਾਰ ਪੀੜ੍ਹੀਆਂ ਤੋਂ ਗੁਰੂ ਘਰ ਦਾ ਸੇਵਕ ਸੀ ਤੇ ਸੱਤ ਗੁਰੂ ਸਹਿਬਾਨ ਨੇ ਇਹਨਾਂ ਦੇ ਘਰ ਚਰਨ ਪਾਏ ਸਨ। ਨਿਹੰਗ ਖਾਂ ਪਠਾਣ ਸ਼ਾਹ ਸੁਲੇਮਾਨ ਗਜ਼ਨਵੀ ਦੀ ਕੁਲ ਵਿਚੋਂ ਨੌਰੰਗ ਖਾਂ ਦਾ ਪੁੱਤਰ ਸੀ, ਜਿਸਦੀ ਪਤਨੀ ਜ਼ੈਨਾ ਬੇਗਮ, ਪੁੱਤਰ ਆਲਮ ਖਾਂ ਤੇ ਪੁੱਤਰੀ ਮੁਮਤਾਜ ਗੁਰੂ ਜੀ ਦੇ ਚੰਗੇ ਪ੍ਰੇਮੀ ਸਨ।

ਇਨ੍ਹਾਂ ਵਿੱਚ ਸ਼ਰਧਾ ਦਾ ਮੁੱਢਲਾ ਕਾਰਨ ਇਹ ਸੀ ਕਿ ਨੌਰੰਗ ਖਾਂ ਦਾ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਰੀਦ ਸੀ। ਇਸ ਦੇ ਘਰ ਵਿੱਚ ਸ਼ਰਧਾ, ਲਗਨ ਤੇ ਪਿਆਰ ਸੀ। ਫਿਰ ਨੌਰੰਗ ਖਾਂ ਤੇ ਨਿਹੰਗ ਖਾਂ ਪਿਉ-ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆ ਕੇ ਚੰਗੀ ਨਸਲ ਦੇ ਘੋੜੇ ਲਿਆ ਕੇ ਦਿਆ ਕਰਦੇ ਸਨ।

ਸਿੱਖ ਇਤਿਹਾਸ ਅਨੁਸਾਰ ਜਦੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਪਹਾੜੀ ਰਾਜਿਆਂ ਅਤੇ ਮੁਗਲ ਫੌਜ ਨਾਲ ਜੰਗ ਲੜਦੇ ਹੋਏ ਰੋਪੜ ਕੋਲ ਪਠਾਣਾਂ ਦੇ ਭੱਠੇ ਪਾਸ ਪਹੁੰਚੇ ਤੇ ਆਪਣੇ ਨੀਲੇ ਘੋੜੇ ਦੇ ਪੌੜਾਂ ਨਾਲ ਭੱਠਾ ਠੰਢਾ ਕੀਤਾ ਸੀ। ਇੱਥੇ ਗੁਰਦੁਆਰਾ ਭੱਠਾ ਸਾਹਿਬ ਬਣਿਆ ਹੋਇਆ ਹੈ।

ਬਾਅਦ ਵਿੱਚ ਭੱਠੇ ਦਾ ਮਾਲਕ ਚੌਧਰੀ ਪਠਾਣ ਨਿਹੰਗ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੂੰ ਆਪਣੇ ਕਿਲ੍ਹੇ ਵਿੱਚ ਲੈ ਗਿਆ। ਕਿਸੇ ਚੁਗਲ (ਟਾਊਟ) ਨੇ ਰੋਪੜ ਦੇ ਕੋਤਵਾਲ ਚੌਧਰੀ ਜ਼ਾਫਰ ਅਲੀ ਖਾਂ ਪਾਸ ਚੁਗਲੀ ਕੀਤੀ ਕਿ ਨਿਹੰਗ ਖਾਂ ਦੇ ਪਾਸ ਕੁਝ ਸਿੱਖ ਉਤਰੇ ਹੋਏ ਹਨ। ਸਵੇਰੇ ਤੜਕੇ ਹੀ ਮੁਗਲ ਫੌਜ ਨੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਰ ਰਾਤ ਕਿਲੇ ’ਚੋਂ ਚਲੇ ਗਏ ਸਨ।

ਸਾਰੇ ਕਿਲ੍ਹੇ ਦੀ ਤਲਾਸ਼ੀ ਲੈਣ ਪਿੱਛੋਂ ਕੇਵਲ ਇਕ ਕਮਰਾ ਹੀ ਬਾਕੀ ਰਹਿ ਗਿਆ ਸੀ, ਜਿਸ ਵਿੱਚ ਜ਼ਖਮੀ ਹੋਇਆ ਭਾਈ ਬਚਿੱਤਰ ਸਿੰਘ ਤੇ ਪਠਾਣ ਦੀ ਲੜਕੀ ਮੁਮਤਾਜ ਇਸ ਦੀ ਸੇਵਾ ਵਿੱਚ ਸੀ। ਕੋਤਵਾਲ ਇਸ ਕਮਰੇ ਪਾਸ ਗਿਆ ਤੇ ਅੱਗੋਂ ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਦਾਮਾਦ ਹਨ। ਇਹ ਸੁਣ ਕੇ ਮੁਗਲ ਫੌਜ ਗੁਸਤਾਖੀ ਮਾਫ ਕਹਿ ਕੇ ਕਿਲ੍ਹੇ ਤੋਂ ਵਾਪਸ ਚਲੀ ਗਈ।

ਅਗਲੀ ਸਵੇਰ ਬੀਬੀ ਮੁਮਤਾਜ ਨੇ ਆਪਣੇ ਪਿਤਾ ਨਿਹੰਗ ਖਾਂ ਨੂੰ ਬੇਨਤੀ ਕੀਤੀ ਕਿ ਉਹ ਸਾਰੀ ਉਮਰ ਗੁਰੂਘਰ ਦੀ ਸੇਵਾ ਸਿਮਰਨ ਵਿੱਚ ਗੁਜ਼ਾਰਨਾ ਚਾਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਮੁਮਤਾਜ ਦੀ ਬੇਨਤੀ ਉੱਤੇ ਉਨ੍ਹਾਂ ਨੂੰ ਗਾਤਰਾ ਤੇ ਕ੍ਰਿਪਾਨ ਭੇਟ ਕੀਤੀ ਸੀ। ਗੁਰੂ ਨੇ ਵਚਨ ਕੀਤਾ ਕਿ ਮੈਂ ਤੁਹਾਡੇ ਅੰਗ- ਸੰਗ ਰਹਾਂਗਾ। ਇਹ ਕ੍ਰਿਪਾਨ ਤੇ ਕਟਾਰ ਅੱਜ ਕੱਲ ਗੁਰਦੁਆਰਾ ਭੱਠਾ ਸਾਹਿਬ, ਕੋਟਲਾ ਨਿਹੰਗ (ਰੋਪੜ) ਵਿੱਚ ਸੁਸ਼ੋਭਿਤ ਹਨ।

ਚੌਧਰੀ ਨਿਹੰਗ ਖਾਂ ਨੇ ਬੀਬੀ ਮੁਮਤਾਜ ਦੀ ਇੱਛਾ ਅਨੁਸਾਰ ਪਿੰਡ ਨਾਰੰਗ ਬੜੀ ਵਿੱਚ ਉੱਚੀ ਪਹਾੜੀ ’ਤੇ ਕਿਲ੍ਹਾ ਉਸਾਰ ਦਿੱਤਾ, ਜਿੱਥੇ ਉਨ੍ਹਾਂ ਭਗਤੀ ਕੀਤੀ। ਬੀਬੀ ਮੁਮਤਾਜ ਇੱਥੇ ਹੀ ਜੋਤੀ ਜੋਤ ਸਮਾ ਗਏ। ਇਸ ਸਥਾਨ ਉਪਰ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ ਸੁਸ਼ੋਭਿਤ ਹੈ।

ਚਮਕੌਰ ਦੀ ਗੜ੍ਹੀ 'ਚ ਵੱਡੇ ਸਾਹਿਬਜ਼ਾਦੇ ਅਤੇ ਸਿੰਘ ਸ਼ਹੀਦ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ 'ਚ ਪੁੱਜੇ। ਗੁਰੂ ਜੀ ਨੇ ਜਿਸ ਬਾਗ ਵਿੱਚ ਖੂਹ ਤੋਂ ਪਾਣੀ ਪੀਤਾ ਤੇ ਟਿੰਡ ਦਾ ਸਰਾਹਣਾ ਲਾ ਕੇ ਜੰਡ ਹੇਠ ਆਰਾਮ ਕੀਤਾ ਸੀ, ਉਥੇ ਅੱਜ-ਕੱਲ੍ਹ ਸ਼ਾਨਦਾਰ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ।

ਗੁਰੂ ਸਾਹਿਬ ਦੇ ਪਹੁੰਚਣ ਦੀ ਖ਼ਬਰ ਉਨ੍ਹਾਂ ਦੇ ਹਿਤੈਸ਼ੀ ਤੇ ਸ਼ਰਧਾਲੂ ਭਾਈ ਗੁਲਾਬੇ ਤੇ ਭਾਈ ਗ਼ਨੀ ਖਾਨ, ਭਾਈ ਨਬੀ ਖਾਨ ਭਰਾਵਾਂ ਨੂੰ ਮਿਲ ਗਈ ਸੀ। ਉਹ ਗੁਰੂ ਸਾਹਿਬ ਨੂੰ ਭਾਈ ਗੁਲਾਬੇ ਦੇ ਘਰ ਲੈ ਆਏ। ਇਥੇ ਅੱਜ-ਕੱਲ੍ਹ ਗੁਰਦੁਆਰਾ ਚੁਬਾਰਾ ਸਾਹਿਬ ਬਣਿਆ ਹੋਇਆ ਹੈ।

ਭਾਈ ਗੁਲਾਬੇ ਦੇ ਘਰ ਗੁਰੂ ਜੀ ਨੇ ਇਕ ਰਾਤ ਗੁਜ਼ਾਰੀ ਸੀ। ਇਥੇ ਹੀ ਮਾਈ ਹਰਦੇਈ ਨੇ ਆਪਣੇ ਹੱਥੀਂ ਤਿਆਰ ਕੀਤਾ ਚਿੱਟਾ ਪੁਸ਼ਾਕਾ ਗੁਰੂ ਸਾਹਿਬ ਨੂੰ ਅਤਿ ਸ਼ਰਧਾ ਤੇ ਪਿਆਰ-ਸਤਿਕਾਰ ਸਹਿਤ ਭੇਟ ਕੀਤਾ ਸੀ। ਗੁਰੂ ਸਾਹਿਬ ਨੇ ਉਸ ਚੋਲੇ ਨੂੰ ਨੀਲਾ ਰੰਗਵਾ ਕੇ ਪਹਿਨ ਲਿਆ ਸੀ। ਜਿਸ ਮੱਟ ਵਿੱਚ ਇਹ ਚੋਲਾ ਰੰਗਿਆ ਗਿਆ ਸੀ, ਉਹ ਮੱਟ ਹੁਣ ਵੀ ਏਸੇ ਗੁਰਦੁਆਰਾ ਮੱਟ ਸਾਹਿਬ ਵਿੱਚ ਸੁਰੱਖਿਅਤ ਹੈ।

ਅਗਲੇ ਦਿਨ ਸ਼ਾਹੀ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਮਾਛੀਵਾੜੇ ਆ ਪੁੱਜੀਆਂ ਸਨ। ਹਾਲਾਤ ਨੂੰ ਵੇਖਦੇ ਹੋਏ ਭਾਈ ਗੁਲਾਬਾ, ਭਾਈ ਗ਼ਨੀ ਖਾਨ ਤੇ ਭਾਈ ਨਬੀ ਖਾਨ ਗੁਰੂ ਸਾਹਿਬ ਨੂੰ ਗੁਲਾਬੇ ਦੇ ਘਰੋਂ ਆਪਣੇ ਘਰ ਲੈ ਆਏ ਸਨ। ਭਾਈ ਗ਼ਨੀ ਖਾਨ- ਭਾਈ ਨਬੀ ਖਾਨ ਦੇ ਘਰ ਵਿੱਚ ਗੁਰਦੁਆਰਾ ਭਾਈ ਗ਼ਨੀ ਖਾਨ- ਭਾਈ ਨਬੀ ਖਾਨ ਬਣਾਇਆ ਗਿਆ ਹੈ। ਉਨ੍ਹਾਂ ਦੇ ਮਜ਼ਾਰ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ।

ਗੁਰੂ ਜੀ ਵੱਲੋਂ ਲਿਖਿਆ ‘ਹੁਕਮਨਾਮਾ’ ਵੀ ਇਸ ਗੁਰਦੁਆਰੇ ਵਿੱਚ ਸਾਂਭਿਆ ਪਿਆ ਹੈ। ਇਸੇ ਪਵਿੱਤਰ ਥਾਂ ’ਤੇ ਭਾਈ ਗੁਲਾਬੇ, ਭਾਈ ਨਬੀ ਖਾਨ- ਭਾਈ ਗ਼ਨੀ ਖਾਨ, ਤਿੰਨ ਪਿਆਰੇ ਸਿੰਘਾਂ, ਸੱਯਦ ਪੀਰ ਮੁਹੰਮਦ ਨੂਰਪੁਰੀ ਤੇ ਪੀਰ ਚਿਰਾਗ ਸ਼ਾਹ ਅਜਮੇਰ ਵਾਲਿਆਂ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾਉਣ ਦਾ ਮਤਾ ਪਾਸ ਕੀਤਾ ਸੀ। ਗੁਰੂ ਸਾਹਿਬ ਨੇ ਸਰਬਤ ਦਾ ਫੈਸਲਾ ਸਵੀਕਾਰ ਕਰਦਿਆਂ ਉੱਚ ਦਾ ਪੀਰ ਬਣਨਾ ਕਬੂਲ ਕਰ ਲਿਆ ਸੀ।

ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਇਕ ਸੁੰਦਰ ਪਲੰਘ ’ਤੇ ਬਿਰਾਜਮਾਨ ਹੋ ਗਏ। ਪਲੰਘ ਨੂੰ ਭਾਈ ਨਬੀ ਖਾਨ- ਭਾਈ ਗ਼ਨੀ ਖਾਨ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਚੁੱਕਿਆ ਹੋਇਆ ਸੀ। ਭਾਈ ਦਇਆ ਸਿੰਘ ਚੌਰ ਕਰ ਰਹੇ ਸਨ। ਜਦ ਇਹ ਨੇਕ ਤੇ ਦਲੇਰ ਇਨਸਾਨ ਫੌਜੀ ਕੈਂਪ ਕੋਲ ਚਲੇ ਗਏ ਤਾਂ ਉਨ੍ਹਾਂ ਨੂੰ ਰੋਕ ਲਿਆ ਗਿਆ।

ਫੌਜਾਂ ਦਾ ਮੁਖੀ ਦਲਾਵਰ ਖਾਂ ਸੀ। ਉਨ੍ਹਾਂ ਦੀ ਪੇਸ਼ੀ ਹੋਈ। ਗੁਰੂ ਸਾਹਿਬ ਦਾ ਉਸ ਨੂੰ ਭੁਲੇਖਾ ਲੱਗ ਚੁੱਕਾ ਸੀ। ਕੁਝ ਪ੍ਰਸ਼ਨ ਹੋਏ। ਨਿਡਰ ਤੇ ਨਿਧੜਕ ਭਰਾਵਾਂ ਨੇ ਆਖਿਆ ਕਿ ਇਹ ਉਨ੍ਹਾਂ ਦੇ ਪੀਰ ਹੀ ਨਹੀਂ, ਸਗੋਂ ਉੱਚ ਦੇ ਪੀਰ ਹਨ।

ਦਲਾਵਰ ਖਾਂ ਜਰਨੈਲ ਨੇ ਸ਼ਨਾਖਤ ਲਈ ਤਿੰਨ ਉੱਘੇ ਮੁਸਲਮਾਨ ਧਾਰਮਿਕ ਆਗੂਆਂ ਕਾਜ਼ੀ ਅਨਾਇਤ ਅਲੀ, ਕਾਜ਼ੀ ਪੀਰ ਮੁਹੰਮਦ ਸਲੋਹ ਵਾਲੇ ਤੇ ਸੱਯਦ ਹਸਨ ਅਲੀ ਮੌਫੂ ਮਾਜਰੀਆ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਜ਼ਾਲਮ ਤੇ ਮਜ਼ਲੂਮ ਦੀ ਟੱਕਰ ਵਿਚ ਹੱਕ ਤੇ ਸੱਚ ਦੀ ਪਛਾਣ ਕਰਦਿਆਂ ਜਾਣਬੁੱਝ ਕੇ ਆਖ ਦਿੱਤਾ ਸੀ ਕਿ ਇਹ ‘ਉੱਚ ਦੇ ਪੀਰ’ ਹਨ।

ਦਲਾਵਰ ਖਾਂ ਦੀ ਤਸੱਲੀ ਨਾ ਹੋਈ। ਫਿਰ ਉਸ ਨੇ ਹਲਾਲ ਖਾਣਾ ਖਾਣ ਲਈ ਕਿਹਾ। ਭਾਈ ਦਇਆ ਸਿੰਘ ਨੇ ਕਿਹਾ, ‘‘ਪੀਰ ਸਾਹਿਬ, ਰੋਜ਼ੇ ’ਤੇ ਹਨ।’’ ਦਲਾਵਰ ਖਾਂ ਨੇ ਦੂਜੇ ਸਾਥੀਆਂ ਨੂੰ ਖਾਣੇ ਵਿੱਚ ਸ਼ਰੀਕ ਹੋਣ ਦਾ ਹੁਕਮ ਕੀਤਾ। ਗੁਰੂ ਸਾਹਿਬ ਨੇ ਖਾਣਾ ਖਾਣ ਦੀ ਆਗਿਆ ਦਿੰਦਿਆਂ ਉਨ੍ਹਾਂ ਨੂੰ ਕ੍ਰਿਪਾਨ ਖਾਣੇ ਵਿੱਚ ਫੇਰ ਕੇ ਖਾਣਾ ਛਕ ਲੈਣ ਲਈ ਸਲਾਹ ਦਿੱਤੀ। ਸਾਰੇ ਸਾਥੀਆਂ ਨੇ ਖਾਣੇ ਵਿੱਚ ਕ੍ਰਿਪਾਨ ਫੇਰ ਕੇ ਖਾਣਾ ਛਕ ਲਿਆ।

ਇਸ ਤਰ੍ਹਾਂ ਦਲਾਵਰ ਖਾਂ ਦੀ ਤਸੱਲੀ ਹੋ ਗਈ। ਉਸ ਨੇ ਉੱਚ ਦੇ ਪੀਰ ਨੂੰ ਅਗਾਂਹ ਜਾਣ ਦੀ ਆਗਿਆ ਦੇ ਦਿੱਤੀ। ਇਸ ਪਰਖ ਵਾਲੀ ਥਾਂ ’ਤੇ ਗੁਰਦੁਆਰਾ ਕ੍ਰਿਪਾਨ ਭੇਟ ਬਣਿਆ ਹੋਇਆ ਹੈ। ਇਸ ਨੂੰ ਨਿਹੰਗਾ ਸਿੰਘਾਂ ਦੀ ਛਾਉਣੀ ਵੀ ਕਿਹਾ ਜਾਂਦਾ ਹੈ।

ਬਾਅਦ 'ਚ ਮੁਗਲ ਫੌਜ ਨੂੰ ਭਾਈ ਨਬੀ ਖਾਨ- ਭਾਈ ਗ਼ਨੀ ਖਾਨ ਵਲੋਂ ਗੁਰੂ ਸਾਹਿਬ ਦੀ ਕੀਤੀ ਮੱਦਦ ਬਾਰੇ ਪਤਾ ਲੱਗ ਗਿਆ। ਬਾਬਾ ਮੋਤੀ ਰਾਮ ਮਹਿਰਾ ਅਤੇ ਪਰਿਵਾਰ ਵਾਂਗ ਹੀ ਭਾਈ ਨਬੀ ਖਾਨ- ਭਾਈ ਗ਼ਨੀ ਖਾਨ ਨੂੰ ਵੀ ਕੋਹਲੂ ਵਿਚ ਨਪੀੜਿਆ ਗਿਆ।

ਕਬਰਾਂ ਜਾਂ ਸ਼ਮਸ਼ਾਨ ਘਾਟ ਹਮੇਸ਼ਾਂ ਪਿੰਡੋਂ ਬਾਹਰ ਹੁੰਦੇ ਹਨ ਪਰ ਭਾਈ ਨਬੀ ਖਾਨ- ਭਾਈ ਗ਼ਨੀ ਖਾਨ ਦੀਆਂ ਕਬਰਾਂ, ਜਿੱਥੇ ਉਨਾਂ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤਾ ਗਿਆ, ਉੱਥੇ ਬਣੀਆਂ। ਹੁਣ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ, ਜੋ ਮਾਛੀਵਾੜਾ ਸ਼ਹਿਰ ਵਿਚ ਹੈ।

ਇੱਥੇ ਉਹ ਪਲੰਘ ਵੀ ਸੁਭਾਇਮਾਨ ਹੈ, ਜਿਸ ਉਪਰ ਦਸ਼ਮੇਸ਼ ਪਿਤਾ ਨੂੰ ਬਿਠਾ ਕੇ ਇਹ ਮਰਜੀਵੜੇ ਮਾਛੀਵਾੜੇ ਤੋਂ ਲੈ ਕੇ ਗਏ ਸਨ। ਸਮਰਾਲੇ ਵਲੋਂ ਆਈਏ ਤਾਂ ਮਾਛੀਵਾੜੇ ਸ਼ਹਿਰ ਵਿਚ ਦਾਖਲ ਹੁੰਦਿਆਂ ਭਾਈ ਨਬੀ ਖਾਨ- ਭਾਈ ਗ਼ਨੀ ਖਾਨ ਗੇਟ ਬਣਿਆ ਹੋਇਆ ਹੈ। ਅੱਧੀ ਕੁ ਫਰਲਾਂਗ ਤੇ ਹੀ ਅੱਗੇ ਖੱਬੇ ਪਾਸੇ ਗੁਰਦੁਆਰਾ ਸੁਭਾਇਮਾਨ ਹੈ।

ਸਾਡੇ 'ਚੋਂ ਬਹੁਤਿਆਂ ਨੂੰ ਇਨ੍ਹਾਂ ਕੁਰਬਾਨੀਆਂ ਬਾਰੇ ਪਤਾ ਨਹੀਂ ਜਾਂ ਭੁੱਲ ਚੁੱਕੇ ਹਾਂ ਜਦਕਿ ਇਨ੍ਹਾਂ ਨੂੰ ਮਹਿਸੂਸ ਕਰਨ ਦੀ ਲੋੜ ਹੈ। ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦੀ ਸਾਕੇ ਨੂੰ ਯਾਦ ਕਰਦਿਆਂ ਹਰ ਉਸ ਸ਼ਖਸ ਨੂੰ ਯਾਦ ਕਰੀਏ, ਜਿਸਨੇ ਇਨ੍ਹੀਂ ਦਿਨੀਂ ਗੁਰੂ ਪਰਿਵਾਰ ਲਈ ਹਾਅ ਦਾ ਨਾਅਰਾ ਮਾਰਿਆ ਸੀ, ਮੱਦਦ ਕੀਤੀ ਸੀ। ਗੁਰਦੁਆਰਿਆਂ 'ਚ ਇਨ੍ਹਾਂ ਯੋਧਿਆਂ ਦੀ ਗੱਲ ਕਰੀਏ ਤੇ ਸੀਸ ਝੁਕਾਈਏ।



Archive

RECENT STORIES

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਵਰਸਿਟੀ ਹਾਕੀ ਟਰਾਫੀ ਜਿੱਤੀ

Posted on February 12th, 2023

ਗੁਰਮੁਖੀ ਦੀ ਉਤਪਤੀ ਤੇ ਵਿਗਾਸ

Posted on February 12th, 2023

ਭਾਰਤੀ ਹਾਕੀ: ਕੀ ਭਾਰਤੀ ਹਾਕੀ ਟੀਮ ਨੂੰ ਓਡੀਸ਼ਾ FIH ਵਿਸ਼ਵ ਕੱਪ, 2023 ਲਈ ਵਾਸਤਵਿਕ ਉਮੀਦਾਂ ਸਨ?

Posted on February 6th, 2023

170 ਸਾਲ ਪਹਿਲਾਂ ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਵਲੋਂ ਧਰਮ ਬਦਲਣ ਦੀ ਮੁਹਿੰਮ ਸ਼ੁਰੂ ਕਰਨੀ ਤੇ ਫਿਰ ਬੰਦ ਕਰਨੀ

Posted on February 6th, 2023

ਬਰਾੜ ਦੀ ਇੰਟਰਵਿਉ ਮੋਦੀ ਸਰਕਾਰ ਦੀ ਸ਼ੈਤਾਨੀ ਸੋਚ ਦੀ ਉਪਜ : ਦਲ ਖ਼ਾਲਸਾ

Posted on February 1st, 2023

ਪੰਜਾਬ ਵਿੱਚ ਸੰਯੁਕਤ ਰਾਸ਼ਟਰ ਅਧੀਨ ਰੈਫਰੈੰਡਮ ਕਰਵਾਇਆ ਜਾਵੇ: ਦਲ ਖ਼ਾਲਸਾ

Posted on January 31st, 2023

ਆਰੀਆ ਲੋਕ ਕੌਣ ਸਨ ਅਤੇ ਪੰਜਾਬੀ ਪਹਿਚਾਣ ਵਿੱਚ ਆਰੀਆਵਾਂ ਦਾ ਯੋਗਦਾਨ

Posted on January 4th, 2023