Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਗਰ ਕੀਰਤਨ ਦਾ ਅਸਲ ਮਨੋਰਥ ਤੇ ਅੱਜ ਦੇ ਸਮੇਂ ਬਦਲ ਰਹੇ ਰੰਗ

Posted on April 11th, 2023

ਡਾ. ਗੁਰਵਿੰਦਰ ਸਿੰਘ

ਖਾਲਸਾ ਸਾਜਨਾ ਸਿੱਖਾਂ ਦਾ ਮਹਾਨ ਇਤਿਹਾਸਕ ਦਿਹਾੜਾ ਹੈ, ਜਦੋਂ ਦਸਵੇਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਸੀ ਅਤੇ ਜਾਤ, ਰੰਗ, ਵਰਣ ਆਸ਼ਰਮ ਆਦਿ ਦੇ ਵਿਤਕਰੇ ਨੂੰ ਸਦਾ ਲਈ ਖਤਮ ਕੀਤਾ ਸੀ। ਖਾਲਸਾ ਪੰਥ ਦੇ ਸਾਜਨਾ ਦਿਹਾੜੇ ਮੌਕੇ 'ਤੇ ਦੁਨੀਆਂ ਭਰ 'ਚ ਨਗਰ ਕੀਰਤਨ ਸਜਾਉਣ ਦੇ ਉਪਰਾਲੇ ਹੋ ਰਹੇ ਹਨ। ਨਗਰ ਕੀਰਤਨਾਂ ਦੇ ਸਬੰਧ ਵਿੱਚ ਕੁਝ ਅਹਿਮ ਵਿਚਾਰਾਂ ਦੀ ਸਾਂਝ ਪਾਉਣ ਦੀ ਖੁਸ਼ੀ ਲੈ ਰਹੇ ਹਾਂ, ਤਾਂ ਕਿ ਖਾਲਸਾ ਸਾਜਨਾ ਦਿਹਾੜੇ ਨੂੰ 'ਵਿਸਾਖੀ ਮੇਲੇ' ਦੀ ਥਾਂ, ਗੁਰਪੁਰਬ ਦੇ ਅਮਲੀ ਰੂਪ ਵਿਚ ਮਨਾਇਆ ਜਾਏ। ਅੱਜ ਪੰਜਾਬ ਤੋਂ ਲੈ ਕੇ ਦੁਨੀਆਂ ਦੇ ਹਰ ਕੋਨੇ ਵਿੱਚ, ਜਿੱਥੇ ਵੀ ਸਿੱਖ ਵਸਦੇ ਹਨ, ਅਕਾਲ ਪੁਰਖ ਦਾ ਜਸ ਅਤੇ ਕੀਰਤੀ ਕਰਦੇ ਹਨ। ਸਿੱਖ ਕੌਮ ਇਤਿਹਾਸਕ ਮੌਕਿਆਂ ਉੱਪਰ ਨਗਰ ਕੀਰਤਨ ਸਜਾਉਂਦੀ ਹੈ। ਇਹ ਪਰੰਪਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਦੁਬਈ ਅਤੇ ਪਾਕਿਸਤਾਨ ਸਮੇਤ ਹਰ ਉਸ ਮੁਲਕ ਦੇ ਵਿੱਚ ਸ਼ਾਨ ਨਾਲ ਕਾਇਮ ਹੈ, ਜਿੱਥੇ ਗੁਰੂ ਨਾਨਕ ਨਾਮ ਲੇਵਾ ਇੱਕ ਵੀ ਸਿੱਖ ਵਸਿਆ ਹੋਇਆ ਹੈ।

ਨਗਰ ਕੀਰਤਨ ਸ਼ਬਦ ਦੀ ਪਰਿਭਾਸ਼ਾ ਦੇਖੀਏ ਤਾਂ ਇਹ ਦੋ ਸ਼ਬਦਾਂ ਦਾ ਜੋੜ ਹੈ : 'ਨਗਰ' ਅਤੇ 'ਕੀਰਤਨ'। ਕੀਰਤਨ ਸ਼ਬਦ ਗੁਰਬਾਣੀ 'ਚ ਅਨੇਕਾਂ ਵਾਰ ਆਇਆ ਹੈ। ਜਿੱਥੇ ਕੀਰਤਨ ਗਾਇਨ ਸਿੱਖੀ ਦਾ ਸ਼ਾਨਮਈ ਵਿਰਸਾ ਹੈ ਅਤੇ ਗੁਰੂ ਸਾਹਿਬਾਨ ਸਮੇਂ ਤੋਂ ਕੀਰਤਨ ਆਰੰਭ ਹੋਇਆ ਹੈ, ਉੱਥੇ ਇਹ ਸਦਾ ਹੀ ਕਾਇਮ ਹੈ ਅਤੇ ਰਹੇਗਾ ਵੀ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਅਨੇਕ ਥਾਵਾਂ 'ਤੇ ਇਹ ਸ਼ਬਦ ਹਨ, ਜਦੋਂ ਗੁਰੂ ਸਾਹਿਬ ਬਾਣੀ ਰਚਦੇ ਅਤੇ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਇਸ ਤੋਂ ਬਾਅਦ ਗੁਰੂ ਕਾਲ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਮੌਲਿਕ ਰੂਪ ਵਿੱਚ ਸਰੰਦਾ ਅਤੇ ਅਨੇਕਾਂ ਹੋਰ ਸਾਜ ਬਖਸ਼ੇ ਅਤੇ ਹਰ ਇਕ ਸਿੱਖ ਨੂੰ ਕੀਰਤਨ ਕਰਨ ਵਾਸਤੇ ਪ੍ਰੇਰਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿੱਚ ਦਰਜ ਕਰਨ ਅਤੇ ਰਾਗਾਂ ਵਿੱਚ ਗਾਇਨ ਦੀ ਵਿਧੀ ਇਸ ਦੀ ਮਿਸਾਲ ਹੈ, ਜਿਸ ਨੂੰ ਆਧਾਰ ਬਣਾ ਕੇ ਕੀਰਤਨੀਏ ਰਾਗਾਂ ਦਾ ਅਧਿਅਨ ਕਰਦੇ ਹਨ। ਕੀਰਤਨ ਗਾਇਨ ਦੇ ਮਹਾਨ ਗੌਰਵਮਈ ਵਿਰਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਉੱਚਾ ਰੁਤਬਾ ਦਿੱਤਾ। ਇੱਥੋਂ ਤੱਕ ਕਿ ਜੰਗਾਂ ਮੌਕੇ ਵੀ 'ਆਸਾ ਜੀ ਦੀ ਵਾਰ' ਦਾ ਕੀਰਤਨ ਆਪ ਖੁਦ ਗਾਇਨ ਕਰਨ ਦੀਆਂ ਇਤਿਹਾਸਕ ਮਿਸਾਲਾਂ ਸਾਹਮਣੇ ਹਨ। ਉਸ ਤੋਂ ਮਗਰੋਂ ਵੀ ਹਰ ਹਾਲ ਵਿੱਚ ਕੀਰਤਨ ਦਾ ਸਤਿਕਾਰ ਵਧਿਆ ਅਤੇ ਇਹ ਹਮੇਸ਼ਾ ਕਾਇਮ ਹੈ।

ਸ਼ਬਦ 'ਨਗਰ' ਦਾ ਭਾਵ ਅਸਥਾਨ ਤੋਂ ਹੈ, ਚਾਹੇ ਪਿੰਡ, ਕਸਬਾ, ਸ਼ਹਿਰ, ਕੁਝ ਵੀ ਹੋਵੇ। ਦੇਸ਼- ਵਿਦੇਸ਼ ਜਿੱਥੇ ਵੀ, ਜਿਸ ਵੀ ਸ਼ਹਿਰ ਵਿੱਚ ਸਿੱਖ ਵੱਸਦੇ ਹਨ, ਉਨ੍ਹਾਂ ਲਈ ਉਹ ਨਗਰ ਹੈ। ਇਉਂ ਨਗਰ ਅਤੇ ਕੀਰਤਨ ਦੋਹੇਂ ਸ਼ਬਦਾਂ ਦੇ ਜੋੜ ਤੋਂ 'ਨਗਰ ਕੀਰਤਨ' ਬਣਦਾ ਹੈ, ਜਿਸ ਦਾ ਭਾਵ ਹੈ ਵਿਸ਼ੇਸ਼ ਧਾਰਮਿਕ ਮੌਕਿਆਂ 'ਤੇ ਨਗਰ ਵਿੱਚ ਕੀਰਤਨ ਕਰਦੇ ਹੋਏ ਸਿੱਖੀ ਦੀ ਸ਼ੋਭਾ ਵਧਾਉਣੀ ਅਤੇ ਹੋਰਨਾ ਕੌਮਾਂ ਨੂੰ ਇਸ ਤੋਂ ਜਾਣੂ ਕਰਵਾਉਣਾ। ਇਸ ਦਾ ਖਾਸ ਨਿਯਮ ਇਹ ਹੈ ਕਿ ਨਗਰ ਕੀਰਤਨ ਸਜਾਉਂਦੇ ਹੋਏ ਕੀਰਤਨ ਕਰਦਿਆਂ ਹੋਇਆਂ ਨਗਰ ਵਿੱਚ ਦੀ ਗੁਜ਼ਰਨਾ। ਨਗਰ ਵਿੱਚ ਕੀਰਤਨ ਗਾਇਨ ਕਰਦੇ ਚੱਲਣਾ।ਕਿਉਂਕਿ ਨਗਰ ਕੀਰਤਨ ਨਿਰੋਲ ਧਾਰਮਿਕ ਅਤੇ ਸਿੱਖੀ ਪ੍ਰਚਾਰ ਦਾ ਜ਼ਰੀਆ ਹੈ, ਇਸ ਕਰਕੇ ਨਗਰ ਕੀਰਤਨ ਵਿੱਚ ਸਿੱਖ ਵਿਰਸੇ ਨਾਲ ਸਬੰਧਤ ਧਾਰਮਿਕ ਪੱਖਾਂ ਨੂੰ ਹੀ ਜੋੜ ਕੇ ਵੇਖਿਆ ਜਾਂਦਾ ਹੈ ਜਿਵੇਂ ਕਿ ਨਗਰ ਕੀਰਤਨ ਵਿੱਚ ਸਿੱਖਾਂ ਦੀ ਸ਼ਾਨਦਾਰ ਵਿਰਾਸਤ ਦਾ ਪ੍ਰਤੀਕ ਗੱਤਕਾ ਖੇਡਣਾ, ਜੋ ਕਿ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਹਰ ਗੁਰਦੁਆਰਾ ਸਾਹਿਤਕ ਸਾਹਿਬ ਤੱਕ ਮੌਜੂਦ ਹੈ। ਇਸ ਦੇ ਨਾਲ ਹੀ ਗੁਰਬਾਣੀ ਦੀ ਕਥਾ-ਵਿਚਾਰ, ਢਾਡੀ-ਕਵੀਸ਼ਰੀ ਪਰੰਪਰਾ, ਇਹ ਸਭ ਸਿੱਖੀ ਦੇ ਧਾਰਮਿਕ ਪੱਖ ਹਨ ਅਤੇ ਨਗਰ ਕੀਰਤਨ ਦਾ ਹਿੱਸਾ ਹਨ।

ਵਿਦੇਸ਼ਾਂ ਵਿੱਚ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਨਗਰ ਕੀਰਤਨ ਦੇ ਮੌਕੇ 'ਤੇ ਵੱਧ ਤੋਂ ਵੱਧ ਬਹੁ- ਭਾਸ਼ਾਈ ਪੱਤਰ, ਇਤਿਹਾਸ ਅਤੇ ਵਿਰਸੇ ਦੇ ਮਹੱਤਵ ਨੂੰ ਪੇਸ਼ ਕਰਦਿਆਂ, ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾ ਵਿੱਚ ਵੰਡੇ ਜਾਣ। ਨਗਰ ਕੀਰਤਨ ਦੇ ਸ਼ੋਭਨੀਕ ਸਰੂਪ ਦੀ ਮਹੱਤਤਾ ਇਹ ਵੀ ਹੈ ਕਿ ਬਹੁਤਾਤ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਗਰ ਤੁਰਨ, ਨਾ ਕਿ ਜ਼ਿਆਦਾ ਤਾਦਾਦ ਵਿੱਚ ਗੱਡੀਆਂ ਚੱਲਣ। ਚੱਲਦਿਆਂ ਹੋਇਆਂ ਇਹ ਵੀ ਖਿਆਲ ਰੱਖਿਆ ਜਾਏ ਕਿ ਅਸੀਂ ਗੁਰਬਾਣੀ ਤੇ ਨਗਰ ਕੀਰਤਨ ਦਾ ਸਤਿਕਾਰ ਕਰਦੇ ਹੋਏ ਸਿਰ ਢੱਕੇ ਹਨ ਅਤੇ ਕਿਸੇ ਵੀ ਕਿਸਮ ਦੇ ਨਸ਼ਾ ਸੇਵਨ ਤੋਂ ਮੁਕਤ ਹਾਂ। ਸਿੱਖੀ ਵਿੱਚ ਨਸ਼ਾ ਕਰਨ ਦਾ ਵਿਰੋਧ ਹੈ ਅਤੇ ਇਹ ਮਾਹੌਲ ਨੂੰ ਖਰਾਬ ਕਰਦਾ ਹੈ। ਨਗਰ ਕੀਰਤਨ ਮੌਕੇ ਕਈ ਵਾਰ ਗੁਰਬਾਣੀ ਪ੍ਰਚਾਰ ਦੀ ਥਾਂ ਤੇ ਵੱਖ-ਵੱਖ ਫਲੋਟਾਂ 'ਤੇ ਪੈਸੇ ਇਕੱਤਰ ਕਰਨ ਜਾਂ ਕਾਰੋਬਾਰੀ ਪ੍ਰਚਾਰ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦਾ ਨਗਰ ਕੀਰਤਨ ਨਾਲ ਸਬੰਧ ਨਹੀਂ ਹੁੰਦਾ। ਅਜਿਹਾ ਕਰਨਾ ਨਗਰ ਕੀਰਤਨ ਸਰੂਪ ਅਤੇ ਪਰਿਭਾਸ਼ਾ ਦੇ ਬਿਲਕੁਲ ਉਲਟ ਹੈ ਅਤੇ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਨਗਰ ਕੀਰਤਨ ਦੌਰਾਨ ਸਟੇਜਾਂ ਤੋਂ ਲੋਕ ਨਾਚ ਭੰਗੜੇ ਜਾਂ ਗਿੱਧੇ ਦੀਆਂ ਪੇਸ਼ਕਾਰੀਆਂ ਨਗਰ ਕੀਰਤਨ ਦੇ ਸਰੂਪ ਦੇ ਬਿਲਕੁਲ ਅਨੁਕੂਲ ਨਹੀਂ। ਇਨ੍ਹਾਂ ਦੀ ਥਾਂ ਦਸਤਾਰਾਂ ਸਜਾਉਣ, ਬੀਰਰਸੀ ਵਾਰਾਂ ਗਾਉਣ ਅਤੇ ਸਿੱਖ ਮਾਰਸ਼ਲ ਆਰਟਸ ਗੱਤਕਾ ਖੇਡਣਾ ਦੇ ਜੌਹਰ ਦਿਖਾਉਣ ਨੂੰ ਪ੍ਰਚਾਰਨਾ ਤੇ ਪ੍ਰਸਾਰਨਾ ਚਾਹੀਦਾ ਹੈ। ਲੋਕ ਕਲਾਵਾਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਨਗਰ ਕੀਰਤਨ ਦੀ ਜਗ੍ਹਾ, ਵੱਖਰੇ ਮੰਚ ਤੋਂ ਹੋਣੀ ਚਾਹੀਦੀ ਹੈ। ਇਹ ਨਾ ਵਿਵਾਦ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਨਾ ਹੀ ਇਸ 'ਤੇ ਕੋਈ ਸੁਆਲ ਹੀ ਉੱਠਣ ਦੀ ਗੁੰਜਾਇਸ਼ ਹੈ, ਕਿਉਂਕਿ ਨਗਰ ਕੀਰਤਨ ਦਾ ਭਾਵ ਕੀਰਤਨ ਤੋਂ ਹੈ, ਜੋ ਨਗਰ 'ਚੋਂ ਗੁਜ਼ਰਦਿਆਂ ਸ਼ਰਧਾ-ਸਤਿਕਾਰ ਅਤੇ ਪ੍ਰੇਮ -ਰਸ ਵਿੱਚ ਭਿੱਜ ਕੇ ਕੀਤਾ ਜਾਂਦਾ ਹੈ।

ਨਗਰ ਕੀਰਤਨ ਮੌਕੇ ਰਾਜਸੀ ਪਾਰਟੀਆਂ ਵੱਲੋਂ ਆਪਣੀਆਂ ਸਟੇਜਾਂ ਲਾਉਣ ਅਤੇ ਪ੍ਰਚਾਰ ਕਰਨ ਦੀ ਸੋਚ ਵੀ ਗਲਤ ਹੈ। ਅਜਿਹਾ ਕਰਕੇ ਉਹ ਧਾਰਮਿਕ ਕਾਰਜ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਵਿਰਸੇ ਅਤੇ ਇਤਿਹਾਸ ਨਾਲ ਸਬੰਧਤ ਵਿਚਾਰਾਂ ਨਗਰ ਕੀਰਤਨ ਦਾ ਮੂਲ ਮਨੋਰਥ ਹੋਣੀਆਂ ਚਾਹੀਦੀਆਂ ਹਨ, ਜਿੰਨਾਂ ਵਿੱਚ ਸਿੱਖ ਕੌਮ ਦੇ ਲੰਮੇ ਸੰਘਰਸ਼ ਅਤੇ ਚੁਣੌਤੀਆਂ ਸਬੰਧੀ ਖਾਲਸੇ ਦੇ ਨੁਕਤਾ-ਨਿਗਾਹ ਤੋਂ ਵਿਚਾਰਾਂ ਹੋਣ, ਨਾ ਕਿ ਪੁਲੀਟੀਕਲ ਪਾਰਟੀਆਂ ਆਪਣਾ ਪ੍ਰਚਾਰ ਕਰਨ। ਇੱਥੇ ਇਹ ਚੰਗੀ ਗੱਲ ਹੈ ਕਿ ਜੇਕਰ ਵੱਖ- ਵੱਖ ਪਾਰਟੀਆਂ ਨਾਲ ਸਬੰਧਤ ਸਟੇਜਾਂ ਤੋਂ ਨਗਰ ਕੀਰਤਨ ਦੇ ਇਤਿਹਾਸਕ ਮਹੱਤਵ ਅਤੇ ਸਿੱਖੀ ਨਾਲ ਸਬੰਧਤ ਕਾਰਜਾਂ ਬਾਰੇ ਸੰਬੰਧਿਤ ਰਾਜਸੀ ਧਿਰ ਵੱਲੋਂ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਦੀ ਜਾਣਕਾਰੀ ਦਿੱਤੀ ਜਾਵੇ, ਨਾ ਕਿ ਸਿਆਸੀ ਚੋਣ ਪ੍ਰਚਾਰ ਹੀ ਨਗਰ ਕੀਰਤਨ ਦਾ ਕੇਂਦਰ ਬਿੰਦੂ ਹੋਣ। ਸੰਗਤ ਰੂਪ ਵਿੱਚ ਨਗਰ ਕੀਰਤਨ ਦੀ ਪਰਿਭਾਸ਼ਾ ਅਤੇ ਸਰੂਪ ਦੇ ਅਨੁਕੂਲ ਚੱਲਦਿਆਂ ਇਹ ਯਤਨ ਹੋਵੇ ਕਿ ਇਹ ਮਨੋਰੰਜਨ ਦਾ ਕੇਂਦਰ ਬਿੰਦੂ ਨਾ ਹੋ ਕੇ, ਮਹਾਨ ਵਿਰਸੇ ਦੀ ਇਤਿਹਾਸਕ ਜਾਣਕਾਰੀ ਦਾ ਕੇਂਦਰ ਹੈ। ਸੋ ਅਜਿਹੀ ਸੋਚ ਨਾਲ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਜਾਵੇ।

ਨਗਰ ਕੀਰਤਨ ਮੌਕੇ ਥਾਂ-ਥਾਂ ਲੱਗੇ ਸਟਾਲਾਂ ਦੀ ਸੇਵਾ ਜਿੱਥੇ ਬਹੁਤ ਅਹਿਮ ਹੈ, ਉੱਥੇ ਇਹ ਵੀ ਖਿਆਲ ਰੱਖਿਆ ਜਾਵੇ ਕਿ 'ਨਿਰਾ ਭੋਜਨ ਵੰਡਣ' 'ਤੇ ਹੀ ਅਸੀਂ ਕੇਂਦਰਿਤ ਨਾ ਹੋ ਜਾਈਏ, ਸਗੋਂ 'ਸ਼ਬਦ ਦੇ ਲੰਗਰ' ਭਾਵ ਕਿਤਾਬਾਂ ਦੇ ਸਟਾਲ ਵੱਧ ਤੋਂ ਵੱਧ ਲਗਾਏ ਜਾਣ। ਕੌੜੀ ਸਚਾਈ ਹੈ ਕਿ ਨਗਰ ਕੀਰਤਨ ਮੌਕੇ ਵਧੇਰੇ ਲੋਕ ਭੋਜਨ ਦੇ ਸਟਾਲਾਂ ਤੇ ਹੀ ਇਕੱਤਰ ਹੁੰਦੇ ਹਨ ਅਤੇ ਇੰਜ ਜਾਪਦਾ ਹੈ ਜਿਵੇਂ ਹੱਦੋਂ ਵੱਧ ਖਾ ਕੇ ਇੱਕੋ ਦਿਨ ਵਿੱਚ ਸਾਰੀ ਕਸਰ ਪੂਰੀ ਕਰਨੀ ਹੋਵੇ। ਖਾਣ-ਪੀਣ ਦੇ ਸਟਾਲਾਂ ਵਿਚ ਵੀ ਤੰਦਰੁਸਤ ਭੋਜਨ ਦੀ ਥਾਂ ਸੁਆਦਲੇ ਭੋਜਨ 'ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੋਕ ਪੂੜ੍ਹੀਆਂ, ਸਮੋਸੇ, ਟਿੱਕੀਆਂ ਦੇ ਸਟਾਲਾਂ ਤੇ ਵੱਡੀ ਤਾਦਾਦ ਵਿੱਚ ਨਜ਼ਰ ਆਉਂਦੇ ਹਨ।

ਦੂਜੇ ਪਾਸੇ ਇਹ ਵੀ ਸੱਚ ਹੈ ਕਿ ਨਗਰ ਕੀਰਤਨ ਮੌਕੇ ਫ਼ਲ ਫਰੂਟ ਅਤੇ ਸਲਾਦ ਆਦਿ ਦੇ ਸਟਾਲਾਂ 'ਤੇ ਰੌਣਕ ਨਜ਼ਰ ਨਹੀਂ ਆਉਂਦੀ। ਤੇਲ ਵਾਲੀਆਂ ਚੀਜ਼ਾਂ ਅਤੇ ਸ਼ੂਗਰ ਵਾਲੇ ਪਦਾਰਥ ਇੱਕੋ ਦਿਨ ਵਿੱਚ ਖਾ ਕੇ ਲੋਕ ਜਿਨ੍ਹਾਂ ਸਰੀਰਕ ਨੁਕਸਾਨ ਕਰਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਲਈ ਜਿੱਥੇ ਸਾਫ਼ ਸਫ਼ਾਈ ਦਾ ਖ਼ਿਆਲ ਰੱਖਣਾ ਬੜਾ ਉਚਿਤ ਹੈ, ਉੱਥੇ ਪਲਾਸਟਿਕ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨਾ ਵੀ ਗਲਤ ਹੈ। ਇਸ ਤੋਂ ਗੁਰੇਜ਼ ਕੀਤਾ ਜਾਣਾ ਬਣਦਾ ਹੈ। ਗੁਰਬਾਣੀ ਦੀਆਂ ਪੰਗਤੀਆਂ ਤੇ ਗੁਰਮੁੱਖੀ ਅੱਖਰ, ਇਨ੍ਹਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਆਮ ਦੇਖਿਆ ਜਾਂਦਾ ਹੈ ਕਿ ਅਜਿਹੇ ਮੌਕਿਆਂ 'ਤੇ ਅਜਿਹੇ ਦਸਤਾਵੇਜ਼ ਪੈਰਾਂ ਵਿੱਚ ਰੁਲ ਰਹੇ ਹੁੰਦੇ ਹਨ ਜੋ ਕਿ ਗੁਰਬਾਣੀ ਦਾ ਨਿਰਾਦਰ ਹੈ।

ਖਾਲਸਾ ਸਾਜਨਾ ਦਿਹਾੜੇ ਦੇ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਏ। ਖਾਲਸਾ ਸਾਜਨਾ ਜਿੱਥੇ ਇੱਕ ਪਾਸੇ ਜ਼ਾਤ-ਪਾਤ ਦੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ ਦਾ ਸੁਨੇਹਾ ਹੈ, ਓਥੇ ਦੂਜੇ ਪਾਸੇ ਜ਼ਾਲਮ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸਿੱਖ ਇਨਕਲਾਬ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਫਿਰ ਭਾਰਤ ਦਾ ਭਗਵਾਂਕਰਨ ਹੋ ਚੁੱਕਿਆ ਹੈ। ਮਨੂ ਸਮ੍ਰਿਤੀ ਤ੍ਰਿਸ਼ੂਲ ਚੁੱਕੀ ਫਿਰ ਰਹੀ ਹੈ। ਨਫਰਤ ਵਧ ਰਹੀ ਹੈ। ਉਚ ਜਾਤੀਏ ਦਲਿਤ ਭਾਈਚਾਰੇ ਦੇ ਲੋਕਾਂ 'ਤੇ ਜ਼ੁਲਮ ਕਰ ਰਹੇ ਹਨ। ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਹੈ। ਪੰਜਾਬ ਵਿੱਚ ਸੈਂਕੜੇ ਸਿੱਖ ਨੌਜਵਾਨਾਂ ਖ਼ਿਲਾਫ਼ ਕਾਲੇ ਕਾਨੂੰਨ ਨੈਸ਼ਨਲ ਸਕਿਉਰਟੀ ਐਕਟ ਆਦਿ ਲਗਾਏ ਜਾ ਰਹੇ ਹਨ। ਜਬਰ ਖਿਲਾਫ ਲਾਮਬੰਦ ਕਰਨ ਲਈ ਜ਼ਰੂਰੀ ਹੈ ਕਿ ਨਗਰ ਕੀਰਤਨ ਮੌਕੇ ਝਾਕੀਆਂ ਦੌਰਾਨ ਅਜਿਹੇ ਸਰਕਾਰੀ ਤਸ਼ੱਦਦ ਤੋਂ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਨੂੰ ਜਾਣੂ ਕਰਵਾਇਆ ਜਾਏ।

ਜ਼ੁਲਮ ਦੇ ਖਿਲਾਫ਼ ਇਤਿਹਾਸ ਅਤੇ ਵਿਰਸੇ ਬਾਰੇ ਗਿਆਨ ਦਾ ਪਾਸਾਰ ਕਰਨਾ ਨਗਰ ਕੀਰਤਨ ਦਾ ਮਨੋਰਥ ਹੈ, ਨਾ ਕਿ ਭੋਜਨ ਸਟਾਲਾਂ ਤੇ ਮੌਜ-ਮੇਲਿਆਂ ਨੂੰ ਨਗਰ ਕੀਰਤਨ ਆਖਣਾ ਠੀਕ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਲਸਾ ਸਾਜਨਾ ਦੇ ਮੁਕੰਮਲ ਇਤਿਹਾਸ ਤੋਂ ਭਾਵਪੂਰਤ ਢੰਗ ਨਾਲ ਜਾਣੂ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਸਾਨੂੰ ਆਪ ਨੂੰ ਆਪਣੇ ਮਹਾਨ ਵਿਰਸੇ ਦੀ ਸੋਝੀ ਹੋਵੇ। ਜਿਹੜੇ ਸਕੂਲਾਂ- ਅਕੈਡਮੀਆਂ ਦੇ ਬੱਚੇ ਇਤਿਹਾਸ ਦੀ ਜਾਣਕਾਰੀ ਨਾਲ ਸਜ-ਧਜ ਕੇ ਖਾਲਸਾਈ ਪਹਿਰਾਵੇ ਵਿੱਚ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹਨ, ਉਨ੍ਹਾਂ ਦੇ ਮਾਪੇ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਮੌਕੇ ਹਉਮੈ, ਹੰਕਾਰ ਅਤੇ ਕ੍ਰੋਧ ਦੀ ਥਾਂ ਨਿਮਰਤਾ, ਸਤਿਕਾਰ ਅਤੇ ਪ੍ਰੇਮ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਨਗਰ ਕੀਰਤਨ ਦੀ ਸ਼ਾਨ ਅਤੇ ਗੁਰੂ ਦੇ ਸਤਿਕਾਰ ਦੇ ਧਾਰਨੀ ਹੋ ਸਕਦੇ ਹਾਂ ਅਤੇ ਫਖ਼ਰ ਨਾਲ ਆਖ ਸਕਦੇ ਹਾਂ : 'ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ'Archive

RECENT STORIES

“ਦਾ ਸਹੋਤਾ ਸ਼ੋਅ” 29 ਸਤੰਬਰ 2023

Posted on September 29th, 2023

“ਦਾ ਸਹੋਤਾ ਸ਼ੋਅ” 28 ਸਤੰਬਰ 2023

Posted on September 28th, 2023

“ਦਾ ਸਹੋਤਾ ਸ਼ੋਅ” 27 ਸਤੰਬਰ 2023

Posted on September 28th, 2023

'ਢਾਹਾਂ ਪੁਰਸਕਾਰ' ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ : ਵੱਡੀ ਉਮਰ ਦੇ ਲੇਖਕ ਨੂੰ 'ਐਡਜਸਟ' ਕਰਨ ਦੀ ਚੋਣ ਕਰਤਾਵਾਂ ਦੀ ਸੋਚ ਨਾਲ ਪੰਜਾਬੀ ਸਾਹਿਤ ਹਲਕਿਆਂ ਵਿੱਚ ਨਿਰਾਸ਼ਾ

Posted on September 27th, 2023

“ਦਾ ਸਹੋਤਾ ਸ਼ੋਅ” 26 ਸਤੰਬਰ 2023

Posted on September 26th, 2023

ਭਾਈ ਹਰਦੀਪ ਸਿੰਘ ਨਿੱਝਰ ਮਾਮਲੇ ‘ਚ ਪੰਜਾਬ ਅੰਦਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਇਕੱਤਰਤਾ

Posted on September 26th, 2023

“ਦਾ ਸਹੋਤਾ ਸ਼ੋਅ” 25 ਸਤੰਬਰ 2023

Posted on September 25th, 2023

“ਦਾ ਸਹੋਤਾ ਸ਼ੋਅ” 21 ਸਤੰਬਰ 2023

Posted on September 21st, 2023

“ਦਾ ਸਹੋਤਾ ਸ਼ੋਅ” 20 ਸਤੰਬਰ 2023

Posted on September 20th, 2023

“ਦਾ ਸਹੋਤਾ ਸ਼ੋਅ” 19 ਸਤੰਬਰ 2023

Posted on September 20th, 2023

“ਦਾ ਸਹੋਤਾ ਸ਼ੋਅ” 18 ਸਤੰਬਰ 2023

Posted on September 18th, 2023

“ਦਾ ਸਹੋਤਾ ਸ਼ੋਅ” 15 ਸਤੰਬਰ 2023

Posted on September 15th, 2023