Posted on January 31st, 2023
ਸਵੈ-ਨਿਰਣੇ ਦੇ ਅਧਿਕਾਰ ‘ਤੇ ਟਿਕੀ ਹੈ ਹਿੰਦ-ਪੰਜਾਬ ਵਿਚਾਲੇ ਸ਼ਾਂਤੀ: ਦਲ ਖ਼ਾਲਸਾ
ਅੰਮ੍ਰਿਤਸਰ- ਪੰਜਾਬ ਦੀ ਪ੍ਰਭੁਸੱਤਾ ਅਤੇ ਆਜ਼ਾਦੀ ਲਈ ਪਿਛਲੇ 44 ਵਰ੍ਹਿਆਂ ਤੋਂ ਸੰਘਰਸ਼ ਕਰ ਰਹੀ ਜਥੇਬੰਦੀ ਦਲ ਖ਼ਾਲਸਾ ਵੱਲੋਂ ਸਹਿਯੋਗੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ), ਅਖੰਡ ਕੀਰਤਨੀ ਜਥਾ ਅਤੇ ਅਕਾਲ ਫੈਡਰੇਸ਼ਨ ਨਾਲ ਮਿਲਕੇ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਪੰਜਾਬ ਅੰਦਰ ਰੈਫਰੈਂਡਮ ਦੀ ਮੰਗ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ 'ਤੇ ਜੋਸ਼ ਭਰਪੂਰ ਮਾਰਚ ਕੀਤਾ ਗਿਆ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿੱਚ ਕੋਈ ਪੰਥਕ ਜਥੇਬੰਦੀ ਰੈਫਰੈਡਮ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉੱਤਰੀ ਹੋਵੇ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾਂ , ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸਕੱਤਰ ਪਰਮਜੀਤ ਸਿੰਘ ਟਾਂਡਾ, ਬੁਲਾਰੇ ਪਰਮਜੀਤ ਸਿੰਘ ਮੰਡ, ਕੰਵਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਨਰੈਣ ਸਿੰਘ ਚੌੜਾ, ਭੁਪਿੰਦਰ ਸਿੰਘ ਭਲਵਾਨ, ਭਾਈ ਬਖਸ਼ੀਸ਼ ਸਿੰਘ ਸਮੇਤ ਪਾਰਟੀਆਂ ਦੇ ਅਹੁਦੇਦਾਰਾਂ ਦੀ ਅਗਵਾਈ ਵਿੱਚ ਸੈਂਕੜੇ ਪਾਰਟੀ ਕਾਰਕੁਨਾਂ ਨੇ ਹੱਥਾਂ ਵਿੱਚ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਖਾਲਸਾਈ ਝੰਡੇ ਅਤੇ ਬੈਨਰ ਫੜਕੇ ਪੰਜਾਬ ਅੰਦਰ ਰੈਫਰੈਂਡਮ ਕਰਵਾਉਣ ਲਈ ਜੋਸ਼ ਭਰਪੂਰ ਨਾਹਰੇਬਾਜ਼ੀ ਕੀਤੀ। ਇਹ ਮਾਰਚ ਗੁਰਦੁਆਰਾ ਸੰਤੋਖਸਰ ਤੋਂ ਸੁਰੂ ਹੋਕੇ ਅਕਾਲ ਤਖ਼ਤ ਸਾਹਿਬ ਪਹੁੰਚਾਇਆ। ਦਲ ਖ਼ਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਰੈਫਰੈਂਡਮ ਮਾਰਚ ਦੀ ਸਫਲਤਾ ਦੀ ਅਰਦਾਸ ਵੀ ਕੀਤੀ ਗਈ।
ਮਾਰਚ ਤੋਂ ਪਹਿਲਾਂ ਆਯੋਜਿਤ ਕੀਤੀ ਗਈ ਕਾਨਫਰੰਸ ਵਿੱਚ ਜਥੇਬੰਦੀ ਵੱਲੋਂ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਜਥੇਬੰਦੀ ਨੇ "ਸਵੈ-ਨਿਰਣੇ ਦੇ ਹੱਕ ਨੂੰ ਮਨੁੱਖੀ ਅਧਿਕਾਰ ਦਸਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ "ਅੰਤਰਰਾਸ਼ਟਰੀ ਨਿਯਮਾਂ ਤਹਿਤ ਸਿਵਲ ਅਤੇ ਰਾਜਸੀ ਹੱਕ ਚਾਰਟਰ 1966" ਅਨੁਸਾਰ ਦੁਨੀਆਂ ਦੇ ਸਮੂਹ ਲੋਕ ਇਸ ਹੱਕ ਦੇ ਅਧਿਕਾਰੀ ਹਨ ਪਰ ਅਫ਼ਸੋਸ ਕਿ ਭਾਰਤੀ ਸਟੇਟ ਇਹ ਅਧਿਕਾਰ ਆਪਣੇ ਲੋਕਾਂ ਨੂੰ ਦੇਣ ਤੋਂ ਮੁਨਕਰ ਹੈ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਾਰਤ ਇੱਕ ਲੋਕਤੰਤਰੀ ਮੁਲਕ ਨਾ ਹੋ ਕੇ ਹਿੰਦੂ ਤਾਨਾਸ਼ਾਹ ਮੁਲਕ ਹੈ।
ਮਤੇ ਰਾਹੀ ਦਲ ਖ਼ਾਲਸਾ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ 1966 ਅਧੀਨ ਸਮੂਹ ਲੋਕਾਂ ਨੂੰ ਮਿਲੇ ਸਵੈ-ਨਿਰਣੇ ਦੇ ਅਧਿਕਾਰ ਨੂੰ ਭਾਰਤ ਅੰਦਰ ਦੇਸ਼ ਦੀ ਏਕਤਾ-ਅਖੰਡਤਾ ਦੇ ਨਾਮ ਹੇਠ ਲਾਗੂ ਨਾ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਉਹ ਦਖਲਅੰਦਾਜ਼ੀ ਕਰਕੇ ਇਹ ਹੱਕ ਪੰਜਾਬ ਦੇ ਲੋਕਾਂ ਨੂੰ ਦਿਵਾਵੇ । ਮਤੇ ਵਿੱਚ ਅੱਗੇ ਕਿਹਾ ਕਿ ਭਾਰਤ ਅੰਦਰ ਕਈ ਸੂਬਿਆਂ ਵਿੱਚ ਘੱਟ-ਗਿਣਤੀ ਨਸਲੀ ਕੌਮਾਂ ਅਤੇ ਭਾਰਤੀ ਨਿਜ਼ਾਮ ਵਿਚਾਲੇ ਪ੍ਰਭੂਸੱਤਾ ਨੂੰ ਹਾਸਿਲ ਕਰਨ ਲਈ ਹਥਿਆਰਬੰਦ ਸੰਘਰਸ਼ ਚੱਲ ਰਹੇ ਹਨ। ਇਹਨਾਂ ਸੰਘਰਸ਼ਾਂ ਦਾ ਸਨਮਾਨਯੋਗ ਹੱਲ ਕੇਵਲ ਸਵੈ-ਨਿਰਣੇ ਦੇ ਹੱਕ ਰਾਹੀਂ ਨਿਕਲ ਸਕਦਾ ਹੈ, ਜਿਸ ਲਈ ਤਾਕਤਵਾਰ ਮੁਲਕਾਂ ਨੂੰ ਯੂ.ਐਨ. ਦੀ ਅਗਵਾਈ ਹੇਠ ਵਿਚੋਲਗੀ ਕਰਨੀ ਚਾਹੀਦੀ ਹੈ। ਕੈਨੇਡਾ ਅਤੇ ਇੰਗਲੈਂਡ ਵਰਗੇ ਲੋਕਤੰਤਰੀ ਮੁਲਕ ਜੋ ਸੰਵਿਧਾਨਕ ਤੌਰ 'ਤੇ ਆਪਣੇ ਲੋਕਾਂ ਨੂੰ ਇਹ ਅਧਿਕਾਰ ਦਿੰਦੇ ਹਨ ਦਾ ਉਦਾਹਰਣ ਦਿੰਦਿਆਂ ਦਲ ਖ਼ਾਲਸਾ ਆਗੂਆਂ ਨੇ ਕਿਹਾ ਕਿ ਭਾਰਤ ਨੂੰ ਇਹਨਾਂ ਮੁਲਕਾਂ ਤੋਂ ਸਬਕ ਲੈਣਾ ਚਾਹੀਦਾ ਹੈ।
ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਿੰਦ-ਪੰਜਾਬ ਦਰਮਿਆਨ ਸਾਂਤੀ ਸਵੈ-ਨਿਰਣੇ ਦੇ ਅਧਿਕਾਰ ‘ਤੇ ਟਿੱਕੀ ਹੈ। ਪੰਜਾਬ ਦੇ ਲੋਕ ਪਿਛਲੀ ਅੱਧੀ ਸਦੀ ਤੋਂ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ ਪਰ ਹਿੰਦ ਹਕੂਮਤ ਨੇ ਹਮੇਸ਼ਾ ਹੀ ਪੰਜਾਬੀਆਂ ਦੇ ਹੱਕੀ ਅਤੇ ਜਾਇਜ਼ ਸੰਘਰਸ਼ ਨੂੰ ਆਪਣੀਆਂ ਹਥਿਆਰਬੰਦ ਫੋਰਸਾਂ ਦਾ ਇਸਤੇਮਾਲ ਕਰਦੇ ਹੋਏ ਹਿੰਸਕ ਤਰੀਕੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਜਾਂਨਾ ਇਸ ਸੰਘਰਸ਼ ਦੇ ਲੇਖੇ ਲੱਗ ਚੁੱਕੀਆਂ ਹਨ ਅਤੇ ਅੰਨਾ ਤਸੱਦਦ ਝੱਲਣ ਦੇ ਬਾਵਜੂਦ ਪੰਜਾਬ ਦੇ ਲੋਕ ਅੱਜ ਵੀ ਆਜਾਦੀ ਲਈ ਸੰਘਰਸ਼ ਕਰ ਰਹੇ ਹਨ।
ਕੰਵਰਪਾਲ ਸਿੰਘ ਨੇ ਕਿਹਾ ਕਿ ਸਵੈ ਨਿਰਣੇ ਦਾ ਹੱਕ ਯੂ.ਐਨ ਰਾਹੀਂ ਮਿਲਿਆਂ ਉਹ ਹੱਕ ਹੈ ਜਿਸ ਰਾਹੀਂ ਬਿਨਾ ਖੂਨ ਡੋਲਿਆ ਆਜ਼ਾਦੀ ਦੀ ਤਾਂਘ ਰੱਖਣ ਵਾਲੇ ਲੋਕਾਂ ਦਾ ਸਮੂਹ ਜਾਂ ਕੌਮ ਆਪਣੀ ਭਵਿੱਖ ਅਤੇ ਕਿਸਮਤ ਦਾ ਫੈਸਲਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਭਾਰਤ ਵੱਲੋਂ ਸਵੈ-ਨਿਰਣੇ ਦਾ ਅਧਿਕਾਰ ਨਾ ਦੇਣ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਧਾਰੀ ਚੁੱਪ ਕਾਰਨ ਇਹਨਾਂ ਘੱਟ-ਗਿਣਤੀ ਨਸਲੀ ਕੌਮਾਂ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਹਥਿਆਰ ਚੁੱਕਣੇ ਪੈ ਰਹੇ ਹਨ।
ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਵੈ ਨਿਰਣੇ ਦੇ ਹੱਕ ਦਾ ਇਸਤੇਮਾਲ ਕਰਨ ਲਈ ਰੈਫਰੈਂਡਮ ਜਾਂ ਰਾਇਸ਼ੁਮਾਰੀ ਇੱਕ ਕਾਰਗਰ ਮਾਧਿਅਮ ਜਾਂ ਤਰੀਕਾਕਾਰ ਹੈ। ਉਹਨਾਂ ਕਿਹਾ ਕਿ ਖਾਲਿਸਤਾਨ ਨੂੰ ਹਾਸਿਲ ਕਰਨ ਲਈ ਦੋ ਪ੍ਰਮੁੱਖ ਰਾਹ ਹਨ: ਜੁਝਾਰੂਵਾਦ ਜਾਂ ਕੂਟਨੀਤਿਕ।ਉਹਨਾਂ ਕਿਹਾ ਕਿ ਸਿੱਖ ਕੌਮ ਦੇ ਅਲੱਗ-ਅਲੱਗ ਹਿੱਸੇ ਆਪਣੇ ਢੰਗਾਂ ਨਾਲ ਸੇਵਾ ਨਿਭਾ ਰਹੇ ਹਨ। ਉਹਨਾ ਸਪਸ਼ਟ ਕੀਤਾ ਕਿ ਖਾਲਿਸਤਾਨ ਲਈ ਲੜ ਰਹੀ ਹਰ ਧਿਰ ਦਾ ਉਹ ਆਦਰ ਕਰਦੇ ਹਨ । ਉਹਨਾਂ ਸਪਸ਼ਟ ਕਿਹਾ ਕਿ ਰੈਫਰੈਂਡਮ ਅਤੇ ਸਵੈ ਨਿਰਣੇ ਦੀ ਮੰਗ ਭਾਂਵੇ ਸਿੱਖ ਹੀ ਕਰ ਰਹੇ ਹਨ ਕਿਉਂਕਿ ਉਹ ਸਰਕਾਰੀ ਤਸ਼ਦੱਦ ਅਤੇ ਜ਼ੁਲਮਾਂ ਦੇ ਪੀੜਤ ਹਨ ਪਰ ਯੂ.ਐਨ ਦੇ ਪੈਮਾਨੇ ਅਤੇ ਮਾਪ-ਦੰਡ ਅਨੁਸਾਰ ਪੰਜਾਬ ਦੇ ਰੈਫਰੈਂਡਮ ਲਈ ਪੰਜਾਬ ਦਾ ਹਰ ਪੱਕਾ ਵਸਨੀਕ ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਸਿਧਾਂਤ ਨਾਲ ਜੁੜਿਆਂ ਹੋਵੇ, ਵੋਟ ਦਾ ਅਧਿਕਾਰੀ ਹੋਵੇਗਾ। ਉਹਨਾਂ ਪੰਜਾਬ ਦੇ ਸਮੂਹ ਲੋਕਾਂ ਨੂੰ ਹਰ ਡਰ ਜਾਂ ਵਹਿਮ ਤੋਂ ਬਾਹਰ ਨਿਕਲ ਕੇ ਸਿੱਖਾਂ ਵਲੋ ਪੰਜਾਬ ਦੀ ਪ੍ਰਭੂਸੱਤਾ ਲਈ ਵਿੱਢੇ ਸੰਘਰਸ਼ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ ।
ਪਿਛਲੇ ਦਿਨੀਂ ਦਿੱਲੀ ਵਿੱਚ ਸੂਬਿਆਂ ਦੇ ਪੁਲਿਸ ਮੁਖੀਆਂ ਦੀ ਸਾਲਾਨਾ ਕਾਨਫਰੰਸ ਜਿਸ ਸੀ ਪ੍ਰਧਾਨਗੀ ਪੀ.ਐਮ. ਨਰਿੰਦਰ ਮੋਦੀ ਨੇ ਕੀਤੀ, ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਖਾਲਿਸਤਾਨ ਦੇ ਮੁੱਦੇ ਨੂੰ ਨਜਿੱਠਣ ਲਈ ਹੋਈ ਵਿਉਤਬੰਦੀ ਦੱਸਦੀ ਹੈ ਕਿ ਆਉਣ ਵਾਲਾ ਸਮਾਂ ਸਿੱਖ ਨੌਜਵਾਨਾਂ ਲਈ ਔਖਾ ਹੋਵੇਗਾ ਕਿਉਂ ਜੋ ਉਹਨਾਂ ਨੂੰ ਮੁੜ ਨਿਸ਼ਾਨਾ ਬਣਾਇਆਂ ਜਾਵੇਗਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਣਵੀਰ ਸਿੰਘ ਗੀਗਨਵਾਲ, ਗੁਰਦੀਪ ਸਿੰਘ ਕਾਲਕਟ, ਕੁਲਦੀਪ ਸਿੰਘ ਰਜਧਾਨ, ਸੁਰਜੀਤ ਸਿੰਘ ਖ਼ਾਲਿਸਤਾਨੀ, ਜਗਜੀਤ ਸਿੰਘ ਖੋਸਾ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਵਿੰਦਰ ਸਿੰਘ ਭੁਲੱਥ, ਬਹਾਦਰ ਸਿੰਘ ਗੁਰਾਇਆ, ਗੁਰਵਿੰਦਰ ਸਿੰਘ ਬਠਿੰਡਾ, ਰਾਜਵਿੰਦਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ ਮੂਨਕਾਂ, ਸੁਖਵਿੰਦਰ ਸਿੰਘ ਫੱਤੇਵਾਲ, ਪ੍ਰਭਜੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023