Posted on January 3rd, 2025
ਕਾਰਟੂਨ ਨਾਲੋਂ ਪੋਸਟ ਨੂੰ ਵੱਧ ਅਹਿਮੀਅਤ ਦਿਓ ਜੀ!
-ਕੁਝ ਸੱਜਣ ਪੁੱਛ ਰਹੇ ਕਿ ਦਿਲਜੀਤ ਵੱਲੋਂ ਮੋਦੀ ਦੇ ਘਰ ਜਾਣ ਬਾਰੇ ਤੁਸੀਂ ਕੀ ਸੋਚਦੇ?
ਜਵਾਬਃ ਕੁਝ ਸਾਲ ਤੋਂ ਸਮਝ ਬਣੀ ਕਿ ਗਾਇਕਾਂ/ਕਲਾਕਾਰਾਂ ਨੂੰ ਸਿਰਫ ਮਨੋਰੰਜਨ ਤੱਕ ਸੀਮਤ ਰੱਖਣਾ ਚਾਹੀਦਾ। ਗਾਇਕੀ/ਕਲਾਕਾਰੀ ਤੋਂ ਬਾਹਰ ਜਾ ਕੇ ਜੇ ਕੋਈ ਚੰਗੀ ਲੋਕ ਪੱਖੀ ਗੱਲ ਕਰੇ ਤਾਂ ਓਹਨੂੰ ਚੰਗਾ ਕਹਿ ਦਿਓ ਤੇ ਜੇ ਮਾੜੀ ਕਰੇ ਤਾਂ ਮਾੜਾ ਕਹਿ ਦਿਓ। ਗਾਇਕਾਂ ‘ਚੋਂ ਨਾਇਕ/ਰੋਲ ਮਾਡਲ/ਲੀਡਰ ਨਾ ਲੱਭੋ।
ਇਸਤੋਂ ਅੱਗੇ ਸਮਝ ਬਣੀ ਕਿ ਹਰੇਕ ਮਸਲੇ ਨੂੰ ਤੁਸੀਂ ਕਿਵੇਂ ਵਰਤਣਾ।
ਦਿਲਜੀਤ ਦੀ ਇਸ ਵਕਤ ਬਹੁਤ ਚੜ੍ਹਾਈ ਹੈ। ਮੇਰੀ ਸਮਝੇ ਅੰਤਰਰਾਸ਼ਟਰੀ ਮੰਡੀ ਵਲੋਂ ਓਹਨੂੰ ਲੋੜ ਤੋ ਵੱਧ ਚਮਕਾਇਆ ਜਾ ਰਿਹਾ। ਜਿਵੇਂ ਕਿਸੇ ਵੇਲੇ ਭਾਰਤੀਆਂ ਨੂੰ ਚਮਕਾਉਣ ਲਈ ਸੁਸ਼ਮਿਤਾ ਸੇਨ ਨੂੰ “ਮਿਸ ਯੂਨੀਵਰਸ” ਤੇ ਪ੍ਰਿਅੰਕਾ ਚੋਪੜਾ ਨੂੰ “ਮਿਸ ਵਲਡ” ਬਣਾ ਦਿੱਤਾ ਸੀ, ਲਗਭਗ ਉਵੇਂ ਹੀ ਦਿਲਜੀਤ ਸਮੇਤ ਕਰਨ ਔਜਲਾ, ਏਪੀ ਢਿੱਲੋਂ ਆਦਿ ਦੁਨੀਆ ਪੱਧਰ ‘ਤੇ ਚਮਕਾਏ ਜਾ ਰਹੇ। ਪੰਜਾਬੀ ਖਾਣੇ ਦੀ ਬਹੁਤ ਚਰਚਾ ਹੋ ਰਹੀ। ਟੌਮੀ ਰੌਬਿਨਸਨ ਵਰਗੇ ਸੱਜੇ ਪੱਖੀ ਸਿੱਖਾਂ ਦੀ ਤਾਰੀਫ ਕਰ ਰਹੇ। ਏਲਨ ਮਸਕ ਓਹਦੇ ਟਵੀਟ ਪਸੰਦ ਕਰ ਰਿਹਾ।
ਇਸਤੋਂ ਵੀ ਅੱਗੇ ਅਮਰੀਕਾ ਵਿੱਚ ਭਾਰਤੀਆਂ ਖਿਲਾਫ ਸੱਜੇ ਪੱਖੀ ਗੋਰਿਆਂ ਨੇ ਬਹੁਤ ਵੱਡੀ ਨਫ਼ਰਤੀ ਕੰਪੇਨ ਚਲਾਈ ਹੋਈ ਹੈ, ਜੋ ਬਹੁਤ ਨੀਵੇਂ ਪੱਧਰ ‘ਤੇ ਜਾ ਚੁੱਕੀ। ਕਮਾਲ ਹੈ ਕਿ ਓਹਦੇ ਵਿੱਚ ਸਿੱਖ ਬਿਲਕੁਲ ਨਿਸ਼ਾਨੇ ‘ਤੇ ਨਹੀਂ ਹਨ। ਸਿੱਖ ਪਾਸੇ ਕਰ ਦਿੱਤੇ ਗਏ। ਕਹਿਣ ਦਾ ਮਤਲਬ ਕਿ ਬਾਹਰਲੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਸਿੱਖ ਹੋਰ ਹੁੰਦੇ ਤੇ ਭਾਰਤੀ ਜਾਂ ਹਿੰਦੂ ਹੋਰ ਹੁੰਦੇ। ਭਾਈ ਨਿੱਝਰ ਕਤਲ ਕਾਂਡ ਦੀ ਹੋਈ ਸੰਸਾਰ ਪੱਧਰੀ ਕਵਰੇਜ ਕਾਰਨ ਵੀ ਅਜਿਹਾ ਹੋਇਆ ਹੋ ਸਕਦਾ। ਲੋਕਾਂ ਦੀ ਸਮਝ ‘ਚ ਸੁਧਾਰ ਆਇਆ ਹੋ ਸਕਦਾ।
ਪਰ ਇਸ ਸਭ ਤੋਂ ਬਾਹਰ ਵੀ ਕੁਝ ਹੈ। ਦੁਨੀਆ ਕੁਝ ਸਾਲਾਂ ਤੋਂ ਪੰਜਾਬੀਆਂ/ਸਿੱਖਾਂ ‘ਤੇ ਕੁਝ ਜ਼ਿਆਦਾ ਮਿਹਰਬਾਨ ਹੈ।
ਦਿਲਜੀਤ ਦੇ ਭਾਰਤ ਅਤੇ ਪੰਜਾਬ ਵਿਚਲੇ ਸ਼ੋਆਂ ਤੋਂ ਪਹਿਲਾਂ ਸੰਘੀ ਹਿੰਦੂਤਵੀਆਂ ਨੇ ਓਹਦੇ ਉਲਟ ਰੱਜ ਕੇ ਜ਼ਹਿਰ ਗਲੱਛੀ, ਸ਼ੋਅ ਕੈਂਸਲ ਕਰਾਉਣ ਤੱਕ ਗਏ, ਸ਼ੋਅ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਆਪਣੇ ਹਰ ਸ਼ੋਅ ‘ਚ ਦਿਲਜੀਤ ਪੱਗ ਤੇ ਪੰਜਾਬੀ ਬੋਲੀ ਦੀ ਗੱਲ ਕਰਨੀ ਨਾ ਭੁੱਲਿਆ। ਸੰਘੀ ਤੇ ਹਿੰਦੂਤਵੀ ਤਿਰੰਗੇ ਤੋਂ ਚਿੜਦੇ ਹਨ, ਉਨ੍ਹਾਂ ਦਾ ਝੰਡਾ ਹੋਰ ਹੈ, ਦਿਲਜੀਤ ਤਿਰੰਗੇ ਨੂੰ ਵੀ ਵਰਤਦਾ ਰਿਹਾ। ਚਾਹੇ ਉਨ੍ਹਾਂ ਨੂੰ ਚਿੜਾਉਣ ਲਈ, ਚਾਹੇ ਆਪਣੇ ਬਚਾਅ ਲਈ। ਪਰ ਉਹ ਸ਼ੋਅ ਸਫਲ ਕਰ ਗਿਆ। ਸਿੱਖਾਂ ਦੀ ਸੌਫਟ ਪਾਵਰ ਵਧਾ ਕੇ ਹੀ ਗਿਆ, ਘਟਾਈ ਨਹੀਂ।
ਉਹੀ ਸੰਘੀ, ਜੋ ਉਸਦਾ ਵਿਰੋਧ ਕਰਦੇ ਸਨ, ਹੁਣ ਮੋਦੀ ਦੇ ਘਰ ਜਾਣ ਤੋਂ ਬਾਅਦ ਚੁੱਪ ਹਨ ਜਾਂ ਦਿਲਜੀਤ ਨੂੰ ਆਪਣਾ ਦਰਸਾ ਰਹੇ ਹਨ। ਇਹੀ ਇਨ੍ਹਾਂ ਦੀ ਸੋਚ ਹੈ। ਪਹਿਲਾਂ ਬਦਨਾਮ ਕਰੋ, ਫਿਰ ਵਿਰੋਧ ਕਰੋ, ਖਤਮ ਕਰਨ ਦੀ ਕੋਸ਼ਿਸ਼ ਕਰੋ, ਜੇ ਫਿਰ ਵੀ ਗੱਲ ਨਾ ਬਣੇ ਤਾਂ ਉੱਪਰ ਆਪਣੀ ਚਾਦਰ ਪਾ ਲਓ। ਦਿਲਜੀਤ ਨੂੰ ਮੋਦੀ ਦੇ ਘਰ ਸੱਦ ਕੇ ਅਜਿਹਾ ਹੀ ਕੀਤਾ ਗਿਆ। ਨੈਰੇਟਿਵ ਆਪਣੇ ਹੱਕ ‘ਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਿਲਜੀਤ ਕੋਲ ਕੋਈ ਬਹੁਤ ਰਾਹ ਨਹੀਂ ਸਨ।
ਮੇਰੀ ਸਮਝ ਮੁਤਾਬਕ ਸਾਨੂੰ ਵੀ ਇਸ ਮੌਕੇ ਨੂੰ ਨੈਰੇਟਿਵ ਆਪਣੇ ਹੱਕ ਵਿੱਚ ਰੱਖਣ ਲਈ ਹੀ ਵਰਤਣਾ ਚਾਹੀਦਾ, ਸਾਡੀਆਂ ਸੁਰਖ਼ੀਆਂ ਹੋਣਃ
-ਮੋਦੀ ਦੇ ਘਰ ਵੀ ਪੰਜਾਬੀ ਆ ਗਏ ਓਏ।
-ਖਾਲਿਸਤਾਨੀ ਗਾਇਕ ਦਿਲਜੀਤ ਅੱਗੇ ਮੋਦੀ ਨੇ ਵਜਾਈ ਢੋਲਕੀ।
-ਕਿਸਾਨ ਸਮਰਥਕ ਗਾਇਕ ਦਲਜੀਤ ਦੁਸਾਂਝ ਨੇ ਮੋਦੀ ਨੂੰ ਘਰ ਜਾ ਕੇ ਕਿਸਾਨਾਂ ਦੀ ਗੱਲ ਸਮਝਾਈ।
-ਮੋਦੀ ਦੇ ਘਰ ਕਾਲੇ ਕੱਪੜੇ ਪਾ ਕੇ ਗਿਆ ਦਿਲਜੀਤ, ਮੋਦੀ ਦੀਆਂ ਸਿੱਖ ਨੀਤੀਆਂ ਪ੍ਰਤੀ ਰੋਸ ਜ਼ਾਹਰ ਕੀਤਾ।
-ਦਿਲਜੀਤ ਨਾਲ ਮੋਦੀ ਦੀ ਮਿਲਣੀ ਤੋਂ ਕੰਗਣਾ ਰਣੌਤ ਸਮੇਤ ਮੋਦੀ ਭਗਤ ਹੋਏ ਸੜ ਕੇ ਸਵਾਹ।
ਇਹ ਸਭ ਨਾ ਤਾਂ ਮੋਦੀ ਨੇ ਪੜ੍ਹਨਾ ਤੇ ਨਾ ਦਿਲਜੀਤ ਨੇ ਪਰ ਨੈਰੇਟਿਵ ਦੀ ਆਨਲਾਈਨ ਜੰਗ ਵਿੱਚ ਵਰਤਿਆ ਜਾ ਸਕਦਾ।
ਰਹੀ ਗੱਲ ਕਿਸਾਨ ਮੋਰਚੇ ‘ਚ ਜਾਣ ਦੀ, ਤਾਂ ਮਾਫ ਕਰਨਾ ਹਾਲੇ ਬਹੁਗਿਣਤੀ ਕਿਸਾਨ ਤੇ ਕਿਸਾਨ ਆਗੂ ਹੀ ਮੋਰਚੇ ‘ਚ ਸ਼ਾਮਲ ਹੈਨੀ, ਦਿਲਜੀਤ ਸਿਰ ‘ਤੇ ਥੋੜਾ ਮੋਰਚਾ ਵੱਡਾ ਹੋਣਾ। ਮੋਰਚਾ ਪਹਿਲਾਂ ਵਾਂਗ ਵੱਡਾ ਹੋਵੇ, ਦਿਲਜੀਤ ਤੇ ਉਸ ਵਰਗੇ ਕਈ ਹੋਰ ਆਪੇ ਭੱਜੇ ਆਉਣਗੇ।
ਦਿਲਜੀਤ ਨੂੰ ਪਸੰਦ ਕਰਨਾ ਜਾਂ ਨਾ ਕਰਨਾ ਹੋਰ ਗੱਲ ਹੈ ਤੇ ਉਸਦੀ ਚੜ੍ਹਾਈ ਨੂੰ ਆਪਣੇ ਨਜ਼ਰੀਏ ਨਾਲ ਵਰਤਣਾ ਹੋਰ ਗੱਲ।
ਅਖੀਰ ‘ਚ ਫਿਰ, ਨੈਰੇਟਿਵ ਜਿੱਤਣਾ ਸਿੱਖੀਏ। ਰੋਜ਼ਾਨਾ ਨਵੀਂ ਚੁਣੌਤੀ ਆਉਂਦੀ ਹੈ, ਉਸ ਨਾਲ ਸਿੱਝਣਾ ਸਿੱਖੀਏ।
ਇਹ ਮੇਰੇ ਨਿੱਜੀ ਵਿਚਾਰ ਹਨ, ਸਹਿਮਤੀ-ਅਸਹਿਮਤੀ ਹੇਠਾਂ ਲਿਖ ਕੇ ਦੇ ਸਕਦੇ ਹੋ ਜੀ, ਪਰਵਾਨ ਹੋਵੇਗੀ।
ਨਾਲ ਦਿੱਤਾ ਕਾਰਟੂਨ ਇਸ ਪੋਸਟ ‘ਚ ਸਮਝਾਈ ਤਰਕੀਬ ਦੀ ਇੱਕ ਉਦਾਹਰਨ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Posted on February 6th, 2025
Posted on February 5th, 2025
Posted on February 4th, 2025
Posted on February 3rd, 2025
Posted on January 31st, 2025
Posted on January 30th, 2025
Posted on January 29th, 2025
Posted on January 28th, 2025
Posted on January 27th, 2025
Posted on January 24th, 2025
Posted on January 23rd, 2025
Posted on January 22nd, 2025