Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਖ਼ਤ

Posted on March 31st, 2023

''ਕੁਰਸੀ ਹੈ, ਤੁਮਹਾਰਾ ਜਨਾਜ਼ਾ ਤੋ ਨਹੀਂ, ਕੁਛ ਕਰ ਨਹੀਂ ਸਕਤੇ, ਤੋ ਉਤਰ ਕਿਉਂ ਨਹੀਂ ਜਾਤੇ?''

ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ,

ਪੰਜਾਬ ਦੀ ਮੌਜੂਦਾ ਚਿੰਤਾਜਨਕ ਘਟਨਾਕ੍ਰਮ ਦੌਰਾਨ ਪਿਛਲੇ ਦਿਨਾਂ ਤੋਂ ਆਪ ਦੀ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਬੇਕਸੂਰ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਅਲਟੀਮੇਟਮ ਬਾਰੇ, ਤੁਹਾਡੇ 'ਨਾਂਹਵਾਚੀ ਪ੍ਰਤੀਕਰਮ' ਨੇ ਤੁਹਾਨੂੰ ਹੋਰ ਵੀ ਬੌਣਾ ਸਾਬਤ ਕਰ ਦਿੱਤਾ ਹੈ। ਤੁਸੀਂ ਗ਼ੈਰ-ਵਾਜਬ ਦਲੀਲ ਦਿੱਤੀ ਕਿ 'ਚੰਗਾ ਹੁੰਦਾ ਜੇ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਲਈ ਜਾਰੀ ਕਰਦੇ, ਨਾ ਕਿ ਹਸਦੇ ਵਸਦੇ ਲੋਕਾਂ ਨੂੰ ਭੜਕਾਉਣ ਲਈ'।

ਮੁੱਖ ਮੰਤਰੀ ਜੀ, ਬੇਅਦਬੀ ਅਤੇ ਗੁਰੂ ਸਾਹਿਬ ਦੇ ਸਰੂਪ ਗਾਇਬ ਕਰਨ ਦੇ ਦੋਸ਼ੀਆਂ ਨੂੰ ਫੜਨੋਂ ਤੁਹਾਨੂੰ ਕਿਸ ਨੇ ਰੋਕਿਆ ਹੈ? ਜਿਹੜੀ ਤਾਕਤ ਬੇਕਸੂਰ ਸਿੱਖ ਨੌਜਵਾਨਾਂ ਨੂੰ ਕਾਲੇ ਕਾਨੂੰਨਾਂ ਤਹਿਤ, ਜੇਲਾਂ ਵਿੱਚ ਸੁੱਟਣ 'ਤੇ ਲਾ ਰਹੇ ਹੋ, ਉਹੀ ਤਾਕਤ ਇਹਨਾਂ ਦੋਸ਼ੀਆਂ ਨੂੰ ਫੜਨ ਲਈ ਲਾਉਂਦਿਆਂ ਤੁਹਾਡੇ ਹੱਥ ਕੰਬਦੇ ਹਨ? ਜਨਤਾ ਸਭ ਜਾਣਦੀ ਹੈ। ਕੁਝ ਕੁ ਦਿਨ ਪਹਿਲਾਂ ਜਦੋਂ ਦਿੱਲੀ ਦੇ ਰਾਜੇ ਦੇ ਇਸ਼ਾਰੇ 'ਤੇ ਪੰਜਾਬ ਦੇ ਮੁਕੱਦਮ ਵੱਲੋਂ, ਪੰਜਾਬੀ ਦੀ ਜਗ੍ਹਾ 'ਹਿੰਦੀ ਭਾਸ਼ਾ' ਰਾਹੀਂ ਜਿਵੇਂ 'ਪੰਜਾਬ ਨੂੰ ਨਹੀਂ, ਹਿੰਦ ਰਾਸ਼ਟਰ ਨੂੰ ਸੰਬੋਧਨ' ਕੀਤਾ ਗਿਆ, ਉਸਦੀ ਮਨਸ਼ਾ ਤੋਂ ਲੋਕ ਭਲੀ-ਭਾਂਤ ਵਾਕਫ਼ ਹੋ ਚੁੱਕੇ ਹਨ।

ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਤੁਸੀਂ ਕਿਹਾ ਸੀ ਕਿ ਪੰਜਾਬ ਵਿੱਚ ਅਸੀਂ ਫਿਰਕੂ ਨਫਰਤ ਦੀਆਂ ਫੈਕਟਰੀਆਂ ਨਹੀਂ ਚੱਲਣ ਦੇਵਾਂਗੇ, ਪਰ ਤੁਹਾਨੂੰ ਸਵਾਲ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਆਰ ਐਸ ਐਸ ਅਤੇ ਹੋਰ ਫਿਰਕੂ ਤਾਕਤਾਂ ਦੇ ਢਹੇ ਚੜ੍ਹ ਕੇ, ਦਿੱਲੀ ਵਿੱਚ ਅਜਿਹੀਆਂ ਫੈਕਟਰੀਆਂ ਨੂੰ ਸ਼ਹਿ ਦੇ ਰਿਹਾ ਹੈ, ਇਸ ਬਾਰੇ ਕੀ ਖਿਆਲ ਹੈ?

ਜਨਤਾ ਜਾਣ ਚੁੱਕੀ ਹੈ ਕਿ ਭਾਜਪਾ ਅਤੇ ਆਪ ਦੇ ਹਿੰਦੂਤਵਵਾਦੀ ਏਜੰਡੇ ਵਿੱਚ ਕੋਈ ਫਰਕ ਨਹੀਂ ਹੈ। ਪੰਜਾਬੀਆਂ ਨੇ ਕਾਂਗਰਸੀਆਂ, ਅਕਾਲੀਆਂ, ਭਾਜਪਾਈਆਂ ਆਦਿ ਨੂੰ ਸੱਤਾ ਤੋਂ ਬਾਹਰ ਕਰ ਕੇ ਤੁਹਾਨੂੰ ਬਹੁਮਤ ਦਿੱਤਾ ਸੀ, ਪਰ ਹੁਣ ਤੁਸੀਂ ਵੀ ਬੇੜਾ ਗਰਕ ਕਰ ਲਿਆ ਹੈ। ਕਾਲਜ ਦੇ ਦਿਨਾਂ ਵਿਚ ਯੂਨੀਵਰਸਿਟੀ ਯੂਥ ਫੈਸਟੀਵਲਾਂ ਦੌਰਾਨ ਅਤੇ ਕੈਨੇਡਾ ਵਿੱਚ ਤੁਹਾਡੇ ਸ਼ੋਆਂ ਦੇ ਵਿਸ਼ੇ-ਵਸਤੂ ਅਕਸਰ ਹੀ ਸਿਆਸੀ ਧੱਕੇਸ਼ਾਹੀ ਦੇ ਖਿਲਾਫ਼ ਹੁੰਦੇ ਸਨ। ਤੁਸੀਂ ਅਨੇਕਾਂ ਵਾਰ ਕੈਨੇਡਾ ਵਿੱਚ ਰੇਡੀਓ ਅਤੇ ਟੈਲੀਵਿਜ਼ਨ 'ਤੇ ਸਮੇਂ ਦੀਆਂ ਸਰਕਾਰਾਂ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਅਤੇ ਪ੍ਰਵਾਸੀ ਪੰਜਾਬੀਆਂ ਨੇ ਤੁਹਾਡੀ ਹੌਸਲਾ-ਅਫਜ਼ਾਈ ਕੀਤੀ, ਪਰ ਜੋ ਕੁਝ ਤੁਸੀਂ ਹੁਣ ਕਰ ਰਹੇ ਹੋ, ਉਹ ਤੁਹਾਨੂੰ ਪੰਜਾਬੀਆਂ ਦੇ ਦਿਲਾਂ ਵਿੱਚੋਂ ਖਤਮ ਕਰ ਰਿਹਾ ਹੈ। ਤੁਹਾਡੀਆਂ ਕਾਰਵਾਈਆਂ ਨੂੰ ਦੇਖ ਕੇ ਇਉਂ ਜਾਪਦਾ ਹੈ ਜਿਵੇਂ ਗਾਫ਼ਿਲ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ।

ਸਿੱਖ ਡਾਇਸਪੋਰਾ ਵਿਦੇਸ਼ਾਂ 'ਚ ਅਮਰਿੰਦਰ ਸਿੰਘ ਅਤੇ ਬਾਦਲਾਂ ਦਾ ਲਗਾਤਾਰ ਵਿਰੋਧ ਕਰਦਾ ਰਿਹਾ ਹੈ, ਪਰ ਅੱਜ ਉਸੇ ਵਿਰੋਧ ਦੇ ਪਾਤਰ ਤੁਸੀਂ ਬਣ ਚੁੱਕੇ ਹੋ। ਤੁਹਾਨੂੰ ਸਭ ਤੋਂ ਵੱਧ ਸਾਥ ਵੀ ਸਿੱਖ ਡਾਇਸਪੋਰਾ ਤੇ ਪੰਜਾਬੀ ਡਾਇਸਪੋਰਾ ਦਾ ਮਿਲਿਆ ਸੀ ਅਤੇ ਹੁਣ ਸਭ ਤੋਂ ਵੱਧ ਵਿਰੋਧ ਵੀ ਉਥੋਂ ਹੀ ਹੋ ਰਿਹਾ ਹੈ। ਇੱਕ ਕੰਧ ਤੇ ਲਿਖਿਆ ਸੱਚ ਹੈ, ਜੋ ਜਾਂ ਤਾਂ ਤੁਸੀਂ ਪੜ੍ਹਨਾ ਨਹੀਂ ਚਹੁੰਦੇ ਜਾਂ 'ਤੁਹਾਡੇ ਮੀਡੀਆ ਅਤੇ ਸਿਆਸੀ ਸਲਾਹਕਾਰ' ਸਮਝਣ ਦੇਣਾ ਨਹੀਂ ਚਾਹੁੰਦੇ ਅਤੇ ਤੁਹਾਡਾ ਬੇੜਾ ਗਰਕ ਕਰਨ 'ਤੇ ਤੁਲੇ ਹੋਏ ਨੇ। ਅਜੇ ਵੀ ਮੌਕਾ ਹੈ, ਸੰਭਲ ਜਾਵੋ।

ਤੁਸੀਂ ਜਥੇਦਾਰ ਅਕਾਲ ਤਖ਼ਤ ਨੂੰ ਚੇਤਾਵਨੀ ਦਿੱਤੀ ਹੈ ਕਿ ਬਾਦਲਾਂ ਨੇ ਜਥੇਦਾਰ ਵਰਤੇ ਹਨ। ਇਹ ਗੱਲ ਸਹੀ ਹੈ ਅਤੇ ਅਸੀਂ ਸਹਿਮਤ ਹਾਂ, ਪਰ ਸੱਚ ਇਹ ਵੀ ਹੈ ਕਿ ਅੱਜ ਤੁਸੀਂ ਵੀ ਦਿੱਲੀ ਵੱਲੋਂ ਵਰਤੇ ਜਾ ਰਹੇ ਹੋ। ਆਜ਼ਾਦ ਹਸਤੀ ਵਾਲੇ ਪੰਜਾਬ ਨੂੰ ਤੁਸੀਂ 'ਦਿੱਲੀ ਦੀ ਬਸਤੀ' ਬਣਾ ਛੱਡਿਆ ਹੈ। ਲੋਕਾਂ ਨੂੰ ਤੁਸੀਂ ਕਦੇ ਇਹ ਕਹਾਣੀਆਂ ਸੁਣਾਉਂਦੇ ਸੀ ਕਿ ਜੰਗਲ ਦੇ ਦਰਖੱਤਾਂ ਨੇ ਕੁਹਾੜੀ ਨੂੰ ਵੋਟ ਪਾਈ ਤੇ ਕੁਹਾੜੀ ਨੇ ਦਰਖਤਾਂ ਨੂੰ ਹੀ ਵਢਿਆ। ਅੱਜ ਉਹੀ ਕੰਮ ਤੁਸੀਂ ਕਰ ਰਹੇ ਹੋ।

ਇਹ ਕਿਥੋਂ ਦਾ ਇਨਸਾਫ਼ ਹੈ ਕਿ ਤੁਸੀਂ ਆਪਣੀ ਅਲੋਚਨਾ ਕਰਨ ਵਾਲੇ ਪੱਤਰਕਾਰਾਂ ਦੇ ਟਵਿਟਰ ਅਕਾਊਂਟ ਬੰਦ ਕਰਾ ਰਹੇ ਹੋ, ਉਨ੍ਹਾਂ ਦੇ ਘਰਾਂ 'ਤੇ ਛਾਪੇ ਮਰਵਾ ਰਹੇ ਹੇ। ਜਿਵੇਂ ਕੇਂਦਰ ਸਰਕਾਰ ਨੂੰ 'ਗੋਦੀ' ਮੀਡੀਆ ਚੰਗਾ ਲੱਗਦਾ ਹੈ, ਤੁਸੀਂ ਵੀ ਪੰਜਾਬ ਵਿੱਚ 'ਕੇਜੀ' ਮੀਡੀਆ ਹੀ ਪ੍ਰਮੋਟ ਕਰ ਰਹੇ ਹੋ। ਤੁਸੀਂ ਅਲੋਚਨਾ ਕਰਨ ਵਾਲੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਹੋ, ਉਨ੍ਹਾਂ ਦੇ ਇਸ਼ਤਿਹਾਰ ਬੰਦ ਕਰ ਰਹੇ ਹੋ। ਦੁੱਖ ਇਸ ਗੱਲ ਦਾ ਹੈ ਕਿ 'ਤੁਹਾਡੇ ਸਲਾਹਕਾਰ ਅਖੌਤੀ ਮੀਡੀਆ-ਕਰਮੀ' ਬਦਲਾ ਲਊ ਕਾਰਵਾਈਆਂ ਕਰਵਾ ਰਹੇ ਹਨ। ਅੱਜ ਭਾਰਤੀ ਰਾਸ਼ਟਰਵਾਦੀ ਬਣ ਕੇ ਲਾਰੈਂਸ ਬਿਸ਼ਨੋਈ ਵਰਗੇ ਖੂੰਖ਼ਾਰ ਗੈਗਸਟਰ ਜੇਲ੍ਹਾਂ ਅੰਦਰੋਂ ਗੋਦੀ ਮੀਡੀਆ ਨਾਲ ਮੁਲਾਕਾਤਾਂ ਕਰ ਰਹੇ ਹਨ। ਹੁਣ ਇਸ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ 'ਚੋਰ ਤੇ ਕੁੱਤੀ' ਰਲੇ ਹੋਏ ਹਨ।

ਪੰਜਾਬ ਦੀਆਂ ਯੂਨੀਵਰਸਿਟੀਆਂ ਕੰਗਾਲ ਹੋ ਰਹੀਆਂ ਹਨ, ਬੇਮੌਸਮੀ ਬਾਰਿਸ਼ ਕਾਰਨ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਉਹ ਤੁਹਾਡੇ ਤੋਂ ਆਰਥਿਕ ਮਦਦ ਭਾਲਦੇ ਹਨ, ਪਰ ਤੁਸੀਂ ਪੰਜਾਬ ਦਾ ਖਜ਼ਾਨਾ ਬਾਕੀ ਸੂਬਿਆਂ ਵਿਚ 'ਆਪ ਦੇ ਪ੍ਰਚਾਰ' ਲਈ ਵਰਤ ਰਹੇ ਹੋ। ਤੁਸੀਂ ਦਾਅਵਾ ਕਰਦੇ ਸੀ ਕਿ 'ਰੰਗਲਾ ਪੰਜਾਬ' ਬਣਾਵਾਂਗੇ, ਪਰ ਅੱਜ 'ਕੰਗਲਾ ਪੰਜਾਬ' ਜ਼ਰੂਰ ਬਣਾ ਦਿੱਤਾ ਹੈ। ਮੈਂ ਕੈਨੇਡਾ ਦੇ ਉਸ ਸ਼ਹਿਰ ਐਬਟਸਫੋਰਡ ਦਾ ਵਾਸੀ ਹਾਂ, ਜਿੱਥੋਂ ਦੇ ਗ਼ਦਰੀ ਬਾਬਿਆਂ ਦੇ ਗੁਰਦੁਆਰਾ ਸਾਹਿਬ ਨੂੰ, ਕੈਨੇਡਾ ਦੀ ਸਰਕਾਰ ਨੇ ਵਿਰਾਸਤੀ ਗੁਰਦੁਆਰਾ ਸਥਾਪਤ ਕਰ ਕੇ ਇਤਿਹਾਸ ਸਿਰਜਿਆ ਹੈ, ਪਰ ਤੁਸੀ ਗ਼ਦਰੀ ਬਾਬਿਆਂ ਅਤੇ ਸਮੂਹ ਸ਼ਹੀਦਾਂ ਦਾ ਅਪਮਾਨ ਕਰਕੇ ਕਿਸ ਤਰ੍ਹਾਂ ਦਾ ਇਤਿਹਾਸ ਸਿਰਜ ਰਹੇ ਹੋ?

ਪੰਜਾਬ ਗੁਰਾਂ ਦੇ ਨਾਂ 'ਤੇ ਵਸਦਾ ਹੈ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਸਮੇਂ-ਸਮੇਂ ਖਾਲਸਾ ਰਾਜ, ਸਿੱਖ ਰਾਜ ਮਿਸਲਾਂ ਦਾ ਰਾਜ ਕਾਇਮ ਰਿਹਾ ਹੈ। ਇਸ ਗੱਲ ਵਿੱਚ ਦੋ ਰਾਵਾਂ ਨਹੀਂ ਕਿ ਸਿੱਖ ਰਾਜ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖ ਸਾਰੇ ਮਿਲ-ਜੁਲ ਕੇ, ਪਿਆਰ ਭਾਵ ਨਾਲ ਰਹਿੰਦੇ ਰਹੇ ਹਨ।ਦੁਨੀਆਂ ਦੇ ਸਭ ਤੋਂ ਖੁਸ਼ਹਾਲ ਰਾਜਾਂ ਵਿੱਚੋਂ ਮੰਨਿਆ-ਪ੍ਰਮੰਨਿਆ 'ਖਾਲਸਾ ਰਾਜ' ਸੀ। ਅੱਜ ਖਾਲਸਾ ਰਾਜ ਦੇ ਵਿਰਾਸਤੀ ਝੰਡੇ ਰੱਖਣ ਵਾਲੇ ਨੌਜਵਾਨਾਂ ਖਿਲਾਫ ਕਾਲੇ ਕਾਨੂੰਨ ਲਾਗੂ ਕਰਨ 'ਤੇ ਤੁਹਾਡੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਅਸੀਂ ਸਮਝਦੇ ਹਾਂ ਕਿ ਸਰਕਾਰੀ ਬਿਰਤਾਂਤ ਨੂੰ ਭੰਨਣ ਲਈ, ਪੰਜਾਬੀਆਂ ਨੂੰ ਘਰਾਂ ਦੇ ਬਨੇਰਿਆਂ ਅਤੇ ਗੱਡੀਆਂ 'ਤੇ ਵਿਰਾਸਤੀ ਖਾਲਸਾ ਰਾਜ ਦੇ ਝੰਡਾ ਲਹਿਰਾਉਣ ਦਾ ਸੱਦਾ ਦੇਣਾ, ਅਕਾਲ ਤਖਤ ਸਾਹਿਬ ਤੋਂ ਸਹੀ ਫ਼ੈਸਲਾ ਹੈ।

ਸ੍ਰੀ ਭਗਵੰਤ ਮਾਨ ਜੀ, ਤੁਸੀਂ ਖ਼ੁਸ਼ਕਿਸਮਤ ਹੋ ਕੇ ਕਿ ਪੰਜਾਬ ਦੀ ਰਾਜ ਸੱਤਾ ਤੁਹਾਨੂੰ ਅਕਾਲ ਪੁਰਖ ਨੇ ਲੋਕਾਂ ਰਾਹੀ ਬਖਸ਼ੀ ਹੈ, ਪਰ ਤੁਸੀਂ ਉਸ ਦਾ ਗ਼ਲਤ ਇਸਤਮਾਲ ਕਰ ਰਹੇ ਹੋ। ਅਜੇ ਵੀ ਮੌਕਾ ਹੈ ਕਿ ਆਓ ਪੰਜਾਬ ਦੀ ਵਿਗੜੀ ਬਣਾ ਲਵੋ। ਆਪਣਾ ਵਿਗਾੜਿਆ ਨਾਂ ਵੀ ਸਹੀ ਕਰੋ ਅਤੇ 'ਭਗਵੰਤ ਸਿੰਘ' ਬਣ ਕੇ ਦਿਖਾਓ। ਪੂਰਾ ਨਾਂ ਵਰਤਣ 'ਤੇ ਸ਼ਰਮ ਨਹੀਂ, ਬਲਕਿ ਫ਼ਖ਼ਰ ਮਹਿਸੂਸ ਕਰੋ।

ਪੰਜਾਬੀ ਡਾਇਸਪੋਰਾ ਤੁਹਾਨੂੰ ਦੁਖੀ ਮਨ ਨਾਲ ਸੰਬੋਧਨ ਹੋ ਕੇ ਕਹਿ ਰਿਹਾ ਹੈ ਕਿ ਦਿੱਲੀ ਦਰਬਾਰ ਦੇ ਇਸ਼ਾਰੇ 'ਤੇ ਪੰਜਾਬ ਨੂੰ ਬਦਨਾਮ ਨਾ ਕਰੋ। ਅਣਖੀ ਤੇ ਗੈਰਤਮੰਦ ਬਣੋ। ਪਰ ਜੇਕਰ ਤੁਸੀਂ ਬੇਵਸ ਹੋ, ਲਾਚਾਰ ਹੋ, ਕੁਝ ਨਹੀਂ ਕਰ ਸਕਦੇ, ਤਾਂ ਘਟੋ-ਘਟ ਹੋਰ ਬਦਨਾਮੀ ਨਾ ਖੱਟੋ ਅਤੇ ਕੁਰਸੀ ਛੱਡ ਕੇ ਪਰ੍ਹਾਂ ਹੋ ਜਾਓ। ਦਿੱਲੀ ਦਰਬਾਰ ਦੀ ਕੁਹਾੜੀ ਦਾ ਦਸਤਾ ਬਣ ਕੇ, ਆਪਣਾ ਨਾਂ ਪੰਜਾਬ ਦੇ ਦੁਸ਼ਮਣਾਂ ਦੇ ਗੁਲਾਮਾਂ ਦੀ ਸੂਚੀ ਵਿਚ ਸ਼ਾਮਲ ਨਾ ਕਰੋ।

ਤੁਹਾਡੇ ਲਈ ਸ਼ਾਇਰ ਇਰਤਜ਼ਾ ਨਿਸ਼ਾਤ ਦਾ ਸ਼ਿਅਰ ਹਾਜ਼ਰ ਹੈ, ਜੋ ਤੁਹਾਡੀ ਮਜਬੂਰੀ ਦਾ ਹੱਲ ਕੱਢ ਸਕਦਾ ਹੈ;

''ਕੁਰਸੀ ਹੈ, ਤੁਮਹਾਰਾ ਜਨਾਜ਼ਾ ਤੋ ਨਹੀਂ, ਕੁਛ ਕਰ ਨਹੀਂ ਸਕਤੇ, ਤੋ ਉਤਰ ਕਿਉਂ ਨਹੀਂ ਜਾਤੇ?''

ਪੰਜਾਬ ਦਾ ਫਿਕਰਮੰਦ, ਡਾ. ਗੁਰਵਿੰਦਰ ਸਿੰਘ, ਪੱਤਰਕਾਰ, ਐਬਟਸਫੋਰਡ (ਕੈਨੇਡਾ) 31 ਮਾਰਚ 2023Archive

RECENT STORIES

ਜਨਮ ਦਿਨ 'ਤੇ ਵਿਸ਼ੇਸ਼: ਗ਼ਦਰ ਲਹਿਰ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ

Posted on May 24th, 2023

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਮਨਵੀਰ ਸਿੰਘ ਦਾ ਪੰਥ ਦਰਦੀਆਂ ਵਲੋਂ ਸੋਨੇ ਦੇ ਤਗਮੇ ਨਾਲ ਸਨਮਾਨ।

Posted on May 22nd, 2023

ਅੱਗਾਂ ਲਾਉਣ ਵਾਲਿਆਂ ਲਈ....!

Posted on May 19th, 2023

ਬਾਦਲ ਵਹੀ : ਪ੍ਰਕਾਸ਼ ਸਿੰਘ ਬਾਦਲ: “........ਜਨਮੁ ਜੂਐ ਹਾਰਿਆ॥”

Posted on May 8th, 2023

ਨਗਰ ਕੀਰਤਨ ਦਾ ਅਸਲ ਮਨੋਰਥ ਤੇ ਅੱਜ ਦੇ ਸਮੇਂ ਬਦਲ ਰਹੇ ਰੰਗ

Posted on April 11th, 2023

ਨਿਯਮਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ- ‘ਐਡੀਟਰਜ਼ ਗਿਲਡ ਆਫ ਇੰਡੀਆ’

Posted on April 3rd, 2023

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹਾ ਖ਼ਤ

Posted on March 31st, 2023

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023