Posted on December 10th, 2013

- ਸੁਖਦੇਵ ਸਿੰਘ
ਪੰਜਾਬ ਨੂੰ ਬਾਕੀ ਦੇਸ਼ ਵਾਂਗ, ਸ਼ਬਦ ਦੇ ਅਸਲੀ ਅਰਥਾਂ ਵਾਲੀ ਤੀਜੀ ਧਿਰ ਦੀ ਲੋੜ ਹੈ। ਇਸ ਨੂੰ ਪ੍ਰਾਂਤ ਦੀ ਵਸੋਂ ਦਾ ਵੱਡਾ ਭਾਗ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ ਭਾਵੇਂ ਕਿ ਵਧੇਰੇ ਲੋਕ ਜਨਤਕ ਤੌਰ ਤੇ ਇਹ ਆਖਣਾ ਨਹੀਂ ਚਾਹੁੰਦੇ । ਲੋਕ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ‘‘ਉਤਰ ਕਾਟੋ,ਮੈਂ ਚੜ੍ਹਾਂ’’ ਦੀ ਖੇਡ ਤੋਂ ਆਕੀ ਹੋ ਚੁੱਕੇ ਹਨ ਪਰ ਇਹਨਾਂ ਕੋਲ ਕੋਈ ਕੰਮ ਦਾ ਵਿਕਲਪ ਨਹੀਂ ਹੈ। ਬਾਦਲ ਪਰਿਵਾਰ ਅੰਦਰੋਂ ਮਨਪ੍ਰੀਤ ਸਿੰਘ ਦੀ ਉਠੀ ਬਗਾਵਤ ਨੂੰ ਇਸ ਵੱਡੀ ਆਸ ਨਾਲ ਵੇਖਿਆ ਗਿਆ ਸੀ ਕਿ ਸ਼ਾਇਦ ਉਹ ਤੀਜੀ ਧਿਰ ਵਾਲਾ ਵਿਕਲਪ ਬਣ ਸਕੇ ਪਰ ਅਜਿਹਾ ਸੁਪਨਾ ਸਾਕਾਰ ਨਹੀਂ ਹੋ ਸਕਿਆ ਇਸ ਆਸ ਦਾ ਸਬੂਤ ਹੀ ਹੈ ਕਿ ਉਸ ਦੀ ਪਾਰਟੀ ਇਸ ਦੇ ਜਨਮ ਦੇ ਥੋੜੇ ਜਿੰਨੇ ਅਰਸੇ ਪਿਛੋਂ ਹੋਈਆਂ ਅਸੈਂਬਲੀ ਚੋਣਾਂ ਵਿੱਚ ਇਕੋ ਹੱਲੇ ਲਗਭਗ 5 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਨ ਵਿੱਚ ਸਫਲ ਹੋ ਗਈ। ਇਸ ਪਿਛੋਂ ਪੀਪਲਜ਼ ਪਾਰਟੀ ਆਫ ਪੰਜਾਬ ਲਕਵਾ-ਮਾਰੀ ਹਾਲਤ ਵਿੱਚ ਚਲੀ ਗਈ। ਇਸ ਦੇ ਅਨੇਕਾਂ ਸਰਕਰਦਾ ਵਰਕਰ ਕਮਜੋਰ ਕੜੀਆਂ ਸਾਬਤ ਹੋਏ ਜਿਨ੍ਹਾਂ ਨੂੰ ਰਾਜਸੀ ਵਪਾਰੀ ਚੁੱਕ ਕੇ ਲੈ ਗਏ। ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਨੇ ਦਿੱਲੀ ਅਸੈਂਬਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪਰਦਰਸ਼ਨ ਦੀਆਂ ਖਬਰਾਂ ਨੂੰ ਬੜੀ ਰੀਝ ਨਾਲ ਵੇਖਿਆ-ਪੜ੍ਹਿਆ ਹੋਵੇਗਾ। ਇਸੇ ਲਈ ਉਸ ਨੇ ਇਕ
ਬਿਆਨ ਰਾਹੀਂ ਇਕ ਵਾਰ ਫਿਰ ਕਿਹਾ:‘‘ਹੁਣ ਮੈਂ ਵੀ ਦਿੱਲੀ ਦੀਆਂ ਚੋਣਾਂ ਵਾਂਗ ਕੁਝ ਕਰਕੇ ਵਿਖਾਵਾਂਗਾ’’। ਹੁਕਮਰਾਨ ਧਿਰ ਮਨਪ੍ਰੀਤ ਦੀ ਦਹਾੜ ਨੂੰ ਗੰਭੀਰਤਾ ਨਾਲ ਨਹੀਂ ਲਵੇਗੀ, ਇਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ । ਕਾਂਗਰਸ ਦੇ ਆਗੂ ਵੀ ਹੁਣ ਵਧੇਰੇ ਕੁਸਕਣ ਦੀ ਹਾਲਤ ਵਿੱਚ ਨਹੀਂ ਹਨ। ਲੋਕ ਸਭਾ ਚੋਣਾਂ ਵਿਚ ਥੋੜਾ ਅਰਸਾ ਬਚਿਆ ਹੈ। ਉਹਨਾਂ ਦਾ ਹਰ ਯਤਨ ਹੋਵੇਗਾ ਕਿ ਉਹ ਪੰਜਾਬ ਅੰਦਰ ਸਹਿਯੋਗੀ ਭਾਲਣ ਲਈ ਹੱਥ -ਪੱਲਾ ਮਾਰਨ। ਕਾਂਗਰਸ ਦੇ ਆਗੂਆਂ ਨਾਲ ਮਨਪ੍ਰੀਤ ਸਿੰਘ ਦੀ ਗੱਲਬਾਤ ਚਲੀ ਹੈ। ਇਸ ਦਾ ਜ਼ਿਕਰ ਕੁਝ ਅਖਬਾਰਾਂ ਵਿੱਚ ਆ ਚੁੱਕਾ ਹੈ। ਸੰਭਾਵਨਾ ਹੈ ਕਿ ਮਨਪ੍ਰੀਤ ਦੀ ਪਾਰਟੀ ਅਤੇ ਸੀ.ਪੀ.ਆਈ ਕਾਂਗਰਸ ਨਾਲ ਅਗਾਮੀ ਚੋਣਾਂ ਵਿੱਚ ਲੈਣ-ਦੇਣ ਦੇ ਆਧਾਰ ਤੇ ਗਠਜੋੜ ਸਿਰੇ ਲਗਾ ਲਵੇ। ਹਿੰਦੀ ਬੋਲੀ ਵਾਲੇ ਚਾਰਾਂ ਪ੍ਰਾਂਤਾਂ ਦੀਆਂ ਅਸੈਂਬਲੀ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਨਾ ਹੋਇਆ ਵਰਗੇ ਪ੍ਰਦਰਸ਼ਨ ਪਿਛੋਂ ਕੀ ਬੀਬੀ ਮਾਇਆਵਤੀ ਘਟੋ ਘਟ ਯੂ.ਪੀ.ਅਤੇ ਪੰਜਾਬ ਵਿੱਚ ਕਾਂਗਰਸ ਵਲ ਸਰਕ ਸਕਦੀ ਹੈ? ਇਸ ਸੰਭਾਵਨਾ ਉਪਰ ਵੀ ਨਜ਼ਰਾਂ ਰੱਖਣੀਆਂ ਪੈਣਗੀਆਂ । ਇਸ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਦਿਖਦਾ ਕਿ ਵਰਤਮਾਨ ਹਾਲਾਤ ਵਿੱਚ , ਘਟੋ ਘਟ ਪੰਜਾਬ ਵਿੱਚ ਕਾਂਗਰਸ ਅਤੇ ਇਸ ਦਾ ਪ੍ਰਸਤਾਵਿਤ ਗਠਜੋੜ (ਜੇ ਸਿਰੇ ਚੜ੍ਹ ਜਾਂਦਾ ਹੈ ਤਾਂ) ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮਜਹੂਰੀ ਸੰਗਠਨ ਨੂੰ ਪ੍ਰਭਾਵਸ਼ਾਲੀ ਟੱਕਰ ਦੇ ਸਕਦਾ ਹੈ। ਮੈਨੂੰ ਇਸ ਵਿੱਚ ਵੀ ਭੋਰਾ ਸ਼ੱਕ ਨਹੀਂ ਹੋਵੇਗਾ ਜੇ, ਨਰਿੰਦਰ ਮੋਦੀ ਦੀ ਸਫਲ ਮਜਮੇਬਾਜ਼ੀ ਦੇ ਬਾਵਜੂਦ , ਕਾਂਗਰਸ ਅਤੇ ਪੀਪਲਜ਼ ਪਾਰਟੀ ਵਾਲਾ ਗਠਜੋੜ ਹੈਰਾਨੀਜਨਕ ਪ੍ਰਾਪਤੀਆਂ ਕਰ ਲਵੇ ਪਰ ਇਥੇ ਅਸੀਂ ਪੀਪਲਜ਼ ਪਾਰਟੀ ਦੇ ਭਵਿੱਖ ਬਾਰੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੀ ਰੋਸ਼ਨੀ ਵਿੱਚ ਚਰਚਾ ਕਰ ਰਹੇ ਹਾਂ।
ਅਸੀਂ ਫਿਲਹਾਲ ਅਗਾਮੀ ਲੋਕ ਸਭਾ ਚੋਣਾਂ ਨੂੰ ਪਿਛੇ ਛੱਡ ਰਹੇ ਹਾਂ ਵੇਖਣਾ ਇਹ ਹੈ ਕਿ ਕੀ ਮਨਪ੍ਰੀਤ ਸਿੰਘ ਅਤੇ ਉਸ ਦੀ ਪਾਰਟੀ ਪੰਜਾਬ ਵਿੱਚ ‘‘ਆਮ ਆਦਮੀ ਪਾਰਟੀ’’ ਬਣ ਸਕਦੀ ਹੈ? ਮੇਰਾ ਅੰਦਾਜ਼ਾ ਹੈ ਕਿ ਪੀ.ਪੀ.ਪੀ. ਅਤੇ ਇਸ ਦੀ ਲੀਡਰਸ਼ਿਪ ਦਾ ਨੀਤੀ -ਪ੍ਰਬੰਧ ਅਤੇ ਬਣਤਰ ਅਜਿਹੀ ਕੋਈ ਆਸ ਨਹੀਂ ਬਨ੍ਹਾਉਂਦੇ । ਪਹਿਲੀ ਗਲ ਤਾਂ ਇਹ ਹੈ ਕਿ ਮਨਪ੍ਰੀਤ ਸਿੰਘ ਨੇ ਆਪਣੀ ਪਾਰਟੀ ਦਾ ਨਾਂ ਹੀ ਅੰਗਰੇਜ਼ੀ ਵਿੱਚ ਰਖਿਆ ਹੈ ਜੋ ਪੰਜਾਬੀ ਪੜ੍ਹਿਆ ਦੇ ਮੂੰਹ ਨਹੀਂ ਚੜਦਾ।
ਦੂਜੀ ਗੱਲ ਮਨਪ੍ਰੀਤ ਸਿੰਘ ਦੀ ਭਾਸ਼ਾ ਸਧਾਰਨ ਪੰਜਾਬੀ ਦੇ ਸਿਰਾਂ ਉਪਰੋਂ ਲੰਘ ਜਾਂਦੀ ਹੈ। ਉਸ ਦਾ ਜਾਤੀ ਸ਼ਬਦਕੋਸ਼ ਫਾਰਸੀ ਅਤੇ ਉਰਦੂ ਨਾਲ ਭਰਪੂਰ ਹੈ। ਇਹਨਾਂ ਦੋਵਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਮੁਸ਼ਕਲ ਨਾਲ ਪੰਜ ਫੀਸਦੀ ਵੀ ਨਹੀਂ ਰਹਿ ਗਈ। ਇਸ ਤੋਂ ਉਲਟ ਆਮ ਆਦਮੀ ਪਾਰਟੀ ਅਤੇ ਉਸ ਦੇ ਆਗੂ ਕਿਵੇਂ ਸਹਿਜ ਸੁਭਾਅ ਸਾਧਾਰਨ ਹਿੰਦੀ ਬੋਲਦੇ ਹਨ!
ਸਭ ਤੋਂ ਅਹਿਮ ਮੁੱਦਾ ਮਨਪ੍ਰੀਤ ਸਿੰਘ ਦੀ ਰਾਜਨੀਤੀ ਦਾ ਹੈ। ਆਮ ਆਦਮੀ ਪਾਰਟੀ ਨੇ ਆਪਣਾ ਸਾਰਾ ਤਾਣ ਭ੍ਰਿਸ਼ਟਾਚਾਰ ਦੇ ਖਾਤਮੇ ਉੱਤੇ ਲਾਇਆ ਹੈ ਅਤੇ ਇਸ ਸਬੰਧ ਵਿੱਚ ਇਸ ਨੇ ਨਾ ਸਿਰਫ ਹੁਕਮਰਾਨ ਪਾਰਟੀ ਨੂੰ ਬਲਕਿ ਮੁਖ ਵਿਰੋਧੀ ਧਿਰ ਨੂੰ ਵੀ ਲਕੋਂ ਫੜਿਆ ਹੈ। ਮਨਪ੍ਰੀਤ ਸਿੰਘ ਨੇ ਸ਼ੁਰੂ ਸ਼ੁਰੂ ਵਿੱਚ ‘‘ਨਿਜ਼ਾਮ ਬਦਲੀ’’ ਦੀ ਗੱਲ ਜਰੂਰ ਕੀਤੀ ਪਰ ਆਮ ਲੋਕਾਂ ਨੇ ਹੈਰਾਨੀ ਨਾਲ ਵੇਖਿਆ ਕਿ ਸਥਾਪਤੀ ਨਾਲ ਲੁਕਣ-ਮੀਚੀ ਦੀ ਖੇਡ ਖੇਡਣ ਵਾਲੀਆਂ ਪਾਰਟੀਆਂ ਨਾਲ ਹੱਥ ਮਿਲਾ ਕੇ ਉਹ ਕਿਸ ਕਿਸਮ ਦਾ ਨਵਾਂ ਨਕੋਰ ਨਿਜ਼ਾਮ ਲਿਆ ਰਿਹਾ ਹੈ। ਜੇ ਭ੍ਰਿਸ਼ਟਾਚਾਰ ਵਿਰੋਧਤਾ ਉਸ ਦਾ ਇਕ ਅਹਿਮ ਮੁੱਦਾ ਹੈ ਤਾਂ ਉਹ ਬਰਨਾਲਾ ਵਾਲੇ ਬਦਨਾਮ ਦਲ ਅਤੇ ਉਸੇ ਵਰਗੇ ਹੋਰਨਾਂ ਨਾਲ ਰਲ ਕੇ ਆਪਣੇ ਸੁਪਨੇ ਨੂੰ ਕਿਵੇਂ ਸਾਕਾਰ ਕਰੇਗਾ? ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਤਾਕਤ ਦੀ ਪ੍ਰੰਪਰਾਗਤ ਖੇਡ ਨੂੰ ਤਿਲਾਂਜਲੀ ਦੇਣ ਦੀ ਗੱਲ ਕੀਤੀ ਹੈ ਅਤੇ ਅਮਲੀ ਤੌਰ ਤੇ ਵੀ ਉਹ ਇਸ ਉਤੇ ਪੂਰਾ ਉਤਰ ਰਿਹਾ ਹੈ। ਉਸ ਨੇ ਹਰ ਵੰਨਗੀ ਦੇ ਪ੍ਰੰਪਰਾਗਿਤ ਰਾਜਨੀਤੀਵਾਨ ਤੋਂ ਪਿਛਾ ਛੁਡਾ ਲਿਆ ਹੈ। ਇਸ ਤੋਂ ਉਲਟ ਮਨਪ੍ਰੀਤ ਸਿੰਘ ਨੇ ਆਪਣੇ ਸੰਗਠਨ ਦੀ ਬਣਤਰ ਵਿੱਚ ਆਪਣੇ ਹੀ ਅਨੇਕਾਂ ਰਿਸ਼ਤੇਦਾਰਾਂ ਨੂੰ ਸਜਾ ਕੇ ਕੁਰਸੀਆਂ ਉਪਰ ਬਿਠਾ ਦਿੱਤਾ ਅਤੇ ਇਕ ਨਵੇਂ ਰੂਪ ਵਿੱਚ ਪਰਿਵਾਦ ਨੂੰ ਬਹਾਲ ਕਰ ਲਿਆ।
ਉਸ ਦੀ ਅਖੌਤੀ ਖੱਬੇਪੱਖੀ ਵਿਚਾਰਧਾਰਾ ਅਤੇ ਧਰਮ ਨਿਰਪੱਖਤਾ ਵੀ ਪੰਜਾਬ ਦੇ ਸੰਦਰਭ ਵਿੱਚ ‘‘ਅਜਮਾਏ ਹੋਏ ਬਾਜ਼ੂ ’’ ਹਨ। ਸਮੁੱਚੇ ਤੌਰ ਤੇ ਆਮ ਪੰਜਾਬੀ-ਪਿੰਡਾਂ ਵਿੱਚ ਸਿੱਖ ਅਤੇ ਸ਼ਹਿਰਾਂ ਵਿੱਚ ਰਹਿੰਦਾ ਹਿੰਦੂ -ਮਨਪ੍ਰੀਤ ਦੀ ਸੁਰ ਨਾਲ ਸੁਰ ਨਹੀਂ ਮਿਲਾ ਰਿਹਾ। ਇਸ ਲਈ ਉਸ ਨੂੰ ਆਪਣੇ ਸਫਰ ਦੀ ਮੁੜ ਪਛਾਣ ਅਤੇ ਖੋਜ ਕਰਨੀ ਪਵੇਗੀ। ਮਨਪ੍ਰੀਤ ਅੰਦਰ ਆਗੂ ਵਾਲੇ ਗੁਣ ਜਰੂਰ ਹਨ, ਉਮਰ ਵੀ ਉਸ ਦੇ ਨਾਲ ਹੈ। ਪਰ ਉਸ ਨੇ ਅਜੇ ਸਾਧਾਰਨ ਪੰਜਾਬੀ ਨੂੰ ਸਮਝ ਪੈਣ ਵਾਲਾ ਮੁਹਾਵਰਾ ਲਭਣਾ ਹੈ।

Posted on January 12th, 2026

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025