Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਨੇਸ਼ਨ ਸਟੇਟ’ ਦੇ ਆਰੀਆ ਸਮਾਜੀ ਬਿਰਤਾਂਤ ਵਿਚ ਫਸਿਆ ਸਨਾਤਨੀ ਹਿੰਦੂ

Posted on December 29th, 2022

ਇਹ ਕਿਵੇਂ ਹੋਇਆ ਕਿ ਇਕ ਪਾਸੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਨੂੰ ਇਕ ਉਪ-ਮਹਾਂਦੀਪ ਕਹਿਣ ਤੇ ਆਪਣੇ ਆਪ ਨੂੰ ਇਸ ਖੇਤਰ ਵਿਚ ਵਿਕਸਿਤ ਹੋਈ ਵੈਦਿਕ ਸੱਭਿਅਤਾ ਦੇ ਵਾਰਿਸ ਅਖਵਾਉਣ ਵਾਲੇ ਆਰ ਐਸ ਐਸ ਦੇ ਬੁੱਧੀਜੀਵੀ ‘ਭਾਰਤ ਇਕ ਰਾਸ਼ਟਰ’ ਦੇ ਚੱਕਰ ਵਿਚ ਫਸ ਕੇ ਰਹਿ ਗਏ। ਇੱਕ ਪਾਸੇ ਉਹ ਪਾਕਿਸਤਾਨ ਸਮੇਤ ਇਸ ਖਿੱਤੇ ਨੂੰ ‘ਅਖੰਡ ਭਾਰਤ’ ਦੇ ਨਾਂ ਹੇਠ ਇਕ-ਜੁੱਟ ਕਰਨਾ ਲੋਚਦੇ ਹਨ ਪਰ ਦੂਜੇ ਪਾਸੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਨਾਹਰੇ ਲਾ ਕੇ ਹਿੰਦੂ ਰਾਸ਼ਟਰ ਨੂੰ ਕੇਂਦਰੀ ਹਿੰਦੋਸਤਾਨ ਦੇ ਚਾਰ-ਪੰਜ ਸੂਬਿਆਂ ਤੱਕ ਸੀਮਤ ਕਰ ਲੈਂਦੇ ਹਨ।

ਉਨ੍ਹਾਂ ਦੀ ਇਸ ਦੁਵਿਧਾ ਦੀ ਜੜ੍ਹ ‘ਨੇਸ਼ਨ ਸਟੇਟ’ ਦੇ ਆਰੀਆ ਸਮਾਜੀ ਬਿਰਤਾਂਤ ਵਿਚ ਪਈ ਹੈ। ਪੱਛਮੀ ਤਰਜ ਉਤੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦਾ ਬਿਰਤਾਂਤ ਸਭ ਤੋਂ ਪਹਿਲਾਂ ਆਰੀਆ ਸਮਾਜੀਆਂ ਨੇ ਦ੍ਰਿੜ ਕੀਤਾ, ਜਿਸ ਨੂੰ ‘ਪੰਜਾਬ’ ਅੰਦਰ ਜਥੇਬੰਦ ਹੋਈ ਜਨ ਸੰਘ ਨੇ ਸਾਰੇ ਦੇਸ ਵਿਚ ਫੈਲਾਉਣ ਦਾ ਰੋਲ ਨਿਭਾਇਆ।

ਪੰਜਾਬ ਵਿਚ ਅੰਗਰੇਜ ਸਾਮਰਾਜੀਆਂ ਦੇ ਆਉਣ ਨਾਲ ਪੱਛਮੀ ਜਮਹੂਰੀਅਤ ਦਾ ਸੰਕਲਪ ਲੋਕ-ਮਨਾਂ ਵਿਚ ਆਪਣੀਆ ਜੜ੍ਹਾਂ ਜਮਾਉਣ ਲੱਗਾ। ਇਸਦੇ ਲਾਜਮੀ ਸਿੱਟੇ ਵਜੋਂ ਗੁਣਾਂ ਦੀ ਬਜਾਇ ਸਿਰਾਂ ਦੀ ਗਿਣਤੀ ਜੋੋਰ ਫੜਦੀ ਗਈ। ਇਸ ਬਹੁਗਿਣਤੀ-ਘੱਟਗਿਣਤੀ ਦੀ ਸੋਚ ਨੇ ਹਰੇਕ ਧਰਮ ਦੇ ਲੋਕਾਂ ਨੂੰ ਆਪਣੀ ਆਪਣੀ ਗਿਣਤੀ ਵਧਾਉਣ ਦੇ ਚੱਕਰ ਵਿਚ ਫਸਾ ਦਿੱਤਾ। ਇਸ ਦੁਸ਼ਟ ਚੱਕਰ ਨੇ ਪੰਜਾਬ ਅੰਦਰਲੇ ਤਿੰਨਾਂ ਭਾਈਚਾਰਿਆਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਨਫਰਤ ਪੈਦਾ ਕੀਤੀ।

ਕੇਨਥ ਡਬਲਿਊ ਜੋਨਸ ਨੇ ਇਸ ਵਰਤਾਰੇ ਦੀ ਜਾਣਕਾਰੀ ਦਿੱਤੀ ਹੈ। ਆਪਣੀ ਲਿਖਤ ‘ਹਮ ਹਿੰਦੂ ਨਹੀਂ — ਆਰੀਆਂ ਸਿੱਖ ਰਿਸ਼ਤੇ’ ਵਿਚ ਉਸ ਨੇ ਲਿਖਿਆ ਹੈ, ‘‘ਪੰਜਾਬ ਦੇ ਉਸ ਦੌਰ ਦਾ ਇਤਿਹਾਸ ਦੋ ਘੱਟ ਗਿਣਤੀ ਭਾਈਚਾਰਿਆਂ (ਹਿੰਦੂਆਂ ਤੇ ਮੁਸਲਮਾਨਾਂ) ਵਿਚਕਾਰ ਧਾਰਮਿਕ ਮੁਕਾਬਲੇ ਦੀ ਬੜੀ ਨਾਟਕੀ ਪੇਸ਼ਕਾਰੀ ਕਰਦਾ ਹੈ। ਪੰਜਾਬੀ ਹਿੰਦੂਆਂ ਦੀ ਇਕ ਨਵੀਂ, ਆਧੁਨਿਕ ਤੇ ਸਤਿਕਾਰਤ ਧਾਰਮਿਕ ਪ੍ਰੰਪਰਾ ਸਿਰਜਣ ਦੇ ਯਤਨਾਂ ਨੇ, ਉਨ੍ਹਾਂ ਦੇ ਆਪਣੇ ਭਾਈਚਾਰੇ ਤਕ ਸੀਮਤ ਨਾ ਰਹਿ ਕੇੇ ਪੰਜਾਬ ਅੰਦਰਲੇ ਬਾਕੀ ਭਾਈਚਾਰਿਆਂ — ਮੁਸਲਮਾਨਾਂ ਤੇ ਸਿਖਾਂ — ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਵੀ ਬਦਲ ਦਿਤਾ। ਇਕ ਅੰਗਰੇਜੀ ਪੜ੍ਹਿਆ ਲਿਖਿਆ ਸ੍ਰੇਸ਼ਠ ਹਿੰਦੂ ਵਰਗ ਹੋਂਦ ਵਿਚ ਆਇਆ। ਇਹ ਵਰਗ ਮੁਖ (ਸਨਾਤਨੀ) ਹਿੰਦੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਟੁੁੱਟਿਆ ਹੋਇਆ ਤੇ ਹਿੰਦੂ ਸਮਾਜ ਦੇ ਬਾਹਰਲੇ ਹਾਸ਼ੀਏ ਉਤੇ ਬੈਠਾ ਹੋਇਆ ਸੀ। ਇਸ ਵਰਗ ਨੇ ਪੁਰਾਣੇ ਸੰਸਾਰ ਦੀ ਨਵੀਂ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਤਰ੍ਹਾਂ ਕਰਦਿਆਂ ਨਵਾਂ ਵਿਚਾਰਧਾਰਕ ਸੋਚ ਪ੍ਰ੍ਰਬੰਧ ਸਿਰਜਿਆ, ਜਿਸਦਾ ਮੰਤਵ ਬੀਤੇ ਤੇ ਵਰਤਮਾਨ ਦੀ ਨਵੀਂ ਵਿਆਖਿਆ ਕਰਨਾ ਤੇ ਭਵਿੱਖ ਲਈ ਨਵਾਂ ਦ੍ਰਿਸ਼ਟੀਕੋਣ ਸਿਰਜਣਾ ਸੀ। ਪੁਰਾਣੇ ਵਿਚਾਰਾਂ ਦੀ ਨਵੀਂ ਵਿਆਖਿਆ, ਵਿਸਥਾਰ ਤੇ ਪ੍ਰਚਾਰ ਨੇ ਜਿੱਥੇ ਸਾਮੂਹਿਕ ਚੇਤਨਾ ਪੈਦਾ ਕੀਤੀ, ਉਥੇ ਇਸ ਵਰਗ ਵਿਚ ਆਪਣੀ ਵਿਲੱਖਣਤਾ ਦਾ ਅਹਿਸਾਸ ਵੀ ਪੈਦਾ ਕੀਤਾ। ਪਰ ਨਾਲ ਹੀ ਇਨ੍ਹਾਂ ਨਵੇਂ ਵਿਸ਼ਵਾਸਾਂ ਨੂੰ ਮੰਨਣ ਤੇ ਨਾ ਮੰਨਣ ਵਾਲੇ ਵਰਗਾਂ ਵਿਚਕਾਰ ਇਕ ਦੂਰੀ ਵੀ ਪੈਦਾ ਕੀਤੀ। ਆਪਣੀ ਪਛਾਣ ਦੀ ਮੁੜ-ਵਿਆਖਿਆ ਦੇ ਇਸ ਵਰਤਾਰੇ ਨੇ ਉਨੀਵੀਂ ਸਦੀ ਦੇ ਪਿਛਲੇ ਦਹਾਕਿਆਂ ਅੰਦਰ ਪੰਜਾਬ ਵਿਚ ਇਕ ਐਸੀ ਹਲਚਲ ਮਚਾਈ ਕਿ ਇਸ ਨਾਲ ਵਧੇ ਵਿਚਾਰਧਾਰਕ ਤੇ ਧਾਰਮਿਕ ਟਕਰਾਅ ਨੇ ਸਾਰਿਆਂ ਧਾਰਮਿਕ ਭਾਈਚਾਰਿਆਂ ਵਿਚ ਬਹਿਸਾਂ ਦੇ ਮਾਹੌਲ ਨੂੰ ਭਖਾ ਦਿਤਾ। ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਣੇ-ਆਪਣੇ ਸੰਕਲਪਾਂ ਨੂੰ ਸਾਹਮਣੇ ਲਿਆਉਣਾ ਆਰੰਭ ਕੀਤਾ, ਜਿਸ ਨੇ ਦੂਜੇ ਭਾਈਚਾਰਿਆਂ ਨਾਲ ਤੇ ਆਪਣੇ ਭਾਈਚਾਰੇ ਅੰਦਰਲੇ ਵਿਚਾਰਧਾਰਕ ਸੰਘਰਸ਼ ਨੂੰ ਹੋਰ ਤੇਜ ਕੀਤਾ। ਇਕ-ਦੂਜੇ ਨੂੰ ਸੁਆਲ-ਜੁਆਬ ਕਰਨ ਦੇ ਇਸ ਵਰਤਾਰੇ ਨੇ ਪੰਜਾਬੀ ਧਾਰਮਿਕ ਭਾਈਚਾਰਿਆਂ ਵਿਚਲੇ ਰਿਸ਼ਤੇ ਸਥਾਈ ਰੂਪ ਵਿਚ ਬਦਲ ਦਿੱਤੇ। ਇਸ ਤੋਂ ਵੀ ਵਧੇਰੇ ਬੁਨਿਆਦੀ ਤਬਦੀਲੀ ਇਹ ਵਾਪਰੀ ਕਿ ਇਸ ਨੇ ਬਹੁਤ ਸਾਰੇ ਸਮੂਹਾਂ ਅੰਦਰਲੇ ਆਪਣੇ ਧਾਰਮਿਕ ਸੰਕਲਪਾਂ ਨੂੰ ਵੀ ਬਦਲ ਦਿਤਾ।’’

(ਹਵਾਲਾ — ‘ਹਮ ਹਿੰਦੂ ਨਹੀਂ-ਆਰੀਆ ਸਿੱਖ ਰਿਸ਼ਤੇ, 1877-1905, ਕੇਨਥ ਡਬਲਿਊ ਜੋਨਸ, ਜਰਨਲ ਆਫ ਏਸ਼ੀਅਨ ਸਟਡੀਜ, ਜਿਲਦ 32, ਅੰਕ 3, ਮਈ 1973, ਸਫਾ 457)

ਅੰਗਰੇਜੀ ਪੜ੍ਹੇ-ਲਿਖੇ ਤੇ ਬਸਤੀਵਾਦੀ ਆਰਥਿਕ ਰਿਸ਼ਤਿਆਂ ਦੀ ਬਦੌਲਤ ਨਵੇਂ-ਨਵੇਂ ਅਮੀਰ ਬਣੇ ਇਸ ਸ੍ਰੇਸ਼ਠ ਹਿੰਦੂ ਵਰਗ ਰਾਹੀਂ ਪੰਜਾਬ ਅੰਦਰ ਪਹਿਲਾਂ ਬ੍ਰਹਮੋ ਸਮਾਜ ਤੇ ਫਿਰ ਆਰੀਆ ਸਮਾਜ ਦੀ ਆਮਦ ਹੋਈ। ਆਰੀਆ ਸਮਾਜ ਦੀ ਆਮਦ ਨੇ ਪੰਜਾਬ ਅੰਦਰ ਹਿੰਦੂ-ਸਿੱਖ-ਮੁਸਲਮਾਨ ਤੁਫਰਕਾ ਕਿਵੇਂ ਪੈਦਾ ਕੀਤਾ, ਇਸ ਵਰਤਾਰੇ ਨੂੰ ਹਾਲ ਦੀ ਘੜੀ ਲਾਂਭੇ ਛੱਡਦੇ ਹੋਏ ਇਥੇ ਅਸੀਂ ਸਿਰਫ ਪੱਛਮੀ ਨੇਸ਼ਨ ਸਟੇਟ ਦੀ ਤਰਜ ਉਤੇ ਉਭਰੇ ‘ਹਿੰਦੂ ਰਾਸ਼ਟਰਵਾਦ’ ਦੀ ਗੱਲ ਕਰਾਂਗੇ।

ਸ਼ਹੀਦ ਭਗਤ ਸਿੰਘ ਹੁਰਾਂ ਦੇ ਸ਼ਬਦਾਂ ਵਿਚ, ‘‘ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਯਾ ਨੰਦ ਸਰਸਵਤੀ ਨੇ ਸਾਰੇ ਭਾਰਤ ਵਰਸ਼ ਵਿਚ ਹਿੰਦੀ ਦਾ ਪ੍ਰਚਾਰ ਕਰਨ ਦਾ ਭਾਵ ਰੱਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਇਹ ਹੋਇਆ ਕਿ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ ਹਿੰਦੀ ਭਾਸ਼ਾ ਨੇ ਆਪਣੀ ਥਾਂ ਬਣਾ ਲਈ।’’... ‘‘ ਮੁਸਲਮਾਨਾਂ ਵਿਚ ਭਾਰਤੀਅਤਾ ਦੀ ਹਰ ਤਰ੍ਹਾਂ ਘਾਟ ਹੈ, ਉਹ ਸਾਰੇ ਭਾਰਤ ਵਿਚ ਭਾਰਤੀਅਤਾ ਦੀ ਮਹੱਤਤਾ ਨਾ ਸਮਝ ਕੇ ਅਰਬੀ ਲਿਪੀ ਤੇ ਫਾਰਸੀ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਸਾਰੇ ਭਾਰਤ ਦੀ ਇਕ ਭਾਸ਼ਾ ਤੇ ਉਹ ਵੀ ਹਿੰਦੀ ਹੋਣ ਦਾ ਮਹੱਤਵ ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦਾ।’’... ‘‘‘ਸਭ ਦੇ ਸਾਹਮਣੇ ਇਸ ਵੇਲੇ ਮੁੱਖ ਸੁਆਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਾ ਹੈ, ਇਕ ਰਾਸ਼ਟਰ ਬਣਾਉਣ ਲਈ ਇਕ ਭਾਸ਼ਾ ਹੋਣਾ ਜ਼ਰੂਰੀ ਹੈ।’’ .. ‘‘ਸਾਨੂੰ ਆਪਣੇ ਦੇਸ ਵਿਚ ਇਸ ਆਦਰਸ਼ ਨੂੰ ਕਾਇਮ ਕਰਨਾ ਹੋਵੇਗਾ। ਸਾਰੇ ਦੇਸ ਵਿਚ ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਤੇ ਇਕ ਰਾਸ਼ਟਰ ਬਣਾਉਣਾ ਪਵੇਗਾ। ਪਰ ਸਾਰੀਆਂ ਏਕਤਾਵਾਂ ਤੋਂ ਪਹਿਲਾਂ ਇਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ।’’

(ਹਵਾਲਾ : ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ, ਸੰਪਾਦਕ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ ਜਗਮੋਹਨ ਸਿੰਘ)

ਇਹ ਸੀ ਆਰੀਆ ਸਮਾਜੀ ਸੋਚ ਦਾ ਤੱਤ : ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਤੇ ਇਕ ਰਾਸ਼ਟਰ। ਇਸ ਸੋਚ ਨੇ ਪੰਜਾਬ ਅੰਦਰ ਤਾਂ ਨਕਾਰੀ ਰੋਲ ਨਿਭਾਇਆ ਹੀ ਪਰ ਨਾਲ ਹੀ ਇਸ ਨੇ ਬਾਕੀ ਦੇਸ ਵਿਚ ਵੀ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਬਿਰਤਾਂਤ ਨੂੰ ਦ੍ਰਿੜ ਕੀਤਾ। ਨੌਜਵਾਨ ਪੀੜ੍ਹੀ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਅਜੋਕੀ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਨਾਂ ਜਨ ਸੰਘ ਹੁੰਦਾ ਸੀ ਤੇ ਇਸ ਦਾ ਮੁੱਢ ਪੰਜਾਬ ਦੇ ਆਰੀਆ ਸਮਾਜੀਆਂ ਨੇ ਬੰਨ੍ਹਿਆ ਸੀ। ਇਹ ਸੱਚ ਹੈ ਕਿ ਆਰ.ਐਸ.ਐਸ. ਦਾ ਜਨਮ ਮਹਾਰਾਸ਼ਟਰ ਵਿਚ ਹੋਇਆ ਤੇ ਹਿੰਦੂ ਧਰਮ ਨਾਲ ਸਬੰਧਤ ਸੁਧਾਰਵਾਦੀ ਲਹਿਰਾਂ ਦਾ ਗੜ੍ਹ ਉਸ ਵੇਲੇ ਦਾ ਬੰਗਾਲ ਸੀ। ਪਰ ਮਨੂੰਵਾਦੀ ਹਿੰਦੂਆਂ ਨੂੰ ਰਾਜਸੀ ਲੀਡਰਸ਼ਿਪ ਦੇਣ ਪੱਖੋਂ ਪੰਜਾਬ ਦੇ ਇਨ੍ਹਾਂ ਆਰੀਆ ਸਮਾਜੀਆਂ ਦਾ ਅਹਿਮ ਰੋਲ ਰਿਹਾ ਹੈ।

ਸਵਾਮੀ ਦਇਆ ਨੰਦ ਰਚਿਤ ‘ਸਤਿਆਰਥ ਪ੍ਰਕਾਸ਼’ ਪੜ੍ਹਿਆਂ ਹੀ ਪਤਾ ਲਗਦਾ ਹੈ ਕਿ ਇਹ ਵੈਦਿਕ ਫਿਲਾਸਫੀ ਦੀ ਅਜੋਕੀ ਵਿਆਖਿਆ ਨਹੀਂ ਬਲਕਿ ਮਨੂੰਵਾਦ ਦੀ ਨਵੀਂ ਵਿਆਖਿਆ ਹੈ। ਇਸੇ ਵਿਆਖਿਆ ਦੇ ਆਧਾਰ ਉਤੇ ਸਤਿਆਰਥ ਪ੍ਰਕਾਸ਼ ਵਿਚ ਸਿੱਖ ਧਰਮ, ਇਸਲਾਮ ਤੇ ਇਸਾਈਅਤ ਦੀ ਆਲੋਚਨਾ ਕੀਤੀ ਗਈ। ਇਸੇ ਆਰੀਆ ਸਮਾਜੀ ਸੋਚ ਨੇ ਹਿੰਦੂਆਂ ਦੇ ਮਨਾਂ ਵਿਚ ਤਿੰਨਾਂ ਧਰਮਾਂ ਪ੍ਰਤੀ ਨਫਰਤ ਭਰੀ। ਇਸ ਫਿਰਕੂ ਨਫਰਤ ਨੂੰ ਵਧਾਉਣ ਵਿਚ ਆਰੀਆ ਸਮਾਜੀ ਅਖਬਾਰਾਂ ਨੇ ਅਹਿਮ ਰੋਲ ਨਿਭਾਇਆ, ਜਿਸ ਦਾ ਖਮਿਆਜਾ ਲੱਖਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੇ ਕੇ ਹਿੰਦ-ਪਾਕਿ ਵੰਡ ਦੇ ਰੂਪ ਵਿਚ ਭੁਗਤਿਆ। ਆਰੀਆ ਸਮਾਜੀਆਂ ਦਾ ਇਹੀ ਰਾਸ਼ਟਰਵਾਦੀ ਬਿਰਤਾਂਤ ਹੁਣ ਮੋਦੀਕਿਆਂ ਦੇ ਰੂਪ ਵਿਚ ਇਸ ਸਮੁੱਚੇ ਖਿੱਤੇ ਲਈ ਤਬਾਹੀ ਦਾ ਸਬੱਬ ਬਣ ਗਿਆ ਹੈ।

ਬੇਸ਼ੱਕ ਅਸਲ ਮਸਲਾ ਵੇਦਾਂ ਵਿਚਲੇ ਆਤਮਿਕ ਗਿਆਨ ਨੂੰ ਅਜੋਕੇ ਪ੍ਰਸੰਗ ਵਿਚ ਨਵਿਆਉਣ ਤੇ ਅਪਣਾਉਣ ਦਾ ਹੈ। ਵੈਦਿਕ ਫਿਲਾਸਫੀ ਵਿਚ ਬਹੁਤ ਕੁਝ ਭਰਮਾਊ ਰਲਿਆ ਹੋਇਆ ਹੈ ਪਰ ਇਸ ਵਿਚ ਆਤਮਿਕ ਗਿਆਨ ਦਾ ਤੱਤ ਵੀ ਮੌਜੂਦ ਹੈ। ਇਨ੍ਹਾਂ ਭਰਮਾਊ ਧਾਰਨਾਵਾਂ ਤੇ ਇਨ੍ਹਾਂ ਵਿਚਲੇ ਆਤਮਿਕ ਗਿਆਨ ਦੇ ਤੱਤ ਨੂੰ ਨਿਖੇੜਨ ਦੀ ਲੋੜ ਹੈ। ਇਹ ਕੰਮ ਗੁਰਮਤਿ ਨੇ ਕੀਤਾ ਹੈ। ਗੁਰਮਤਿ ਦੇ ਇਸ ਵਿਰਸੇ ਨੂੰ ਅੱਗੇ ਤੋਰਨ ਦੀ ਲੋੜ ਹੈ। ਵੈਦਿਕ ਫਿਲਾਸਫੀ ਵਿਚ ਦਰਜ ਹੈ : ਸਾਰੇ ਜਨ ਸੁਖੀ ਵਸਣ। ਗੁਰਮਤਿ ਨੇ ਇਸੇ ਵੈਦਿਕ ਧਾਰਨਾ ਨੂੰ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਰੂਪ ਵਿਚ ਅੱਗੇ ਤੋਰਿਆ ਹੈ। ‘ਵਾਸੂਦੇਵਾ ਕਟੁੰਬਕਮ’ ਭਾਵ 'ਸਾਰਾ ਵਿਸ਼ਵ ਇਕ ਪਰਿਵਾਰ ਹੈ' ਨੂੰ 'ਏਕ ਪਿਤਾ ਏਕਸ ਕੇ ਹਮ ਬਾਰਕ॥' ਦੇ ਰੂਪ ਵਿਚ ਨਵਿਆਇਆ ਗਿਆ ਹੈ।

ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਹਿੰਦੋਸਤਾਨ ਦੇ ਲੋਕਾਂ ਕੋਲ ਇਕ ਅਜਿਹਾ ਸਿਧਾਂਤ ਹੈ, ਜਿਹੜਾ ਵੈਦਿਕ ਫਿਲਾਸਫੀ ਤੇ ਇਸਲਾਮ ਵਿਚਕਾਰ ਪੁਲ ਦਾ ਕੰਮ ਕਰ ਸਕਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖੀ ਨੂੰ ਦੋਹਾਂ ਧਰਮਾਂ ਤੋ ਨਿਆਰਾ ਤੇ ਦੋਹਾਂ ਧਰਮਾਂ ਵਿਚਲੀ ਕਾਣ ਮੇਟਣ ਵਾਲੇ ਧਰਮ ਵਜੋਂ ਪੇਸ਼ ਕੀਤਾ ਹੈ। ਪੱਛਮ ਵਿਚ ਧਰਮ ਬਾਰੇ ਵਰਤੇ ਜਾਂਦੇ ਸ਼ਬਦ ਰਿਲੀਜਨ ਤੇ ਪੂਰਬ ਵਿਚਲੇੇ ਸ਼ਬਦ ਧਰਮ ਦੇ ਸੰਕਲਪ ਵੱਖੋ-ਵਖਰੇ ਹਨ। ਵੈਦਿਕ ਫਿਲਾਸਫੀ ਤੇ ਬੁੱਧ ਮਤਿ ਵਿਚ ਵਰਤੇ ਗਏ ਧਰਮ ਸ਼ਬਦ ਦੇ ਸੰਕਲਪ ਦੀ ਸਭ ਤੋਂ ਵਧੇਰੇ ਸਪੱਸ਼ਟ ਵਿਆਖਿਆ ਗੁਰਮਤਿ ਨੇ ਕੀਤੀ ਹੈ। ਧਰਮ ਦਾ ਇਹੀ ਸੰਕਲਪ ਹਿੰਦੂਆਂ, ਮੁਸਲਮਾਨਾਂ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਸਕਦਾ ਹੈ। ਤੀਜੀ ਸੰਸਾਰ ਜੰਗ ਵਲ ਵਧ ਰਹੇ ਸੰਸਾਰ ਨੂੰ ਰਾਹ ਵਿਖਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਇਸ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ।

-ਸਰਦਾਰ ਗੁਰਬਚਨ ਸਿੰਘArchive

RECENT STORIES

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਵਰਸਿਟੀ ਹਾਕੀ ਟਰਾਫੀ ਜਿੱਤੀ

Posted on February 12th, 2023

ਗੁਰਮੁਖੀ ਦੀ ਉਤਪਤੀ ਤੇ ਵਿਗਾਸ

Posted on February 12th, 2023

ਭਾਰਤੀ ਹਾਕੀ: ਕੀ ਭਾਰਤੀ ਹਾਕੀ ਟੀਮ ਨੂੰ ਓਡੀਸ਼ਾ FIH ਵਿਸ਼ਵ ਕੱਪ, 2023 ਲਈ ਵਾਸਤਵਿਕ ਉਮੀਦਾਂ ਸਨ?

Posted on February 6th, 2023

170 ਸਾਲ ਪਹਿਲਾਂ ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਵਲੋਂ ਧਰਮ ਬਦਲਣ ਦੀ ਮੁਹਿੰਮ ਸ਼ੁਰੂ ਕਰਨੀ ਤੇ ਫਿਰ ਬੰਦ ਕਰਨੀ

Posted on February 6th, 2023

ਬਰਾੜ ਦੀ ਇੰਟਰਵਿਉ ਮੋਦੀ ਸਰਕਾਰ ਦੀ ਸ਼ੈਤਾਨੀ ਸੋਚ ਦੀ ਉਪਜ : ਦਲ ਖ਼ਾਲਸਾ

Posted on February 1st, 2023

ਪੰਜਾਬ ਵਿੱਚ ਸੰਯੁਕਤ ਰਾਸ਼ਟਰ ਅਧੀਨ ਰੈਫਰੈੰਡਮ ਕਰਵਾਇਆ ਜਾਵੇ: ਦਲ ਖ਼ਾਲਸਾ

Posted on January 31st, 2023

ਆਰੀਆ ਲੋਕ ਕੌਣ ਸਨ ਅਤੇ ਪੰਜਾਬੀ ਪਹਿਚਾਣ ਵਿੱਚ ਆਰੀਆਵਾਂ ਦਾ ਯੋਗਦਾਨ

Posted on January 4th, 2023