Posted on December 25th, 2022
ਲੰਘੇ ਕੁਝ ਦਿਨਾਂ 'ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣ ਤੋਂ ਪਹਿਲਾਂ ਪਛਾੜੇ ਗਏ ਯੁੱਧਾਂ, ਅਨੰਦਪੁਰ ਸਾਹਿਬ ਛੱਡਣ, ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ ਦੀ ਗੜ੍ਹੀ 'ਚ ਵੱਡੇ ਸਾਹਿਬਜ਼ਾਦਿਆਂ ਸਮੇਤ ਹੋਰ ਸਿੰਘਾਂ ਦੀ ਸ਼ਹੀਦੀ ਬਾਰੇ ਸਾਂਝ ਪਾਈ ਸੀ। ਗੁਰੂ ਪਰਿਵਾਰ ਨੂੰ ਦੁੱਧ ਛਕਾਉਣ ਬਦਲੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ 'ਚ ਪੀੜਨ ਦੀ ਗਾਥਾ ਸਾਂਝੀ ਕੀਤੀ ਸੀ। ਗੁਰੂ ਘਰ ਦੇ ਮਦਦਗਾਰ ਸ਼ਰਧਾਲੂਆਂ ਚੌਧਰੀ ਨਿਹੰਗ ਖਾਂ ਅਤੇ ਉਸਦੀ ਬੇਟੀ ਬੀਬੀ ਮੁਮਤਾਜ, ਗੁਰੂ ਸਾਹਿਬ ਨੁੰ ਉੱਚ ਦਾ ਪੀਰ ਬਣਾ ਕੇ ਲਿਜਾਣ ਵਾਲੇ ਭਾਈ ਨਬੀ ਖਾਨ-ਭਾਈ ਗ਼ਨੀ ਖਾਨ (ਚੌਧਰੀ ਨਿਹੰਗ ਖਾਂ ਦੇ ਭਾਣਜੇ) ਦੀ ਕੁਰਬਾਨੀ ਸਾਂਝੀ ਕੀਤੀ ਸੀ। ਸੂਬਾ ਸਰਹੰਦ ਦੀ ਬੇਗਮ ਜ਼ੈਨਾ ਅਤੇ ਵੱਡੇ ਸਾਹਿਬਾਜ਼ਾਦਿਆਂ ਸਮੇਤ ਚਮਕੌਰ ਦੀ ਗੜ੍ਹੀ ਦੇ ਕੁਝ ਸ਼ਹੀਦ ਸਿੰਘਾਂ ਦੇ ਸਸਕਾਰ ਕਰਨ ਵਾਲੀ ਦਲੇਰ ਬੀਬੀ ਸ਼ਰਨ ਕੌਰ ਦੀ ਗੱਲ ਕੀਤੀ ਸੀ। ਸ਼ਹਾਦਤਾਂ ਦੇ ਸਫਰ ਵਿੱਚ ਹੁਣ ਉਸ ਤੋਂ ਅੱਗੇਃ…..
ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ, ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੇ ਸਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖ਼ਰੀਦੀ। ਇਸ ਅਦੁੱਤੀ ਕਾਰਜ ਨਾਲ ਉਹ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖ਼ਸੀਅਤਾਂ ਵਿੱਚ ਸ਼ਾਮਲ ਹੋ ਗਏ।
ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖ਼ਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਮੰਨਿਆ ਜਾਂਦਾ ਹੈ ਕਿ ਉਹ ਜ਼ਾਤ ਦੇ ਜੈਨ ਸਨ ਤੇ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ। ਉਹ ਉਸ ਵੇਲੇ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਸਨ।
ਬਲਰਾਜ ਸਿੰਘ ਸਿੱਧੂ (ਐਸ. ਪੀ) ਦੇ ਇੱਕ ਲੇਖ ਅਨੁਸਾਰ ਪਟਿਆਲਾ ਸਟੇਟ ਗਜ਼ਟੀਅਰ ਮੁਤਾਬਕ ਉਨ੍ਹਾਂ ਦਾ ਜੱਦੀ ਪਿੰਡ ਕਾਕੜਾ ਸੀ, ਜੋ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵਸ ਗਏ ਸਨ। ਉਨ੍ਹਾਂ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਮਹਿਲ ਦੇ ਨਜ਼ਦੀਕ ਸੀ।
13 ਦਸੰਬਰ 1704 ਨੂੰ ਵਜ਼ੀਰ ਖ਼ਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਸਸਕਾਰ ਕਰ ਸਕਣ।
ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿਮੀਂਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ, ਪਰ ਉਸ ਨੇ ਸ਼ਰਤ ਰੱਖੀ ਕਿ ਜ਼ਮੀਨ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਿਹਾ ਜਾਂਦਾ ਹੈ ਕਿ ਉਸ ਨੇ ਸੋਨੇ ਦੇ ਸਿੱਕੇ ਖੜ੍ਹੇ ਕਰ ਕੇ ਕੀਮਤ ਲਈ ਸੀ।
ਉਸ ਵੇਲੇ ਸੋਨੇ ਦੀ ਅਸ਼ਰਫ਼ੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ ਹੁੰਦਾ ਸੀ। ਸਾਹਿਬਜ਼ਾਦਿਆਂ ਦੇ ਸਸਕਾਰ ਲਈ 2-2 ਮੀਟਰ ਅਤੇ ਮਾਤਾ ਜੀ ਲਈ 2-1.5 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਵੇਗੀ। ਇਸ ਲਈ ਕਰੀਬ 7800 ਅਸ਼ਰਫ਼ੀਆਂ (78 ਕਿੱਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ।
ਜੇ ਅਸ਼ਰਫ਼ੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫ਼ੀਆਂ (780 ਕਿੱਲੋ ਸੋਨਾ) ਵਿਛਾਉਣੀਆਂ ਪਈਆਂ ਹੋਣਗੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖ਼ਰੀਦਣ ਵਿੱਚ ਲੱਗ ਗਈ ਤੇ ਘਰ ਬਾਰ ਗਹਿਣੇ ਪੈ ਗਿਆ, ਪਰ ਉਨ੍ਹਾਂ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ।
ਵਜ਼ੀਰ ਖ਼ਾਨ ਜ਼ਾਲਮ ਤੇ ਬੇਰਹਿਮ ਇਨਸਾਨ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ਼ ਇਸ ਲਈ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਨ੍ਹਾਂ ਦਾ ਸਸਕਾਰ ਕਰੇ?
ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ ‘ਗੁਨਾਹ’ ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ ਦੀਵਾਨ ’ਤੇ ਟੁੱਟ ਪਿਆ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਕਿਧਰੇ ਜਾਣਾ ਪਿਆ।
ਇਸ ਤਰਾਂ ਦੀਵਾਨ ਟੋਡਰ ਮੱਲ ਜੀ ਸਾਕਾ ਸਰਹੰਦ ਦੇ ਨਾਇਕ ਬਣੇ। ਸਿੱਖ ਕੌਮ ਸਿਰ ਸਦੀਵੀ ਕਰਜ਼ ਚਾੜ੍ਹਨ ਵਾਲੀ ਬਹਾਦਰ ਤੇ ਨੇਕ-ਦਿਲ ਇਸ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਕਰਨਾ ਬਣਦਾ ਹੈ। ਉਨ੍ਹਾਂ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖ਼ਸ਼ੀ ਗਈ।
ਇੱਕ ਪਾਸੇ ਕੁੰਮਾ ਮਾਸ਼ਕੀ, ਬੀਬੀ ਲੱਛਮੀ, ਪਠਾਣ ਨਿਹੰਗ ਖਾਨ, ਭਾਈ ਨਬੀ ਖਾਨ-ਭਾਈ ਗਨੀ ਖਾਨ, ਬੇਗਮ ਜ਼ੈਨਬੁਨਿਮਾ, ਨਵਾਬ ਮਲੇਰਕੋਟਲਾ, ਬਾਬਾ ਮੋਤੀ ਰਾਮ ਮਹਿਰਾ ਤੇ ਪਰਿਵਾਰ ਅਤੇ ਦੀਵਾਨ ਟੋਡਰ ਮੱਲ ਜੀ ਨੇ ਇਨਸਾਨੀਅਤ ਦੇ ਨਵੇਂ ਕੀਰਤੀਮਾਨ ਸਥਾਿਪਤ ਕੀਤੇ ਤੇ ਦੂਜੇ ਪਾਸੇ ਗੰਗੂ ਬਾਹਮਣ, ਨਵਾਬ ਸੁੱਚਾ ਨੰਦ, ਵਜੀਦ ਖਾਨ ਨੇ ਨਿਰਦੈਅਤਾ ਅਤੇ ਬੇਈਮਾਨੀ ਦਾ ਸਿਖਰ ਕਰ ਛੱਡਿਆ। ਇਨ੍ਹਾਂ ਸਭ ਨੇ ਸਿੱਖਾਂ ਸਿਰ ਕਰਜ਼ ਚਾੜ੍ਹਿਆ। ਕੁਝ ਨੇ ਅਹਿਸਾਨਾਂ ਦਾ ਤੇ ਕੁਝ ਨੇ ਜ਼ੁਲਮਾਂ ਦਾ। ......................ਸਾਨੂੰ ਦੋਵੇਂ ਯਾਦ ਨੇ।
Posted on January 4th, 2023
Posted on December 30th, 2022
Posted on December 29th, 2022
Posted on December 27th, 2022
Posted on December 26th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022