Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਹਰਦੀਪ ਸਿੰਘ ਨਿੱਝਰ ਮਾਮਲੇ ‘ਚ ਪੰਜਾਬ ਅੰਦਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਇਕੱਤਰਤਾ

Posted on September 26th, 2023

ਜਸਟਿਨ ਟਰੂਡੋ ਵਲੋਂ ਕਨੇਡਾ ਦੀ ਪਾਰਲੀਮੈਂਟ ਵਿਚ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਦੋਸ਼ੀ ਠਹਿਰੋਂਣ ਮਗਰੋਂ ਸੰਸਾਰ ਭਰ ਵਿਚ ਇਸ ਮਸਲੇ ਨੂੰ ਲੈ ਕੇ ਬਣੇ ਹਲਾਂਤਾਂ ਉਤੇ ਸਿੱਖ ਨਜਰੀਏ ਤੋਂ ਵਿਚਾਰ ਚਰਚਾ ਕਰਨ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿਚ ਇਕ ਵਿਸ਼ੇਸ਼ ਇਕੱਤਰਤਾ ਜਲੰਧਰ ਦੇ ਗੁਰਦੂਆਰਾ ਨੌਵੀਂ ਪਾਤਸ਼ਾਹੀ ਜੀ ਟੀ ਬੀ ਨਗਰ ਵਿਖੇ ਹੋਈ ,ਜਿਸ ਵਿਚ ਸਿੱਖ ਬੁਧੀਜੀਵੀਆਂ ਦੀ ਵਿਚਾਰ ਚਰਚਾ ਸੁਨਣ ਮਗਰੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਨਿੱਜਰ ਦੇ ਕਤਲ ਦੇ ਇਲਜਾਮਾਂ ਦਾ ਸਾਹਮਣਾ ਕਰ ਰਹੀ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਨੇ ਸੱਚਾਈ ਦੱਸਣ ਦੀ ਥਾਂ ਭਾਈ ਨਿੱਝਰ ਸਣੇ ਸਮੁੱਚੀ ਸਿੱਖ ਕੌਮ ਨੂੰ ਹੀ ਅੱਤਵਾਦੀ-ਵੱਖਵਾਦੀ ਗਰਦਾਨ ਕੇ ਸਿੱਖ ਕੌਮ ਖਿਲਾਫ ਨਫਰਤ ਅਤੇ ਡਰ ਦਾ ਮਹੌਲ ਸਿਰਜਿਆ , ਇਸ ਬਿਰਤਾਂਤ ਵਿਚ ਭਾਰਤੀ ਮੀਡੀਆ ਦੇ ਨਾਲ ਨਾਲ ਪੰਜਾਬੀ ਮੀਡੀਆ ਨੇ ਵੀ ਸਰਕਾਰ ਦਾ ਹੀ ਪੱਖ ਰੱਖਿਆ ਹੈ ਸਿੱਖ ਪੱਖ ਨੂੰ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ, ਜਦਕਿ ਭਾਈ ਨਿੱਜਰ ਖਿਲਾਫ ਭਾਰਤ ਵਿਚ ਕਿਸੇ ਹਿੰਸਕ ਗਤੀਵਿਧੀ ਵਿਚ ਸ਼ਮੂਲੀਅਤ ਦਾ ਕੋਈ ਦੋਸ਼ ਸਾਬਤ ਨਹੀਂ ਹੈ।

ਉਹਨਾਂ ਕਿਹਾ ਕਿ ਭਾਰਤ ਦੇ ਅਜਾਦੀ ਅੰਦੋਲਨ ਦੌਰਾਨ ਵੀ ਹਿੰਸਕ ਅਤੇ ਅਹਿੰਸਕ ਦੋਵਾਂ ਤਰਾਂ ਦਾ ਸੰਘਰਸ਼ ਕੀਤਾ ਗਿਆ ਸੀ ਪਰ ਅੰਗਰੇਜ਼ੀ ਸਰਕਾਰ ਨੇ ਦੋਵਾਂ ਧਿਰਾਂ ਦੇ ਸੰਗਰਸ਼ ਨੂੰ ਮਿਲਗੋਭਾ ਨਹੀਂ ਕੀਤਾ ਸੀ ਤੇ ਅਜਾਦੀ ਮਗਰੋਂ ਭਾਰਤ ਦੋਵਾਂ ਧਰਾਵਾਂ ਦੇ ਆਗੂਆਂ ਨੂੰ ਨਾਇਕਾਂ ਮੰਨਦੀ ਹੈ ਦੂਜੇ ਪਾਸੇ ਹੁਣ ਭਾਰਤੀ ਹਕੂਮਤ ਸ਼ਾਂਤਮਈ ਢੰਗ ਨਾਲ ਅਜਾਦੀ ਦੀ ਮੰਗ ਕਰਨ ਵਾਲਿਆਂ ਨੂੰ ਅੱਤਵਾਦੀ ਦੱਸਕੇ ਉਹਨਾਂ ਦਾ ਸੰਵਿਧਾਨਕ ਹੱਕ ਖੋਕੇ ਉਹਨਾਂ ਦਾ ਵਦੇਸ਼ੀ ਧਰਤੀ ਤੇ ਕਤਲ ਕਰਦੀ ਹੈ, ਇਸ ਤਰਾਂ ਵਖਵਾਦੀ ਵਿਚਾਰ ਰੱਖਣ ਨੂੰ ਹੀ ਅੱਤਵਾਦੀ ਗਤੀਵਿਧੀ ਘੋਸ਼ਿਤ ਕਰ ਦਿੱਤਾ ਜਾਂਦਾ ਹੈ।

ਉਹਨਾਂ ਕਿਹਾ ਜਿਥੇ ਗੋਦੀ ਮੀਡੀਆ ਸਿੱਖਾਂ ਪ੍ਰਤੀ ਕੂੜ ਪ੍ਰਚਾਰ ਕਰ ਰਿਹਾ ਹੈ ਓਥੇ ਅੱਜ ਵਿਸ਼ਵ ਪੱਧਰ ਤੇ ਅੰਤਰਾਸ਼ਟਰੀ ਮੀਡੀਆ ਵਲੋਂ ਸਿੱਖਾਂ ਮਸਲਿਆਂ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਜਾ ਰਹੀ ਹੈ, ਉਹਨਾਂ ਅਗੇ ਕਿਹਾ ਕਿ ਭਾਰਤ ਸਰਕਾਰ ਵਲੋਂ ਵੱਖਵਾਦੀ ਵਿਚਾਰ ਰੱਖਣ ਵਾਲੇ ਵਦੇਸ਼ੀ ਸਿੱਖਾਂ ਦੀ ਜਾਇਦਾਦ ਜਬਤ ਕਰਨ ਅਤੇ ਓ ਸੀ ਆਈ ਕਾਰਡ ਰੱਦ ਕਰਨ ਦੀਆਂ ਕੋਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀਆਂ ਅਤੇ ਸੰਗੀਨ ਅਪਰਾਧਿਕ ਮਾਮਲਿਆਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।

ਇਸ ਮੌਕੇ ਮਿਸਲ ਸਤਲੁਜ ਦੇ ਅਜੇ ਪਾਲ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਗੱਲ ਦਰਸਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਵਿਚ ਸਿੱਖਾਂ ਨੂੰ ਕੋਈ ਵੀ ਮਸਲਾ ਦਰਪੇਸ਼ ਨਹੀਂ ਹੈ ਤੇ ਕੈਨੇਡਾ ਵਿਚ ਵਸਦੇ ਸਿੱਖ ਹੀ ਭਾਰਤ ਅਤੇ ਪੰਜਾਬ ਵਿਚ ਸ਼ਾਂਤੀ ਭੰਗ ਕਰ ਰਹੇ ਹਨ ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ, ਦੇਸ਼ ਦੀ ਅਜਾਦੀ ਮਗਰੋਂ ਸਿੱਖਾਂ ਅਤੇ ਪੰਜਾਬ ਦੇ ਮਸਲੇ ਲਗਾਤਾਰ ਲਟਕਦੇ ਆ ਰਹੇ ਹਨ ਜਿਸ ਕਾਰਨ ਸਿੱਖਾਂ ਵਿਚ ਭਾਰਤ ਪ੍ਰਤੀ ਬੇਭਰੋਸਗੀ ਅਤੇ ਬੇਗਾਨਗੀ ਦਾ ਅਹਿਸਾਸ ਹੈ, ਉਹਨਾਂ ਨੇ ਕਿਹਾ ਅੱਜ ਦੁਨੀਆਂ ਭਰ ਵਿਚ ਇਹ ਚਰਚਾ ਹੋ ਰਹੀ ਹੈ ਕਿ ਭਾਰਤ ਅੰਦਰ ਘੱਟਗਿਣਤੀ ਕੌਮਾਂ ਦੇ ਹੱਕਾਂ ਨੂੰ ਕੁਚਲਿਆਂ ਜਾ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਭਾਰਤ ਦੀ ਸੰਸਦ ਵਿਚ ਇਕ ਘਟਗਿਣਤੀ ਭਾਈਚਾਰੇ ਦੇ ਸਾਂਸਦ ਨੂੰ ਭੱਦੀ ਸ਼ਬਦਾਵਲੀ ਨਾ ਸੰਬੋਧਿਤ ਕੀਤਾ ਗਿਆ।

ਇਸ ਮੌਕੇ ਸਿੱਖ ਕਾਰਕੁਨ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ 1992 ਵਿਚ ਯੂਐਨਓ ਤਕ ਪਹੁੰਚ ਕਰਨ ਵਾਲਾ ਅਕਾਲੀ ਦੱਲ ਹੁਣ ਇੱਸ ਮੌਕੇ ਕੇਵਲ ਫ਼ਰਜ਼ੀ ਬਿਆਨਾਂ ਤਕ ਸੀਮਤ ਹੋਕੇ ਰਹਿ ਗਿਆ ਹੈ,ਅਤੇ ਪੰਜਾਬ ਦੇ ਚੁਣੇ ਹੋਏ 92 ਨੁਮਾਇੰਦੇ ਵੀ ਇਸ ਮਸਲੇ ਤੋਂ ਕਿਨਾਰਾ ਕਰ ਬੈਠੇ ਦਿਸਦੇ ਹਨ, ਉਹਨਾਂ ਕਿਹਾ ਕਿ ਇਸ ਵੇਲੇ ਪੰਥ ਨੂੰ ਸਮੂਹਕ ਤੋਰ ਤੇ ਸਿੱਖ ਸੰਸਥਾਵਾਂ ਦਾ ਵਿਸ਼ਵ ਪੱਧਰੀ ਗਠਜੋੜ ਤਿਆਰ ਕਰਨਾ ਚਾਹੀਦਾ ਹੈ ਜੋ ਨਕਾਰਾ ਹੋ ਚੁਕੀ ਸਿੱਖ ਲੀਡਰਸ਼ਿਪ ਦੀ ਥਾਂ ਤੇ ਸਿੱਖ ਹਿੱਤਾਂ ਦੀ ਦੁਨੀਆਂ ਭਰ ਵਿਚ ਰਾਖੀ ਲਈ ਸਮਰਪਿਤ ਹੋਵੇ।

ਇੱਸ ਮੌਕੇ ਗੰਗਵੀਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਸਿੱਖਾਂ ਨੂੰ ਮੁੜ 1980 ਦੇ ਸਮੇ ਵੱਲ ਧੱਕਿਆ ਜਾ ਰਿਹਾ ਹੈ, ਦਿੱਲੀ ਦਰਬਾਰ ਸਿੱਖਾਂ ਦੇ ਮਸਲੇ ਸੰਵਾਦ ਰਾਹੀਂ ਹੱਲ ਕਰਨ ਦੀ ਥਾਂ ਸਿੱਖਾਂ ਪ੍ਰਤੀ ਦਮਨਕਾਰੀ ਨੀਤੀ ਅਪਣਾ ਰਹੀ ਹੈ ਜਿਸ ਦੇ ਨਤੀਜੇ ਭਵਿੱਖ ਵਿਚ ਬਹੁਤ ਮੰਦਭਾਗੇ ਹੋ ਸਕਦੇ ਹਨ ਇਸ ਵੇਲੇ ਕੇਂਦਰ ਵਿਚ ਵਿਰੋਧੀ ਧਿਰਾਂ ਦੀ ਚੁੱਪ ਵੀ ਕੇਂਦਰ ਦੇ ਸਿੱਖਾਂ ਪ੍ਰਤੀ ਨੀਤੀ ਦੀ ਸਹਿਮਤੀ ਨਜ਼ਰ ਆ ਰਹੀ ਹੈ। ਸਿੱਖ ਵਿਦਵਾਨ ਹਰਸਿਮਰਨ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਦੂਜੇ ਦੀ ਨੀਤੀ ਦਾ ਸ਼ਿਕਾਰ ਹੋਣ ਦੀ ਥਾਂ ਗੁਰਬਾਣੀ ਅਤੇ ਇਤਿਹਾਸ ਦੀ ਰੋਸ਼ਨੀ ਵਿਚ ਸਿੱਖ ਨੀਤੀ ਦੇ ਉਭਾਰ ਲਈ ਕਾਰਜਸ਼ੀਲ ਹੋਣ ਦੀ ਲੋੜ ਹੈ, ਲੇਖਕ ਗੁਰਬਚਨ ਸਿੰਘ ਨੇ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜੇ ਸਮੇਤ ਹਜਾਰਾਂ ਸਿੱਖ ਨੌਜਵਾਨਾਂ ਦੀ ਸਰਕਾਰੀ ਹਿਰਾਸਤ ਦੌਰਾਨ ਹੋਈਆਂ ਮੌਤਾਂ ਦਾ ਸੱਚ ਦੁਨੀਆਂ ਅੱਗੇ ਰੱਖਣ ਦਾ ਸਭ ਤੋਂ ਸਹੀ ਸਮਾਂ ਹੈ। ਇਸ ਮੌਕੇ ਬੋਲਦੇ ਹੋਏ ਐਡਵੋਕੇਟ ਪਰਮਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਮਨੂੰਵਾਦੀ ਵਿਚਾਰ ਨੂੰ ਮੁਢੋਂ ਖਾਰਜ ਕਰਦੀ ਹੈ ਜਿਸ ਕਾਰਨ ਮਨੂੰਵਾਦੀ ਤਾਕਤਾਂ ਲਗਾਤਾਰ ਸਿੱਖਾਂ ਦੀ ਨਸਲਕੁਸ਼ੀ ਦਾ ਰਾਹ ਅਖਤਿਆਰ ਕਰਦਿਆਂ ਹਨ।

ਇਸ ਮੌਕੇ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਸਾਬਕਾ ਆਈ ਏ ਐਸ ਨੇ ਕਿਹਾ ਕਿ ਭਾਰਤੀ ਹਕੂਮਤ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਜ਼ਬਤ ਕਰ ਰਹੀ ਹੈ ਜਦਕਿ ਇਹ ਕੰਮ ਕਿਸੇ ਵਿਅਕਤੀ ਨੂੰ ਪੇਸ਼ ਹੋਣ ਲਈ ਦਬਾਅ ਬਨਾਉਣ ਲਈ ਕੀਤਾ ਜਾਂਦਾ ਹੈ ਜਦਕਿ ਹਰਦੀਪ ਸਿੰਘ ਨਿੱਝਰ ਸਵਰਗ-ਵਾਸ ਹੋ ਚੁੱਕਾ ਹੈ ਫਿਰ ਜਾਇਦਾਦ ਜ਼ਬਤ ਕਰਕੇ ਸਰਕਾਰ ਸਿੱਖਾਂ ਵਿੱਚ ਡਰ ਪੈਦਾ ਕਰਨਾ ਚਾਹੁੰਦੀ ਹੈ ।ਉਨ੍ਹਾਂ ਵਿਸ਼ਵ ਪੱਧਰ ਤੋ ਬੁੱਧੀਜੀਵੀਆਂ ਦਾ ਸਾਂਝਾਂ ਸੰਗਠਨ ਬਨਾਉਣ ਤੇ ਜ਼ੋਰ ਦਿੱਤਾ ।

ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਡਾ. ਅਮਰਿੰਦਰ ਸਿੰਘ, ਸਰਦਾਰ ਜਗਜੀਤ ਸਿੰਘ ਗਾਭਾ ਪ੍ਰਧਾਨ ਗੁਰਦੁਆਰਾ ਦੁਖਨਿਵਾਰਨ, ਪ੍ਰੋ ਬਲਵਿੰਦਰਪਾਲ ਸਿੰਘ ,ਹਰਿਆਣੇ ਤੋਂ ਮਨੋਜ ਸਿੰਘ ਦੁਹਨ, ਤੇਜਵੀਰ ਸਿੰਘ,ਮਿਸਲ ਸਤਲੁੱਜ ਦਵਿੰਦਰ ਸਿੰਘ ਸੇਖੋਂ, ਰਮਨ ਮੰਡੇਰ, ਗੁਰਪ੍ਰੀਤ ਸਿੰਘ ਚੰਡੀਗ੍ਹੜ , ਪਤਰਕਾਰ ਗੁਰਸ਼ਮਸ਼ੀਰ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ ਵਿਰਕ, ਬੱਬੂ ਖੋਸਾ, ਸਰਦਾਰ ਪ੍ਰਦੀਪ ਸਿੰਘ ਵਲਟੋਹਾ, ਹਰਪ੍ਰੀਤ ਸਿੰਘ ਪੱਟੀ ਹਾਜਰ ਸਨ ,ਅੰਤ ਵਿੱਚ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ ਵਲੋ ਭਾਈ ਸੁਖਦੇਵ ਸਿੰਘ ਫਗਵਾੜਾ ਨੇ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ।Archive

RECENT STORIES