Posted on February 23rd, 2023
ਸਿਆਟਲ ਦੀ ਸਿਟੀ ਕੌਂਸਲਰ (ਕ)ਸ਼ਮਾ ਸਾਵੰਤ ਦੀ ਦਲੇਰਾਨਾ ਪਹਿਲ ਕਦਮੀ ਸਦਕਾ ਜਾਤੀ ਵਿਤਕਰੇ ਖਿਲਾਫ ਕਾਨੂੰਨ ਬਣ ਗਿਆ ਹੈ, ਜੋ ਕਿ ਮੰਨੂਵਾਦੀਆਂ ਦੇ ਹੰਕਾਰ ਦੇ ਮੂੰਹ 'ਤੇ ਚਪੇੜ ਹੈ। ਸਿਆਟਲ ਵਿੱਚ ਭੇਦਭਾਵ ਵਿਰੋਧੀ ਕਾਨੂੰਨ ਵਿਚ ਜਾਤੀ ਸ਼ਬਦ ਨੂੰ ਸ਼ਾਮਲ ਕਰਨਾ ਇਤਿਹਾਸਕ ਜਿੱਤ ਕਹੀ ਜਾ ਸਕਦੀ ਹੈ।
ਮਹੱਤਵਪੂਰਨ ਪਹਿਲੂ ਇਹ ਹੈ ਕਿ ਅਮਰੀਕਾ ਵਿੱਚ ਭੇਦ ਭਾਵ ਦੇ ਵਿਤਕਰੇ ਦੇ ਕਾਨੂੰਨ ਵਿੱਚ ਜਾਤੀ ਵਿਤਕਰੇ ਦਾ ਸ਼ਬਦ ਸ਼ਾਮਲ ਨਹੀਂ ਹੈ। ਦੂਸਰੇ ਪਾਸੇ ਵੱਖ-ਵੱਖ ਸ਼ਹਿਰਾਂ ਜਾਂ ਸਟੇਟਾਂ ਵਿਚ ਭਾਰਤੀ ਮੂਲ ਦੇ ਮਨੂੰਵਾਦੀ ਅਤੇ ਅਖੌਤੀ ਉੱਚ ਜਾਤੀ ਵਰਗ ਵੱਲੋਂ ਦਲਿਤਾਂ ਨਾਲ ਹੋ ਰਹੇ ਵਿਤਕਰਾ ਸ਼ਿਕਾਇਤਾਂ ਦਿਨੋ-ਦਿਨ ਵਧ ਰਹੀਆਂ ਹਨ। ਇਸ ਆਧਾਰ ਤੇ ਹੀ ਸਿਆਟਲ ਦੀ ਸਿਟੀ ਕੌਂਸਲਰ (ਕ)ਸ਼ਮਾ ਸਾਵੰਤ ਨੇ ਇਹ ਮਤਾ ਲਿਆ ਕੇ ਜਾਤੀ ਵਿਤਕਰੇ ਦੇ ਸ਼ਬਦ ਨੂੰ ਭੇਦ ਭਾਵ ਦੇ ਕਾਨੂੰਨ ਵਿੱਚ ਸ਼ਾਮਲ ਕਰਨ ਲਈ ਅਵਾਜ਼ ਬੁਲੰਦ ਕੀਤੀ।
ਇਸ ਦੀ ਹਮਾਇਤ ਵਿਚ ਡਾ. ਭੀਮ ਰਾਓ ਅੰਬੇਦਕਰੀ ਅਤੇ ਕਈ ਹੋਰ ਸੰਗਠਨਾਂ ਤੋਂ ਇਲਾਵਾ ਅਤੇ ਸਿਆਟਲ ਦੇ ਸਿੱਖ ਭਾਈਚਾਰੇ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਜਦਕਿ ਕੁਝ ਕੱਟੜ ਹਿੰਦੂਤਵੀ ਸੰਗਠਨ ਨੇ ਇਸ ਦਾ ਵਿਰੋਧ ਕੀਤਾ, ਪਰ ਇਸ ਦੇ ਬਾਵਜੂਦ ਇਹ 6-1 ਫ਼ਰਕ ਨਾਲ ਪਾਸ ਹੋ ਗਿਆ। ਮਤੇ ਦੇ ਹੱਕ ਵਿਚ 100 ਤੋਂ ਵੱਧ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਭਾਰਤ 'ਚ ਪਹਿਲਾਂ ਹੀ ਦਲਿਤਾਂ ਤੇ ਹੋਰ ਪਛੜੀਆਂ ਜਾਤੀਆਂ ਨਾਲ ਹੋ ਰਹੇ ਵਿਤਕਰੇ ਬਾਰੇ ਵੀ ਤਕਰੀਰਾਂ ਕੀਤੀਆਂ।
ਕੁਝ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਕਈ ਵਾਰ ਮਤੇ ਦੇ ਵਿਰੋਧ 'ਚ ਰੌਲਾ ਪਾਇਆ, ਜਿਸ 'ਤੇ ਸਪੀਕਰ ਨੇ ਉਨ੍ਹਾਂ ਨੂੰ ਝਾੜ ਵੀ ਪਾਈ। ਸਿਆਟਲ ਸਿਟੀ ਕੌਂਸਲਰ (ਕ)ਸ਼ਮਾ ਸਾਵੰਤ ਦੇ ਭਾਸ਼ਣ ਵਿਚ ਕੱਟੜਵਾਦੀਆਂ ਵੱਲੋਂ ਰੁਕਾਵਟਾਂ ਪਾਈਆਂ ਗਈਆਂ, ਪਰ (ਕ)ਸ਼ਮਾ ਨੇ ਬੁਲੰਦ ਆਵਾਜ਼ ਵਿਚ ਉਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ।
ਜਾਤੀ ਵਿਤਕਰੇ ਖਿਲਾਫ ਮਤੇ ਦੀ ਹਮਾਇਤ ਵਿੱਚ ਸਿਆਟਲ ਦੇ ਨਾਮਵਰ ਸਿੱਖਾਂ ਸਤਪਾਲ ਸਿੰਘ ਪੁਰੇਵਾਲ,ਇੰਦਰਜੀਤ ਸਿੰਘ ਬੱਲੋਵਾਲ, ਦਿਲਬਾਗ ਸਿੰਘ, ਬਲਵੀਰ ਸਿੰਘ, ਸਿਮਰਨ ਸਿੰਘ, ਖ਼ਾਲਸਾ ਗੁਰਮਤਿ ਸੈਂਟਰ ਦੇ ਮੁੱਖ ਪ੍ਰਬੰਧਕ ਡਾ. ਜਸਮੀਤ ਸਿੰਘ ਅਤੇ ਹੀਰਾ ਸਿੰਘ ਭੁੱਲਰ ਤੋਂ ਇਲਾਵਾ ਬ੍ਰਿਟਿਸ਼ ਕਲੰਬੀਆ ਤੋਂ ਜਾਤ-ਪਾਤ ਵਿਰੋਧੀ ਸੰਸਥਾਵਾਂ ਵਿੱਚੋਂ ਵੀ ਕਮਲੇਸ਼ ਅਹੀਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਇਸ ਮੌਕੇ 'ਤੇ ਹਾਜ਼ਰ ਹੋਈਆਂ।
ਹੁਣ ਲੋੜ ਇਸ ਗੱਲ ਦੀ ਹੈ ਕਿ ਅਮਰੀਕਾ ਦੇ ਸਿਆਟਲ ਸਹਿਰ ਦੀ ਤਰਜ਼ 'ਤੇ ਕੈਨੇਡਾ ਵਿੱਚ ਵੀ ਜਾਤੀ ਵਿਤਕਰੇ ਨੂੰ ਭੇਦ-ਭਾਵ ਵਿਰੋਧੀ ਕਾਨੂੰਨੀ ਵਿੱਚ ਸ਼ਾਮਿਲ ਕਰਵਾਇਆ ਜਾਏ ਅਤੇ ਇਥੇ ਕੱਟੜਵਾਦੀ ਅਤੇ ਮਨੂੰਵਾਦੀ ਵਿਤਕਰੇ ਖਿਲਾਫ ਜ਼ੋਰਦਾਰ ਕਦਮ ਚੁੱਕੇ ਜਾਣ। ਜਾਤੀ ਵਿਤਕਰਾ ਭੇਦ-ਭਾਵ ਅਤੇ ਨਸਲਵਾਦ ਦਾ ਹੀ ਇਕ ਭਿਅੰਕਰ ਰੂਪ ਹੈ, ਜੋ ਭਾਰਤ ਵਿਚ ਅਜੇ ਵੀ ਵੱਧ ਰਿਹਾ ਹੈ ਅਤੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵਿਚੋਂ ਵੀ ਇਸ ਦੀਆਂ ਜੜ੍ਹਾਂ ਪੁੱਟੀਆਂ ਨਹੀਂ ਗਈਆਂ। ਇਹਨਾਂ ਜੜ੍ਹਾਂ ਨੂੰ ਪੁੱਟਣ ਦੀ ਲੋੜ ਹੈ, ਜਿਵੇਂ ਕਿ ਸਿਆਟਲ ਵਿੱਚ ਹੋਇਆ। ਆਖਰ ਸੱਚ ਦੀ ਜਿੱਤ ਹੋਈ ਅਤੇ ਮਨੂੰਵਾਦ ਦੀ ਹਾਰ ਹੋਈ।
-ਡਾ. ਗੁਰਵਿੰਦਰ ਸਿੰਘ
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023